Home rss national punjabi2ਰਾਸ਼ਟਰੀ ਖ਼ਬਰਾਂ ਅਜ਼ਾਦੀ ਦਾ ਜਸ਼ਨ ਮਨਾਉਣ ਲਈ ਇਸ ਦੇਸ਼ ਵਿੱਚ ਹਾਥੀਆਂ ਦਾ ਕਤਲ ਕਿਉਂ...

ਅਜ਼ਾਦੀ ਦਾ ਜਸ਼ਨ ਮਨਾਉਣ ਲਈ ਇਸ ਦੇਸ਼ ਵਿੱਚ ਹਾਥੀਆਂ ਦਾ ਕਤਲ ਕਿਉਂ ਕੀਤਾ ਗਿਆ

6
0

Source :- BBC PUNJABI

ਹਾਥੀ

ਚੇਤਾਵਨੀ: ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ

ਪਸ਼ੂ ਅਧਿਕਾਰ ਕਾਰਕੁਨਾਂ ਨੇ ਬੋਤਸਵਾਨਾ ਵਿੱਚ 23 ਹਾਥੀਆਂ ਦੇ ਕਤਲ ਦੀ ਸਖ਼ਤ ਅਲੋਚਨਾ ਕੀਤੀ ਹੈ। ਇਨ੍ਹਾਂ ਹਾਥੀਆਂ ਨੂੰ ਇਸ ਲਈ ਮਾਰਿਆ ਗਿਆ ਤਾਂ ਕਿ ਦੇਸ਼ ਦੇ ਅਜ਼ਾਦੀ ਦਿਵਸ ਸਮਾਰੋਹ ਦੌਰਾਨ ਮਾਸ ਉਪਲਬਧ ਕਰਾਇਆ ਜਾ ਸਕੇ।

ਅਫ਼ਰੀਕਾ ਦੇ ਦੱਖਣੀ ਹਿੱਸੇ ਵਿਚ ਸਥਿਤ ਇਹ ਦੇਸ਼ ਦੁਨੀਆਂ ਵਿੱਚ ਹਾਥੀਆਂ ਦੀ ਸਭ ਤੋਂ ਜ਼ਿਆਦਾ ਅਬਾਦੀ ਵਾਲਾ ਦੇਸ਼ ਹੈ। ਪਿਛਲੇ ਹਫਤੇ ਇੱਥੇ ਬ੍ਰਿਟੇਨ ਤੋਂ ਅਜ਼ਾਦੀ ਦੀ 60ਵੀਂ ਵਰ੍ਹੇਗੰਢ ਮਨਾਈ ਗਈ ਅਤੇ ਪੂਰੇ ਹਫਤੇ ਦੇਸ਼ ਭਰ ਵਿੱਚ ਸਮਾਰੋਹ ਕਰਵਾਏ ਜਾ ਰਹੇ ਹਨ।

ਸਥਾਨਕ ਮੀਡੀਆ ਮੁਤਾਬਕ, ਇਸ ਲਈ ਵਾਤਾਵਰਣ ਅਤੇ ਸੈਰ ਸਪਾਟਾ ਵਿਭਾਗ ਨੇ ਇੱਕ ਲਾਈਸੈਂਸ ਜਾਰੀ ਕੀਤਾ ਜਿਸ ਵਿਚ 23 ਹਾਥੀਆਂ ਅਤੇ ਦੂਜੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀ ਇਜਾਜ਼ਤ ਦਿੱਤੀ ਗਈ ਸੀ।

ਬੋਤਸਵਾਨਾ ਦੀ ਐਲੀਫੈਂਟ ਪ੍ਰੋਟੈਕਸ਼ਨ ਸੋਸਾਇਟੀ ਨੇ ਕਿਹਾ ਹੈ ਕਿ ਇਸ ਫ਼ੈਸਲੇ ਨਾਲ ਹਾਥੀਆਂ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਦੇ ਪ੍ਰਧਾਨ ਓਇਟਸੇ ਨਾਵਾਂ ਨੇ ਬੀਬੀਸੀ ਨੂੰ ਕਿਹਾ ਕਿ ਹਾਥੀਆਂ ਨੂੰ ਜ਼ਿਆਦਾ ਸੁਰੱਖਿਆ ਦੀ ਲੋੜ ਹੈ।

ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਸਮਾਰੋਹ ਵਿਚ ਦਾਅਵਤ ਲਈ ਹਾਥੀਆਂ ਨੂੰ ਮਾਰਨ ਨਾਲ ਇਹ ਸੰਦੇਸ਼ ਜਾ ਸਕਦਾ ਹੈ ਕਿ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹਾਥੀਆਂ ਨੂੰ ਮਾਰਨਾ ਠੀਕ ਹੈ। ਇਸ ਨਾਲ ਗੈਰ ਕਾਨੂੰਨੀ ਸ਼ਿਕਾਰ ਨੂੰ ਵੀ ਉਤਸ਼ਾਹ ਮਿਲਦਾ ਹੈ।

ਨਾਵਾ ਨੇ ਕਿਹਾ, “ਹਾਥੀਆਂ ਦਾ ਸਮਾਜਿਕ ਤਾਣਾ-ਬਾਣਾ ਟੁੱਟ ਰਿਹਾ ਹੈ, ਕਿਉਂਕਿ ਗੋਲੀਆਂ ਦੀ ਲਗਾਤਾਰ ਅਵਾਜ਼ ਕਾਰਨ ਉਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।”

ਫੁੱਟ ਐਂਡ ਮਾਊਥ ਬਿਮਾਰੀ ਫੈਲਣ ਵਿਚਕਾਰ ਦੇਸ਼ ਵਿਚ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਜੰਗਲੀ ਜਾਨਵਰਾਂ ਦਾ ਮਾਸ ਖਾਣ ਨੂੰ ਲੈ ਕੇ ਚਿੰਤਾ ਜਤਾਈ ਹੈ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਧਿਕਾਰੀਆਂ ਨੇ ਕਈ ਉਪਾਅ ਕੀਤੇ ਹਨ।

ਉੱਤਰ ਪੱਛਮੀ ਬੋਤਸਵਾਨਾ ਦੇ ਸ਼ਹਿਰ ਮੌਨ ਦੇ ਇੱਕ ਸਥਾਨਕ ਨਿਵਾਸੀ ਤਸ਼ੇਨਾਤਸ਼ੇ ਮੋਨਵੇਲਾ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਨੂੰ ਮੱਝ ਦਾ ਮਾਸ ਦਿੱਤਾ ਜਾਣਾ ਚਾਹੀਦਾ ਸੀ। ਇਹ ਸ਼ਹਿਰ ਟੂਰਿਜ਼ਮ ਲਈ ਜਾਣਿਆ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਹਾਥੀਆਂ ਦਾ ਸੱਭਿਆਚਾਰਕ ਅਤੇ ਵਾਤਾਵਰਣ ਪੱਖੋਂ ਮਹੱਤਵ ਹੈ। ਇਸ ਲਈ ਵਰ੍ਹੇਗੰਢ ਦੇ ਸਮਾਰੋਹ ਲਈ ਸਰਕਾਰ ਨੂੰ ਮਾਸ ਵੰਡਦਿਆਂ ਹਾਥੀਆਂ ਦੀ ਰੱਖਿਆ ਵਿੱਚ ਬੋਤਸਵਾਨਾ ਦੀ ਇਤਿਹਾਸਕ ਭੂਮਿਕਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਸੀ।

ਬੋਤਸਵਾਨਾ ਦੇ ਅਜ਼ਾਦੀ ਦਿਹਾੜੇ ਦੇ ਰਵਾਇਤੀ ਭੋਜ ਦੀ ਕੀ ਹੈ ਪਰੰਪਰਾ ?

ਬੋਤਸਵਾਨਾ

ਬੋਤਸਵਾਨਾ ਸਰਕਾਰ ਨੇ ਦੇਸ਼ ਦੀ 60ਵੀਂ ਵਰ੍ਹੇਗੰਢ ਮਨਾਉਣ ਲਈ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕਰਵਾਇਆ। ਇਨ੍ਹਾਂ ਵਿੱਚ ਰਾਜਧਾਨੀ ਗੈਬਰੋਨ ਵਿਚ ਕਾਰਨੀਵਲ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ, ਸੰਗੀਤ ਅਤੇ ਖੇਡਾਂ ਵੀ ਕਰਵਾਈਆਂ ਗਈਆਂ।

ਬੋਤਸਵਾਨਾ ਵਿੱਚ ਅਜ਼ਾਦੀ ਦਿਹਾੜੇ ਦੇ ਰਵਾਇਤੀ ਭੋਜ ਵਿੱਚ ਜੰਗਲੀ ਜਾਨਵਰਾਂ ਦਾ ਮਾਸ ਪਰੋਸੇ ਜਾਣ ਦੀ ਪਰੰਪਰਾ ਹੈ।

ਦੇਸ਼ ਦੇ ਅੱਠ ਜ਼ਿਲ੍ਹਿਆਂ ਦੇ 23 ਹਾਥੀਆਂ ਨੂੰ ਮਾਰਨ ਦਾ ਫ਼ੈਸਲਾ ਲਿਆ ਗਿਆ ਸੀ।

ਇਨ੍ਹਾਂ ਵਿੱਚੋਂ ਕਿੰਨੇ ਹਾਥੀ ਮਾਰੇ ਜਾ ਚੁੱਕੇ ਹਨ ਇਹ ਫ਼ਿਲਹਾਲ ਸਾਫ਼ ਨਹੀਂ ਹੈ। ਬੀਬੀਸੀ ਨੇ ਇਸ ਮਾਮਲੇ ‘ਤੇ ਸਰਕਾਰ ਤੋਂ ਜਵਾਬ ਮੰਗਿਆ ਹੈ।

ਹਾਲਾਂਕਿ, ਸਥਾਨਿਕ ਮੀਡੀਆ ਨੇ ਬੋਤਸਵਾਨਾ ਦੇ ਵੱਖ ਵੱਖ ਹਿੱਸਿਆਂ ਦੀਆਂ ਕੁਝ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ। ਇਨ੍ਹਾਂ ਵਿੱਚ ਲੋਕ ਹਾਥੀਆਂ ਦੀਆਂ ਲਾਸ਼ਾਂ ਦੇ ਆਲੇ-ਦੁਆਲੇ ਦਿਖਾਈ ਦੇ ਰਹੇ ਹਨ। ਕੁਝ ਲੋਕਾਂ ਦੇ ਹੱਥਾਂ ਵਿਚ ਚਾਕੂ ਹਨ ਅਤੇ ਉਹ ਮਾਸ ਵੰਡ ਰਹੇ ਹਨ।

ਨਾਮੀਬੀਆ, ਜਾਮਬਿਆ ਅਤੇ ਜ਼ਿੰਬਾਵੇ ਦੀ ਸਰਹੱਦ ਕੋਲ ਸਥਿਤ ਸੱਥਰੀ ਬੋਤਸਵਾਨਾ ਦੇ ਚੋਬੇ ਜ਼ਿਲ੍ਹੇ ਵਿਚ ਵੀ ਇਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਇੱਥੋਂ ਦੇ ਇੱਕ ਸਾਂਸਦ ਨੇ ਚਿੰਤਾ ਜਤਾਈ ਕਿ ਕੁਝ ਲੋਕ ਇੱਕ ਸਕੂਲ ਵਿੱਚ ਮ੍ਰਿਤਕ ਹਾਥੀ ਦੀ ਲਾਸ਼ ਤੋਂ ਸਿੱਧੇ ਮਾਸ ਕੱਢ ਰਹੇ ਸੀ।

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਮਾਸ ਵੰਡਣ ਨਾਲ ਭੀੜ ਵਧ ਸਕਦੀ ਹੈ। ਇਸ ਨਾਲ ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਵਿਕਲਾਂਗ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।

ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਾਫ਼ ਸਫਾਈ ਬਿਹਤਰ ਰੱਖਣ ਅਤੇ ਮਾਸ ਦਾ ਸਹੀ ਤਰੀਕੇ ਨਾਲ ਬਟਵਾਰਾ ਕਰਨ ਲਈ ਇਸ ਨੂੰ ਪੰਜ ਜਾਂ ਦਸ ਕਿੱਲੋ ਦੇ ਪੈਕੇਟ ਵਿੱਚ ਵੰਡਿਆ ਜਾਵੇ।

ਸਾਂਸਦ ਸਿਮਾਸਿਕੂ ਮਾਪੁਲਾਂਗਾ ਨੇ ਫੇਸਬੁੱਕ ‘ਤੇ ਹਾਥੀ ਦੀ ਦੇਹ ਦੇ ਆਲੇ ਦੁਆਲੇ ਮਾਸ ਲੈਣ ਲਈ ਲੋਕਾਂ ਦੀ ਭੀੜ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਉਨ੍ਹਾਂ ਨੇ ਲਿਖਿਆ ਕਿ ਗਰਿਮਾ, ਨਿਰਪੱਖਤਾ ਅਤੇ ਸਾਫ਼ ਸਫਾਈ ਨੂੰ ਧਿਆਨ ਵਿਚ ਰੱਖਦਿਆਂ ਭਵਿੱਖ ਵਿੱਚ ਮਾਸ ਵੰਡਣ ਦੀ ਵਿਵਸਥਾ ਬਿਹਤਰ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ।

ਹਾਥੀਆਂ ਨੂੰ ਸੰਭਾਲਣ ਬਾਰੇ ਪੁਰਾਣੀ ਬਹਿਸ ਹੋਈ ਤੇਜ਼

ਕੀਨੀਆ ਦੇ ਅੰਬੋਸਿਲੀ ਨੈਸ਼ਨਲ ਪਾਰਕ ਵਿੱਚ ਹਾਥੀ ਦੀ ਲਈ ਗਈ ਤਸਵੀਰ

ਕੁਝ ਜੰਗਲੀ ਜੀਵਾਂ ਵਾਲੇ ਇਲਾਕਿਆਂ ਵਿੱਚ ਹਾਥੀ ਦਾ ਮਾਸ ਆਮ ਹੈ। ਖਾਸ ਕਰ ਉਦੋਂ ਜਦੋਂ ਕਾਨੂੰਨੀ ਸ਼ਿਕਾਰ ਤੋਂ ਮਿਲੇ ਮਾਸ ਨੂੰ ਸਥਾਨਕ ਲੋਕਾਂ ਵਿੱਚ ਵੰਡਿਆ ਜਾਂਦਾ ਹੈ। ਹਾਲਾਂਕਿ, ਇਹ ਰੋਜ਼ ਦਾ ਮੁੱਖ ਖਾਣਾ ਨਹੀਂ ਹੈ।

ਹਾਲਾਂਕਿ ਬੋਤਸਵਾਨਾ ਵਿੱਚ ਜੰਗਲੀ ਜਾਨਵਰਾਂ ਦੇ ਮਾਸ ਨੂੰ ਲੈ ਕੇ ਸਖਤ ਨਿਯਮ ਹਨ। ਆਮ ਤੌਰ ‘ਤੇ ਇਹ ਸਾਬਿਤ ਕਰਨਾ ਹੁੰਦਾ ਹੈ ਕਿ ਮਾਸ ਜਾਇਜ਼ ਸ਼ਿਕਾਰ ਨਾਲ ਮਿਲਿਆ ਹੈ।

23 ਹਾਥੀਆਂ ਨੂੰ ਮਾਰਨ ਦੇ ਇਸ ਫ਼ੈਸਲੇ ਨੇ ਬੋਤਸਵਾਨਾ ਵਿੱਚ ਹਾਥੀਆਂ ਦੀ ਵੱਡੀ ਅਬਾਦੀ ਨੂੰ ਸੰਭਾਲਣ ਨੂੰ ਲੈ ਕੇ ਚੱਲ ਰਹੀ ਪੁਰਾਣੀ ਬਹਿਸ ਨੂੰ ਫਿਰ ਤੇਜ਼ ਕਰ ਦਿੱਤਾ ਹੈ।

ਬੋਤਸਵਾਨਾ ਵਿੱਚ ਇੱਕ ਲੱਖ ਤੀਹ ਹਜ਼ਾਰ ਤੋਂ ਜ਼ਿਆਦਾ ਹਾਥੀ ਹਨ। ਉਨ੍ਹਾਂ ਦੇ ਨਾਲ ਰਹਿਣ ਵਾਲੇ ਭਾਈਚਾਰੇ ਲੰਬੇ ਸਮੇਂ ਤੋਂ ਸ਼ਿਕਾਇਤ ਕਰਦੇ ਰਹੇ ਹਨ ਕਿ ਹਾਥੀ ਉਨ੍ਹਾਂ ਦੀਆਂ ਫਸਲਾਂ ਬਰਬਾਦ ਕਰਦੇ ਹਨ, ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਕਦੇ ਕਦੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।

ਸਰਕਾਰ ਦਾ ਕਹਿਣਾ ਹੈ ਕਿ ਨਿਯੰਤਰਿਤ ਸ਼ਿਕਾਰ ਨਾਲ ਹਾਥੀਆਂ ਦੀ ਗਿਣਤੀ ਅਤੇ ਇਨਸਾਨ-ਜੰਗਲੀ ਜੀਵ ਸੰਘਰਸ਼ ਨੂੰ ਸੰਭਾਲਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਸਥਾਨਕ ਭਾਈਚਾਰਿਆਂ ਲਈ ਕਮਾਈ ਵੀ ਹੁੰਦੀ ਹੈ।

ਸਾਬਕਾ ਰਾਸ਼ਟਰਪਤੀ ਇਯਾਨ ਖਾਮਾ ਦੇ ਕਾਰਜਕਾਲ ਵਿਚ 2014 ਵਿਚ ਦੇਸ਼ ਨੇ ਟਰਾਫੀ ਹੰਟਿੰਗ ‘ਤੇ ਰੋਕ ਲਗਾ ਦਿੱਤੀ ਸੀ। ਪਰ ਉਨ੍ਹਾਂ ਤੋਂ ਬਾਅਦ ਰਾਸ਼ਟਰਪਤੀ ਬਣੇ ਮੋਕਗਵੇਤਸੀ ਮਾਸਿਸੀ ਨੇ ਪੰਜ ਸਾਲ ਬਾਅਦ ਇਹ ਰੋਕ ਹਟਾ ਦਿੱਤੀ।

ਟਰਾਫੀ ਹੰਟਿੰਗ ਦਾ ਮਤਲਬ ਹੈ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਮੁੱਖ ਤੌਰ ‘ਤੇ ਉਸ ਦੀ ਚਮੜੀ, ਸਿੰਗ, ਦੰਦ, ਸਿਰ ਜਾਂ ਦੂਜੇ ਸਰੀਰ ਦੇ ਹਿੱਸੇ ਨੂੰ ਟਰਾਫੀ ਵਜੋਂ ਰੱਖਣ ਲਈ ਕਰਨਾ।

ਯਾਨੀ ਇਸ ਵਿੱਚ ਮਕਸਦ ਸਿਰਫ ਮਾਸ ਹਾਸਿਲ ਕਰਨਾ ਨਹੀਂ ਹੁੰਦਾ। ਸ਼ਿਕਾਰੀ ਅਕਸਰ ਜਾਨਵਰ ਦੇ ਕਿਸੇ ਹਿੱਸੇ ਨੂੰ ਯਾਦਗਾਰ ਜਾਂ ਦਿਖਾਉਣ ਲਈ ਆਪਣੇ ਕੋਲ ਰੱਖਦੇ ਹਨ।

ਉਦਾਹਰਨ ਵਜੋਂ, ਹਾਥੀ ਦੇ ਮਾਮਲੇ ਵਿਚ ਉਸ ਦੇ ਦੰਦ ਟਰਾਫੀ ਵਜੋਂ ਰੱਖੇ ਜਾ ਸਕਦੇ ਹਨ।

2024 ਦੀਆਂ ਚੋਣਾਂ ਵਿੱਚ ਮਾਸਿਸੀ ਨੂੰ ਹਰਾਉਣ ਵਾਲੇ ਰਾਸ਼ਟਰਪਤੀ ਡੁਮਾ ਬੋਕੋ ਦੇ ਕਾਰਜਕਾਲ ਵਿੱਚ ਵੀ ਸ਼ਿਕਾਰ ਜਾਰੀ ਹੈ।

ਸਰਕਾਰ ਦਾ ਕਹਿਣਾ ਹੈ ਕਿ ਸ਼ਿਕਾਰ ਤੋਂ ਹੋਣ ਵਾਲੀ ਕਮਾਈ ਦਾ ਇਸਤੇਮਾਲ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸਥਾਨਕ ਵਿਕਾਸ ਲਈ ਕੀਤਾ ਜਾਂਦਾ ਹੈ।

ਵਾਤਾਵਰਨ ਅਤੇ ਸੈਰ ਸਪਾਟਾ ਮੰਤਰੀ ਵਿੰਟਰ ਮਮੋਲੋਤਸੀ ਨੇ ਪਿਛਲੇ ਸਾਲ ਸੰਸਦ ਵਿਚ ਦੱਸਿਆ ਸੀ ਕਿ 2025 ਵਿਚ ਹਾਥੀਆਂ ਲਈ ਤੈਅ ਸ਼ਿਕਾਰ ਕੋਟੇ ਤੋਂ ਡੇਢ ਕਰੋੜ ਪੁਲਾ(ਸਥਾਨਕ ਮੁਦਰਾ) ਯਾਨੀ ਗਿਆਰਾਂ ਲੱਖ ਡਾਲਰ ਜੁਟਾਏ ਗਏ। ਇਸ ਪੈਸੇ ਨਾਲ ਹਾਥੀਆਂ ਵਾਲੇ ਇਲਾਕਿਆਂ ਵਿੱਚ ਯੋਜਨਾਵਾਂ ਚਲਾਈਆਂ ਗਈਆਂ।

ਹਾਲਾਂਕਿ, ਸੁਰੱਖਿਆ ਸੰਗਠਨਾਂ ਨੇ ਸਵਾਲ ਚੁੱਕਿਆ ਕਿ ਕੀ ਇੰਨੇ ਵੱਡੇ ਪੈਮਾਨੇ ‘ਤੇ ਸ਼ਿਕਾਰ ਲੰਬੇ ਸਮੇਂ ਤੱਕ ਜਾਰੀ ਰੱਖਿਆ ਜਾ ਸਕਦਾ ਹੈ।

ਬੋਤਸਵਾਨਾ ਦੀ ਸ਼ਿਕਾਰ ਨੀਤੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਅਲੋਚਨਾ ਵਿਚ ਅਕਸਰ ਉਨ੍ਹਾਂ ਪੇਂਡੂ ਭਾਈਚਾਰਿਆਂ ਦੀਆਂ ਪਰੇਸ਼ਾਨੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜੋ ਵੱਡੀ ਗਿਣਤੀ ਵਿੱਚ ਹਾਥੀਆਂ ਵਿਚਕਾਰ ਰਹਿੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਹਾਥੀ ਫਸਲਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਲੋਕਾਂ ਲਈ ਖਤਰਾ ਵੀ ਬਣਦੇ ਹਨ। ਖ਼ਾਸਕਰ ਉਦੋਂ ਜਦੋਂ ਹਾਥੀਆਂ ਦਾ ਇਲਾਕਾ ਖੇਤਾਂ ਅਤੇ ਬਸਤੀਆਂ ਨਾਲ ਲਗਾਤਾਰ ਟਕਰਾ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI