Home rss national punjabi2ਰਾਸ਼ਟਰੀ ਖ਼ਬਰਾਂ ਕੀ ਐਲ ਨੀਨੋ ਦੁਨੀਆਂ ਭਰ ਦੇ ਮੌਸਮ ਨੂੰ ਬਦਲ ਰਿਹਾ ਹੈ ਜਿਸ...

ਕੀ ਐਲ ਨੀਨੋ ਦੁਨੀਆਂ ਭਰ ਦੇ ਮੌਸਮ ਨੂੰ ਬਦਲ ਰਿਹਾ ਹੈ ਜਿਸ ਨਾਲ ਸੋਕੇ ਅਤੇ ਹੜ੍ਹ ਦੀਆਂ ਘਟਨਾਵਾਂ ਵੱਧ ਜਾਣਗੀਆਂ, ਸੰਯੁਕਤ ਰਾਸ਼ਟਰ ਨੇ ਕੀ ਦਿੱਤੀ ਚੇਤਾਵਨੀ?

5
0

Source :- BBC PUNJABI

ਮਲਬੇ ਉੱਤੇ ਖੜ੍ਹੀ ਇੱਕ ਅਫਰੀਕਨ ਕੁੜੀ, ਮਲਬੇ ਵਿੱਚ ਕਾਰ ਵੀ ਫਸੀ ਹੈ।

ਤਸਵੀਰ ਸਰੋਤ, Luis Tato/AFP/Getty Images

ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆਂ ਅਤਿਅੰਤ ਮੌਸਮ ਦੇ ਖ਼ਤਰਨਾਕ ਖੇਤਰ ਵਿੱਚ ਦਾਖਲ ਹੋ ਚੁੱਕੀ ਹੈ ਕਿਉਂਕਿ ਐਲ ਨੀਨੋ ਦੇ ਪ੍ਰਭਾਵ ਵਿਸ਼ਵ ਪੱਧਰ ‘ਤੇ ਮਹਿਸੂਸ ਕੀਤੇ ਜਾਣ ਲੱਗੇ ਹਨ।

ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਕੁਦਰਤੀ ਮੌਸਮੀ ਵਰਤਾਰੇ ਬਾਰੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ ਜੋ ਦਰਸਾਉਂਦੇ ਹਨ ਕਿ ਇਹ ਪਿਛਲੇ 70 ਤੋਂ ਵੱਧ ਸਾਲਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਹੋ ਸਕਦਾ ਹੈ ਅਤੇ ਘੱਟੋ ਘੱਟ ਫ਼ਰਵਰੀ 2027 ਤੱਕ ਜਾਰੀ ਰਹਿ ਸਕਦਾ ਹੈ।

ਐਲ ਨੀਨੋ ਦੁਨੀਆਂ ਭਰ ਵਿੱਚ ਮੌਸਮ ਦੇ ਮਿਜ਼ਾਜ ਨੂੰ ਬਦਲ ਦਿੰਦਾ ਹੈ, ਜਿਸ ਨਾਲ ਕੁਝ ਖੇਤਰਾਂ ਵਿੱਚ ਸੋਕਾ ਪੈ ਜਾਂਦਾ ਹੈ ਜਦੋਂ ਕਿ ਦੂਜੇ ਖੇਤਰਾਂ ਵਿੱਚ ਭਾਰੀ ਤੂਫ਼ਾਨ ਅਤੇ ਹੜ੍ਹ ਆਉਂਦੇ ਹਨ।

ਮੌਸਮ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਐਲ ਨੀਨੋ ਕੁਝ ਥਾਂਵਾਂ ‘ਤੇ ਤਾਪਮਾਨ ਨੂੰ ਹੋਰ ਵਧਾਏਗਾ ਜੋ ਕਿ ਮਨੁੱਖ ਵੱਲੋਂ ਪੈਦਾ ਕੀਤੇ ਜਲਵਾਯੂ ਪਰਿਵਰਤਨ ਕਾਰਨ ਵਿਸ਼ਵ ਪੱਧਰ ‘ਤੇ ਪਹਿਲਾਂ ਹੀ ਵਧ ਰਹੀ ਗਰਮੀ ਦੇ ਉੱਤੇ ਇੱਕ ਹੋਰ ਵਾਧਾ ਹੋਵੇਗਾ।

ਗੁਟੇਰੇਸ ਨੇ ਕਿਹਾ, “ਐਲ ਨੀਨੋ ਬਹੁਤ ਵੱਡਾ ਰੂਪ ਧਾਰਨ ਕਰ ਰਿਹਾ ਹੈ। ਵਿਗਿਆਨ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਛੱਡਦਾ। ਧਰਤੀ ਇੱਕ ਬਿਲਕੁਲ ਅਣਜਾਣੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਪਾਣੀ ਹੋਰ ਗਰਮ ਹੋ ਰਹੇ ਹਨ।”

ਬੀਬੀਸੀ ਨੇ ਮੌਤਾਂ, ਉਜਾੜੇ ਅਤੇ ਵਾਤਾਵਰਨ ਦੇ ਨੁਕਸਾਨ ਦੇ ਖਤਰਿਆਂ ਨੂੰ ਘਟਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਸਰਕਾਰਾਂ ਅਤੇ ਵਿਗਿਆਨੀਆਂ ਨਾਲ ਗੱਲ ਕੀਤੀ। ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਪਹਿਲਾਂ ਤੋਂ ਹੀ ਡਾਕਟਰੀ ਸਹਾਇਤਾ ਤਾਇਨਾਤ ਕੀਤੀ ਗਈ ਹੈ ਪਰ ਇਸ ਵਰਤਾਰੇ ਦੀ ਤਾਕਤ ਨੇ ਕਮਜ਼ੋਰ ਸਮੂਹਾਂ ਲਈ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ।

ਸੰਯੁਕਤ ਰਾਸ਼ਟਰ ਦੀ ਏਜੰਸੀ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਕਿਹਾ ਕਿ ਉਸ ਨੇ ਐਲ ਨੀਨੋ ਨਾਲ ਜੁੜੀਆਂ ਸੰਭਾਵਿਤ ਮੌਸਮੀ ਘਟਨਾਵਾਂ ਦੇ ਪੂਰਵ ਅਨੁਮਾਨਾਂ ਨੂੰ ਵੱਧ ਤੋਂ ਵੱਧ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਇੱਕ ਵੱਡੀ ਲਾਮਬੰਦੀ ਸ਼ੁਰੂ ਕੀਤੀ ਹੈ।

ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਸਕੱਤਰ ਜਨਰਲ ਸਾਉਲੋ ਨੇ ਚੇਤਾਵਨੀ ਦਿੱਤੀ, “ਐਲ ਨੀਨੋ ਦੁਨੀਆਂ ਭਰ ਦੇ ਭਾਈਚਾਰਿਆਂ ਅਤੇ ਅਰਥ ਚਾਰਿਆਂ ਨੂੰ ਇੱਕ ਵੱਡਾ ਝਟਕਾ ਦੇਣ ਦੀ ਸਮਰੱਥਾ ਰੱਖਦਾ ਹੈ।”

ਯੂ.ਐੱਨ. ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਦਾ ਬਿਆਨ

ਐਲ ਨੀਨੋ ਇੱਕ ਕੁਦਰਤੀ ਵਰਤਾਰਾ ਹੈ ਜੋ ਪ੍ਰਸ਼ਾਂਤ ਮਹਾਂਸਾਗਰ ਵਿਚ ਪੈਦਾ ਹੁੰਦਾ ਹੈ ਅਤੇ ਇਹ ਹਵਾ ਦੇ ਪੈਟਰਨ ਵਿੱਚ ਬਦਲਾਅ ਨਾਲ ਜੁੜਿਆ ਹੋਇਆ ਹੈ। ਇਹ ਗਰਮ ਪਾਣੀ ਨੂੰ ਪੂਰਬ ਵੱਲ ਫੈਲਣ ਦਿੰਦਾ ਹੈ ਅਤੇ ਵਾਯੂ-ਮੰਡਲ ਵਿਚ ਗਰਮੀ ਛੱਡਦਾ ਹੈ।

ਕੇਂਦਰੀ ਅਤੇ ਪੂਰਬੀ ਟ੍ਰੋਪੀਕਲ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਮੁੰਦਰ ਦਾ ਤਾਪਮਾਨ ਹਾਲ ਹੀ ਦੇ ਮਹੀਨਿਆਂ ਵਿੱਚ ਤੇਜ਼ੀ ਨਾਲ ਵਧਿਆ ਹੈ ਜੋ ਕਿ ਇੱਕ ਮਜ਼ਬੂਤ ਹੁੰਦੇ ਜਾ ਰਹੇ ਐਲ ਨੀਨੋ ਦਾ ਸਪਸ਼ਟ ਸੰਕੇਤ ਹੈ।

ਪ੍ਰਸ਼ਾਂਤ ਮਹਾਂਸਾਗਰ ਦੇ ਮੁਖ ਨਿਗਰਾਨੀ ਖੇਤਰ ਵਿੱਚ ਹਾਲ ਹੀ ਦੇ ਹਫਤਿਆਂ ਵਿਚ ਸਤ੍ਹਾ ਦਾ ਤਾਪਮਾਨ ਔਸਤ ਨਾਲੋਂ ਦੋ ਡਿਗਰੀ ਸੈਲਸੀਅਸ ਤੋਂ ਵੀ ਉੱਤੇ ਰਿਹਾ ਹੈ ਜਿਸ ਨਾਲ ਇਸ ਨੂੰ ਇੱਕ ਬਹੁਤ ਸ਼ਕਤੀਸ਼ਾਲੀ ਵਰਤਾਰਾ ਐਲਾਨੇ ਜਾਣ ਦੀ ਸੰਭਾਵਨਾ ਬਣ ਗਈ ਹੈ।

ਪਰ ਇਸ ਦੇ ਇਸ ਨਿਸ਼ਾਨੇ ਨੂੰ ਵੀ ਪਾਰ ਕਰ ਜਾਣ ਦੀ ਉਮੀਦ ਹੈ। ਪੂਰਵ ਅਨੁਮਾਨਾਂ ਤੋਂ ਸੰਕੇਤ ਮਿਲਦਾ ਹੈ ਕਿ ਮਹੀਨੇਵਾਰ ਸਮੁੰਦਰੀ ਸਤ੍ਹਾ ਦਾ ਤਾਪਮਾਨ ਔਸਤ ਨਾਲੋਂ ਚਾਰ ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਸਕਦਾ ਹੈ।

ਇਹ ਇਸ ਨੂੰ ਸੰਭਾਵੀ ਤੌਰ ‘ਤੇ ਘੱਟੋ ਘੱਟ 1950 ਤੋਂ ਬਾਅਦ ਦਾ ਸਭ ਤੋਂ ਸ਼ਕਤੀਸ਼ਾਲੀ ਐਲ ਨੀਨੋ ਬਣਾ ਦੇਵੇਗਾ।

ਪ੍ਰਸ਼ਾਂਤ ਮਹਾਸਾਗਰ ਦੀ ਸਤ੍ਹਾ ਹੇਠਾਂ ਪਾਣੀ ਦਾ ਤਾਪਮਾਨ ਔਸਤ ਨਾਲੋਂ ਅੱਠ ਡਿਗਰੀ ਸੈਲਸੀਅਸ ਤੋਂ ਵੀ ਵੱਧ ਅਸਧਾਰਨ ਤੌਰ ‘ਤੇ ਉੱਤੇ ਦਰਜ ਕੀਤਾ ਗਿਆ ਹੈ। ਇਹ ਵਰਤਾਰਾ ਸਮੁੰਦਰੀ ਸਤ੍ਹਾ ਦੇ ਹੇਠਲੇ ਤਾਪਮਾਨ ਵਿੱਚ ਮਹੱਤਵਪੂਰਨ ਵਾਧੇ ਨੂੰ ਦਰਸਾਉਂਦਾ ਹੈ।

ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਵੀ ਸਮੁੰਦਰ ਦੇ ਔਸਤ ਨਾਲੋਂ ਜ਼ਿਆਦਾ ਤਾਪਮਾਨ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਵਿੱਚ ਹਿੰਦ ਮਹਾਂਸਾਗਰ, ਟ੍ਰੌਪੀਕਲ ਅਟਲਾਂਟਿਕ ਅਤੇ ਆਸਟ੍ਰੇਲੀਆ ਤੱਟ ਦੇ ਕੁਝ ਹਿੱਸੇ ਸ਼ਾਮਲ ਹਨ।

ਐਲ ਨੀਨੋ ਬਾਰੇ ਗਰਾਫਿਕਸ

ਆਪਣੇ ਅਮੀਰ ਸਮੁੰਦਰੀ ਜੀਵਨ ਕਾਰਨ ਸਮੁੰਦਰੀ ਗਰਮੀ ਵਿੱਚ ਆ ਰਹੇ ਬਦਲਾਅ ਆਸਟ੍ਰੇਲੀਆ ਲਈ ਵਿਸ਼ੇਸ਼ ਚਿੰਤਾ ਦਾ ਵਿਸ਼ਾ ਹਨ।

ਇਹ ਹਾਲ ਹੀ ਦੇ ਸਾਲਾਂ ਵਿੱਚ ਜਲਵਾਯੂ ਪਰਿਵਰਤਨ ਕਾਰਨ ਆਈਆਂ ਸਮੁੰਦਰੀ ਗਰਮੀ ਦੀਆਂ ਲਹਿਰਾਂ ਨਾਲ ਜੂਝ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਵੱਡੇ ਪੱਧਰ ‘ਤੇ ਕੋਰਲ ਬਲੀਚਿੰਗ ਅਤੇ ਕਾਈ ਦੀ ਭਰਮਾਰ ਹੋਈ ਹੈ ਜਿਸ ਨਾਲ ਬੇਮਿਸਾਲ ਨੁਕਸਾਨ ਹੋਇਆ ਹੈ।

ਆਸਟ੍ਰੇਲੀਆ ਦੀ ਵਿਗਿਆਨ ਏਜੰਸੀ ਦੇ ਮੁੱਖ ਖੋਜਕਰਤਾ ਡਾਕਟਰ ਅਲਿਸਟੇਅਰ ਹੌਬਡੇ ਨੇ ਬੀਬੀਸੀ ਨੂੰ ਦੱਸਿਆ, “ਐਲ ਨੀਨੋ ਇੱਕ ਕੁਦਰਤੀ ਵਰਤਾਰਾ ਹੈ ਪਰ ਇਹ ਅਜਿਹੀ ਅਤਿਅੰਤ ਗਰਮੀ ਲਿਆਉਂਦਾ ਹੈ ਜੋ ਇਨ੍ਹਾਂ ਆਫ਼ਤਾਂ ਦਾ ਕਾਰਨ ਬਣਦੀ ਹੈ।”

ਇਸ ਸਾਲ ਮੈਰੀਨ ਹੀਟਵੇਵ ਦੇ ਪੂਰਵ ਅਨੁਮਾਨ ਦਰਸਾਉਂਦੇ ਹਨ ਕਿ ਗ੍ਰੇਟ ਬੈਰੀਅਰ ਰੀਫ ਸਭ ਤੋਂ ਖ਼ਰਾਬ ਹਾਲਾਤਾਂ ਤੋਂ ਬਚ ਜਾਵੇਗੀ ਜਿਸ ਨਾਲ ਉਥੇ ਕੋਰਲ ਨੂੰ ਰਿਕਵਰ ਹੋਣ ਲਈ ਵੱਧ ਸਮਾਂ ਮਿਲੇਗਾ।

ਹੌਬਡੇ ਨੇ ਕਿਹਾ, “ਪਰ ਦੱਖਣੀ ਆਸਟ੍ਰੇਲੀਆ ‘ਤੇ ਭਾਰੀ ਮਾਰ ਪੈ ਰਹੀ ਹੈ। ਪਿਛਲੇ ਸਾਲ ਉੱਥੇ ਕਾਈ ਦੀ ਭਰਮਾਰ ਹੋਈ ਸੀ, ਹੁਣ ਉੱਥੇ ਬਰਡ ਫਲੂ ਫੈਲਿਆ ਹੋਇਆ ਹੈ ਅਤੇ ਅਜਿਹਾ ਲਗਦਾ ਹੈ ਕਿ ਇਸ ਗਰਮੀ ਦੇ ਸੀਜ਼ਨ ਵਿਚ ਉੱਥੇ ਸਮੁੰਦਰੀ ਗਰਮੀ ਦੀਆਂ ਲਹਿਰਾਂ ਵਧੇਰੇ ਸ਼ਕਤੀਸ਼ਾਲੀ ਹੋਣਗੀਆਂ”

ਪਿਛਲੀ ਵਾਰ ਜਦੋਂ ਮੈਰੀਨ ਹੀਟਵੇਵ ਨੇ ਦੱਖਣੀ ਆਸਟ੍ਰੇਲੀਆ ਅਤੇ ਤਸਮਾਨੀਆ ਨੂੰ ਪ੍ਰਭਾਵਿਤ ਕੀਤਾ ਸੀ ਤਾਂ ਉੱਥੇ ਭੁੱਖੇ ਮਰਦੇ ਪੈਂਗੁਇਨ, ਵੱਡੀ ਗਿਣਤੀ ਵਿੱਚ ਮੱਛੀਆਂ ਦੀ ਮੌਤ, ਦਮ ਘੁਟਣ ਵਾਲੀ ਕਾਈ ਦਾ ਫੈਲਾਅ ਅਤੇ ਜੈਲੀਫਿਸ਼ ਦਾ ਹਮਲਾ ਦੇਖਣ ਨੂੰ ਮਿਲਿਆ ਸੀ।

ਆਸਟ੍ਰੇਲੀਆ ਨੇ ਹਾਲ ਹੀ ਵਿੱਚ ਸਮੁੰਦਰੀ ਸੰਕਟਾਂ ਲਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਸ਼ੁਰੂ ਕੀਤੀਆਂ ਹਨ। ਇਹ ਮੱਛੀ ਪਾਲਣ ਉਦਯੋਗ ਲਈ ਵਿੱਤੀ ਰਾਹਤ ਸਥਾਪਤ ਕਰਨ, ਮਹੱਤਵਪੂਰਨ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਨੂੰ ਦੂਜੀ ਥਾਂ ਭੇਜਣ ਅਤੇ ਕੋਰਲ ਦੀ ਨਿਗਰਾਨੀ ਵਧਾਉਣ ਲਈ ਸਮਾਂ ਦਿੰਦਾ ਹੈ।

ਪਰ ਇਹ ਵਰਤਾਰਾ ਬੇਮਿਸਾਲ ਬਣਦਾ ਜਾ ਰਿਹਾ ਹੈ ਅਤੇ ਹੌਬਡੇ ਕਹਿੰਦੇ ਹਨ ਕਿ ਉਹ ਕਾਫ਼ੀ ਚਿੰਤਤ ਹਨ।

ਘੱਟ ਮੀਂਹ ਸੋਕਾ ਲਿਆਉਂਦਾ ਹੈ ਅਤੇ ਵਪਾਰ ਨੂੰ ਪ੍ਰਭਾਵਿਤ ਕਰਦਾ ਹੈ

ਖਾਲੀ ਮੈਦਾਨ ਵਿੱਚੋਂ ਲੰਘਦਾ ਨੌਜਵਾਨ

ਤਸਵੀਰ ਸਰੋਤ, Monirul Bhuiyan/AFP via Getty Images

ਗਲੋਬਲ ਮੌਸਮ ‘ਤੇ ਇਸ ਦੇ ਪ੍ਰਭਾਵ 2027 ਤੱਕ ਮਹਿਸੂਸ ਕੀਤੇ ਜਾਣ ਦੀ ਸੰਭਾਵਨਾ ਹੈ। ਡਬਲਿਊ.ਐਮ.ਓ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਮੀਂਹ ਦੇ ਮਿਜ਼ਾਜ ਵਿੱਚ ਮਹੱਤਵਪੂਰਨ ਤਬਦੀਲੀਆਂ ਦੀ ਉਮੀਦ ਹੈ।

ਦੱਖਣੀ ਪੂਰਬੀ ਏਸ਼ੀਆ, ਮੱਧ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਉੱਤਰੀ ਹਿੱਸਿਆਂ ਦੇ ਵੱਡੇ ਖੇਤਰਾਂ ਵਿੱਚ ਆਮ ਨਾਲੋਂ ਵੱਧ ਖੁਸ਼ਕ ਹਾਲਾਤ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਨਾਲ ਸੋਕੇ ਅਤੇ ਜੰਗਲਾਂ ਦੀ ਅੱਗ ਦਾ ਖਤਰਾ ਵਧ ਗਿਆ ਹੈ।

ਘੱਟ ਮੀਂਹ ਨੂੰ ਦੇਖਦਿਆਂ, ਵੀਰਵਾਰ ਨੂੰ ਪਨਾਮਾ ਕੈਨਾਲ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਦੀ ਗਿਣਤੀ ਵਿੱਚ 10 ਫ਼ੀਸਦੀ ਤੋਂ ਵੱਧ ਦੀ ਕਟੌਤੀ ਕੀਤੀ ਜਾਵੇਗੀ।

ਲਗਭਗ 14 ਹਜ਼ਾਰ ਜਹਾਜ਼ ਪ੍ਰਤੀ ਸਾਲ ਇਸ ਨਕਲੀ ਜਲ ਮਾਰਗ ਦੀ ਵਰਤੋਂ ਕਰਦੇ ਹਨ। ਵਿਸ਼ਵ ਵਪਾਰ ਲਈ ਇੱਕ ਮਹੱਤਵਪੂਰਨ ਰਸਤਾ ਹੋਣ ਦੇ ਨਾਲ ਨਾਲ ਇਹ ਪਨਾਮਾ ਲਈ ਆਮਦਨ ਦਾ ਇੱਕ ਮੁੱਖ ਸ੍ਰੋਤ ਵੀ ਹੈ ਜੋ ਕਿ ਹਰ ਸਾਲ ਲਗਭਗ ਤਿੰਨ ਬਿਲੀਅਨ ਡਾਲਰ ਦੀ ਕਮਾਈ ਲਿਆਉਂਦਾ ਹੈ।

ਐਲ ਨੀਨੋ ਦੇ ਮੀਂਹ 'ਤੇ ਪ੍ਰਭਾਵ ਬਾਰੇ ਗਰਾਫਿਕਸ

ਇੰਡੋਨੇਸ਼ੀਆ ਇਸ ਖੁਸ਼ਕ ਸੀਜ਼ਨ ਦੌਰਾਨ ਦੇਸ਼ ਭਰ ਵਿਚ 107000 ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਸਾੜਨ ਵਾਲੀ ਜੰਗਲ ਦੀ ਅੱਗ ‘ਤੇ ਕਾਬੂ ਪਾਉਣ ਲਈ ਤੇਜ਼ੀ ਨਾਲ ਕੋਸ਼ਿਸ਼ਾਂ ਕਰ ਰਿਹਾ ਹੈ। ਦੱਖਣੀ ਪੂਰਬੀ ਏਸ਼ੀਆ ਦੇ ਕੁਝ ਹੋਰ ਹਿੱਸਿਆਂ ਦੀ ਤਰ੍ਹਾਂ ਇਹ ਦੇਸ਼ ਇਸ ਸਾਲ ਲੰਬੇ ਸਮੇਂ ਤੱਕ ਚੱਲਣ ਵਾਲੇ ਖੁਸ਼ਕ ਮੌਸਮ ਦਾ ਸਾਹਮਣਾ ਕਰ ਰਿਹਾ ਹੈ।

ਸੈਂਟਰਲ ਕੈਲੀਮੰਟਨ ਦੇ ਇੱਕ ਨਿਵਾਸੀ ਨੇ ਬੀਬੀਸੀ ਨਿਊਜ਼ ਇੰਡੋਨੇਸ਼ੀਆ ਨੂੰ ਦੱਸਿਆ ਕਿ ਉਹ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜੰਗਲਾਂ ਦੀ ਅੱਗ ਦਾ ਸਾਹਮਣਾ ਕਰ ਰਿਹਾ ਹੈ।

ਡਾਰਵਿਨ ਰੋਮੀ ਨੇ ਕਿਹਾ, “ਧੂੰਆਂ ਕਾਫੀ ਸੰਘਣਾ ਹੋ ਗਿਆ ਹੈ। ਜਦੋਂ ਅਸੀਂ ਬਾਹਰ ਕਦਮ ਰੱਖਦੇ ਹਾਂ ਤਾਂ ਸਾਡੀਆਂ ਅੱਖਾਂ ਵਿੱਚ ਜਲਨ ਹੋਣ ਲਗਦੀ ਹੈ। ਧੂੰਏਂ ਦੀ ਗੰਧ ਵੀ ਕਾਫ਼ੀ ਤੇਜ਼ ਹੈ।”

ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਨ੍ਹਾਂ ਅੱਗਾਂ ਨੂੰ ਬੁਝਾਉਣ ਲਈ ਮੀਂਹ ਪਵਾਉਣ ਵਾਸਤੇ ਕਲਾਊਡ ਸੀਡਿੰਗ ਵਾਲੇ ਹਵਾਈ ਜਹਾਜ਼ ਤੈਨਾਤ ਕਰ ਰਹੇ ਹਨ। ਇਸ ਦੀ ਸਰਕਾਰ ਨੇ ਅੱਗ ‘ਤੇ ਕਾਬੂ ਪਾਉਣ ਲਈ ਸਾਧਨਾਂ ਦਾ ਵਾਅਦਾ ਕੀਤਾ ਹੈ ਅਤੇ ਜ਼ਮੀਨ ਸਾਫ਼ ਕਰਨ ਲਈ ਅੱਗ ਲਗਾਉਣ ਦੇ ਦੋਸ਼ਾਂ ਤਹਿਤ ਦਰਜਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਤੇਜ਼ ਤੁਫ਼ਾਨ ਅਤੇ ਜ਼ਮੀਨ ਖਿਸਕਣ ਦਾ ਖਤਰਾ

ਤੇਜ਼ ਹਵਾ ਵਿੱਚ ਸਮੁੰਦਰ ਕਿਨਾਰੇ ਨਾਰੀਅਲ ਦੇ ਦਰਖਤ

ਤਸਵੀਰ ਸਰੋਤ, Getty Images

ਹਜ਼ਾਰਾਂ ਮੀਲ ਦੂਰ, ਚੀਨ ਵਿਚ ਇਕੱਲੇ ਇਸੇ ਸਾਲ ਸੱਤ ਤੂਫ਼ਾਨਾਂ ਦੇ ਤੱਟ ਨਾਲ ਟਕਰਾਉਣ ਦੀ ਉਮੀਦ ਹੈ। ਮਾਹਿਰਾਂ ਨੇ ਕਿਹਾ ਹੈ ਕਿ ਇਹ ਘਟਨਾ ਸੁਪਰ ਐਲ ਨੀਨੋ ਦੇ ਪ੍ਰਭਾਵਾਂ ਨਾਲ ਜੁੜੀ ਹੋਈ ਹੈ।

ਇਕੱਲੇ ਜੁਲਾਈ ਮਹੀਨੇ ਵਿੱਚ ਹੀ ਚੀਨ ਨੇ ਤਿੰਨ ਤੁਫ਼ਾਨਾਂ ਬਾਵੀ, ਨੂਲ ਅਤੇ ਮੈਸਾਕ ਦਾ ਸਾਹਮਣਾ ਕੀਤਾ ਜਿਸ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਗਈ।

ਅਤੇ ਅਗਸਤ ਵਿੱਚ ਜਦੋਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਵਾਲਾ ਤੁਫ਼ਾਨ ਡਾਲਫਿਨ ਆਇਆ ਤਾਂ ਦਸ ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂਵਾਂ ‘ਤੇ ਜਾਣ ਲਈ ਮਜਬੂਰ ਹੋਣਾ ਪਿਆ।

ਇਸੇ ਤਰ੍ਹਾਂ ਪੂਰਵੀ ਅਫ਼ਰੀਕਾ ਦੇ ਕੁਝ ਹਿੱਸਿਆਂ, ਦੱਖਣੀ ਬ੍ਰਾਜ਼ੀਲ ਅਤੇ ਦੱਖਣੀ ਅਮਰੀਕਾ ਵਿੱਚ ਔਸਤ ਨਾਲੋਂ ਵੱਧ ਨਮੀ ਵਾਲੇ ਮੌਸਮ ਦੀ ਉਮੀਦ ਹੈ ਜਿਸ ਨਾਲ ਹੜ੍ਹ ਆਉਣ ਦੀ ਸੰਭਾਵਨਾ ਵਧ ਗਈ ਹੈ।

ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਜਨਰਲ ਸਕੱਤਰ ਪ੍ਰੋ.ਸੇਲੇਸਟੇ ਸਾਉਲੋ ਨੇ ਕਿਹਾ, “ਅਸੀਂ ਪਹਿਲਾਂ ਹੀ ਸੋਕੇ ਅਤੇ ਹੜ੍ਹਾਂ ਕਾਰਨ ਵਿਘਨ ਅਤੇ ਤਬਾਹੀ ਦੇਖ ਰਹੇ ਹਾਂ ਅਤੇ ਸਾਡੀ ਉਮੀਦ ਹੈ ਕਿ ਜਿਵੇਂ ਜਿਵੇਂ ਐਲ ਨੀਨੋ ਤੇਜ਼ ਹੋਵੇਗਾ, ਇਹ ਪ੍ਰਭਾਵ ਹੋਰ ਵਧਣਗੇ।”

ਇਹ ਸਭ ਮਨੁੱਖ ਵੱਲੋਂ ਪੈਦਾ ਕੀਤੀ ਲੰਬੇ ਸਮੇਂ ਦੀ ਗਲੋਬਲ ਵਾਰਮਿੰਗ ਦੇ ਉੱਤੇ ਹੋ ਰਿਹਾ ਹੈ ਜਿਸ ਨਾਲ ਇਸ ਦੇ ਪ੍ਰਭਾਵ ਸੰਭਾਵੀ ਤੌਰ ‘ਤੇ ਵਧੇਰੇ ਗੰਭੀਰ ਹੋ ਸਕਦੇ ਹਨ। ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਜਲਵਾਯੂ ਪਰਿਵਰਤਨ ਐਲ ਨੀਨੋ ਦੇ ਵਰਤਾਰਿਆਂ ਨੂੰ ਹੋਰ ਵੀ ਤਾਕਤਵਰ ਬਣਾ ਰਿਹਾ ਹੋ ਸਕਦਾ ਹੈ ਪਰ ਹਾਲੇ ਇਹ ਪੂਰੀ ਤਰ੍ਹਾਂ ਨਿਸ਼ਚਤ ਨਹੀਂ ਹੈ।

ਐਲ ਨੀਨੋ ਕੀ ਹੈ

ਪੇਰੂ ਐਲ ਨੀਨੋ ਪ੍ਰਤੀ ਵਿਸ਼ੇਸ਼ ਤੌਰ ‘ਤੇ ਸੰਵੇਦਨਸ਼ੀਲ ਹੈ ਕਿਉਂਕਿ ਇਸ ਦੀ ਤੱਟਵਰਤੀ ਰੇਖਾ ਪੂਰਬੀ ਪ੍ਰਸ਼ਾਂਤ ਮਹਾਂਸਾਗਰ ਦੇ ਨਾਲ ਲਗਦੀ ਹੈ।

ਦੇਸ਼ ਦੇ ਕੁਝ ਹਿੱਸਿਆਂ ਨੇ ਇਕਵਾਡੋਰ ਅਤੇ ਬ੍ਰਾਜ਼ੀਲ ਦੇ ਕੁਝ ਹਿੱਸਿਆਂ ਨਾਲ ਪਹਿਲਾਂ ਵੀ ਵੱਧ ਮੀਂਹ ਦਾ ਸਾਹਮਣਾ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ ਖਾਸ ਕਰਕੇ ਸ਼ਹਿਰੀ ਕੇਂਦਰਾਂ ਵਿੱਚ ਜਿੱਥੇ ਪਾਣੀ ਦੀ ਨਿਕਾਸੀ ਘੱਟ ਹੋ ਪਾਉਂਦੀ ਹੈ।

ਦੇਸ਼ਾਂ ਨੂੰ ਅੱਤ ਮੌਸਮ ਲਈ ਤਿਆਰ ਹੋਣ ਵਿੱਚ ਮਦਦ ਕਰਦੀ ਸੰਸਥਾ ਪ੍ਰੈਕਟੀਕਲ ਐਕਸ਼ਨ ਦੇ ਕਲਾਈਮੇਟ ਰੇਜ਼ੀਲੀਐਂਸ ਲੀਂਡ ਮਿਗੁਏਲ ਅਰੈਸਟੇਗੁਈ ਨੇ ਕਿਹਾ, “ਅਸੀਂ ਕਾਫ਼ੀ ਚਿੰਤਤ ਹਾਂ ਪਰ ਉਸ ਚਿੰਤਨ ਨੂੰ ਘਬਰਾਹਟ ਦੀ ਬਜਾਏ ਤਿਆਰੀ ਵਿੱਚ ਬਦਲਣ ਦੀ ਲੋੜ ਹੈ।”

ਉਨ੍ਹਾਂ ਕਿਹਾ ਕਿ ਪ੍ਰੈਕਟੀਕਲ ਐਕਸ਼ਨ ਹਾਲ ਹੀ ਦੇ ਸਾਲਾਂ ਵਿੱਚ ਪਾਰਟਨਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਮ ਜਨਤਾ ਦੀ ‘ਅਰਲੀ ਵਾਰਨਿੰਗ ਸਿਸਟਮ’ ਤੱਕ ਬਿਹਤਰ ਪਹੁੰਚ ਹੋਵੇ ਜਿਸ ਵਿੱਚ ਨਦੀਆਂ ਦੇ ਪਾਣੀ ਦੇ ਪੱਧਰ, ਹੜ੍ਹਾਂ ਦੇ ਜੋਖਮਾਂ ਅਤੇ ਮੌਸਮ ਦੇ ਪੂਰਵ ਅਨੁਮਾਨਾਂ ਬਾਰੇ ਜਾਣਕਾਰੀ ਸਾਂਝੀ ਕਰਨਾ ਸ਼ਾਮਲ ਹੈ।

ਪਿਛਲੇ ਮਹੀਨੇ ਦੇ ਅੰਤ ਵਿੱਚ ਅਮਰੀਕਾ ਨੇ ਐਲਾਨ ਕੀਤਾ ਕਿ ਉਹ ਐਲ ਨੀਨੋ ਦੇ ਸਿਖਰ ‘ਤੇ ਪਹੁੰਚਣ ਸਮੇਂ ਵਾਧੂ ਡਾਕਟਰੀ ਸਹਾਇਤਾ ਅਤੇ ਤਕਨੀਕੀ ਉਪਕਰਨ ਪ੍ਰਦਾਨ ਕਰਨ ਲਈ ਪੇਰੂ ਦੇ ਤੱਟ ‘ਤੇ ਆਪਣਾ ਸਮੁੰਦਰੀ ਜਹਾਜ਼ ਯੂਐਸਐਨਐਸ ਕੰਸਰਟ ਤਾਇਨਾਤ ਕਰ ਰਿਹਾ ਹੈ।

ਹਾਲਾਂਕਿ ਅਰੈਸਟੇਗੁਈ ਨੇ ਕਿਹਾ ਕਿ ਐਲ ਨੀਨੋ ਕਿਸੇ ਖਾਲੀ ਥਾਂ ਵਿੱਚ ਨਹੀਂ ਆਉਂਦਾ। ਇੱਥੇ ਵੱਡੇ ਅਤੇ ਸੰਰਚਨਾਤਮਕ ਮੁੱਦੇ ਹਨ ਜੋ ਇਨ੍ਹਾਂ ਵਰਤਾਰਿਆਂ ਦੇ ਪ੍ਰਭਾਵਾਂ ਨੂੰ ਹੋਰ ਵੀ ਖ਼ਰਾਬ ਬਣਾ ਦਿੰਦੇ ਹਨ ਅਤੇ ਜਿਨ੍ਹਾਂ ਨੂੰ ਹੱਲ ਕਰਨ ਵਿੱਚ ਬਹੁਤ ਲੰਬਾ ਸਮਾਂ ਲਗਦਾ ਹੈ ਜਿਵੇਂ ਕਿ “ਖਤਰੇ ਵਾਲੇ ਖੇਤਰਾਂ ਵਿੱਚ ਰਿਹਾਇਸ਼, ਕਮਜ਼ੋਰ ਪਾਣੀ ਅਤੇ ਸਫਾਈ ਪ੍ਰਣਾਲੀ ਅਤੇ ਇੱਕ ਕਮਜ਼ੋਰ ਸਿਹਤ ਸੰਭਾਲ ਪ੍ਰਣਾਲੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI