Source :- BBC PUNJABI

“ਕੋਈ ਇਹ ਪਾਣੀ ਦੇਖ ਲਵੇ ਤਾਂ ਗੁੱਸੇ ‘ਚ ਆ ਜਾਵੇ ਪਰ ਸਾਡੇ ਨਿੱਕੇ-ਨਿੱਕੇ ਬੱਚੇ ਵੀ ਇਹੀ ਪਾਣੀ ਪੀਣ ਲਈ ਮਜਬੂਰ ਹਨ। ਜਿਸ ‘ਤੇ ਗੁਜ਼ਰਦੀ ਹੈ, ਉਹੀ ਦਰਦ ਸਮਝਦਾ ਹੈ।”
ਹਰਿਆਣਾ ਦੇ ਹਾਂਸੀ ਜ਼ਿਲ੍ਹੇ ਦੇ ਚਨੌਤ ਪਿੰਡ ਦੇ ਨਵੀਨ ਦੇਵੀ ਜਦੋਂ ਇਹ ਕਹਿੰਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਵਿੱਚ ਗੁੱਸਾ ਨਹੀਂ ਸਗੋਂ ਲੰਬੇ ਇੰਤਜ਼ਾਰ ਤੋਂ ਪੈਦਾ ਹੋਈ ਥਕਾਵਟ ਹੈ।
ਇਸ ਪਿੰਡ ਦੇ ਲੋਕ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਘਰਾਂ ‘ਚ ਆਉਣ ਵਾਲਾ ਪਾਣੀ ਪੀਣ ਯੋਗ ਨਹੀਂ ਹੈ।
ਕਈ ਪਰਿਵਾਰ ਹੁਣ ਬਾਜ਼ਾਰ ਤੋਂ ਪਾਣੀ ਖਰੀਦਣ ਜਾਂ ਟੈਂਕਰਾਂ ‘ਤੇ ਨਿਰਭਰ ਰਹਿਣ ਲਈ ਮਜਬੂਰ ਹਨ। ਜਦੋਂਕਿ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਉਹੀ ਪਾਣੀ ਪੀ ਰਹੇ ਹਨ।
ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਈ ਵਾਰ ਸਥਾਨਕ ਪ੍ਰਸ਼ਾਸਨ ਅਤੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਕੋਲ ਇਹ ਮੁੱਦਾ ਚੁੱਕਿਆ ਪਰ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ।
ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਜਦੋਂ ਹਾਲਾਤ ਨਹੀਂ ਬਦਲੇ ਤਾਂ 16 ਮਈ ਤੋਂ ਪਿੰਡ ਵਾਸੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੀ ਮੰਗ ਹੈ ਕਿ ਹਾਂਸੀ ਸ਼ਹਿਰ ਲਈ ਵਿਛਾਈ ਜਾ ਰਹੀ 36 ਇੰਚ ਦੀ ਭਾਖੜਾ ਪਾਈਪਲਾਈਨ ਤੋਂ ਚਨੌਤ ਪਿੰਡ ਨੂੰ ਇੱਕ ‘ਟੀ-ਕਨੈਕਸ਼ਨ’ ਦਿੱਤਾ ਜਾਵੇ।
ਟੀ-ਕਨੈਕਸ਼ਨ ਯਾਨੀ ਮੁੱਖ ਪਾਈਪਲਾਈਨ ਨਾਲ ਇੱਕ ਵਾਧੂ ਜੋੜ, ਜਿਸ ਰਾਹੀਂ ਉਸੇ ਲਾਈਨ ਤੋਂ ਦੂਜੇ ਇਲਾਕੇ ਤੱਕ ਪਾਣੀ ਪਹੁੰਚਾਇਆ ਜਾ ਸਕਦਾ ਹੈ।
ਕੇਂਦਰ ਸਰਕਾਰ ਦੀ ਅੰਮ੍ਰਿਤ 2.0 ਯੋਜਨਾ ਤਹਿਤ ਰਾਜਲੀ ਸਥਿਤ ਭਾਖੜਾ ਨਹਿਰ ਤੋਂ ਹਾਂਸੀ ਸ਼ਹਿਰ ਤੱਕ ਲਗਭਗ 27 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾ ਰਹੀ ਹੈ। ਇਹ ਚਨੌਤ ਪਿੰਡ ਦੇ ਨੇੜਿਓਂ ਗੁਜ਼ਰਦੀ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਇਸੇ ਲਾਈਨ ਨਾਲ ਉਨ੍ਹਾਂ ਦੇ ਪਿੰਡ ਨੂੰ ਜੋੜ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕਦਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵੱਡੀ ਪਾਈਪਲਾਈਨ ਹੋਣ ਨਾਲ ਉਸ ਦੀ ਦੇਖਭਾਲ ਬਿਹਤਰ ਹੋਵੇਗੀ ਅਤੇ ਰਸਤੇ ਵਿੱਚ ਗੈਰ-ਕਾਨੂੰਨੀ ਕਨੈਕਸ਼ਨ ਹੋਣ ਦੀ ਸੰਭਾਵਨਾ ਵੀ ਘੱਟ ਰਹੇਗੀ।
ਪ੍ਰਸ਼ਾਸਨ ਪਿੰਡ ਵਾਸੀਆਂ ਦੀ ਮੰਗ ਕਿਉਂ ਨਹੀਂ ਮੰਨ ਰਿਹਾ ?

ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਪਾਈਪਲਾਈਨ ਅੰਮ੍ਰਿਤ 2.0 ਯੋਜਨਾ ਤਹਿਤ ਸ਼ਹਿਰ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਬਣਾਈ ਜਾ ਰਹੀ ਹੈ। ਅਜਿਹੇ ‘ਚ ਇਸ ਨੂੰ ਸਿੱਧਾ ਕਿਸੇ ਪਿੰਡ ਨਾਲ ਜੋੜਨਾ ਯੋਜਨਾ ਦੇ ਨਿਯਮਾਂ ਮੁਤਾਬਕ ਨਹੀਂ ਹੈ।
ਬੀਬੀਸੀ ਨਾਲ ਗੱਲਬਾਤ ‘ਚ ਹਾਂਸੀ ਦੇ ਐੱਸਡੀਐੱਮ ਡਾ. ਰਾਜੇਸ਼ ਖੋਥ ਕਹਿੰਦੇ ਹਨ, “ਅੰਮ੍ਰਿਤ ਸਕੀਮ ਤਹਿਤ ਰਾਜਲੀ ਹੈੱਡ ਤੋਂ ਹਾਂਸੀ ਸ਼ਹਿਰ ਤੱਕ ਲਗਭਗ 27 ਕਿਲੋਮੀਟਰ ਲੰਬੀ ਅਤੇ ਇੱਕ ਮੀਟਰ ਵਿਆਸ ਵਾਲੀ ਪਾਈਪਲਾਈਨ ਵਿਛਾਈ ਜਾ ਰਹੀ ਹੈ। ਇਸ ਦਾ ਮਕਸਦ ਸ਼ਹਿਰਾਂ ਵਿੱਚ ਪਾਣੀ ਦੀ ਕਮੀ ਦੂਰ ਕਰਨਾ ਹੈ।”
“ਚਨੌਤ ਪਿੰਡ ਦੇ ਲੋਕਾਂ ਨੇ ਇਸੇ ਲਾਈਨ ਤੋਂ ਪਾਣੀ ਦੇਣ ਦੀ ਮੰਗ ਕੀਤੀ ਹੈ ਪਰ ਅੰਮ੍ਰਿਤ ਸਕੀਮ 2.0 ਦੇ ਨਿਯਮਾਂ ਅਨੁਸਾਰ ਇਹ ਕਾਨੂੰਨੀ ਤੌਰ ‘ਤੇ ਸੰਭਵ ਨਹੀਂ ਹੈ। ਜੇ ਅਜਿਹਾ ਕਰਨ ਦੀ ਲੋੜ ਹੀ ਪੈ ਜਾਵੇ ਤਾਂ ਤੈਅ ਪ੍ਰਕਿਰਿਆ ਨਾਲ ਜਾਣਾ ਹੋਵੇਗਾ। ਇਸ ਤੋਂ ਇਲਾਵਾ ਇੰਨੀ ਮੋਟੀ ਪਾਈਪ ਨੂੰ ਸਿੱਧਾ ਛੇਦਣਾ ਵੀ ਸਹੀ ਨਹੀਂ ਹੈ।”
ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਚਨੌਤ ਪਿੰਡ ਨੂੰ ਹਰ ਰੋਜ਼ ਲਗਭਗ ਪੰਜ ਲੱਖ ਲੀਟਰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਨਾਲ ਹੀ ਪਿੰਡ ਲਈ ਕਰੀਬ ਚਾਰ ਕਿਲੋਮੀਟਰ ਲੰਬੀ ਵੱਖਰੀ ਪਾਈਪਲਾਈਨ ‘ਤੇ ਵੀ ਕੰਮ ਸ਼ੁਰੂ ਹੋ ਚੁੱਕਾ ਹੈ। ਮੌਜੂਦਾ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਲਗਭਗ 7.5 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ।
ਹਾਲਾਂਕਿ, ਦੋਹਾਂ ਪੱਖਾਂ ਦੇ ਦਾਅਵਿਆਂ ਵਿਚਾਲੇ ਇੱਕ ਸਵਾਲ ਅਜੇ ਵੀ ਕਾਇਮ ਹੈ। ਜੇ ਪ੍ਰਸ਼ਾਸਨ ਮੁਤਾਬਕ ਪਿੰਡ ਨੂੰ ਸਾਫ਼ ਪਾਣੀ ਮਿਲ ਰਿਹਾ ਹੈ ਤਾਂ ਪਿੰਡ ਵਾਸੀ ਲਗਾਤਾਰ ਇਸ ਦੀ ਗੁਣਵੱਤਾ ਅਤੇ ਉਪਲੱਬਧਤਾ ‘ਤੇ ਸਵਾਲ ਕਿਉਂ ਚੁੱਕ ਰਹੇ ਹਨ?

ਬੀਬੀਸੀ ਸੁਤੰਤਰ ਤੌਰ ‘ਤੇ ਇਹ ਪੁਸ਼ਟੀ ਨਹੀਂ ਕਰ ਸਕਿਆ ਕਿ ਪਿੰਡ ਵਿੱਚ ਪਹੁੰਚ ਰਿਹਾ ਪਾਣੀ ਨਿਰਧਾਰਤ ਮਿਆਰਾਂ ਅਨੁਸਾਰ ਹੈ ਜਾਂ ਨਹੀਂ।
ਇਸ ਸਬੰਧੀ ਅਸੀਂ ਪਬਲਿਕ ਹੈਲਥ ਇੰਜੀਨੀਅਰਿੰਗ ਵਿਭਾਗ ਦੇ ਐਗਜ਼ੀਕਿਊਟਿਵ ਇੰਜੀਨੀਅਰ ਸੰਜੀਵ ਤਿਆਗੀ ਨਾਲ ਵੀ ਫ਼ੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।
ਪ੍ਰਸ਼ਾਸਨਿਕ ਅਧਿਕਾਰੀ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਪਿੰਡ ਵਿੱਚ ਪਾਣੀ ਦੀ ਬਿਲਕੁੱਲ ਵੀ ਕਮੀ ਨਹੀਂ ਹੈ। ਹਾਲਾਂਕਿ ਪਿੰਡ ਦੀ ਸਰਹੱਦ ‘ਤੇ ਪਹੁੰਚਦੇ ਹੀ ਵੱਖਰੀ ਤਸਵੀਰ ਦਿਖਾਈ ਦਿੰਦੀ ਹੈ।
ਧਰਨਾ ਸਥਾਨ ‘ਤੇ ਔਰਤਾਂ ਅਤੇ ਮਰਦ ਟੈਂਟ ਹੇਠਾਂ ਬੈਠੇ ਸਨ। ਨੇੜੇ ਹੀ ਕੁਝ ਬੋਤਲਾਂ ਵਿੱਚ ਪਾਣੀ ਰੱਖਿਆ ਹੋਇਆ ਸੀ, ਜਿਸ ਦੇ ਤਲ ਵਿੱਚ ਸਾਫ਼ ਤੌਰ ‘ਤੇ ਦੂਸ਼ਿਤ ਕਣ ਦਿਖਾਈ ਦੇ ਰਹੇ ਸਨ। ਇਸੇ ਨੂੰ ਲੈ ਕੇ ਚਨੌਤ ਦੇ ਲੋਕ ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਧਰਨੇ ‘ਤੇ ਬੈਠੇ ਹਨ।
ਸਾਲਾਂ ਪੁਰਾਣੀ ਹੈ ਪਾਣੀ ਦੀ ਸਮੱਸਿਆ
ਤਸਵੀਰ ਸਰੋਤ, Getty Images
ਬੀਬੀਸੀ ਜਦੋਂ ਪ੍ਰਦਰਸ਼ਨ ਸਥਾਨ ‘ਤੇ ਪਹੁੰਚਿਆ ਤਾਂ ਤੇਜ਼ ਧੁੱਪ ਦੇ ਬਾਵਜੂਦ ਸੈਂਕੜੇ ਲੋਕ ਮੌਜੂਦ ਸਨ।
ਉੱਥੇ ਬੈਠੇ ਨਵੀਨ ਦੇਵੀ ਕਹਿੰਦੇ ਹਨ, “ਇੱਕ ਤਾਂ ਇੱਥੇ ਕਈ-ਕਈ ਦਿਨਾਂ ਤੱਕ ਪਾਣੀ ਨਹੀਂ ਆਉਂਦਾ ਅਤੇ ਜਦੋਂ ਆਉਂਦਾ ਵੀ ਹੈ ਤਾਂ ਉਸ ਦਾ ਰੰਗ ਕਾਲਾ ਹੁੰਦਾ ਹੈ। ਅਸੀਂ ਉਸ ਦੀ ਵਰਤੋਂ ਕੱਪੜੇ ਧੋਣ ਅਤੇ ਸਫ਼ਾਈ ਵਰਗੇ ਕੰਮਾਂ ਲਈ ਕਰਦੇ ਹਾਂ, ਪੀਣ ਜਾਂ ਖਾਣਾ ਬਣਾਉਣ ਲਈ ਨਹੀਂ ਕਰਦੇ। ਪਰ ਕਈ ਵਾਰ ਮਜਬੂਰੀ ਵਿੱਚ ਆਪਣੇ ਬੱਚਿਆਂ ਨੂੰ ਵੀ ਇਹੀ ਪਾਣੀ ਪਿਲਾਉਣਾ ਪੈਂਦਾ ਹੈ।”
ਉਹ ਕਹਿੰਦੇ ਹਨ, “ਪਿੰਡ ਵਿੱਚ ਪੀਣ ਵਾਲੇ ਪਾਣੀ ਲਈ ਟੈਂਕਰ ਮੰਗਵਾਉਣਾ ਪੈਂਦਾ ਹੈ। ਪੰਜ ਤੋਂ ਸੱਤ ਪਰਿਵਾਰ ਮਿਲ ਕੇ ਇੱਕ ਟੈਂਕਰ ਮੰਗਵਾਉਂਦੇ ਹਨ। ਕੁਝ ਲੋਕ ਨੇੜਲੇ ਖਰਖੜੀ ਪਿੰਡ ਦੀ ਨਹਿਰ ਤੋਂ ਪਾਣੀ ਲਿਆਉਂਦੇ ਹਨ। ਜਿਨ੍ਹਾਂ ਕੋਲ ਪੈਸੇ ਹਨ, ਉਹ ਬਾਜ਼ਾਰ ਤੋਂ ਪਾਣੀ ਦੀ ਬੋਤਲ ਖਰੀਦ ਲੈਂਦੇ ਹਨ।”
“ਸਵੇਰੇ-ਸਵੇਰੇ ਪਿੰਡ ਦੇ ਬੱਚੇ ਅਤੇ ਵੱਡੇ ਸਿਰਫ਼ ਪੀਣ ਦਾ ਪਾਣੀ ਇਕੱਠਾ ਕਰਨ ‘ਚ ਲੱਗੇ ਰਹਿੰਦੇ ਹਨ। ਇਸ ਵਿੱਚ ਕਈ ਘੰਟੇ ਲੱਗ ਜਾਂਦੇ ਹਨ। ਇਹ ਸਥਿਤੀ ਕਈ ਸਾਲਾਂ ਤੋਂ ਬਣੀ ਹੋਈ ਹੈ।”

ਨਵੀਨ ਦੇਵੀ ਕਹਿੰਦੇ ਹਨ, “ਜਦੋਂ ਟੀ-ਕਨੈਕਸ਼ਨ ਲੱਗਿਆ ਸੀ ਤਾਂ ਪੂਰੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਸੀ। ਲੋਕਾਂ ਨੂੰ ਲੱਗਿਆ ਕਿ ਹੁਣ ਪੀਣ ਵਾਲੇ ਪਾਣੀ ਲਈ ਰੋਜ਼ ਦੀ ਭੱਜਦੌੜ ਖ਼ਤਮ ਹੋ ਜਾਵੇਗੀ ਪਰ ਅਗਲੇ ਹੀ ਦਿਨ ਇਸ ਨੂੰ ਹਟਾ ਦਿੱਤਾ ਗਿਆ।”
ਪਿੰਡ ਵਾਸੀਆਂ ਮੁਤਾਬਕ, ਲਗਭਗ ਸੱਤ ਹਜ਼ਾਰ ਦੀ ਆਬਾਦੀ ਵਾਲੇ ਚਨੌਤ ਪਿੰਡ ‘ਚ ਫਿਲਹਾਲ ਜੋ ਪੀਣ ਵਾਲਾ ਪਾਣੀ ਪਹੁੰਚ ਰਿਹਾ ਹੈ, ਉਹ ਤਿੰਨ ਪਿੰਡਾਂ ਵਿੱਚ ਸਾਂਝਾ ਹੁੰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਖਰਖੜੀ ਪਿੰਡ ਨੇੜੇ ਬਾਲਸਮੰਦ ਨਹਿਰ ਤੋਂ ਚਨੌਤ ਤੱਕ ਪਹੁੰਚਦਾ ਹੈ ਅਤੇ ਪਿੰਡ ਵਿੱਚ ਹਰ ਪੰਜ ਦਿਨ ‘ਚ ਇੱਕ ਵਾਰ ਪਾਣੀ ਦੀ ਸਪਲਾਈ ਹੁੰਦੀ ਹੈ।
ਪਿੰਡ ਦੇ ਸਾਬਕਾ ਸਰਪੰਚ ਸੱਤਿਆਵਾਨ ਕਹਿੰਦੇ ਹਨ, “ਸਰਕਾਰ ਕਹਿ ਰਹੀ ਹੈ ਕਿ ਸਾਨੂੰ ਵੱਖਰੀ ਪਾਈਪਲਾਈਨ ਦੇ ਦੇਵੇਗੀ। ਪਰ ਸਾਡੀ ਦਿੱਕਤ ਇਹੀ ਹੈ ਕਿ ਵੱਖਰੀ ਪਾਈਪਲਾਈਨ ਵਿੱਚ ਫਿਰ ਉਹੀ ਪੁਰਾਣੀਆਂ ਦਿੱਕਤਾਂ ਹੋਣਗੀਆਂ। ਰਸਤੇ ਵਿੱਚ ਗੈਰ-ਕਾਨੂੰਨੀ ਕਨੈਕਸ਼ਨ ਲੱਗ ਜਾਂਦੇ ਹਨ, ਪਾਣੀ ਦੀ ਚੋਰੀ ਹੁੰਦੀ ਹੈ ਅਤੇ ਪਾਣੀ ਦਾ ਦਬਾਅ ਘੱਟ ਹੋ ਜਾਂਦਾ ਹੈ। ਜੇ ਸਾਨੂੰ ਮੁੱਖ ਪਾਈਪਲਾਈਨ ਨਾਲ ਜੋੜ ਦਿੱਤਾ ਜਾਵੇ ਤਾਂ ਇਹ ਸਮੱਸਿਆ ਨਹੀਂ ਰਹੇਗੀ।”
ਅੰਦੋਲਨ ਨੂੰ ਹੋਰਨਾਂ ਪਿੰਡਾਂ ਦਾ ਵੀ ਸਮਰਥਨ

ਇਸ ਅੰਦੋਲਨ ਨੂੰ ਹੁਣ ਆਲੇ-ਦੁਆਲੇ ਦੇ ਪਿੰਡਾਂ ਦਾ ਵੀ ਸਮਰਥਨ ਮਿਲਣ ਲੱਗਾ ਹੈ।
ਸਰਬਜਾਤੀ ਰੋਘੀ ਖਾਪ ਦੇ ਪ੍ਰਧਾਨ ਸੁਮੇਰ ਸਿੰਘ ਜਾਗਲਾਨ ਕਹਿੰਦੇ ਹਨ, “ਪਾਣੀ ਦੀ ਸਮੱਸਿਆ ਸਿਰਫ਼ ਚਨੌਤ ਪਿੰਡ ਦੀ ਨਹੀਂ ਹੈ। ਸਾਡੇ ਨਾਲ ਰੋਘੀ ਖਾਪ ਦੇ 24 ਪਿੰਡ ਖੜ੍ਹੇ ਹਨ। ਅਸੀਂ ਇਸ ਨੂੰ ਰਾਜਨੀਤੀ ਦਾ ਮੁੱਦਾ ਨਹੀਂ, ਸਗੋਂ ਸਾਫ਼ ਪੀਣ ਵਾਲੇ ਪਾਣੀ ਦਾ ਸਵਾਲ ਮੰਨਦੇ ਹਾਂ।”
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਖਰੀ ਪਾਈਪਲਾਈਨ ਦੇਣ ਦੀ ਗੱਲ ਕਰ ਰਹੀ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਮੁੱਖ ਪਾਈਪਲਾਈਨ ਤੋਂ ਟੀ-ਕਨੈਕਸ਼ਨ ਹੀ ਪਿੰਡ ਦੀ ਸਮੱਸਿਆ ਦਾ ਸਥਾਈ ਹੱਲ ਹੈ।
ਇਸੇ ਵਿਚਾਲੇ ਪ੍ਰਦਰਸ਼ਨ ਤੇਜ਼ ਹੁੰਦਾ ਗਿਆ। ਜੂਨ ਦੇ ਦੂਜੇ ਪਖਵਾੜੇ ਤੱਕ ਧਰਨਾ ਇੱਕ ਮਹੀਨੇ ਤੋਂ ਜ਼ਿਆਦਾ ਲੰਬਾ ਹੋ ਚੁੱਕਿਆ ਸੀ ਅਤੇ ਪਿੰਡ ਦੇ ਕੁਝ ਲੋਕ ਭੁੱਖ ਹੜਤਾਲ ‘ਤੇ ਬੈਠ ਗਏ।
ਪ੍ਰਦਰਸ਼ਨ ‘ਚ ਸ਼ਾਮਿਲ ਵਿਸ਼ਾਖਾ ਚੌਧਰੀ ਦਾ ਦਾਅਵਾ ਹੈ ਕਿ ਇਸੇ ਦੌਰਾਨ ਇੱਕ ਵਿਅਕਤੀ ਪਿੰਡ ਪਹੁੰਚਿਆ, ਜਿਸ ਨੇ ਖੁਦ ਨੂੰ ਸਰਕਾਰ ਵੱਲੋਂ ਗੱਲਬਾਤ ਲਈ ਆਇਆ ਕਥਿਤ ਨੁਮਾਇੰਦਾ ਦੱਸਿਆ।
ਵਿਸ਼ਾਖਾ ਮੁਤਾਬਕ ਉਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਵਾਇਆ ਕਿ ਮੁੱਖ ਪਾਈਪਲਾਈਨ ‘ਤੇ ਟੀ-ਕਨੈਕਸ਼ਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਜਦੋਂਕਿ ਬਾਕੀ ਕਾਨੂੰਨੀ ਪ੍ਰਕਿਰਿਆ ਬਾਅਦ ‘ਚ ਪੂਰੀ ਕੀਤੀ ਜਾਵੇਗੀ।
ਵਿਸ਼ਾਖਾ ਕਹਿੰਦੇ ਹਨ, “ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਗੱਲ ‘ਤੇ ਭਰੋਸਾ ਕੀਤਾ। ਇਸ ਦੇ ਕੁਝ ਹੀ ਸਮੇਂ ਬਾਅਦ ਟੀ-ਕਨੈਕਸ਼ਨ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ। ਕਰੀਬ 10 ਘੰਟੇ ਤੱਕ ਕੰਮ ਚੱਲਿਆ। ਇਸ ਤੋਂ ਬਾਅਦ ਲੋਕਾਂ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ।”
ਬੀਬੀਸੀ ਕੋਲ ਟੀ-ਕਨੈਕਸ਼ਨ ਲਗਾਏ ਜਾਣ ਦਾ ਇੱਕ ਵੀਡੀਓ ਹੈ ਹਾਲਾਂਕਿ ਬੀਬੀਸੀ ਇਸ ਵੀਡੀਓ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰਦਾ।
ਟੀ-ਕਨੈਕਸ਼ਨ ਕਿਸ ਦੀ ਪਹਿਲ ‘ਤੇ ਲੱਗਿਆ, ਇਸ ਬਾਰੇ ਸਥਾਨਕ ਅਧਿਕਾਰੀਆਂ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ‘ਤੇ ਇਸ ਬਾਰੇ ਜਾਂਚ ਦੀ ਹੀ ਗੱਲ ਦੁਹਰਾਈ।
ਟੀ-ਕਨੈਕਸ਼ਨ ਤੋਂ ਬਾਅਦ ਕੀ ਹੋਇਆ ?
ਅਗਲੇ ਹੀ ਦਿਨ ਘਟਨਾਕ੍ਰਮ ਬਦਲ ਗਿਆ। ਪਾਈਪਲਾਈਨ ‘ਤੇ ਲਗਾਏ ਗਏ ਇਸ ਜੋੜ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਸਥਾਨਕ ਪ੍ਰਸ਼ਾਸਨ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਦਿੱਤੀ।
ਇਸ ਦੇ ਨਾਲ ਹੀ ਟੀ-ਕਨੈਕਸ਼ਨ ਹਟਾਉਣ ਦਾ ਫ਼ੈਸਲਾ ਵੀ ਲਿਆ ਗਿਆ।
ਪਿੰਡ ਵਾਸੀਆਂ ਮੁਤਾਬਕ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਵਿਰੋਧ ਕਰਨ ਲਈ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਵੀ ਕੀਤਾ।
ਤਸਵੀਰ ਸਰੋਤ, Getty Images
ਪੁਲਿਸ ਕਾਰਵਾਈ ‘ਤੇ ਦੋਵੇਂ ਪੱਖ ਕੀ ਕਹਿੰਦੇ ਹਨ ?
ਵਿਸ਼ਾਖਾ ਚੌਧਰੀ ਦਾ ਇਲਜ਼ਾਮ ਹੈ, “ਜਦੋਂ ਟੀ-ਕਨੈਕਸ਼ਨ ਲਗਾਇਆ ਜਾ ਰਿਹਾ ਸੀ ਤਾਂ ਕਿਸੇ ਅਧਿਕਾਰੀ ਨੇ ਉਸ ਨੂੰ ਨਹੀਂ ਰੋਕਿਆ, ਜਦੋਂਕਿ ਇਹ ਕੰਮ ਘੰਟਿਆਂ ਤੱਕ ਚੱਲਿਆ। ਜੇਕਰ ਕੁਝ ਗਲਤ ਹੈ ਤਾਂ ਉਸੇ ਸਮੇਂ ਦਖ਼ਲ ਦਿੱਤਾ ਜਾਣਾ ਚਾਹੀਦਾ ਸੀ ਪਰ ਉਦੋਂ ਕੰਮ ਹੋਣ ਦਿੱਤਾ ਗਿਆ।
ਅਗਲੇ ਹੀ ਦਿਨ ਇਸ ਨੂੰ ਗੈਰ-ਕਾਨੂੰਨੀ ਦੱਸ ਕੇ ਐੱਫਆਈਆਰ ਦਰਜ ਕਰ ਦਿੱਤੀ ਗਈ। ਰਾਤ ਨੂੰ ਪੁਲਿਸ ਟੀ-ਕਨੈਕਸ਼ਨ ਹਟਾਉਣ ਪਹੁੰਚੀ। ਅਸੀਂ ਸ਼ਾਂਤਮਈ ਢੰਗ ਨਾਲ ਉੱਥੇ ਵਿਰੋਧ ‘ਚ ਬੈਠੇ ਸੀ ਪਰ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਲਾਠੀਚਾਰਜ ਹੋਇਆ ਅਤੇ ਸਾਡੇ ਖ਼ਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤੇ ਗਏ।”
ਹਾਲਾਂਕਿ ਪੁਲਿਸ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅੰਦੋਲਨ ਦੌਰਾਨ ਕਾਨੂੰਨ-ਵਿਵਸਥਾ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਪੁਲਿਸ ‘ਤੇ ਪੱਥਰਾਅ ਕਰਨ ਦੇ ਇਲਜ਼ਾਮ ਵੀ ਸ਼ਾਮਿਲ ਹਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਹਾਂਸੀ ਦੇ ਐੱਸਪੀ ਵਿਨੋਦ ਕੁਮਾਰ ਕਹਿੰਦੇ ਹਨ, “ਸ਼ੁਰੂਆਤ ਤਾਂ ਪਾਣੀ ਨੂੰ ਲੈ ਕੇ ਹੀ ਹੋਈ ਸੀ। 16 ਮਈ ਨੂੰ ਲੋਕ ਬੱਸ ਸਟੈਂਡ ‘ਤੇ ਇਕੱਠੇ ਹੋਏ ਸਨ ਤਾਂ ਜੋ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਉਸ ਤੋਂ ਬਾਅਦ ਘਟਨਾਕ੍ਰਮ ਅੱਗੇ ਵੱਧਦਾ ਗਿਆ।”
ਉਨ੍ਹਾਂ ਨੇ ਕਿਹਾ, “ਜੂਨ ਵਿੱਚ ਸੜਕ ਜਾਮ ਕੀਤੀ ਗਈ ਸੀ ਅਤੇ ਬਿਜਲੀ ਦੇ ਖੰਭੇ ਵੀ ਤੋੜੇ ਗਏ ਸਨ, ਜਿਸ ਨਾਲ ਲਗਭਗ 90 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਉਸ ਵੇਲੇ ਡਿਊਟੀ ਮੈਜਿਸਟ੍ਰੇਟ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਇੱਕ ਹੋਰ ਘਟਨਾਕ੍ਰਮ ਹੋਇਆ। ਕੁਝ ਲੋਕਾਂ ਨੇ ਟੀ-ਕਨੈਕਸ਼ਨ ਲਗਾ ਦਿੱਤਾ। ਉਸ ਮਾਮਲੇ ਵਿੱਚ ਵੀ ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਹੋਇਆ।”

“ਇਸ ਤੋਂ ਬਾਅਦ 23 ਜੂਨ ਨੂੰ ਸਰਕਾਰ ਨੇ ਆਦੇਸ਼ ਦਿੱਤਾ ਕਿ ਗੈਰ-ਕਾਨੂੰਨੀ ਟੀ-ਕਨੈਕਸ਼ਨ ਹਟਾਇਆ ਜਾਵੇ। ਇਸ ਦੌਰਾਨ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਪੁਲਿਸ ਵੀ ਮੌਕੇ ‘ਤੇ ਗਈ ਸੀ। ਉਦੋਂ ਕੁਝ ਲੋਕਾਂ ਨੇ ਪੁਲਿਸ ‘ਤੇ ਪੱਥਰਾਅ ਕੀਤਾ। ਸਾਡੇ ਇੱਕ ਜਵਾਨ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਇਸ ਮਾਮਲੇ ਵਿੱਚ ਵੀ ਛੇ ਨਾਮਜ਼ਦ ਅਤੇ ਹੋਰ ਲੋਕਾਂ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।”
ਐੱਸਪੀ ਮੁਤਾਬਕ ਤਿੰਨ ਵੱਖ-ਵੱਖ ਐੱਫਆਈਆਰ ਵਿੱਚ ਬੀਐੱਨਐੱਸ ਦੀਆਂ ਕਈ ਧਾਰਾਵਾਂ ਲਗਾਈਆਂ ਗਈਆਂ ਹਨ। ਜੋ ਧਾਰਾਵਾਂ ਲੱਗੀਆਂ ਹਨ, ਉਨ੍ਹਾਂ ‘ਚ 109 ਵੀ ਸ਼ਾਮਿਲ ਹੈ, ਜੋ ਕਤਲ ਦੀ ਕੋਸ਼ਿਸ਼ ਨਾਲ ਸੰਬੰਧਿਤ ਹੈ।
ਪਾਣੀ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਅਜਿਹੀ ਗੰਭੀਰ ਧਾਰਾ ਕਿਉਂ ਲਗਾਈ ਗਈ ? ਇਸ ਸਵਾਲ ‘ਤੇ ਐੱਸਪੀ ਕਹਿੰਦੇ ਹਨ, “ਪਾਣੀ ਦੀ ਮੰਗ ਤਾਂ ਪਿੱਛੇ ਰਹਿ ਗਈ। ਲੋਕ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਲੱਗ ਗਏ। ਜੋ ਵੀ ਲੋਕ ਮੌਕੇ ‘ਤੇ ਸਨ, ਉਨ੍ਹਾਂ ਖਿਲਾਫ ਸਾਡੇ ਕੋਲ ਵੀਡੀਓ ਹਨ। ਉਨ੍ਹਾਂ ਦੇ ਆਧਾਰ ‘ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਜੋ ਮੌਕੇ ‘ਤੇ ਹੋਵੇਗਾ, ਉਸੇ ‘ਤੇ ਕਾਰਵਾਈ ਹੋਵੇਗੀ। ਜੋ ਨਹੀਂ ਹੋਵੇਗਾ, ਉਸ ‘ਤੇ ਨਹੀਂ ਹੋਵੇਗੀ। ਜਾਂਚ ਚੱਲ ਰਹੀ ਹੈ।”
ਫ਼ਿਲਹਾਲ ਚਨੌਤ ਪਿੰਡ ‘ਚ ਸਵਾਲ ਸਿਰਫ਼ ਪਾਣੀ ਦੀ ਉਪਲੱਬਧਤਾ ਦਾ ਨਹੀਂ ਬਲਕਿ ਇਸ ਗੱਲ ਦਾ ਵੀ ਹੈ ਕਿ ਉਸ ਦਾ ਹੱਲ ਕਿਸ ਤਰ੍ਹਾਂ ਨਿਕਲੇਗਾ। ਪ੍ਰਸ਼ਾਸਨ ਵੱਖਰੀ ਪਾਈਪਲਾਈਨ ਦੇਣ ਦੀ ਗੱਲ ਕਰ ਰਿਹਾ ਹੈ, ਜਦੋਂਕਿ ਪਿੰਡ ਵਾਸੀ ਮੁੱਖ ਪਾਈਪਲਾਈਨ ਨਾਲ ਜੋੜਨ ਦੀ ਆਪਣੀ ਮੰਗ ਛੱਡਣ ਨੂੰ ਤਿਆਰ ਨਹੀਂ ਹਨ।
ਐੱਸਡੀਐੱਮ ਮੁਤਾਬਕ, ਸਥਾਨਕ ਅਧਿਕਾਰੀਆਂ ਤੋਂ ਲੈ ਕੇ ਜਨ ਪ੍ਰਤੀਨਿਧੀਆਂ ਤੱਕ ਹੁਣ ਤੱਕ 8 ਤੋਂ 10 ਰਾਊਂਡ ਦੀ ਗੱਲਬਾਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਦੋਵੇਂ ਪੱਖ ਕਿਸੇ ਸਾਂਝੇ ਹੱਲ ‘ਤੇ ਨਹੀਂ ਪਹੁੰਚ ਸਕੇ ਹਨ। 16 ਮਈ ਤੋਂ ਸ਼ੁਰੂ ਹੋਇਆ ਅੰਦੋਲਨ ਅਜੇ ਵੀ ਜਾਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




