Home rss national punjabi2ਰਾਸ਼ਟਰੀ ਖ਼ਬਰਾਂ ਕੀ ਹੈੱਡਫੋਨ ਤੁਹਾਡੀ ਸੁਣਨ ਸ਼ਕਤੀ ਨੂੰ ਕਮਜ਼ੋਰ ਕਰ ਰਹੇ, ਘਰਾੜੇ ਮਾਰਨ ਦੀ...

ਕੀ ਹੈੱਡਫੋਨ ਤੁਹਾਡੀ ਸੁਣਨ ਸ਼ਕਤੀ ਨੂੰ ਕਮਜ਼ੋਰ ਕਰ ਰਹੇ, ਘਰਾੜੇ ਮਾਰਨ ਦੀ ਆਦਤ ਨਾਲ ਕਿਵੇਂ ਵਧ ਰਹੇ ‘ਸਲੀਪ ਡਾਇਵੋਰਸ’, ਜਾਣੋ ਅਹਿਮ ਸਵਾਲਾਂ ਦੇ ਜਵਾਬ

7
0

Source :- BBC PUNJABI

ਸੰਕੇਤਕ ਤਸਵੀਰ

ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਕਸਰ ਲੋਕਾਂ ਨੂੰ ਨੱਕ, ਕੰਨ ਅਤੇ ਗਲੇ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕੰਨਾਂ ਵਿੱਚ ਦਰਦ, ਵਾਰ-ਵਾਰ ਛਿੱਕਾਂ ਆਉਣਾ, ਗਲੇ ਵਿੱਚ ਖਰਾਸ਼। ਪਰ ਕਿਹੜੇ ਅਜਿਹੇ ਲੱਛਣ ਹਨ ਜਿਨ੍ਹਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਅਤੇ ਕਦੋਂ ਡਾਕਟਰ ਕੋਲ ਜਾਣਾ ਜ਼ਰੂਰੀ ਹੈ।

ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ‘ਸਿਹਤ ਸੀਕ੍ਰੇਟਸ’ ਵਿੱਚ ਅਸੀਂ ਈਐੱਨਟੀ ਦੀ ਸਿਹਤ ਨਾਲ ਜੁੜੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ।

ਇਸ ਬਾਰੇ ਅਸੀਂ ਈਐੱਨਟੀ ਮਾਹਰ ਡਾ. (ਮੇਜਰ) ਰਾਜੇਸ਼ ਭਾਰਦਵਾਜ ਨਾਲ ਗੱਲਬਾਤ ਕੀਤੀ ਜੋ ਦਿੱਲੀ ਦੇ ਮੈੱਡਫਰਸਟ ਈਐੱਨਟੀ ਸੈਂਟਰ ਦੇ ਫਾਊਂਡਰ ਹਨ। ਡਾ. ਮੇਜਰ ਰਾਜੇਸ਼ ਭਾਰਦਵਾਜ ਭਾਰਤੀ ਫੌਜ ਵਿੱਚ 15 ਸਾਲ ਤੱਕ ਸੇਵਾਵਾਂ ਨਿਭਾ ਚੁੱਕੇ ਹਨ।

ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਈਐੱਨਟੀ ਮਾਹਰ ਡਾ. (ਮੇਜਰ) ਰਾਜੇਸ਼ ਭਾਰਦਵਾਜ ਨਾਲ ਗੱਲਬਾਤ ਕਰਦੇ ਹੋਏ

ਸਵਾਲ: ਨੱਕ, ਕੰਨ ਅਤੇ ਗਲੇ ਨਾਲ ਸਬੰਧਤ ਕਿਹੜੀਆਂ ਸਭ ਤੋਂ ਆਮ ਬਿਮਾਰੀਆਂ ਨਾਲ ਲੋਕ ਰੋਜ਼ਾਨਾ ਜ਼ਿੰਦਗੀ ਵਿੱਚ ਜੂਝਦੇ ਹਨ ?

ਜਵਾਬ: ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਨੂੰ ਨੱਕ ਵਿੱਚ ਐਲਰਜੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਮੌਸਮ ਤਬਦੀਲੀ ਕਾਰਨ, ਕਦੇ ਪ੍ਰਦੂਸ਼ਣ ਕਾਰਨ, ਜਿਸ ਕਾਰਨ ਛਿੱਕਾਂ ਆਉਂਦੀਆਂ, ਨੱਕ ਤੋਂ ਪਾਣੀ ਵੱਗਦਾ, ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਗਲੇ ਵਿੱਚ ਵੀ ਕਈ ਵਾਰ ਮਸਾਲੇਦਾਰ ਖਾਣਾ ਖਾਣ, ਹਵਾ ਪ੍ਰਦੂਸ਼ਣ ਜਾਂ ਐਸੀਡਿਟੀ ਰਿਫਲਕਸ ਕਰਕੇ ਸਮੱਸਿਆ ਹੁੰਦੀ ਹੈ। ਜ਼ਿਆਦਾ ਤੇਜ਼ ਬੋਲਣ ਨਾਲ ਵੀ ਕਈ ਵਾਰ ਗਲੇ ਵਿੱਚ ਸੋਜ਼ਿਸ਼ ਦੀ ਸਮੱਸਿਆ ਆ ਜਾਂਦੀ ਹੈ।

ਕੰਨਾਂ ਵਿੱਚ ਤਕਲੀਫ ਦੀ ਇੱਕ ਸਭ ਤੋਂ ਵੱਡੀ ਵਜ੍ਹਾ ਹੈ ਹੈੱਡਫੋਨ ਦਾ ਇਸਤੇਮਾਲ ਕਰਨਾ। ਤੇਜ਼ ਆਵਾਜ਼ ਕਾਰਨ ਕੰਨਾਂ ਦੀ ਸੁਣਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਸਵਾਲ: ਹੈੱਡਫੋਨ ਦਾ ਇਸਤੇਮਾਲ ਕਿੰਨਾ ਨੁਕਸਾਨਦਾਇਕ ਹੈ ਅਤੇ ਇਸ ਤੋਂ ਬਚਾਅ ਦੇ ਕੀ ਉਪਾਅ ਹਨ ?

ਜਵਾਬ: ਅੱਜ-ਕੱਲ੍ਹ ਨੌਜਵਾਨ ਬੱਚਿਆਂ ਵਿੱਚ ਤੇਜ਼ ਆਵਾਜ਼ ਵਿੱਚ ਹੈੱਡਫੋਨ ਇਸਤੇਮਾਲ ਕਰਨ ਦਾ ਰੁਝਾਨ ਕਾਫੀ ਵਧ ਗਿਆ ਹੈ। ਦਿਨ ਭਰ ਉੱਚੀ ਆਵਾਜ਼ ਵਿੱਚ ਮਿਊਜ਼ਿਕ ਸੁਣਦੇ ਹਨ, ਰੀਲਜ਼ ਦੇਖਦੇ ਹਨ, ਕਲਾਸਾਂ ਅਟੈਂਡ ਕਰਦੇ ਹਨ, ਜਿਸ ਕਾਰਨ ਕੰਨਾਂ ਦੀ ਸੁਣਨ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਦਿਨ ਭਰ ਕੰਨ ਵਿੱਚ ਹੈੱਡਫੋਨ ਲਗਾਉਣ ਨਾਲ ਇਨਫੈਕਸ਼ਨ ਵੀ ਹੋ ਸਕਦੀ ਹੈ।

ਇਸ ਤੋਂ ਬਚਾਅ ਦਾ ਪਹਿਲਾ ਤਰੀਕਾ ਹੈ ਪੈਡਿਡ ਹੈੱਡਫੋਨ ਦਾ ਇਸਤੇਮਾਲ ਕਰਨਾ। ਕੰਨਾਂ ਦੇ ਅੰਦਰ ਪਾਏ ਜਾਣ ਵਾਲੇ ਹੈੱਡਫੋਨ ਦੇ ਇਸਤੇਮਾਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤੇਜ਼ ਆਵਾਜ਼ ਤੋਂ ਗੁਰੇਜ਼ ਕਰੋ। ਹੈੱਡਫੋਨ ਦੀ ਆਵਾਜ਼ ਦਾ ਪੱਧਰ ਇੰਨਾ ਰੱਖੋ ਕਿ ਜੇਕਰ ਤੁਹਾਨੂੰ ਕੋਈ ਸੱਦੇ ਤਾਂ ਤੁਸੀਂ ਉਸ ਦੀ ਆਵਾਜ਼ ਸੁਣ ਸਕੋ।

ਅੱਜ-ਕੱਲ੍ਹ ਨੌਜਵਾਨ ਰਾਤ ਨੂੰ ਹੈੱਡਫੋਨ ਜਾਂ ਏਅਰਫੋਨ ਲਗਾ ਕੇ ਸੌਂ ਜਾਂਦੇ ਹਨ ਜੋ ਬਹੁਤ ਖਤਰਨਾਕ ਹੋ ਸਕਦਾ ਹੈ।

ਸੰਕੇਤਕ ਤਸਵੀਰ

ਸਵਾਲ: ਕੰਨਾਂ ਵਿੱਚ ਦਰਦ ਦੇ ਹੋਰ ਕੀ ਕਾਰਨ ਹੋ ਸਕਦੇ ਹਨ ?

ਜਵਾਬ: ਕੰਨਾਂ ਵਿੱਚ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਬੱਚਿਆਂ ਵਿੱਚ ਕੰਨਾਂ ਵਿੱਚ ਦਰਦ ਦੀ ਵਜ੍ਹਾ ਜੁਕਾਮ, ਐਡੇਨੋਇਡ ਟੌਂਸਿਲ ਹੋ ਸਕਦਾ ਹੈ। ਕਈ ਵਾਰ ਕੰਨਾਂ ਵਿੱਚ ਪਸ ਪੈ ਜਾਂਦੀ ਹੈ, ਇਸ ਨੂੰ ਸੀਕ੍ਰੇਟਰੀ ਓਟਾਈਟਿਸ ਮੀਡੀਆ ਜਾਂ ਏਐੱਸਓਐੱਮ (ਐਕਿਊਟ ਸਪਰੇਟਿਵ ਓਟਾਈਟਿਸ ਮੀਡੀਆ) ਕਹਿੰਦੇ ਹਨ, ਜਿਸ ਕਾਰਨ ਕੰਨਾਂ ਵਿੱਚ ਦਰਦ ਵੀ ਹੁੰਦਾ ਅਤੇ ਘੱਟ ਵੀ ਸੁਣਦਾ ਹੈ।

ਬਜ਼ੁਰਗ, ਜਿਹੜੇ ਸਵੀਮਿੰਗ ਕਰਦੇ ਹਨ, ਉਨ੍ਹਾਂ ਵਿੱਚ ਕੰਨ ਦੀ ਇਨਫੈਕਸ਼ਨ ਦੋ ਤਰ੍ਹਾਂ ਦੀ ਹੋ ਸਕਦੀ ਹੈ, ਇੱਕ ਹੈ ਓਟਾਈਟਿਸ ਐਕਸਟਰਨਲ ਜੋ ਕੰਨ ਦੇ ਬਾਹਰਲੇ ਹਿੱਸੇ ਵਿੱਚ ਹੁੰਦੀ ਹੈ। ਆਮ ਤੌਰ ਉੱਤੇ ਅਜਿਹਾ ਸਵੀਮਿੰਗ ਬਡ ਜਾਂ ਕੰਨ ਸਾਫ ਕਰਨ ਵਾਲੇ ਬਡ ਦੇ ਇਸਤੇਮਾਲ ਕਾਰਨ ਹੁੰਦਾ ਹੈ। ਦੂਜਾ ਕਾਰਨ ਹੋ ਸਕਦਾ ਹੈ ਕਿ ਜੇਕਰ ਕੰਨ ਦੇ ਪਰਦੇ ਵਿੱਚ ਸੁਰਾਖ਼ ਹੋ ਗਿਆ ਜਾਂ ਕੰਨ ਵਿੱਚ ਪਸ ਪੈ ਗਈ, ਉਸ ਕਾਰਨ ਵੀ ਦਰਦ ਹੋ ਸਕਦਾ ਹੈ।

ਸਵਾਲ: ਕੀ ਫੰਗਲ ਇਨਫੈਕਸ਼ਨ, ਆਮ ਕੰਨ ਦੀ ਇਨਫੈਕਸ਼ਨ ਨਾਲੋਂ ਵੱਖ ਹੁੰਦੀ ਹੈ ?

ਜਵਾਬ: ਆਮ ਤੌਰ ਉੱਤੇ ਫੰਗਲ ਇਨਫੈਕਸ਼ਨ ਦੀ ਵਜ੍ਹਾ ਤੇਲ ਅਤੇ ਪਾਣੀ ਹੈ।

ਸਵੀਮਿੰਗ ਫੰਗਲ ਇਨਫੈਕਸ਼ਨ ਦੀ ਇੱਕ ਵਜ੍ਹਾ ਹੋ ਸਕਦੀ ਹੈ। ਇਸ ਤੋਂ ਇਲਾਵਾ ਆਮ ਤੌਰ ਉੱਤੇ ਦੇਖਣ ਨੂੰ ਮਿਲਦਾ ਹੈ ਕਿ ਕੰਨਾਂ ਵਿੱਚ ਦਰਦ ਹੋਣ ਉੱਤੇ ਲੋਕ ਸਰ੍ਹੋਂ ਦਾ ਤੇਲ ਗਰਮ ਕਰਕੇ ਕੰਨ ਵਿੱਚ ਪਾਉਂਦੇ ਹਨ ਜੋ ਖਤਰਨਾਕ ਆਦਤ ਹੈ। ਖਾਸ ਤੌਰ ਉੱਤੇ ਜੇਕਰ ਹਿਊਮਿਡਿਟੀ ਦੇ ਮੌਸਮ ਵਿੱਚ ਤੁਸੀਂ ਕੰਨ ਵਿੱਚ ਸਰ੍ਹੋਂ ਦਾ ਤੇਲ ਪਾਉਂਦੇ ਹਾਂ ਤਾਂ ਫੰਗਲ ਇਨਫੈਕਸ਼ਨ ਜ਼ਰੂਰ ਹੋਵੇਗੀ।

ਸੰਕੇਤਕ ਤਸਵੀਰ

ਸਵਾਲ: ਕੰਨਾਂ ਨਾਲ ਜੁੜੀਆਂ ਸਮੱਸਿਆਵਾਂ ਲਈ ਕਿਹੜੇ ਇਲਾਜ ਸੁਝਾਏ ਜਾਂਦੇ ਹਨ ?

ਜਵਾਬ: ਕੰਨਾਂ ਨਾਲ ਜੁੜੀਆਂ ਵੱਖ-ਵੱਖ ਸਮੱਸਿਆਵਾਂ ਲਈ ਵੱਖ-ਵੱਖ ਇਲਾਜ ਕੀਤੇ ਜਾਂਦੇ ਹਨ। ਫੰਗਲ ਇਨਫੈਕਸ਼ਨ ਹੋਣ ਦੀ ਸਥਿਤੀ ਵਿੱਚ ਪਹਿਲਾਂ ਕੰਨਾਂ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੈ, ਜੋ ਈਐਨਟੀ ਮਾਹਰ ਕਰੇਗਾ।

ਇਸ ਤੋਂ ਇਲਾਵਾ ਇਨਫੈਕਸ਼ਨ ਦੇ ਹਿਸਾਬ ਨਾਲ ਐਂਟੀ-ਫੰਗਲ ਜਾਂ ਐਂਟੀ-ਬਾਇਓਟਿਕ ਡ੍ਰਾਪ ਦਾ ਇਸਤੇਮਾਲ ਕਰਦੇ ਹਾਂ। ਜੇ ਕੰਨ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਜਾਂ ਪਸ ਦੀ ਸਮੱਸਿਆ ਹੈ ਤਾਂ ਐਂਟੀ-ਬਾਇਓਟਿਕ ਕੋਰਸ ਵੀ ਸੁਝਾਇਆ ਜਾਂਦਾ ਹੈ। ਕਦੇ-ਕਦੇ ਕੰਨਾਂ ਵਿੱਚ ਮੈਡੀਸਨ ਵਾਲੀਆਂ ਪੱਟੀਆਂ ਵੀ ਪਾਉਣੀਆਂ ਪੈਂਦੀਆਂ ਹਨ।

ਡਾਇਬਟੀਜ਼ ਨਾਲ ਪੀੜਤ ਬਜ਼ੁਰਗਾਂ ਨੂੰ ਜੇਕਰ ਕੰਨਾਂ ਵਿੱਚ ਕੋਈ ਤਕਲੀਫ ਹੈ ਤਾਂ ਖਤਰਨਾਕ ਹੋ ਸਕਦੀ ਹੈ। ਪਹਿਲਾਂ ਇਸ ਕੰਡੀਸ਼ਨ ਨੂੰ ਮੈਲੀਗਨੈਂਟ ਓਟਾਇਟਿਸ ਐਕਸਟਰਨਾ ਕਹਿੰਦੇ ਹਨ, ਇਸ ਵਿੱਚ ਕੰਨਾਂ ਦੀ ਬਿਮਾਰੀ ਫੈਲ ਕੇ ਦਿਮਾਗ ਤੱਕ ਵੀ ਜਾ ਸਕਦੀ ਹੈ। ਜਿਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਅਜਿਹੇ ਬਜ਼ੁਰਗਾਂ ਨੂੰ ਕੰਨਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਸਵਾਲ: ਕੰਨਾਂ ਵਿੱਚ ਦਰਦ ਹੋਣ ਉੱਤੇ ਕਦੋਂ ਡਾਕਟਰ ਕੋਲ ਜਾਣਾ ਜ਼ਰੂਰੀ ਹੈ ?

ਜਵਾਬ: ਮਰੀਜ਼ ਨੂੰ ਪਤਾ ਲੱਗ ਜਾਂਦਾ ਹੈ ਕਿ ਕੰਨ ਵਿੱਚ ਦਰਦ ਦੀ ਕੀ ਵਜ੍ਹਾ ਹੋ ਸਕਦੀ ਹੈ। ਕਈ ਵਾਰ ਬਡ ਦੇ ਇਸਤੇਮਾਲ ਕਰਕੇ ਕੰਨ ਵਿੱਚ ਦਰਦ ਹੋਣ ਲੱਗ ਜਾਂਦੀ ਹੈ। ਅਜਿਹੇ ਵਿੱਚ ਦਰਦ ਠੀਕ ਕਰਨ ਲਈ ਪੇਨਕਿਲਰ ਜਾਂ ਪੈਰਾਸਿਟਾਮੋਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ ਇੱਕ-ਦੋ ਦਿਨ ਵਿੱਚ ਦਰਦ ਠੀਕ ਨਹੀਂ ਹੋ ਰਿਹਾ, ਦਰਦ ਦੇ ਨਾਲ ਪਸ ਦੀ ਸਮੱਸਿਆ ਹੈ ਜਾਂ ਸੁਣਨ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ ਤਾਂ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ।

ਸਵਾਲ: ਕੰਨਾਂ ਦੀ ਸਿਹਤ ਨੂੰ ਲੈਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?

ਜਵਾਬ: ਕੰਨਾਂ ਵਿੱਚ ਤੇਲ ਨਹੀਂ ਪਾਉਣਾ ਚਾਹੀਦਾ ਜਾਂ ਪਾਣੀ ਦੇ ਛਿੱਟੇ ਨਹੀਂ ਮਾਰਨੇ ਚਾਹੀਦੇ। ਕੰਨਾਂ ਨੂੰ ਅੰਦਰ ਤੋਂ ਸਾਫ਼ ਕਰਨ ਦੀ ਲੋੜ ਨਹੀਂ ਹੁੰਦੀ। ਕੰਨ ਆਪਣੇ ਆਪ ਹੀ ਸਾਫ਼ ਰਹਿੰਦੇ ਹਨ।

ਈਅਰ ਬਡ, ਪੈੱਨ-ਪੈਂਸਿਲ, ਹੇਅਰ ਪਿਨ ਜਾਂ ਉਂਗਲ ਪਾ ਕੇ ਕੰਨ ਸਾਫ ਕਰਨ ਦੀ ਆਦਤ ਬਹੁਤ ਖਤਰਨਾਕ ਹੈ। ਕੰਨਾਂ ਦੀ ਮੈਲ ਅਸਲ ਵਿੱਚ ਮੈਲ ਨਹੀਂ ਹੈ, ਇਸ ਰਿਸਾਅ ਦਾ ਕੰਮ ਫੰਗਸ ਅਤੇ ਬੈਕਟੀਰੀਆ ਨੂੰ ਬਾਹਰ ਕੱਢਣਾ ਹੁੰਦਾ ਹੈ।

ਕਈ ਮਰੀਜ਼ ਆਉਂਦੇ ਹਨ ਜੋ ਕੰਨ ਸਾਫ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਕੰਨਾਂ ਦੇ ਪਰਦਿਆਂ ਨੂੰ ਨੁਕਸਾਨ ਪਹੁੰਚਾ ਲੈਂਦੇ ਹਨ।

ਈਐੱਨਟੀ ਮਾਹਰ  ਡਾ. (ਮੇਜਰ) ਰਾਜੇਸ਼ ਭਾਰਦਵਾਜ ਦੀ ਟਿੱਪਣੀ

ਸਵਾਲ: ਕੰਨਾਂ ਵਿੱਚ ਝੱਪੇ ਲੱਗਣ ਦੇ ਕਾਰਨ ਅਤੇ ਬਚਾਅ ਕੀ ਹੈ ?

ਜਵਾਬ: ਪਲੇਨ ਵਿੱਚ ਉਡਾਣ ਭਰਦੇ ਸਮੇਂ ਕਈ ਵਾਰ ਕੰਨ ਬੰਦ ਹੋ ਜਾਂਦਾ ਹੈ। ਇਸ ਦੀ ਵਜ੍ਹਾ ਹੈ ਕਿ ਜਦੋਂ ਪਲੇਨ 35,000 ਫੁੱਟ ਦੀ ਉਚਾਈ ਉੱਤੇ ਪਹੁੰਚਦਾ ਹੈ ਤਾਂ ਕੇਬਿਨ ਦਾ ਪ੍ਰੈਸ਼ਰ 8000 ਫੁੱਟ ਉੱਤੇ ਮੈਂਟੇਨ ਕੀਤਾ ਜਾਂਦਾ ਹੈ ਅਤੇ ਜਦੋਂ ਪਲੇਨ ਲੈਂਡ ਕਰਦਾ ਹੈ ਤਾਂ ਪ੍ਰੈਸ਼ਰ 8000 ਫੁੱਟ ਤੋਂ ਰਿਲੀਜ਼ ਹੋ ਕੇ ਗ੍ਰਾਊਂਡ ਲੈਵਲ ਤੱਕ ਆਉਂਦਾ ਜਿੱਥੇ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਅਤੇ ਕੰਨ ਬਲਾਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇਕਰ ਤੁਹਾਨੂੰ ਜ਼ੁਕਾਮ, ਐਲਰਜੀ ਜਾਂ ਟੌਂਸਿਲ ਦੀ ਸਮੱਸਿਆ ਹੈ ਤਾਂ ਕੰਨ ਬਲਾਕ ਹੋਣ ਦੇ ਨਾਲ ਬੇਹੱਦ ਤੇਜ਼ ਦਰਦ ਹੁੰਦਾ ਹੈ ਜਿਸ ਨੂੰ ਕਈ ਵਾਰ ਸਹਿਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਕਸਰ ਤੁਸੀਂ ਲੈਂਡਿੰਗ ਸਮੇਂ ਜਹਾਜ਼ ਵਿੱਚ ਸਵਾਰ ਛੋਟੇ ਬੱਚਿਆਂ ਨੂੰ ਇਸ ਦੀ ਵਜ੍ਹਾ ਕਰਕੇ ਰੌਂਦੇ ਹੋਏ ਸੁਣਿਆ ਹੋਵੇਗਾ, ਕਿਉਂਕਿ ਉਹ ਕੰਨ ਵਿੱਚ ਦਰਦ ਨਾਲ ਤੜਫਦੇ ਹਨ।

ਜੇਕਰ ਤੁਹਾਨੂੰ ਜ਼ੁਕਾਮ ਹੈ ਤਾਂ ਕੋਸ਼ਿਸ਼ ਕਰੋ ਠੀਕ ਹੋਣ ਤੋਂ ਬਾਅਦ ਹੀ ਪਲੇਨ ਦਾ ਸਫ਼ਰ ਕਰੋ। ਲੈਂਡ ਕਰਨ ਤੋਂ ਅੱਧੇ ਘੰਟੇ ਪਹਿਲਾਂ ਤੁਸੀਂ ਕੋਸਾ ਪਾਣੀ ਪੀਓ ਜਾਂ ਚਿਊਇੰਗ ਗਮ ਚੱਬਣੀ ਸ਼ੁਰੂ ਕਰੋ। ਜੇਕਰ ਜ਼ੁਕਾਮ ਹੈ ਤਾਂ ਲੈਂਡ ਕਰਨ ਤੋਂ 20-25 ਮਿੰਟ ਪਹਿਲਾਂ ਨੇਜ਼ਲ ਡਰਾਪ ਪਾਓ ਜਿਸ ਨਾਲ ਯੂਸਟੇਸ਼ੀਅਨ ਟਿਊਬ ਖੁੱਲ੍ਹੇਗੀ। ਇਸ ਤੋਂ ਇਲਾਵਾ ਵੈਲਸੈਲਵਾ ਮੈਨੂਵਰ ਬ੍ਰੀਦਿੰਗ ਤਕਨੀਕ ਅਪਣਾਓ ਜਿਸ ਵਿੱਚ ਨੱਕ ਬੰਦ ਕਰਕੇ ਕੰਨਾਂ ਵਿੱਚ ਹਵਾ ਭਰੋ ਜਿਸ ਨਾਲ ਕੰਨ ਪੌਪ ਕਰਦੇ ਹਨ।

ਜੇਕਰ ਇੱਕ-ਦੋ ਵਾਰ ਇਹ ਸਮੱਸਿਆ ਰਹਿੰਦੀ ਹੈ ਤਾਂ ਇਹ ਤਰੀਕੇ ਅਪਣਾਏ ਜਾ ਸਕਦੇ। ਪਰ ਜੇਕਰ ਹਰ ਵਾਰ ਉਡਾਣ ਭਰਦੇ ਸਮੇਂ ਤੁਹਾਨੂੰ ਇਹ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਨੂੰ ਦਿਖਾਓ। ਇਸ ਦਾ ਇਲਾਜ ਸੰਭਵ ਹੈ, ਜਿਸ ਵਿੱਚ ਯੂਸਟੇਸ਼ੀਅਨ ਟਿਊਬ ਨੂੰ ਖੋਲ੍ਹ ਦਿੱਤਾ ਜਾਂਦਾ ਹੈ। ਉਡਾਣ ਦਾ ਪ੍ਰੈਸ਼ਰ ਕਈ ਵਾਰ ਇੰਨਾ ਵੱਧ ਹੁੰਦਾ ਹੈ ਕਿ ਕੰਨ ਦੇ ਪਰਦਿਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਇੱਕ ਵਾਰ ਈਐੱਨਟੀ ਮਾਹਰ ਦੀ ਸਲਾਹ ਜ਼ਰੂਰ ਲਓ।

ਸੰਕੇਤਕ ਤਸਵੀਰ

ਸਵਾਲ: ਨੀਂਦ ਵਿੱਚ ਘੁਰਾੜੇ ਮਾਰਨਾ ਕੀ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੈ ?

ਜਵਾਬ: ਘੁਰਾੜੇ ਮਾਰਨ ਦੀ ਆਦਤ ਆਮ ਹੈ ਪਰ ਜੇਕਰ ਘੁਰਾੜੇ ਮਾਰਦੇ ਸਮੇਂ ਸਾਹ ਰੁਕ ਜਾਂਦਾ ਹੈ ਤਾਂ ਇਹ ਖਤਰਨਾਕ ਸਮੱਸਿਆ ਹੈ, ਕਿਉਂਕਿ ਇਸ ਨਾਲ ਆਕਸੀਜਨ ਦਾ ਪੱਧਰ ਘੱਟਦਾ ਹੈ ਅਤੇ ਦਿਲ ਅਤੇ ਫੇਫੜਿਆਂ ਉੱਤੇ ਪ੍ਰੈਸ਼ਰ ਵਧਦਾ ਹੈ, ਜਿਸ ਨਾਲ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਸਰੀਰ ਦੀ ਇਮਿਊਨਿਟੀ ਵਿੱਚ ਨੀਂਦ ਦਾ ਅਹਿਮ ਯੋਗਦਾਨ ਹੁੰਦਾ ਹੈ। ਜੇਕਰ ਤੁਸੀਂ ਰਾਤ ਨੂੰ ਪੂਰੀ ਨੀਂਦ ਨਹੀਂ ਲੈਂਦੇ ਤਾਂ ਤੁਹਾਡੀ ਇਮਿਊਨਿਟੀ ਘੱਟ ਹੋ ਜਾਂਦੀ ਹੈ ਅਤੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ।

ਤੁਸੀਂ ਰਾਤ ਨੂੰ ਕਿੰਨੀ ਨੀਂਦ ਲੈ ਰਹੇ ਹੋ ਇਸ ਲਈ ਸਲੀਪ ਸਟੱਡੀ ਕਰਨੀ ਚਾਹੀਦੀ ਹੈ। ਅੱਜ-ਕੱਲ੍ਹ ਕਈ ਅਜਿਹੀਆਂ ਸਮਾਰਟਵਾਚ ਆ ਗਈਆਂ ਹਨ ਜੋ ਤੁਹਾਨੂੰ ਦੱਸਦੇ ਹਨ ਕਿ ਤੁਹਾਡੀ ਸਲੀਪ ਕੁਆਲਿਟੀ ਕਿਹੋ ਜਿਹੀ ਸੀ, ਆਕਸਜੀਨ ਪੱਧਰ ਕੀ ਸੀ, ਪਲਸ ਕਿੰਨੀ ਸੀ। ਲੋੜ ਪੈਣ ਉੱਤੇ ਡਾਕਟਰ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ।

ਸਵਾਲ: ਘੁਰਾੜੇ ਘੱਟ ਕਰਨ ਲਈ ਕੀ ਕੀਤਾ ਜਾ ਸਕਦਾ ਹੈ ?

ਜਵਾਬ: ਘੁਰਾੜੇ ਘੱਟ ਕਰਨ ਲਈ ਕਾਊਂਸਲਿੰਗ ਕੀਤੀ ਜਾਂਦੀ ਹੈ। ਡਾਕਟਰ ਤੁਹਾਨੂੰ ਮੁੱਖ ਤੌਰ ਉੱਤੇ ਜੀਵਨਸ਼ੈਲੀ ਨਾਲ ਜੁੜੀਆਂ ਤਿੰਨ ਚੀਜ਼ਾਂ ਵਿੱਚ ਸੁਧਾਰ ਲਿਆਉਣ ਲਈ ਕਹਿੰਦਾ ਹੈ। ਸਿਗਰਟ ਪੀਣਾ ਬਿਲਕੁੱਲ ਬੰਦ ਕਰੋ। ਜੇਕਰ ਸ਼ਰਾਬ ਪੀਂਦੇ ਹੋ ਤਾਂ ਘੱਟ ਕਰੋ ਜਾਂ ਹੋ ਸਕਦਾ ਹੈ ਤਾਂ ਬਿਲਕੁੱਲ ਬੰਦ ਕਰੋ ਅਤੇ ਤੀਜਾ ਇਹ ਕਿ ਵਜ਼ਨ ਘਟਾਓ। ਇਨ੍ਹਾਂ ਤਿੰਨ ਤਰੀਕਿਆਂ ਨਾਲ ਘੁਰਾੜੇ ਮਾਰਨ ਦੀ ਸਮੱਸਿਆ ਵਿੱਚ ਸੁਧਾਰ ਲਿਆਇਆ ਜਾ ਸਕਦਾ ਹੈ।

ਸਵਾਲ: ਸਲੀਪ ਡਾਇਵੋਰਸ ਕੀ ਹੈ ?

ਜਵਾਬ: ਦਰਅਸਲ ਜੋੜਿਆਂ ਨੇ ਇੱਕ ਪ੍ਰੈਕਟੀਕਲ ਤਰੀਕਾ ਕੱਢਿਆ ਹੈ। ਜੇਕਰ ਇੱਕ ਪਾਰਟਨਰ ਘੁਰਾੜੇ ਮਾਰਦਾ ਹੈ ਤਾਂ ਦੂਜੇ ਪਾਰਟਨਰ ਦੀ ਨੀਂਦ ਪ੍ਰਭਾਵਿਤ ਹੁੰਦੀ ਹੈ। ਅਜਿਹੇ ਵਿੱਚ ਜੋੜਿਆਂ ਨੇ ਇੱਕ ਤਰੀਕਾ ਕੱਢਿਆ ਹੈ ਕਿ ਉਹ ਵੱਖੋ-ਵੱਖਰੇ ਬੈੱਡਰੂਮ ਵਿੱਚ ਸੌਂਦੇ ਹਨ। ਜਿਸ ਨਾਲ ਨੀਂਦ ਪ੍ਰਭਾਵਿਤ ਨਹੀਂ ਹੁੰਦੀ। ਇਹ ਜੋੜਿਆਂ ਵਿਚਾਲੇ ਕੋਈ ਅਣਬਣ ਨਹੀਂ ਸਗੋਂ ਚੰਗੀ ਨੀਂਦ ਲੈਣ ਦਾ ਇੱਕ ਪ੍ਰੈਕਟੀਕਲ ਤਰੀਕਾ ਹੈ।

ਸੰਕੇਤਕ ਤਸਵੀਰ

ਸਵਾਲ: ਗਲੇ ਵਿੱਚ ਟੌਂਸਿਲ ਦੀ ਸਮੱਸਿਆ ਕਿਉਂ ਹੁੰਦੀ ਹੈ ?

ਜਵਾਬ: ਟੌਂਸਿਲ ਦੋ ਤਰ੍ਹਾਂ ਦੇ ਹੁੰਦੇ ਹਨ। ਟੌਂਸਿਲ ਸਰੀਰ ਦਾ ਫਰਸਟ ਡਿਫੈਂਸ ਮਕੈਨਿਜ਼ਮ ਹੁੰਦੇ ਹਨ। ਟੌਂਸਿਲ ਦੀ ਤਕਲੀਫ ਬੱਚਿਆਂ ਨੂੰ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਇਮਊਨ ਸਿਸਟਮ ਵਿਕਸਿਤ ਹੋ ਰਿਹਾ ਹੁੰਦਾ ਹੈ। ਬੱਚਿਆਂ ਨੂੰ ਟੌਂਸਿਲ ਦੀ ਇਨਫੈਕਸ਼ਨ ਹੋ ਸਕਦੀ ਹੈ ਜਾਂ ਟੌਂਸਿਲ ਦਾ ਸਾਈਜ਼ ਕਈ ਵਾਰ ਵੱਡਾ ਹੋ ਜਾਂਦਾ ਹੈ, ਜਿਸ ਕਾਰਨ ਬੱਚਿਆਂ ਨੂੰ ਸਲੀਪ ਐਪਨਿਆ ਜਾਂ ਸਨੋਰਿੰਗ ਜਾਂ ਮਾਊਥ ਬ੍ਰੀਦਿੰਗ ਦੀ ਸਮੱਸਿਆ ਹੁੰਦੀ ਹੈ। ਅਜਿਹੇ ਵਿੱਚ ਡਾਕਟਰ ਨੂੰ ਜ਼ਰੂਰ ਦਿਖਾ ਲੈਣਾ ਚਾਹੀਦਾ ਹੈ।

ਵੱਡਿਆਂ ਜਾਂ ਬਜ਼ੁਰਗਾਂ ਵਿੱਚ ਟੌਂਸਿਲ ਦੀ ਸਮੱਸਿਆ ਦੀ ਵਜ੍ਹਾ ਜੀਵਨਸ਼ੈਲੀ ਹੋ ਸਕਦੀ ਹੈ। ਜ਼ਿਆਦਾ ਬਰਫ਼ ਦੇ ਸੇਵਨ ਨਾਲ ਜਾਂ ਐਸਿਡਿਕ ਭੋਜਨ ਖਾਣ ਨਾਲ ਟੌਂਸਿਲ ਖਰਾਬ ਜਾਂ ਇਨਫੈਕਸ਼ਨ ਦੀ ਸਮੱਸਿਆ ਹੋ ਸਕਦੀ ਹੈ।

ਜੇਕਰ ਇੱਕ ਟੌਂਸਿਲ ਵਿੱਚ ਦਰਦ ਜ਼ਿਆਦਾ ਹੋ ਰਿਹਾ ਹੈ ਅਤੇ ਬੁਖਾਰ ਹੈ ਅਤੇ ਖਾਣ-ਪੀਣ ਵਿੱਚ ਦਿੱਕਤ ਹੋ ਰਹੀ ਹੈ ਤਾਂ ਇਹ ਪੈਰੀਟੌਨਸਿਲਰ ਐਬਸਿਸ (ਟੌਂਸਿਲ ਨੇੜੇ ਪਸ ਭਰ ਜਾਣਾ) ਵਰਗੀ ਖਤਰਨਾਕ ਬਿਮਾਰੀ ਹੋ ਸਕਦੀ ਹੈ ਤਾਂ ਜ਼ਰੂਰ ਡਾਕਟਰ ਨੂੰ ਦਿਖਾਓ। ਤੁਹਾਨੂੰ ਐਂਟੀ-ਬਾਇਓਟਿਕ ਦਾ ਕੋਰਸ ਲੈਣਾ ਪੈ ਸਕਦਾ ਹੈ। ਜੇਕਰ ਪਸ ਜ਼ਿਆਦਾ ਹੈ ਕਿ ਡਾਕਟਰ ਨੂੰ ਚੀਰਾ ਲਗਾਕੇ ਪਸ ਕੱਢਣੀ ਪਵੇ।

ਸਵਾਲ: ਗਲੇ ਦੀ ਸਿਹਤ ਠੀਕ ਰੱਖਣ ਲਈ ਕੀ ਧਿਆਨ ਰੱਖਣਾ ਚਾਹੀਦਾ ਹੈ ?

ਜਵਾਬ: ਗਲਾ ਠੀਕ ਰੱਖਣ ਲਈ ਸਭ ਤੋਂ ਪਹਿਲਾਂ ਸਹੀ ਖਾਣਾ ਖਾਣ ਦੀ ਜ਼ਰੂਰਤ ਹੈ। ਦਿਨ ਦਾ ਆਖਰੀ ਭੋਜਨ ਜਲਦੀ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਰਾਤ ਨੂੰ 10 ਵਜੇ ਸੌਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਸੱਤ ਵਜੇ ਤੱਕ ਖਾਣਾ ਖਾ ਲਓ ਅਤੇ ਗਲੇ ਨੂੰ ਸਾਫ਼ ਰੱਖੋ।

ਜੇਕਰ ਗਲਾ ਖ਼ਰਾਬ ਹੁੰਦਾ ਹੈ ਤਾਂ ਅੱਧਾ ਗਲਾਸ ਕੋਸਾ ਪਾਣੀ ਲੈਕੇ ਉਸ ਵਿੱਚ ਅੱਧਾ ਚਮਚ ਲੂਣ ਪਾ ਕੇ ਸਵੇਰੇ-ਸ਼ਾਮ ਗਰਾਰੇ ਕਰੋ। ਹਫ਼ਤਾ ਜਾਂ ਦੱਸ ਦਿਨ ਇਹ ਰੂਟੀਨ ਅਪਣਾਉਣ ਨਾਲ ਗਲਾ ਤੁਹਾਡਾ ਠੀਕ ਰਹੇਗਾ।

ਜ਼ਿਆਦਾ ਉੱਚੀ ਆਵਾਜ਼ ਵਿੱਚ ਗੱਲ ਨਾ ਕਰੋ। ਫੋਨ ਉੱਤੇ ਲਗਾਤਾਰ ਗੱਲ ਕਰਨ ਨਾਲ ਵੀ ਵੋਕਲ ਕੋਰਡ ਉੱਤੇ ਅਸਰ ਪੈਂਦਾ ਹੈ। ਐਸਿਡਿਟੀ ਜਾਂ ਰਿਫਲਕਸ ਦਾ ਧਿਆਨ ਰੱਖਣਾ ਚਾਹੀਦਾ ਹੈ। ਹਾਈਡ੍ਰੇਸ਼ਨ ਦਾ ਧਿਆਨ ਰੱਖਣਾ ਚਾਹੀਦਾ ਹੈ। ਚਾਹ ਜਾਂ ਕੌਫੀ ਪੀਣ ਨਾਲ ਡੀਹਾਈਡ੍ਰੇਸ਼ਨ ਹੁੰਦੀ ਹੈ।

ਸਵਾਲ: ਮੂੰਹ ਵਿੱਚ ਛਾਲੇ ਹੋਣ ਜਾਂ ਅਲਸਰ ਦੀ ਕੀ ਵਜ੍ਹਾ ਹੁੰਦੀ ਹੈ ?

ਜਵਾਬ: ਆਮ ਤੌਰ ਉੱਤੇ ਹੋਣ ਵਾਲੇ ਅਲਸਰ ਨੂੰ ਐਫਥਸ ਅਲਸਰ ਕਿਹਾ ਜਾਂਦਾ ਹੈ ਜਿਸ ਨੂੰ ਆਮ ਭਾਸ਼ਾ ਵਿੱਚ ਮੂੰਹ ਦੇ ਛਾਲੇ ਜਾਂ ਓਰਲ ਅਲਸਰ ਕਹਿ ਦਿੱਤਾ ਜਾਂਦਾ ਹੈ। ਸਭ ਤੋਂ ਖਤਰਨਾਕ ਮੈਲਿਗਨੈਂਟ ਅਲਸਰ ਹੁੰਦਾ ਹੈ ਜੋ ਮੂੰਹ ਦੇ ਕੈਂਸਰ ਦੀ ਵਜ੍ਹਾ ਹੋ ਸਕਦਾ ਹੈ।

ਐਫਥਸ ਅਲਸਰ ਦੀ ਪਛਾਣ ਦੇਖ ਕੇ ਹੀ ਹੋ ਸਕਦੀ ਹੈ, ਇਹ ਚਾਰ-ਪੰਜ ਦਿਨਾਂ ਅੰਦਰ ਠੀਕ ਹੋ ਜਾਂਦਾ ਹੈ।

ਮੈਲਿਗਨੈਂਟ ਅਲਸਰ ਵਿੱਚ ਮਰੀਜ਼ ਦੀ ਹਿਸਟ੍ਰੀ ਦੇਖਣੀ ਪੈਂਦੀ ਹੈ ਕਿ ਉਹ ਤੰਬਾਕੂ-ਗੁਟਕਾ ਦਾ ਸੇਵਨ ਤਾਂ ਨਹੀਂ ਕਰਦਾ।

ਕਈ ਵਾਰ ਦੰਦ ਖਰਾਬ ਹੋਣ ਕਾਰਨ ਕ੍ਰੋਨਿਕ ਨੌਨ-ਹੀਲਿੰਗ ਅਲਸਰ ਹੋ ਜਾਂਦਾ ਹੈ। ਅਜਿਹੇ ਲੋਕਾਂ ਨੂੰ ਜੋ ਅਲਸਰ ਹੁੰਦਾ ਹੈ ਉਸ ਵਿੱਚ ਖੂਨ ਨਿਕਲਦਾ ਅਤੇ ਗਲੇ ਵਿੱਚ ਸੋਜਿਸ਼ ਆ ਜਾਂਦੀ ਹੈ ਅਤੇ ਲਿੰਫ ਨੋਡ ਵੀ ਵੱਧ ਰਿਹਾ ਹੈ, ਇਹ ਖਤਰਨਾਕ ਸੰਕੇਤ ਹਨ। ਜੇਕਰ ਓਰਲ ਅਲਸਰ ਸਮੇਂ ਸਿਰ ਠੀਕ ਨਹੀਂ ਹੋ ਰਿਹਾ ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।

ਸੰਕੇਤਕ ਤਸਵੀਰ

ਸਵਾਲ: ਗਲੇ ਦੇ ਕੈਂਸਰ ਦਾ ਕੀ ਕਾਰਨ ਹੈ ਅਤੇ ਇਸ ਦਾ ਇਲਾਜ ਕਿੱਥੋਂ ਤੱਕ ਸੰਭਵ ਹੈ ?

ਜਵਾਬ: ਦੁਨੀਆ ਦੇ ਮੁਕਾਬਲੇ ਗਲੇ ਦਾ ਕੈਂਸਰ ਭਾਰਤ ਵਿੱਚ ਇੱਕ ਆਮ ਸਮੱਸਿਆ ਹੈ। ਤੰਬਾਕੂ-ਗੁਟਕਾ, ਪਾਨ ਗਲੇ ਦੇ ਕੈਂਸਰ ਦਾ ਕਾਰਨ ਹਨ।

ਗਲੇ ਦੇ ਕੈਂਸਰ ਦਾ ਸਭ ਤੋਂ ਪਹਿਲਾ ਲੱਛਣ ਛਾਲੇ ਹਨ ਜੋ ਕਈ ਮਹੀਨਿਆਂ ਤੱਕ ਠੀਕ ਨਹੀਂ ਹੁੰਦੇ। ਕਦੇ ਗਰਦਨ ਵਿੱਚ ਸੋਜ਼ਿਸ਼ ਹੁੰਦੀ ਹੈ, ਆਵਾਜ਼ ਵਿਗੜ ਜਾਂਦੀ ਹੈ, ਡਿਸਫੇਜੀਆ ਯਾਨੀ ਖਾਣਾ ਨਿਗਲਣ ਵਿੱਚ ਤਕਲੀਫ ਹੁੰਦੀ ਹੈ, ਟੌਂਸਿਲ ਦਾ ਸਾਈਜ਼ ਵਧ ਜਾਂਦਾ ਹੈ, ਇਹ ਲੱਛਣ ਦੇਖ ਕੇ ਅਸੀਂ ਡਾਇਗਨੋਜ਼ ਕਰਦੇ ਹਾਂ ਕਿ ਮਰੀਜ਼ ਨੂੰ ਓਰੋਫੈਰਿੰਜਲ ਕੈਂਸਰ ਹੈ ਜਾਂ ਟੌਂਸਿਲ ਕੈਂਸਰ ਹੈ। ਇਸ ਦੇ ਵੱਖ-ਵੱਖ ਸਟੇਜ ਹੁੰਦੇ ਹਨ। ਆਮ ਤੌਰ ਉੱਤੇ ਪਹਿਲੀ ਅਤੇ ਦੂਜੀ ਸਟੇਜ ਦੇ ਕੈਂਸਰ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ।

ਓਰਲ ਕੈਂਸਰ ਦੀ ਰਾਹਤ ਵਾਲੀ ਗੱਲ ਇਹ ਹੈ ਕਿ ਇਹ ਲੋਕੋ-ਰੀਜ਼ਨਲ ਡਿਜ਼ੀਜ਼ ਹੈ ਯਾਨੀ ਉਸੇ ਥਾਂ ਉੱਤੇ ਰਹਿੰਦੀ ਹੈ ਅਤੇ ਘੱਟ ਫੈਲਦੀ ਹੈ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਜੇਕਰ ਤੁਸੀਂ ਜਲਦੀ ਚੈੱਕਅਪ ਲਈ ਆਓਗੇ ਤਾਂ ਛੇਤੀ ਇਲਾਜ ਸ਼ੁਰੂ ਹੋਵੇਗਾ ਅਤੇ ਤੁਸੀਂ ਜਲਦ ਠੀਕ ਹੋ ਜਾਵੋਗੇ। ਸਟੇਜ 3 ਕੈਂਸਰ ਵਿੱਚ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕੈਂਸਰ ਕਿਸ ਥਾਂ ਉੱਤੇ ਹੈ, ਕਿੰਨਾ ਫੈਲਿਆ ਹੈ।

ਸਟੇਜ 4 ਨੂੰ ਅਸੀਂ ਪੈਲੀਏਟਿਵ ਕਹਿੰਦੇ ਹਾਂ। ਇਸ ਵਿੱਚ ਅਸੀਂ ਲੱਛਣ ਦਾ ਇਲਾਜ ਕਰ ਸਕਦੇ ਹਾਂ ਪਰ ਕੈਂਸਰ ਠੀਕ ਕਰਨ ਦਾ ਦਾਅਵਾ ਨਹੀਂ ਕਰ ਸਕਦੇ।

ਸਵਾਲ: ਈਐੱਨਟੀ ਦੀ ਚੰਗੀ ਸਿਹਤ ਲਈ ਕਿਹੜੇ ਟਿਪਸ ਦਿਓਗੇ ?

ਜਵਾਬ: ਈਐੱਨਟੀ ਦੀ ਚੰਗੀ ਸਿਹਤ ਲਈ ਸਭ ਤੋਂ ਪਹਿਲਾ ਸੁਝਾਅ ਹੈ ਕਿ ਉੱਚੀ ਆਵਾਜ਼ ਤੋਂ ਦੂਰ ਰਹੋ। ਅਕਸਰ ਲੋਕ ਸ਼ਿਕਾਇਤ ਲੈਕੇ ਆਉਂਦੇ ਹਨ ਕਿ ਵਿਆਹ ਸਮਾਗਮਾਂ ਵਿੱਚ ਲਾਊਡ ਮਿਊਜ਼ਿਕ ਕਾਰਨ ਕੰਨ ਪ੍ਰਭਾਵਿਤ ਹੋਏ ਹਨ।

ਹੈੱਡਫੋਨ, ਈਅਰਫੋਨ, ਈਅਰਬਡ ਦਾ ਇਸਤੇਮਾਲ ਘੱਟ ਕਰੋ। ਆਵਾਜ਼ ਘੱਟ ਰੱਖੋ ਅਤੇ ਵਿਚਾਲੇ ਬ੍ਰੇਕ ਜ਼ਰੂਰ ਲਓ।

ਜੇਕਰ ਤੁਸੀਂ ਪ੍ਰਦੂਸ਼ਣ ਵਾਲੀ ਥਾਂ ਵਿੱਚੋਂ ਗੁਜ਼ਰਦੇ ਹੋ ਤਾਂ ਗਰਾਰੇ ਕਰਨ ਦੀ ਆਦਤ ਪਾਓ, ਇਸ ਨਾਲ ਗਲਾ ਠੀਕ ਰਹੇਗਾ। ਜੇਕਰ ਨੱਕ ਵਿੱਚੋਂ ਪਾਣੀ ਆਉਂਦਾ ਹੈ ਤਾਂ ਆਪਣੀ ਐਲਰਜੀ ਦਾ ਟੈਸਟ ਕਰਵਾਓ। ਅੱਜ-ਕੱਲ੍ਹ ਐਲਰਜੀ ਦੇ ਕਈ ਇਲਾਜ ਹਨ ਜਿਵੇਂ ਐਲਰਜੀ-ਇਮਿਓਨੋਥੈਰੇਪੀ, ਐਲਰਜੀ-ਵੈਕਸੀਨ। ਜਿਸ ਜ਼ਰੀਏ ਤੁਸੀਂ ਆਪਣੀ ਐਲਰਜੀ ਠੀਕ ਕਰ ਸਕਦੇ ਹੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI