Home rss national punjabi2ਰਾਸ਼ਟਰੀ ਖ਼ਬਰਾਂ ‘ਅਮਰੀਕਾ ਵੱਲੋਂ ਹਮਲੇ’ ਦੀ ਸਥਿਤੀ ਲਈ ਕੈਨੇਡਾ ਕਿਉਂ ਤਿਆਰੀ ਕਰ ਰਿਹਾ ਹੈ,...

‘ਅਮਰੀਕਾ ਵੱਲੋਂ ਹਮਲੇ’ ਦੀ ਸਥਿਤੀ ਲਈ ਕੈਨੇਡਾ ਕਿਉਂ ਤਿਆਰੀ ਕਰ ਰਿਹਾ ਹੈ, ਕੀ ਪਹਿਲਾਂ ਵੀ ਦੋਹਾਂ ਮੁਲਕਾਂ ਦਰਮਿਆਨ ਰਿਸ਼ਤੇ ਗੁੰਝਲਦਾਰ ਰਹੇ ਹਨ

5
0

Source :- BBC PUNJABI

ਫੌਜ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਹਫ਼ਤੇ ਮੰਨਿਆ ਕਿ ਉਨ੍ਹਾਂ ਨੇ ਇੱਕ ਅਜਿਹੀ ਸਥਿਤੀ ਲਈ ਤਿਆਰੀ ਕੀਤੀ ਹੈ, ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ ਅਤੇ ਉਹ ਹੈ ਅਮਰੀਕਾ ਵੱਲੋਂ ਹਮਲਾ।

ਉਨ੍ਹਾਂ ਨੇ ਖ਼ਤਰੇ ਨੂੰ ਘੱਟ ਅਤੇ ਇਸ ਦੀ ਸੰਭਾਵਨਾ ਨੂੰ ਬਹੁਤ ਹੀ ਨਾਂਮੁਮਕਿਨ ਦੱਸਦਿਆਂ ਨਿਊਯਾਰਕ ਟਾਈਮਜ਼ ਨੂੰ ਕਿਹਾ ਕਿ ਜਦੋਂ ਡੌਨਲਡ ਟਰੰਪ ਦੀ ਰਾਸ਼ਟਰਪਤੀ ਹਕੂਮਤ ਹੇਠ ਅਮਰੀਕਾ-ਕੈਨੇਡਾ ਸਬੰਧਾਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ, ਤਾਂ ਸਾਰੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।

ਕਾਰਨੀ ਨੇ ਕਿਹਾ, “ਇਹ ਸਿਰਫ਼ ਜੋਖ਼ਮ ਪ੍ਰਬੰਧਨ ਹੈ।”

ਟਰੰਪ ਵੱਲੋਂ ਲਗਾਈਆਂ ਗਈਆਂ ਵਿਸ਼ਵ ਪੱਧਰੀ ਟੈਰਿਫ਼ਾਂ ਅਤੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਉਨ੍ਹਾਂ ਦੀ ਵਾਰ-ਵਾਰ ਦੁਹਰਾਈ ਗਈ ਇੱਛਾ ਕਾਰਨ ਕੈਨੇਡਾ ਨੇ ਅਮਰੀਕੀਆਂ ਵੱਲੋਂ ਹਮਲੇ ਦੀ ਸਥਿਤੀ ਵਿੱਚ ਜੰਗੀ ਅਭਿਆਸ ਕਰਨੇ ਸ਼ੁਰੂ ਕਰ ਦਿੱਤੇ ਹਨ।

2025 ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਇਹ “ਬਹੁਤ ਹੀ ਨਾਂਮੁਮਕਿਨ” ਹੈ ਕਿ ਅਮਰੀਕਾ ਕਦੇ ਵੀ ਕੈਨੇਡਾ ਖ਼ਿਲਾਫ਼ ਤਾਕਤ ਦੀ ਵਰਤੋਂ ਕਰੇਗਾ। ਇਸ ਦੀ ਬਜਾਏ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਿਆਸੀ ਟੀਚੇ ਹਾਸਲ ਕਰਨ ਲਈ ਆਰਥਿਕ ਦਬਾਅ ਬਣਾਉਂਦੇ ਰਹਿਣਗੇ।

ਵ੍ਹਾਈਟ ਹਾਊਸ ਨੇ ਇਸ ਹਫ਼ਤੇ ਬੀਬੀਸੀ ਨੂੰ ਇੱਕ ਬਿਆਨ ਵਿੱਚ ਕਿਹਾ, “ਰਾਸ਼ਟਰਪਤੀ ਟਰੰਪ ਨੇ ਕੈਨੇਡਾ ਦੇ ਮਹਾਨ ਲੋਕਾਂ ਦੀ ਰੱਖਿਆ ਲਈ ਕਿਸੇ ਵੀ ਹੋਰ ਵਿਅਕਤੀ ਨਾਲੋਂ ਵੱਧ ਕੰਮ ਕੀਤਾ ਹੈ।”

ਬੀਬੀਸੀ ਨਾਲ ਗੱਲ ਕਰਨ ਵਾਲੇ ਫ਼ੌਜੀ ਮਾਹਰ ਵੀ ਮੰਨਦੇ ਹਨ ਕਿ ਹਮਲੇ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵੱਲੋਂ ਰੱਖਿਆ ਦੇ ਮਾਮਲੇ ਵਿੱਚ ਮਿਲ ਕੇ ਕੰਮ ਕਰਨ ਦੇ ਕਈ ਤਰੀਕਿਆਂ ਵੱਲ ਇਸ਼ਾਰਾ ਕੀਤਾ।

ਪਰ ਇਹ ਮੁੱਦਾ ਸਪੱਸ਼ਟ ਤੌਰ ‘ਤੇ ਕੈਨੇਡੀਅਨਾਂ ਦੇ ਮਨਾਂ ‘ਤੇ ਭਾਰ ਪਾ ਰਿਹਾ ਹੈ।

ਜਨਵਰੀ ਵਿੱਚ, ਜਦੋਂ ਅਮਰੀਕਾ ਨੇ ਵੈਨੇਜ਼ੁਏਲਾ ਵਿੱਚ ਨਿਕੋਲਾਸ ਮਾਦੁਰੋ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਤਾਂ ਲੇਜ਼ਰ ਦੇ ਇੱਕ ਸਰਵੇਖਣ ਤੋਂ ਪਤਾ ਲੱਗਾ ਸੀ ਕਿ 30% ਤੋਂ ਵੱਧ ਕੈਨੇਡੀਅਨਾਂ ਦਾ ਮੰਨਣਾ ਸੀ ਕਿ ਅਮਰੀਕਾ ਵੱਲੋਂ ਹਮਲਾ ਹੋਣ ਦੀ ਸੰਭਾਵਨਾ ਹੈ।

ਅਜਿਹਾ ਹੋਣ ਦੀ ਸੰਭਾਵਨਾ ਕਿਉਂ ਹੈ

ਲੈਫ਼ਟੀਨੈਂਟ-ਜਨਰਲ ਕ੍ਰਿਸਟੋਫਰ ਕੋਟਸ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿਚਾਲੇ ਜੰਗ ਗੁੰਝਲਦਾਰ ਹੋਵੇਗੀ ਅਤੇ ਇਸ ਦੀ ਕਲਪਨਾ ਕਰਨਾ ਵੀ ਲਗਭਗ ਮੁਸ਼ਕਲ ਹੈ। ਕੋਟਸ ਰੌਇਲ ਕੈਨੇਡੀਅਨ ਏਅਰ ਫੋਰਸ ਦੇ 34 ਸਾਲ ਦੇ ਸਾਬਕਾ ਫ਼ੌਜੀ ਅਧਿਕਾਰੀ ਹਨ, ਜਿਨ੍ਹਾਂ ਨੇ ਕਈ ਸੀਨੀਅਰ ਅਹੁਦਿਆਂ ‘ਤੇ ਕੰਮ ਕੀਤਾ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, “ਮੈਂ ਆਪਣੇ ਪੂਰੇ ਕਰੀਅਰ ਦੌਰਾਨ ਫ਼ੌਜੀ ਕਾਰਵਾਈਆਂ ਵਿੱਚ ਸ਼ਾਮਲ ਰਿਹਾ ਅਤੇ ਅਸੀਂ ਕਦੇ ਇਸ ਸੰਭਾਵਨਾ ‘ਤੇ ਵਿਚਾਰ ਨਹੀਂ ਕੀਤਾ ਕਿ ਅਮਰੀਕੀ ਖੇਤਰ ਤੋਂ ਕੋਈ ਫ਼ੌਜੀ ਹਮਲਾ ਹੋ ਸਕਦਾ ਹੈ।”

ਕੋਟਸ, ਜੋ ਨਾਟੋ ਦੇ ਮਿਸ਼ਨਾਂ ਵਿੱਚ ਸੇਵਾ ਨਿਭਾ ਚੁੱਕੇ ਹਨ, ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਫ਼ੌਜੀ ਰੱਖਿਆ ਦੇ ਕਈ ਪੱਖਾਂ ਵਿੱਚ ਮਿਲ ਕੇ ਕੰਮ ਕਰਦੇ ਹਨ।

ਉਹ ਦੋਵੇਂ ਉੱਤਰੀ ਐਟਲਾਂਟਿਕ ਰੱਖਿਆ ਗਠਜੋੜ ਦੇ ਮੈਂਬਰ ਹਨ, ਜੋ ਮੈਂਬਰ ਦੇਸ਼ ‘ਤੇ ਹਮਲਾ ਹੋਣ ਦੀ ਸਥਿਤੀ ਵਿੱਚ ਹੋਰ ਮੈਂਬਰ ਦੇਸ਼ਾਂ ਨੂੰ ਉਸ ਦੀ ਰੱਖਿਆ ਕਰਨ ਲਈ ਵਚਨਬੱਧ ਕਰਦਾ ਹੈ।

ਦੋਵੇਂ ਦੇਸ਼ ਨੌਰਥ ਅਮਰੀਕਨ ਏਅਰੋਸਪੇਸ ਡਿਫੈਂਸ ਕਮਾਂਡ (ਐੱਨਓਆਰਏਡੀ) ਦੇ ਤਹਿਤ ਆਰਕਟਿਕ ਖੇਤਰ ਵਿੱਚ ਸਾਂਝੇ ਰੱਖਿਆ ਮਿਸ਼ਨ ਵੀ ਚਲਾਉਂਦੇ ਹਨ ਅਤੇ ਅਕਸਰ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਦੇ ਹਨ।

ਇਸ ਕਾਰਨ ਕੋਟਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ‘ਤੇ ਅਮਰੀਕਾ ਦਾ ਹਮਲਾ ਹਥਿਆਰਬੰਦ ਹਮਲੇ ਨਾਲ ਸ਼ੁਰੂ ਨਹੀਂ ਹੋਵੇਗਾ, ਸਗੋਂ ਸਾਈਬਰ ਯੁੱਧ ਵਰਗੇ ਵਧੇਰੇ ਗੁਪਤ ਤਰੀਕਿਆਂ ਨਾਲ ਹੋ ਸਕਦਾ ਹੈ।

ਹਮੇਸ਼ਾ ਸਭ ਤੋਂ ਚੰਗੇ ਦੋਸਤ ਨਹੀਂ ਰਹੇ

ਅਮਰੀਕਾ-ਕੈਨੇਡਾ

ਦੂਜੇ ਵਿਸ਼ਵ ਯੁੱਧ ਤੋਂ ਬਾਅਦ, 20ਵੀਂ ਸਦੀ ਦੇ ਬਾਕੀ ਸਮੇਂ ਦੌਰਾਨ ਕੈਨੇਡਾ ਅਤੇ ਅਮਰੀਕਾ ਕੁਦਰਤੀ ਸਹਿਯੋਗੀ ਬਣ ਗਏ ਅਤੇ ਆਰਥਿਕ, ਫ਼ੌਜੀ ਅਤੇ ਸੱਭਿਆਚਾਰਕ ਤੌਰ ‘ਤੇ ਡੂੰਘਾਈ ਨਾਲ ਇੱਕ-ਦੂਜੇ ਨਾਲ ਜੁੜ ਗਏ।

ਪਰ ਹਮੇਸ਼ਾ ਅਜਿਹਾ ਨਹੀਂ ਸੀ। ਕੈਨੇਡੀਅਨ ਵਾਰ ਮਿਊਜ਼ੀਅਮ ਦੇ ਖੋਜਕਾਰ ਟਿਮ ਫੋਰਨ ਨੇ ਕਿਹਾ ਕਿ ਅਸਲ ਵਿੱਚ ਕੈਨੇਡਾ ਦੀ ਪਛਾਣ ਦਾ ਇੱਕ ਮੁੱਖ ਆਧਾਰ 18ਵੀਂ ਅਤੇ 19ਵੀਂ ਸਦੀਆਂ ਵਿੱਚ ਅਮਰੀਕੀ ਵਿਸਥਾਰਵਾਦ ਦਾ ਵਿਰੋਧ ਕਰਨਾ ਹੈ।

ਉਨ੍ਹਾਂ ਕਿਹਾ, “ਸੰਯੁਕਤ ਰਾਜ ਅਮਰੀਕਾ ਦਾ ਡਰ ਕੈਨੇਡਾ ਦੇ ਰਾਜਨੀਤਿਕ ਪ੍ਰੋਜੈਕਟ ਦੀ ਬੁਨਿਆਦ ਹੈ।”

ਕੈਨੇਡਾ ਬ੍ਰਿਟਿਸ਼ ਉੱਤਰੀ ਅਮਰੀਕਾ ਦੀਆਂ ਉਨ੍ਹਾਂ ਬਸਤੀਆਂ ਦੇ ਸਮੂਹ ਵਜੋਂ ਬਣਿਆ ਸੀ, ਜੋ ਉਸ ਸਮੇਂ ਬ੍ਰਿਟਿਸ਼ ਤਾਜ ਪ੍ਰਤੀ ਵਫ਼ਾਦਾਰ ਰਹੀਆਂ ਜਦੋਂ ਅੱਜ ਦੇ ਅਮਰੀਕਾ ਦੀਆਂ ਬਸਤੀਆਂ ਨੇ ਬਗ਼ਾਵਤ ਕਰ ਦਿੱਤੀ ਸੀ।

ਕੈਨੇਡਾ ਦੇ ਗਠਨ ਤੋਂ ਪਹਿਲਾਂ, ਅਮਰੀਕਾ ਨੇ ਬ੍ਰਿਟਿਸ਼ ਉੱਤਰੀ ਅਮਰੀਕੀ ਬਸਤੀਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। 1775 ਵਿੱਚ ਉਸ ਨੇ ਮਾਂਟਰੀਅਲ ‘ਤੇ ਕਬਜ਼ਾ ਕਰ ਲਿਆ ਸੀ ਅਤੇ ਕਿਊਬੈਕ ਸਿਟੀ ਨੂੰ ਵੀ ਲਗਭਗ ਜਿੱਤ ਲਿਆ ਸੀ।

1812 ਦੀ ਜੰਗ ਵਿੱਚ, ਅਮਰੀਕੀਆਂ ਨੇ ਉਸ ਸਮੇਂ ਦੇ ਅੱਪਰ ਕੈਨੇਡਾ, ਲੋਅਰ ਕੈਨੇਡਾ ਅਤੇ ਸਮੁੰਦਰੀ ਬਸਤੀਆਂ ਵਜੋਂ ਜਾਣੇ ਜਾਂਦੇ ਇਲਾਕਿਆਂ ‘ਤੇ ਵਾਰ-ਵਾਰ ਹਮਲੇ ਕੀਤੇ, ਜਿਸ ਦਾ ਨਤੀਜਾ ਬਰਾਬਰੀ ‘ਤੇ ਖ਼ਤਮ ਹੋਈ ਜੰਗ ਰਿਹਾ। ਉਸ ਜੰਗ ਦੌਰਾਨ, ਬਦਲੇ ਵਜੋਂ ਬ੍ਰਿਟਿਸ਼ ਫ਼ੌਜਾਂ ਨੇ ਮਸ਼ਹੂਰ ਤੌਰ ‘ਤੇ ਵ੍ਹਾਈਟ ਹਾਊਸ ਨੂੰ ਸਾੜ ਦਿੱਤਾ ਸੀ।

ਫੋਰਨ ਨੇ ਕਿਹਾ ਕਿ ਉਸ ਸਮੇਂ ਉਹ ਬਸਤੀਆਂ, ਜੋ ਬਾਅਦ ਵਿੱਚ ਕੈਨੇਡਾ ਬਣੀਆਂ, ਆਪਣੀ ਰੱਖਿਆ ਲਈ ਗ੍ਰੇਟ ਬ੍ਰਿਟੇਨ ਅਤੇ ਉਸ ਦੀ ਰੌਇਲ ਨੇਵੀ ‘ਤੇ ਨਿਰਭਰ ਸਨ ਅਤੇ ਨਾਲ ਹੀ ਉਨ੍ਹਾਂ ਮੂਲਵਾਸੀ ਲੋਕਾਂ ‘ਤੇ ਵੀ, ਜਿਨ੍ਹਾਂ ਨੇ ਵੱਡੀਆਂ ਲੜਾਈਆਂ ਵਿੱਚ ਜਰਨੈਲਾਂ ਵਜੋਂ ਸੇਵਾ ਕੀਤੀ ਸੀ।

ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਕੈਨੇਡਾ ਨੇ ਆਪਣੀ ਵਧਦੀ ਤਾਕਤ ਅਤੇ ਪ੍ਰਭਾਵ ਦੇ ਜਵਾਬ ਵਿੱਚ ਇੱਕ ਵਾਰ ਫਿਰ ਅਮਰੀਕਾ ਨਾਲ ਜੰਗ ਦੀ ਸੰਭਾਵਨਾ ‘ਤੇ ਵਿਚਾਰ ਕੀਤਾ।

ਇਸ ਨੇ ਇੱਕ ਯੋਜਨਾ ਤਿਆਰ ਕੀਤੀ, ਜਿਸ ਨੂੰ ਕੈਨੇਡੀਅਨ ਫ਼ੌਜ ਦੇ ਜਰਨੈਲਾਂ ਵੱਲੋਂ ਸਰਹੱਦੀ ਸ਼ਹਿਰਾਂ ਦੀਆਂ ਕੀਤੀਆਂ ਗੁਪਤ ਯਾਤਰਾਵਾਂ ਤੋਂ ਜਾਣਕਾਰੀ ਮਿਲੀ ਸੀ। ਉਹ ਸੈਲਾਨੀਆਂ ਦਾ ਭੇਸ ਬਣਾ ਕੇ ਜਾਂਦੇ ਅਤੇ ਖ਼ੁਫ਼ੀਆ ਜਾਣਕਾਰੀ ਲਈ ਪੁਲਾਂ ਅਤੇ ਹਾਈਵੇਅ ਦੀਆਂ ਤਸਵੀਰਾਂ ਖਿੱਚਦੇ ਸਨ।

ਉਹ ਸਥਾਨਕ ਵਸਨੀਕਾਂ ਨਾਲ ਵੀ ਗੱਲ ਕਰਦੇ ਸਨ ਤਾਂ ਜੋ ਆਪਣੇ ਦੁਸ਼ਮਣ ਨੂੰ ਬਿਹਤਰ ਢੰਗ ਨਾਲ ਸਮਝ ਸਕਣ।

ਕੈਨੇਡੀਅਨ ਵਾਰ ਮਿਊਜ਼ੀਅਮ ਦੇ ਖੋਜਕਾਰ ਐਂਡਰਿਊ ਬਰਚ ਨੇ ਕਿਹਾ ਕਿ ਉਸ ਸਮੇਂ ਵੀ ਜੰਗ ਦੀ ਸੰਭਾਵਨਾ ਬਹੁਤ ਘੱਟ ਸੀ, ਪਰ ਕੈਨੇਡੀਅਨ ਫਿਰ ਵੀ ਤਿਆਰ ਰਹਿਣਾ ਚਾਹੁੰਦੇ ਸਨ।

ਉਨ੍ਹਾਂ ਕਿਹਾ, “ਇਹ ਉਨ੍ਹਾਂ ਕੰਮਾਂ ਦਾ ਹਿੱਸਾ ਹੈ ਜੋ ਫ਼ੌਜਾਂ ਕਰਦੀਆਂ ਹਨ। ਉਹ ਹਰ ਤਰ੍ਹਾਂ ਦੀਆਂ ਵੱਖ-ਵੱਖ ਸਥਿਤੀਆਂ ਦੀ ਕਲਪਨਾ ਕਰਦੀਆਂ ਹਨ।”

ਅਮਰੀਕਾ ਦਾ ਹਮਲਾ ਕਿਹੋ ਜਿਹਾ ਹੋ ਸਕਦਾ ਹੈ

ਅਮਰੀਕਾ ਅਤੇ ਕੈਨੇਡਾ

ਭਾਵੇਂ ਅਮਰੀਕਾ ਵੱਲੋਂ ਹਮਲਾ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ, ਪਰ ਕਨੈਕਟੀਕਟ ਦੀ ਯੂਨੀਵਰਸਿਟੀ ਆਫ਼ ਨਿਊ ਹੈਵਨ ਵਿੱਚ ਰਾਸ਼ਟਰੀ ਸੁਰੱਖਿਆ ਦੇ ਐਸੋਸੀਏਟ ਪ੍ਰੋਫੈਸਰ ਮੈਥਿਊ ਸ਼ਮਿਟ ਨੇ ਕਿਹਾ ਕਿ ਕੈਨੇਡੀਅਨਾਂ ਦਾ ਤਿਆਰੀ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਵਿਸ਼ਵ ਵਿਵਸਥਾ ਕਿੰਨੀ ਵੱਡੀ ਤਰ੍ਹਾਂ ਬਦਲ ਗਈ ਹੈ।

ਉਨ੍ਹਾਂ ਕਿਹਾ ਕਿ ਕੈਨੇਡੀਅਨ ਆਗੂਆਂ ਨੂੰ ਇਸ ਬਾਰੇ ਮੁਸ਼ਕਲ ਸਵਾਲ ਜ਼ਰੂਰ ਪੁੱਛਣੇ ਪੈਣਗੇ ਕਿ ਉਹ ਅਮਰੀਕੀ ਫ਼ੌਜ ਨਾਲ ਕਿੰਨੀ ਨੇੜਿਓਂ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ। ਇਹ ਅਜਿਹੀ ਸਾਂਝੇਦਾਰੀ ਹੈ ਜੋ ਉਨ੍ਹਾਂ ਨੂੰ ਕੀਮਤੀ ਜਾਣਕਾਰੀ ਦਿੰਦੀ ਹੈ, ਜੇ ਉਹ ਕਿਸੇ ਵੀ ਤਰੀਕੇ ਨਾਲ ਕੈਨੇਡਾ ਨੂੰ ਨੁਕਸਾਨ ਪਹੁੰਚਾਉਣਾ ਚਾਹੁਣ।

ਉਨ੍ਹਾਂ ਕਿਹਾ, “ਇਹ ਅਸਲ ਵਿੱਚ ਸੰਯੁਕਤ ਰਾਜ ਅਮਰੀਕਾ ਨਾਲ ਸਬੰਧਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਇਸ ਵਿੱਚ ਇੱਕ ਹੱਦ ਤੱਕ ਜਾਇਜ਼ ਡਰ ਵੀ ਹੈ।”

ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਅਮਰੀਕੀ ਲੋਕ ਟਰੰਪ ਦੀਆਂ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਵਾਲੀਆਂ ਟਿੱਪਣੀਆਂ ਨੂੰ ਗੰਭੀਰਤਾ ਨਾਲ ਨਾ ਲੈਣ, ਪਰ ਕੈਨੇਡੀਅਨ ਸਪੱਸ਼ਟ ਤੌਰ ‘ਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਲੋੜ ਪੈਣ ‘ਤੇ ਆਪਣੀ ਰੱਖਿਆ ਕਰਨ ਲਈ ਤਿਆਰ ਹਨ।

ਤਾਂ ਜੇਕਰ ਅਜਿਹਾ ਹੋਵੇ ਤਾਂ ਇਹ ਕਿਹੋ ਜਿਹਾ ਹੋਵੇਗਾ?

ਜੰਗ ਦਾ ਪਹਿਲਾ ਪੜਾਅ ਕਾਫ਼ੀ ਛੋਟਾ ਹੋ ਸਕਦਾ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਅਖ਼ਬਾਰ ਗਲੋਬ ਐਂਡ ਮੇਲ ਵੱਲੋਂ ਰਿਪੋਰਟ ਕੀਤੇ ਗਏ ਕੈਨੇਡੀਅਨ ਫ਼ੌਜ ਵੱਲੋਂ ਵਰਤੇ ਜਾਂਦੇ ਮਾਡਲ ਮੁਤਾਬਕ, ਅਮਰੀਕਾ ਦੇ ਹਮਲੇ ਦੀ ਸਥਿਤੀ ਵਿੱਚ ਕੈਨੇਡਾ ਦੇ ਰਣਨੀਤਕ ਟਿਕਾਣਿਆਂ ‘ਤੇ ਇੱਕ ਹਫ਼ਤੇ ਦੇ ਅੰਦਰ ਕਬਜ਼ਾ ਹੋ ਸਕਦਾ ਹੈ।

ਕੈਨੇਡਾ ਦੀ ਫ਼ੌਜ ਦੀ ਗਿਣਤੀ ਤੇਜ਼ੀ ਨਾਲ ਘੱਟ ਪੈ ਜਾਵੇਗੀ, ਜਿਸ ਕਾਰਨ ਕੈਨੇਡੀਅਨ ਫ਼ੌਜਾਂ ਨੂੰ ਆਪਣੇ ਦੁਸ਼ਮਣ ਨੂੰ ਰੋਕਣ ਦੀ ਕੋਸ਼ਿਸ਼ ਲਈ ਗੁਰੀਲਾ ਕਿਸਮ ਦੀ ਜੰਗ ਦਾ ਸਹਾਰਾ ਲੈਣਾ ਪਵੇਗਾ।

ਅਖ਼ਬਾਰ ਨੇ ਜਨਵਰੀ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਕੀਤਾ ਸੀ ਕਿ ਫਰਾਂਸ ਅਤੇ ਬ੍ਰਿਟੇਨ ਵਰਗੇ ਸਹਿਯੋਗੀ ਦੇਸ਼ਾਂ ਨੂੰ ਕੈਨੇਡਾ ਲਈ ਸਹਾਇਤਾ ਅਤੇ ਰੱਖਿਆ ਮੁਹੱਈਆ ਕਰਵਾਉਣ ਲਈ ਸੱਦਾ ਦਿੱਤਾ ਜਾਵੇਗਾ।

ਮੰਨਿਆ ਜਾਂਦਾ ਹੈ ਕਿ ਇਹ ਸਿਧਾਂਤਕ ਮਾਡਲ ਇੱਕ ਸਦੀ ਵਿੱਚ ਪਹਿਲੀ ਵਾਰ ਹੈ ਜਦੋਂ ਕੈਨੇਡਾ ਨੇ ਅਮਰੀਕੀ ਹਮਲੇ ਲਈ ਯੋਜਨਾ ਬਣਾਈ ਹੈ।

ਕੋਟਸ ਨੇ ਕਿਹਾ ਕਿ ਇਹ ਮਾਡਲਿੰਗ ਫ਼ੌਜੀ ਜੰਗੀ ਯੋਜਨਾਬੰਦੀ ਦੇ ਹਲਕੇ ਪੱਧਰ ‘ਤੇ ਹੈ।

ਉਨ੍ਹਾਂ ਕਿਹਾ ਕਿ ਕੈਨੇਡਾ, ਆਪਣੇ ਨਾਟੋ ਸਹਿਯੋਗੀਆਂ ਦੇ ਉਲਟ, ਕਿਸੇ ਵੀ ਜ਼ਮੀਨੀ ਹਮਲੇ ਦੀ ਸਥਿਤੀ ਵਿੱਚ ਜਵਾਬੀ ਯੋਜਨਾ ਤਿਆਰ ਰੱਖਣ ਦੇ ਮਾਮਲੇ ਵਿੱਚ ਪਿੱਛੇ ਰਹਿ ਗਿਆ ਸੀ ਅਤੇ ਹੁਣ ਅਣਪੇਖਿਆ ਭੂ-ਰਾਜਨੀਤਕ ਦੌਰ ਵਿੱਚ ਇਸ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਦਾ ਇੱਕ ਹਿੱਸਾ ਕੈਨੇਡਾ ਦੇ ਰੱਖਿਆ ਮੁਖੀ ਵੱਲੋਂ ਹਾਲ ਹੀ ਵਿੱਚ ਆਪਣੀ ਫ਼ੌਜ ਦਾ ਆਕਾਰ ਕਾਫ਼ੀ ਵਧਾਉਣ ਦੀ ਕੀਤੀ ਗਈ ਅਪੀਲ ਤੋਂ ਸਪੱਸ਼ਟ ਹੁੰਦਾ ਹੈ, ਜਿਸ ਵਿੱਚ 3,00,000 ਤੱਕ ਘੱਟ ਸਿਖਲਾਈ ਪ੍ਰਾਪਤ ਨਾਗਰਿਕ ਸੈਨਿਕਾਂ ਨੂੰ ਸ਼ਾਮਲ ਕਰਨਾ ਵੀ ਸ਼ਾਮਲ ਹੈ।

ਮਾਰਕ ਕਾਰਨੀ ਅਤੇ ਡੌਨਲਡ ਟਰੰਪ

ਅਮਰੀਕਾ ਦੇ ਨਜ਼ਰੀਏ ਤੋਂ ਵੀ ਕੈਨੇਡਾ ‘ਤੇ ਹਮਲਾ ਕਰਨਾ ਸ਼ਾਇਦ ਇੰਨਾ ਸੌਖਾ ਨਾ ਹੋਵੇ।

ਸ਼ਮਿਟ ਨੇ ਕਿਹਾ ਕਿ ਆਪਣੀ ਬਹੁਤ ਵੱਡੀ ਫ਼ੌਜ ਦੇ ਬਾਵਜੂਦ, ਅਮਰੀਕਾ ਲਈ ਕੈਨੇਡਾ ਨਾਲ ਜੰਗ ਲਈ ਸਮਰਥਨ ਹਾਸਲ ਕਰਨਾ ਮੁਸ਼ਕਲ ਹੋਵੇਗਾ।

ਉਨ੍ਹਾਂ ਕਿਹਾ, “ਮੇਰਾ ਮੰਨਣਾ ਹੈ ਕਿ ਜੇ ਕੈਨੇਡਾ ‘ਤੇ ਹਮਲਾ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਵੱਡੀ ਗਿਣਤੀ ਵਿੱਚ ਅਮਰੀਕੀ ਅਧਿਕਾਰੀ ਅਸਤੀਫ਼ਾ ਦੇ ਦੇਣਗੇ।”

“ਉਹ ਇਸ ਨੂੰ ਗ਼ੈਰ-ਕਾਨੂੰਨੀ ਅਤੇ ਅਨੈਤਿਕ ਹੁਕਮ ਵਜੋਂ ਦੇਖਣਗੇ।”

ਸ਼ਮਿਟ ਨੇ ਕਿਹਾ ਕਿ ਕੈਨੇਡੀਅਨ ਸੈਨਿਕ ਅਤੇ ਅਮਰੀਕੀ ਸੈਨਿਕ ਨਿਯਮਿਤ ਤੌਰ ‘ਤੇ ਇਕੱਠੇ ਸਿਖਲਾਈ ਲੈਂਦੇ ਹਨ ਅਤੇ ਇੱਕ-ਦੂਜੇ ਦਾ ਆਪਸੀ ਸਨਮਾਨ ਕਰਦੇ ਹਨ।

ਪਰ ਜੇਕਰ ਸਬੰਧ ਵਿਗੜ ਕੇ ਲੜਾਈ ਦੀ ਸਥਿਤੀ ਤੱਕ ਪਹੁੰਚਣ ਦੀ ਬਹੁਤ ਘੱਟ ਸੰਭਾਵਨਾ ਵਾਲੀ ਸਥਿਤੀ ਬਣਦੀ ਹੈ, ਤਾਂ ਸ਼ਮਿਟ ਨੇ ਕਿਹਾ ਕਿ ਅਮਰੀਕਾ ਸੰਭਾਵਤ ਤੌਰ ‘ਤੇ ਤੇਲ ਅਤੇ ਖਣਿਜਾਂ ਵਰਗੇ ਕੀਮਤੀ ਕੈਨੇਡੀਅਨ ਸਰੋਤਾਂ ‘ਤੇ ਕਬਜ਼ਾ ਕਰਨ ਅਤੇ ਰਾਜਨੀਤਿਕ ਲੀਡਰਸ਼ਿਪ ਨੂੰ ਹਟਾਉਣ ‘ਤੇ ਧਿਆਨ ਕੇਂਦਰਿਤ ਕਰੇਗਾ।

ਉਨ੍ਹਾਂ ਕਿਹਾ, “ਤੁਸੀਂ ਸ਼ਾਇਦ ਅਜਿਹੀ ਕਾਰਵਾਈ ਦੇਖੋਗੇ, ਜੋ ਕੁਝ ਹੱਦ ਤੱਕ ਵੈਨੇਜ਼ੁਏਲਾ ਵਿੱਚ ਦੇਖੀ ਗਈ ਕਾਰਵਾਈ ਵਰਗੀ ਹੋਵੇਗੀ,” ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਾਬਕਾ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਗਈ ਅਮਰੀਕੀ ਫ਼ੌਜੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ।

ਭਾਵੇਂ ਉਨ੍ਹਾਂ ਨੇ ਮੰਨਿਆ ਕਿ ਅਮਰੀਕਾ ਕੋਲ ਵਧੇਰੇ ਫ਼ੌਜੀ ਸਮਰੱਥਾ ਹੈ, ਪਰ ਉਨ੍ਹਾਂ ਕਿਹਾ ਕਿ “ਬਰਾਬਰ ਪੱਧਰ ‘ਤੇ” ਕੈਨੇਡੀਅਨ ਸੈਨਿਕ ਮੁਕਾਬਲਾ ਕਰਨ ਦੇ ਯੋਗ ਹੋਣਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI