Source :- BBC PUNJABI
ਤਸਵੀਰ ਸਰੋਤ, Reuters
ਅਮਰੀਕਾ ਅਤੇ ਕੈਨੇਡਾ ਇੱਕ ਅਣਜਾਣੇ ਦੌਰ ਵਿੱਚ ਦਾਖਲ ਹੋ ਗਏ ਹਨ।
ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਚੱਲ ਰਹੀ ਗੱਲਬਾਤ ਸ਼ੁੱਕਰਵਾਰ ਦੇਰ ਰਾਤ ਟੁੱਟ ਗਈ, ਜਿਸ ਨਾਲ ਦੋਹਾਂ ਗੁਆਂਢੀ ਦੇਸ਼ਾਂ ਦਰਮਿਆਨ ਵਪਾਰ ਯੁੱਧ ਦੀ ਸਥਿਤੀ ਬਣ ਗਈ ਹੈ।
ਇਸ ਦੇ ਨਤੀਜੇ ਵਜੋਂ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਕੈਨੇਡਾ ਦੇ ਕਈ ਉਤਪਾਦਾਂ ‘ਤੇ 50% ਟੈਰਿਫ਼ ਲਗਾਉਣ ਦਾ ਐਲਾਨ ਕੀਤਾ, ਜੋ ਮੌਜੂਦਾ 25% ਟੈਰਿਫ਼ ਤੋਂ ਦੋਗੁਣਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਉਹ 8 ਸਤੰਬਰ ਤੋਂ ਟਰੰਪ ਦੇ ਟੈਰਿਫ਼ਾਂ ਦਾ “ਡਾਲਰ ਦੇ ਬਦਲੇ ਡਾਲਰ” ਜਵਾਬ ਦੇਣਗੇ।
ਕਿਉੂਬਿਕ ਸੂਬੇ ਤੋਂ ਉਨ੍ਹਾਂ ਨੇ ਇਸ ਸੋਮਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਦੇਸ਼ ਇੱਕ ਸਮਝੌਤੇ ਤੱਕ ਪਹੁੰਚਣ ਦੀ ਆਪਣੀ ਕੋਸ਼ਿਸ਼ ਵਿਚ ‘ਵਿਹਾਰਕ, ਧੀਰਜ ਵਾਲਾ ਅਤੇ ਦ੍ਰਿੜ’ ਰਿਹਾ ਹੈ ਜੋ ਕੈਨੇਡੀਅਨ ਮਿਹਨਤਕਸ਼ਾਂ ਅਤੇ ਪਰਿਵਾਰਾਂ ਦੀ ਰੱਖਿਆ ਕਰਦਾ ਹੈ ਅਤੇ ਜੋ ਪ੍ਰਭੂਸੱਤਾ, ਫ੍ਰੈਂਚ ਭਾਸ਼ਾ ਅਤੇ ਦੇਸ਼ ਦੇ ਸੱਭਿਆਚਾਰ ਦੀ ਸਨਮਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਦੀ ਪਹਿਲੀ ਤਰਜੀਹ ਸਭ ਤੋਂ ਵਧੀਆ ਸਮਝੌਤਾ ਕਰਨਾ ਹੈ, “ਕਿਸੇ ਵੀ ਕੀਮਤ ‘ਤੇ ਜਾਂ ਕਿਸੇ ਵੀ ਸਮੇਂ ਸੀਮਾ ਅੰਦਰ ਕੀਤਾ ਸਮਝੌਤਾ ਨਹੀਂ।”
ਉਨ੍ਹਾਂ ਕਿਹਾ, “ਅਸੀਂ ਉਹ ਕਬੂਲ ਨਹੀਂ ਕਰ ਸਕੇ ਜੋ ਅਮਰੀਕਾ ਨੇ ਸਾਨੂੰ ਪੇਸ਼ ਕੀਤਾ, ਅਤੇ ਨਾ ਹੀ ਅਸੀਂ ਉਹ ਦੇ ਸਕੇ ਜੋ ਉਨ੍ਹਾਂ ਨੇ ਸਾਡੇ ਤੋਂ ਮੰਗਿਆ ਸੀ।”
ਦੋਵੇਂ ਪਾਸਿਆਂ ਨੇ ਇੱਕ-ਦੂਜੇ ‘ਤੇ ਬਹੁਤ ਜ਼ਿਆਦਾ ਮੰਗਾਂ ਕਰਨ ਦਾ ਇਲਜ਼ਾਮ ਲਗਾਇਆ ਹੈ।
ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ “ਅਮਰੀਕੀ ਰਾਜ ਬਣੇ ਬਗੈਰ ਉਸ ਦੇ ਸਾਰੇ ਫ਼ਾਇਦੇ ਲੈਣਾ ਚਾਹੁੰਦਾ ਹੈ”, ਜਦਕਿ ਕਾਰਨੀ ਨੇ ਕਿਹਾ ਕਿ ਅਮਰੀਕਾ ਨੇ “ਬਹੁਤ ਜ਼ਿਆਦਾ ਮੰਗਿਆ ਅਤੇ ਬਹੁਤ ਘੱਟ ਪੇਸ਼ ਕੀਤਾ।”
ਦਹਾਕਿਆਂ ਤੋਂ ਮੁਫ਼ਤ ਵਪਾਰ ਦਾ ਲਾਭ ਲੈ ਰਹੇ ਇਹ ਪੁਰਾਣੇ ਸਾਥੀ ਅਤੇ ਆਰਥਿਕ ਭਾਈਵਾਲ ਹੁਣ ਇੱਕ ਤਿੱਖੇ ਵਪਾਰ ਯੁੱਧ ਵਿੱਚ ਫਸੇ ਹੋਏ ਹਨ, ਜਿਸ ਦਾ ਕੋਈ ਸਪੱਸ਼ਟ ਹੱਲ ਨਜ਼ਰ ਨਹੀਂ ਆ ਰਿਹਾ।
2025 ਵਿੱਚ ਕੈਨੇਡਾ ਦੀ ਸਰਕਾਰ ਦੀ ਕਮਾਨ ਸੰਭਾਲਣ ਤੋਂ ਬਾਅਦ, ਲਿਬਰਲ ਪਾਰਟੀ ਦੇ ਨੇਤਾ ਕਾਰਨੀ ਨੇ ਆਪਣੇ ਆਪ ਨੂੰ ਟਰੰਪ ਦੀਆਂ ਨੀਤੀਆਂ ਦਾ ਡਟ ਕੇ ਸਾਹਮਣਾ ਕਰਨ ਵਾਲੇ ਆਗੂ ਵਜੋਂ ਪੇਸ਼ ਕੀਤਾ। ਟਰੰਪ ਦੁਆਰਾ ਐਲਾਨੇ ਗਏ ਟੈਰਿਫ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਆਪਣੇ ਪਹਿਲੇ ਭਾਸ਼ਣ ਵਿੱਚ ਕਿਹਾ ਸੀ, “ਇਹ ਹਨੇਰੇ ਦਿਨ ਹਨ, ਜੋ ਇੱਕ ਅਜਿਹੇ ਦੇਸ਼ ਕਾਰਨ ਆਏ ਹਨ ਜਿਸ ‘ਤੇ ਅਸੀਂ ਹੁਣ ਭਰੋਸਾ ਨਹੀਂ ਕਰ ਸਕਦੇ।”
ਆਪਣੇ ਕਾਰਜਕਾਲ ਦੇ ਇੱਕ ਸਾਲ ਤੋਂ ਵੱਧ ਸਮੇਂ ਬਾਅਦ, ਟਰੰਪ ਨਾਲ ਗੱਲਬਾਤ ਰੋਕਣ ਅਤੇ ਜਵਾਬੀ ਕਦਮ ਚੁੱਕਣ ਦੇ ਫ਼ੈਸਲੇ ਕਾਰਨ ਕਾਰਨੀ ਇੱਕ ਮਹੱਤਵਪੂਰਨ ਰਾਜਨੀਤਿਕ ਪ੍ਰੀਖਿਆ ਦਾ ਸਾਹਮਣਾ ਕਰ ਰਹੇ ਹਨ।
“ਤਾਕਤ ਦੀ ਚਾਲ”
ਤਸਵੀਰ ਸਰੋਤ, Getty Images
ਕਾਰਨੀ ਦਾ ਇਹ ਫ਼ੈਸਲਾ ਕੈਨੇਡੀਅਨਾਂ ਦੀ ਇਸ ਗੱਲ ਲਈ ਤਿਆਰੀ ਦੀ ਪਰਖ ਕਰੇਗਾ ਕਿ ਕੀ ਉਹ ਆਰਥਿਕ ਮੁਸ਼ਕਲਾਂ ਸਹਿਣ ਲਈ ਤਿਆਰ ਹਨ, ਜਦਕਿ ਓਟਵਾ ਅਮਰੀਕਾ ਤੋਂ ਹੋਰ ਰਿਆਇਤਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਟਰੰਪ ਦੀਆਂ ਦਬਾਅ ਵਾਲੀਆਂ ਰਣਨੀਤੀਆਂ ਨੂੰ ਰੱਦ ਕਰਨ ਅਤੇ ਨਵੇਂ ਟੈਰਿਫ਼ਾਂ ਦਾ ਮੁਕਾਬਲਾ ਕਰਨ ਦਾ ਫ਼ੈਸਲਾ ਲੈਣ ਤੋਂ ਬਾਅਦ ਹੁਣ ਕਾਰਨੀ ਦਾ ਕੰਮ ਕੈਨੇਡੀਅਨਾਂ ਨੂੰ ਇਹ ਯਕੀਨ ਦਵਾਉਣਾ ਹੈ ਕਿ ਲੰਬੇ ਸਮੇਂ ਦੇ ਬਿਹਤਰ ਸਮਝੌਤੇ ਲਈ ਇਹ ਆਰਥਿਕ ਕੀਮਤ ਚੁਕਾਉਣਾ ਜਾਇਜ਼ ਹੈ।
ਸ਼ਨੀਵਾਰ ਨੂੰ ਉਨ੍ਹਾਂ ਕਿਹਾ, “ਅਸੀਂ ਇਹ ਕਦਮ ਇਸ ਵਿਸ਼ਵਾਸ ਨਾਲ ਚੁੱਕ ਰਹੇ ਹਾਂ ਕਿ ਇਹ ਕੈਨੇਡਾ ਦੇ ਸਰਵੋਤਮ ਹਿੱਤ ਵਿੱਚ ਹੈ।” ਉਨ੍ਹਾਂ ਅਮਰੀਕਾ ‘ਤੇ ਆਖਰੀ ਸਮੇਂ ਵਿੱਚ ਤਬਦੀਲੀਆਂ ਦੀ ਮੰਗ ਕਰ ਕੇ “ਤਾਕਤ ਦੀ ਚਾਲ” ਖੇਡਣ ਦਾ ਇਲਜ਼ਾਮ ਵੀ ਲਗਾਇਆ।
ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ, ਕੀ ਅਮਰੀਕਾ ਅਤੇ ਕੈਨੇਡਾ ਵਪਾਰ ਯੁੱਧ ਵਿੱਚ ਹਨ, ਤਾਂ ਉਨ੍ਹਾਂ ਜਵਾਬ ਦਿੱਤਾ, “ਜੰਗ ਉਸ ਵੇਲੇ ਹੁੰਦੀ ਹੈ ਜਦੋਂ ਤੁਹਾਡੇ ‘ਤੇ ਹਮਲਾ ਕੀਤਾ ਜਾਂਦਾ ਹੈ; ਸਾਡੇ ‘ਤੇ ਹਮਲਾ ਹੋਇਆ ਹੈ।”
ਉਨ੍ਹਾਂ ਇਹ ਵੀ ਕਿਹਾ ਕਿ ਵਪਾਰਕ ਵਿਵਾਦ ਦਾ ਵਧਣਾ “ਸਾਡੀ ਚੋਣ ਨਹੀਂ ਸੀ,” ਅਤੇ ਜੋੜਿਆ, “ਕੈਨੇਡਾ ਮਜ਼ਬੂਤ ਹੈ, ਕੈਨੇਡਾ ਤਿਆਰ ਹੈ, ਕੈਨੇਡਾ ਇਕਜੁੱਟ ਹੈ।”
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਨਾਲ ਸਰਹੱਦ ਦੇ ਦੋਵੇਂ ਪਾਸਿਆਂ ਦੇ ਕਾਰੋਬਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਨ੍ਹਾਂ ‘ਤੇ ਅਮਰੀਕੀ ਅਤੇ ਕੈਨੇਡੀਅਨ ਟੈਰਿਫ਼ਾਂ ਦਾ ਵਧਿਆ ਹੋਇਆ ਦਬਾਅ ਹੋਵੇਗਾ।
ਕੈਨੇਡਾ ਆਪਣੇ ਲਗਭਗ 70% ਨਿਰਯਾਤ ਅਮਰੀਕਾ ਨੂੰ ਭੇਜਦਾ ਹੈ, ਅਤੇ ਮਿਸ਼ੀਗਨ, ਕੈਂਟਕੀ, ਇੰਡੀਅਨਾ ਅਤੇ ਓਹਾਇਓ ਵਰਗੇ ਕਈ ਅਮਰੀਕੀ ਰਾਜਾਂ ਲਈ ਕੈਨੇਡਾ ਮੁੱਖ ਵਪਾਰਕ ਭਾਈਵਾਲ ਹੈ।
“ਕੂਹਣੀਆਂ ਉੱਚੀਆਂ ਰੱਖੋ”
ਤਸਵੀਰ ਸਰੋਤ, Getty Images
ਕਾਰਨੀ “ਐਲਬੋਜ਼ ਅੱਪ” (ਕੋਹਣੀਆਂ ਉੱਚੀਆਂ ਰੱਖੋ) ਦੇ ਨਾਅਰੇ ਨਾਲ ਸੱਤਾ ਵਿੱਚ ਆਏ ਸਨ। ਇਹ ਆਈਸ ਹਾਕੀ ਦਾ ਇੱਕ ਸ਼ਬਦ ਹੈ ਜੋ ਹਮਲਾਵਰ ਰਵੱਈਏ ਨੂੰ ਦਰਸਾਉਂਦਾ ਹੈ। ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ “ਅਮਰੀਕਾ ਫ਼ਰਸਟ” ਨੀਤੀ ਨੂੰ ਅੱਗੇ ਵਧਾਉਣ ਲਈ ਆਰਥਿਕ ਦਬਾਅ ਬਣਾਉਣ ਵਾਲੀ ਟਰੰਪ ਸਰਕਾਰ ਦੇ ਖ਼ਿਲਾਫ਼ ਕੈਨੇਡਾ ਲਈ ਲੜਣਗੇ।
ਬਹੁਤ ਸਾਰੇ ਕੈਨੇਡੀਅਨਾਂ ਨੇ ਸਰਵੇਖਣ ਕੰਪਨੀਆਂ ਨੂੰ ਦੱਸਿਆ ਹੈ ਕਿ ਉਹ ਇਸ ਲੜਾਈ ਲਈ ਤਿਆਰ ਹਨ।
ਇੱਕ ਤਾਜ਼ਾ ਅਬੈਕਸ ਡਾਟਾ ਸਰਵੇਖਣ ਮੁਤਾਬਕ ਲਗਭਗ 36% ਕੈਨੇਡੀਅਨ ਅਮਰੀਕੀ ਟੈਰਿਫ਼ਾਂ ਦੇ ਜਵਾਬ ਵਿੱਚ ਕਦਮ ਚੁੱਕਣ ਦੇ ਹੱਕ ਵਿੱਚ ਹਨ, ਜਦਕਿ ਲੇਜੇਰ ਸਰਵੇਖਣ ਅਨੁਸਾਰ 56% ਕੈਨੇਡੀਅਨ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਸਖ਼ਤ ਰੁਖ ਅਪਣਾਏ ਅਤੇ ਹੋਰ ਕੋਈ ਰਿਆਇਤ ਨਾ ਦੇਵੇ।
ਅਮਰੀਕੀ ਟੈਰਿਫ਼ਾਂ ਤੋਂ ਨਾਰਾਜ਼ ਕਈ ਕੈਨੇਡੀਅਨਾਂ ਨੇ ਪਹਿਲਾਂ ਹੀ ਅਮਰੀਕਾ ਦੀ ਯਾਤਰਾ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਬਾਈਕਾਟ ਕਾਰਨ ਪਿਛਲੇ ਸਾਲ ਅਮਰੀਕਾ ਨੂੰ ਸੈਰ-ਸਪਾਟੇ ਦੀ ਆਮਦਨ ਵਿੱਚ ਲਗਭਗ 2.35 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ।
ਅਮਰੀਕੀ ਸ਼ਰਾਬ ਨੂੰ ਸੂਬਾਈ ਸਟੋਰਾਂ ਤੋਂ ਹਟਾਉਣ ਦੇ ਫ਼ੈਸਲੇ ਨੇ ਵੀ ਉਸ ਉਦਯੋਗ ਨੂੰ ਭਾਰੀ ਝਟਕਾ ਦਿੱਤਾ ਹੈ।
ਅਮਰੀਕੀ ਸਰਕਾਰੀ ਵਪਾਰਕ ਅੰਕੜਿਆਂ ਅਨੁਸਾਰ, ਕੈਨੇਡਾ ਵਿੱਚ ਅਮਰੀਕੀ ਵਾਈਨ ਦਾ ਨਿਰਯਾਤ ਸਾਲ-ਦਰ-ਸਾਲ 78% ਘਟ ਗਿਆ, ਜਿਸ ਨਾਲ 357 ਮਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ।
ਅਮਰੀਕੀ ਡਿਸਟਿਲਰਜ਼ ਐਸੋਸੀਏਸ਼ਨ ਨੇ ਵੀ ਕਿਹਾ ਕਿ ਸੂਬਾਈ ਪਾਬੰਦੀਆਂ ਕਾਰਨ ਅਮਰੀਕੀ ਅਲਕੋਹਲ ਡਰਿੰਕਸ ਦਾ ਨਿਰਯਾਤ 70% ਤੋਂ ਵੱਧ ਘਟ ਗਿਆ ਹੈ।
ਇਹ ਪਾਬੰਦੀ ਟਰੰਪ ਪ੍ਰਸ਼ਾਸਨ ਲਈ ਜਲਦੀ ਹੀ ਨਿਰਾਸ਼ਾ ਦਾ ਇੱਕ ਵੱਡਾ ਕਾਰਨ ਬਣ ਗਈ।

ਇੱਕ ਹਫ਼ਤੇ ਤੱਕ ਲੱਗਦਾ ਰਿਹਾ ਕਿ ਵਾਸ਼ਿੰਗਟਨ ਅਤੇ ਓਟਾਵਾ ਵਿਚਕਾਰ ਸਮਝੌਤਾ ਹੋ ਸਕਦਾ ਹੈ।
ਹਾਲਾਂਕਿ, ਇਹ ਅਜੇ ਵੀ ਸਪੱਸ਼ਟ ਨਹੀਂ ਕਿ ਆਖਰੀ ਕੁਝ ਘੰਟਿਆਂ ਵਿੱਚ ਗੱਲਬਾਤ ਕਿਵੇਂ ਟੁੱਟ ਗਈ, ਪਰ ਸਾਰੇ ਸਰੋਤਾਂ ਮੁਤਾਬਕ ਫ਼ੈਸਲਾ ਆਖਰੀ ਪਲਾਂ ਵਿੱਚ ਹੋਇਆ।
ਕਾਰਨੀ ਨੇ ਕਿਹਾ ਕਿ ਅਮਰੀਕਾ ਵੱਲੋਂ ਰੱਖੀਆਂ ਗਈਆਂ ਆਖਰੀ ਸਮੇਂ ਦੀਆਂ ਸ਼ਰਤਾਂ “ਗੈਰ-ਨਿਆਂਸੰਗਤ, ਗੈਰ-ਆਰਥਿਕ ਅਤੇ ਕਿਸੇ ਵੀ ਸਮਝੌਤੇ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕਰਨ ਵਾਲੀਆਂ” ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਆਟੋਮੋਬਾਈਲ ਸੈਕਟਰ ਸਬੰਧੀ ਮੰਗਾਂ ਅਤੇ ਹੋਰ ਦੇਸ਼ਾਂ ਨਾਲ ਵਪਾਰਕ ਸਮਝੌਤਿਆਂ ‘ਤੇ “ਅਸਵੀਕਾਰਯੋਗ” ਪਾਬੰਦੀਆਂ ਸ਼ਾਮਲ ਸਨ।
ਟਰੰਪ ਪ੍ਰਸ਼ਾਸਨ ਬਾਰੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ, “ਸਾਨੂੰ ਪਤਾ ਹੈ ਕਿ ਕਈ ਵਾਰੀ ਉਸ ਦੇ ਦਸਤਖ਼ਤ ਪੈਂਸਿਲ ਨਾਲ ਲਿਖੇ ਹੁੰਦੇ ਹਨ।”
ਦੂਜੇ ਪਾਸੇ, ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ ਨੇ ਕਿਹਾ ਕਿ “ਨਵੀਆਂ ਮੰਗਾਂ ਕੀਤੀਆਂ ਗਈਆਂ ਅਤੇ ਕੈਨੇਡਾ ਕੁਝ ਪਹਿਲਾਂ ਦੇ ਵਾਅਦਿਆਂ ਤੋਂ ਪਿੱਛੇ ਹਟ ਗਿਆ।”
ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਵਿੱਚ ਵੀ ਸੀ ਕਿ ਅਮਰੀਕੀ ਵਪਾਰ ਸਕੱਤਰ ਹਾਰਵਰਡ ਲੁਟਨਿਕ ਸੌਦੇ ਤੋਂ ਸੰਤੁਸ਼ਟ ਨਹੀਂ ਸਨ।
ਬੀਬੀਸੀ ਨੇ ਟਿੱਪਣੀਆਂ ਲਈ ਉਨ੍ਹਾਂ ਦੇ ਦਫ਼ਤਰ ਨੂੰ ਸੰਪਰਕ ਕੀਤਾ ਹੈ।
ਕੀ ਕਾਰਨੀ ਨੂੰ ਸਿਆਸੀ ਸਮਰਥਨ ਹੈ?
ਤਸਵੀਰ ਸਰੋਤ, Getty Images
ਕਾਰਨੀ ਨੂੰ ਉਨ੍ਹਾਂ ਸੂਬਿਆਂ ਨੂੰ ਮਨਾਉਣਾ ਪਵੇਗਾ ਜੋ ਹੁਣ ਤੱਕ ਇਸ ਵਪਾਰਕ ਵਿਵਾਦ ਤੋਂ ਘੱਟ ਪ੍ਰਭਾਵਿਤ ਹੋਏ ਹਨ ਕਿ ਇਹ ਜੋਖ਼ਿਮ ਲੈਣਾ ਲਾਭਦਾਇਕ ਹੈ।
ਸ਼ਨੀਵਾਰ ਨੂੰ ਕਾਰਨੀ ਨੇ ਉਨਾਂ ਨੂੰ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਫਿਲਹਾਲ ਸੂਬਾਈ ਆਗੂ ਇਕਜੁੱਟ ਦਿਸ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਕਿ ਉਹ “ਰਾਸ਼ਟਰੀ ਮੁਹਿੰਮ” ਲਈ ਵਚਨਬੱਧ ਹਨ, ਜਦਕਿ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ, “ਅਸੀਂ ਇਹ ਲੜਾਈ ਸ਼ੁਰੂ ਨਹੀਂ ਕੀਤੀ, ਪਰ ਮੈਂ ਯਕੀਨ ਦਿਵਾਉਂਦਾ ਹਾਂ ਕਿ ਅਸੀਂ ਇਸ ਨੂੰ ਜਿੱਤਾਂਗੇ।”
ਅਤੇ ਜਿਵੇਂ ਕਿ ਅਮਰੀਕਾ ਦੇ ਨਾਲ ਇੱਕ ਅੰਤਿਮ ਵਪਾਰ ਸਮਝੌਤੇ ਬਾਰੇ ਵੇਰਵੇ ਪਿਛਲੇ ਹਫਤੇ ਲੀਕ ਹੋ ਗਏ ਸੀ, ਕੁਝ ਸੂਬਾਈ ਨੇਤਾਵਾਂ, ਉਦਯੋਗਿਕ ਸਮੂਹਾਂ ਅਤੇ ਸਿਆਸੀ ਵਿਰੋਧੀਆਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਨੇ ਵਾਅਦਾ ਕੀਤੀ ਗਈ ਲੜਾਈ ਦਾ ਪਾਲਨ ਨਹੀਂ ਕੀਤਾ ਸੀ, ਹਾਲਾਂਕਿ ਕਾਮਨੀ ਨੇ ਇਨਕਾਰ ਕੀਤਾ ਕਿ ਇਸ ਨੇ ਉਨ੍ਹਾਂ ਦੇ ਫ਼ੈਸਲੇ ਨੂੰ ਪ੍ਰਭਾਵਿਤ ਕੀਤਾ ਸੀ।
ਫੋਰਡ, ਜੋ ਆਮ ਤੌਰ ‘ਤੇ ਅਮਰੀਕੀ ਟੈਰਿਫ ਦੇ ਸਭ ਤੋਂ ਮਹੱਤਵਪੂਰਨ ਕੈਨੇਡੀਅਨ ਸਿਆਸਤਦਾਨਾਂ ਵਿੱਚੋਂ ਇੱਕ ਹੈ, ਅੰਤਰਿਮ ਸਮਝੌਤੇ ਬਾਰੇ ਪੂਰਾ ਹਫਤਾ ਚੁੱਪ ਰਿਹਾ।
ਪਰ ਕਾਰਨੀ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਉਨ੍ਹਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਦਬਾਅ ਵਿੱਚ ਇੱਕ ਸੌਦਾ ਸੰਯੁਕਤ ਰਾਜ ਅਮਰੀਕਾ ਨੂੰ ਰਿਆਇਤ ਤੋਂ ਬਾਅਦ ਰਿਆਇਤ ਮੰਗਣ ਲਈ ਉਤਸ਼ਾਹਿਤ ਕਰੇਗਾ।
ਸੂਬਾ, ਜਿਸ ਵਿੱਚ ਇੱਕ ਮਹੱਤਵਪੂਰਨ ਨਿਰਮਾਣ ਅਤੇ ਆਟੋਮੋਟਿਵ ਖੇਤਰ ਹੈ ਇਸ ਵਪਾਰਕ ਵਿਵਾਦ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚੋਂ ਇੱਕ ਰਿਹਾ ਹੈ।
ਵਿਰੋਧੀ ਧਿਰ ਦੇ ਕਨਜ਼ਰਵੇਟਿਵ ਆਗੂ ਪੀਅਰੇ ਪੋਇਲੀਏਵਰ ਨੇ ਵੀ ਕਾਰਨੀ ਦੇ ਫ਼ੈਸਲੇ ਦਾ ਸਮਰਥਨ ਕਰਦਿਆਂ ਕਿਹਾ, “ਕੈਨੇਡਾ ਅਜਿਹੇ ਇਕਪੱਖੀ ਟੈਰਿਫ਼ ਕਬੂਲ ਨਹੀਂ ਕਰ ਸਕਦਾ ਜੋ ਸਾਡੇ ਦੇਸ਼ ਦੇ ਉਦਯੋਗੀਕਰਨ ਨੂੰ ਨੁਕਸਾਨ ਪਹੁੰਚਾਉਣ।”
ਇਸ ਸਮਝੌਤੇ ਦੀ ਨਾਕਾਮੀ ਇਸ ਤਰ੍ਹਾਂ ਦੀ ਗੱਲਬਾਤ ਦੇ ਭਵਿੱਖ ‘ਤੇ ਵੀ ਸ਼ੱਕ ਪੈਦਾ ਕਰਦੀ ਹੈ ਜਿਸ ਵਿੱਚ
ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਿਚਕਾਰ ਮੁਕਤ ਵਪਾਰ ਸਮਝੌਤੇ ਦੀ ਚੱਲ ਰਹੀ ਸਮੀਖਿਆ ਵੀ ਸ਼ਾਮਲ ਹੈ।
“ਚਾਰ ਮਹੀਨਿਆਂ ਵਿੱਚ ਬਹੁਤ ਕੁਝ ਹੋ ਸਕਦਾ ਹੈ”
ਤਸਵੀਰ ਸਰੋਤ, Getty Images
ਐਂਥਨੀ ਜ਼ਰਚਰ, ਉੱਤਰੀ ਅਮਰੀਕਾ ਸੰਵਾਦਦਾਤਾ
ਡੌਨਲਡ ਟਰੰਪ ਨੇ ਕੈਨੇਡਾ ਦੇ ਮੁੱਖ ਉਦਯੋਗਾਂ ‘ਤੇ ਨਵੇਂ ਟੈਰਿਫ਼ਾਂ ਲਈ ਜਨਵਰੀ 2027 ਦੀ ਸ਼ੁਰੂਆਤੀ ਤਾਰੀਖ਼ ਤੈਅ ਕੀਤੀ ਹੈ।
ਸਟੀਲ ਅਤੇ ਆਟੋਮੋਟਿਵ ਨਿਰਯਾਤ ‘ਤੇ ਲਗਣ ਵਾਲੇ 50% ਟੈਰਿਫ਼ ਕੈਨੇਡੀਅਨ ਉਦਯੋਗਾਂ ਲਈ ਬਹੁਤ ਹੀ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ।
ਪਰ ਇਹ ਗੱਲ ਕਿ ਇਹ ਟੈਰਿਫ਼ ਅਗਲੇ ਸਾਲ ਤੋਂ ਪਹਿਲਾਂ ਲਾਗੂ ਨਹੀਂ ਹੋਣਗੇ, ਅੱਗੇ ਹੋਰ ਗੱਲਬਾਤ ਲਈ ਕਾਫ਼ੀ ਸਮਾਂ ਛੱਡਦੀ ਹੈ।
ਟਰੰਪ ਦੀ ਘੋਸ਼ਣਾ ਸਖ਼ਤ ਅਤੇ ਟਕਰਾਅ ਵਾਲੀ ਭਾਸ਼ਾ ਨਾਲ ਭਰੀ ਹੋਈ ਸੀ- “ਉਹ ਯੂਐਸਏ ਨੂੰ ਧੋਖਾ ਦੇ ਰਹੇ ਹਨ” ਅਤੇ “ਸਾਨੂੰ ਕੈਨੇਡਾ ਦੀ ਲੋੜ ਨਹੀਂ ਹੈ, ਉਨ੍ਹਾਂ ਨੂੰ ਸਾਡੀ ਲੋੜ ਹੈ” ਪਰ ਆਖ਼ਰਕਾਰ ਉਹ ਸੰਯੁਕਤ ਰਾਜ ਅਮਰੀਕਾ ਦੇ ਦੂਜੇ ਸਭ ਤੋਂ ਮਹੱਤਵਪੂਰਨ ਭਾਈਵਾਲ਼ ਨਾਲ ਇਸ ਵਿਵਾਦ ਦੇ ਇੱਕ ਪੂਰਨ ਵਪਾਰਕ ਯੁੱਧ ਵਿੱਚ ਬਦਲਣ ਤੋਂ ਪਹਿਲਾਂ ਸਮਾਂ ਖ਼ਰੀਦਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ।
ਚਾਰ ਮਹੀਨਿਆਂ ਵਿੱਚ ਬਹੁਤ ਕੁਝ ਬਦਲ ਸਕਦਾ ਹੈ। ਅਮਰੀਕਾ ਵਿੱਚ ਮੱਧ-ਮਿਆਦੀ ਚੋਣਾਂ ਹੋਣਗੀਆਂ, ਜੋ ਟਰੰਪ ਦੀ ਸਥਿਤੀ ਨੂੰ ਮਜ਼ਬੂਤ ਵੀ ਕਰ ਸਕਦੀਆਂ ਹਨ ਜਾਂ ਕਾਂਗਰਸ ਵਿੱਚ ਰਾਜਨੀਤਿਕ ਸਮੀਕਰਨ ਬਦਲ ਸਕਦੀਆਂ ਹਨ।
ਜੇਕਰ ਕੈਨੇਡੀਅਨ ਅਤੇ ਅਮਰੀਕੀ ਵਾਰਤਾਕਾਰ ਦੁਬਾਰਾ ਗੱਲਬਾਤ ਦੀ ਮੇਜ਼ ‘ਤੇ ਵਾਪਸ ਆਉਂਦੇ ਹਨ, ਤਾਂ ਹੋ ਸਕਦਾ ਹੈ ਕਿ ਉਹ ਅੰਤਰਰਾਸ਼ਟਰੀ ਦਬਾਅ ਤੋਂ ਦੂਰ ਰਹਿ ਕੇ ਕਿਸੇ ਹੱਲ ‘ਤੇ ਪਹੁੰਚ ਜਾਣ।
ਨਹੀਂ ਤਾਂ, ਇਹ ਸਿਰਫ਼ ਇੱਕ ਅਜਿਹੇ ਟਕਰਾਅ ਵਿੱਚ ਦੇਰੀ ਹੋ ਸਕਦੀ ਹੈ ਜੋ ਅਮਰੀਕਾ ਅਤੇ ਉਸਦੇ ਸਭ ਤੋਂ ਨੇੜਲੇ ਸਹਿਯੋਗੀਆਂ ਵਿੱਚੋਂ ਇੱਕ ਕੈਨੇਡਾ ਦੇ ਰਿਸ਼ਤਿਆਂ ਨੂੰ ਨਵੇਂ ਢੰਗ ਨਾਲ ਪਰਿਭਾਸ਼ਿਤ ਕਰ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



