Source :- BBC PUNJABI

ਤਸਵੀਰ ਸਰੋਤ, Getty Images
ਇੱਕ ਘੰਟਾ ਪਹਿਲਾਂ
ਆਈਪੀਐਲ (ਇੰਡੀਅਨ ਪ੍ਰੀਮਿਅਰ ਲੀਗ) ਦੇ ਪਲੇਆਫ਼ ਲਈ ਜਿਵੇਂ-ਜਿਵੇਂ ਟੀਮਾਂ ਆਪਣੀਆਂ ਥਾਵਾਂ ਪੱਕੀਆਂ ਕਰ ਰਹੀਆਂ ਹਨ, ਕ੍ਰਿਕਟ ਪ੍ਰਸ਼ੰਸਕਾਂ ‘ਚ ਫਾਈਨਲ ਨੂੰ ਲੈ ਕੇ ਉਤਸ਼ਾਹ ਵਧਦਾ ਜਾ ਰਿਹਾ ਹੈ।
ਪੰਜਾਬ ਕਿੰਗਜ਼ ਦੇ ਫੈਨਜ਼ ਵੀ ਉਸ ਵੇਲੇ ਖੁਸ਼ੀ ਨਾਲ ਝੂਮਣ ਲੱਗੇ ਜਦੋਂ ਟੀਮ ਨੇ ਆਈਪੀਐਲ ਦੇ ਪਲੇਆਫ਼ ਲਈ ਆਪਣੀ ਥਾਂ ਪੱਕੀ ਕਰ ਲਈ। ਇਸ ਵੇਲੇ ਪੰਜਾਬ ਕਿੰਗਜ਼ ਪੁਆਇੰਟ ਟੇਬਲ ਵਿੱਚ ਤੀਜੇ ਸਥਾਨ ‘ਤੇ ਬਣੀ ਹੋਈ ਹੈ।
ਪੰਜਾਬ ਤੋਂ ਇਲਾਵਾ, ਗੁਜਰਾਤ ਟਾਈਟਨਜ਼ ਅਤੇ ਰਾਇਲ ਚੈਲੇਂਜਰਸ ਬੈਂਗਲੌਰ ਵੀ ਪਲੇਆਫ਼ ‘ਚ ਪਹੁੰਚ ਚੁੱਕੇ ਹਨ ਅਤੇ ਪੁਆਇੰਟ ਟੇਬਲ ਵਿੱਚ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ‘ਤੇ ਹਨ।
ਪੰਜਾਬ ਨੂੰ ਪਲੇਅਆਫ ਵਿੱਚ ਐਂਟਰੀ ਗੁਜਰਾਤ ਵੱਲੋਂ ਦਿੱਲੀ ਖਿਲਾਫ ਦਰਜ ਕੀਤੀ ਗਈ ਜਿੱਤ ਤੋਂ ਬਾਅਦ ਮਿਲੀ ਹੈ।
ਅਹਿਮ ਮੈਚ ‘ਚ ਚਮਕੇ ਹਰਪ੍ਰੀਤ ਬਰਾੜ

ਤਸਵੀਰ ਸਰੋਤ, Getty Images
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਕਿੰਗਜ਼ ਅਤੇ ਰਾਸਥਾਨ ਰਾਇਲਜ਼ ਵਿਚਕਾਰ ਐਤਵਾਰ ਨੂੰ ਹੋਏ ਅਹਿਮ ਮੈਚ ਦੀ।
ਇਸ ਮੈਚ ਵਿੱਚ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਅੱਗੇ 220 ਦੌੜਾਂ ਦਾ ਟੀਚਾ ਰੱਖਿਆ, ਜਿਸਨੂੰ ਰਾਜਸਥਾਨ ਦੀ ਟੀਮ ਪੂਰਾ ਨਹੀਂ ਕਰ ਸਕੀ ਅਤੇ 10 ਦੌੜਾਂ ਨਾਲ ਇਹ ਮੈਚ ਹਾਰ ਗਈ।
ਪੰਜਾਬ ਵੱਲੋਂ ਨੇਹਾਲ ਵਢੇਰਾ (70) ਅਤੇ ਸ਼ਸ਼ਾੰਕ ਸਿੰਘ (59) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਗੇਂਦਬਾਜ਼ੀ ਵਿੱਚ ਹਰਪ੍ਰੀਤ ਬਰਾੜ ਚਮਕੇ।
ਉਨ੍ਹਾਂ ਨੇ 4 ਓਵਰਾਂ ਵਿੱਚ ਮਹਿਜ਼ 22 ਦੌੜਾਂ ਦਿੰਦੇ ਹੋਏ, ਰਾਜਸਥਾਨ ਟੀਮ ਦੀਆਂ 3 ਅਹਿਮ ਵਿਕਟਾਂ ਝਟਕੀਆਂ ਅਤੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦਿ ਮੈਚ ਵੀ ਚੁਣੇ ਗਏ।
ਰਾਜਸਥਾਨ ਵੱਲੋਂ ਧਰੁਵ ਜੁਰੇਲ ਅਤੇ ਯਸ਼ਸਵੀ ਜੈਸਵਾਲ ਨੇ ਅਰਧ ਸੈਂਕੜੇ ਬਣਾਏ।
ਪੁਆਇੰਟ ਟੇਬਲ ਵਿੱਚ ਕੌਣ ਕਿੱਥੇ

ਤਸਵੀਰ ਸਰੋਤ, Getty Images
ਬੀਤੇ ਐਤਵਾਰ ਨੂੰ ਗੁਜਰਾਤ ਅਤੇ ਦਿੱਲੀ ਵਿਚਕਾਰ ਹੋਏ ਮੈਚ ‘ਚ ਗੁਜਰਾਤ ਨੇ ਬਾਜ਼ੀ ਮਾਰੀ ਅਤੇ ਇਸ ਜਿੱਤ ਦੇ ਨਾਲ ਉਹ 18 ਪੁਆਇੰਟਾਂ ਨਾਲ ਪੁਆਇੰਟ ਟੇਬਲ ਵਿੱਚ ਸਿਖਰਲੇ ਸਥਾਨ ‘ਤੇ ਪਹੁੰਚ ਗਏ ਹਨ।
ਬੈਂਗਲੌਰ ਅਤੇ ਪੰਜਾਬ ਦੀਆਂ ਟੀਮਾਂ ਕੋਲ 17-17 ਪੁਆਇੰਟ ਹਨ।
ਇਨ੍ਹਾਂ ਸਾਰੀਆਂ ਟੀਮਾਂ ਨੇ ਹੁਣ ਤੱਕ 12-12 ਮੈਚ ਖੇਡੇ ਹਨ।

ਨੈਟ ਰਨ ਰੇਟ ਘੱਟ ਹੋਣ ਕਾਰਨ ਪੰਜਾਬ ਅਜੇ ਤੀਜੇ ਨੰਬਰ ਉਤੇ ਹੈ। ਪਰ ਜੇਕਰ ਪੰਜਾਬ ਆਪਣੇ ਬਾਕੀ ਬਚਦੇ ਲੀਗ ਗੇੜ ਦੇ ਮੈਚ ਜਿੱਤਣ ਵਿਚ ਕਾਮਯਾਬ ਰਹਿੰਦਾ ਹੈ ਤਾਂ ਇਹ 21 ਅੰਕਾਂ ਨਾਲ ਲੀਗ ਦੀ ਸਮਾਪਤੀ ਕਰੇਗਾ।
ਚੌਥੇ ਸਥਾਨ ਲਈ ਕਿਹੜੀਆਂ ਟੀਮਾਂ ਦਾਅਵੇਦਾਰ

ਤਸਵੀਰ ਸਰੋਤ, Getty Images
ਤਿੰਨ ਟੀਮਾਂ ਦੇ ਪਲੇਆਫ਼ ਵਿੱਚ ਪਹੁੰਚਣ ਤੋਂ ਬਾਅਦ, ਹੁਣ ਸਿਰਫ਼ ਇੱਕ ਟੀਮ ਲਈ ਥਾਂ ਖਾਲੀ ਬਚੀ ਹੈ।
ਇਸ ਚੌਥੇ ਸਥਾਨ ਲਈ ਮੁੱਖ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਹੈ।
ਇਸ ਵੇਲੇ ਮੁੰਬਈ ਟੀਮ ਕੋਲ 14 ਅੰਕ ਹਨ ਅਤੇ ਦਿੱਲੀ ਕੋਲ 13 ਅੰਕ। ਇਨ੍ਹਾਂ ਦੋਵਾਂ ਟੀਮਾਂ ਨੇ ਹੁਣ ਤੱਕ 12-12 ਮੈਚ ਖੇਡੇ ਹਨ ਅਤੇ 2-2 ਮੈਚ ਬਾਕੀ ਹਨ।
ਇਨ੍ਹਾਂ ਦੋਵਾਂ ਹੀ ਟੀਮਾਂ ਦੇ ਬਾਕੀ ਮੈਚਾਂ ਵਿੱਚੋਂ ਇੱਕ-ਇੱਕ ਮੈਚ ਪੰਜਾਬ ਕਿੰਗਜ਼ ਨਾਲ ਹੈ ਅਤੇ 1 ਮੈਚ ਵਿੱਚ ਮੁੰਬਈ ਅਤੇ ਦਿੱਲੀ ਖੁਦ ਆਹਮੋ-ਸਾਹਮਣੇ ਹੋਣਗੇ।
ਜੇਕਰ ਦਿੱਲੀ ਦੀ ਟੀਮ ਮੁੰਬਈ ਤੋਂ ਹਾਰ ਜਾਂਦੀ ਹੈ, ਤਾਂ ਉਹ ਬਾਹਰ ਹੋ ਜਾਣਗੇ।
ਪਰ ਜੇਕਰ ਮੁੰਬਈ ਟੀਮ ਦਿੱਲੀ ਹਾਰ ਗਈ ਤਾਂ ਉਨ੍ਹਾਂ ਨੂੰ ਪੰਜਾਬ ਕਿੰਗਜ਼ ਨਾਲ ਆਪਣਾ ਆਖਰੀ ਮੈਚ ਜਿੱਤਣ ਦੀ ਜ਼ਰੂਰਤ ਹੋਏਗੀ ਅਤੇ ਉਹ ਉਮੀਦ ਕਰੇਗੀ ਕਿ ਦਿੱਲੀ ਆਪਣਾ ਆਖਰੀ ਲੀਗ ਮੈਚ ਪੰਜਾਬ ਤੋਂ ਹਾਰ ਜਾਵੇ, ਅਤੇ ਲਖਨਊ ਵੀ ਆਪਣੇ ਬਾਕੀ ਤਿੰਨ ਮੈਚਾਂ ਵਿੱਚੋਂ ਘੱਟੋ-ਘੱਟ ਇੱਕ ਮੈਚ ਹਾਰ ਜਾਵੇ।
ਇਸ ਹਿਸਾਬ ਨਾਲ, ਦੋਵਾਂ ਵਿੱਚੋਂ ਜਿਹੜੀ ਟੀਮ ਕੋਲ 17 ਅੰਕ ਹੋ ਜਾਣਗੇ, ਉਹ ਪਲੇਆਫ਼ ਵਿੱਚ ਪਹੁੰਚ ਜਾਵੇਗੀ।
ਕਿਹੜੀ ਟੀਮ ਕਿੰਨੀ ਵਾਰ ਪਹੁੰਚੀ ਪਲੇਆਫ ‘ਚ

ਤਸਵੀਰ ਸਰੋਤ, Getty Images
ਇਸ ਸੀਜ਼ਨ ‘ਚ ਪਲੇਆਫ਼ ਪਹੁੰਚੀਆਂ ਟੀਮਾਂ ਵਿੱਚੋਂ ਬੰਗਲੌਰ ਦੀ ਟੀਮ ਹੁਣ ਤੱਕ 5 ਵਾਰ ਪਲੇਆਫ਼ ਪਹੁੰਚ ਚੁੱਕੀ ਹੈ ਅਤੇ ਇਹ ਉਨ੍ਹਾਂ ਦੀ ਛੇਵੀਂ ਐਂਟਰੀ ਹੈ।
ਗੁਜਰਾਤ ਦੀ ਟੀਮ ਆਪਣੇ ਚਾਰ ਆਈਪੀਐਲ ਸੀਜ਼ਨਾਂ ਵਿੱਚ ਇਸ ਵਾਰ ਤੀਜੀ ਵਾਰ ਪਲੇਆਫ ਵਿੱਚ ਥਾਂ ਬਣਾ ਰਹੀ ਹੈ।
ਆਪਣੇ ਆਈਪੀਐਲ ਦੇ ਸਫ਼ਰ ਵਿੱਚ ਪੰਜਾਬ ਦੂਜੀ ਵਾਰ ਪਲੇਆਫ਼ ਪਹੁੰਚਿਆ ਹੈ। ਇਸ ਤੋਂ ਪਹਿਲਾਂ ਟੀਮ 2014 ਵਿੱਚ ਪਲੇਆਫ਼ ‘ਚ ਆਪਣੀ ਥਾਂ ਪੱਕੀ ਕਰਨ ‘ਚ ਕਾਮਯਾਬ ਰਹੀ ਸੀ। ਉਸੇ ਸਾਲ ਟੀਮ ਨੇ ਫਾਈਨਲ ਵੀ ਖੇਡਿਆ ਸੀ ਅਤੇ ਰਨਰ-ਅਪ ਰਹੀ ਸੀ।
ਉਸ ਤੋਂ ਪਹਿਲਾਂ ਸਾਲ 2008 ਵਿੱਚ ਪੰਜਾਬ ਟੀਮ ਸੈਮੀਫਾਈਨਲ ਵਿੱਚ ਪਹੁੰਚਣ ਚ ਕਾਮਯਾਬ ਰਹੀ ਸੀ।
ਫਾਈਨਲ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨਜ਼ ਹੁਣ ਤੱਕ ਇੱਕ ਵਾਰ, 2022 ‘ਚ ਆਈਪੀਐਲ ਟਰਾਫ਼ੀ ਜਿੱਤ ਚੁੱਕੇ ਹਨ ਜਦਕਿ ਰਾਇਲ ਚੈਲੇਂਜਰਜ਼ ਬੈਂਗਲੌਰ ਇੱਕ ਵਾਰ ਵੀ ਫਾਈਨਲ ਨਹੀਂ ਜਿੱਤ ਸਕੀ ਹੈ। ਹਾਲਾਂਕਿ ਟੀਮ 3 ਵਾਰ ਰਨਰ-ਅਪ ਰਹੀ ਹੈ।
ਪੰਜਾਬ ਦੀ ਟੀਮ ਹੁਣ ਤੱਕ ਮਹਿਜ਼ ਇੱਕ ਵਾਰ, 2014 ਫਾਈਨਲ ‘ਚ ਪਹੁੰਚੀ ਹੈ ਅਤੇ ਰਨਰ-ਆਪ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI