Source :- BBC PUNJABI

ਜਾਵੇਦ, ਮਰੀਅਮ ਅਤੇ ਦੋਹਾਂ ਦੇ ਦੋ ਬੱਚੇ

ਤਸਵੀਰ ਸਰੋਤ, Imtiyaz Ali

ਉਸ ਜਹਾਜ਼ ਹਾਦਸੇ ਦੇ ਲਗਭਗ ਇੱਕ ਸਾਲ ਬਾਅਦ ਜਿਸ ਵਿੱਚ ਉਨ੍ਹਾਂ ਦੇ ਭਰਾ ਜਾਵੇਦ, ਭਾਬੀ ਮਰੀਅਮ ਅਤੇ ਉਨ੍ਹਾਂ ਦੇ ਦੋ ਬੱਚੇ ਮਾਰੇ ਗਏ ਸੀ ਜਦੋਂ ਮੈਂ ਇਮਤਿਆਜ਼ ਅਲੀ ਨੂੰ ਫੋਨ ਕਰਕੇ ਪੁੱਛਿਆ ਕਿ ਕੀ ਅਸੀਂ ਮਿਲ ਸਕਦੇ ਹਾਂ ਤਾਂ ਅਸੀਂ ਪਹਿਲਾਂ ਤੈਅ ਕੀਤਾ ਕਿ ਮੁੰਬਈ ਵਿੱਚ ਉਨ੍ਹਾਂ ਦੇ ਘਰੇ ਗੱਲ ਕਰਾਂਗੇ। ਕੁਝ ਘੰਟੇ ਬਾਅਦ ਇਮਤਿਆਜ਼ ਨੇ ਆਪਣਾ ਮਨ ਬਦਲ ਲਿਆ ਅਤੇ ਕਿਹਾ, “ਇਸ ਦੀ ਬਜਾਏ ਅਸੀਂ ਹੋਟਲ ਵਿੱਚ ਮਿਲਦੇ ਹਾਂ।”

ਬਾਅਦ ਵਿੱਚ ਮੁੰਬਈ ਦੇ ਇੱਕ ਹੋਟਲ ਦੀ ਹਲਕੀ ਰੌਸ਼ਨੀ ਵਿੱਚ ਉਨ੍ਹਾਂ ਨੇ ਮੈਨੂੰ ਇਸ ਦਾ ਕਾਰਨ ਦੱਸਿਆ।

ਜਾਵੇਦ ਅਤੇ ਉਨ੍ਹਾਂ ਦਾ ਪਰਿਵਾਰ ਬ੍ਰਿਟੇਨ ਵਿੱਚ ਰਹਿੰਦਾ ਸੀ ਪਰ ਅਕਸਰ ਮੁੰਬਈ ਰੁਕ ਕੇ ਉਹ ਇਮਤਿਆਜ਼ ਅਤੇ ਬਾਕੀ ਪਰਿਵਾਰ ਨੂੰ ਮਿਲਦੇ ਸੀ। ਪਰ ਦੁਰਘਟਨਾ ਤੋਂ ਬਾਅਦ ਘਰ ਉਸ ਤਰ੍ਹਾਂ ਦਾ ਨਹੀਂ ਰਹਿ ਗਿਆ ਸੀ। ਉਸ ਵਿੱਚ ਕੁਝ ਅਜਿਹਾ ਬਦਲ ਗਿਆ ਸੀ ਜਿਸ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਰੂਟੀਨ ਨਾ ਸਮਝਾ ਸਕਦੀ ਸੀ ਅਤੇ ਨਾ ਹੀ ਠੀਕ ਕਰ ਸਕਦੀ ਸੀ।

ਇਮਤਿਆਜ਼ ਨੇ ਹੌਲੀ ਅਵਾਜ਼ ਵਿੱਚ ਕਿਹਾ, “ਇੰਝ ਲਗਦਾ ਹੈ ਜਿਵੇਂ ਜਾਵੇਦ ਹੁਣ ਵੀ ਉੱਥੇ ਹੀ ਹੈ।”

ਬਾਅਦ ਵਿੱਚ ਉਨ੍ਹਾਂ ਦੀ ਮਾਂ ਫਰੀਦਾ ਬਾਨੋ ਨੇ ਇਸ ਨੂੰ ਹੋਰ ਸੌਖੇ ਸ਼ਬਦਾਂ ਵਿੱਚ ਕਿਹਾ, “ਉਹ ਹਰ ਥਾਂ ਮੇਰੇ ਨਾਲ ਰਹਿੰਦਾ ਹੈ। ਦਿਨ ਰਾਤ।”

ਕੁਝ ਹੀ ਹਫ਼ਤਿਆਂ ਵਿੱਚ ਜਾਂਚਕਰਤਾ ਏਅਰ ਇੰਡੀਆ ਏਆਈ171 ਦੀ ਦੁਰਘਟਨਾ ਬਾਰੇ ਆਪਣੀ ਅੰਤਿਮ ਰਿਪੋਰਟ ਜਾਰੀ ਕਰਨ ਵਾਲੇ ਹਨ। ਇਹ ਅਹਿਮਦਾਬਾਦ ਤੋਂ ਲੰਦਨ ਜਾਣ ਵਾਲੀ ਉਡਾਣ ਸੀ ਜੋ ਪਿਛਲੇ ਜੂਨ ਵਿੱਚ ਟੇਕਆਫ ਦੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਹੇਠਾਂ ਡਿੱਗ ਗਈ ਸੀ। ਜਹਾਜ਼ ਵਿੱਚ ਸਵਾਰ 242 ਲੋਕਾਂ ਵਿੱਚੋਂ ਸਿਰਫ਼ ਇੱਕ ਹੀ ਜਿਉਂਦਾ ਬਚਿਆ ਸੀ।

ਇੱਕ ਸਾਲ ਤੋਂ ਪੀੜਤ ਪਰਿਵਾਰਾਂ ਦੇ ਕੋਲ ਕਈ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਉਨ੍ਹਾਂ ਨੂੰ ਨਹੀਂ ਮਿਲੇ ਹਨ। ਜਿਵੇਂ ਕਿ ਕੌਕਪਿਟ ਵਿੱਚ ਕੀ ਹੋਇਆ, ਜਹਾਜ਼ ਨੇ ਥਰੱਸਟ ਕਿਉਂ ਗਵਾਇਆ, ਕੀ ਇਹ ਹਾਦਸਾ ਮਨੁੱਖੀ ਗਲਤੀ ਸੀ, ਤਕਨੀਕੀ ਖਰਾਬੀ ਜਾਂ ਕੁਝ ਹੋਰ।

“ਉਹ ਸਾਰਾ ਦਿਨ ਗੱਲਾਂ ਕਰਦੇ ਰਹਿੰਦੇ ਸੀ”

ਪਰਿਵਾਰ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Imtiyaz Ali

ਮੈਂ ਇਮਤਿਆਜ਼ ਨੂੰ ਪਹਿਲਾਂ ਦੋ ਵਾਰ ਅਹਿਮਦਾਬਾਦ ਵਿੱਚ ਮਿਲੀ ਸੀ। ਦੁਰਘਟਨਾ ਤੋਂ ਬਾਅਦ ਦੇ ਹੈਰਾਨ ਕਰਨ ਵਾਲੇ ਦਿਨਾਂ ਵਿੱਚ। ਉਸ ਸਮੇਂ ਪਰਿਵਾਰ ਆਪਣੇ ਜੀਆਂ ਦੀ ਪਛਾਣ ਲਈ ਡੀਐਨਏ ਦੀ ਪੁਸ਼ਟੀ ਕੀਤੇ ਜਾਣ ਦਾ ਇੰਤਜ਼ਾਰ ਕਰ ਰਹੇ ਸੀ। ਇਹ ਉਹ ਸਮਾਂ ਸੀ ਜਦੋਂ ਉਹ ਉਸ ਕੌੜੀ ਹਕੀਕਤ ਨੂੰ ਪਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਉਦੋਂ ਉਨ੍ਹਾਂ ਨੇ ਮੈਨੂੰ ਕਿਹਾ ਸੀ, ‘ਸ਼ਾਇਦ ਉਹ ਵਾਪਸ ਆ ਜਾਵੇ’।

ਮੁੰਬਈ ਵਿੱਚ ਲਗਭਗ ਇੱਕ ਸਾਲ ਬਾਅਦ ਬੇਭਰੋਸਗੀ ਦੀ ਧੁੰਦ ਦਾ ਹਟ ਚੁੱਕੀ ਸੀ, ਪਰ ਇੰਤਜ਼ਾਰ ਹੁਣ ਵੀ ਸੀ। ਇਸ ਕੇਸ ਦੀ ਜਾਂਚ ਦਾ ਨਤੀਜਾ ਸਾਹਮਣੇ ਨਾ ਆਉਣ ਨੂੰ ਲੈ ਕੇ ਉਨ੍ਹਾਂ ਨੇ ਕਿਹਾ, “ਇਸ ਉਲਝਣ, ਇਸ ਦੁਚਿੱਤੀ ਵਿੱਚ ਰਹਿਣਾ ਸਾਨੂੰ ਪਰੇਸ਼ਾਨ ਰੱਖਦਾ ਹੈ।”

ਅਲੀ ਪਰਿਵਾਰ ਕਈ ਮਾਅਨਿਆਂ ਵਿੱਚ ਮੁੰਬਈ ਦੇ ਇੱਕ ਸਧਾਰਨ ਪਰਿਵਾਰ ਜਿਹਾ ਸੀ ਜਿਸ ਨੂੰ ਪਰਵਾਸ ਅਤੇ ਤਿਆਗ ਨੇ ਅਕਾਰ ਦਿੱਤਾ ਸੀ। ਪਿਤਾ ਦਾ ਸਾਇਆ ਸਿਰ ਤੋਂ ਜਲਦੀ ਉੱਠ ਗਿਆ ਸੀ। ਬੱਚਿਆਂ ਦੀ ਪਰਵਰਿਸ਼ ਮੁੰਬਈ ਵਿੱਚ ਦਾਦੀ ਨੇ ਕੀਤੀ ਜਦਕਿ ਮਾਂ ਕਈ ਸਾਲ ਤੱਕ ਦੁਬਈ ਵਿੱਚ ਕੰਮ ਕਰਦੀ ਰਹੀ।

ਜਾਵੇਦ ਬਾਅਦ ਵਿੱਚ ਬ੍ਰਿਟੇਨ ਚਲੇ ਗਏ। ਉਹ ਉਨ੍ਹਾਂ ਹਜ਼ਾਰਾਂ ਭਾਰਤੀਆਂ ਵਿੱਚ ਸ਼ਾਮਲ ਸੀ ਜੋ ਆਰਥਿਕ ਸਥਿਰਤਾ ਦੀ ਤਲਾਸ਼ ਵਿੱਚ ਵਿਦੇਸ਼ ਜਾਂਦੇ ਹਨ, ਪਰ ਭਾਵਨਾਤਮਕ ਰੂਪ ਵਿਚ ਆਪਣੇ ਪਰਿਵਾਰ ਨਾਲ ਜੁੜੇ ਰਹਿੰਦੇ ਹਨ। ਉੱਥੇ ਉਨ੍ਹਾਂ ਦੀ ਮੁਲਾਕਾਤ ਮਰੀਅਮ ਨਾਲ ਹੋਈ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ। ਮਰੀਅਮ ਲੰਦਨ ਦੇ ਹੈਰਡਸ ਵਿੱਚ ਕੰਮ ਕਰਦੀ ਸੀ। ਉਨ੍ਹਾਂ ਦੇ ਬੱਚੇ ਜੈਨ ਅਤੇ ਅਮਾਨੀ ਉੱਥੇ ਹੀ ਪੈਦਾ ਹੋਏ।

ਭਾਰਤ ਦੀ ਉਨ੍ਹਾਂ ਦੀ ਇੱਕ ਯਾਤਰਾ ਖਾਸ ਹੋਣੀ ਚਾਹੀਦੀ ਸੀ। ਪਹਿਲੀ ਵਾਰ ਇਹ ਜੋੜਾ ਆਪਣੇ ਬੱਚਿਆਂ ਨੂੰ ਭਾਰਤ ਲਿਆਇਆ ਸੀ।

ਪਰ ਪਰਿਵਾਰ ਦਾ ਦੁੱਖ ਦੁਰਘਟਨਾ ‘ਤੇ ਖਤਮ ਨਹੀਂ ਹੋਇਆ। ਮਰੀਅਮ ਦੀ ਮਾਂ, ਜੋ ਬ੍ਰਿਟੇਨ ਵਿੱਚ ਜਾਵੇਦ ਅਤੇ ਮਰੀਅਮ ਦੇ ਨਾਲ ਰਹਿੰਦੀ ਸੀ, ਪਿਛਲੇ ਸਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਕਈ ਸਾਲਾਂ ਤੋਂ ਬਿਮਾਰ ਸੀ, ਪਰ ਇਮਤਿਆਜ਼ ਉਨ੍ਹਾਂ ਦੀ ਮੌਕ ਨੂੰ ਉਸ ਹਾਦਸੇ ਤੋਂ ਵੱਖ ਨਹੀਂ ਕਰ ਪਾਉਂਦੇ। ਉਨ੍ਹਾਂ ਨੇ ਕਿਹਾ, “ਕਿਸੇ ਵੀ ਬਿਮਾਰੀ ਦੇ ਮੁਕਾਬਲੇ, ਗਮ ਨੇ ਉਨ੍ਹਾਂ ਨੂੰ ਤੇਜ਼ੀ ਨਾਲ ਘੇਰਿਆ।”

ਇਸ ਨਾਲ ਉਨ੍ਹਾਂ ਦਾ ਆਪਣੀ ਮਾਂ ਲਈ ਡਰ ਹੋਰ ਗਹਿਰਾ ਹੋ ਗਿਆ ਹੈ ਜਿਨ੍ਹਾਂ ਦਾ ਜਾਵੇਦ ਨਾਲ ਮਜ਼ਬੂਤ ਰਿਸ਼ਤਾ ਸੀ। ਇਮਤਿਆਜ਼ ਨੇ ਕਿਹਾ, “ਉਹ ਦੋਹੇਂ ਸਾਰਾ ਦਿਨ ਗੱਲਾਂ ਕਰਦੇ ਰਹਿੰਦੇ ਸੀ। ਹੁਣ, ਉਹੀ ਖ਼ਾਮੋਸ਼ੀ ਉਨ੍ਹਾਂ ਨੂੰ ਮਾਰ ਰਹੀ ਹੈ।”

ਮੈਂ ਉਨ੍ਹਾਂ ਨੂੰ ਝੂਠ ਬੋਲਿਆ

ਦੁਰਘਟਨਾ ਦੇ ਬਾਅਦ ਕਈ ਦਿਨਾਂ ਤੱਕ ਉਨ੍ਹਾਂ ਨੇ ਆਪਣੀ ਮਾਂ ਨੂੰ ਸੱਚਾਈ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਦਿਲ ਦੀ ਮਰੀਜ਼ ਸੀ। ਏਅਰ ਇੰਡੀਆ ਅਧਿਕਾਰੀਆਂ ਅਤੇ ਡਾਕਟਰਾਂ ਨੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਇੱਕ ਮਨੋਵਿਗਿਆਨਕ ਨੂੰ ਬੁਲਾਇਆ ਗਿਆ। ਉਨ੍ਹਾਂ ਦਾ ਦਿਲ ਨਾਜ਼ੁਕ ਸੀ ਅਤੇ ਪਰਿਵਾਰ ਨੂੰ ਡਰ ਸੀ ਕਿ ਸਦਮਾ ਉਨ੍ਹਾਂ ਦੀ ਜਾਨ ਵੀ ਲੈ ਸਕਦਾ ਹੈ।

ਇਸ ਲਈ ਖ਼ਬਰ ਟੁਕੜਿਆਂ ਵਿੱਚ ਦਿੱਤੀ ਗਈ। ਪਹਿਲਾਂ ਦੱਸਿਆ ਗਿਆ-ਹਾਦਸਾ ਹੋਇਆ ਹੈ। ਮਰੀਅਮ ਅਤੇ ਬੱਚੇ ਜ਼ਖਮੀ ਹਨ। ਉਨ੍ਹਾਂ ਲਈ ਦੁਆ ਕਰੋ। ਕੁਝ ਘੰਟਿਆਂ ਬਾਅਦ ਕਿਹਾ ਗਿਆ- ਮਰੀਅਮ ਦੀ ਹਾਲਤ ਗੰਭੀਰ ਹੈ। ਉਹ ਵਾਰ-ਵਾਰ ਪੁੱਛਦੀ ਰਹੀ, “ਜਾਵੇਦ ਦਾ ਕੀ ਹੋਇਆ ? ਬੱਚਿਆਂ ਦਾ ਕੀ ਹੋਇਆ?”

ਇਮਤਿਆਜ਼ ਨੇ ਕਿਹਾ, “ਮੈਂ ਉਨ੍ਹਾਂ ਨੂੰ ਝੂਠ ਬੋਲਿਆ। ਮੈਂ ਕਿਹਾ ਉਹ ਠੀਕ ਹਨ।”

ਕਿਸੇ ਦੇ ਸਾਫ਼-ਸਾਫ਼ ਕੁਝ ਕਹਿਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਕੁਝ ਗੜਬੜ ਹੈ। ਉਨ੍ਹਾਂ ਨੇ ਕਿਹਾ, “ਜਦੋਂ ਮੇਰਾ ਬੇਟਾ ਗਿਆ, ਤਾਂ ਉਸ ਨੇ ਦੋ ਦਿਨ ਤੱਕ ਮੈਨੂੰ ਫੋਨ ਨਹੀਂ ਕੀਤਾ। ਉਸ ਨੇ ਕਦੇ ਅਜਿਹਾ ਨਹੀਂ ਕੀਤਾ।”

ਇਮਤਿਆਜ਼ ਅਲੀ ਦਾ ਬਿਆਨ

ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਖ਼ਾਮੋਸ਼ੀ ਨੇ ਉਨ੍ਹਾਂ ਨੂੰ ਬੇਚੈਨ ਕਰ ਦਿੱਤਾ। ਉਨ੍ਹਾਂ ਨੇ ਕਿਹਾ, “ਮੈਂ ਸੌਂ ਨਹੀਂ ਸਕੀ। ਵਾਰ-ਵਾਰ ਪੁੱਛਦੀ ਰਹੀ। ਮੇਰਾ ਬੇਟਾ ਕਿੱਥੇ ਹੈ?”

ਆਖ਼ਿਰਕਾਰ ਉਨ੍ਹਾਂ ਨੂੰ ਅਹਿਮਦਾਬਾਦ ਲਿਜਾਇਆ ਗਿਆ। ਬਹਾਨਾ ਬਣਾਇਆ ਗਿਆ ਕਿ ਕਿਸੇ ਬਿਮਾਰ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਉਹ ਹੋਟਲ ਦੇ ਕਮਰੇ ਵਿੱਚ ਦਾਖਲ ਹੋਈ, ਜਿੱਥੇ ਪਰਿਵਾਰ ਇਕੱਠਾ ਸੀ। ਉਨ੍ਹਾਂ ਨੂੰ ਸਭ ਸਮਝ ਆ ਗਿਆ। ਇਮਤਿਆਜ਼ ਦੱਸਦੇ ਹਨ, “ਮੈਂ ਉਨ੍ਹਾਂ ਨੂੰ ਦੱਸਿਆ ਕਿ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਾਵੇਦ ਮਰ ਚੁੱਕਾ ਹੈ।”

ਜਦੋਂ ਇਮਤਿਆਜ਼ ਬੋਲ ਰਹੇ ਸੀ, ਬਾਹਰ ਸ਼ਹਿਰ ਗਰਮੀ ਨਾਲ ਤਪ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਦੁੱਖ ਹੈ ਕਿ ਜਾਂਦਾ ਹੀ ਨਹੀਂ। ਉਨ੍ਹਾਂ ਦੀ ਮਾਂ ਅੱਜ ਵੀ ਜਾਵੇਦ ਬਾਰੇ ਹੁਣ ਵੀ ਇਸ ਤਰ੍ਹਾਂ ਗੱਲ ਕਰਦੀ ਹੈ ਜਿਵੇਂ ਉਹ ਮੌਜੂਦ ਹੋਵੇ। ਪਰਿਵਾਰ ਦੇ ਖਾਣੇ ਵਿੱਚ ਉਸ ਦੇ ਪਸੰਦੀਦਾ ਪਕਵਾਨ ਹੁਣ ਵੀ ਸ਼ਾਮਿਲ ਰਹਿੰਦੇ ਹਨ। ਭੈਣ-ਭਰਾਵਾਂ ਦੀ ਗੱਲਬਾਤ ਉੱਥੇ ਹੀ ਰੁਕ ਜਾਂਦਾ ਹੈ ਜਿੱਥੇ ਜਾਵੇਦ ਦੀ ਅਵਾਜ਼ ਖ਼ਾਮੋਸ਼ੀ ਨੂੰ ਭਰ ਦਿਆ ਕਰਦੀ ਸੀ।

‘ਅਸੀਂ ਉਨ੍ਹਾਂ ‘ਤੇ ਭਰੋਸਾ ਕੀਤਾ ਸੀ’

ਸਭ ਤੋਂ ਮੁਸ਼ਕਿਲ ਸਮਾਂ ਸਤੰਬਰ ਵਿੱਚ ਆਇਆ, ਜਦੋਂ ਉਨ੍ਹਾਂ ਦੀ ਮਾਂ ਦੀ ਦਿਲ ਦੀ ਬਿਮਾਰੀ ਵਿਗੜ ਗਈ। ਡਾਕਟਰਾਂ ਨੇ ਤਿੰਨ ਹੋਰ ਸਟੈਂਟ ਲਗਾਏ, ਜੋ ਕੁੱਲ ਪੰਜ ਹੋ ਗਏ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਤਣਾਅ ਉਨ੍ਹਾਂ ਦੀ ਦਿਲ ਦੀ ਬਿਮਾਰੀ, ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਨੂੰ ਹੋਰ ਵਧਾ ਰਿਹਾ ਹੈ। ਇਮਤਿਆਜ਼ ਨੇ ਕਿਹਾ, “ਜਦੋਂ ਉਹ ਜਾਵੇਦ ਨੂੰ ਯਾਦ ਕਰਕੇ ਰੋਂਦੀ ਹੈ ਤਾਂ ਉਨ੍ਹਾਂ ਦਾ ਸ਼ੂਗਰ ਲੈਵਲ ਅਚਾਨਕ ਵਧ ਜਾਂਦਾ ਹੈ।”

ਅਤੇ ਉਸੇ ਦੇ ਨਾਲ ਏਅਰ ਇੰਡੀਆ ਅਤੇ ਟਾਟਾ ਗਰੁੱਪ ਅਧਿਕਾਰੀਆਂ ਨੂੰ ਲੈ ਕੇ ਉਨ੍ਹਾਂ ਦੀ ਨਰਾਜ਼ਗੀ ਹੋਰ ਵਧ ਗਈ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਮਹੀਨਿਆਂ ਤੱਕ ਜਾਂਚ ਦੀ ਜਾਣਕਾਰੀ, ਸਮਾਨ ਦੀ ਵਾਪਸੀ ਅਤੇ ਉਸ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕਰਦਾ ਰਿਹਾ, ਜਿਸ ਦਾ ਵਾਅਦਾ ਕੀਤਾ ਗਿਆ ਸੀ। ਜਵਾਬ ਅਕਸਰ ਦੇਰੀ ਨਾਲ ਮਿਲਦੇ ਸੀ ਅਤੇ ਅਸਪਸ਼ਟ ਹੁੰਦੇ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਕਾਰਵਾਈ ਉਦੋਂ ਹੀ ਹੁੰਦੀ ਸੀ ਜਦੋਂ ਮੀਡੀਆ ਦਾ ਧਿਆਨ ਜਾਂਦਾ ਸੀ ਜਾਂ ਜਨਤਕ ਦਬਾਅ ਬਣਦਾ ਸੀ। ਟਾਟਾ ਨਾਲ ਜੁੜੀਆਂ ਸਹਾਇਤਾ ਯੋਜਨਾਵਾਂ ਤਹਿਤ ਇੱਕ ਵਾਰ ਤਾਂ ਡਾਕਟਰਾਂ ਨੇ ਉਨ੍ਹਾਂ ਦੀ ਮਾਂ ਦੀ ਜਾਂਚ ਕਰਨ ਵਿੱਚ ਮਹੀਨੇ ਲਗਾ ਦਿੱਤੇ।

ਫਰੀਦੋ ਬਾਨੋ ਦਾ ਬਿਆਨ

ਇਮਤਿਆਜ਼ ਨੇ ਹੌਲੀ ਅਵਾਜ਼ ਵਿੱਚ ਕਿਹਾ, “ਅਸੀਂ ਉਨ੍ਹਾਂ ‘ਤੇ ਭਰੋਸਾ ਕੀਤਾ ਸੀ। ਸਾਨੂੰ ਲੱਗਿਆ ਸੀ ਕਿ ਉਹ ਸਾਡੇ ਨਾਲ ਖੜ੍ਹੇ ਰਹਿਣਗੇ।”

ਬੀਬੀਸੀ ਨੇ ਪਰਿਵਾਰ ਦੇ ਇਲਜ਼ਾਮਾਂ ‘ਤੇ ਟਿੱਪਣੀ ਲਈ ਏਅਰ ਇੰਡੀਆ ਨਾਲ ਸੰਪਰਕ ਕੀਤਾ ਹੈ।

ਜਹਾਜ਼ ਹਾਦਸੇ ਦੀ ਜਾਂਚ ਗੁੰਝਲਦਾਰ ਹੁੰਦੀ ਹੈ ਅਤੇ ਇਸ ਵਿੱਚ ਅਕਸਰ ਮਹੀਨੇ ਲਗਦੇ ਹਨ। ਕੌਮਾਂਤਰੀ ਹਵਾਬਾਜ਼ੀ ਨਿਯਮਾਂ ਦੇ ਤਹਿਤ ਅੰਤਿਮ ਰਿਪੋਰਟ ਆਮ ਤੌਰ ‘ਤੇ ਇੱਕ ਸਾਲ ਦੇ ਅੰਦਰ ਆ ਜਾਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਅੰਤਰਿਮ ਰਿਪੋਰਟ ਦੁਰਘਟਨਾ ਦੇ ਇੱਕ ਮਹੀਨੇ ਬਾਅਦ ਜਾਰੀ ਹੋਈ ਸੀ। ਪਰ ਪਰਿਵਾਰਾਂ ਲਈ ਤਕਨੀਕੀ ਵੇਰਵੇ ਕੇਵਲ ਦਰਦ ਵਧਾਉਂਦੇ ਹਨ।

ਇਮਤਿਆਜ਼ ਨੇ ਕਿਹਾ, “ਅਸੀਂ ਆਧੁਨਿਕ ਦੇਸ਼ ਵਿੱਚ ਰਹਿੰਦੇ ਹਾਂ। ਅਸੀਂ ਜਵਾਬਾਂ ਲਈ ਇੱਕ ਸਾਲ ਕਿਉਂ ਇੰਤਜ਼ਾਰ ਕਰੀਏ?”

ਜਾਵੇਦ ਵੀ ਉਨ੍ਹਾਂ ਕਈ ਲੋਕਾਂ ਵਿੱਚ ਸੀ ਜਿਨ੍ਹਾਂ ਨੇ ਆਪਣੇ ਪਰਿਵਾਰ ਦਾ ਸਹਾਰਾ ਬਣਨ ਲਈ ਸਾਲਾਂ ਤੱਕ ਵਿਦੇਸ਼ ਵਿੱਚ ਕੰਮ ਕੀਤਾ। ਦੋਹਾਂ ਭਰਾਵਾਂ ਨੇ ਦੁਬਈ ਵਿੱਚ ਮਿਲ ਕੇ ਵਪਾਰ ਸ਼ੁਰੂ ਕਰਨ ਦੀ ਯੋਜਨਾ ਵੀ ਬਣਾਈ ਸੀ। ਸਿਰ ਝੁਕਾਉਂਦੇ ਹੋਏ ਇਮਤਿਆਜ਼ ਨੇ ਕਿਹਾ, “ਅਤੇ ਫਿਰ ਜ਼ਿੰਦਗੀ ਦਾ ਸਭ ਤੋਂ ਚੰਗਾ ਦੌਰ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਉਹ ਚਲਾ ਗਿਆ।”

ਉਨ੍ਹਾਂ ਦੇ ਨਾਲ ਬੈਠੀ ਮਾਂ ਨੇ ਕਿਹਾ, “ਹੁਣ ਮੈਨੂੰ ਰਿਪੋਰਟ ਦੀ ਪਰਵਾਹ ਨਹੀਂ। ਕੀ ਕੋਈ ਰਿਪੋਰਟ ਮੇਰਾ ਬੇਟਾ ਵਾਪਸ ਲਿਆ ਸਕਦੀ ਹੈ?”

‘ਉਸ ਨੇ ਕਿਹਾ ਸੀ ਕਿ ਉਹ ਜਲਦੀ ਹੀ ਵਾਪਸ ਆਏਗਾ’

ਉਨ੍ਹਾਂ ਲਈ ਹੁਣ ਇਹ ਦੁਖ ਛੋਟੀਆਂ-ਛੋਟੀਆਂ ਯਾਦਾਂ ਵਿੱਚ ਜਿਉਂਦਾ ਹੈ। ਉਹ ਜਾਵੇਦ ਦੇ ਅਹਿਮਦਾਬਾਦ ਜਾਣ ਤੋਂ ਪਹਿਲਾਂ ਦੀ ਰਾਤ ਦੇ ਖਾਣੇ ਨੂੰ ਯਾਦ ਕਰਦੀ ਹੈ, “ਬਹੁਤ ਹਾਸੀ ਖੁਸ਼ੀ ਵਾਲੀ ਰਾਤ ਸੀ। ਫਿਰ ਪੋਤੇ-ਪੋਤੀਆਂ ਦੀ ਪਹਿਲੀ ਲੰਬੀ ਮੁਲਾਕਾਤ, ਜਿਨ੍ਹਾਂ ਨੇ ਮੈਨੂੰ ਇੰਨੀ ਜ਼ੋਰ ਦੀ ਗਲੇ ਲਗਾਇਆ ਕਿ ਉਹ ਜਾਣਾ ਹੀ ਨਹੀਂ ਚਾਹੁੰਦੇ ਸੀ।”

ਇਸ ਪੂਰੀ ਯਾਤਰਾ ਦੌਰਾਨ ਜਾਵੇਦ ਉਨ੍ਹਾਂ ਦਾ ਖਿਆਲ ਰੱਖਦਾ ਰਿਹਾ। ਉਨ੍ਹਾਂ ਨੂੰ ਬਜ਼ਾਰ ਲੈ ਗਿਆ ਅਤੇ ਜ਼ਿਦ ਕਰਕੇ ਪੰਦਰਾਂ ਨਵੇਂ ਕੱਪੜੇ ਖਰੀਦ ਕੇ ਦਿੱਤੇ। ਉਨ੍ਹਾਂ ਨੇ ਕਿਹਾ “ਮੈਂ ਉਸ ਨੂੰ ਪੁੱਛਿਆ, ਕਿਉਂ । ਕੀ ਮੈਂ ਵਿਆਹ ਜਾਣਾ ਹੈ?”

ਅਤੇ ਇਹ ਕਹਿੰਦੇ ਕਹਿੰਦਿਆਂ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ।

ਅਹਿਮਦਾਬਾਦ ਜਹਾਜ਼ ਹਾਦਸੇ ਬਾਰੇ ਸੰਖੇਪ ਜਾਣਕਾਰੀ

ਮੁੰਬਈ ਵਿੱਚ ਆਪਣੀ ਆਖ਼ਰੀ ਰਾਤ ਉਹ ਆਪਣਾ ਸਿਰ ਉਨ੍ਹਾਂ ਦੀ ਗੋਦੀ ਵਿੱਚ ਰੱਖ ਕੇ ਸੁੱਤਾ ਸੀ। ਉਨ੍ਹਾਂ ਨੇ ਕਿਹਾ, “ਉਸ ਨੇ ਕਿਹਾ ਸੀ ਕਿ ਉਹ ਜਲਦੀ ਪਰਤ ਆਏਗਾ।”

ਸ਼ਾਮ ਨੂੰ ਜਦੋਂ ਮੁੰਬਈ ਦੀ ਗਰਮੀ ਥੋੜ੍ਹੀ ਘਟਣ ਲਗਦੀ ਹੈ, ਉਹ ਇਕੱਲੀ ਕਬਰਿਸਤਾਨ ਜਾਂਦੀ ਹੈ। ਸਾਥ ਵਿੱਚ ਉਹੀ ਖਾਣਾ ਲੈ ਜਾਂਦਾ ਹੈ ਜੋ ਜਾਵੇਦ ਨੂੰ ਪਸੰਦ ਸੀ- ਮਟਨ ਸਟਿਯੂ, ਫਿਸ਼ ਫਰਾਈ ਅਤੇ ਕਦੇ ਕਦੇ ਅੰਬ- ਇਸ ਤਰ੍ਹਾਂ ਪੈਕ ਕਰਕੇ ਜਿਵੇਂ ਉਹ ਹੁਣ ਵੀ ਪਰਤ ਆਵੇਗਾ। ਹੌਲੀ-ਹੌਲੀ ਬੈਠਦੀ ਹੈ। ਦਿਲ ਵਿੱਚ ਲੱਗੇ ਸਟੈਂਟਸ ਨੇ ਚੱਲਣਾ ਫਿਰਨਾ ਮੁਸ਼ਕਿਲ ਕਰ ਦਿੱਤਾ ਹੈ।

ਫਿਰ ਉਹ ਉਸ ਨਾਲ ਗੱਲ ਕਰਦੀ ਹੈ। ਉਹ ਹੌਲੀ ਅਵਾਜ਼ ਵਿੱਚ ਪੁਕਾਰਦੀ ਹੈ, “ਦੇਖੋ ਮੈਂ ਆ ਗਈ ਹਾਂ, ਮੇਰੇ ਬੇਟੇ, ਮੈਂ ਤੈਨੂੰ ਮਿਲਣ ਆਈ ਹਾਂ।”

ਜਿਸ ਦਿਨ ਪਰਿਵਾਰ ਨੂੰ ਏਅਰਲਾਈਨ ਤੋਂ ਜਾਵੇਦ ਦਾ ਟੁੱਟਿਆ ਹੋਇਆ ਸੂਟਕੇਸ ਮਿਲਿਆ, ਕਿਸੇ ਨੇ ਉਸ ਨੂੰ ਖੋਲ੍ਹਿਆ ਨਹੀਂ।

ਇਮਤਿਆਜ਼ ਨੇ ਕਿਹਾ, “ਉਹ ਅਲੱਗ ਰੱਖਿਆ ਹੈ, ਅਸੀਂ ਉਸ ਨੂੰ ਛੂਂਹਦੇ ਨਹੀਂ।”

ਅਜਿਹੇ ਪਲਾਂ ਨੇ ਇਮਤਿਆਜ਼ ਨੂੰ ਜਵਾਬਾਂ ਦੀ ਤਲਾਸ਼ ਵਿੱਚ ਡੁੱਬੋ ਦਿੱਤਾ ਹੈ। ਉਨ੍ਹਾਂ ਨੇ ਏਅਰਲਾਈਨ ਨੂੰ ਈਮੇਲ ਲਿਖੇ, ਵਕੀਲ ਰੱਖੇ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੁਰਘਟਨਾ ਕਿਵੇਂ ਹੋਈ। ਇੱਕ ਸਮੇਂ ਰਿਸ਼ਤੇਦਰਾਂ ਨੇ ਉਨ੍ਹਾਂ ਨੂੰ ਦੁਬਈ ਭੇਜ ਦਿੱਤਾ ਤਾਂ ਕਿ ਉਹ ਇਸ ਖੋਜ ਤੋਂ ਦੂਰ ਹੋ ਜਾਵੇ। ਉਸ ਤੋਂ ਬਾਅਦ ਉਨ੍ਹਾਂ ਨੂੰ ਪੈਨਿਕ ਅਟੈਕ ਆਉਣ ਲੱਗੇ। ਉਨ੍ਹਾਂ ਨੇ ਕਿਹਾ, “ਕਦੇ ਕਦੇ ਮੈਂ ਕੰਬਦੇ ਹੋਏ ਉੱਠਦਾ ਹਾਂ। ਲਗਦਾ ਹੈ ਜਿਵੇਂ ਮੈਂ ਫਿਰ ਉੱਥੇ ਹੀ ਹਾਂ- ਪਹਿਲਾ ਵਾਰ ਖ਼ਬਰ ਸੁਣ ਰਿਹਾ ਹਾਂ।”

‘ਕੁਝ ਸਵਾਲਾਂ ਦੇ ਜਵਾਬ ਸਿਰਫ਼ ਮ੍ਰਿਤਕ ਹੀ ਦੇ ਸਕਦੇ ਹਨ’

ਜਾਵੇਦ, ਮਰੀਅਮ ਅਤੇ ਦੋਹਾਂ ਦੇ ਬੱਚਿਆਂ ਜ਼ਯਾਨ ਤੇ ਆਮਾਨੀ ਦੀਆਂ ਲਾਸ਼ਾਂ ਵਾਲੇ ਚਾਰ ਬਕਸੇ।

ਤਸਵੀਰ ਸਰੋਤ, Imtiyaz Ali

ਕਈ ਮਹੀਨਿਆਂ ਤੱਕ ਇਮਤਿਆਜ਼ ਨੂੰ ਲਗਦਾ ਰਿਹਾ ਕਿ ਜਾਂਚ ਰਿਪੋਰਟ ਸ਼ਾਇਦ ਉਨ੍ਹਾਂ ਨੂੰ ਸ਼ਾਂਤੀ ਦੇਵੇਗੀ। ਪਰ ਉਨ੍ਹਾਂ ਨੂੰ ਸੰਭਾਲਣ ਵਾਲੀ ਚੀਜ਼ ਕੋਈ ਹੋਰ ਸੀ।

ਦਫ਼ਨ ਕੀਤੇ ਜਾਣ ਦੇ ਕੁਝ ਹਫ਼ਤਿਆਂ ਬਾਅਦ ਉਨ੍ਹਾਂ ਦੀ ਵੱਡੀ ਭੈਣ ਨੇ ਉਨ੍ਹਾਂ ਨੂੰ ਜਾਵੇਦ ਦਾ ਪੁਰਾਣਾ ਆਡੀਓ ਸੰਦੇਸ਼ ਭੇਜਿਆ। ਇਹ ਸੰਦੇਸ਼ ਦੁਰਘਟਨਾ ਤੋਂ ਪਹਿਲਾਂ ਰਿਕਾਰਡ ਕੀਤਾ ਗਿਆ ਸੀ। ਉਸ ਵਿੱਚ ਜਾਵੇਦ ਨੇ ਇੱਕ ਸੁਫ਼ਨੇ ਬਾਰੇ ਦੱਸਿਆ ਸੀ- ਦੋ ਫ਼ਰਿਸ਼ਤੇ ਉਸ ਦੇ ਕੋ ਆਏ ਸੀ ਅਤੇ ਉਸ ਨੂੰ ਲੈ ਜਾਣ ਤੋਂ ਪਹਿਲਾਂ ਗੁਲਾਬ ਜਿਹੀ ਖੁਸ਼ਬੂ ਵਿੱਚ ਨਵਾਇਆ ਗਿਆ।

ਰਿਕਾਰਡਿੰਗ ਵਿੱਚ ਜਾਵੇਦ ਨੇ ਕਿਹਾ ਸੀ, “ਜਦੋਂ ਮੈਂ ਜਾਗਿਆ ਤਾਂ ਵੀ ਉਹੀ ਖੁਸ਼ਬੂ ਆ ਰਹੀ ਸੀ।”

ਇਹ ਸੁਣਨ ਬਾਅਦ ਇਮਤਿਆਜ਼ ਚੁੱਪ ਚਾਪ ਬੈਠੇ ਰਹੇ। ਅੱਖਾਂ ਵਿੱਚ ਅੱਥਰੂ ਭਰ ਆਏ।

ਇਸਲਾਮੀ ਪਰੰਪਰਾ ਵਿੱਚ ਸ਼ਹਾਦਤ ਨੂੰ ਅਧਿਆਤਮਕ ਪਵਿੱਤਰਤਾ ਨਾਲ ਜੋੜਿਆ ਜਾਂਦਾ ਹੈ। ਪਰਿਵਾਰ ਅਕਸਰ ਅਜਿਹੀ ਮੌਤ ਨੂੰ ਸਨਮਾਨਿਤ ਮੌਤ ਕਹਿ ਕੇ ਦਿਲਾਸਾ ਲੈੰਦੇ ਹਨ।

ਅੰਤਿਮ ਸੰਸਕਾਰ ਤੋਂ ਬਾਅਦ ਰਿਸ਼ਤੇਦਾਰਾਂ ਨੇ ਇਮਤਿਆਜ਼ ਨੂੰ ਕਿਹਾ ਕਿ ਜਾਵੇਦ ਨੇ ਸਨਮਾਨ ਜਨਕ ਮੌਤ ਪਾਈ ਹੈ। ਉਸ ਸਮੇਂ ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ। ਪਰ ਭਰਾ ਦੀ ਅਵਾਜ਼ ਸੁਣ ਕੇ ਕੁਝ ਬਦਲ ਗਿਆ।

ਉਨ੍ਹਾਂ ਨੇ ਕਿਹਾ, “ਇਹੀ ਜਵਾਬ ਮੈਨੂੰ ਚਾਹੀਦਾ ਸੀ। ਉਸ ਨੂੰ ਸ਼ਾਂਤੀ ਮਿਲ ਗਈ ਹੈ।”

ਜਾਂਚ ਰਿਪੋਰਟ ਸ਼ਾਇਦ ਦੱਸੇਗੀ ਕਿ ਜਹਾਜ਼ ਕਿਵੇਂ ਦੁਰਘਟਨਾ ਗ੍ਰਸਤ ਹੋਇਆ। ਪਰ ਉਸ ਵਾਇਸ ਨੋਟ ਨੇ ਉਨ੍ਹਾਂ ਨੂੰ ਜਿਉਣਾ ਸਿਖਾਇਆ।

ਬਾਹਰ ਸ਼ਾਮ ਹੋ ਰਹੀ ਸੀ। ਕਿਤੋਂ ਨਮ ਹਵਾ ਵਿੱਚ ਅਜ਼ਾਨ ਦੀ ਅਵਾਜ਼ ਉੱਠੀ।

ਇਮਤਿਆਜ਼ ਨੇ ਕਿਹਾ, “ਕੁਝ ਸਵਾਲ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਜਵਾਬ ਸਿਰਫ਼ ਮਾਰੇ ਗਏ ਲੋਕ ਹੀ ਦੇ ਸਕਦੇ ਹਨ। “

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI