Home rss national punjabi2ਰਾਸ਼ਟਰੀ ਖ਼ਬਰਾਂ ਐਪਲ ਦਾ ਪਹਿਲਾ ਫੋਲਡੇਬਲ ਆਈਫੋਨ ਲਾਂਚ ਹੋਇਆ, ਵੱਡੀ ਕੀਮਤ ਵਾਲੇ ਇਸ ਫੋਨ...

ਐਪਲ ਦਾ ਪਹਿਲਾ ਫੋਲਡੇਬਲ ਆਈਫੋਨ ਲਾਂਚ ਹੋਇਆ, ਵੱਡੀ ਕੀਮਤ ਵਾਲੇ ਇਸ ਫੋਨ ਬਾਰੇ ਮਾਹਿਰ ਕੀ ਖਦਸ਼ੇ ਜ਼ਾਹਿਰ ਕਰ ਰਹੇ ਹਨ

5
0

Source :- BBC PUNJABI

ਆਈਫੋਨ ਡੂਓ

ਤਸਵੀਰ ਸਰੋਤ, Apple/courtesy

ਜੌਨ ਟਰਨਸ ਨੇ ਐਪਲ ਦੇ ਸੀਈਓ ਵਜੋਂ ਆਪਣਾ ਦੂਜਾ ਹਫ਼ਤਾ ਸ਼ੁਰੂ ਕੀਤਾ ਹੈ ਅਤੇ ਲਗਭਗ 20 ਸਾਲ ਪਹਿਲਾਂ ਆਈਫ਼ੋਨ ਦੀ ਲਾਂਚਿੰਗ ਤੋਂ ਬਾਅਦ ਕੰਪਨੀ ਨੇ ਇਸ ਵਿੱਚ ਹੁਣ ਤੱਕ ਦਾ ਪਹਿਲਾ ਵੱਡਾ ਬਦਲਾਅ ਪੇਸ਼ ਕੀਤਾ ਹੈ।

ਟਿਮ ਕੁੱਕ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਐਪਲ ਦੀ ਕਮਾਨ ਸੰਭਾਲਣ ਵਾਲੇ ਟਰਨਸ ਬੁੱਧਵਾਰ ਨੂੰ ਕੰਪਨੀ ਦੇ ਸਾਲਾਨਾ ਪ੍ਰੋਡਕਟ ਲਾਂਚ ਈਵੈਂਟ ਵਿੱਚ ਮੰਚ ‘ਤੇ ਨਜ਼ਰ ਆਏ। ਉਨ੍ਹਾਂ ਦੇ ਪਿੱਛੇ ਪਹਿਲੇ ਫੋਲਡੇਬਲ ਆਈਫੋਨ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ।

ਕਿਤਾਬ ਵਾਂਗ ਖੁੱਲ੍ਹਣ ਵਾਲਾ ਇਹ ਨਵਾਂ ਆਈਫੋਨ, ਜਿਸ ਨੂੰ ਡੂਓ ਨਾਮ ਦਿੱਤਾ ਗਿਆ ਹੈ, ਹੁਣ ਤੱਕ ਦਾ ਸਭ ਤੋਂ ਵੱਡਾ ਆਈਫੋਨ ਹੈ।

ਅਮਰੀਕਾ ਵਿੱਚ ਇਸ ਦੀ ਸ਼ੁਰੂਆਤੀ ਕੀਮਤ 1,999 ਡਾਲਰ (ਕਰੀਬ 1 ਲੱਖ 90 ਹਜ਼ਾਰ ਰੁਪਏ) ਹੈ ਅਤੇ ਇਹ 3,200 ਡਾਲਰ ਤੱਕ ਜਾਂਦੀ ਹੈ। ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਆਈਫੋਨ ਵੀ ਹੈ।

ਕੰਪਨੀ ਦੀ ਵੈੱਬਸਾਈਟ ਮੁਤਾਬਕ, ਭਾਰਤ ਵਿੱਚ ਇਸਦੀ ਸ਼ੁਰੂਆਤੀ ਕੀਮਤ 2,99,900 ਰੱਖੀ ਗਈ ਹੈ, ਜੋ ਵਰਜ਼ਨ ਦੇ ਹਿਸਾਬ ਨਾਲ 4,49,900 ਰੁਪਏ ਤੱਕ ਹੈ।

ਟਰਨਸ ਨੇ ਕਿਹਾ ਕਿ ”ਡੂਓ ਆਈਪੈਡ ਤੋਂ ਪ੍ਰੇਰਿਤ” ਹੈ, ਪਰ ਉਨ੍ਹਾਂ ਨੇ ਇਸ ਦੇ ਫੋਲਡਿੰਗ ਫੀਚਰ ਨੂੰ ”ਬਹੁਤ ਸਮੂਦ ਅਤੇ ਆਸਾਨੀ ਨਾਲ ਇਸਤੇਮਾਲ” ਕੀਤਾ ਜਾ ਸਕਣ ਵਾਲਾ ਦੱਸਿਆ।

ਕਿਤਾਬ ਵਾਂਗ ਖੁੱਲ੍ਹਣ ਨਵਾਂ ਆਈਫੋਨ

ਨਵੇਂ ਐਪਲ ਸੀਈਓ ਜੌਨ ਟਰਨਸ ਆਈਫੋਨ ਡੂਓ ਦਿਖਾਉਂਦੇ ਹੋਏ

ਤਸਵੀਰ ਸਰੋਤ, AFP via Getty Images

ਐਪਲ ਕਈ ਸਾਲਾਂ ਤੋਂ ਫੋਲਡੇਬਲ ਫੋਨ ‘ਤੇ ਕੰਮ ਕਰ ਰਹੀ ਸੀ।

ਖੋਲ੍ਹਣ ‘ਤੇ ਨਵਾਂ ਡੂਓ ਇੱਕ ਛੋਟੇ ਆਈਪੈਡ ਵਰਗਾ ਦਿਖਾਈ ਦਿੰਦਾ ਹੈ। ਅੱਧਾ ਮੋੜਨ ‘ਤੇ ਇਹ ਚੌੜੇ ਆਈਫੋਨ ਵਰਗਾ ਨਜ਼ਰ ਆਉਂਦਾ ਹੈ।

ਟਰਨਸ ਨੇ ਈਵੈਂਟ ਦੌਰਾਨ ਕਿਹਾ ਕਿ ਐਪਲ (ਬਾਜ਼ਾਰ ‘ਚ ਮੌਜੂਦ) ਹੋਰ ਫੋਲਡੇਬਲ ਸਮਾਰਟਫੋਨਾਂ ਵਰਗਾ ਲੁੱਕ ਅਤੇ ਤਜਰਬਾ ਨਹੀਂ ਦੇਣਾ ਚਾਹੁੰਦਾ ਸੀ। ਉਨ੍ਹਾਂ ਮੁਤਾਬਕ, ਦੂਜੇ ਫੋਲਡੇਬਲ ਫੋਨ “ਇੰਝ ਲੱਗਦੇ ਹਨ, ਜਿਵੇਂ ਦੋ ਫੋਨਾਂ ਨੂੰ ਆਪਸ ਵਿੱਚ ਜੋੜ ਦਿੱਤਾ ਗਿਆ ਹੋਵੇ, ਜਿਸ ਨਾਲ ਵੱਡੀ ਸਕ੍ਰੀਨ ਵੀ ਕਾਫ਼ੀ ਛੋਟੀ ਮਹਿਸੂਸ ਹੁੰਦੀ ਹੈ।”

ਉਨ੍ਹਾਂ ਕਿਹਾ ਕਿ ਡੂਓ “ਕਈ ਅਸਾਧਾਰਣ ਇਨੋਵੇਸ਼ਨਾਂ ਦਾ ਨਤੀਜਾ ਹੈ, ਜਿਸ ਬਾਰੇ ਸਾਡਾ ਮੰਨਣਾ ਹੈ ਕਿ ਇਹ ਫੋਲਡੇਬਲ ਫੋਨ ਵਰਤਣ ਦੇ ਤਜਰਬੇ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰੇਗਾ।”

ਟਰਨਸ ਫੋਲਡੇਬਲ ਆਈਫੋਨ ਦੇ ਵਿਕਾਸ ਵਿੱਚ ਸਿੱਧੇ ਤੌਰ ‘ਤੇ ਸ਼ਾਮਿਲ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ਵਿੱਚ ਕੁੱਕ ਦੇ ਉੱਤਰਾਧਿਕਾਰੀ ਬਣਾਏ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਸਾਲਾਂ ਤੱਕ ਐਪਲ ਦੇ ਹਾਰਡਵੇਅਰ ਡਿਵੀਜ਼ਨ ਵਿੱਚ ਉੱਚ ਅਹੁਦਿਆਂ ‘ਤੇ ਕੰਮ ਕੀਤਾ ਹੈ।

ਟੈਕਨੋਲੋਜੀ ਰਿਸਰਚ ਫਰਮ ਐਫਡੀਐਮ ਸੀਸੀਐਸ ਇਨਸਾਈਟ ਦੇ ਚੀਫ਼ ਐਨਾਲਿਸਟ ਬੇਨ ਵੁੱਡ ਨੇ ਕਿਹਾ ਕਿ ਸੰਭਵ ਹੈ ਕਿ ਟਰਨਸ ਦੀ ਤਰੱਕੀ ਦਾ ਸਮਾਂ ਜਾਣਬੁੱਝ ਕੇ ਇਸ ਤਰ੍ਹਾਂ ਰੱਖਿਆ ਗਿਆ ਹੋਵੇ ਤਾਂ ਜੋ ਇਹ “ਕਈ ਸਾਲਾਂ ਵਿੱਚ ਸੰਭਵ ਤੌਰ ‘ਤੇ ਸਭ ਤੋਂ ਵੱਡੇ ਆਈਫੋਨ ਲਾਂਚ ਦੇ ਨਾਲ ਮੇਲ ਖਾਵੇ।”

ਵੁੱਡ ਨੇ ਕਿਹਾ, “ਐਪਲ ਵਿੱਚ ਕੁਝ ਵੀ ਇਤਫ਼ਾਕ ਨਾਲ ਨਹੀਂ ਹੁੰਦਾ।”

ਕ੍ਰੀਏਟਿਵ ਸਟ੍ਰੈਟਜਿਸਟ ਦੀ ਐਨਾਲਿਸਟ ਕੈਰੋਲੈਣਾ ਮਿਲਾਨੇਸੀ, ਜੋ ਬੁੱਧਵਾਰ ਦੀ ਲਾਂਚਿੰਗ ਵਿੱਚ ਮੌਜੂਦ ਸਨ, ਨੇ ਕਿਹਾ ਕਿ ਟਰਨਸ ‘ਤੇ ਇੰਨਾ ਧਿਆਨ ਦਿੱਤਾ ਜਾਣਾ, ਅਜਿਹਾ ਮਹਿਸੂਸ ਕਰਵਾ ਰਿਹਾ ਸੀ ਕਿ “ਜਿਵੇਂ ਉਹ ਖੁਦ ਇੱਕ ਪ੍ਰੋਡਕਟ ਹੋਣ।”

ਮਾਹਿਰਾਂ ਦੀ ਚਿੰਤਾ

ਆਈਫੋਨ ਡੂਓ

ਤਸਵੀਰ ਸਰੋਤ, Apple/courtesy

ਆਈਫੋਨ ਦੇ ਡਿਜ਼ਾਈਨ ਵਿੱਚ ਬਦਲਾਅ, ਇਸ ਆਲੋਚਨਾ ਨੂੰ ਕੁਝ ਹੱਦ ਤੱਕ ਦੂਰ ਕਰ ਸਕਦਾ ਹੈ ਕਿ 2007 ਵਿੱਚ ਪਹਿਲਾ ਆਈਫੋਨ ਆਉਣ ਤੋਂ ਬਾਅਦ ਐਪਲ ਕੋਈ ਵੱਡਾ ਪ੍ਰੋਡਕਟ ਹਿੱਟ ਜਾਂ ਅਸਲ ਵਿੱਚ ਰੋਮਾਂਚਕ ਇਨੋਵੇਸ਼ਨ ਪੇਸ਼ ਨਹੀਂ ਕਰ ਸਕੀ ਹੈ।

ਫੋਰੈਸਟਰ ਦੇ ਐਨਾਲਿਸਟ ਦੀਪਾਂਜਨ ਚੈਟਰਜੀ ਕਹਿੰਦੇ ਹਨ, “ਇਸ ਗੱਲ ਤਾ ਖਦਸ਼ਾ ਹੈ ਕਿ ਕਿਤੇ ਫੋਲਡੇਬਲ ਫੋਨ ਦੇ ਐਪਲ ਦੇ ਪ੍ਰੋਡਕਟ ਪੋਰਟਫੋਲੀਓ ਵਿੱਚ ਕੋਈ ਮਹਿੰਗੇ ਸਜਾਵਟੀ ਸਮਾਨ ਵਾਂਗ ਬਣ ਕੇ ਨਾ ਰਹਿ ਜਾਵੇ, ਜੋ ਬ੍ਰੈਂਡ ਦੀ ਸ਼ੋਹਰਤ ਤਾਂ ਵਧਾਏਗਾ ਪਰ ਅਸਲ ਗ੍ਰੋਥ ਨਹੀਂ ਦੇਵੇਗਾ।”

ਇਸ ਤੋਂ ਪਹਿਲਾਂ ਸਭ ਤੋਂ ਨਵੇਂ (ਲੇਟੈਸਟ) ਆਈਫੋਨ ਦੀ ਸ਼ੁਰੂਆਤੀ ਕੀਮਤ 900 ਡਾਲਰ ਸੀ। ਐਪਲ ਨੇ ਬੁੱਧਵਾਰ ਨੂੰ ਨਵਾਂ ਆਈਫੋਨ 18 ਪ੍ਰੋ ਮੈਕਸ ਵੀ ਪੇਸ਼ ਕੀਤਾ। ਆਈਫੋਨ 18 ਪ੍ਰੋ ਦੀ ਅਮਰੀਕਾ ਵਿੱਚ ਸ਼ੁਰੂਆਤੀ ਕੀਮਤ 1,199 ਡਾਲਰ (ਕਰੀਬ 1 ਲੱਖ 14 ਹਜ਼ਾਰ ਰੁਪਏ) ਹੈ ਅਤੇ 18 ਪ੍ਰੋ ਮੈਕਸ ਦੀ 1,299 ਡਾਲਰ (ਕਰੀਬ 1 ਲੱਖ 24 ਹਜ਼ਾਰ ਰੁਪਏ)।

ਚੈਟਰਜੀ ਨੇ ਕਿਹਾ ਕਿ ਫੋਲਡੇਬਲ ਆਈਫੋਨ ਦਾ ਭਵਿੱਖ ਐਪਲ ਦੇ ਵਿਜ਼ਨ ਪ੍ਰੋ ਹੈੱਡਸੈੱਟ ਵਰਗਾ ਹੋ ਸਕਦਾ ਹੈ। ਕੰਪਨੀ ਨੇ ਇਸ ਦੀ ਕੀਮਤ 3,699 ਡਾਲਰ (ਕਰੀਬ 3 ਲੱਖ 52 ਹਜ਼ਾਰ ਰੁਪਏ) ਰੱਖੀ ਸੀ, ਪਰ ਇਹ ਖਰੀਦਦਾਰਾਂ ਵਿੱਚ ਲੋਕਪ੍ਰਿਯ ਨਹੀਂ ਹੋਇਆ।

ਉਨ੍ਹਾਂ ਕਿਹਾ, ਜਾਂ ਫਿਰ ਇਹ ਕੰਪਨੀ ਦੀ ਅਗਲੀ ਐਪਲ ਵਾਚ ਬਣ ਸਕਦਾ ਹੈ, ਜਿਸ ਨੂੰ ਆਈਫੋਨ ਜਿੰਨੀ ਲੋਕਪ੍ਰਿਯਤਾ ਨਾ ਹੋਣ ਦੇ ਬਾਵਜੂਦ ਹਰ ਸਾਲ ਲੱਖਾਂ ਲੋਕ ਖਰੀਦਦੇ ਹਨ।

ਲੋਕ ਜਿਸ ਤਰ੍ਹਾਂ ਨਾਲ ਆਈਫੋਨ ਇਸਤੇਮਾਲ ਕਰਨ ਦੇ ਆਦੀ ਹੋ ਚੁੱਕੇ ਹਨ, ਉਹ ਗੱਲ ਵੀ ਨਵੇਂ ਡੂਓ ਆਈਫੋਨ ਦੀ ਜ਼ਿਆਦਾ ਵਿੱਕਰੀ ਦੀ ਰਾਹ ਵਿੱਚ ਇੱਕ ਸੰਭਾਵਿਤ ਰੁਕਾਵਟ ਹੈ।

ਮਿਲਾਨੇਸੀ ਨੇ ਕਿਹਾ, “ਫੋਲਡੇਬਲ ਦਿਲਚਸਪ ਡਿਵਾਈਸ ਹਨ। ਬਹੁਤ ਸਾਰੇ ਲੋਕ ਇਸ ਨੂੰ ਲੈਕੇ ਉਤਸੁਕ ਹਨ, ਪਰ ਰਵਾਇਤੀ ਫੋਨ ਤੋਂ ਫੋਲਡੇਬਲ ਫੋਨ ‘ਤੇ ਜਾਣ ਵਿੱਚ ਸਾਫਟਵੇਅਰ ਅਤੇ ਇਸ ਨੂੰ ਵਰਤਣ ਦੇ ਤਰੀਕੇ ਨੂੰ ਸਿੱਖਣ ਦੀ ਜੋ ਪ੍ਰਕਿਰਿਆ ਹੈ, ਉਹ ਅਸਲ ਚੁਣੌਤੀ ਹੈ।”

ਵੁੱਡ ਨੇ ਦੱਸਿਆ ਕਿ ਸੈਮਸੰਗ ਅਤੇ ਹੁਆਵੇਈ ਵਰਗੀਆਂ ਕੰਪਨੀਆਂ ਦੇ ਮੌਜੂਦਾ ਫੋਲਡੇਬਲ ਸਮਾਰਟਫੋਨ, ਬਾਜ਼ਾਰ ਵਿੱਚ ਸਮਾਰਟਫੋਨਾਂ ਦੀ ਕੁੱਲ ਵਿਕਰੀ ਦਾ ਸਿਰਫ਼ ਦੋ ਫ਼ੀਸਦੀ ਹਿੱਸਾ ਰੱਖਦੇ ਹਨ।

ਡੇਟਾ ਅਤੇ ਐਨਾਲਿਟਿਕਸ ਕੰਪਨੀ ਐਫਡੀਐਮ ਸੀਸੀਐਸ ਇਨਸਾਈਟ ਦੇ ਮੁਤਾਬਕ, ਐਪਲ ਦੇ ਫੋਲਡੇਬਲ ਫੋਨ ‘ਚ ਦਿਲਚਸਪੀ ਅਤੇ ਮੰਗ ਵਧਣ ਦੀ ਸੰਭਾਵਨਾ ਹੈ ਪਰ ਇਸਦੇ ਬਾਵਜੂਦ ਅਗਲੇ ਦਹਾਕੇ ਵਿੱਚ ਇਸ ਦੀ ਵਿੱਕਰੀ, ਕੁੱਲ ਸਮਾਰਟਫੋਨ ਬਾਜ਼ਾਰ ਦੇ ਸਿਰਫ਼ ਚਾਰ ਫ਼ੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ।

ਸਿਰੀ ਏਆਈ

ਆਈਫੋਨ ਡੂਓ

ਤਸਵੀਰ ਸਰੋਤ, Apple/courtesy

ਆਈਫੋਨ ਐਪਲ ਦਾ ਸਭ ਤੋਂ ਵੱਧ ਵਿਕਣ ਵਾਲਾ ਪ੍ਰੋਡਕਟ ਹੈ ਅਤੇ ਹਰ ਸਾਲ ਕੰਪਨੀ ਦੀ ਕੁੱਲ ਵਿੱਕਰੀ ਵਿੱਚ ਇਸ ਦਾ ਹਿੱਸਾ ਅੱਧੇ ਤੋਂ ਵੱਧ ਰਹਿੰਦਾ ਹੈ।

ਈਵੈਂਟ ‘ਚ ਕੰਪਨੀ ਨੇ ਆਪਣੇ ਆਡੀਓ ਅਤੇ ਚੈਟ ਅਸਿਸਟੈਂਟ ਸਿਰੀ ਦੇ ਆਉਣ ਵਾਲੇ ਰੀ-ਲਾਂਚ ਬਾਰੇ ਵੀ ਜਾਣਕਾਰੀ ਦਿੱਤੀ। ਕੰਪਨੀ ਹੁਣ ਇਸ ਨੂੰ ਸਿਰੀ ਏਆਈ ਕਹਿ ਰਹੀ ਹੈ।

ਆਈਫੋਨ 18 ਤੋਂ ਸ਼ੁਰੂ ਹੋਕੇ ਇਹ ਬੌਟ ਹੁਣ ਕਿਸੇ ਵਿਅਕਤੀ ਦੇ ਫੋਨ ਵਿੱਚ ਮੌਜੂਦ ਵੱਖ-ਵੱਖ ਜਾਣਕਾਰੀਆਂ, ਜਿਵੇਂ ਮੈਸੇਜ ਅਤੇ ਈਮੇਲ, ਨੂੰ ਖੰਗਾਲ ਕੇ ਜਾਣਕਾਰੀ ਲੱਭ ਸਕੇਗਾ, ਸਵਾਲਾਂ ਦੇ ਜਵਾਬ ਦੇ ਸਕੇਗਾ ਅਤੇ ਯੂਜ਼ਰ ਦੀ ਤਰਫ਼ੋਂ ਕੁਝ ਕੰਮ ਵੀ ਕਰ ਸਕੇਗਾ।

ਸਿਰੀ ਏਆਈ ਦੇ ਕੁਝ ਫੀਚਰ ਨਵੀਂ ਐਪਲ ਵਾਚ ‘ਤੇ ਵੀ ਉਪਲੱਬਧ ਹੋਣਗੇ। ਇਨ੍ਹਾਂ ਵਿੱਚ ਗੱਲਬਾਤ ਦੌਰਾਨ ਨੋਟਸ ਲੈਣ ਅਤੇ ਉਨ੍ਹਾਂ ਨੂੰ ਟ੍ਰਾਂਸਕ੍ਰਾਈਬ ਕਰਨ ਦੀ ਸਹੂਲਤ ਸ਼ਾਮਿਲ ਹੈ, ਬਸ਼ਰਤੇ ਯੂਜ਼ਰ ਇਸ ਫੀਚਰ ਨੂੰ ਚਾਲੂ ਕਰਨ ਦੀ ਆਗਿਆ ਦੇਵੇ।

ਟਰਨਸ ਨੇ ਆਈਫੋਨ ਵਿੱਚ ਏਆਈ ਨਾਲ ਲੈਸ ਨਵੀਆਂ ਸਮਰੱਥਾਵਾਂ ਨੂੰ “ਇੰਟੈਲੀਜੈਂਟ ਪਰਸਨਲ ਹੱਬ” ਦੱਸਿਆ ਅਤੇ ਮੰਨਿਆ ਕਿ ਐਪਲ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਸਭ ਤੋਂ ਨਿੱਜੀ ਜਾਣਕਾਰੀਆਂ ਦੀ ਵਰਤੋਂ ਕਰੇਗੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਕੁਝ ਨਿੱਜੀ ਰਹੇਗਾ ਅਤੇ ਏਆਈ ਦੇ ਫੀਚਰ ਅਕਸਰ “ਡਿਵਾਈਸ ‘ਤੇ” ਹੀ ਚੱਲਣਗੇ, ਭਾਵ ਥਰਡ-ਪਾਰਟੀ ਕੰਪਨੀਆਂ ਰਾਹੀਂ ਨਹੀਂ। ਟਰਨਸ ਮੁਤਾਬਕ, ਜਦੋਂ ਕਿਸੇ ਫੀਚਰ ਲਈ ਥਰਡ-ਪਾਰਟੀ ਦੀ ਲੋੜ ਹੋਵੇਗੀ, ਤਾਂ ਵੀ ਜਾਣਕਾਰੀ ਰਿਮੋਟ ਸਰਵਰ ਜਾਂ ਕਲਾਊਡ ਵਿੱਚ ਨਿੱਜੀ ਰਹੇਗੀ।

ਟਰਨਸ ਨੇ ਕਿਹਾ, “ਜਿੱਥੇ ਦੂਜੇ ਲੋਕ (ਹੋਰ ਕੰਪਨੀਆਂ) ਉਸ ਡੇਟਾ ਨੂੰ ਇਕੱਠਾ ਕਰਨ ਅਤੇ ਸਟੋਰ ਕਰਨ ਵਾਲੀ ਚੀਜ਼ ਵਜੋਂ ਦੇਖਦੇ ਹਨ, ਪਰ ਇੱਥੇ (ਐਪਲ ਵਿੱਚ) ਤੁਹਾਡੀ ਨਿੱਜੀ ਜਾਣਕਾਰੀ ਤੱਕ ਐਪਲ ਵੀ ਨਹੀਂ ਪਹੁੰਚ ਨਹੀਂ ਕਰ ਸਕਦੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI