Home rss national punjabi2ਰਾਸ਼ਟਰੀ ਖ਼ਬਰਾਂ ਕੀ ਅਫ਼ਗਾਨਿਸਤਾਨ ਦੇ ਪਹਾੜਾਂ ਵਿੱਚ 280 ਲੱਖ ਕਰੋੜ ਰੁਪਏ ਦਾ ਖ਼ਜ਼ਾਨਾ ਲੁਕਿਆ...

ਕੀ ਅਫ਼ਗਾਨਿਸਤਾਨ ਦੇ ਪਹਾੜਾਂ ਵਿੱਚ 280 ਲੱਖ ਕਰੋੜ ਰੁਪਏ ਦਾ ਖ਼ਜ਼ਾਨਾ ਲੁਕਿਆ ਹੋਇਆ ਹੈ?

6
0

Source :- BBC PUNJABI

ਅਫ਼ਗਾਨਿਸਤਾਨ

ਅਫ਼ਗਾਨਿਸਤਾਨ ਵਿੱਚ ਮੌਜੂਦ ਤੇਲ, ਗੈਸ, ਧਾਤਾਂ, ਕੱਚੇ ਮਾਲ ਅਤੇ ਹੋਰ ਕੁਦਰਤੀ ਖਣਿਜ ਸਰੋਤਾਂ ਦੀ ਕੀਮਤ ਤਿੰਨ ਟ੍ਰਿਲੀਅਨ ਡਾਲਰ ਭਾਵ 280 ਲੱਖ ਕਰੋੜ ਰੁਪਏ ਤੋਂ ਵੱਧ ਮੰਨੀ ਜਾਂਦੀ ਹੈ।

ਅਫ਼ਗਾਨਿਸਤਾਨ ਨੂੰ ਲੰਬੇ ਸਮੇਂ ਤੋਂ ਇੱਕ ਅਜਿਹੇ ਦੇਸ਼ ਵਜੋਂ ਜਾਣਿਆ ਜਾਂਦਾ ਹੈ, ਜੋ ਕੁਦਰਤੀ ਸਰੋਤਾਂ ਨਾਲ ਮਾਲਾਮਾਲ ਹੈ, ਪਰ ਉਸ ਦੀ ਆਰਥਿਕਤਾ ਕਮਜ਼ੋਰ ਹੈ।

ਇਨ੍ਹਾਂ ਸਰੋਤਾਂ ਦਾ ਇੱਕ ਵੱਡਾ ਹਿੱਸਾ ਅਜੇ ਵੀ ਜ਼ਮੀਨ ਦੇ ਹੇਠਾਂ ਹੈ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ।

ਕੁਦਰਤੀ ਸਰੋਤਾਂ ਦੇ ਇਨ੍ਹਾਂ ਭੰਡਾਰਾਂ ਦੀ ਅਸਲ ਮਾਤਰਾ ਅਤੇ ਕੀਮਤ ਨੂੰ ਲੈ ਕੇ ਵੀ ਵੱਖ-ਵੱਖ ਅੰਦਾਜ਼ੇ ਲਗਾਏ ਗਏ ਹਨ।

ਅਫ਼ਗਾਨਿਸਤਾਨ ਦੇ ਖਣਿਜ ਭੰਡਾਰਾਂ ਅਤੇ ਕੁਦਰਤੀ ਸਰੋਤਾਂ ਦੀ ਕੀਮਤ ਨੂੰ ਸੌਖੇ ਸ਼ਬਦਾਂ ਵਿੱਚ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਜੇਕਰ ਦੇਸ਼ ਕੋਲ ਤਿੰਨ ਟ੍ਰਿਲੀਅਨ ਡਾਲਰ ਦੇ ਸਰੋਤ ਹਨ ਅਤੇ ਸਰਕਾਰ ਦਾ ਸਾਲਾਨਾ ਆਮ ਅਤੇ ਵਿਕਾਸ ਬਜਟ ਲਗਭਗ 10 ਅਰਬ ਡਾਲਰ ਹੈ, ਤਾਂ ਉਸ ਨੂੰ ਲਗਭਗ 300 ਸਾਲਾਂ ਤੱਕ ਕਿਸੇ ਵਿਦੇਸ਼ੀ ਆਰਥਿਕ ਮਦਦ ਦੀ ਲੋੜ ਨਹੀਂ ਪਵੇਗੀ।

ਕਿਹੜੇ ਸੂਬੇ ਵਿੱਚ ਕਿਹੜੇ ਸਰੋਤ?

ਅਫ਼ਗਾਨਿਸਤਾਨ

ਇਸ ਰਿਪੋਰਟ ਦਾ ਮਕਸਦ ਅਫ਼ਗਾਨਿਸਤਾਨ ਦੇ ਖਣਿਜ ਭੰਡਾਰਾਂ ਅਤੇ ਕੁਦਰਤੀ ਸਰੋਤਾਂ ਦੀ ਸਪੱਸ਼ਟ ਤਸਵੀਰ ਪੇਸ਼ ਕਰਨਾ ਹੈ।

ਇਸ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਹੜੇ ਸੂਬੇ ਵਿੱਚ ਕਿਹੜੇ ਸਰੋਤ ਅਤੇ ਕਿੰਨੀ ਮਾਤਰਾ ਵਿੱਚ ਮੌਜੂਦ ਹਨ ਅਤੇ ਸਰਕਾਰ ਨੇ ਅਧਿਕਾਰਤ ਤੌਰ ‘ਤੇ ਉਨ੍ਹਾਂ ਦੀ ਕਿੰਨੀ ਕੀਮਤ ਦੱਸੀ ਹੈ।

ਬੀਬੀਸੀ ਫੈਕਟ ਚੈੱਕ ਦੀ ਇਸ ਰਿਪੋਰਟ ਵਿੱਚ ਵੱਖ-ਵੱਖ ਸੂਬਿਆਂ ਵਿੱਚ ਮੌਜੂਦ ਖਣਿਜ ਭੰਡਾਰਾਂ ਅਤੇ ਖਾਣਾਂ ਦੀ ਸਥਿਤੀ ਦੀ ਜਾਂਚ ਕੀਤੀ ਗਈ ਹੈ।

ਇਸ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਇਹ ਭੰਡਾਰ ਕਿੱਥੇ ਹਨ, ਉਨ੍ਹਾਂ ਦੀ ਮੌਜੂਦਾ ਸਥਿਤੀ ਕੀ ਹੈ ਅਤੇ ਉਪਲਬਧ ਅਨੁਮਾਨਾਂ ਮੁਤਾਬਕ ਉਨ੍ਹਾਂ ਦੀ ਕੀਮਤ ਕਿੰਨੀ ਹੈ।

ਅਫ਼ਗਾਨਿਸਤਾਨ ਦੇ ਖਣਿਜ ਭੰਡਾਰਾਂ ਬਾਰੇ ਪਹਿਲੀ ਵਾਰ ਵੱਡੇ ਪੱਧਰ ‘ਤੇ ਖੋਜ ਸਾਬਕਾ ਸੋਵੀਅਤ ਸੰਘ ਦੇ ਦੌਰ ਵਿੱਚ ਕੀਤੀ ਗਈ ਸੀ।

ਇਨ੍ਹਾਂ ਖੋਜ ਮੁਹਿੰਮਾਂ ਦੌਰਾਨ ਦੇਸ਼ ਦੇ ਵੱਖ-ਵੱਖ ਇਲਾਕਿਆਂ ਦਾ ਭੂ-ਵਿਗਿਆਨਕ ਨਕਸ਼ਾ ਤਿਆਰ ਕੀਤਾ ਗਿਆ।

ਚੱਟਾਨਾਂ ਅਤੇ ਜ਼ਮੀਨ ਦੇ ਹੇਠਾਂ ਮੌਜੂਦ ਪਰਤਾਂ ਦਾ ਮੁਲਾਂਕਣ ਕੀਤਾ ਗਿਆ, ਹਵਾਈ ਸਰਵੇਖਣ ਕੀਤੇ ਗਏ ਅਤੇ ਖਣਿਜ ਭੰਡਾਰਾਂ ਦੀ ਖੋਜ ਕੀਤੀ ਗਈ।

ਇਨ੍ਹਾਂ ਵਿੱਚੋਂ ਕੁਝ ਖੋਜ ਦਸਤਾਵੇਜ਼ ਅਫ਼ਗਾਨਿਸਤਾਨ ਦੇ ਖਣਨ ਮੰਤਰਾਲੇ ਦੀ ਲਾਇਬ੍ਰੇਰੀ ਵਿੱਚ ਸੁਰੱਖਿਅਤ ਹਨ।

ਸੋਵੀਅਤ ਸੰਘ ਦੀ ਵਾਪਸੀ ਤੋਂ ਬਾਅਦ ਕੁਝ ਹੋਰ ਦਸਤਾਵੇਜ਼ ਰੂਸ ਲਿਆਂਦੇ ਗਏ ਸਨ।

ਇਸ ਤੋਂ ਬਾਅਦ ਵੀ ਅਫ਼ਗਾਨਿਸਤਾਨ ਦੇ ਕੁਦਰਤੀ ਸਰੋਤਾਂ ਬਾਰੇ ਖੋਜ ਅਤੇ ਭਾਲ ਦਾ ਸਿਲਸਿਲਾ ਜਾਰੀ ਰਿਹਾ।

ਅਫ਼ਗਾਨਿਸਤਾਨ ਦੇ ਕੁਦਰਤੀ ਸਰੋਤਾਂ ਦੇ ਚਾਰ ਹਿੱਸੇ

ਅਫ਼ਗਾਨਿਸਤਾਨ ਵਿੱਚ ਸੋਨੇ, ਤਾਂਬੇ, ਲੋਹੇ, ਐਲੂਮੀਨੀਅਮ, ਸੀਸੇ, ਜ਼ਿੰਕ, ਟਿਨ, ਟੰਗਸਟਨ ਅਤੇ ਪਾਰੇ ਦੇ ਭੰਡਾਰਾਂ ਦੀ ਪਛਾਣ ਕੀਤੀ ਗਈ ਹੈ

ਮਿਸਾਲ ਵਜੋਂ, ਸਾਲ 2007 ਵਿੱਚ ਇੱਕ ਸਰਵੇਖਣ ਕੀਤਾ ਗਿਆ ਸੀ। ਇਸ ਤੋਂ ਬਾਅਦ 2011 ਵਿੱਚ ਅਫ਼ਗਾਨਿਸਤਾਨ ਦੇ ਭੂ-ਵਿਗਿਆਨਕ ਸਰਵੇਖਣ ਅਤੇ ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਵੀ ਅਧਿਐਨ ਕੀਤਾ।

ਇਨ੍ਹਾਂ ਜਾਂਚਾਂ ਦੇ ਆਧਾਰ ‘ਤੇ ਅਫ਼ਗਾਨਿਸਤਾਨ ਵਿੱਚ ਸੋਨਾ, ਤਾਂਬਾ, ਲੋਹਾ, ਐਲੂਮੀਨੀਅਮ, ਸੀਸਾ, ਜ਼ਿੰਕ, ਟਿਨ, ਟੰਗਸਟਨ ਅਤੇ ਪਾਰਾ ਦੇ ਭੰਡਾਰਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਤੇਲ ਅਤੇ ਗੈਸ ਦੇ ਭੰਡਾਰ ਵੀ ਹਨ।

ਇਸ ਰਿਪੋਰਟ ਨੂੰ ਤਿਆਰ ਕਰਨ ਲਈ ਅਫ਼ਗਾਨਿਸਤਾਨ ਦੇ ਖਣਨ ਮੰਤਰਾਲੇ ਦੇ ਰਿਕਾਰਡ ਵਿੱਚ ਮੌਜੂਦ ਦਸਤਾਵੇਜ਼ਾਂ ਅਤੇ ਜਾਣਕਾਰੀਆਂ ਦੀ ਸਮੀਖਿਆ ਕੀਤੀ ਗਈ ਹੈ।

ਭੂ-ਵਿਗਿਆਨ ਅਤੇ ਖਣਿਜ ਸਰੋਤਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਅਧਿਕਾਰਤ ਅਤੇ ਮਾਹਰ ਸੰਸਥਾਵਾਂ ਦੀਆਂ ਰਿਪੋਰਟਾਂ, ਸਰਵੇਖਣਾਂ ਅਤੇ ਅੰਕੜਿਆਂ ਨੂੰ ਵੀ ਦੇਖਿਆ ਗਿਆ ਹੈ।

ਜਿੱਥੇ ਵੱਖ-ਵੱਖ ਸੰਸਥਾਵਾਂ ਦੇ ਅੰਕੜਿਆਂ ਅਤੇ ਅਨੁਮਾਨਾਂ ਵਿੱਚ ਅੰਤਰ ਮਿਲਿਆ, ਉੱਥੇ ਹਰ ਅਨੁਮਾਨ ਦੇ ਸਰੋਤ ਅਤੇ ਆਧਾਰ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਨਾਲ ਪ੍ਰਮਾਣਿਤ ਭੰਡਾਰਾਂ ਅਤੇ ਸੰਭਾਵੀ ਖਣਿਜ ਸਰੋਤਾਂ ਦੇ ਅਨੁਮਾਨਾਂ ਵਿਚਕਾਰ ਅੰਤਰ ਨੂੰ ਸਪੱਸ਼ਟ ਰੱਖਿਆ ਜਾ ਸਕੇ।

ਰਿਪੋਰਟ ਵਿੱਚ ਅਫ਼ਗਾਨਿਸਤਾਨ ਦੇ ਕੁਦਰਤੀ ਸਰੋਤਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ:

1. ਧਾਤਾਂ: ਸੋਨਾ, ਤਾਂਬਾ, ਲੋਹਾ, ਐਲੂਮੀਨੀਅਮ, ਜ਼ਿੰਕ, ਸੀਸਾ ਅਤੇ ਹੋਰ ਧਾਤਾਂ।

2. ਕੀਮਤੀ ਪੱਥਰ: ਲੈਪਿਸ ਲਾਜ਼ੂਲੀ, ਪੰਨਾ, ਮਾਣਕ ਅਤੇ ਹੋਰ ਪੱਥਰ।

3. ਦੁਰਲੱਭ ਤੱਤ: ਲਿਥੀਅਮ, ਯੂਰੇਨੀਅਮ ਅਤੇ ਹੋਰ ਤੱਤ।

4. ਤੇਲ, ਗੈਸ ਅਤੇ ਕੋਲਾ।

ਪਹਿਲਾ ਹਿੱਸਾ: ਧਾਤੂ ਖਣਿਜ

ਅਫ਼ਗਾਨਿਸਤਾਨ ਵਿੱਚ ਸੋਨੇ ਦੀਆਂ ਜ਼ਿਆਦਾਤਰ ਖਾਣਾਂ ਬਦਖ਼ਸ਼ਾਂ ਅਤੇ ਤਖ਼ਾਰ ਦੇ ਕੁਝ ਇਲਾਕਿਆਂ ਵਿੱਚ ਸਥਿਤ ਹਨ

ਇਸ ਹਿੱਸੇ ਵਿੱਚ ਸੋਨਾ, ਲੋਹਾ, ਤਾਂਬਾ, ਐਲੂਮੀਨੀਅਮ, ਸੀਸਾ ਅਤੇ ਜ਼ਿੰਕ ਸਮੇਤ ਹੋਰ ਬੁਨਿਆਦੀ ਧਾਤਾਂ ਦੇ ਭੰਡਾਰਾਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਦੀ ਕੀਮਤ ਇੱਕ ਟ੍ਰਿਲੀਅਨ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ।

ਸੋਨਾ

ਅਫ਼ਗਾਨਿਸਤਾਨ ਵਿੱਚ ਸੋਨੇ ਦੀਆਂ ਜ਼ਿਆਦਾਤਰ ਖਾਣਾਂ ਬਦਖ਼ਸ਼ਾਂ ਅਤੇ ਤਖ਼ਾਰ ਦੇ ਕੁਝ ਇਲਾਕਿਆਂ ਵਿੱਚ ਹਨ।

ਇਸ ਤੋਂ ਇਲਾਵਾ ਜ਼ਾਬੁਲ ਅਤੇ ਗ਼ਜ਼ਨੀ ਵਿੱਚ 2,700 ਕਿਲੋਗ੍ਰਾਮ ਸ਼ੁੱਧ ਸੋਨੇ ਦੇ ਭੰਡਾਰ ਦੀ ਪਛਾਣ ਕੀਤੀ ਗਈ ਹੈ।

ਇੱਕ ਅਨੁਮਾਨ ਮੁਤਾਬਕ, ਅਫ਼ਗਾਨਿਸਤਾਨ ਵਿੱਚ ਸੋਨੇ ਦਾ ਕੁੱਲ ਭੰਡਾਰ ਲਗਭਗ 682 ਟਨ ਹੈ।

ਦੇਸ਼ ਵਿੱਚ ਤਾਂਬੇ ਦੀਆਂ ਕੁਝ ਅਜਿਹੀਆਂ ਖਾਣਾਂ ਵੀ ਹਨ, ਜਿਨ੍ਹਾਂ ਵਿੱਚ ਸੋਨਾ ਮੌਜੂਦ ਹੈ। ਸੋਨੇ ਦੀ ਮੌਜੂਦਾ ਵਿਸ਼ਵਵਿਆਪੀ ਕੀਮਤ ਦੇ ਹਿਸਾਬ ਨਾਲ ਪ੍ਰਮਾਣਿਤ ਭੰਡਾਰ ਦੀ ਕੀਮਤ ਲਗਭਗ 107 ਅਰਬ ਡਾਲਰ ਹੈ।

ਇਸ ਸਮੇਂ ਸੋਨੇ ਦੀ ਖੁਦਾਈ ਮੁੱਖ ਤੌਰ ‘ਤੇ ਅਫ਼ਗਾਨਿਸਤਾਨ ਦੇ ਬਦਖ਼ਸ਼ਾਂ ਸੂਬੇ ਵਿੱਚ ਹੋ ਰਹੀ ਹੈ।

ਕੁਝ ਸਮਾਂ ਪਹਿਲਾਂ ਤਾਲਿਬਾਨ ਸਰਕਾਰ ਦੇ ਜਲ ਅਤੇ ਊਰਜਾ ਮੰਤਰੀ ਮੁਹੰਮਦ ਯੂਨੁਸ ਅਖੁੰਦਜ਼ਾਦਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਦਖ਼ਸ਼ਾਂ ਤੋਂ ਹਰ ਮਹੀਨੇ ਕਈ ਟਨ ਸੋਨਾ ਕੱਢ ਰਹੀ ਹੈ।

ਤਖ਼ਾਰ ਸੂਬੇ ਵਿੱਚ ‘ਚਾ ਆਬ’ ਨਾਂ ਦੀ ਸੋਨੇ ਦੀ ਖਾਣ ਹੈ। ਇਸ ਵਿੱਚ 31 ਟਨ ਸੋਨੇ ਦਾ ਭੰਡਾਰ ਹੋਣ ਦਾ ਅਨੁਮਾਨ ਹੈ।

ਇਸ ਖਾਣ ਦਾ ਠੇਕਾ ਪੰਜ ਸਾਲਾਂ ਲਈ ਦੋ ਕੰਪਨੀਆਂ, ਚਾਈਨਾ ਅਫ਼ਗਾਨਿਸਤਾਨ ਅਤੇ ਜ਼ਰਵਾਰ ਅਫ਼ਗਾਨਿਸਤਾਨ ਨੂੰ ਦਿੱਤਾ ਗਿਆ ਹੈ।

ਇਹ ਠੇਕਾ 31 ਕਰੋੜ ਡਾਲਰ ਦਾ ਹੈ। ਖਣਨ ਮੰਤਰਾਲੇ ਨੇ ਖਾਣ ਤੋਂ ਮਿਲਣ ਵਾਲੀ ਰਾਇਲਟੀ ਵਿੱਚ ਸਰਕਾਰ ਦਾ ਹਿੱਸਾ 56 ਫ਼ੀਸਦੀ ਤੈਅ ਕੀਤਾ ਹੈ।

ਸਟੀਲ ਜਾਂ ਲੋਹਾ

ਅਫ਼ਗਾਨਿਸਤਾਨ ਕੋਲ ਇਸ ਖੇਤਰ ਦਾ ਸਭ ਤੋਂ ਵੱਡਾ ਲੋਹੇ ਦਾ ਭੰਡਾਰ ਹੈ। ਅਨੁਮਾਨ ਹੈ ਕਿ ਇਹ ਭੰਡਾਰ ਲਗਭਗ ਤਿੰਨ ਅਰਬ ਟਨ ਹੈ।

ਹਾਲਾਂਕਿ, ਇਹ ਅੰਕੜੇ ਅੰਤਿਮ ਨਹੀਂ ਹਨ ਅਤੇ ਅਗਲੀ ਜਾਂਚ ਤੋਂ ਬਾਅਦ ਇਨ੍ਹਾਂ ਵਿੱਚ ਵਾਧਾ ਹੋ ਸਕਦਾ ਹੈ।

ਹੁਣ ਤੱਕ ਅਫ਼ਗਾਨਿਸਤਾਨ ਦੇ ਬਾਮਿਆਨ, ਪੰਜਸ਼ੀਰ, ਪਰਵਾਨ, ਹੇਰਾਤ, ਕੰਧਾਰ, ਬਦਖ਼ਸ਼ਾਂ ਅਤੇ ਕਾਬੁਲ ਸੂਬਿਆਂ ਵਿੱਚ ਲੋਹੇ ਦੇ ਭੰਡਾਰਾਂ ਦੀ ਪਛਾਣ ਕੀਤੀ ਗਈ ਹੈ।

ਖੋਜਕਾਰਾਂ ਨੇ ਦੇਸ਼ ਭਰ ਵਿੱਚ ਲੋਹੇ ਦੇ ਧਾਤੂ ਦੀਆਂ 72 ਖਾਣਾਂ ਅਤੇ ਖਣਿਜ ਭੰਡਾਰਾਂ ਦਾ ਰਿਕਾਰਡ ਵੀ ਤਿਆਰ ਕੀਤਾ ਹੈ।

ਸਭ ਤੋਂ ਮਹੱਤਵਪੂਰਨ ਖਾਣਾਂ ਵਿੱਚ ਬਾਮਿਆਨ ਦੀ ਹਾਜੀਗਕ, ਪੰਜਸ਼ੀਰ ਦੀ ਤਾਲ ਅਤੇ ਨੁਕਰਾ ਖਾਨਾ, ਪਰਵਾਨ ਦੀ ਜਬਲ ਅਲ-ਸਿਰਾਜ, ਹੇਰਾਤ ਦੀ ਪਲੰਗਸੂਰ, ਕੰਧਾਰ ਦੀ ਹਾਜੀ ਆਲਮ, ਬਦਖ਼ਸ਼ਾਂ ਦੀ ਸਿਆਜਿਰ ਅਤੇ ਕਾਬੁਲ ਦੇ ਪਗਮਾਨ ਇਲਾਕੇ ਦੀਆਂ ਖਾਣਾਂ ਸ਼ਾਮਲ ਹਨ।

ਪਿਛਲੇ ਕੁਝ ਸਾਲਾਂ ਵਿੱਚ ਤਾਲਿਬਾਨ ਸਰਕਾਰ ਦੇ ਖਣਨ ਮੰਤਰਾਲੇ ਨੇ ਹੇਰਾਤ ਸੂਬੇ ਦੇ ਘੋਰੀਆਨ ਇਲਾਕੇ ਵਿੱਚ ਲੋਹੇ ਦੇ ਭੰਡਾਰ ਦੇ ਚਾਰ ਬਲਾਕਾਂ ਦੇ ਠੇਕੇ ਦਿੱਤੇ ਹਨ।

ਕਿਹਾ ਜਾਂਦਾ ਹੈ ਕਿ ਇਨ੍ਹਾਂ ਭੰਡਾਰਾਂ ਵਿੱਚ ਲਗਭਗ 1.8 ਅਰਬ ਟਨ ਲੋਹਾ ਮੌਜੂਦ ਹੈ।

ਇਨ੍ਹਾਂ ਠੇਕਿਆਂ ਦੀ ਕੁੱਲ ਕੀਮਤ 2.5 ਅਰਬ ਡਾਲਰ ਹੈ।

ਵਿਸ਼ਵ ਬਾਜ਼ਾਰ ਵਿੱਚ ਲੋਹੇ ਦੇ ਧਾਤੂ ਦੀ ਕੀਮਤ ਲਗਭਗ 100 ਡਾਲਰ ਪ੍ਰਤੀ ਟਨ ਹੈ। ਇਸ ਹਿਸਾਬ ਨਾਲ ਅਫ਼ਗਾਨਿਸਤਾਨ ਵਿੱਚ ਲੋਹੇ ਦੇ ਭੰਡਾਰ ਦੀ ਅਨੁਮਾਨਿਤ ਕੀਮਤ 300 ਅਰਬ ਡਾਲਰ ਤੋਂ ਵੱਧ ਹੈ।

ਅਫ਼ਗਾਨਿਸਤਾਨ

ਤਾਂਬਾ

ਅਫ਼ਗਾਨਿਸਤਾਨ ਕੋਲ ਇਸ ਖੇਤਰ ਦਾ ਸਭ ਤੋਂ ਵੱਡਾ ਤਾਂਬੇ ਦਾ ਭੰਡਾਰ ਹੈ।

ਪੁਰਾਣੇ ਅਨੁਮਾਨਾਂ ਵਿੱਚ ਦੇਸ਼ ਵਿੱਚ ਤਾਂਬੇ ਦਾ ਭੰਡਾਰ ਲਗਭਗ ਤਿੰਨ ਕਰੋੜ ਟਨ ਦੱਸਿਆ ਗਿਆ ਸੀ। ਨਵੀਆਂ ਰਿਪੋਰਟਾਂ ਵਿੱਚ ਇਸ ਨੂੰ ਛੇ ਕਰੋੜ ਟਨ ਦੱਸਿਆ ਗਿਆ ਹੈ।

ਵਿਸ਼ਵ ਬਾਜ਼ਾਰ ਵਿੱਚ ਇੱਕ ਟਨ ਤਾਂਬੇ ਦੀ ਕੀਮਤ 10 ਹਜ਼ਾਰ ਤੋਂ 12 ਹਜ਼ਾਰ ਡਾਲਰ ਦੇ ਵਿਚਕਾਰ ਹੈ।

ਇਸ ਹਿਸਾਬ ਨਾਲ ਅਫ਼ਗਾਨਿਸਤਾਨ ਦੇ ਤਾਂਬੇ ਦੇ ਭੰਡਾਰ ਦੀ ਅਨੁਮਾਨਿਤ ਕੀਮਤ 720 ਅਰਬ ਡਾਲਰ ਤੱਕ ਹੋ ਸਕਦੀ ਹੈ।

ਅਫ਼ਗਾਨਿਸਤਾਨ ਦੇ ਲੋਗਰ, ਹੇਰਾਤ, ਜ਼ਾਬੁਲ, ਗ਼ਜ਼ਨੀ, ਸਰਪੁਲ ਅਤੇ ਬਾਦਗੀਸ ਸੂਬਿਆਂ ਵਿੱਚ ਤਾਂਬੇ ਦੇ ਭੰਡਾਰਾਂ ਦੀ ਪਛਾਣ ਕੀਤੀ ਗਈ ਹੈ।

ਇਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਤਾਂਬੇ ਦੀ ਖਾਣ ਲੋਗਰ ਦੇ ਮੁਹੰਮਦ ਆਗਾ ਜ਼ਿਲ੍ਹੇ ਵਿੱਚ ਸਥਿਤ ‘ਆਇਨਾਕ’ ਖਾਣ ਹੈ।

‘ਆਇਨਾਕ’ ਨੂੰ ਅਫ਼ਗਾਨਿਸਤਾਨ ਦੀ ਸਭ ਤੋਂ ਵੱਡੀ ਤਾਂਬੇ ਦੀ ਖਾਣ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਤਾਂਬੇ ਦੇ ਭੰਡਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

1970 ਅਤੇ 1980 ਦੇ ਦਹਾਕਿਆਂ ਵਿੱਚ ਹੋਏ ਸਰਵੇਖਣਾਂ ਵਿੱਚ ਇਸ ਖਾਣ ਵਿੱਚ ਤਾਂਬੇ ਦਾ ਭੰਡਾਰ ਲਗਭਗ 24 ਕਰੋੜ ਟਨ ਦੱਸਿਆ ਗਿਆ ਸੀ।

ਅਫ਼ਗਾਨਿਸਤਾਨ ਦੇ ਖਣਨ ਮੰਤਰਾਲੇ ਨੇ ਇਹ ਵੀ ਕਿਹਾ ਸੀ ਕਿ ਇਸ ਖਾਣ ਵਿੱਚੋਂ 1.15 ਕਰੋੜ ਟਨ ਤਾਂਬਾ ਕੱਢਿਆ ਜਾ ਸਕਦਾ ਹੈ, ਜਿਸ ਦੀ ਕੀਮਤ ਲਗਭਗ 50 ਅਰਬ ਡਾਲਰ ਸੀ।

ਸਾਲ 2008 ਵਿੱਚ ਖਾਣ ਵਿੱਚੋਂ ਤਾਂਬਾ ਕੱਢਣ ਲਈ ਇੱਕ ਚੀਨੀ ਕੰਪਨੀ ਐੱਮਸੀਸੀ ਨਾਲ 2.9 ਅਰਬ ਡਾਲਰ ਦਾ ਸਮਝੌਤਾ ਕੀਤਾ ਗਿਆ ਸੀ।

ਤਾਲਿਬਾਨ ਦੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ 245 ਵਰਗ ਕਿਲੋਮੀਟਰ ਵਿੱਚ ਫੈਲੀ ਦੂਜੀ ‘ਆਇਨਾਕ’ ਤਾਂਬੇ ਦੀ ਖਾਣ 30 ਸਾਲਾਂ ਲਈ ਇੱਕ ਨਿੱਜੀ ਕੰਪਨੀ ਟੇਵਰ ਨੂੰ ਪੱਟੇ ‘ਤੇ ਦਿੱਤੀ ਗਈ।

ਕੰਪਨੀ ਨੇ ਇਸ ਪ੍ਰੋਜੈਕਟ ਵਿੱਚ 41.1 ਕਰੋੜ ਡਾਲਰ ਦਾ ਨਿਵੇਸ਼ ਕਰਨ ਅਤੇ ਸਰਕਾਰ ਨੂੰ 12 ਫ਼ੀਸਦੀ ਰਾਇਲਟੀ ਦੇਣ ਦਾ ਵਾਅਦਾ ਕੀਤਾ ਹੈ।

ਐਲੂਮੀਨੀਅਮ

ਅਫ਼ਗਾਨਿਸਤਾਨ ਵਿੱਚ ਐਲੂਮੀਨੀਅਮ ਦੇ ਸਭ ਤੋਂ ਮਹੱਤਵਪੂਰਨ ਭੰਡਾਰ ਜ਼ਾਬੁਲ ਸੂਬੇ ਵਿੱਚ ਹਨ। ਇਨ੍ਹਾਂ ਭੰਡਾਰਾਂ ਦੀ ਸੰਭਾਵਿਤ ਮਾਤਰਾ ਲਗਭਗ 1.1 ਕਰੋੜ ਟਨ ਹੋਣ ਦਾ ਅਨੁਮਾਨ ਹੈ।

ਲੋਹੇ ਤੋਂ ਬਾਅਦ ਐਲੂਮੀਨੀਅਮ ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਧਾਤ ਹੈ। ਨਿਰਮਾਣ, ਆਵਾਜਾਈ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਇਸ ਦੀ ਬਹੁਤ ਮਹੱਤਤਾ ਹੈ।

ਵਿਸ਼ਵ ਬਾਜ਼ਾਰ ਵਿੱਚ ਐਲੂਮੀਨੀਅਮ ਦੀ ਔਸਤ ਕੀਮਤ ਤਿੰਨ ਹਜ਼ਾਰ ਤੋਂ ਚਾਰ ਹਜ਼ਾਰ ਡਾਲਰ ਪ੍ਰਤੀ ਟਨ ਦੇ ਵਿਚਕਾਰ ਹੈ।

ਜ਼ਾਬੁਲ, ਕੰਧਾਰ ਅਤੇ ਬਗ਼ਲਾਨ ਵਿੱਚ ਕੱਢੇ ਜਾ ਸਕਣ ਵਾਲੇ ਐਲੂਮੀਨੀਅਮ ਦੇ ਭੰਡਾਰਾਂ ਦੀ ਕੁੱਲ ਕੀਮਤ 30 ਅਰਬ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ।

ਸੀਸਾ, ਜ਼ਿੰਕ, ਟਿਨ, ਟੰਗਸਟਨ ਅਤੇ ਪਾਰਾ

ਅਫ਼ਗਾਨਿਸਤਾਨ ਵਿੱਚ ਸੀਸੇ, ਜ਼ਿੰਕ, ਟਿਨ, ਟੰਗਸਟਨ ਅਤੇ ਪਾਰੇ ਦੇ ਵੀ ਮਹੱਤਵਪੂਰਨ ਭੰਡਾਰ ਹਨ।

ਕੰਧਾਰ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸੀਸਾ ਅਤੇ ਜ਼ਿੰਕ ਦਾ ਭੰਡਾਰ ਹੈ। ਇਸ ਦੀ ਮਾਤਰਾ ਲਗਭਗ 90 ਹਜ਼ਾਰ ਟਨ ਹੋਣ ਦਾ ਅਨੁਮਾਨ ਹੈ।

ਕੰਧਾਰ ਵਿੱਚ ਟਿਨ ਅਤੇ ਟੰਗਸਟਨ ਦੇ ਭੰਡਾਰ ਵੀ ਪਾਏ ਜਾਂਦੇ ਹਨ।

ਤਾਲਿਬਾਨ ਸਰਕਾਰ ਨੇ ਬਾਮਿਆਨ ਅਤੇ ਘੋਰ ਵਿੱਚ ਸੀਸਾ ਅਤੇ ਜ਼ਿੰਕ ਦੀਆਂ ਖਾਣਾਂ ਦੇ ਠੇਕੇ ਵੀ ਦਿੱਤੇ ਹਨ। ਘੋਰ ਸੂਬੇ ਦੀ ਖਾਣ ਦਾ ਠੇਕਾ 50.7 ਕਰੋੜ ਡਾਲਰ ਦਾ ਦੱਸਿਆ ਗਿਆ ਹੈ।

ਇਨ੍ਹਾਂ ਖਣਿਜ ਭੰਡਾਰਾਂ ਦੀ ਸਹੀ ਮਾਤਰਾ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਲਈ ਹੋਰ ਜਾਂਚ ਦੀ ਲੋੜ ਹੈ।

ਦੱਖਣ-ਪੱਛਮੀ ਅਫ਼ਗਾਨਿਸਤਾਨ ਵਿੱਚ ਪਾਰੇ ਦਾ ਭੰਡਾਰ ਲਗਭਗ 32 ਹਜ਼ਾਰ ਟਨ ਹੋਣ ਦਾ ਅਨੁਮਾਨ ਹੈ।

ਦੂਜਾ ਹਿੱਸਾ: ਕੀਮਤੀ ਪੱਥਰ

ਅਫ਼ਗਾਨਿਸਤਾਨ ਲੰਬੇ ਸਮੇਂ ਤੋਂ ਕੀਮਤੀ ਪੱਥਰਾਂ, ਖ਼ਾਸ ਕਰਕੇ ਲੈਪਿਸ ਲਾਜ਼ੂਲੀ, ਪੰਨੇ, ਮਾਣਕ ਅਤੇ ਗਾਰਨੇਟ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਜਾਣਿਆ ਜਾਂਦਾ ਹੈ

ਅਫ਼ਗਾਨਿਸਤਾਨ ਲੰਬੇ ਸਮੇਂ ਤੋਂ ਕੀਮਤੀ ਪੱਥਰਾਂ, ਖ਼ਾਸ ਕਰ ਕੇ ਲੈਪਿਸ ਲਾਜ਼ੂਲੀ, ਪੰਨੇ, ਮਾਣਕ ਅਤੇ ਗਾਰਨੇਟ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਜਾਣਿਆ ਜਾਂਦਾ ਹੈ।

ਇਨ੍ਹਾਂ ਕੀਮਤੀ ਪੱਥਰਾਂ ਦੀਆਂ ਮੁੱਖ ਖਾਣਾਂ ਬਦਖ਼ਸ਼ਾਂ, ਪੰਜਸ਼ੀਰ, ਕੁਨਰ, ਨੂਰਿਸਤਾਨ ਅਤੇ ਕਾਬੁਲ ਵਿੱਚ ਹਨ।

ਬਦਖ਼ਸ਼ਾਂ ਦਾ ਲੈਪਿਸ ਲਾਜ਼ੂਲੀ ਅਤੇ ਪੰਜਸ਼ੀਰ ਦਾ ਪੰਨਾ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਹੈ।

ਹਾਲਾਂਕਿ, ਅਫ਼ਗਾਨਿਸਤਾਨ ਵਿੱਚ ਕੀਮਤੀ ਪੱਥਰਾਂ ਦੇ ਭੰਡਾਰਾਂ ਦੀ ਸਹੀ ਮਾਤਰਾ ਦਾ ਅਜੇ ਤੱਕ ਪਤਾ ਨਹੀਂ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਨ੍ਹਾਂ ਪੱਥਰਾਂ ਦੀ ਕੀਮਤ ਅਰਬਾਂ ਡਾਲਰ ਤੱਕ ਹੋਣ ਦਾ ਅਨੁਮਾਨ ਹੈ।

ਸੰਗਮਰਮਰ

ਅਫ਼ਗਾਨਿਸਤਾਨ ਵਿੱਚ ਸੰਗਮਰਮਰ ਦੇ ਵੀ ਭੰਡਾਰ ਹਨ।

ਦੇਸ਼ ਦੇ ਖਣਨ ਮੰਤਰਾਲੇ ਮੁਤਾਬਕ, ਅਫ਼ਗਾਨਿਸਤਾਨ ਵਿੱਚ 1.3 ਅਰਬ ਟਨ ਸੰਗਮਰਮਰ ਹੋਣ ਦਾ ਅਨੁਮਾਨ ਹੈ।

ਚੀਨੀ ਮਾਹਰਾਂ ਮੁਤਾਬਕ, ਅਫ਼ਗਾਨਿਸਤਾਨ ਸਿਰਫ਼ ਚੀਨ ਨੂੰ ਸੰਗਮਰਮਰ ਦਾ ਨਿਰਯਾਤ ਕਰ ਕੇ ਸਾਲਾਨਾ 50 ਕਰੋੜ ਡਾਲਰ ਕਮਾ ਸਕਦਾ ਹੈ।

ਤੀਜਾ ਹਿੱਸਾ: ਇੱਕ ਟ੍ਰਿਲੀਅਨ ਡਾਲਰ ਤੋਂ ਵੱਧ ਕੀਮਤ ਵਾਲੇ ਦੁਰਲੱਭ ਧਰਤੀ ਤੱਤ

ਅਫ਼ਗਾਨਿਸਤਾਨ ਵਿੱਚ ਦੁਰਲੱਭ ਧਰਤੀ ਧਾਤਾਂ ਯਾਨੀ ਰੇਅਰ ਅਰਥ ਮਟੀਰੀਅਲ ਦੇ ਭੰਡਾਰ ਵੀ ਹਨ।

ਅਫ਼ਗਾਨਿਸਤਾਨ ਵਿੱਚ 14 ਲੱਖ ਟਨ ਦੁਰਲੱਭ ਧਰਤੀ ਤੱਤ ਹੋਣ ਦਾ ਅਨੁਮਾਨ ਹੈ।

ਇਸ ਤੋਂ ਇਲਾਵਾ ਹੇਲਮੰਦ ਸੂਬੇ ਦੇ ਖ਼ਾਨਸ਼ੀਨ ਇਲਾਕੇ ਵਿੱਚ ਯੂਰੇਨੀਅਮ ਸਮੇਤ 35 ਲੱਖ ਟਨ ਦੁਰਲੱਭ ਖਣਿਜਾਂ ਦੇ ਭੰਡਾਰ ਹਨ।

ਰੇਅਰ ਅਰਥ ਮੈਟਲਜ਼ ਸ਼ਬਦ ਦੀ ਵਰਤੋਂ 17 ਰਸਾਇਣਕ ਤੱਤਾਂ ਲਈ ਕੀਤੀ ਜਾਂਦੀ ਹੈ। ਆਧੁਨਿਕ ਤਕਨਾਲੋਜੀ ਅਤੇ ਉਦਯੋਗਾਂ ਵਿੱਚ ਇਨ੍ਹਾਂ ਦੀ ਵੱਡੇ ਪੱਧਰ ‘ਤੇ ਵਰਤੋਂ ਹੁੰਦੀ ਹੈ।

ਸਮਾਰਟਫੋਨ, ਕੰਪਿਊਟਰ, ਮੈਡੀਕਲ ਉਪਕਰਨ ਅਤੇ ਕਈ ਹੋਰ ਉਦਯੋਗਿਕ ਉਤਪਾਦ ਬਣਾਉਣ ਲਈ ਇਹ ਤੱਤ ਜ਼ਰੂਰੀ ਹਨ।

ਅਫ਼ਗਾਨਿਸਤਾਨ ਵਿੱਚ ਲਿਥੀਅਮ, ਬੈਰਾਈਟ, ਐਸਬੈਸਟਸ, ਸੈਲੇਸਟਾਈਟ, ਮਿੱਟੀ ਅਤੇ ਪੋਟਾਸ਼ ਦੇ ਵੀ ਵੱਡੇ ਭੰਡਾਰ ਹਨ।

ਇਨ੍ਹਾਂ ਵਿੱਚ ਲਿਥੀਅਮ ਦੀ ਖ਼ਾਸ ਮਹੱਤਤਾ ਹੈ। ਕੁਝ ਅਨੁਮਾਨਾਂ ਮੁਤਾਬਕ, ਅਫ਼ਗਾਨਿਸਤਾਨ ਦੇ ਲਿਥੀਅਮ ਭੰਡਾਰ ਦੀ ਕੀਮਤ ਇੱਕ ਟ੍ਰਿਲੀਅਨ ਡਾਲਰ ਤੱਕ ਹੋ ਸਕਦੀ ਹੈ।

ਅਫ਼ਗਾਨਿਸਤਾਨ ਦੇ ਗ਼ਜ਼ਨੀ, ਫ਼ਰਾਹ ਅਤੇ ਦਾਇਕੁੰਦੀ ਸੂਬਿਆਂ ਵਿੱਚ ਲਿਥੀਅਮ ਦੇ ਭੰਡਾਰਾਂ ਦੀ ਰਸਮੀ ਤੌਰ ‘ਤੇ ਪਛਾਣ ਕੀਤੀ ਗਈ ਹੈ। ਦੂਜੇ ਇਲਾਕਿਆਂ ਵਿੱਚ ਵੀ ਇਸ ਦੇ ਮਿਲਣ ਦੀ ਸੰਭਾਵਨਾ ਹੈ।

ਅੰਦਾਜ਼ਾ ਹੈ ਕਿ ਅਫ਼ਗਾਨਿਸਤਾਨ ਵਿੱਚ ਲਿਥੀਅਮ ਦੇ ਭੰਡਾਰਾਂ ਦੀ ਪੱਟੀ ਹੇਰਾਤ ਤੋਂ ਨੂਰਿਸਤਾਨ ਤੱਕ ਫੈਲੀ ਹੋਈ ਹੈ। ਇੱਥੇ ਦਹਾਕਿਆਂ ਤੱਕ ਖਣਨ ਕੀਤਾ ਜਾ ਸਕਦਾ ਹੈ।

ਇਹ ਅਫ਼ਗਾਨਿਸਤਾਨ ਨੂੰ ਇਸ ਮਹੱਤਵਪੂਰਨ ਖਣਿਜ ਸਰੋਤ ਦੇ ਵੱਡੇ ਭੰਡਾਰ ਵਾਲੇ ਦੇਸ਼ਾਂ ਵਿੱਚ ਸ਼ਾਮਲ ਕਰ ਸਕਦਾ ਹੈ।

ਇਨ੍ਹਾਂ ਖਣਿਜਾਂ ਤੋਂ ਇਲਾਵਾ ਅਫ਼ਗਾਨਿਸਤਾਨ ਟੈਲਕ ਦਾ ਨਿਰਯਾਤ ਵੀ ਕਰਦਾ ਹੈ।

ਚੌਥਾ ਹਿੱਸਾ: ਤੇਲ, ਗੈਸ ਅਤੇ ਕੋਲਾ

ਅਫ਼ਗਾਨਿਸਤਾਨ

ਅਫ਼ਗਾਨਿਸਤਾਨ ਵਿੱਚ ਗੈਸ ਦੇ ਵੱਡੇ ਭੰਡਾਰ ਵੀ ਹਨ।

ਅੰਦਾਜ਼ਾ ਹੈ ਕਿ ਦੇਸ਼ ਵਿੱਚ ਲਗਭਗ 1.6 ਅਰਬ ਬੈਰਲ ਤੇਲ ਅਤੇ 500 ਅਰਬ ਘਣ ਮੀਟਰ ਕੁਦਰਤੀ ਗੈਸ ਦਾ ਭੰਡਾਰ ਹੈ।

ਅਫ਼ਗਾਨਿਸਤਾਨ ਦੇ ਸਭ ਤੋਂ ਮਹੱਤਵਪੂਰਨ ਤੇਲ ਅਤੇ ਗੈਸ ਦੇ ਭੰਡਾਰ ਅਮੂ ਦਰਿਆ ਅਤੇ ਅਫ਼ਗਾਨ-ਤਾਜਿਕ ਬੇਸਿਨ ਵਿੱਚ ਹਨ। ਇਹ ਬਲਖ਼, ਜੌਜ਼ਜਾਨ, ਫ਼ਰਯਾਬ, ਸਰਪੁਲ ਅਤੇ ਸਮੰਗਨ ਸੂਬਿਆਂ ਦੇ ਕੁਝ ਹਿੱਸਿਆਂ ਤੱਕ ਫੈਲੇ ਹੋਏ ਹਨ।

ਇਸ ਤੋਂ ਇਲਾਵਾ ਪੱਛਮੀ ਅਤੇ ਦੱਖਣੀ ਅਫ਼ਗਾਨਿਸਤਾਨ ਵਿੱਚ ਵੀ ਤੇਲ ਅਤੇ ਗੈਸ ਦੇ ਭੰਡਾਰ ਹਨ। ਇਨ੍ਹਾਂ ਵਿੱਚ ਹੇਰਾਤ-ਤ੍ਰਿਪੋਲੀ ਬੇਸਿਨ, ਹੇਲਮੰਦ ਬੇਸਿਨ ਅਤੇ ਕਟਵਾਜ਼ ਬੇਸਿਨ ਸ਼ਾਮਲ ਹਨ।

ਇਹ ਕੁਦਰਤੀ ਸਰੋਤ ਅਫ਼ਗਾਨਿਸਤਾਨ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਅਤੇ ਦੇਸ਼ ਦੇ ਊਰਜਾ ਦੇ ਮੁੱਖ ਸਰੋਤਾਂ ਵਿੱਚ ਸ਼ਾਮਲ ਹਨ।

ਅਫ਼ਗਾਨਿਸਤਾਨ ‘ਤੇ ਕੰਟ੍ਰੋਲ ਹਾਸਲ ਕਰਨ ਤੋਂ ਬਾਅਦ ਤਾਲਿਬਾਨ ਸਰਕਾਰ ਨੇ ਜੁਲਾਈ 2023 ਵਿੱਚ ਐਲਾਨ ਕੀਤਾ ਸੀ ਕਿ ਉਸ ਨੇ ਦੇਸ਼ ਦਾ ਰੋਜ਼ਾਨਾ ਤੇਲ ਉਤਪਾਦਨ ਵਧਾ ਕੇ 1,200 ਟਨ ਕਰ ਦਿੱਤਾ ਹੈ।

ਇਹ ਅਫ਼ਗਾਨਿਸਤਾਨ ਦੀ ਕੁੱਲ ਤੇਲ ਦੀ ਲੋੜ ਦਾ ਲਗਭਗ 10 ਫ਼ੀਸਦੀ ਹੈ। ਦੇਸ਼ ਵਿੱਚ ਹਰ ਰੋਜ਼ 8,000 ਤੋਂ 10,000 ਟਨ ਤੇਲ ਦੀ ਲੋੜ ਹੋਣ ਦਾ ਅਨੁਮਾਨ ਹੈ।

ਅਫ਼ਗਾਨਿਸਤਾਨ ਨੂੰ ਹਰ ਸਾਲ ਲਗਭਗ 27 ਲੱਖ ਟਨ ਤੇਲ ਦੀ ਲੋੜ ਹੁੰਦੀ ਹੈ। ਇਸ ਦਾ ਵੱਡਾ ਹਿੱਸਾ ਦਰਾਮਦ ਕੀਤਾ ਜਾਂਦਾ ਹੈ।

ਅਫ਼ਗਾਨਿਸਤਾਨ ਦੇ ਖਣਨ ਮੰਤਰਾਲੇ ਦੀ 2019 ਦੀ ਇੱਕ ਅਧਿਕਾਰਤ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਦੇਸ਼ ਦੇ ਤੇਲ ਭੰਡਾਰਾਂ ਅਤੇ ਖੂਹਾਂ ਵਿੱਚ ਲਗਭਗ 1.6 ਅਰਬ ਬੈਰਲ ਕੱਚਾ ਤੇਲ, 1.6 ਟ੍ਰਿਲੀਅਨ ਘਣ ਫੁੱਟ ਕੁਦਰਤੀ ਗੈਸ ਅਤੇ 50 ਕਰੋੜ ਬੈਰਲ ਤਰਲ ਕੁਦਰਤੀ ਗੈਸ ਮੌਜੂਦ ਹੈ।

ਇਸ ਰਿਪੋਰਟ ਵਿੱਚ ਅਮਰੀਕਾ ਅਤੇ ਅਫ਼ਗਾਨਿਸਤਾਨ ਦੇ ਇੱਕ ਸਾਂਝੇ ਮੁਲਾਂਕਣ ਦਾ ਵੀ ਹਵਾਲਾ ਦਿੱਤਾ ਗਿਆ ਸੀ।

ਇਸ ਹਿਸਾਬ ਨਾਲ ਸਿਰਫ਼ ਅਫ਼ਗਾਨਿਸਤਾਨ ਦੇ ਕੱਚੇ ਤੇਲ ਦੀ ਮੌਜੂਦਾ ਕੀਮਤ ਲਗਭਗ 107 ਅਰਬ ਡਾਲਰ ਹੈ।

ਕੋਲਾ

ਅਫ਼ਗਾਨਿਸਤਾਨ ਵਿੱਚ ਕੋਲੇ ਦਾ ਭੰਡਾਰ ਲਗਭਗ ਇੱਕ ਅਰਬ ਟਨ ਦੱਸਿਆ ਜਾਂਦਾ ਹੈ। ਇਸ ਕੋਲੇ ਦੀ ਗੁਣਵੱਤਾ ਵੀ ਚੰਗੀ ਮੰਨੀ ਜਾਂਦੀ ਹੈ।

ਅਫ਼ਗਾਨਿਸਤਾਨ ਦਾ ਮੁੱਖ ਕੋਲਾ ਭੰਡਾਰ ਬਦਖ਼ਸ਼ਾਂ ਤੋਂ ਹੇਰਾਤ ਤੱਕ ਫੈਲਿਆ ਹੋਇਆ ਹੈ। ਇਹ ਤਖ਼ਾਰ, ਕੁੰਦੁਜ਼, ਬਗ਼ਲਾਨ, ਸਮੰਗਨ, ਬਲਖ਼, ਸਰਪੁਲ, ਬਾਮਿਆਨ, ਦਾਇਕੁੰਦੀ, ਜੌਜ਼ਜਾਨ ਅਤੇ ਬਾਦਗੀਸ ਵਿੱਚੋਂ ਲੰਘਦਾ ਹੈ।

ਹੁਣ ਤੱਕ ਦੇਸ਼ ਵਿੱਚ ਕੋਲੇ ਦੀਆਂ 113 ਤੋਂ ਵੱਧ ਖਾਣਾਂ ਅਤੇ ਖਣਿਜ ਭੰਡਾਰਾਂ ਦੀ ਪਛਾਣ ਕੀਤੀ ਗਈ ਹੈ।

ਇਨ੍ਹਾਂ ਵਿੱਚੋਂ 18 ਖਾਣਾਂ ਵਿੱਚ 84.7 ਕਰੋੜ ਟਨ ਤੋਂ ਵੱਧ ਕੋਲਾ ਹੋਣ ਦਾ ਅੰਦਾਜ਼ਾ ਹੈ।

ਕੋਲਾ ਅਫ਼ਗਾਨਿਸਤਾਨ ਦੇ ਸਭ ਤੋਂ ਮਹੱਤਵਪੂਰਨ ਖਣਿਜ ਸਰੋਤਾਂ ਵਿੱਚੋਂ ਇੱਕ ਹੈ। ਇਸ ਦੀਆਂ ਮਸ਼ਹੂਰ ਖਾਣਾਂ ਸਮੰਗਨ, ਬਾਮਿਆਨ, ਤਖ਼ਾਰ, ਬਗ਼ਲਾਨ, ਹੇਰਾਤ ਅਤੇ ਸਰਪੁਲ ਵਿੱਚ ਹਨ।

ਤਾਲਿਬਾਨ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਸ਼ੁਰੂਆਤੀ ਚਾਰ ਸਾਲਾਂ ਵਿੱਚ ਅਫ਼ਗਾਨਿਸਤਾਨ ਨੇ 1.1 ਅਰਬ ਡਾਲਰ ਤੋਂ ਵੱਧ ਦਾ ਕੋਲਾ ਨਿਰਯਾਤ ਕੀਤਾ। ਇਹ ਦੇਸ਼ ਲਈ ਕਮਾਈ ਦਾ ਇੱਕ ਵੱਡਾ ਸਰੋਤ ਬਣ ਗਿਆ ਹੈ।

ਪਾਕਿਸਤਾਨ, ਈਰਾਨ, ਤੁਰਕੀ, ਭਾਰਤ ਅਤੇ ਚੀਨ ਅਫ਼ਗਾਨਿਸਤਾਨ ਦੇ ਕੋਲੇ ਦੇ ਪ੍ਰਮੁੱਖ ਖ਼ਰੀਦਦਾਰ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI