Home rss national punjabi2ਰਾਸ਼ਟਰੀ ਖ਼ਬਰਾਂ ਅਮਰੀਕਾ ਨੇ ਪਹਿਲੀ ਵਾਰ ਪੁਲਾੜ ‘ਚ ਤਾਇਨਾਤ ਕੀਤੇ ਹਥਿਆਰ, ਇਸ ਦੇ ਕੀ...

ਅਮਰੀਕਾ ਨੇ ਪਹਿਲੀ ਵਾਰ ਪੁਲਾੜ ‘ਚ ਤਾਇਨਾਤ ਕੀਤੇ ਹਥਿਆਰ, ਇਸ ਦੇ ਕੀ ਪ੍ਰਭਾਵ ਪੈ ਸਕਦੇ ਹਨ

5
0

Source :- BBC PUNJABI

ਧਰਤੀ ਦੀ ਕਲਾਸ

ਤਸਵੀਰ ਸਰੋਤ, Getty Images

ਅਮਰੀਕਾ ਨੇ ਧਰਤੀ ਦੀ ਕਲਾਸ (ਅਰਥ ਔਰਬਿਟ) ਵਿੱਚ ‘ਪੁਲਾੜ ਹਥਿਆਰ’ ਤਾਇਨਾਤ ਕਰਨ ਦੀ ਪੁਸ਼ਟੀ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਇਸ ਤਰ੍ਹਾਂ ਦੀਆਂ ਹਮਲਾਵਰ ਸਮਰੱਥਾਵਾਂ ਨੂੰ ਸਵੀਕਾਰ ਕੀਤਾ ਹੈ।

ਅਮਰੀਕੀ ਏਅਰ ਫੋਰਸ ਦੇ ਸਕੱਤਰ ਟਰੌਏ ਮੀਂਕ ਨੇ ਕਿਹਾ ਕਿ ਦੁਸ਼ਮਣ ‘ਤੇ ਨਜ਼ਰ ਰੱਖਣ ਲਈ ਇਹ ਹਥਿਆਰ ਜ਼ਰੂਰੀ ਹਨ।

ਸੋਮਵਾਰ ਨੂੰ ਹਵਾਈ, ਪੁਲਾੜ ਅਤੇ ਸਾਈਬਰ ਸੰਮੇਲਨ ਵਿੱਚ ਬੋਲਦਿਆਂ ਮੀਂਕ ਨੇ ਕਿਹਾ ਕਿ ਅਮਰੀਕਾ “ਵਿਕਸਿਤ ਹੋ ਰਹੇ ਖ਼ਤਰਿਆਂ” ਲਈ ਤਿਆਰ ਹੈ।

ਪਰ ਮੀਂਕ ਨੇ ਹਥਿਆਰ ਦੀਆਂ ਸਮਰੱਥਾਵਾਂ ਜਾਂ ਇਸ ਨੂੰ ਔਰਬਿਟ ਵਿੱਚ ਕਦੋਂ ਤਾਇਨਾਤ ਕੀਤਾ ਗਿਆ ਸੀ, ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ।

ਅਮਰੀਕਾ ਦੇ ਸੀਨੀਅਰ ਫੌਜੀ ਅਧਿਕਾਰੀ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਹ ਪੁਲਾੜ ਵਿੱਚ ਫੌਜੀ ਸਮਰੱਥਾਵਾਂ ਵਧਾਉਣ ਦੀ ਯੋਜਨਾ ਬਣਾ ਰਹੇ ਹਨ।

ਇਨ੍ਹਾਂ ਅਧਿਕਾਰੀਆਂ ਨੇ ਭਵਿੱਖ ਵਿੱਚ ਹੋਣ ਵਾਲੇ ਸੰਘਰਸ਼ ਦੌਰਾਨ ਅਮਰੀਕੀ ਸੈਟੇਲਾਈਟਾਂ ‘ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਰੋਕਣ ਦੇ ਤਰੀਕੇ ਵਿਕਸਤ ਕਰਨ ਵਾਲੇ ਰੂਸੀ ਅਤੇ ਚੀਨੀ ਪ੍ਰੋਗਰਾਮਾਂ ਦਾ ਹਵਾਲਾ ਦਿੱਤਾ ਹੈ।

ਚੀਨ ਨੇ ਕੀ ਦਿੱਤਾ ਜਵਾਬ

ਚੀਨ ਨੇ ਮੰਗਲਵਾਰ ਨੂੰ ਪੁਲਾੜ ਵਿੱਚ “ਹਥਿਆਰਾਂ ਦੀ ਦੌੜ” ਦੇ ਖ਼ਿਲਾਫ਼ ਚੇਤਾਵਨੀ ਦੇ ਕੇ ਇਸ ਦਾ ਜਵਾਬ ਦਿੱਤਾ ਹੈ।

ਏਐੱਫ਼ਪੀ ਨੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ, “ਅਸੀਂ ਅਮਰੀਕੀ ਪੱਖ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀਆਂ ਫੌਜੀ ਸਮਰੱਥਾਵਾਂ ਦਾ ਵਿਸਥਾਰ ਕਰਨਾ ਅਤੇ ਪੁਲਾੜ ਵਿੱਚ ਜੰਗ ਦੀ ਤਿਆਰੀ ਕਰਨਾ ਬੰਦ ਕਰੇ।”

ਅਮਰੀਕੀ ਅਧਿਕਾਰੀਆਂ ਨੇ ਇਸ ਹਥਿਆਰ ਦੇ ਕੰਮ ਕਰਨ ਦੇ ਤਰੀਕੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਅਮਰੀਕੀ ਸਪੇਸ ਫੋਰਸ ਦੇ ਇੱਕ ਬੁਲਾਰੇ ਨੇ ਕਿਹਾ, “ਸਪੇਸ ਕੰਟ੍ਰੋਲ ਵਿੱਚ ਪੁਲਾੜ ਖੇਤਰ ਵਿੱਚ ਮੁਕਾਬਲਾ ਕਰਨ ਅਤੇ ਇਸ ‘ਤੇ ਕੰਟ੍ਰੋਲ ਹਾਸਲ ਕਰਨ ਲਈ ਜ਼ਰੂਰੀ ਮਿਸ਼ਨ ਖੇਤਰ ਸ਼ਾਮਲ ਹਨ। ਇਸ ਤਹਿਤ ਵਿਰੋਧੀ ਦੀਆਂ ਸਮਰੱਥਾਵਾਂ ਨੂੰ ਰੋਕਿਆ ਜਾਂਦਾ ਹੈ, ਉਨ੍ਹਾਂ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਅਤੇ ਲੋੜ ਪੈਣ ‘ਤੇ ਨਸ਼ਟ ਵੀ ਕੀਤਾ ਜਾ ਸਕਦਾ ਹੈ।”

“ਇਨ੍ਹਾਂ ਸਮਰੱਥਾਵਾਂ ਦੀ ਵਰਤੋਂ ਲੜਾਕੂ ਕਮਾਂਡ ਦੇ ਨਿਰਦੇਸ਼ ‘ਤੇ ਹਮਲਾਵਰ ਅਤੇ ਰੱਖਿਆਤਮਕ, ਦੋਵਾਂ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ।”

ਮਾਹਰ ਕੀ ਕਹਿ ਰਹੇ ਹਨ

ਉੱਤਰੀ ਗ੍ਰੀਨਲੈਂਡ ਵਿੱਚ ਸਥਿਤ ਪਿਟੁਫਿਕ ਪੁਲਾੜ ਅੱਡੇ

ਤਸਵੀਰ ਸਰੋਤ, Thomas Traasdahl/Ritzau Scanpix/AFP via Getty Images

ਪੁਲਾੜ ਦੀ ਫੌਜੀ ਵਰਤੋਂ ਦੇ ਇੱਕ ਮਾਹਰ ਨੇ ਕਿਹਾ ਕਿ ਇਸ ਤਕਨੀਕ ਬਾਰੇ ਜਨਤਕ ਤੌਰ ‘ਤੇ “ਬਹੁਤ ਘੱਟ” ਜਾਣਕਾਰੀ ਉਪਲਬਧ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਵਿੱਚ “ਵੱਖ-ਵੱਖ ਤਰ੍ਹਾਂ ਦੇ ਹਥਿਆਰ ਪ੍ਰਣਾਲੀਆਂ ਦੀ ਪੂਰੀ ਰੇਂਜ” ਹੋ ਸਕਦੀ ਹੈ।

ਰੌਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਦੇ ਡਾ. ਬਲੇਡਿਨ ਬੋਵਨ ਨੇ ਰੇਡੀਓ 4 ਦੇ ‘ਟੁਡੇ’ ਪ੍ਰੋਗਰਾਮ ਵਿੱਚ ਕਿਹਾ ਕਿ ਅਮਰੀਕਾ ਸ਼ਾਇਦ “ਕਿਸੇ ਤਰ੍ਹਾਂ ਦੇ ਇਲੈਕਟ੍ਰਾਨਿਕ ਵਾਰਫੇਅਰ ਜਾਂ ਰੇਡੀਓ ਜੈਮਿੰਗ ਪਲੇਟਫਾਰਮ” ਦੀ ਗੱਲ ਕਰ ਰਿਹਾ ਹੋਵੇ।

ਬੋਵੇਨ ਨੇ ਕਿਹਾ ਕਿ ਇਹ ਉਸ ਤਰ੍ਹਾਂ ਦਾ ਹਥਿਆਰ ਹੋਵੇਗਾ, ਜੋ ਪਹਿਲਾਂ ਤੋਂ ਧਰਤੀ ‘ਤੇ ਮੌਜੂਦ ਹੈ ਅਤੇ ਰੇਡੀਓ ਸੰਚਾਰ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ।

ਦੂਜਾ ਬਦਲ “ਕਿਸੇ ਤਰ੍ਹਾਂ ਦਾ ਕਾਇਨੇਟਿਕ ਕਿਲ ਵ੍ਹੀਕਲ” ਹੋ ਸਕਦਾ ਹੈ। ਭਾਵ ਅਜਿਹਾ ਵਾਹਨ, ਜੋ ਕਿਸੇ ਤਰ੍ਹਾਂ ਦੀ ਮਿਜ਼ਾਈਲ ਦਾਗੇ ਅਤੇ ਉਹ ਕਿਸੇ ਸੈਟੇਲਾਈਟ ਨਾਲ ਟਕਰਾ ਕੇ ਉਸ ਨੂੰ ਨਸ਼ਟ ਕਰ ਦੇਵੇ।

ਹਾਲਾਂਕਿ, ਬੋਵਨ ਨੇ ਕਿਹਾ ਕਿ ਇਸ ਦੀ ਸੰਭਾਵਨਾ ਘੱਟ ਹੈ, ਕਿਉਂਕਿ ਅਜਿਹਾ ਹਥਿਆਰ ਵੱਡੀ ਮਾਤਰਾ ਵਿੱਚ ਮਲਬਾ ਪੈਦਾ ਕਰ ਸਕਦਾ ਹੈ।

ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਪੁਲਾੜ-ਅਧਾਰਿਤ ਸਮਰੱਥਾਵਾਂ ਅਤੇ ਇੰਟਰਸੈਪਟਰ ਮਿਜ਼ਾਈਲਾਂ ਅਮਰੀਕਾ ਨੂੰ ਮਿਜ਼ਾਈਲਾਂ ਅਤੇ ਹੋਰ ਹਵਾਈ ਖ਼ਤਰਿਆਂ ਤੋਂ ਬਚਾਉਣ ਲਈ ਉਸ ਦੀ “ਗੋਲਡਨ ਡੋਮ” ਰੱਖਿਆ ਪ੍ਰਣਾਲੀ ਦਾ ਇੱਕ ਅਹਿਮ ਹਿੱਸਾ ਹਨ।

ਪਿਛਲੇ ਸਾਲ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਅਮਰੀਕੀ ਸਪੇਸ ਫੋਰਸ ਦੀ ਭੂਮਿਕਾ ਨੂੰ ਸਿਰਫ਼ ਪੁਲਾੜ ਵਿੱਚ ਮੌਜੂਦ ਜਾਇਦਾਦਾਂ ਦੀ ਰੱਖਿਆ ਕਰਨ ਤੱਕ ਸੀਮਤ ਨਹੀਂ ਰੱਖਿਆ ਗਿਆ ਸੀ, ਸਗੋਂ ਇਸ ਨੂੰ ਇੱਕ ਹਮਲਾਵਰ ਫੋਰਸ ਵਜੋਂ ਵੀ ਪੇਸ਼ ਕੀਤਾ ਗਿਆ ਸੀ।

ਅਮਰੀਕੀ ਸਪੇਸ ਫੋਰਸ ਦੀ ਸ਼ੁਰੂਆਤ 2019 ਵਿੱਚ ਕੀਤੀ ਗਈ ਸੀ। ਇਸ ਦਾ ਮਕਸਦ ਪੁਲਾੜ ਵਿੱਚ ਮੌਜੂਦ ਅਮਰੀਕੀ ਜਾਇਦਾਦਾਂ ਦੀ ਰੱਖਿਆ ਕਰਨਾ ਹੈ, ਜਿਨ੍ਹਾਂ ਵਿੱਚ ਸੰਚਾਰ ਅਤੇ ਨਿਗਰਾਨੀ ਲਈ ਵਰਤੇ ਜਾਣ ਵਾਲੇ ਸੈਂਕੜੇ ਸੈਟੇਲਾਈਟ ਸ਼ਾਮਲ ਹਨ।

ਪੁਲਾੜ ਵਿੱਚ ਜੰਗ ਦਾ ਇਤਿਹਾਸ

ਸਾਲ 1967 ਦੀ ਇੱਕ ਸੰਧੀ ਨੇ ਅਰਥ ਔਰਬਿਟ ਵਿੱਚ ਵਿਆਪਕ ਤਬਾਹੀ ਵਾਲੇ ਹਥਿਆਰਾਂ ਦੀ ਤੈਨਾਤੀ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਪ੍ਰਮੁੱਖ ਤਾਕਤਾਂ ਸੰਧੀ ਦੇ ਦਾਇਰੇ ਤੋਂ ਬਾਹਰ ਦੀਆਂ ਹੋਰ ਸਮਰੱਥਾਵਾਂ ਵਿਕਸਤ ਕਰਨ ‘ਤੇ ਕੰਮ ਕਰ ਰਹੀਆਂ ਹਨ।

ਇਨ੍ਹਾਂ ਵਿੱਚ ਵਿਰੋਧੀ ਦੇਸ਼ਾਂ ਦੇ ਸੈਟੇਲਾਈਟਾਂ ਨੂੰ ਨਿਸ਼ਾਨਾ ਬਣਾਉਣਾ ਵੀ ਸ਼ਾਮਲ ਹੈ। ਇਹ ਸੈਟੇਲਾਈਟ ਫੌਜੀ ਸੰਚਾਰ, ਨਿਗਰਾਨੀ ਅਤੇ ਨੈਵੀਗੇਸ਼ਨ ਲਈ ਅਹਿਮ ਹਨ।

ਫਰਵਰੀ ਦੀ ਸ਼ੁਰੂਆਤ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਰੂਸ ਦੇ ਦੋ ਸੈਟੇਲਾਈਟਾਂ ਨੇ 2022 ਵਿੱਚ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਘੱਟੋ-ਘੱਟ ਇੱਕ ਦਰਜਨ ਯੂਰਪੀ ਸੈਟੇਲਾਈਟਾਂ ਦੇ ਸੰਚਾਰ ਨੂੰ ਸੰਭਵ ਤੌਰ ‘ਤੇ ਇੰਟਰਸੈਪਟ ਕੀਤਾ ਸੀ।

ਅਜਿਹਾ ਕਰਕੇ ਰੂਸੀ ਖ਼ੁਫ਼ੀਆ ਏਜੰਸੀਆਂ ਇਨ੍ਹਾਂ ਸੈਟੇਲਾਈਟਾਂ ਤੋਂ ਭੇਜੇ ਜਾ ਰਹੇ ਸੰਵੇਦਨਸ਼ੀਲ ਡੇਟਾ ਨੂੰ ਪੜ੍ਹਨ ਦੇ ਸਮਰੱਥ ਹੋਈਆਂ ਹੋਣਗੀਆਂ ਜਾਂ ਸਿਧਾਂਤਕ ਤੌਰ ‘ਤੇ ਇਨ੍ਹਾਂ ਸੈਟੇਲਾਈਟਾਂ ਦਾ ਕੰਟ੍ਰੋਲ ਵੀ ਆਪਣੇ ਹੱਥ ਵਿੱਚ ਲੈ ਸਕਦੀਆਂ ਸਨ।

2024 ਵਿੱਚ ਅਮਰੀਕਾ ਨੇ ਕਿਹਾ ਸੀ ਕਿ ਰੂਸ ਨੇ ਇੱਕ ਅਜਿਹਾ ਸੈਟੇਲਾਈਟ ਲਾਂਚ ਕੀਤਾ ਹੈ, ਜਿਸ ਬਾਰੇ ਉਸ ਦਾ ਮੰਨਣਾ ਸੀ ਕਿ ਉਹ ਇਸ ਤਰ੍ਹਾਂ ਦੇ ਹੋਰ ਸੈਟੇਲਾਈਟਾਂ ‘ਤੇ ਹਮਲਾ ਕਰਨ ਦੇ ਸਮਰੱਥ ਹੋ ਸਕਦਾ ਹੈ।

ਰੂਸ ਨੇ ਇਸ ਮੁੱਦੇ ‘ਤੇ ਜਨਤਕ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਸੀ।

ਅਮਰੀਕੀ ਸਪੇਸ ਫੋਰਸ ਦਾ ਕਹਿਣਾ ਹੈ ਕਿ ਚੀਨ “ਫੌਜੀ ਆਧੁਨਿਕੀਕਰਨ ਦੀ ਰਣਨੀਤੀ ਤਹਿਤ ਪੁਲਾੜ ਅਤੇ ਕਾਊਂਟਰਸਪੇਸ ਸਮਰੱਥਾਵਾਂ ਵਿਕਸਤ ਅਤੇ ਸੰਚਾਲਿਤ ਕਰਦਾ ਹੈ”, ਜਦਕਿ ਰੂਸ “ਪੁਲਾੜ ਨੂੰ ਜੰਗ ਦੇ ਇੱਕ ਖੇਤਰ ਵਜੋਂ ਦੇਖਦਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਭਵਿੱਖ ਦੇ ਸੰਘਰਸ਼ਾਂ ਵਿੱਚ ਪੁਲਾੜ ‘ਤੇ ਦਬਦਬਾ ਫੈਸਲਾਕੁੰਨ ਕਾਰਕ ਹੋਵੇਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI