Source :- BBC PUNJABI
ਤਸਵੀਰ ਸਰੋਤ, BBC/ Prashanti Aswani
ਸਿਹਤਮੰਦ ਵਾਲਾਂ ਦਾ ਰਾਜ਼ ਤੁਹਾਡੇ ਵਾਲਾਂ ਦੀ ਕਿਸਮ ਤੋਂ ਲੈ ਕੇ ਤੁਹਾਡੇ ਕੰਘੇ ਜਾਂ ਬਰੱਸ਼ ਦੇ ਡਿਜ਼ਾਈਨ ‘ਤੇ ਵੀ ਨਿਰਭਰ ਕਰਦਾ ਹੈ।
ਜਦੋਂ ਤੋਂ ਮੈਂ ਖੁਦ ਆਪਣੇ ਵਾਲਾਂ ਦੀ ਸੰਭਾਲ ਕਰਨੀ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਮੇਰੇ ਵਾਲ ਮੇਰੇ ਲੱਕ ਤੋਂ ਹੇਠਾਂ ਤੱਕ ਰਹੇ ਹਨ। ਬਚਪਨ ਵਿੱਚ ਮੈਂ ਵਾਲਾਂ ਵਿੱਚ ਕੰਘੀ ਫੇਰਨ ਦਾ ਕੋਈ ਮੌਕਾ ਨਹੀਂ ਛੱਡਦੀ ਨਹੀਂ।
ਸਵੇਰੇ ਉੱਠਦੇ ਸਾਰ, ਹਰ ਵਾਰ ਬਾਥਰੂਮ ਜਾਣ ‘ਤੇ ਅਤੇ ਇੱਥੋਂ ਤੱਕ ਕਿ ਹੋਮਵਰਕ ਤੋਂ ਬ੍ਰੇਕ ਲੈਂਦੇ ਸਮੇਂ ਵੀ ਮੈਂ ਵਾਲਾਂ ਵਿੱਚ ਕੰਘੀ ਫੇਰਦੀ ਸੀ।
ਹਰ ਵਾਰ ਆਪਣੇ ਵਾਲਾਂ ‘ਚ ਬਰੱਸ਼ ਫੇਰਦੇ ਸਮੇਂ ਮੈਂ 1800 ਦੇ ਦਹਾਕੇ ਦੀ ਆਸਟ੍ਰੀਆ ਦੀ ਮਹਾਰਾਣੀ ਸਿਸੀ ਬਾਰੇ ਸੋਚਦੀ ਸੀ, ਜਿਨ੍ਹਾਂ ਦੇ ਵਾਲ ਵੀ ਮੇਰੇ ਵਰਗੇ ਸੁਨਿਹਰੀ ਸਨ ਪਰ ਉਨ੍ਹਾਂ ਦੇ ਵਾਲਾਂ ਦੀ ਲੰਬਾਈ ਗਿੱਟਿਆਂ ਤੱਕ ਸੀ।
ਕਿਹਾ ਜਾਂਦਾ ਸੀ ਕਿ ਉਹ ਹਰ ਰਾਤ ਆਪਣੇ ਵਾਲਾਂ ‘ਤੇ 100 ਵਾਰ ਬਰੱਸ਼ ਫੇਰਦੇ ਸਨ ਤਾਂ ਜੋ ਵਾਲ ਸਿਹਤਮੰਦ ਰਹਿਣ।
ਮੈਂ ਇਸ ਗੱਲ ‘ਤੇ ਪੂਰਾ ਵਿਸ਼ਵਾਸ ਕਰਦੀ ਸੀ ਪਰ ਇਸ ਲੇਖ ਲਈ ਖੋਜ ਕਰਦੇ ਸਮੇਂ ਮੈਨੂੰ ਪਤਾ ਲੱਗਿਆ ਕਿ ਇਹ ਇੱਕ ਲੋਕ-ਕਹਾਣੀ ਹੈ, ਜੋ ਦੁਨੀਆ ਭਰ ਦੀਆਂ ਦਾਦੀਆਂ-ਨਾਨੀਆਂ ਵੱਲੋਂ ਅੱਗੇ ਵਧਾਈ ਗਈ।
ਹੁਣ ਜਦੋਂ ਮੈਂ ਵੱਡੀ ਹੋ ਗਈ ਹਾਂ ਤਾਂ ਮੈਂ ਸਿਰਫ਼ ਨਹਾਉਣ ਸਮੇਂ ਹੀ ਵਾਲਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਬਰੱਸ਼ ਕਰਦੀ ਹਾਂ। ਫਿਰ ਵੀ, ਜਿੱਥੋਂ ਤੱਕ ਮੈਂ ਮਹਿਸੂਸ ਕਰ ਸਕਦੀ ਹਾਂ, ਮੇਰੇ ਵਾਲਾਂ ਦੀ ਦਿੱਖ ਵਿੱਚ ਕੋਈ ਵੱਡਾ ਫ਼ਰਕ ਨਹੀਂ ਆਇਆ ਹੈ।
ਇਸ ਦਾ ਕਾਰਨ ਇਹ ਹੈ ਕਿ ਭਾਵੇਂ ਵਿਕਟੋਰੀਅਨ ਯੁੱਗ ਦੀਆਂ ਇਹ ਕਹਾਣੀਆਂ ਕੁਝ ਹੱਦ ਤੱਕ ਸੱਚ ਹੋ ਸਕਦੀਆਂ ਹਨ, ਪਰ ਵਾਲਾਂ ਨੂੰ ਕਿੰਨੀ ਵਾਰ ਬਰੱਸ਼ ਕਰਨਾ ਚਾਹੀਦਾ ਹੈ, ਇਸ ਦੇ ਪਿੱਛੇ ਦੀ ਵਿਗਿਆਨਕ ਸੱਚਾਈ ਕਾਫ਼ੀ ਜਟਿਲ ਹੈ। ਭੌਤਿਕ ਵਿਗਿਆਨੀ ਤੋਂ ਲੈ ਕੇ ਹੇਅਰ ਡ੍ਰੈਸਰ ਤੱਕ ਹਰ ਕੋਈ ਇਸ ਬਾਰੇ ਖੋਜ ਕਰ ਰਿਹਾ ਹੈ।
ਇਸ ਦਾ ਜਵਾਬ ਤੁਹਾਡੇ ਵਾਲਾਂ ਦੀ ਕਿਸਮ, ਤੁਹਾਡੇ ਕੰਘੇ ਅਤੇ ਬਰੱਸ਼ ਦੀ ਬਣਤਰ, ਤੁਹਾਡੀ ਰੋਜ਼ਾਨਾ ਰੂਟੀਨ ਅਤੇ ਹੋਰ ਕਈ ਕਾਰਕਾਂ ‘ਤੇ ਨਿਰਭਰ ਕਰਦਾ ਹੈ।
ਵਾਲਾਂ ਦੇ ਬਰੱਸ਼ ਦਾ ਇਤਿਹਾਸ
ਤਸਵੀਰ ਸਰੋਤ, BBC/ Prashanti Aswani
ਕੰਘੇ, ਹੇਅਰ ਬਰੱਸ਼ ਅਤੇ ਵਾਲਾਂ ਦੀ ਸੰਭਾਲ ਦੀ ਪਰੰਪਰਾ ਲੰਬੇ ਇਤਿਹਾਸਕ ਸਮੇਂ ਤੋਂ ਚੱਲੀ ਆ ਰਹੀ ਹੈ।
ਵਾਲਾਂ ਦੇ ਇਤਿਹਾਸ ਦੇ ਖੋਜਕਰਤਾ ਰੇਚਲ ਗਿਬਸਨ ਕਹਿੰਦੇ ਹਨ, “ਇਨਸਾਨਾਂ ਨੇ ਹਮੇਸ਼ਾ ਆਪਣੇ ਕੋਲ ਮੌਜੂਦ ਚੀਜ਼ਾਂ ਨਾਲ ਸਫ਼ਾਈ ਅਤੇ ਸ਼ਿੰਗਾਰ ਲਈ ਸੰਦ ਬਣਾਏ ਹਨ, ਇਸ ਲਈ ਵਾਲ ਬਰੱਸ਼ ਕਰਨ ਦਾ ਇਤਿਹਾਸ ਦੁਨੀਆ ਦੇ ਹਰ ਹਿੱਸੇ ਵਿੱਚ ਮਹੱਤਵਪੂਰਨ ਰਿਹਾ ਹੈ।”
ਗਿਬਸਨ ਕਹਿੰਦੇ ਹਨ ਕਿ 100 ਵਾਰ ਕੰਘਾ ਕਰਨ ਦੀ ਧਾਰਨਾ ਸ਼ਾਇਦ ਵਿਕਟੋਰੀਅਨ ਯੁੱਗ ਤੋਂ ਸ਼ੁਰੂ ਹੋਈ। ਉਸ ਸਮੇਂ ਔਰਤਾਂ ਦੇ ਲੰਬੇ ਵਾਲ ਸਮਾਜਿਕ ਉਮੀਦਾਂ ਦਾ ਹਿੱਸਾ ਸਨ। ਵਾਲਾਂ ਨੂੰ ਉਨ੍ਹਾਂ ਦੀ “ਸ਼ਾਨ” ਦੀ ਨਿਸ਼ਾਨੀ ਮੰਨਿਆ ਜਾਂਦਾ ਸੀ।
ਉਸ ਸਮੇਂ ਵਾਲਾਂ ਦੀ ਦੇਖਭਾਲ ਲਈ ਪਹਿਲਾਂ ਕੰਘੇ ਨਾਲ ਵਾਲਾਂ ਦੀਆਂ ਗੰਢਾਂ ਖੋਲ੍ਹੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਵਿੱਚੋਂ ਧੂੜ, ਗੰਦਗੀ ਜਾਂ ਜੂਆਂ ਕੱਢੀਆਂ ਜਾਂਦੀਆਂ ਸਨ।
ਇਸ ਤੋਂ ਬਾਅਦ ਕੁਦਰਤੀ ਰੇਸ਼ਿਆਂ ਵਾਲੇ ਬਰੱਸ਼, ਜੋ ਅਕਸਰ ਜੰਗਲੀ ਸੂਰ ਦੇ ਵਾਲਾਂ ਤੋਂ ਬਣੇ ਹੁੰਦੇ ਸਨ, ਦੀ ਮਦਦ ਨਾਲ ਵਾਲਾਂ ਨੂੰ ਚਮਕਦਾਰ ਅਤੇ ਨਰਮ ਬਣਾਇਆ ਜਾਂਦਾ ਸੀ ਅਤੇ ਇਸ ਦੇ ਕੁਦਰਤੀ ਤੇਲ ਨੂੰ ਸਾਰੇ ਵਾਲਾਂ ਵਿੱਚ ਫੈਲਾਇਆ ਜਾਂਦਾ ਸੀ।
ਗਿਬਸਨ ਕਹਿੰਦੇ ਹਨ ਕਿ ਵਿਕਟੋਰੀਅਨ ਯੁੱਗ ਦੀਆਂ ਅਮੀਰ ਔਰਤਾਂ ਆਪਣੇ ਕੱਪੜਿਆਂ ਨੂੰ ਝੜੇ ਹੋਏ ਵਾਲਾਂ ਤੋਂ ਬਚਾਉਣ ਲਈ ਖ਼ਾਸ ਕੈਪ (ਕੱਪੜਾ) ਵੀ ਪਹਿਨਦੀਆਂ ਸਨ।
ਉਹ ਝੜੇ ਵਾਲ ਇਕੱਠੇ ਕਰ ਸੰਭਾਲ ਕੇ ਰੱਖਦੀਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨਾਲ “ਡੈੱਡ ਹੇਅਰ ਡੋਨਟਸ” ਯਾਨੀ ਜੂੜੇ ਬਣਾਏ ਜਾਂਦੇ ਸਨ, ਜੋ ਵਾਲਾਂ ਦੇ ਸਟਾਈਲ ਨੂੰ ਵਧੇਰੇ ਸੰਘਣਾਪਣ ਅਤੇ ਆਕਾਰ ਦੇਣ ਲਈ ਵਰਤੇ ਜਾਂਦੇ ਸਨ।
1898 ਵਿੱਚ ਅਮਰੀਕਾ ਦੇ ਓਹਾਇਓ ਰਾਜ ਦੀ ਅਫ਼ਰੀਕੀ-ਅਮਰੀਕੀ ਹੇਅਰ ਡ੍ਰੈਸਰ ਲੀਡਾ ਨਿਊਮੈਨ ਨੇ ਪਹਿਲੀ ਵਾਰ ਸਿੰਥੈਟਿਕ ਰੇਸ਼ਿਆਂ ਵਾਲਾ ਹੇਅਰ ਬਰੱਸ਼ ਤਿਆਰ ਕੀਤਾ ਸੀ।
ਇਸ ਖੋਜ ਨੇ ਹੇਅਰ ਬਰੱਸ਼ ਉਦਯੋਗ ਵਿੱਚ ਕ੍ਰਾਂਤੀ ਲਿਆ ਦਿੱਤੀ ਕਿਉਂਕਿ ਬਰੱਸ਼ ਸਸਤੇ ਅਤੇ ਬਣਾਉਣ ਵਿੱਚ ਆਸਾਨ ਹੋ ਗਏ।
ਇਸ ਨਾਲ ਵਾਲ ਬਰੱਸ਼ ਕਰਨ ਦੀ ਆਦਤ ਹੋਰ ਆਮ ਹੋ ਗਈ, ਪਰ ਇਸ ਦੇ ਨਾਲ ਹੀ ਵਾਲਾਂ ਦੀ ਸੰਭਾਲ ਬਾਰੇ ਕਈ ਗਲਤ ਧਾਰਨਾਵਾਂ ਵੀ ਫੈਲਣ ਲੱਗੀਆਂ।
ਵਾਲਾਂ ਦੀ ਗੁੰਝਲ ਦਾ ਵਿਗਿਆਨਕ ਰਾਜ਼
ਤਸਵੀਰ ਸਰੋਤ, BBC/ Prashanti Aswani
ਇਹ ਧਾਰਨਾ ਕਾਫ਼ੀ ਪ੍ਰਚਲਿਤ ਹੈ ਕਿ ਵਾਰ-ਵਾਰ ਵਾਲਾਂ ਨੂੰ ਬਰੱਸ਼ ਕਰਨ ਨਾਲ ਉਹ ਤੇਜ਼ੀ ਨਾਲ ਵਧਦੇ ਹਨ। 2025 ਦੇ ਇੱਕ ਸਰਵੇਖਣ ਵਿੱਚ 46% ਤੋਂ ਵੱਧ ਲੋਕਾਂ ਨੇ ਅਜੇ ਵੀ ਇਸ ਗੱਲ ਨੂੰ ਸੱਚ ਮੰਨਿਆ।
ਪਰ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਲੂਨ ਮਾਲਕ ਨਿੱਕੀ ਕੋਰਜ਼ੀਨ ਮੁਤਾਬਕ ਇਸ ਦਾਅਵੇ ਵਿੱਚ ਕੋਈ ਸੱਚਾਈ ਨਹੀਂ ਹੈ। ਉਹ ਕਹਿੰਦੇ ਹਨ ਕਿ ਵਾਲਾਂ ਨੂੰ ਵੱਧ ਬਰੱਸ਼ ਕਰਨ ਨਾਲ ਉਨ੍ਹਾਂ ਦੀ ਲੰਬਾਈ ਨਹੀਂ ਵੱਧਦੀ।
ਅਸਲ ਵਿੱਚ, ਜਿਨ੍ਹਾਂ ਵਿਗਿਆਨੀਆਂ ਨੇ ਵਾਲਾਂ ਨੂੰ ਹੋਣ ਵਾਲੇ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣ ਲਈ ਵਿਸ਼ੇਸ਼ ਫਾਰਮੂਲੇ ਤਿਆਰ ਕੀਤੇ ਹਨ, ਉਹ ਦੱਸਦੇ ਹਨ ਕਿ ਬਹੁਤ ਜ਼ਿਆਦਾ ਬਰੱਸ਼ ਕਰਨ ਨਾਲ ਵਾਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਇਹ ਝੜ ਵੀ ਸਕਦੇ ਹਨ।
ਇੱਕ ਖੋਜ ਟੀਮ ਨੇ ਇਹ ਜਾਂਚਣ ਲਈ ਪ੍ਰਯੋਗ ਕੀਤਾ ਕਿ ਜਦੋਂ ਵਾਲਾਂ ਦੀਆਂ ਦੋ ਲਟਾਂ ਆਪਸ ਵਿੱਚ ਉਲਝ ਜਾਂਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਖਿੱਚ ਕੇ ਸੁਲਝਾਇਆ ਜਾਂਦਾ ਹੈ ਤਾਂ ਕੀ ਹੁੰਦਾ ਹੈ।
ਖੋਜਕਾਰਾਂ ਨੇ ਪਾਇਆ ਕਿ ਜ਼ਿਆਦਾ ਕੰਘੀ ਕਰਨ ਨਾਲ, ਖ਼ਾਸ ਕਰਕੇ ਜਿਨ੍ਹਾਂ ਦੇ ਵਾਲਾਂ ਦੇ ਸਿਰੇ ਦੋ-ਮੂੰਹੇ ਹੋਣ ਦੀ ਸੰਭਾਵਨਾ ਹੁੰਦੀ ਹੈ, ਵਾਲ ਅੰਦਰੋਂ ਟੁੱਟਣ ਲੱਗ ਪੈਂਦੇ ਹਨ।
ਸਿਹਤਮੰਦ ਵਾਲ ਇਸ ਦਬਾਅ ਨੂੰ ਕੁਝ ਵੱਧ ਸਮੇਂ ਤੱਕ ਸਹਿ ਲੈਂਦੇ ਹਨ, ਪਰ ਲਗਾਤਾਰ ਖਿੱਚ ਅਤੇ ਦਬਾਅ ਕਾਰਨ ਉਨ੍ਹਾਂ ਵਿੱਚ ਵੀ ਦਰਾਰਾਂ ਪੈਣ ਲੱਗਦੀਆਂ ਹਨ।

ਆਇਰਲੈਂਡ ਸਥਿਤ ਟ੍ਰਿਨਿਟੀ ਕਾਲਜ ਡੂਬਲਿਨ ਦੇ ਇੰਜੀਨਿਅਰਿੰਗ ਪ੍ਰੋਫੈਸਰ ਡੇਵਿਡ ਟੇਲਰ, ਜੋ ਇਸ ਅਧਿਐਨ ਦੇ ਲੇਖਕ ਹਨ, ਕਹਿੰਦੇ ਹਨ, “ਸਾਡੇ ਵਿਚਾਰ ਵਿੱਚ ਦੋ-ਮੂੰਹੇ ਵਾਲ ਮੁੱਖ ਕਾਰਨ ਹਨ, ਕਿਉਂਕਿ ਇਸ ਸਥਿਤੀ ਵਿੱਚ ਵਾਲ ਬਹੁਤ ਜ਼ਿਆਦਾ ਮੁੜੇ ਹੋਏ ਹੁੰਦੇ ਹਨ ਅਤੇ ਉਨ੍ਹਾਂ ‘ਤੇ ਆਮ ਨਾਲੋਂ ਕਈ ਗੁਣਾ ਵੱਧ ਦਬਾਅ ਪੈਂਦਾ ਹੈ।”
ਉਹ ਕਹਿੰਦੇ ਹਨ, “ਅਸਲ ਵਿੱਚ, ਜਿੰਨਾ ਵੱਧ ਅਸੀਂ ਵਾਲਾਂ ਨੂੰ ਬਰੱਸ਼ ਕਰਦੇ ਹਾਂ, ਉਨ੍ਹਾਂ ਦੇ ਟੁੱਟਣ ਦੀ ਸੰਭਾਵਨਾ ਉਨੀ ਹੀ ਵੱਧ ਜਾਂਦੀ ਹੈ। ਹਾਲਾਂਕਿ, ਕਿੰਨੀ ਵਾਰ ਵਾਲਾਂ ਨੂੰ ਬਰੱਸ਼ ਕੀਤਾ ਗਿਆ, ਸਿਰਫ਼ ਇਹੀ ਨਹੀਂ ਬਲਕਿ ਕਿੰਨਾ ਜ਼ੋਰ ਲਗਾ ਕੇ ਕੀਤਾ ਗਿਆ, ਇਹ ਵੀ ਮਹੱਤਵਪੂਰਨ ਹੋ ਜਾਂਦਾ ਹੈ।”
ਵਾਲਾਂ ਦੀ ਰਿਸਰਚ ਸੰਸਥਾ ਟੀਆਰਆਈ ਪ੍ਰਿੰਸਟਨ ਦੇ ਟਰੇਫਰ ਈਵਾਨਸ ਨੇ ਵਾਲਾਂ ਦੀ ਟੁੱਟ-ਭੱਜ ਨੂੰ ਲੈਕੇ ਕੀਤੀਆਂ ਕਈ ਅੰਕੜਾ-ਅਧਾਰਿਤ ਖੋਜਾਂ ਵਿੱਚ ਦਰਸਾਇਆ ਕਿ ਵਾਰ-ਵਾਰ ਵਾਲਾਂ ਨੂੰ ਸੰਵਾਰਨ ਨਾਲ “ਨਿਰੰਤਰ ਨੁਕਸਾਨ” ਹੁੰਦਾ ਹੈ।
ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿ ਪ੍ਰਯੋਗਸ਼ਾਲਾ ਵਿੱਚ ਮਿਲੇ ਨਤੀਜੇ ਹਮੇਸ਼ਾ ਅਸਲ ਜ਼ਿੰਦਗੀ ਵਿੱਚ ਉਹੀ ਪ੍ਰਭਾਵ ਨਹੀਂ ਦਿਖਾਉਂਦੇ।
ਈਵਾਨਸ ਦੇ ਅਨੁਸਾਰ, ਜ਼ਿਆਦਾਤਰ ਲੋਕਾਂ ਵਿੱਚ ਵਾਲਾਂ ਨੂੰ ਬਰੱਸ਼ ਕਰਨ ਨਾਲ ਹੋਣ ਵਾਲਾ ਨੁਕਸਾਨ, ਕੈਮੀਕਲ ਅਤੇ ਹੀਟ ਟ੍ਰੀਟਮੈਂਟ ਕਾਰਨ ਹੋਣ ਵਾਲੇ ਨੁਕਸਾਨ ਦੇ ਮੁਕਾਬਲੇ ਘੱਟ ਹੁੰਦਾ ਹੈ। ਉਹ ਕਹਿੰਦੇ ਹਨ ਕਿ ਬਰੱਸ਼ ਅਤੇ ਕੰਘੀ ਕਾਰਨ ਹੋਣ ਵਾਲਾ ਨੁਕਸਾਨ ਬਹੁਤੇ ਲੋਕਾਂ ਲਈ “ਲਗਭਗ ਨਾ ਦੇ ਬਰਾਬਰ” ਹੁੰਦਾ ਹੈ ਅਤੇ ਇਸ ਨੂੰ ਨੁਕਸਾਨ ਦੇ ਵੱਡੇ ਸਮੁੰਦਰ ਵਿੱਚ ਕੁਝ ਬੂੰਦਾਂ ਦੇ ਬਰਾਬਰ ਸਮਝਿਆ ਜਾ ਸਕਦਾ ਹੈ।
ਵਾਲਾਂ ਨੂੰ ਬਰੱਸ਼ ਕਰਨ ਦੇ ਲੁਕੇ ਹੋਏ ਫ਼ਾਇਦੇ
ਤਸਵੀਰ ਸਰੋਤ, Getty Images
ਕੋਰਜ਼ੀਨ ਕਹਿੰਦੇ ਹਨ, “ਹਲਕੇ ਹੱਥਾਂ ਨਾਲ ਅਤੇ ਸਹੀ ਤਰੀਕੇ ਨਾਲ ਵਾਲਾਂ ਨੂੰ ਬਰੱਸ਼ ਕਰਨਾ ਕੋਈ ਸਮੱਸਿਆ ਨਹੀਂ ਹੈ। ਸਮੱਸਿਆ ਵਾਲਾਂ ਵਿੱਚ ਕੰਘੀ ਫੇਰਨਾ ਨਹੀਂ ਬਲਕਿ ਤੁਸੀਂ ਕਿਵੇਂ ਕੰਘੀ ਫੇਰ ਰਹੇ ਹੋ, ਇਸ ਨੂੰ ਲੈਕੇ ਹੈ।”
ਨਿਯਮਿਤ ਤੌਰ ‘ਤੇ ਵਾਲਾਂ ਨੂੰ ਬਰੱਸ਼ ਕਰਨ ਨਾਲ ਵੱਡੀਆਂ ਗੁੰਝਲਾਂ, ਉਲਝਣਾਂ ਅਤੇ ਵਾਲਾਂ ਦੇ ਆਪਸ ਵਿੱਚ ਚਿਪਕਣ ਦੀ ਸਮੱਸਿਆ ਘੱਟ ਹੁੰਦੀ ਹੈ।
ਜਦੋਂ ਤੁਸੀਂ ਨਿਯਮਿਤ ਤੌਰ ‘ਤੇ ਵਾਲ ਬਰੱਸ਼ ਕਰਦੇ ਹੋ ਤਾਂ ਤੁਹਾਨੂੰ ਵਾਲਾਂ ਨੂੰ ਜ਼ੋਰ ਨਾਲ ਖਿੱਚਣ ਦੀ ਲੋੜ ਨਹੀਂ ਪੈਂਦੀ ਅਤੇ ਵਾਲ ਟੁੱਟਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
ਬਾਇਓਕੈਮਿਸਟ ਜੇਅਰਡ ਰੇਨੋਲਡਸ, ਜਿਨ੍ਹਾਂ ਨੇ ਹੇਅਰ ਕੇਅਰ ਬ੍ਰਾਂਡ ਵੀ ਲਾਂਚ ਕੀਤਾ ਹੈ, ਕਹਿੰਦੇ ਹਨ, “ਦਿਨ ਵਿੱਚ ਇੱਕ ਜਾਂ ਦੋ ਵਾਰ ਵਾਲਾਂ ਵਿੱਚ ਕੰਘੀ ਫੇਰਨ ਨਾਲ ਘੱਟ ਨੁਕਸਾਨ ਹੁੰਦਾ ਹੈ। ਬਲਕਿ ਹਫ਼ਤੇ ਬਾਅਦ ਵਾਲਾਂ ਨੂੰ ਬਰੱਸ਼ ਕਰਨ ਨਾਲ ਵੱਧ ਨੁਕਸਾਨ ਹੁੰਦਾ ਹੈ।
ਹਾਲਾਂਕਿ ਉਹ ਕਹਿੰਦੇ ਹਨ ਕਿ ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਟੈਸਟ ਰੋਜ਼ਾਨਾ ਜੀਵਨ ਦੀਆਂ ਕੁਦਰਤੀ ਸਥਿਤੀਆਂ ਨੂੰ ਪੂਰੀ ਤਰ੍ਹਾਂ ਨਹੀਂ ਦਰਸਾ ਸਕਦੇ।
ਨਿਯਮਿਤ ਬਰੱਸ਼ ਕਰਨ ਨਾਲ ਝੜੇ ਹੋਏ ਵਾਲ, ਮਰੀ ਹੋਈ ਚਮੜੀ ਦੇ ਕਣ ਅਤੇ ਸਿਰ ਦੀ ਚਮੜੀ ‘ਤੇ ਜੰਮੂ ਧੂੜ-ਮਿੱਟੀ ਵੀ ਹੱਟ ਜਾਂਦੀ ਹੈ। ਜੇ ਇਹ ਇਕੱਠੇ ਹੁੰਦੇ ਰਹਿਣ ਤਾਂ ਸਿਰ ਦੀ ਚਮੜੀ ਨੂੰ ਖਰਾਬ ਕਰ ਸਕਦੇ ਹਨ।
ਵਾਲਾਂ ਨੂੰ ਸਹੀ ਤਰੀਕੇ ਨਾਲ ਕਿਵੇਂ ਬਰੱਸ਼ ਕਰੀਏ ?
ਤਸਵੀਰ ਸਰੋਤ, Getty Images
ਵਾਲਾਂ ਵਿੱਚ ਬਰੱਸ਼ ਫੇਰਨ ਦਾ ਸਹੀ ਤਰੀਕਾ ਤੁਹਾਡੇ ਵਾਲਾਂ ਦੀ ਕਿਸਮ ‘ਤੇ ਨਿਰਭਰ ਕਰਦਾ ਹੈ।
ਅਮਰੀਕਾ ਦੇ ਮਿਆਮੀ ਸ਼ਹਿਰ ਦੇ ਹੇਅਰ ਸੈਲੂਨ ਮਾਲਕ ਨਿਕੋਲਾ ਲਿੰਚ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਵਾਲ ਸਿੱਧੇ ਜਾਂ ਹਲਕੇ ਲਹਿਰਦਾਰ ਹੁੰਦੇ ਹਨ, ਉਨ੍ਹਾਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਵਾਰ ਅਤੇ ਸੰਭਵ ਹੋਵੇ ਤਾਂ ਦਿਨ ਵਿੱਚ ਦੋ ਵਾਰ ਵਾਲ ਬਰੱਸ਼ ਕਰਨੇ ਚਾਹੀਦੇ ਹਨ। (ਰੇਨੋਲਡਸ ਅਤੇ ਕੋਰਜ਼ੀਨ ਵੀ ਦਿਨ ਵਿੱਚ ਦੋ ਵਾਰ ਵਾਲਾਂ ਵਿੱਚ ਕੰਘੀ ਫੇਰਨ ਦੀ ਸਲਾਹ ਦਿੰਦੇ ਹਨ।)
ਲਿੰਚ ਮੁਤਾਬਕ ਸਿੱਧੇ ਜਾਂ ਲਹਿਰਦਾਰ ਵਾਲਾਂ ਵਾਲੇ ਲੋਕਾਂ ਨੂੰ ਗਿੱਲੇ ਵਾਲਾਂ ਵਿੱਚ ਬਰੱਸ਼ ਨਹੀਂ ਫੇਰਨਾ ਚਾਹੀਦਾ। ਭਾਵੇਂ ਗਿੱਲੇ ਵਾਲ ਮਜਬੂਤ ਅਤੇ ਮੋਟੇ ਮਹਿਸੂਸ ਹੁੰਦੇ ਹਨ, ਪਰ ਅਸਲ ਵਿੱਚ ਉਹ ਜ਼ਿਆਦਾ ਕਮਜ਼ੋਰ ਹੁੰਦੇ ਹਨ।
ਇਸ ਦੀ ਵਜ੍ਹਾ ਕੀ ਹੈ ? ਦਰਅਸਲ ਵਾਲ ਦਾ ਇੱਕ ਰੇਸ਼ਾ ਦੋ ਮੁੱਖ ਹਿੱਸਿਆਂ ਤੋਂ ਬਣਿਆ ਹੁੰਦਾ ਹੈ। ਪਹਿਲਾ ਕੋਰਟੈਕਸ ਜੋ ਕਿ ਵਾਲ ਦਾ ਅੰਦਰੂਨੀ ਹਿੱਸਾ ਹੁੰਦਾ ਹੈ ਅਤੇ ਦੂਜਾ ਕਿਊਟੀਕਲ ਜੋ ਕੇਰਾਟਿਨ ਦੀਆਂ ਪਰਤਾਂ ਨਾਲ ਬਣਿਆ ਬਾਹਰੀ ਹਿੱਸਾ ਹੁੰਦਾ ਹੈ।
ਕੇਰਾਟਿਨ ਉਹੀ ਪਦਾਰਥ ਹੈ ਜਿਸ ਨਾਲ ਸਾਡੇ ਨਹੁੰ ਬਣੇ ਹੁੰਦੇ ਹਨ।
ਜਦੋਂ ਸਿੱਧੇ ਜਾਂ ਲਹਿਰਦਾਰ ਵਾਲ ਗਿੱਲੇ ਹੁੰਦੇ ਹਨ ਤਾਂ ਕਿਊਟੀਕਲ ਦੀਆਂ ਪਰਤਾਂ ਕਿਨਾਰਿਆਂ ਤੋਂ ਖੁੱਲ੍ਹ ਜਾਂਦੀਆਂ ਹਨ ਅਤੇ ਵਾਲ ਵੱਧ ਖਿੱਚਣਯੋਗ ਬਣ ਜਾਂਦੇ ਹਨ। ਇਸ ਕਾਰਨ ਉਹ ਟੁੱਟਣ ਜਾਂ ਨੁਕਸਾਨ ਹੋਣ ਲਈ ਹੋਰ ਵੱਧ ਸੰਵੇਦਨਸ਼ੀਲ ਹੋ ਜਾਂਦੇ ਹਨ।
ਜਿਨ੍ਹਾਂ ਦੇ ਵਾਲ ਘੁੰਗਰਾਲੇ ਅਤੇ ਕੁੰਡਲਦਾਰ ਹੁੰਦੇ ਹਨ, ਉਨ੍ਹਾਂ ਨੂੰ ਇਸ ਤੋਂ ਬਿਲਕੁੱਲ ਉਲਟ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਲੋਕਾਂ ਨੂੰ ਸੁੱਕੇ ਵਾਲਾਂ ਵਿੱਚ ਬਰੱਸ਼ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਸਿਰਫ਼ ਵਾਲ ਧੋਣ ਸਮੇਂ ਹੀ ਉਨ੍ਹਾਂ ਦੀਆਂ ਗੁੰਝਲਾਂ ਖੋਲ੍ਹਣੀਆਂ ਚਾਹੀਦੀਆਂ ਹਨ।
ਸਿੱਧੇ ਅਤੇ ਘੁੰਗਰਾਲੇ ਵਾਲ ਕਿਵੇਂ ਵੱਖਰੇ ਹਨ ?
ਤਸਵੀਰ ਸਰੋਤ, Getty Images
ਅਮਰੀਕਾ ਦੇ ਜੌਰਜੀਆ ਵਿੱਚ ਸਥਿਤ ਸਪੇਲਮੈਨ ਕਾਲਜ ਦੀ ਰਸਾਇਣ ਵਿਗਿਆਨ ਅਤੇ ਜੈਵ-ਰਸਾਇਣ ਵਿਗਿਆਨ ਦੀ ਪ੍ਰੋਫੈਸਰ ਮਾਈਕਲ ਗੇਨਜ਼, ਜੋ ਟੈਕਸਚਰ ਵਾਲੇ ਵਾਲਾਂ ਦੀ ਰਸਾਇਣਿਕ ਬਣਤਰ ਦਾ ਅਧਿਐਨ ਕਰਦੇ ਹਨ, ਕਹਿੰਦੇ ਹਨ ਕਿ ਘੁੰਗਰਾਲੇ ਅਤੇ ਕੁੰਡਲਦਾਰ ਵਾਲਾਂ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਸਿੱਧੇ ਵਾਲਾਂ ਨਾਲੋਂ ਕਾਫ਼ੀ ਵੱਖਰੀਆਂ ਹੁੰਦੀਆਂ ਹਨ। ਵਿਗਿਆਨਕ ਖੋਜਾਂ ਅਤੇ ਵਾਲਾਂ ਦੀ ਦੇਖਭਾਲ ਦੇ ਉਦਯੋਗ ਵਿੱਚ ਲੰਬੇ ਸਮੇਂ ਤੱਕ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ।
ਉਨ੍ਹਾਂ ਨੇ ਘੁੰਗਰਾਲੇ ਵਾਲਾਂ ਨੂੰ ਵਿਗਿਆਨਕ ਢੰਗ ਨਾਲ ਵਰਗੀਕ੍ਰਿਤ ਕਰਨ ਦੀ ਇੱਕ ਵਿਧੀ ਵੀ ਵਿਕਸਿਤ ਕੀਤੀ ਹੈ।
ਉਨ੍ਹਾਂ ਦੀ ਖੋਜ ਤੋਂ ਪਤਾ ਲੱਗਿਆ ਹੈ ਕਿ ਜਿਵੇਂ-ਜਿਵੇਂ ਵਾਲ ਵੱਧ ਘੁੰਗਰਾਲੇ ਜਾਂ ਕੁੰਡਲਦਾਰ ਹੁੰਦੇ ਜਾਂਦੇ ਹਨ, ਉਨ੍ਹਾਂ ਵਿੱਚ ਮੌਜੂਦ ਕੁਝ ਰਸਾਇਣਿਕ ਬੰਧਨਾਂ ਵਿੱਚ ਤਬਦੀਲੀ ਆਉਂਦੀ ਹੈ। ਇਸ ਨਾਲ ਵਾਲਾਂ ਦੀ ਮਜਬੂਤੀ ਅਤੇ ਟੁੱਟਣ ਦੀ ਸੰਭਾਵਨਾ ਪ੍ਰਭਾਵਿਤ ਹੁੰਦੀ ਹੈ।
ਪ੍ਰੋਫੈਸਰ ਗੇਨਜ਼ ਦੇ ਸ਼ੁਰੂਆਤੀ ਪ੍ਰਯੋਗ ਇਹ ਵੀ ਦਰਸਾਉਂਦੇ ਹਨ ਕਿ ਘੁੰਗਰਾਲੇ ਅਤੇ ਕੁੰਡਲਦਾਰ ਵਾਲਾਂ ਦੀਆਂ ਕਿਊਟੀਕਲ ਪਰਤਾਂ ਛੋਟੀਆਂ ਹੁੰਦੀਆਂ ਹਨ, ਇੱਕ-ਦੂਜੇ ਦੇ ਹੋਰ ਨੇੜੇ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਕਿਨਾਰੇ ਜ਼ਿਆਦਾ ਖੁਰਦਰੇ ਹੁੰਦੇ ਹਨ।
ਇਸ ਕਾਰਨ ਇਹ ਵਾਲ ਨਮੀ ਨੂੰ ਘੱਟ ਸਮੇਂ ਲਈ ਸੰਭਾਲ ਸਕਦੇ ਹਨ ਅਤੇ ਉਨ੍ਹਾਂ ਦੇ ਨੁਕਸਾਨੇ ਜਾਣ ਜਾਂ ਗੁੰਝਲ ਪੈਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ।
ਹਾਲਾਂਕਿ, ਇਸ ਗੱਲ ਦੀ ਪੂਰੀ ਪੁਸ਼ਟੀ ਲਈ ਹੋਰ ਖੋਜ ਦੀ ਲੋੜ ਹੈ।
ਹੇਅਰ ਸਟਾਈਲਿੰਗ ਵਾਲਾਂ ਲਈ ਨੁਕਸਾਨਦਾਇਕ
ਤਸਵੀਰ ਸਰੋਤ, Getty Images
ਗੇਨਜ਼ ਕਹਿੰਦੇ ਹਨ ਕਿ ਅੱਜ-ਕੱਲ੍ਹ ਪ੍ਰਚਲਿਤ ਹੇਅਰ-ਸਟਾਈਲਿੰਗ ਦੇ ਰੁਝਾਨਾਂ ਕਾਰਨ ਵੀ ਵਾਲਾਂ ਨਾਲ ਕਾਫ਼ੀ ਜ਼ਿਆਦਾ ਛੇੜਛਾੜ ਕਰਨੀ ਪੈਂਦੀ ਹੈ। ਜਿਵੇਂ ਕਿ ਵਾਰ-ਵਾਰ ਕੰਘੀ ਅਤੇ ਬਰੱਸ਼ ਕਰਨਾ, ਵਾਲਾਂ ਨੂੰ ਸਿੱਧਾ ਕਰਨਾ, ਰਸਾਇਣਕ ਤਰੀਕਿਆਂ ਨਾਲ ਨਰਮ ਕਰਨਾ ਜਾਂ ਹੇਅਰ ਸਟਾਈਲਿੰਗ ਕਰਨਾ। ਇਹ ਸਾਰੇ ਤਰੀਕੇ ਵਾਲਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦੇ ਹਨ।
ਇਸ ਲਈ ਗੇਨਜ਼ ਸਲਾਹ ਦਿੰਦੇ ਹਨ ਕਿ ਵਾਲਾਂ ਦੀ ਸੁਰੱਖਿਆ ਲਈ ਅਜਿਹੇ ਉਤਪਾਦ ਵਰਤੇ ਜਾਣ ਜੋ ਵਾਲਾਂ ਦੀਆਂ ਗੁੰਝਲਾਂ ਖੋਲ੍ਹਣ ਵਿੱਚ ਮਦਦ ਕਰਦੇ ਹਨ ਤਾਂ ਜੋ ਬਰੱਸ਼ ਫੇਰਨ ਸਮੇਂ ਵਾਲਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚੇ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚਾਹੇ ਤੁਹਾਡੇ ਵਾਲ ਕਿਸੇ ਵੀ ਕਿਸਮ ਦੇ ਹੋਣ, ਹਮੇਸ਼ਾ ਸਹੀ ਕਿਸਮ ਦਾ ਬਰੱਸ਼ ਵਰਤੋ।
ਲਿੰਚ ਮੁਤਾਬਕ, ਜੇ ਤੁਹਾਡੇ ਵਾਲ ਘੁੰਗਰਾਲੇ, ਕੁੰਡਲਦਾਰ ਜਾਂ ਬਹੁਤ ਘਣੇ ਹਨ ਜਾਂ ਸਿੱਧੇ ਜਾਂ ਲਹਿਰਦਾਰ ਹੋਣ ਅਤੇ ਜੇਕਰ ਗਿੱਲੇ ਵਾਲਾਂ ਵਿੱਚ ਤੁਸੀਂ ਕੰਘੀ ਫੇਰਨਾ ਚਾਹੁੰਦੇ ਹੋ ਤਾਂ ਸਖ਼ਤ ਕੰਘੇ ਦੀ ਬਜਾਏ ਨਰਮ ਅਤੇ ਲਚਕੀਲੇ “ਵੈੱਟ ਬਰਸ਼” ਦੀ ਵਰਤੋਂ ਕਰੋ, ਜੋ ਖ਼ਾਸ ਤੌਰ ‘ਤੇ ਗੁੰਝਲਾਂ ਖੋਲ੍ਹਣ ਲਈ ਬਣਾਏ ਜਾਂਦੇ ਹਨ।
ਸੁੱਕੇ ਵਾਲਾਂ ਲਈ ਨਰਮ ਰੇਸ਼ਿਆਂ ਵਾਲਾ ਬਰੱਸ਼ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਾਲਾਂ ਦੀ ਜੜ੍ਹ ਤੋਂ ਕੁਦਰਤੀ ਤੇਲ ਨੂੰ ਪੂਰੇ ਵਾਲਾਂ ਵਿੱਚ ਫੈਲਾਉਣ ਵਿੱਚ ਮਦਦ ਕਰਦਾ ਹੈ।
ਅੱਜ ਵੀ ਅਜਿਹੇ ਬਰੱਸ਼ਾਂ ਨੂੰ ਅਕਸਰ “ਬੋਅਰ ਬ੍ਰਿਸਟਲ ਬਰਸ਼” (ਜੰਗਲੀ ਸੂਰ ਦੇ ਵਾਲਾਂ ਤੋਂ ਬਣਿਆ ਬਰੱਸ਼) ਕਿਹਾ ਜਾਂਦਾ ਹੈ, ਕਿਉਂਕਿ ਵਿਕਟੋਰੀਅਨ ਯੁੱਗ ਵਿੱਚ, ਜਦੋਂ ਆਸਟ੍ਰੀਆ ਦੀ ਮਹਾਰਾਣੀ ਸਿਸੀ ਆਪਣੇ ਵਾਲਾਂ ‘ਤੇ 100 ਵਾਰ ਬਰੱਸ਼ ਫੇਰਦੀ ਸੀ ਤਾਂ ਉਹ ਇਸੇ ਬਰੱਸ਼ ਦਾ ਇਸਤੇਮਾਲ ਕਰਦੀ ਸੀ।
ਤਸਵੀਰ ਸਰੋਤ, Getty Images
ਰੇਨੋਲਡਸ ਤਾਂ ਦੋਵਾਂ ਕਿਸਮਾਂ ਦੇ ਬਰੱਸ਼ਾਂ ਦੇ ਫ਼ਾਇਦੇ ਇਕੱਠੇ ਕਰਨ ਲਈ ਇੱਕ ਨਵੇਂ ਹਾਈਬ੍ਰਿਡ ਬਰਸ਼ ‘ਤੇ ਕੰਮ ਕਰ ਰਹੇ ਹਨ।
ਇਸ ਬਰੱਸ਼ ਵਿੱਚ ਲੰਬੀਆਂ ਪਲਾਸਟਿਕ ਦੀਆਂ ਪਿੰਨਾਂ ਅਤੇ ਛੋਟੇ ਬੋਅਰ-ਸਟਾਈਲ ਰੇਸ਼ੇ ਇਕੱਠੇ ਹੋਣਗੇ। ਲੰਬੀਆਂ ਪਿੰਨਾਂ ਵਾਲਾਂ ਨੂੰ ਵੱਖ-ਵੱਖ ਕਰਕੇ ਗੁੰਝਲਾਂ ਖੋਲ੍ਹਣ ਵਿੱਚ ਮਦਦ ਕਰਨਗੀਆਂ, ਜਦਕਿ ਛੋਟੇ ਰੇਸ਼ੇ ਵਾਲਾਂ ਨੂੰ ਮੁਲਾਇਮ ਬਣਾਉਣ, ਕੁਦਰਤੀ ਤੇਲ ਫੈਲਾਉਣ ਅਤੇ ਵਾਲਾਂ ਨੂੰ ਘਣਾਪਣ ਦੇਣ ਵਿੱਚ ਮਦਦ ਕਰਨਗੇ।
ਰੇਨੋਲਡਜ਼ ਕਹਿੰਦੇ ਹਨ, “ਇਹ ਦੋਹਾਂ ਗੁਣਾਂ ਦਾ ਬਿਲਕੁਲ ਸਹੀ ਮਿਲਾਪ ਹੈ।”
ਇਤਿਹਾਸ ਦੌਰਾਨ ਵੱਖ-ਵੱਖ ਕਿਸਮਾਂ ਅਤੇ ਅਕਾਰਾਂ ਦੇ ਬਰੱਸ਼ ਅਤੇ ਕੰਘੇ ਬਣਾਏ ਗਏ ਹਨ। ਇਨ੍ਹਾਂ ਵਿੱਚ 3200 ਈਸਾ ਪੂਰਵ ਤੋਂ ਵੀ ਪੁਰਾਣੀਆਂ ਮਿਸਰ ਦੀਆਂ ਕਬਰਾਂ ਵਿੱਚ ਮਿਲੇ ਹਾਥੀਦੰਦ ਦੇ ਕੰਘੇ ਅਤੇ ਦਰੱਖਤਾਂ ਦੀਆਂ ਟਾਹਣੀਆਂ ਨੂੰ ਮੋੜ ਕੇ ਬਣਾਏ ਕੰਘੇ ਵੀ ਸ਼ਾਮਲ ਹਨ।
ਭਵਿੱਖ ਵਿੱਚ, ਜਿਵੇਂ-ਜਿਵੇਂ ਵਾਲਾਂ ਦੀ ਰਸਾਇਣ ਵਿਗਿਆਨ ਅਤੇ ਭੌਤਿਕ ਵਿਗਿਆਨ ਬਾਰੇ ਸਾਡੀ ਸਮਝ ਹੋਰ ਡੂੰਘੀ ਹੁੰਦੀ ਜਾਵੇਗੀ, ਹੋ ਸਕਦਾ ਹੈ ਕਿ ਅਸੀਂ ਆਪਣੇ ਵਾਲਾਂ ਦੀ ਸੁਰੱਖਿਆ ਲਈ ਬਿਲਕੁਲ ਨਵੇਂ ਅਤੇ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਖੋਜ ਲਈਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


