Source :- BBC PUNJABI
ਤਸਵੀਰ ਸਰੋਤ, @Dr.Rafael Costa/YouTube
82 ਸਾਲਾ ਸੇਲੀ ਫਰੇਰਾ ਯੂਟਿਊਬ ਦੇਖ ਰਹੇ ਸਨ ਕਿ ਅਚਾਨਕ ਸਕ੍ਰੀਨ ‘ਤੇ ਇੱਕ ਡਾਕਟਰ ਨਜ਼ਰ ਆਇਆ ਅਤੇ ਉਸ ਨੇ ਸੁਝਾਅ ਦਿੱਤਾ ਕਿ ਫਲ ਖਾਣ ਨਾਲ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਸੁਰੱਖਿਅਤ ਰਹਿ ਸਕਦੀ ਹੈ। ਇਹ ਸਲਾਹ ਉਨ੍ਹਾਂ ਨੂੰ ਤਰਕਸੰਗਤ ਲੱਗੀ।
ਪਰ ਇਹ ਕੋਈ ਅਸਲੀ ਮੈਡੀਕਲ ਚੈਨਲ ਨਹੀਂ ਸੀ ਅਤੇ ਨਾ ਹੀ ਉਹ ਡਾਕਟਰ ਅਸਲੀ ਸੀ।
ਉਸਦਾ ਚਿਹਰਾ ਅਤੇ ਆਵਾਜ਼ ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਤਿਆਰ ਕੀਤੇ ਗਏ ਸਨ।
ਇਸ ਵੀਡੀਓ ਨੂੰ ਲਗਭਗ 3 ਲੱਖ ਵਾਰ ਦੇਖਿਆ ਜਾ ਚੁੱਕਾ ਸੀ ਅਤੇ ਇਸ ‘ਤੇ ਸੈਂਕੜੇ ਕਮੈਂਟ ਆ ਚੁੱਕੇ ਸਨ।
ਫਰੇਰਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਉਹ ਕਿਸੇ ਅਸਲੀ ਡਾਕਟਰ ਦੀ ਗੱਲ ਸੁਣ ਰਹੀ ਹੈ।
ਇਹ ਕੋਈ ਇਕੱਲੀ ਘਟਨਾ ਨਹੀਂ ਹੈ। ਇੱਕ ਜਾਂਚ ਵਿੱਚ ਅਜਿਹੇ 29 ਪੁਰਤਗਾਲੀ-ਭਾਸ਼ਾ ਵਾਲੇ ਚੈਨਲਾਂ ਦੀ ਪਹਿਚਾਣ ਕੀਤੀ ਗਈ ਹੈ, ਜੋ ਏਆਈ ਡਾਕਟਰਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੇ ਵੀਡੀਓ ਘੱਟੋ-ਘੱਟ 7 ਕਰੋੜ ਵਾਰ ਦੇਖੇ ਜਾ ਚੁੱਕੇ ਹਨ।
ਇਸ ਤਰ੍ਹਾਂ ਦੀ ਸਮੱਗਰੀ ਦੀ ਪਹੁੰਚ ਦੁਨੀਆ ਭਰ ਵਿੱਚ ਫੈਲੀ ਹੋਈ ਹੈ। ਬੀਬੀਸੀ ਨਿਊਜ਼ ਬ੍ਰਾਜ਼ੀਲ ਨੇ ਘੱਟੋ-ਘੱਟ 50 ਯੂਟਿਊਬ ਟਿਊਟੋਰਿਅਲ ਚੈਨਲਾਂ ਦੀ ਪਹਿਚਾਣ ਕੀਤੀ ਹੈ, ਜੋ ਲੋਕਾਂ ਨੂੰ ਪੁਰਤਗਾਲੀ, ਅੰਗਰੇਜ਼ੀ, ਹਿੰਦੀ, ਸਪੇਨੀ, ਫਰਾਂਸੀਸੀ, ਇਟਾਲਿਅਨ, ਪੋਲਿਸ਼, ਜਰਮਨ ਅਤੇ ਤੁਰਕੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਏਆਈ ਡਾਕਟਰਾਂ ਦੇ ਨਾਲ ਵੀਡੀਓ ਬਣਾਉਣਾ ਸਿਖਾਉਂਦੇ ਹਨ।
ਇਹ ਵੀਡੀਓ ਖ਼ਾਸ ਤੌਰ ‘ਤੇ ਬਜ਼ੁਰਗ ਦਰਸ਼ਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਇਨ੍ਹਾਂ ਚੈਨਲਾਂ ਦਾ ਮੰਨਣਾ ਹੈ ਕਿ ਬਜ਼ੁਰਗਾਂ ਕੋਲ ਵੀਡੀਓ ਦੇਖਣ ਲਈ ਵੱਧ ਸਮਾਂ ਹੁੰਦਾ ਹੈ ਅਤੇ ਉਨ੍ਹਾਂ ਕੋਲ ਉਤਪਾਦ ਖਰੀਦਣ ਲਈ ਵਾਧੂ ਆਮਦਨ ਵੀ ਹੁੰਦੀ ਹੈ।
ਇੱਕ ਅਸਲੀ ਡਾਕਟਰ, ਜਿਸ ਦੀ ਤਸਵੀਰ ਦਾ ਅਜਿਹੀ ਹੀ ਇੱਕ ਵੀਡੀਓ ਵਿੱਚ ਗਲਤ ਢੰਗ ਨਾਲ ਇਸਤੇਮਾਲ ਕੀਤਾ ਗਿਆ ਸੀ, ਨੇ ਚੇਤਾਵਨੀ ਦਿੱਤੀ ਹੈ ਕਿ ਨਕਲੀ ਡਾਕਟਰਾਂ ਵੱਲੋਂ ਦਿੱਤੀ ਗਈ ਸਲਾਹ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ “ਬਜ਼ੁਰਗ ਲੋਕਾਂ ਦੀ ਜ਼ਿੰਦਗੀ ਲਈ ਖ਼ਤਰਾ ਬਣ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਘਾਤਕ ਨੁਕਸਾਨ ਪਹੁੰਚਾ ਸਕਦੀਆਂ ਹਨ।”
ਯੂਟਿਊਬ ਦੀ ਆਨਰ ਕੰਪਨੀ ਗੂਗਲ ਨੇ ਕਿਹਾ ਹੈ ਕਿ ਪਲੇਟਫਾਰਮ ਦੇ ਨਿਯਮ ਏਆਈ ਸਮੱਗਰੀ ‘ਤੇ ਲਾਗੂ ਹੁੰਦੇ ਹਨ। ਇਹ ਨਿਯਮ ਅਜਿਹੀ ਗਲਤ ਮੈਡੀਕਲ ਜਾਣਕਾਰੀ ਦੇ ਪ੍ਰਸਾਰ ‘ਤੇ ਰੋਕ ਲਗਾਉਂਦੇ ਹਨ, ਜੋ ਲੋਕਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।
ਤਸਵੀਰ ਸਰੋਤ, Celi Ferreira
ਇਨ੍ਹਾਂ ਵੀਡੀਓਜ਼ ਦਾ ਫ਼ਾਰਮੂਲਾ ਕਾਫ਼ੀ ਸਧਾਰਨ ਹੁੰਦਾ ਹੈ, ਚਿੱਟਾ ਕੋਟ ਪਹਿਨਿਆ ਇੱਕ ਭਰੋਸੇਯੋਗ ਚਿਹਰਾ ਅਤੇ ਇੱਕ ਸ਼ਾਂਤ ਨਕਲੀ ਆਵਾਜ਼ ਦਰਸ਼ਕਾਂ ਨੂੰ ਚੇਤਾਵਨੀ ਦਿੰਦੀ ਹੈ ਕਿ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਕਿਹੜਾ ਖਾਣਾ, ਦਵਾਈ ਜਾਂ ਆਦਤ ਬਜ਼ੁਰਗਾਂ ਲਈ ਚੁੱਪਚਾਪ ਖ਼ਤਰਾ ਬਣ ਸਕਦੀ ਹੈ।
ਇਸ ਤੋਂ ਬਾਅਦ ਉਹ ਇੱਕ ਅਜਿਹੀ ਦਵਾਈ ਜਾਂ ਇਲਾਜ ਦੀ ਸਿਫ਼ਾਰਸ਼ ਕਰਦੇ ਹਨ, ਜਿਸ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ।
ਬਜ਼ੁਰਗ ਵੀਡੀਓਜ਼ ਦੇਖ ਕੇ ਕੀ ਕਰ ਰਹੇ ਹਨ
ਕੁਝ ਮਾਮਲਿਆਂ ਵਿੱਚ ਇਹ ਡਾਕਟਰ ਪੂਰੀ ਤਰ੍ਹਾਂ ਕਾਲਪਨਿਕ ਹੁੰਦੇ ਹਨ। ਹੋਰ ਮਾਮਲਿਆਂ ਵਿੱਚ, ਏਆਈ ਅਸਲੀ ਡਾਕਟਰਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਚਿਹਰੇ, ਆਵਾਜ਼ ਜਾਂ ਪਛਾਣ ਦੀ ਨਕਲ ਕਰਦੀ ਹੈ। ਦੋਵੇਂ ਹੀ ਹਾਲਤਾਂ ਵਿੱਚ ਦਰਸ਼ਕਾਂ ਨੂੰ ਇਹ ਮਹਿਸੂਸ ਹੋ ਸਕਦਾ ਹੈ ਕਿ ਕੋਈ ਯੋਗ ਅਤੇ ਤਜਰਬੇਕਾਰ ਡਾਕਟਰ ਉਨ੍ਹਾਂ ਨੂੰ ਸਹੀ ਸਲਾਹ ਦੇ ਰਿਹਾ ਹੈ।
ਬ੍ਰਾਜ਼ੀਲ ਦੀ ਗੈਰ-ਮੁਨਾਫ਼ਾ ਪੱਤਰਕਾਰਤਾ ਸੰਸਥਾ ਕੰਟਰੋਲ+ਜ਼ੈੱਡ (CTRL+Z) ਦੀ ਇੱਕ ਰਿਪੋਰਟ ਵਿੱਚ ਅਜਿਹੇ 29 ਪੁਰਤਗਾਲੀ-ਭਾਸ਼ਾ ਵਾਲੇ ਚੈਨਲਾਂ ਦੀ ਪਛਾਣ ਕੀਤੀ ਗਈ, ਜੋ ਏਆਈ ਨਾਲ ਤਿਆਰ ਕੀਤੇ ਡਾਕਟਰਾਂ ਦੀ ਵਰਤੋਂ ਕਰਦੇ ਹਨ। ਬੀਬੀਸੀ ਨਿਊਜ਼ ਬ੍ਰਾਜ਼ੀਲ ਨੇ ਇਨ੍ਹਾਂ ਚੈਨਲਾਂ ਦੀ ਸਮੀਖਿਆ ਕਰਕੇ ਹੋਰ ਸਮਾਨ ਚੈਨਲਾਂ, ਮਿਲਦੇ-ਜੁਲਦੇ ਸਿਰਲੇਖਾਂ ਅਤੇ ਹੋਰ ਪੈਟਰਨਾਂ ਦੀ ਵੀ ਖੋਜ ਕੀਤੀ।
ਅਸੀਂ ਇਨ੍ਹਾਂ ਯੂਟਿਊਬ ਚੈਨਲਾਂ ਦੇ ਵੀਡੀਓਜ਼ ‘ਤੇ ਪੋਸਟ ਕੀਤੀਆਂ ਲਗਭਗ 27,000 ਟਿੱਪਣੀਆਂ ਨੂੰ ਇਕੱਠਾ ਕੀਤਾ ਅਤੇ ਇੱਕ ਜਾਂਚ ਪ੍ਰਕਿਰਿਆ ਰਾਹੀਂ ਉਹਨਾਂ ਉਪਭੋਗਤਾਵਾਂ ਦੀ ਪਛਾਣ ਕੀਤੀ, ਜਿਨ੍ਹਾਂ ਨੇ ਆਪਣੇ ਵਿਹਾਰ ਵਿੱਚ ਹੋਏ ਬਦਲਾਵਾਂ ਬਾਰੇ ਜਾਣਕਾਰੀ ਦਿੱਤੀ ਸੀ। ਇਸੇ ਪ੍ਰਕਿਰਿਆ ਦੌਰਾਨ ਫਰੇਰਾ ਦਾ ਵੀ ਪਤਾ ਲੱਗਾ।
ਆਪਣੇ ਆਪ ਨੂੰ ਬਜ਼ੁਰਗ ਦੱਸਣ ਵਾਲੇ ਦਰਜਨਾਂ ਲੋਕਾਂ ਦੀਆਂ ਟਿੱਪਣੀਆਂ ਵਿੱਚ ਇਹ ਦਰਸਾਇਆ ਗਿਆ ਹੈ ਕਿ ਉਹ ਏਆਈ ਡਾਕਟਰਾਂ ਦੀ ਸਲਾਹ ਮੰਨ ਕੇ ਜਾਂ ਤਾਂ ਘਰੇਲੂ ਇਲਾਜ ਸ਼ੁਰੂ ਕਰ ਰਹੇ ਹਨ ਜਾਂ ਫਿਰ ਪਹਿਲਾਂ ਤੋਂ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਲੈਣੀਆਂ ਬੰਦ ਕਰ ਰਹੇ ਹਨ।
ਤਸਵੀਰ ਸਰੋਤ, YouTube
ਇੱਕ ਟਿੱਪਣੀ ਵਿੱਚ 85 ਸਾਲਾ ਇੱਕ ਉਪਭੋਗਤਾ ਨੇ ਦੱਸਿਆ ਕਿ ਉਸ ਨੇ ਐਸਿਡਿਟੀ ਘਟਾਉਣ ਲਈ ਵਰਤੀ ਜਾਣ ਵਾਲੀ ਦਵਾਈ ਓਮੇਪ੍ਰਾਜ਼ੋਲ ਦੀ ਥਾਂ ਸ਼ਕਰਕੰਦੀ ਖਾਣੀ ਸ਼ੁਰੂ ਕਰ ਦਿੱਤੀ ਹੈ। ਇੱਕ ਹੋਰ ਟਿੱਪਣੀ ਵਿੱਚ 77 ਸਾਲਾ ਇੱਕ ਔਰਤ ਨੇ ਲਿਖਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਕਿਸੇ ਡਾਕਟਰ ਕੋਲ ਨਹੀਂ ਗਈ ਅਤੇ ਅਲਜ਼ਾਈਮਰ ਬਾਰੇ ਸਲਾਹ ਦੇਣ ਲਈ ਏਆਈ ਡਾਕਟਰ ਦਾ ਧੰਨਵਾਦ ਕਰਦੀ ਹੈ।
ਬੀਬੀਸੀ ਨਿਊਜ਼ ਬ੍ਰਾਜ਼ੀਲ ਵੱਲੋਂ ਖੋਜੇ ਗਏ ਯੂਟਿਊਬ ਟਿਊਟੋਰਿਅਲਾਂ ਵਿੱਚ, ਟ੍ਰੇਨਰ ਅਜਿਹੇ ਸਿਰਲੇਖ ਅਤੇ ਸਕ੍ਰਿਪਟਾਂ ਬਣਾਉਣ ਦੀ ਸਲਾਹ ਦਿੰਦੇ ਹਨ ਜੋ ਲੋਕਾਂ ਵਿੱਚ ਡਰ ਪੈਦਾ ਕਰਨ, ਤਾਂ ਜੋ ਦਰਸ਼ਕਾਂ ਨੂੰ ਇਹ ਯਕੀਨ ਹੋ ਜਾਵੇ ਕਿ ਉਹ ਕਿਸੇ ਸਿਹਤ ਸਬੰਧੀ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਨ।
ਕੰਟੈਂਟ ਬਣਾਉਣ ਵਾਲੇ ਲੋਕ ਯੂਟਿਊਬ ਵਿਊਜ਼ ਦੇ ਨਾਲ-ਨਾਲ ਆਪਣੇ ਚੈਨਲਾਂ ‘ਤੇ ਪ੍ਰਚਾਰਿਤ ਈ-ਬੁੱਕਾਂ ਅਤੇ ਹੋਰ ਉਤਪਾਦਾਂ ਦੀ ਵਿਕਰੀ ਤੋਂ ਵੀ ਪੈਸਾ ਕਮਾਉਂਦੇ ਹਨ। ਬ੍ਰਾਜ਼ੀਲ ਵਿੱਚ ਰਹਿਣ ਵਾਲੇ ਇੱਕ ਟਿਊਟਰ, ਜੈਫ਼ ਕੋਇੰਬਰਾ ਨੇ ਦੱਸਿਆ ਕਿ ਕੰਟੈਂਟ ਕ੍ਰੀਏਟਰ ਇੱਕ ਮਹੀਨੇ ਵਿੱਚ 5,816 ਡਾਲਰ (ਲਗਭਗ ਸਾਢੇ ਪੰਜ ਲੱਖ ਰੁਪਏ) ਤੱਕ ਕਮਾ ਸਕਦੇ ਹਨ।
ਇੱਕ ਹੋਰ ਵੀਡੀਓ ਵਿੱਚ ਉਨ੍ਹਾਂ ਨੇ ਚੇਤਾਵਨੀ ਭਰੇ ਲਹਿਜ਼ੇ ਦੀ ਵਰਤੋਂ ਕਰਨ ਦਾ ਤਰੀਕਾ ਦਿਖਾਇਆ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ “ਸੱਚਮੁੱਚ ਗੰਭੀਰ ਹੋਣ” ਲਈ ਕਿਹਾ ਅਤੇ ਉਦਾਹਰਨ ਦਿੱਤੀ, “ਸੌਣ ਤੋਂ ਪਹਿਲਾਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ। ਸਾਵਧਾਨ ਰਹੋ ਕਿ ਕਿਤੇ ਤੁਸੀਂ ਨੀਂਦ ਵਿੱਚ ਹੀ ਮਰ ਨਾ ਜਾਓ।”
ਬੀਬੀਸੀ ਨਿਊਜ਼ ਬ੍ਰਾਜ਼ੀਲ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤੇ ਜਾਣ ਤੋਂ ਬਾਅਦ, ਇੱਕ ਵੀਡੀਓ ਨੂੰ ਬਲਾਕ ਕਰ ਦਿੱਤਾ ਗਿਆ।
ਇੱਕ ਬਿਆਨ ਵਿੱਚ ਕੋਇੰਬਰਾ ਨੇ ਕਿਹਾ ਕਿ ਦਿਖਾਏ ਗਏ ਏਆਈ ਚੈਨਲ ਉਦਾਹਰਨ ਸਨ, ਨਾ ਕਿ ਉਨ੍ਹਾਂ ਦੇ ਆਪਣੇ। ਉਨ੍ਹਾਂ ਕਿਹਾ ਕਿ ਉਹ ਏਆਈ ਦੁਆਰਾ ਤਿਆਰ ਕੀਤੀ ਜਾਣ ਵਾਲੀ ਜਾਣਕਾਰੀ ਵਾਲੀ ਸਮੱਗਰੀ ਸਿਖਾਉਂਦੇ ਹਨ, ਨਾ ਕਿ ਅਜਿਹੀ ਸਮੱਗਰੀ ਜੋ ਸਿਹਤ ਮਾਹਿਰਾਂ ਦੀ ਥਾਂ ਲੈ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਮਕਸਦ ਪਲੇਟਫਾਰਮ ਦੇ ਨਿਯਮਾਂ ਜਾਂ ਕਿਸੇ ਹੋਰ ਮਿਆਰ ਦੀ ਉਲੰਘਣਾ ਨੂੰ ਉਤਸ਼ਾਹਿਤ ਕਰਨਾ ਨਹੀਂ ਸੀ।
‘ਕੋਈ ਹਮਦਰਦੀ ਨਹੀਂ’
ਸਾਨੂੰ ਘੱਟੋ-ਘੱਟ ਪੰਜ ਅਜਿਹੇ ਯੂਟਿਊਬ ਚੈਨਲ ਮਿਲੇ ਜੋ ਇੱਕ ਪ੍ਰਸਿੱਧ ਬ੍ਰਾਜ਼ੀਲੀ ਡਾਕਟਰ ਦੀ ਤਸਵੀਰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਵਰਤ ਰਹੇ ਸਨ ਤਾਂਕਿ ਸਿਹਤ ਨਾਲ ਜੁੜੇ ਸਨਸਨੀਖੇਜ਼ ਦਾਅਵਿਆਂ ਅਤੇ ਕੁਦਰਤੀ ਇਲਾਜਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਜੋ ਤਜਵੀਜ਼ ਕੀਤੀਆਂ ਦਵਾਈਆਂ ਦਾ ਬਦਲ ਹੋ ਸਕਦਾ ਹੈ।
ਹੇਲਿਓ ਬ੍ਰਾਸੀਲੇਰੋ, ਜਿਨ੍ਹਾਂ ਦਾ ਇੱਕ ਲੰਬੇ ਸਮੇਂ ਤੋਂ ਚੱਲ ਰਿਹਾ ਯੂਟਿਊਬ ਚੈਨਲ ਹੈ ਅਤੇ ਜਿਸ ਦੇ ਲਗਭਗ 3 ਲੱਖ ਸਬਸਕ੍ਰਾਈਬਰ ਹਨ, ਨੇ ਹੁਣ ਇਨ੍ਹਾਂ ਵੀਡੀਓਜ਼ ਦੀ ਸ਼ਿਕਾਇਤ ਯੂਟਿਊਬ ਕੋਲ ਕੀਤੀ ਹੈ ਅਤੇ ਸਾਓ ਪਾਓਲੋ ਵਿੱਚ ਪੁਲਿਸ ਕੋਲ ਵੀ ਮਾਮਲਾ ਦਰਜ ਕਰਵਾਇਆ ਹੈ।
ਆਪਣੀ ਤਸਵੀਰ ਦੇ ਗਲਤ ਇਸਤੇਮਾਲ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਬਜ਼ੁਰਗ ਦਰਸ਼ਕ ਉਨ੍ਹਾਂ ਦੇ ਏਆਈ ਅਵਤਾਰ ਦੀ ਸਲਾਹ ਮੰਨ ਕੇ ਆਪਣੀਆਂ ਦਵਾਈਆਂ ਲੈਣੀਆਂ ਬੰਦ ਕਰ ਸਕਦੇ ਹਨ।
ਉਨ੍ਹਾਂ ਨੇ ਬੀਬੀਸੀ ਨਿਊਜ਼ ਬ੍ਰਾਜ਼ੀਲ ਨੂੰ ਦੱਸਿਆ, “ਜੋ ਵੀ ਇਹ ਸਮੱਗਰੀ ਬਣਾਉਂਦਾ ਹੈ, ਉਸ ਪ੍ਰਤੀ ਮੇਰੇ ਮਨ ਵਿੱਚ ਰਤਾ ਭਰ ਵੀ ਹਮਦਰਦੀ ਨਹੀਂ ਹੈ। ਇਸ ਤਰੀਕੇ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਬਜ਼ੁਰਗ ਲੋਕਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ।”
ਸਾਓ ਪਾਓਲੋ ਦੇ ਐਲਬਰਟ ਆਇੰਸਟਾਈਨ ਇਜ਼ਰਾਇਲੀ ਹਸਪਤਾਲ ਦੇ ਗੈਸਟ੍ਰੋਐਂਟਰੋਲੋਜਿਸਟ ਡਾ. ਜੈਮੇ ਜ਼ਾਲਾਡੇਕ ਗਿਲ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਖ਼ਤਰਾ ਉਨ੍ਹਾਂ ਮਰੀਜ਼ਾਂ ਦਾ ਹੈ ਜੋ ਅਸਰਹੀਣ ਪਦਾਰਥਾਂ ਦਾ ਸੇਵਨ ਕਰ ਰਹੇ ਹਨ। ਇਸ ਕਾਰਨ ਨਾ ਸਿਰਫ਼ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ, ਸਗੋਂ ਸਹੀ ਇਲਾਜ ਵਿੱਚ ਵੀ ਦੇਰੀ ਹੋ ਸਕਦੀ ਹੈ।
ਉਨ੍ਹਾਂ ਨੇ ਕਿਹਾ, “ਲੋੜ ਇੱਕ ਢੰਗ ਦੀ ਮੈਡੀਕਲ ਜਾਂਚ ਅਤੇ ਬਿਹਤਰ ਇਲਾਜ ਪ੍ਰਣਾਲੀ ਦੀ ਹੈ, ਨਾ ਕਿ ਸਿਰਫ਼ ਅਜਿਹੀ ਵੀਡੀਓ ਦੀ ਜੋ ਦਾਅਵਾ ਕਰੇ ਕਿ ਕੋਈ ਇੱਕ ਚੀਜ਼ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ।”
ਤਸਵੀਰ ਸਰੋਤ, YouTube/Dr. Hélio – MedInformações
ਬ੍ਰਾਜ਼ੀਲ ਦੇ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਡਾਕਟਰ ਹੋਣ ਦਾ ਝੂਠਾ ਦਾਅਵਾ ਕਰਨ ਵਾਲੇ ਕ੍ਰੀਏਟਰਾਂ ਖ਼ਿਲਾਫ਼ ਫੌਜਦਾਰੀ ਮੁਕੱਦਮਾ ਚਲਾਇਆ ਜਾ ਸਕਦਾ ਹੈ।
ਗੂਗਲ ਨੇ ਕਿਹਾ ਹੈ ਕਿ ਇਹ ਲੇਬਲ ਦਰਸ਼ਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਕੋਈ ਵੀਡੀਓ ਏਆਈ ਦੀ ਮਦਦ ਨਾਲ ਬਣਾਈ ਗਈ ਹੈ ਜਾਂ ਇਸ ਵਿੱਚ ਕਿਸੇ ਕਿਸਮ ਦੀ ਤਬਦੀਲੀ ਕੀਤੀ ਗਈ ਹੈ।
ਬੀਬੀਸੀ ਨਿਊਜ਼ ਬ੍ਰਾਜ਼ੀਲ ਵੱਲੋਂ CTRL+Z ਮੈਪਿੰਗ ਬਾਰੇ ਕੰਪਨੀ ਨਾਲ ਸੰਪਰਕ ਕਰਨ ਤੋਂ ਬਾਅਦ, ਯੂਟਿਊਬ ਨੇ ਸੈਂਪਲ ਵਿੱਚ ਸ਼ਾਮਲ ਕੁਝ ਸਭ ਤੋਂ ਵੱਡੇ ਚੈਨਲਾਂ ਨੂੰ ਹਟਾ ਦਿੱਤਾ, ਜਿਨ੍ਹਾਂ ਦੇ ਕੁਲ ਮਿਲਾਕੇ ਲਗਭਗ 4 ਕਰੋੜ ਵਿਊਜ਼ ਸਨ।
ਇਸ ਦੌਰਾਨ, ਸੇਲੀ ਫਰੇਰਾ ਨੇ ਕਿਹਾ, “ਆਪਣੀ ਉਮਰ ਮੁਤਾਬਕ ਮੈਂ ਆਪਣੇ ਆਪ ਨੂੰ ਕੰਪਿਊਟਰ ਵਿੱਚ ਕਾਫ਼ੀ ਚੰਗਾ ਮੰਨਦੀ ਹਾਂ, ਪਰ ਮੈਨੂੰ ਅਜੇ ਵੀ ਇਹ ਨਹੀਂ ਪਤਾ ਲੱਗਦਾ ਕਿ ਏਆਈ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਅਤੇ ਅਸਲੀ ਚੀਜ਼ਾਂ ਵਿੱਚ ਕੀ ਫ਼ਰਕ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




