Source :- BBC PUNJABI
ਬਹੁਤ ਜ਼ਿਆਦਾ ਖਰੀਰਦਾਰੀ ਕਰਨ ਨੂੰ ਤਰਜੀਹ ਨਾ ਦੇ ਕੇ ਅਤੇ ਸੁਚੇਤ ਹੋ ਕੇ ਚੀਜ਼ਾਂ ਨੂੰ ਖਰੀਦਣ ਨੂੰ ਉਤਸ਼ਾਹਿਤ ਕਰਦੇ ਹੋਏ, ਇਨਫਲੂਐਂਸਰਾਂ ਨੂੰ ਨਕਾਰਨ ਦੀ ਮੁਹਿੰਮ ਮੁੱਖ ਧਾਰਾ ਵਿੱਚ ਆ ਗਈ ਹੈ।
ਪਰ ਕਿਉਂ, ਇਸ ਦਾ ਕਾਰਨ ਜਾਣੋ।
ਡਾਇਨਾ ਵੀਬੇ ਸਾਲ 2019 ਵਿੱਚ ਆਪਣੇ ਸੋਸ਼ਲ ਮੀਡੀਆ ਨੂੰ ਦੇਖਣ ਵਿੱਚ ਇੰਨੀ ਖੁੱਭੀ ਹੋਈ ਸੀ ਅਤੇ ਅਚਾਨਕ ਉਨ੍ਹਾਂ ਦੀ ਨਜ਼ਰ ਇੱਕ ਅਜਿਹੇ ਕਰਲਰਾਂ (ਵਾਲਾਂ ਵਿੱਚ ਛੱਲੇ ਪਾਉਣ ਵਾਲੀ ਰੌਡ) ਜੋ ਹੀਟਲੈੱਸ ਸੀ ਭਾਵ ਜਿਨ੍ਹਾਂ ਨੂੰ ਗਰਮ ਕਰਨ ਦੀ ਲੋੜ ਨਹੀਂ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਉਹ ਅਜਿਹੇ ਰੌਡ ਸਨ, ਜਿਨ੍ਹਾਂ ਨੂੰ ਲਗਾ ਕੇ ਤੁਸੀਂ ਸਾਰੀ ਰਾਤ ਸੌਂ ਸਕਦੇ ਸੀ ਅਤੇ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਤੁਸੀਂ ਉੱਠੋਗੇ ਤਾਂ ਤੁਹਾਡੇ ਵਾਲਾਂ ਵਿੱਚ ਸੋਹਣੇ ਛੱਲੇ ਪਏ ਹੋਣਗੇ।”
ਇਹ ਕਈ ਚੀਜ਼ਾਂ ਵਿੱਚੋਂ ਇੱਕ ਸੀ, ਜਿਸ ਨੂੰ ਉਨ੍ਹਾਂ ਨੇ ਟਿਕਟੌਕ ਤੋਂ ਪ੍ਰੇਰਿਤ ਹੋ ਕੇ ਖਰੀਦਿਆ ਸੀ ਪਰ ਉਨ੍ਹਾਂ ਨੂੰ ਜਲਦ ਅਹਿਸਾਸ ਹੋ ਗਿਆ ਕਿ ਸਕਿਨ ਕਰੀਮ ਅਤੇ ਫੇਸ਼ੀਅਲ ਸਕ੍ਰਬ ਵਰਗੀਆਂ ਖਰੀਦੀਆਂ ਹੋਰਨਾਂ ਚੀਜ਼ਾਂ ਵਾਂਗ ਇਹ ਉਨ੍ਹਾਂ ਦੇ ਕਿਸੇ ਕੰਮ ਦੀ ਨਹੀਂ ਹੈ।
ਉਨ੍ਹਾਂ ਨੇ ਕਿਹਾ, “ਕਰਲਰਾਂ ਨੇ ਮੇਰੀ ਨੀਂਦ ਬਹੁਤ ਖ਼ਰਾਬ ਕੀਤੀ ਅਤੇ ਪੂਰੀ ਰਾਤ ਮੈਂ ਇਨ੍ਹਾਂ ਨੂੰ ਲਗਾ ਕੇ ਰੱਖ ਵੀ ਨਹੀਂ ਸਕੀ। ਮੇਰੇ ਵਾਲ ਪਹਿਲਾਂ ਥੋੜ੍ਹੇ ਜਿਹੇ ਛੱਲਿਆ ਵਾਲੇ ਹਨ ਅਤੇ ਮੈਨੂੰ ਲੱਗਾ ਕਿ ਇਨ੍ਹਾਂ ਨੇ ਕੁਝ ਜ਼ਿਆਦਾ ਨਹੀਂ ਕੀਤਾ।”
ਓਹੀਓ ਵਿੱਚ ਰਹਿਣ ਵਾਲੇ ਵੀਬੇ ਹੁਣ 2025 ਵਿੱਚ ਖ਼ੁਦ ਇੱਕ ਇਨਫਲੂਐਂਸਰ ਹਨ ਅਤੇ ਹੋਰਨਾਂ ਅਤੇ ਉਨ੍ਹਾਂ ਵਿੱਚ ਇੱਕ ਗੱਲ ਜੋ ਵੱਖਰੀ ਹੈ ਉਹ ਇਹ ਹੈ ਕਿ ਉਹ ਆਪਣੇ ਫੌਲੋਅਰਜ਼ ਨੂੰ ਉਹੀ ਚੀਜ਼ਾਂ ਖਰੀਦਣ ਲਈ ਪ੍ਰੇਰਿਤ ਕਰਦੇ ਹਨ ਜੋ ਉਨ੍ਹਾਂ ਦੇ ਕੰਮ ਦੀਆਂ ਹਨ।
ਉਨ੍ਹਾਂ ਦੇ ਟਿਕਟੌਕ ʼਤੇ ਕਰੀਬ ਦੋ ਲੱਖ ਫੌਲੋਅਰਜ਼ ਹਨ, ਉਹ ਆਪਣੇ ਵੀਡੀਓ ਵਿੱਚ ਸਵਾਲ ਪੁੱਛਦੇ ਹਨ ਕਿ ʻਕੀ ਤੁਹਾਨੂੰ ਉਹ ਚੀਜ਼ ਚਾਹੀਦੀ ਹੈ ਜੋ ਤੁਹਾਡੇ ਕੋਲ ਆਈ ਹੈ?ʼ ਉਹ ਆਪਣੇ ਫੌਲੋਅਰਜ਼ ਨੂੰ ਯਾਦ ਦਿਵਾਉਂਦੇ ਹਨ ਕਿ ਹਰੇਕ ਹਫ਼ਤੇ ਅਤੇ ਹਰੇਕ ਮਹੀਨੇ ਕੱਪੜਿਆਂ ਦੀ ਖਰੀਦਦਾਰੀ ਦੀ ਲੋੜ ਨਹੀਂ ਹੈ।
“ਖਰੀਦਦਾਰੀ ਸੱਭਿਆਚਾਰ” ਇੱਕ ਖ਼ਾਸ ਕਿਸਮ ਦੀ ਸੋਸ਼ਲ-ਮੀਡੀਆ ਸਮੱਗਰੀ ਹੈ, ਜੋ ਯੂਟਿਊਬ ‘ਤੇ ਪੈਦਾ ਹੋਈ ਹੈ । ਇਸ ਵਿੱਚ ਇਨਫਲੂਐਂਸਰ ਆਪਣੇ ਫੌਲੋਅਰਜ਼ ਨੂੰ ਉਨ੍ਹਾਂ ਵੱਲੋਂ ਖਰੀਦੀਆਂ ਗਈਆਂ ਚੀਜ਼ਾਂ, ਆਮ ਤੌਰ ‘ਤੇ ਕੱਪੜਿਆਂ ਬਾਰੇ ਦੱਸਦੇ ਹਨ।
ਵੀਬੇ 2023 ਵਿੱਚ ਸ਼ੁਰੂ ਹੋਈ ਇੱਕ ਅਜਿਹੀ ਮੁਹਿੰਮ ਦਾ ਹਿੱਸਾ ਹਨ ,ਜੋ “ਖਰੀਦਦਾਰੀ ਸੱਭਿਆਚਾਰ” ਨੂੰ ਨਕਾਰਦੀ ਹੈ।
ਇਹ ਮੁਹਿੰਮ ਟਿਕਟੌਕ ʼਤੇ ਹੈਸ਼ਟੈਗ #deinfluencing ਦੇ ਨਾਮ ਨਾਲ ਵੀ ਫੈਲਿਆ ਹੋਇਆ, ਜਿਸ ਨੂੰ ਇੱਕ ਬਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ।
ਅਜਿਹੇ ਹੀ ਕਈ ਹੋਰ ਵੀ ਹੈਸ਼ਟੈਗ ਹਨ, ਜੋ ਸੋਸ਼ਲ ਮੀਡੀਆ ʼਤੇ ਫੈਲੇ ਹੋਏ ਹਨ।
ਜਿਵੇਂ ਕਿ ਅਸੀਂ 2025 ਵੱਲ ਵੱਧ ਰਹੇ ਹਾਂ, ਵੀਬੇ ਦਾ ਮੰਨਣਾ ਹੈ ਕਿ ਖਰੀਦਦਾਰੀ ਦਾ ਵੱਧ ਪ੍ਰਚਲਨ ਬਦਲ ਰਿਹਾ ਹੈ ਅਤੇ ਅਸੀਂ “ਪ੍ਰਭਾਵਕ ਸਿਖ਼ਰ” ‘ਤੇ ਪਹੁੰਚ ਗਏ ਹਾਂ।
ਟਿਕਟੌਕ ਆਪਣੇ ਆਪ ਵਿੱਚ ਡਿਫਾਲਟ ਘਰ ਬਣ ਗਿਆ ਹੈ, ਪਰ ਅਮਰੀਕਾ ਵਿੱਚ ਐਪ ਦੇ ਅਨਿਸ਼ਚਿਤ ਭਵਿੱਖ ਦੇ ਨਾਲ ਵੀਬੇ ਦਾ ਮੰਨਣਾ ਹੈ ਕਿ ਇਹ ਤਬਦੀਲੀ ਦਾ ਸਮਾਂ ਹੈ।
ਉਨ੍ਹਾਂ ਦਾ ਕਹਿਣਾ ਹੈ, “ਮੈਨੂੰ ਟਿਕਟੌਕ ਦਾ ਭਵਿੱਖ ਨਹੀਂ ਪਤਾ, ਪਰ ਜਿਸ ਤਰ੍ਹਾਂ ਦਾ ਪ੍ਰਭਾਵ ਅਸੀਂ ਉੱਥੇ ਦੇਖਦੇ ਹਾਂ ਉਹ ਹੋਰ ਐਪਾਂ ‘ਤੇ ਨਹੀਂ ਹੁੰਦਾ।”
ਵੀਬੇ ਦਾ ਕਹਿਣਾ ਹੈ ਕਿ ਬਦਲਾਅ ਇਸ ਗੱਲ ਦੀ ਵੱਧਦੀ ਜਾਗਰੂਕਤਾ ਤੋਂ ਪੈਦਾ ਹੋਇਆ ਹੈ ਕਿ ਇਨਫਲੂਐਂਸਰ ਅਸਲ ਵਿੱਚ ਕੀ (ਯੂਕੇ ਵਿੱਚ ਇਸ ʼਤੇ ਧਿਆਨ ਰੱਖਣ ਲਈ ਕਾਨੂੰਨ ਹੈ) ਕਰਨਾ ਚਾਹੁੰਦੇ ਹਨ।
ਉਹ ਆਖਦੇ ਹਨ, “ਜਦੋਂ ਮੈਂ ਆਪਣੇ ਟਿਕਟੌਕ ʼਤੇ ਜ਼ਿਆਦਾ ਇਸ਼ਤਿਹਾਰ ਦੇਖਣੇ ਸ਼ੁਰੂ ਕੀਤੇ ਤਾਂ ਮੈਂ ਸੋਚਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਮੈਂ ਇਨਫਲੂਐਂਸਰਾਂ ਦੀਆਂ ਸਮੀਖਿਆਵਾਂ ਕਾਰਨ ਪਹਿਲਾਂ ਹੀ ਕਿੰਨਾ ਕੁਝ ਖਰੀਦ ਲਿਆ ਹੈ।”
“ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਇਹ ਸਭ ਇਸ਼ਤਿਹਾਰਬਾਜ਼ੀ ਸੀ, ਜਿਸ ਵਿੱਚ ਪੇਡ ਪ੍ਰਮੋਸ਼ਨ (ਪੈਸੇ ਦੇ ਕੇ ਕਰਵਾਈ ਗਈ ਇਸ਼ਤਿਹਾਰਬਾਜ਼ੀ) ਕੰਟੈਂਟ ਤੋਂ ਲੈ ਕੇ ਕ੍ਰਿਏਟਰਜ਼ ਵੱਲੋਂ ਸ਼ੇਅਰ ਕੀਤੇ ਜਾਣ ਵਾਲੇ ਸਮਾਨ ਤੱਕ ਸ਼ਾਮਲ ਹਨ।”
“ਇਹ ਟੀਵੀ ਦੇਖਣ ਵਰਗਾ ਨਹੀਂ ਹੈ, ਜਿੱਥੇ ਤੁਸੀਂ ਕਿਸੇ ਇਸ਼ਤਿਹਾਰ ਨੂੰ ਪਛਾਣ ਸਕਦੇ ਹੋ। ਇਨਫਲੂਐਂਸਰ ਨੂੰ ਦੇਖ ਲਿਆ ਹੈ,ਇਓਂ ਲੱਗਦਾ ਹੈ ਕਿ ਜਿਵੇਂ ਕੋਈ ਦੋਸਤ ਜਾਂ ਪਰਿਵਾਰ ਦਾ ਮੈਂਬਰ ਗੱਲ ਰਿਹਾ ਹੈ ਕਿਉਂਕਿ ਅਸੀਂ ਆਪਣੇ ਪਸੰਦੀਦਾ ਟਿਕਟੌਕਰਜ਼ ਨੂੰ ਅਜਿਹੇ ਲੋਕਾਂ ਵਜੋਂ ਦੇਖਦੇ ਹਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ।”
ਵੀਬੇ ਦੇ ਜ਼ਿਆਦਾਤਰ ਔਨਲਾਈਨ ਸੰਪਰਕ ਸਕਾਰਾਤਮਕ ਹਨ, ਜਿਸ ਵਿੱਚ “ਮੈਨੂੰ ਅੱਜ ਇਹ ਸਲਾਹ ਸੁਣਨ ਦੀ ਲੋੜ ਸੀ” ਵਰਗੀਆਂ ਟਿੱਪਣੀਆਂ ਸ਼ਾਮਲ ਹਨ।
ਹਾਲਾਂਕਿ, ਦੂਜੇ ਉਨ੍ਹਾਂ ਦੇ ਕੰਮ ʼਤੇ ਸਵਾਲ ਚੁੱਕਦੇ ਹਨ ਕਿ ਉਨ੍ਹਾਂ ਨੂੰ ਦੂਜਿਆਂ ਦੀਆਂ ਖਰੀਦਦਾਰੀ ਦੀਆਂ ਆਦਤਾਂ ਵਿੱਚ ਦਖ਼ਲ ਦੇਣ ਦੀ ਲੋੜ ਕਿਉਂ ਮਹਿਸੂਸ ਹੁੰਦੀ ਹੈ।
ਵੀਬੇ ਇਸ ਗੱਲ ‘ਤੇ ਜ਼ੋਰ ਵੀ ਦਿੰਦੇ ਹਨ ਕਿ ਉਹ “ਨੋ-ਬਾਏ” ਭਾਵ ਖਰੀਦਦਾਰੀ ਨਾ ਕਰਨ ਵਾਲੀ ਜੀਵਨ ਸ਼ੈਲੀ ਦੀ ਵਕਾਲਤ ਵੀ ਨਹੀਂ ਕਰ ਰਹੇ ਹਨ।
ਇਸ ਦੀ ਬਜਾਏ, ਉਹ ਆਪਣੇ ਆਪ ਨੂੰ “ਹੌਲੀ-ਹੌਲੀ ਖਰੀਦਦਾਰੀ ਕਰਨ ਅਤੇ ਖਰੀਦੀ ਜਾਣ ਵਾਲੀ ਚੀਜ਼ ਦੀ ਲੋੜ ਬਾਰੇ ਚੰਗੀ ਤਰ੍ਹਾਂ ਸੋਚਣ” ਦਾ ਪ੍ਰਸ਼ੰਸਕ ਦੱਸਦੇ ਹਨ।
ਉਨ੍ਹਾਂ ਦੀ ਸਲਾਹ ਉਸ ਜਾਣੇ-ਪਛਾਣੇ ਪ੍ਰਭਾਵਕ ਦੇ ਉਲਟ ਹੈ ਜੋ ਦਰਸ਼ਕਾਂ ਨੂੰ ਨਵੀਨਤਮ ਉਤਪਾਦ ਖਰੀਦਣ ਲਈ “ਦੌੜੋ, ਤੁਰੋ ਨਾ,ਛੇਤੀ ਕਰੋ” ਲਈ ਉਤਸ਼ਾਹਿਤ ਕਰਦਾ ਹੈ।
ਖਰੀਦਦਾਰੀ ਤੋਂ ਪਹਿਲਾਂ ਸੁਚੇਤ ਦ੍ਰਿਸ਼ਟੀਕੋਣ
ਇਹ ਉਹੀ ਮਾਨਸਿਕਤਾ ਹੈ ਜਿਸ ਨੇ ਕ੍ਰਿਸਟੀਨਾ ਮਾਏਚਸਕਿਵ ਨੂੰ ਖਰਚ ਕਰਨ ਲਈ ਵਧੇਰੇ ਵਿਚਾਰਸ਼ੀਲ ਦ੍ਰਿਸ਼ਟੀਕੋਣ ਅਪਨਾਉਣ ਲਈ ਪ੍ਰੇਰਿਤ ਕੀਤਾ ਹੈ।
ਯੂਟਿਊਬ, ਟਿਕਟੌਕ ਅਤੇ ਇੰਸਟਾਗ੍ਰਾਮ ‘ਤੇ ਆਪਣੀਆਂ ਪੋਸਟਾਂ ਰਾਹੀਂ, ਉਨ੍ਹਾਂ ਦਾ ਉਦੇਸ਼ ਦੂਜਿਆਂ ਨੂੰ “ਦੀਵਾਲੀਆ ਹੋਏ ਬਿਨਾਂ” ਇੱਕ ਸੰਪੂਰਨ ਜ਼ਿੰਦਗੀ ਜੀਉਣ ਵਿੱਚ ਮਦਦ ਕਰਨਾ ਹੈ।
ਕ੍ਰਿਸਟੀਨਾ ਆਖਦੇ ਹਨ ਕਿ ਉਹ ਖੁਦ ਜਾਣਦੇ ਹਨ ਕਿ ਇਨਫਲੂਐਂਸਰ ਕਿੰਨੇ ਸ਼ਕਤੀਸ਼ਾਲੀ ਹੋ ਸਕਦੇ ਹਨ।
ਉਨ੍ਹਾਂ ਦੱਸਦੇ ਹਨ, “2019 ਵਿੱਚ, ਮੇਰੇ ‘ਤੇ 1,20,000 ਕੈਨੇਡੀਅਨ ਡਾਲਰ ਦਾ ਵਿਦਿਆਰਥੀ ਕਰਜ਼ਾ ਸੀ ਅਤੇ ਮੈਂ ਉਦੋਂ ਵੀ ਹਰ ਹਫ਼ਤੇ ਖਰੀਦਦਾਰੀ ਕਰ ਰਹੀ ਸੀ। ਮੇਰੀ ਮੁਸੀਬਤ ਉਦੋਂ ਵੱਧ ਗਈ ਜਦੋਂ ਮੈਂ ਇੱਕ ਜੁੱਤੀ ਖਰੀਦੀ ਜਿਸ ਦੀ ਕੀਮਤ ਮੇਰੇ ਮਕਾਨ ਦੇ ਕਿਰਾਏ ਤੋਂ ਵੀ ਕਿਤੇ ਵੱਧ ਸੀ। ਹਾਲਾਂਕਿ ਮੈਨੂੰ ਪਤਾ ਸੀ ਕਿ ਮੈਂ ਉਸ ਨੂੰ ਸਹਿਣ ਨਹੀਂ ਕਰ ਸਕਦੀ।”
ਟੋਰਾਂਟੋ ਦੀ ਰਹਿਣ ਵਾਲੀ ਕੰਟੈਂਟ ਕ੍ਰਿਏਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਵੇਲੇ ਆਪਣੇ ਆਪ ਨੂੰ “ਇੰਸਟਾਗ੍ਰਾਮ ਬਨਾਮ ਅਸਲੀਅਤ” ਦੇ ਜਾਲ ਵਿੱਚ ਫਸਿਆ ਹੋਇਆ ਮਹਿਸੂਸ ਕੀਤਾ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਮੈਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਮੇਰੇ ਕਰੀਅਰ ਦੇ ਹਿਸਾਬ ਨਾਲ ਅਤੇ ਮੇਰੀ ਹੋਰ ਸਾਥੀਆਂ ਦੇ ਕੰਮਾਂ ਦੀ ਤੁਲਨਾ ਵਿੱਚ ਮੇਰੀ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ।”
ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਕ੍ਰਿਸਟੀਨਾ ਅਕਸਰ ਆਪਣੇ ਪੋਡਕਾਸਟ ‘ਤੇ ਚਰਚਾ ਕਰਦੇ ਹਨ। ਉਹ ਅਜਿਹੇ ਸਰੋਤਿਆਂ ਨੂੰ ਸੁਣਦੇ ਹਨ , ਜੋ ਲਗਾਤਾਰ ਕੁਝ ਨਾ ਕੁਝ ਖਰੀਦਣ ਦੇ ਦਬਾਅ ਹੇਠ ਰਹਿੰਦੇ ਹਨ ਅਤੇ ਜਦੋਂ ਉਤਪਾਦ ਉਮੀਦਾਂ ‘ਤੇ ਖਰੇ ਨਹੀਂ ਉਤਰਦੇ ਹਨ ਤਾਂ ਨਿਰਾਸ਼ਾ ਨਾਲ ਜੂਝ ਰਹੇ ਹਨ।
ਉਹ ਅੱਗੇ ਕਹਿੰਦੇ ਹਨ, “ਲੋਕ ਹੁਣ ਉਹ ਚੀਜ਼ਾਂ ਦਾ ਮੁੱਲ ਨਹੀਂ ਦੇਖਦੇ ਜੋ ਉਹ ਖਰੀਦ ਰਹੇ ਹਨ। ਦੂਜੇ ਪਾਸੇ ਇਨ੍ਹਾਂ ਚੀਜ਼ਾਂ ਦਾ ਵਾਅਦਾ ਉਮੀਦਾਂ ‘ਤੇ ਖਰਾ ਨਹੀਂ ਉੱਤਰ ਰਿਹਾ ਹੈ। ਹਰ ਚੀਜ਼ ਹੋਰ ਅਤੇ ਹੋਰ ਮਹਿੰਗੀ ਹੁੰਦੀ ਜਾ ਰਹੀ ਹੈ, ਪਰ ਗੁਣਵੱਤਾ ਘੱਟ ਹੁੰਦੀ ਜਾ ਰਹੀ ਹੈ ਅਤੇ ਸੰਤੁਸ਼ਟੀ ਘੱਟ ਰਹੀ ਹੈ।”
ਕ੍ਰਿਸਟੀਨਾ ਨਹੀਂ ਚਾਹੁੰਦੇ ਕਿ ਲੋਕ ਉਹੀ ਗ਼ਲਤੀ ਕਰਨ ਜੋ ਉਨ੍ਹਾਂ ਨੇ ਕੀਤੀ ਸੀ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਸ਼ੁਰੂ ਵਿੱਚ ਜਦੋਂ ਖਰੀਦਦਾਰੀ ਸੀਮਤ ਕੀਤੀ ਅਤੇ ਇੱਕ ਸੀਮਤ ਜੀਵਨ ਬਤੀਤ ਕੀਤਾ, ਤਾਂ ਦੁੱਖ ਮਹਿਸੂਸ ਹੋਇਆ। ਪਰ ਹੌਲੀ-ਹੌਲੀ ਉਨ੍ਹਾਂ ਨੇ ਇਸ ਉੱਤੇ ਪਾਰ ਪਾ ਲਿਆ।
ਉਨ੍ਹਾਂ ਦੀ ਦੂਜਿਆਂ ਲਈ ਸਲਾਹ ਹੈ, “ਆਪਣੇ ਫ਼ੋਨ ਤੋਂ ਦੂਰ ਰਹੋ। ਸਕ੍ਰੌਲਿੰਗ ਕਰਨ ਅਤੇ ਸਮੱਗਰੀ ਨੂੰ ਲਗਾਤਾਰ ਦੇਖਣ ਨਾਲ ਅਚਨਚੇਤ ਸੁਨੇਹੇ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ।”
“ਫ਼ੋਨ ਹੇਠਾਂ ਰੱਖੋ, ਘਾਹ ‘ਤੇ ਖੇਡੋ, ਆਪਣੀ ਅਲਮਾਰੀ ਨਾਲ ਖੇਡੋ ਅਤੇ ਜੋ ਤੁਹਾਡੇ ਕੋਲ ਪਹਿਲਾਂ ਤੋਂ ਹੈ ਉਸ ਦੀ ਵਰਤੋਂ ਕਰੋ ਅਤੇ ਉਸ ਨੂੰ ਮਜ਼ੇਦਾਰ ਬਣਾਓ। ਤੁਹਾਨੂੰ ਸ਼ਾਇਦ ਇਹ ਅਹਿਸਾਸ ਹੋਵੇ ਕਿ ਜੋ ਤੁਹਾਡੇ ਕੋਲ ਹੈ ਉਹ ਕਾਫ਼ੀ ਹੈ।”
ਸਟਾਈਲਿਸਟ ਲੂਸਿੰਡਾ ਗ੍ਰਾਹਮ ਦੇ ਅਨੁਸਾਰ, ਲਗਾਤਾਰ ਬਦਲਦੇ ਫੈਸ਼ਨ ਨੂੰ ਸਵੀਕਾਰਨਾ ਨਾ ਸਿਰਫ਼ ਤੁਹਾਡੀ ਵਿੱਤੀ ਸਿਹਤ ਅਤੇ ਵਾਤਾਵਰਣ ਲਈ ਮਾੜਾ ਹੈ ਸਗੋਂ ਤੁਹਾਡੇ ਨਿੱਜੀ ਸਟਾਈਲ ਲਈ ਵੀ।
ਉਹ ਬੀਬੀਸੀ ਨੂੰ ਦੱਸਦੇ ਹਨ, “ਇਸਨੂੰ ਖਾਣਾ ਪਕਾਉਣ ਵਾਂਗ ਸੋਚੋ। ਜੇ ਤੁਸੀਂ ਕੁਝ ਜਲਦੀ ਬਣਾਉਂਦੇ ਹੋ, ਤਾਂ ਇਹ ਠੀਕ ਹੈ ਪਰ ਇਹ 48 ਘੰਟਿਆਂ ਵਿੱਚ ਧਿਆਨ ਅਤੇ ਮਿਹਨਤ ਨਾਲ ਪਕਾਏ ਗਏ ਪਕਵਾਨ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹੀ ਗੱਲ ਕਾਹਲੀ ਨਾਲ ਫੈਸ਼ਨ ਬਾਰੇ ਲਏ ਫੈਸਲੇ ਲਈ ਵੀ ਢੁੱਕਵੀਂ ਹੈ।”
ਗ੍ਰਾਹਮ ਆਪਣੀ ਸ਼ੈਲੀ ਲੱਭਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਬਰ ਰੱਖਣ ਦੀ ਸਲਾਹ ਦਿੰਦੇ ਹਨ।
ਉਹ ਕਹਿੰਦੇ ਹਨ, “ਨਿੱਜੀ ਸ਼ੈਲੀ ਨੂੰ ਵਿਕਸਤ ਕਰਨ ਅਤੇ ਉਸੇ ਤਰ੍ਹਾਂ ਦੇ ਕੱਪੜਿਆਂ ਨਾਲ ਪ੍ਰਯੋਗ ਕਰਨ ਲਈ ਸਮਾਂ ਲੱਗਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਉੱਤੇ ਗੌਰ ਕਰੋ ਕਿ ਤੁਹਾਨੂੰ ਕੀ ਪਸੰਦ ਹੈ, ਨਾ ਕਿ ਟ੍ਰੈਂਡ ਤੋਂ ਪ੍ਰੇਰਿਤ ਹੋਵੋ।”
ਉਨ੍ਹਾਂ ਦਾ ਕਹਿਣਾ ਹੈ, “ਇਨਫਲੂਐਂਸਰ ਸਾਨੂੰ ਕੱਪੜੇ ਖਰੀਦਣ ਲਈ ਉਕਸਾਉਂਦੇ ਹਨ। ਅਸੀਂ ਉਹ ਚੀਜ਼ਾਂ ਖਰੀਦਦੇ ਹਾਂ ਜੋ ਕਿਸੇ ਹੋਰ ਦੀ ਜੀਵਨ ਸ਼ੈਲੀ ਨੂੰ ਦਰਸਾਉਂਦੀਆਂ ਹਨ ਅਤੇ ਅਸੀਂ ਉਨ੍ਹਾਂ ਦੇ ਜੀਵਨ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।”
ਗ੍ਰਾਹਮ ਮੁਤਾਬਕ ਉਹ ਨਵੀਆਂ ਖਰੀਦਦਾਰੀਆਂ ਕਰਨ ਤੋਂ ਪਹਿਲਾਂ ਬਹੁਤ ਸੋਚਦੀ ਹੈ ਅਤੇ ਸਮੇਂ ਦੇ ਨਾਲ ਹੀ ਆਪਣੇ ਕੱਪੜਿਆਂ ਨੂੰ “ਪੁਰਾਣਾ” ਹੋਣ ਦੇਣਾ ਪਸੰਦ ਕਰਦੀ ਹੈ।
ਉਹ ਆਖਦੇ ਹਨ, “ਮੇਰੇ ਕੋਲ ਪਿਛਲੇ ਛੇ ਸਾਲਾਂ ਤੋਂ ਇੱਕ ਜੈਕੇਟ ਹੈ ਅਤੇ ਮੈਨੂੰ ਇਹ ਬੇਹੱਦ ਪਸੰਦ ਹੈ।”
“ਕੱਪੜੇ ਬਦਲਦੇ ਦੇਖ ਕੇ ਚੰਗਾ ਲੱਗਦਾ ਹੈ। ਇਸ ਵੇਲੇ, ਵਰਤੇ ਹੋਏ ਕਾਰਪੇਂਟਰ ਜੈਕਟਾਂ ਅਤੇ ਖ਼ਰਾਬ ਕਾਰਹਾਰਟ ਪੈਂਟ ਫੈਸ਼ਨ ਵਿੱਚ ਹਨ ਪਰ ਉਨ੍ਹਾਂ ਨੂੰ ਕਿਸੇ ਵਿੰਟੇਜ ਦੁਕਾਨ ਤੋਂ ਖਰੀਦਣ ਦੀ ਬਜਾਏ, ਕਿਉਂ ਨਾ ਇੱਕ ਜੋੜਾ ਖਰੀਦੋ ਅਤੇ ਉਸ ਨੂੰ ਸਮੇਂ ਦੇ ਨਾਲ ਪੁਰਾਣਾ ਹੋਣ ਦਿਓ?”
ਇਹੀ ਗੱਲ ਟ੍ਰੈਂਡ ਦੇ ਨਾਲ ਹੈ। “ਤੇਜ਼ੀ ਨਾਲ ਵਧਣ ਵਾਲਾ ਫੈਸ਼ਨ ਕਦੇ ਵੀ ਪ੍ਰਮਾਣਿਕ ਨਹੀਂ ਹੋਵੇਗਾ। ਇਸ ਚੱਕਰ ਨੂੰ ਤੋੜਨ ਲਈ ਇਹ ਪਤਾ ਲਗਾਓ ਕਿ ਤੁਹਾਨੂੰ ਅਸਲ ਵਿੱਚ ਕੀ ਪਸੰਦ ਹੈ।”
ਇਸ ਨਾਲ ਬ੍ਰਾਂਡ ਪ੍ਰਭਾਵਿਤ ਹੋ ਰਹੇ ਹਨ
ਇਹ ਕਹਿਣਾ ਮੁਸ਼ਕਲ ਹੈ ਕਿ ਡੀ-ਇਨਫਲੂਸਿੰਗ ਮੁਹਿੰਮ ਅਜੇ ਬ੍ਰਾਂਡਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਜਾਂ ਨਹੀਂ।
ਹਾਲਾਂਕਿ ਕੁਝ ਕੰਪਨੀਆਂ ਗਾਹਕਾਂ ਦੀਆਂ ਬਦਲੀਆਂ ਆਦਤਾਂ ਦੇ ਮੱਦੇਨਜ਼ਰ ਸੰਘਰਸ਼ ਕਰ ਰਹੀਆਂ ਹਨ ਪਰ ਬਹੁਤ ਸਾਰੀਆਂ ਅਜੇ ਵੀ ਇਨਫਲੂਐਂਸਰਾਂ ਨਾਲ ਭਰੀਆਂ ਪਈਆਂ ਹਨ।
2023 ਵਿੱਚ, ਗਲੋਬਲ ਇਨਫਲੂਐਂਸਰਾਂ ਦਾ ਮਾਰਕੀਟਿੰਗ ਉਦਯੋਗ ਇਸ ਸਾਲ 21.1 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ, ਜੋ ਕਿ 2019 ਤੋਂ ਦੁੱਗਣੇ ਤੋਂ ਵੀ ਵੱਧ ਹੈ।
ਅਜਾ ਬਾਰਬਰ ਦੀ ਰਾਏ ਵਿੱਚ, ਕੰਟੈਂਟ ਬਣਾਉਣ ਨੂੰ ਅਜੇ ਵੀ ਇੱਕ ਚੰਗੇ ਕਰੀਅਰ ਵਜੋਂ ਦੇਖਿਆ ਜਾਂਦਾ ਹੈ, ਅਸੀਂ ਅਜੇ ਤੱਕ “ਇਨਫਲੂਐਂਸਰ ਸਿਖ਼ਰ” ‘ਤੇ ਨਹੀਂ ਪਹੁੰਚੇ ਹਾਂ। ਬਾਰਬਰ “ਕੰਜ਼ਿਊਮਡ: ਔਨ ਕਲੋਨੀਅਲਿਜ਼ਮ, ਕਲਾਈਮੇਟ ਚੇਂਜ, ਕੰਜ਼ਿਊਮਰਿਜ਼ਮ, ਐਂਡ ਦਿ ਨੀਡ ਫਾਰ ਕਲੈਕਟਿਵ ਚੇਂਜ” ਕਿਤਾਬ ਦੇ ਲੇਖਕ ਹਨ।
ਉਹ ਸੋਚਦੇ ਹਨ ਕਿ ਡੀ-ਇਨਫਲੂਐਂਸਰ ਲਹਿਰ ਮਦਦਗਾਰ ਹੈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਦੇ ਖਰਚ ਨੂੰ ਬਦਲਣ ਲਈ ਗੱਲਬਾਤ ਔਫਲਾਈਨ ਹੋਣੀ ਚਾਹੀਦੀ ਹੈ।
ਲੇਖਿਕਾ ਐਲੇ ਦੀ ਸਹਾਇਕ ਸੰਪਾਦਕ ਵੀ ਹੈ ਅਤੇ ਉਹ ਆਖਦੇ ਹਨ, “ਸਾਨੂੰ ਸਾਰਿਆਂ ਆਪਣੀ ਭੂਮਿਕਾ ਨਿਭਾਉਣੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਅਰਬਪਤੀ-ਕੰਪਨੀ ਦੇ ਮਾਲਕਾਂ ਤੋਂ ਲੈ ਕੇ ਇਨਫਲੂਐਂਸਰ ਅਤੇ ਉਪਭੋਗਤਾਵਾਂ ਵਜੋਂ ਸਾਨੂੰ ਸਾਰਿਆਂ ਨੂੰ ਆਪਣੀ ਭੂਮਿਕਾ ਨਿਭਾਉਣੀ ਹੈ। ਸੋਸ਼ਲ ਮੀਡੀਆ ʼਤੇ ਇੱਕ ਡਾਕ ਮੁਲਾਜ਼ਮ ਨੇ ਮੇਰੇ ਨਾਲ ਸੰਪਰਕ ਕੀਤਾ, ਜਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਮਹੀਨੇ ਵਿੱਚ 17 ਵਾਰ ਇੱਕੋਂ ਹੀ ਘਰ ਪੈਕੇਜ ਪਹੁੰਚਾਏ ਹਨ।”
ਕੁਝ ਅੰਦਾਜ਼ੇ ਦੱਸਦੇ ਹਨ ਕਿ ਹਰੇਕ ਸਾਲ ਦੁਨੀਆਂ ਵਿੱਚ 100 ਬਿਲੀਅਨ ਤੋਂ ਜ਼ਿਆਦਾ ਕੱਪੜਿਆਂ ਦਾ ਉਦਪਾਦਨ ਹੁੰਦਾ ਹੈ, ਜਿਨ੍ਹਾਂ ਵਿੱਚ ਅੱਧੇ ਤੋਂ ਜ਼ਿਆਦਾ 12 ਮਹੀਨੇ ਦੇ ਅੰਦਰ ਲੈਂਡਫਿਲ ਵਿੱਚ ਖ਼ਤਮ ਹੋ ਜਾਂਦੇ ਹਨ।
ਅਕਸਰ, ਅਣਚਾਹੇ ਕੱਪੜੇ ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ, ਜਿੱਥੇ 40 ਫੀਸਦ ਤੱਕ ਕੱਪੜੇ ਦੁਬਾਰਾ ਵੇਚਣ ਦੀ ਬਜਾਏ ਸੁੱਟ ਦਿੱਤੇ ਜਾਂਦੇ ਹਨ ਅਤੇ ਚੈਰਿਟੀ ਦਾ ਕਹਿਣਾ ਹੈ ਕਿ ਇਸ ਨਾਲ ਪਾਣੀ ਪ੍ਰਦੂਸ਼ਣ ਦੇ ਨਾਲ-ਨਾਲ ਸਿਹਤ ਜੋਖ਼ਮ ਵੀ ਵਧਦੇ ਹਨ।
ਅਸੀਂ ਹੁਣ 1930 ਦੇ ਦਹਾਕੇ ਤੋਂ ਲਗਭਗ ਇੱਕ ਸਦੀ ਅੱਗੇ ਹਾਂ, ਜਦੋਂ ਔਰਤਾਂ ਕੋਲ ਕੱਪੜਿਆਂ ਦੇ ਕਰੀਬ 60 ਜੋੜੇ ਹੁੰਦੇ ਸਨ ਅਤੇ ਉਹ ਹਰ ਸਾਲ ਪੰਜ ਨਵੀਆਂ ਚੀਜ਼ਾਂ ਖਰੀਦ ਦੀਆਂ ਸਨ।
ਚੀਜ਼ਾਂ ਕਿਵੇਂ ਬਦਲੀਆਂ ਹਨ, ਇਸ ਬਾਰੇ ਸੋਚਦੇ ਹੋਏ, ਬਾਰਬਰ ਕਹਿੰਦੇ ਹਨ, “ਟੀਚਾ ਵੱਧ ਤੋਂ ਵੱਧ ਉਤਪਾਦ ਵੇਚਣਾ ਹੈ। ਸਾਨੂੰ ਇਸ ਵਿਚਾਰ ਰਾਹੀਂ ਆਮ ਲੋਕਾਂ ਨੂੰ ਹੋ ਰਹੇ ਨੁਕਸਾਨ ਬਾਰੇ ਅਸਲੀਅਤ ਜਾਣਨ ਦੀ ਲੋੜ ਹੈ।”
ਜਿਨ੍ਹਾਂ ਨੂੰ ਲੱਗਦਾ ਹੈ ਕਿ ਤੁਸੀਂ ਸਿਰਫ਼ ਖਰੀਦੋ ਅਤੇ ਖਰੀਦਦੇ ਜਾਓ, ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ ਤਾਂ ਇਹ ਸੱਚ ਨਹੀਂ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI