Home rss national punjabi2ਰਾਸ਼ਟਰੀ ਖ਼ਬਰਾਂ ਉੱਡਦੇ ਜਹਾਜ਼ ਵਿੱਚ ਹੰਗਾਮਾ: ਪਾਇਲਟਾਂ ਦੀ ਹੋਈ ਲੜਾਈ, ਝਗੜਾ ਕਰਦੇ ਪਾਇਲਟ ਨੂੰ...

ਉੱਡਦੇ ਜਹਾਜ਼ ਵਿੱਚ ਹੰਗਾਮਾ: ਪਾਇਲਟਾਂ ਦੀ ਹੋਈ ਲੜਾਈ, ਝਗੜਾ ਕਰਦੇ ਪਾਇਲਟ ਨੂੰ ਯਾਤਰੀਆਂ ਨੇ ਬੰਨ੍ਹਿਆ, ਅੱਗੇ ਕੀ ਹੋਇਆ

6
0

Source :- BBC PUNJABI

ਫਲਾਈ ਦੁਬਈ

ਦੁਬਈ ਤੋਂ ਇਜ਼ਰਾਈਲ ਜਾ ਰਹੀ ਇੱਕ ਫਲਾਈਟ ਪਾਇਲਟਾਂ ਵਿਚਾਲੇ ਕਥਿਤ ਤੌਰ ‘ਤੇ ਝਗੜਾ ਹੋਣ ਤੋਂ ਬਾਅਦ ਸਾਊਦੀ ਅਰਬ ਵਿੱਚ ਉਤਰੀ।

ਫਲਾਈਟ ਵਿੱਚ ਸਵਾਰ ਇੱਕ ਇਜ਼ਰਾਈਲੀ ਯਾਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੂ ਨੇ ਉਨ੍ਹਾਂ ਤੋਂ ਮਦਦ ਮੰਗੀ ਸੀ, ਜਿਸ ਤੋਂ ਬਾਅਦ ਯਾਤਰੀਆਂ ਨੇ ਇੱਕ ਪਾਇਲਟ ਨੂੰ ਕਾਬੂ ਕਰਨ ਅਤੇ ਉਸ ਨੂੰ ਬੰਨ੍ਹਣ ਵਿੱਚ ਮਦਦ ਕੀਤੀ।

ਫਲਾਈਦੁਬਈ ਦੀ ਇਹ ਫਲਾਈਟ ਬੁੱਧਵਾਰ ਸਵੇਰੇ ਰਵਾਨਾ ਹੋਈ ਸੀ। ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟਰੈਡਾਰ24 ਮੁਤਾਬਕ, ਉਡਾਣ ਭਰਨ ਦੇ ਕਰੀਬ ਦੋ ਘੰਟੇ ਬਾਅਦ ਜਹਾਜ਼ ਨੇ ਐਮਰਜੈਂਸੀ ਕੋਡ ਜਾਰੀ ਕੀਤਾ।

ਕੁਝ ਮਿੰਟ ਬਾਅਦ ਜਹਾਜ਼ ਨੇ ਇਸ ਨੂੰ ਬਦਲ ਕੇ ਹਾਈਜੈਕਿੰਗ ਦਾ ਕੋਡ ਕਰ ਦਿੱਤਾ। ਹਾਲਾਂਕਿ, ਬਾਅਦ ਵਿੱਚ ਇਸ ਨੂੰ ਮੁੜ ਆਮ ਐਮਰਜੈਂਸੀ ਸਿਗਨਲ ਵਿੱਚ ਬਦਲ ਦਿੱਤਾ ਗਿਆ।

ਇਜ਼ਰਾਈਲੀ ਮੀਡੀਆ ਮੁਤਾਬਕ, ਉਡਾਣ ਦੌਰਾਨ ਪਾਇਲਟ ਅਤੇ ਕੋ-ਪਾਇਲਟ ਵਿਚਾਲੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਜਹਾਜ਼ ਨੇ ਐਮਰਜੈਂਸੀ ਸਿਗਨਲ ਭੇਜਿਆ ਅਤੇ ਕੁਝ ਸਮੇਂ ਲਈ ਹਾਈਜੈਕਿੰਗ ਦਾ ਖਦਸ਼ਾ ਪੈਦਾ ਹੋ ਗਿਆ।

ਫਲਾਈਟ FZ1073 ਨੇ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ। ਇਸ ਵਿੱਚ ਕਰੀਬ 150 ਤੋਂ 180 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਇਜ਼ਰਾਈਲੀ ਨਾਗਰਿਕ ਸਨ।

ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟਰੈਡਾਰ24 ਮੁਤਾਬਕ, ਉਡਾਣ ਭਰਨ ਦੇ ਕਰੀਬ ਦੋ ਘੰਟੇ ਬਾਅਦ ਜਹਾਜ਼ ਨੇ ਪਹਿਲਾਂ ਸਕੁਆਕ ਕੋਡ 7700 ਭੇਜਿਆ।

ਇਹ ਆਮ ਐਮਰਜੈਂਸੀ ਦੀ ਸਥਿਤੀ ਦਾ ਸੰਕੇਤ ਹੁੰਦਾ ਹੈ। ਕੁਝ ਮਿੰਟ ਬਾਅਦ ਜਹਾਜ਼ ਨੇ ਕੋਡ 7500 ਭੇਜਿਆ, ਜੋ ਜਹਾਜ਼ ਨਾਲ ਗ਼ੈਰ-ਕਾਨੂੰਨੀ ਦਖ਼ਲਅੰਦਾਜ਼ੀ ਜਾਂ ਹਾਈਜੈਕਿੰਗ ਦਾ ਸੰਕੇਤ ਦਿੰਦਾ ਹੈ। ਬਾਅਦ ਵਿੱਚ ਜਹਾਜ਼ ਨੇ ਮੁੜ 7700 ਕੋਡ ਭੇਜਿਆ।

ਜਹਾਜ਼ ਦਾ ਕੈਪਟਨ ਅਤੇ ਫ਼ਰਸਟ ਆਫ਼ਿਸਰ ਜ਼ਖ਼ਮੀ

ਫ਼ਲਾਈ ਦੁਬਈ ਕੰਪਨੀ ਨੇ ਕਿਹਾ ਹੈ ਕਿ ਇਸ ਘਟਨਾ ਵਿੱਚ ਕੈਪਟਨ ਅਤੇ ਫ਼ਰਸਟ ਆਫ਼ਿਸਰ ਦੋਵੇਂ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਥਾਨਕ ਸਮੇਂ ਮੁਤਾਬਕ 8.44 ਵਜੇ ਏਅਰ ਟ੍ਰੈਫ਼ਿਕ ਕੰਟ੍ਰੋਲ ਸੈਂਟਰ ਨੂੰ ਐਮਰਜੈਂਸੀ ਲੈਂਡਿੰਗ ਲਈ ਸਿਗਨਲ ਮਿਲਿਆ ਸੀ।

ਇਸ ਤੋਂ ਇੱਕ ਘੰਟੇ ਬਾਅਦ ਹੀ ਜਹਾਜ਼ ਸੁਰੱਖਿਅਤ ਢੰਗ ਨਾਲ ਰਨਵੇਅ ‘ਤੇ ਉਤਰ ਗਿਆ।

ਯਾਤਰੀਆਂ ਨੇ ਇਜ਼ਰਾਈਲੀ ਮੀਡੀਆ ਨੂੰ ਦੱਸਿਆ ਕਿ ਸਾਊਦੀ ਅਰਬ ਵੱਲ ਡਾਇਵਰਟ ਹੋਣ ਤੋਂ ਪਹਿਲਾਂ ਇੱਕ ਪਾਇਲਟ ਚਾਕੂ ਨਾਲ ਜ਼ਖ਼ਮੀ ਹੋ ਗਿਆ ਸੀ।

ਚਸ਼ਮਦੀਦਾਂ ਨੇ ਕੀ ਦੱਸਿਆ?

ਯਾਸਮਿਨ

ਯਾਸਮਿਨ ਨਾਮ ਦੀ ਇੱਕ ਔਰਤ ਨੇ ਦੱਸਿਆ ਕਿ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਟ ਵਿੱਚ ਉਨ੍ਹਾਂ ਦੀ ਧੀ ਵੀ ਸਵਾਰ ਸੀ। ਧੀ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਜਹਾਜ਼ ਵਿੱਚ ਚੀਕਣ ਦੀਆਂ ਆਵਾਜ਼ਾਂ ਸੁਣੀਆਂ। ਇੱਕ ਪਾਇਲਟ ਮਦਦ ਲਈ ਪੁਕਾਰ ਰਿਹਾ ਸੀ।

ਯਾਸਮਿਨ ਨੇ ਸਮਾਚਾਰ ਏਜੰਸੀ ਏਪੀ ਨੂੰ ਦੱਸਿਆ, “ਜਹਾਜ਼ ਨੇ ਕੰਟ੍ਰੋਲ ਗੁਆਉਣਾ ਸ਼ੁਰੂ ਕਰ ਦਿੱਤਾ। ਸਾਰੇ ਲੋਕ ਚੀਕਣ ਲੱਗੇ। ਉਨ੍ਹਾਂ ਨੂੰ ਲੱਗਾ ਕਿ ਹੁਣ ਉਨ੍ਹਾਂ ਦੀ ਜਾਨ ਨਹੀਂ ਬਚੇਗੀ।”

ਰਾਇਟਰਜ਼ ਨਾਲ ਗੱਲ ਕਰਦੇ ਹੋਏ ਯਾਸਮਿਨ ਨੇ ਦੱਸਿਆ ਕਿ ਦੋ ਹੋਰ ਪਾਇਲਟਾਂ ਨੇ ਜਹਾਜ਼ ਦਾ ਕੰਟ੍ਰੋਲ ਸੰਭਾਲ ਲਿਆ। ਇਸੇ ਦੌਰਾਨ ਦੂਜੇ ਯਾਤਰੀ ਇੱਕ ਅਜਿਹੇ ਵਿਅਕਤੀ ਵੱਲ ਦੌੜੇ, ਜਿਸ ਦੇ ਹੱਥ ਵਿੱਚ ਚਾਕੂ ਸੀ।

ਇਜ਼ਰਾਈਲੀ ਅਧਿਕਾਰੀਆਂ ਵਿੱਚੋਂ ਇੱਕ ਨੇ ਚੈਨਲ 12 ਨੂੰ ਕਿਹਾ, “ਇੱਕ ਬਹੁਤ ਗੰਭੀਰ ਹਾਦਸਾ ਟਲ ਗਿਆ।”

‘ਦਿ ਯੇਰੂਸ਼ਲਮ ਪੋਸਟ’ ਨੇ ਵੀ ਇੱਕ ਅਣਪਛਾਤੇ ਇਜ਼ਰਾਈਲੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ “ਇੱਕ ਵੱਡਾ ਹਾਦਸਾ ਵਾਲ-ਵਾਲ ਟਲ ਗਿਆ।”

ਫਲਾਈਟਰੈਡਾਰ24 ਦੇ ਡੇਟਾ ਮੁਤਾਬਕ, ਸਾਊਦੀ ਅਰਬ ਦੇ ਉੱਪਰ ਜਹਾਜ਼ ਨੇ ਅਚਾਨਕ ਦਿਸ਼ਾ ਬਦਲੀ ਅਤੇ ਤੇਜ਼ੀ ਨਾਲ ਹੇਠਾਂ ਉਤਰਨਾ ਸ਼ੁਰੂ ਕੀਤਾ। ਜਹਾਜ਼ ਦੋ ਮਿੰਟ ਤੋਂ ਵੀ ਘੱਟ ਸਮੇਂ ਵਿੱਚ 17,000 ਫੁੱਟ ਯਾਨੀ 5,000 ਮੀਟਰ ਤੋਂ ਜ਼ਿਆਦਾ ਹੇਠਾਂ ਆ ਗਿਆ।

ਇਸ ਤੋਂ ਬਾਅਦ ਜਹਾਜ਼ ਨੇ ਕਰੀਬ ਸੱਤ ਮਿੰਟ ਤੱਕ ਐਮਰਜੈਂਸੀ ਸਿਗਨਲ ਜਾਰੀ ਕੀਤਾ। 05:40 ‘ਤੇ ਫਲਾਈਟ ਕੁਝ ਸਮੇਂ ਲਈ ਜਾਰਡਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਈ। ਕੁਝ ਮਿੰਟ ਬਾਅਦ ਇਹ ਮੁੜ ਸਾਊਦੀ ਅਰਬ ਵੱਲ ਮੁੜ ਗਈ ਅਤੇ ਇਸ ਤੋਂ ਬਾਅਦ ਉਤਰਨਾ ਸ਼ੁਰੂ ਕਰ ਦਿੱਤਾ।

ਜਹਾਜ਼ ਨੂੰ ਤੇਲ ਅਵੀਵ ਦੇ ਬੇਨ ਗੁਰਿਓਨ ਏਅਰਪੋਰਟ ‘ਤੇ ਉਤਰਨਾ ਸੀ, ਪਰ ਇਹ ਉੱਤਰ-ਪੂਰਬੀ ਸਾਊਦੀ ਅਰਬ ਦੇ ਤਬੂਕ ਏਅਰਪੋਰਟ ‘ਤੇ ਉਤਰਿਆ।

ਯਾਤਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਘਟਨਾ ਦੌਰਾਨ ਜਦੋਂ ਜਹਾਜ਼ ਹੇਠਾਂ ਆਉਣ ਲੱਗਾ ਤਾਂ ਉਨ੍ਹਾਂ ਨੂੰ ਆਪਣੀ ਜਾਨ ਦਾ ਡਰ ਸਤਾਉਣ ਲੱਗਾ।

ਫ਼ਲਾਈਦੁਬਈ

ਸਮਾਚਾਰ ਏਜੰਸੀ ਰਾਇਟਰਜ਼ ਨਾਲ ਇੱਕ ਇਜ਼ਰਾਈਲੀ ਅਧਿਕਾਰੀ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਪਾਇਲਟਾਂ ਵਿਚਾਲੇ ਹੱਥੋਪਾਈ ਹੋਣ ਤੋਂ ਬਾਅਦ ਦੋਵਾਂ ਨੇ ਐਮਰਜੈਂਸੀ ਸਿਗਨਲ ਭੇਜੇ ਸਨ।

ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਦੋਵਾਂ ਵਿੱਚੋਂ ਕਿਸੇ ਪਾਇਲਟ ਨੇ ਜਾਣਬੁੱਝ ਕੇ ਐਮਰਜੈਂਸੀ ਸਿਗਨਲ ਭੇਜਿਆ ਸੀ ਜਾਂ ਨਹੀਂ।

ਇਜ਼ਰਾਈਲੀ ਪ੍ਰਸਾਰਕ ਐੱਨ12ਨਿਊਜ਼ ਦੇ ਚੀਫ਼ ਪੌਲਿਟਿਕਲ ਐਨਲਿਸਟ ਅਮਿਤ ਸੇਗਲ ਨੇ ਐਕਸ ‘ਤੇ ਲਿਖਿਆ ਹੈ, “ਅਜਿਹਾ ਲੱਗਦਾ ਹੈ ਕਿ ਦੋਵੇਂ ਪਾਇਲਟਾਂ ਵਿਚਾਲੇ ਉਡਾਣ ਦੌਰਾਨ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਪੂਰੇ ਮੱਧ ਪੂਰਬ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ।”

ਇਸ ਟਿੱਪਣੀ ਨੂੰ ਰੀਪੋਸਟ ਕਰਦਿਆਂ ਹੋਇਆਂ ਇਜ਼ਰਾਈਲ ਵਿੱਚ ਅਮਰੀਕਾ ਦੇ ਰਾਜਦੂਤ ਮਾਈਕ ਹਕਬੀ ਨੇ ਲਿਖਿਆ ਹੈ, “ਅੱਜ ਸਵੇਰੇ ਇਸ ਘਟਨਾ ਨੇ ਪੂਰੇ ਮੱਧ ਪੂਰਬ, ਖ਼ਾਸ ਕਰਕੇ ਇਜ਼ਰਾਈਲ ਵਿੱਚ, ਲੋਕਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਪੂਰੀ ਤਰ੍ਹਾਂ ਹਾਈ ਅਲਰਟ ‘ਤੇ ਕਰ ਦਿੱਤਾ। ਚੰਗਾ ਹੈ ਕਿ ਮਾਮਲਾ ਇਸ ਤੋਂ ਜ਼ਿਆਦਾ ਗੰਭੀਰ ਨਹੀਂ ਹੋਇਆ।”

ਯਰੂਸ਼ਲਮ ਪੋਸਟ ਦੀ ਰਿਪੋਰਟ ਮੁਤਾਬਕ, ਸੰਭਾਵਿਤ ਐਮਰਜੈਂਸੀ ਨਾਲ ਨਜਿੱਠਣ ਦੀ ਤਿਆਰੀ ਵਿੱਚ ਇਜ਼ਰਾਈਲੀ ਹਵਾਈ ਫੌਜ ਨੇ ਆਪਣੇ ਅਲਰਟ ਦਾ ਪੱਧਰ ਵਧਾ ਦਿੱਤਾ ਸੀ।

ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਸ ਘਟਨਾ ਨੂੰ ਹਾਈਜੈਕਿੰਗ ਨਹੀਂ ਮੰਨਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਇਜ਼ਰਾਈਲ ਦੇ ਤਿੰਨ ਸੁਰੱਖਿਆ ਅਧਿਕਾਰੀਆਂ ਨੇ ਰਾਇਟਰਜ਼ ਨੂੰ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਉਡਾਣ ਨੂੰ ਲੈ ਕੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।

ਇਜ਼ਰਾਈਲੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਫੌਜ ਮੁਖੀ ਅਯਾਲ ਜ਼ਮੀਰ ਨੇ ਹਵਾਈ ਫੌਜ ਦੇ ਕਮਾਂਡਰ ਅਤੇ ਹੋਰ ਫੌਜੀ ਅਧਿਕਾਰੀਆਂ ਨਾਲ ਸਥਿਤੀ ਦਾ ਮੁਲਾਂਕਣ ਵੀ ਲਿਆ।

ਫਲਾਈਦੁਬਈ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਫਲਾਈਟ ਨੂੰ “ਰਸਤੇ ਵਿੱਚ ਇੱਕ ਘਟਨਾ ਦਾ ਸਾਹਮਣਾ ਕਰਨਾ ਪਿਆ।” ਬੁਲਾਰੇ ਨੇ ਕਿਹਾ ਕਿ ਜਿਵੇਂ-ਜਿਵੇਂ ਹੋਰ ਜਾਣਕਾਰੀ ਮਿਲੇਗੀ, ਉਸ ਬਾਰੇ ਅਪਡੇਟ ਜਾਰੀ ਕੀਤੇ ਜਾਣਗੇ।

ਬੁਲਾਰੇ ਨੇ ਕਿਹਾ, “ਸਾਡੀਆਂ ਟੀਮਾਂ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।”

ਫਲਾਈਦੁਬਈ ਦੁਬਈ ਅਤੇ ਤੇਲ ਅਵੀਵ ਵਿਚਾਲੇ ਰੋਜ਼ਾਨਾ ਉਡਾਣਾਂ ਚਲਾਉਂਦੀ ਹੈ। ਇਹ ਰੂਟ ਇਜ਼ਰਾਈਲੀ ਨਾਗਰਿਕਾਂ ਵੱਲੋਂ ਕਾਫੀ ਵਰਤਿਆ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI