Home rss national punjabi2ਰਾਸ਼ਟਰੀ ਖ਼ਬਰਾਂ ‘ਇੱਥੇ ਹਕੂਮਤ ਪੰਜ ਸਾਲ ਨਹੀਂ ਚੱਲਦੀ, ਮੈਡਮ ਨੂਰ ਜਹਾਂ ਦਾ ਰਾਜ ਸੱਠ...

‘ਇੱਥੇ ਹਕੂਮਤ ਪੰਜ ਸਾਲ ਨਹੀਂ ਚੱਲਦੀ, ਮੈਡਮ ਨੂਰ ਜਹਾਂ ਦਾ ਰਾਜ ਸੱਠ ਸਾਲ ਤੱਕ ਕਾਇਮ ਰਿਹਾ ਅਤੇ ਅਜੇ ਵੀ ਹੈ’ – ਮੁਹੰਮਦ ਹਨੀਫ਼ ਦਾ ਨਜ਼ਰੀਆ

5
0

Source :- BBC PUNJABI

ਨੂਰ ਜਹਾਂ ਅਤੇ ਉਨ੍ਹਾਂ ਦੀ ਧੀ ਦੀ ਇੱਕ ਤਸਵੀਰ

ਮੈਡਮ ਨੂਰ ਜਹਾਂ ਸੌ ਵਰ੍ਹਿਆਂ ਦੇ ਹੋ ਗਏ ਹਨ। ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦਾ ਸਹੀ ਮੁਕਾਮ ਨਹੀਂ ਦਿੱਤਾ। ਉਨ੍ਹਾਂ ਦਾ ਸੌਵਾਂ ਜਨਮ ਦਿਨ ਸਰਕਾਰੀ ਤੌਰ ‘ਤੇ ਨਹੀਂ ਮਨਾਇਆ ਗਿਆ। ਨਾ ਹੀ ਕਿਸੇ ਸਰਕਾਰੀ ਟੀਵੀ ‘ਤੇ ਕੋਈ ਜਸ਼ਨ ਹੋਇਆ।

ਪਹਿਲਾਂ ਮੈਨੂੰ ਵੀ ਖਿਆਲ ਆਇਆ ਸੀ ਕਿ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਸੀ। ਇਸਲਾਮਾਬਾਦ ਤੇ ਲਾਹੌਰ ਵਿੱਚ ਚਿਰਾਗਾ (ਦੀਵੇ ਜਲਾਏ ਜਾਣੇ) ਹੋਣਾ ਚਾਹੀਦਾ ਸੀ। ਕੋਈ ਯਾਦਗਾਰੀ ਟਿਕਟ ਜਾਰੀ ਹੁੰਦੀ। ਪੰਜ ਹਜ਼ਾਰ ਦੇ ਨੋਟ ‘ਤੇ ਉਨ੍ਹਾਂ ਦੀ ਤਸਵੀਰ ਛਪ ਜਾਂਦੀ।

ਲੇਕਿਨ ਫਿਰ ਖਿਆਲ ਆਇਆ ਕਿ ਚੰਗਾ ਹੀ ਹੋਇਆ, ਸਰਕਾਰ ਨੇ ਕੁਝ ਨਹੀਂ ਕੀਤਾ। ਕਿਉਂਕਿ ਸਾਡੀ ਸਰਕਾਰ ਨੂੰ ਇੱਕੋ ਕੰਮ ਆਉਂਦਾ ਹੈ, ਉਹ ਇੱਕ ਆਮ ਤਾਅਤੀਲ (ਛੁੱਟੀ) ਕਰ ਦਿੰਦੀ। ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੋ ਜਾਂਦੀ ਤੇ ਫਿਰ ਇਸਲਾਮਾਬਾਦ ਵਿੱਚ ਕੋਈ ਸਰਕਾਰੀ ਫੰਕਸ਼ਨ ਹੁੰਦਾ, ਜਿੱਥੇ ਕਿਸੇ ਬੇਸੁਰੇ ਨੇ ਇਹ ਗਾ ਦੇਣਾ ਸੀ ਕਿ…

“ਐ ਵਤਨ ਕੇ ਸਜੀਲੇ ਜਵਾਨੋ, ਮੇਰੇ ਨਗਮੇ ਤੁਮਹਾਰੇ ਲਈ ਹੈਂ।”

‘ਹਰ ਰੋਜ਼ ਮੈਡਮ ਨੂਰ ਜਹਾਂ ਦਾ ਹੈਪੀ ਬਰਥਡੇ ਹੈ’

ਸਰਕਾਰ ਉਨ੍ਹਾਂ ਨੂੰ ਯਾਦ ਕਰੇ ਜਿਨ੍ਹਾਂ ਨੂੰ ਲੋਕ ਭੁੱਲ ਗਏ ਹੋਣ। ਮੈਡਮ ਨੂੰ ਅਤੇ ਉਨ੍ਹਾਂ ਦੇ ਗਾਣਿਆਂ ਨੂੰ ਤਾਂ ਲੋਕ ਕਦੇ ਭੁੱਲੇ ਹੀ ਨਹੀਂ। ਹਰ ਰੋਜ਼ ਮੈਡਮ ਨੂਰ ਜਹਾਂ ਦਾ ਹੈਪੀ ਬਰਥਡੇ ਹੈ ਤੇ ਲੋਕ ਮਨਾਉਂਦੇ ਨੇ। ਜਿਨ੍ਹਾਂ ਨੇ ਕਦੇ ਮੈਡਮ ਨੂੰ ਆਪਣੀ ਜ਼ਿੰਦਗੀ ਵਿੱਚ ਵੇਖਿਆ ਵੀ ਨਹੀਂ ਤੇ ਨਾ ਹੀ ਕਦੇ ਉਹ ਨਹਿਰ ਵਿੱਚ ਨ੍ਹਾਤੇ (ਨਹਾਏ) ਨੇ, ਉਹ ਵੀ ਗਾਉਂਦੇ ਫਿਰਦੇ ਨੇ ਕਿ…

“ਸਾਨੂੰ ਨਹਿਰ ਵਾਲੇ ਪੁਲ ‘ਤੇ ਬੁਲਾ ਕੇ।”

ਜਿਨ੍ਹਾਂ ਨੇ ਸਮੁੰਦਰ ਵੀ ਸਿਰਫ਼ ਫ਼ਿਲਮਾਂ ਵਿੱਚ ਵੇਖਿਆ ਹੈ, ਉਨ੍ਹਾਂ ਨੂੰ ਵੀ ਮੈਡਮ ਦਾ ਇਹ ਗੀਤ ਯਾਦ ਹੈ ਕਿ…

“ਤੂੰ ਸਮੰਦਰ ਹੈ, ਮੈਂ ਸਾਹਿਲੋਂ ਕੀ ਹਵਾ।”

ਸ਼ਹਿਰਾਂ ਵਿੱਚ ਰਿਕਸ਼ਿਆਂ ‘ਤੇ ਮੈਡਮ ਦੇ ਗਾਣੇ ਵੱਜਦੇ ਨੇ। ਪਿੰਡਾਂ ਵਿੱਚ ਟਰੈਕਟਰ-ਟਰਾਲੀਆਂ ‘ਤੇ ਲੋਕ ਸਪੀਕਰ ਲਾ ਕੇ ਸੁਣ ਲੈਂਦੇ ਨੇ। ਹਰ ਰੋਜ਼ ਮਜ਼ਾਰਾਂ ‘ਤੇ ਮੈਡਮ ਦੇ ਨਾਮ ਦੀਆਂ ਧਮਾਲਾਂ ਹੁੰਦੀਆਂ ਨੇ। ਸ਼ਾਦੀਆਂ-ਵਿਆਹਾਂ ‘ਤੇ ਤਾਂ ਲੋਕ ਗਾ ਹੀ ਲੈਂਦੇ ਨੇ ਕਿ…

“ਮਾਹੀ ਆਵੇਗਾ, ਮੈਂ ਫੁੱਲਾਂ ਨਾਲ ਧਰਤੀ ਸਜਾਵਾਂਗੀ।”

ਕਈ ਕੱਵਾਲਾਂ ਨੇ ਵੀ ਉਨ੍ਹਾਂ ਦੇ ਗਾਣਿਆਂ ਦੀਆਂ ਤਰਜ਼ਾਂ ਫੜ ਕੇ ਕੱਵਾਲੀਆਂ ਬਣਾਈਆਂ ਨੇ। ਕਈ ਨਾਤ-ਖ਼ਵਾਨ ਵੀ ਉਨ੍ਹਾਂ ਦੇ ਗਾਣੇ ਨੂੰ ਫੜ ਕੇ, ਫਿਰ ਉਸਨੂੰ ਰੂਹਾਨੀ ਟੱਚ ਦੇ ਕੇ ਨਾਤ ਬਣਾ ਲੈਂਦੇ ਨੇ।

ਮੈਡਮ ਦਾ ਰਾਜ ਸੱਠ ਸਾਲ ਤੱਕ ਕਾਇਮ ਰਿਹਾ ਤੇ ਅਜੇ ਵੀ ਹੈ

ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼

ਕਹਿੰਦੇ ਨੇ ਕਲਚਰ ਲੋਕਾਂ ਨੂੰ ਇਕੱਠਾ ਕਰਦਾ ਹੈ। ਕਰਦਾ ਹੋਵੇਗਾ, ਪਰ ਅਮੀਰ ਤੇ ਗਰੀਬ ਦੇ ਕਲਚਰ ਨੂੰ ਕੋਈ ਇਕੱਠਾ ਨਹੀਂ ਕਰ ਸਕਦਾ।

ਇਹ ਮੈਡਮ ਦਾ ਹੀ ਕੰਮ ਹੈ ਕਿ ਇੱਕੋ ਗਾਣਾ ਇੱਕ ਸੇਠ ਨੂੰ ਵੀ ਪਸੰਦ ਹੁੰਦਾ ਹੈ ਤੇ ਉਹਦੇ ਡਰਾਈਵਰ ਨੂੰ ਵੀ। ਇੱਕੋ ਗਾਣੇ ਦਾ ਮਜ਼ਾ ਸੜਕ ‘ਤੇ ਪੱਥਰ ਕੁੱਟਦਾ ਮਜ਼ਦੂਰ ਵੀ ਲੈ ਲੈਂਦਾ ਹੈ ਤੇ ਆਪਣੇ ਏਅਰ ਕੰਡੀਸ਼ਨਡ ਡਰਾਇੰਗ ਰੂਮ ਵਿੱਚ ਬੈਠੇ ਬਾਬੂ ਨੂੰ ਵੀ ਉਸ ਗਾਣੇ ਦੀ ਚਸ ਆ ਜਾਂਦੀ ਹੈ।

ਪਾਕਿਸਤਾਨ ਬਣਾਇਆ ਜਿਨ੍ਹਾਂ ਨੇ ਵੀ ਹੋਵੇ, ਇਹਦੇ ਰਾਖੇ ਤੇ ਰਾਠ (ਰਾਜਾ ਜਾਂ ਮੁਖੀ) ਕੋਈ ਵੀ ਹੋਣ, ਇਸ ਮੁਲਕ ਨੂੰ ਚਲਾਇਆ ਤਾਂ ਮੈਡਮ ਨੂਰ ਜਹਾਂ ਨੇ ਹੀ ਹੈ।

ਇੱਥੇ ਹਕੂਮਤ ਪੰਜ ਸਾਲ ਤੱਕ ਨਹੀਂ ਚੱਲਦੀ, ਮੈਡਮ ਦਾ ਰਾਜ ਸੱਠ ਸਾਲ ਤੱਕ ਕਾਇਮ ਰਿਹਾ ਤੇ ਅਜੇ ਵੀ ਕਾਇਮ-ਦਾਇਮ ਹੈ।

‘ਮੁਝਸੇ ਪਹਿਲੀ ਸੀ ਮੁਹੱਬਤ, ਮੇਰੇ ਮਹਿਬੂਬ ਨਾ ਮਾਂਗ’

ਨੂਰ ਜਹਾਂ

ਕਦੇ-ਕਦੇ ਕੋਈ ਨਸਤਲੀਕ ਬੰਦਾ ਕਹਿ ਦਿੰਦਾ ਹੈ ਕਿ ‘ਉਨਹੋਂ ਨੇ ਪੰਜਾਬੀ ਮੇਂ ਕੁਛ ਬੇਹੂਦਾ ਗਾਨੇ ਗਾ ਦਿਏ, ਜਿਸਸੇ ਮੂੰਹ ਕਾ ਜ਼ਾਯਕਾ ਖ਼ਰਾਬ ਹੋ ਜਾਤਾ ਹੈ’। ਇਸ ਤਰ੍ਹਾਂ ਦੀਆਂ ਗੱਲਾਂ ਦੀ ਪਰਵਾਹ ਮੈਡਮ ਨੇ ਆਪਣੀ ਜ਼ਿੰਦਗੀ ਵਿੱਚ ਨਹੀਂ ਸੀ ਕੀਤੀ, ਤਾਂ ਹੁਣ ਕਿਉਂ ਕਰਨਗੇ?

ਲੱਗਦਾ ਹੈ ਸਰਕਾਰੀ ਮੀਡੀਆ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਲੋਕ ਬੈਠੇ ਨੇ, ਜਿਨ੍ਹਾਂ ਨੂੰ ਹਰ ਆਵਾਮੀ ਚੀਜ਼ ਬੇਹੂਦਾ ਲੱਗਦੀ ਹੈ।

ਚੰਗਾ ਕੀਤਾ ਹੈ ਸਰਕਾਰ ਨੇ ਕਿ ਕੋਈ ਕੌਮੀ ਦਿਨ ਨਹੀਂ ਮਨਾਇਆ, ਛੁੱਟੀ ਨਹੀਂ ਕੀਤੀ, ਕੋਈ ਸਰਕਾਰੀ ਫੰਕਸ਼ਨ ਨਹੀਂ ਹੋਇਆ। ਨਹੀਂ ਤਾਂ ਉਹਦੇ ਵਿੱਚ ਵੀ ਸ਼ਾਇਦ ਕੋਈ ਗਾ ਦਿੰਦਾ ਕਿ…

“ਮੁਝਸੇ ਪਹਿਲੀ ਸੀ ਮੁਹੱਬਤ, ਮੇਰੇ ਮਹਿਬੂਬ ਨਾ ਮਾਂਗ।”

ਰੱਬ ਰਾਖਾ।

(ਨੋਟ – ਇਹ ਲੇਖਕ ਦੇ ਨਿੱਜੀ ਵਿਚਾਰ ਹਨ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI