Home rss national punjabi2ਰਾਸ਼ਟਰੀ ਖ਼ਬਰਾਂ ਕੈਂਸਰ, ਜਲਦੀ ਮੀਨੋਪੌਜ਼ ਅਤੇ ਦਹਾਕਿਆਂ ਲੰਬੀ ਲੜਾਈ: ਕਿਵੇਂ ਫ੍ਰੋਜ਼ਨ ਓਵਰੀਅਨ ਟਿਸ਼ੂ ਨਾਲ...

ਕੈਂਸਰ, ਜਲਦੀ ਮੀਨੋਪੌਜ਼ ਅਤੇ ਦਹਾਕਿਆਂ ਲੰਬੀ ਲੜਾਈ: ਕਿਵੇਂ ਫ੍ਰੋਜ਼ਨ ਓਵਰੀਅਨ ਟਿਸ਼ੂ ਨਾਲ ਇੱਕ ਸਿਹਤਮੰਦ ਬੱਚਾ ਪੈਦਾ ਹੋਇਆ

5
0

Source :- BBC PUNJABI

ਕੈਸੈਂਡਰਾ ਬੇਕਨ

ਕੈਸੈਂਡਰਾ ਬੇਕਨ ਨੇ ਪਿਛਲੇ ਮਹੀਨੇ ਆਪਣੀ ਮਾਂ ਅਤੇ ਪਰਿਵਾਰ ਦੀ ਮਦਦ ਨਾਲ ਆਪਣੇ ਬੇਟੇ ਦਾ ਇਸ ਦੁਨੀਆ ਵਿੱਚ ਸਵਾਗਤ ਕੀਤਾ।

ਜਦੋਂ ਕੈਸੈਂਡਰਾ ਬੇਕਨ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਹੋਡਜਕਿਨ ਲਿੰਫੋਮਾ, ਖੂਨ ਦੇ ਕੈਂਸਰ ਦੀ ਇੱਕ ਦੁਰਲੱਭ ਕਿਸਮ, ਹੈ ਤਾਂ ਉਨ੍ਹਾਂ ਦੀ ਉਮਰ ਸਿਰਫ਼ 17 ਸਾਲ ਸੀ।

ਸ਼ੁਰੂਆਤੀ ਕੀਮੋਥੈਰੇਪੀ ਕੋਰਸ ਹੀ ਉਨ੍ਹਾਂ ਦਾ ਕੈਂਸਰ ਕਾਬੂ ਕਰਨ ਲਈ ਕਾਫੀ ਸੀ।

ਪਰ ਇੱਕ ਸਾਲ ਬਾਅਦ ਹੀ ਕੈਂਸਰ ਵਾਪਸ ਆ ਗਿਆ ਅਤੇ ਇਸ ਵਾਰ ਹਾਲਤ ਹੋਰ ਵੀ ਗੰਭੀਰ ਸੀ। ਡਾਕਟਰਾਂ ਨੇ ਬੇਕਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਤੁਰੰਤ ਐਗਰੈਸਿਵ ਕੀਮੋਥੈਰੇਪੀ ਸ਼ੁਰੂ ਕਰਨ ਦੀ ਲੋੜ ਹੋਵੇਗੀ।

ਬੀਬੀਸੀ ਵਰਲਡ ਸਰਵਿਸ ਦੇ ਇੱਕ ਪ੍ਰੋਗਰਾਮ ਦੌਰਾਨ ਉਹ ਦੱਸਦੀ ਹੈ, “ਜਦੋਂ ਤੁਸੀਂ ਏ-ਲੈਵਲ (ਸਕੂਲ ਦੇ ਫਾਈਨਲ ਪੇਪਰਾਂ) ਦੇ ਵਿਚਕਾਰ ਹੁੰਦੇ ਹੋ ਅਤੇ ਆਪਣੀਆਂ ਡਰਾਈਵਿੰਗ ਕਲਾਸਾਂ ਲੈ ਰਹੇ ਹੁੰਦੇ ਹੋ, ਤਾਂ ਇਸ ਉਮਰ ਵਿੱਚ ਤੁਸੀਂ ਇਸ ਸਭ ਵਿੱਚੋਂ ਨਹੀਂ ਲੰਘਣਾ ਚਾਹੁੰਦੇ। ਇਹ ਮੁਸ਼ਕਲ ਸੀ।”

ਹਾਲਾਂਕਿ ਉਹ ਟੀਨਏਜਰ ਸੀ, ਬੇਕਨ ਪਹਿਲਾਂ ਹੀ ਇਸ ਇਲਾਜ ਦੇ ਲੰਬੇ ਸਮੇਂ ਤੱਕ ਪੈਣ ਵਾਲੇ ਪ੍ਰਭਾਵਾਂ ਅਤੇ ਆਪਣੀ ਫਰਟੀਲਿਟੀ ਨੂੰ ਬਚਾਉਣ ਦੇ ਤਰੀਕੇ ਬਾਰੇ ਸੋਚ ਰਹੀ ਸੀ।

ਆਪਣੀ ਮਹੀਨਾਵਾਰ ਮਾਹਵਾਰੀ ਸਾਈਕਲ ਦੀ ਉਡੀਕ ਕਰਨ ਲਈ ਸਮਾਂ ਨਾ ਹੋਣ ਕਰਕੇ, ਜੋ ਕਿ ਆਂਡੇ ਫ੍ਰੀਜ਼ ਕਰਨ ਦੀ ਪ੍ਰਕਿਰਿਆ ਲਈ ਲੋੜੀਂਦਾ ਹੁੰਦਾ ਹੈ, ਬੇਕਨ ਨੇ ਇਸ ਦੇ ਬਦਲ ਵਜੋਂ ਓਵਰੀਅਨ ਟਿਸ਼ੂ ਟ੍ਰਾਂਸਪਲਾਂਟ ਦੀ ਇੱਕ ਐਕਸਪੈਰੀਮੈਂਟਲ ਪ੍ਰਕਿਰਿਆ ਲਈ ਖ਼ੁਦ ਨੂੰ ਤਿਆਰ ਕੀਤਾ।

ਬੇਕਨ ਦੀਆਂ ਓਵਰੀਜ਼ ਤੋਂ ਲਈਆਂ ਗਈਆਂ ਬਾਇਓਪਸੀਜ਼ ਨੂੰ 23 ਸਾਲਾਂ ਤੱਕ ਜਮ੍ਹਾ ਰੱਖਿਆ ਗਿਆ। 23 ਸਾਲਾਂ ਬਾਅਦ ਇਹ ਟਿਸ਼ੂ ਮੁੜ ਟ੍ਰਾਂਸਪਲਾਂਟ ਕੀਤਾ ਗਿਆ, ਜਿਸ ਤੋਂ ਬਾਅਦ ਬੇਕਨ ਨੇ ਪਿਛਲੇ ਮਹੀਨੇ ਆਪਣੇ ਪਹਿਲੇ ਬੱਚੇ, ਲੈਂਡਨ, ਨੂੰ ਜਨਮ ਦਿੱਤਾ।

ਲੈਂਡਨ ਨੂੰ ਅਜਿਹਾ ਪਹਿਲਾ ਬੱਚਾ ਮੰਨਿਆ ਜਾਂਦਾ ਹੈ, ਜਿਸਦਾ ਜਨਮ 20 ਸਾਲ ਤੋਂ ਵੱਧ ਸਮੇਂ ਤੱਕ ਸਟੋਰ ਕੀਤੇ ਗਏ ਓਵਰੀਅਨ ਟਿਸ਼ੂ ਦੇ ਟ੍ਰਾਂਸਪਲਾਂਟ ਤੋਂ ਬਾਅਦ ਹੋਇਆ ਹੈ।

ਆਪਣੇ ਟੀਨਏਜ ਦੇ ਦਿਨਾਂ ਨੂੰ ਯਾਦ ਕਰਦਿਆਂ ਬੇਕਨ ਕਹਿੰਦੀ ਹੈ ਕਿ ਉਹ ਹਮੇਸ਼ਾ ਤੋਂ ਹੀ ਮਾਂ ਬਣਨਾ ਚਾਹੁੰਦੀ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਬੱਚੇ ਦੀ ਬਾਇਓਲੋਜੀਕਲ ਮਾਂ ਨਹੀਂ ਬਣ ਸਕੇਗੀ ਤਾਂ ਉਹ ਕੁਝ ਹੋਰ ਕਰਨ ਲਈ ਬੇਤਾਬ ਸੀ।

ਉਹ ਕਹਿੰਦੀ ਹੈ, “ਪਤਾ ਨਹੀਂ ਕਿਉਂ, ਪਰ ਮੈਂ ਇਹ ਗੱਲ ਮੰਨ ਨਹੀਂ ਸਕੀ ਕਿ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਸਕਦਾ ਸੀ, ਜੋ ਮੈਨੂੰ ਉਮੀਦ ਦੇ ਸਕੇ ਅਤੇ ਮੈਂ ਕੁਦਰਤੀ ਤਰੀਕੇ ਨਾਲ ਗਰਭ ਧਾਰਨ ਕਰਨ ਵਿੱਚ ਅਸਮਰੱਥ ਰਹਾਂ।”

ਬੇਕਨ

ਆਂਡਿਆਂ ਨੂੰ ਫ੍ਰੀਜ਼ ਕਰਨਾ ਉਨ੍ਹਾਂ ਔਰਤਾਂ ਲਈ ਇੱਕ ਆਮ ਪ੍ਰਕਿਰਿਆ ਹੈ, ਜੋ ਭਵਿੱਖ ਵਿੱਚ ਗਰਭ ਧਾਰਨ ਦੀ ਆਪਣੀ ਸਮਰੱਥਾ ਨੂੰ ਸੁਰੱਖਿਅਤ ਰੱਖਣਾ ਚਾਹੁੰਦੀਆਂ ਹਨ। ਪਰ ਇਸ ਪ੍ਰਕਿਰਿਆ ਵਿੱਚ ਆਂਡੇ ਕੱਢਣ ਤੋਂ ਪਹਿਲਾਂ ਕਈ ਹਫ਼ਤਿਆਂ ਤੱਕ ਹਾਰਮੋਨ ਦੇ ਇੰਜੈਕਸ਼ਨ ਲੈਣੇ ਪੈਂਦੇ ਹਨ।

ਬੇਕਨ ਦੱਸਦੀ ਹੈ ਕਿ ਉਸ ਕੋਲ ਇੰਨਾ ਸਮਾਂ ਨਹੀਂ ਸੀ।

ਡਾਕਟਰਾਂ ਨੂੰ ਮਨਾਉਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਓਵਰੀ ਤੋਂ ਕੁਝ ਟਿਸ਼ੂ ਹਟਵਾਉਣੇ ਪਏ।

ਬੇਕਨ ਨੇ ਡਾ. ਸਾਰਾ ਮੈਥਿਊਜ਼ ਨੂੰ ਲੱਭਿਆ, ਜੋ ਯੂਕੇ ਵਿੱਚ ਉਨ੍ਹਾਂ ਗਿਣਤੀ ਦੇ ਸਰਜਨਾਂ ਵਿੱਚੋਂ ਇੱਕ ਸਨ, ਜੋ ਖ਼ਾਸ ਤੌਰ ‘ਤੇ ਇਸ ਤਰ੍ਹਾਂ ਦੀਆਂ ਸਰਜਰੀਆਂ ਵਿੱਚ ਮਾਹਰ ਸਨ।

ਮੈਥਿਊਜ਼ ਨੇ ਬੇਕਨ ਦੀਆਂ ਓਵਰੀਜ਼ ਤੋਂ ਚਾਰ ਬਾਇਓਪਸੀਜ਼ ਲਈਆਂ, ਪਰ ਇਹ ਕੋਈ ਗਾਰੰਟੀ ਨਹੀਂ ਸੀ ਕਿ ਇਹ ਟਿਸ਼ੂ ਇੱਕ ਦਿਨ ਉਸ ਨੂੰ ਬੱਚਾ ਦੇਣ ਵਿੱਚ ਮਦਦ ਕਰ ਸਕਣਗੇ।

‘ਸਿਰਫ਼ ਉਮੀਦ’

ਬੇਕਨ ਦਾ ਜਾਨ ਬਚਾਉਣ ਵਾਲਾ ਇਲਾਜ, ਜਿਸ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ ਅਤੇ ਕੀਮੋਥੈਰੇਪੀ ਸ਼ਾਮਲ ਸੀ, ਕਾਮਯਾਬ ਰਿਹਾ ਅਤੇ ਉਹ ਮੁੜ ਕੈਂਸਰ-ਮੁਕਤ ਹੋ ਗਈ।

ਪਰ ਜਿਵੇਂ ਡਾਕਟਰਾਂ ਨੂੰ ਸ਼ੱਕ ਸੀ, ਐਗਰੈਸਿਵ ਟ੍ਰੀਟਮੈਂਟ ਕਾਰਨ ਉਸ ਦੀਆਂ ਓਵਰੀਜ਼ ਨੂੰ ਨੁਕਸਾਨ ਪਹੁੰਚਿਆ ਅਤੇ 33 ਸਾਲ ਦੀ ਉਮਰ ਵਿੱਚ ਉਹ ਪ੍ਰੀਮੈਚਿਓਰ ਮੀਨੋਪੌਜ਼ ਵਿੱਚ ਦਾਖ਼ਲ ਹੋ ਗਈ।

ਹੁਣ ਬੱਚੇ ਪੈਦਾ ਕਰਨ ਲਈ ਤਿਆਰ ਬੇਕਨ ਨੇ ਅਜਿਹਾ ਡਾਕਟਰ ਲੱਭਣ ਲਈ 10 ਸਾਲ ਲੰਬੀ ਲੜਾਈ ਲੜੀ, ਜੋ ਉਨ੍ਹਾਂ ਦੇ ਫਰੀਜ਼ ਸਿਹਤਮੰਦ ਓਵਰੀਅਨ ਟਿਸ਼ੂ ਨੂੰ ਮੁੜ ਉਨ੍ਹਾਂ ਦੇ ਸਰੀਰ ਵਿੱਚ ਟ੍ਰਾਂਸਪਲਾਂਟ ਕਰ ਸਕੇ।

ਬੇਕਨ ਦੀ ਓਵਰੀਅਨ ਟਿਸ਼ੂ ਹਟਾਉਣ ਵਾਲੀ ਸਰਜਰੀ ਯੂਕੇ ਦੇ ਉਸ ਕਾਨੂੰਨ ਤੋਂ ਪਹਿਲਾਂ ਹੋਈ ਸੀ, ਜਿਸ ਤਹਿਤ ਬਾਅਦ ਵਿੱਚ ਓਵਰੀਅਨ ਟਿਸ਼ੂ ਟ੍ਰਾਂਸਪਲਾਂਟ ਕਰਵਾਉਣ ਲਈ ਕੁਝ ਖ਼ਾਸ ਕਾਗਜ਼ਾਤ ਜ਼ਰੂਰੀ ਸਨ।

ਇਸ ਕਾਰਨ ਉਸ ਕੋਲ 20 ਸਾਲ ਬਾਅਦ ਟ੍ਰਾਂਸਪਲਾਂਟ ਕਰਵਾਉਣ ਲਈ ਲੋੜੀਂਦੇ ਸਾਰੇ ਦਸਤਾਵੇਜ਼ ਨਹੀਂ ਸਨ।

ਇਸ ਪੂਰੀ ਪ੍ਰਕਿਰਿਆ ਦੌਰਾਨ ਮੈਥਿਊਜ਼ ਉਨ੍ਹਾਂ ਦੇ ਨਾਲ ਰਹੇ ਅਤੇ ਆਖ਼ਿਰਕਾਰ ਇਜ਼ਰਾਈਲ ਵਿੱਚ ਇੱਕ ਅਜਿਹਾ ਕਲੀਨਿਕ ਲੱਭਣ ਵਿੱਚ ਉਨ੍ਹਾਂ ਦੀ ਮਦਦ ਕੀਤੀ, ਜੋ ਇਹ ਪ੍ਰਕਿਰਿਆ ਕਰਨ ਲਈ ਤਿਆਰ ਸੀ।

ਰਮਤ ਗਾਨ ਸ਼ਹਿਰ ਵਿੱਚ ਸਥਿਤ ਸ਼ੇਬਾ ਮੈਡੀਕਲ ਸੈਂਟਰ ਨੂੰ ਟਿਸ਼ੂ ਟ੍ਰਾਂਸਫਰ ਕੀਤਾ ਗਿਆ।

ਪਰ ਬੇਕਨ ਦੀ ਇਹ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪ੍ਰਕਿਰਿਆ ਉਸ ਸਮੇਂ ਰੁਕ ਗਈ, ਜਦੋਂ 7 ਅਕਤੂਬਰ 2023 ਨੂੰ ਹਮਾਸ ਦੇ ਲੜਾਕਿਆਂ ਨੇ ਇਜ਼ਰਾਈਲ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਗਾਜ਼ਾ ਵਿੱਚ ਇਜ਼ਰਾਈਲੀ ਫੌਜ ਦੀ ਜਵਾਬੀ ਕਾਰਵਾਈ ਸ਼ੁਰੂ ਹੋ ਗਈ।

ਬੇਕਨ ਬੀਬੀਸੀ ਨੂੰ ਦੱਸਦੀ ਹੈ, “ਮੈਨੂੰ ਲੱਗਿਆ, ‘ਕੀ ਮੇਰੀ ਇਹ ਉਮੀਦ ਖ਼ਤਮ ਹੋਣ ਜਾ ਰਹੀ ਹੈ?”

ਮਈ 2024 ਵਿੱਚ ਇੱਕ ਅਸਥਾਈ ਸੀਜ਼ਫਾਇਰ ਨੇ ਬੇਕਨ ਨੂੰ ਯਾਤਰਾ ਕਰਨ ਅਤੇ ਸੁਰੱਖਿਅਤ ਤਰੀਕੇ ਨਾਲ ਇਹ ਪ੍ਰਕਿਰਿਆ ਕਰਵਾਉਣ ਦੀ ਇਜਾਜ਼ਤ ਦਿੱਤੀ। ਯੂਕੇ ਵਿੱਚ ਘਰ ਵਾਪਸੀ ਲਈ ਉਡਾਣ ਭਰਦਿਆਂ ਹੀ ਸੀਜ਼ਫਾਇਰ ਖ਼ਤਮ ਹੋ ਗਿਆ।

ਉਹ ਕਹਿੰਦੀ ਹੈ, “ਤੁਸੀਂ ਇਹ ਗੱਲ ਲਿਖ ਵੀ ਨਹੀਂ ਸਕਦੇ।”

ਓਵਰੀਅਨ ਟਿਸ਼ੂ ਟ੍ਰਾਂਸਪਲਾਂਟ ਕਿਵੇਂ ਕੰਮ ਕਰਦਾ ਹੈ?

ਸਰਜਨ ਓਵਰੀਜ਼ ਵਿੱਚੋਂ ਆਂਡੇ ਬਣਾਉਣ ਵਾਲੇ ਟਿਸ਼ੂ ਨੂੰ ਕੱਢਦੇ ਹਨ। ਇਸ ਨੂੰ ਲੈਬ ਵਿੱਚ ਸਟੋਰ ਕੀਤਾ ਜਾਂਦਾ ਹੈ, ਜਦੋਂ ਤੱਕ ਮਰੀਜ਼ ਬੱਚੇ ਪੈਦਾ ਕਰਨ ਲਈ ਤਿਆਰ ਨਹੀਂ ਹੁੰਦਾ।

ਟਿਸ਼ੂ ਨੂੰ ਵਾਪਸ ਵਿਅਕਤੀ ਦੇ ਸਰੀਰ ਵਿੱਚ ਟ੍ਰਾਂਸਪਲਾਂਟ ਕਰਨਾ ਸਕਿਨ ਗ੍ਰਾਫ਼ਟ ਵਰਗਾ ਹੁੰਦਾ ਹੈ।

ਇਸ ਨੂੰ ਬਾਕੀ ਬਚੇ ਆਂਡਿਆਂ ਦੇ ਨੇੜੇ ਜਾਂ ਉਨ੍ਹਾਂ ‘ਤੇ ਰੱਖਿਆ ਜਾਂਦਾ ਹੈ। ਫ੍ਰੀਜ਼ ਕੀਤਾ ਹੋਇਆ ਟਿਸ਼ੂ ਆਲੇ-ਦੁਆਲੇ ਦੀਆਂ ਖੂਨ ਦੀਆਂ ਨਾੜੀਆਂ ਨਾਲ ਜੁੜ ਜਾਣਾ ਚਾਹੀਦਾ ਹੈ ਅਤੇ ਓਵਰੀਜ਼ ਨੂੰ ਹਰ ਮਹੀਨੇ ਇੱਕ ਆਂਡਾ ਛੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

2024 ਵਿੱਚ ਕੀਤੇ ਗਏ ਇੱਕ ਅਧਿਐਨ ਮੁਤਾਬਕ, 94% ਮਾਮਲਿਆਂ ਵਿੱਚ ਔਰਤਾਂ ਦਾ ਰੀਪ੍ਰੋਡਕਟਿਵ ਸਾਈਕਲ ਮੁੜ ਸਥਾਪਿਤ ਹੋ ਜਾਂਦਾ ਹੈ। 2022 ਦੇ ਇੱਕ ਅਧਿਐਨ ਮੁਤਾਬਕ, ਲਗਭਗ 28% ਓਵਰੀਅਨ ਟਿਸ਼ੂ ਟ੍ਰਾਂਸਪਲਾਂਟ ਦੇ ਨਤੀਜੇ ਵਜੋਂ ਲਾਈਵ ਬਰਥ ਹੋਇਆ।

2016 ਵਿੱਚ ਦੁਬਈ ਦੀ ਰਹਿਣ ਵਾਲੀ 24 ਸਾਲਾ ਮੋਆਜ਼ਾ ਅਲ ਮਤਰੂਸ਼ੀ ਨੂੰ ਦੁਨੀਆ ਦੀ ਪਹਿਲੀ ਅਜਿਹੀ ਵਿਅਕਤੀ ਮੰਨਿਆ ਗਿਆ, ਜਿਨ੍ਹਾਂ ਨੇ ਪਿਊਬਰਟੀ ਤੋਂ ਪਹਿਲਾਂ ਫ੍ਰੀਜ਼ ਕੀਤੀ ਗਈ ਓਵਰੀਅਨ ਟਿਸ਼ੂ ਦੀ ਮਦਦ ਨਾਲ ਬੱਚੇ ਨੂੰ ਜਨਮ ਦਿੱਤਾ।

ਦੁਨੀਆ ਭਰ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 200 ਤੋਂ ਵੱਧ ਬੱਚੇ ਓਵਰੀਅਨ ਟਿਸ਼ੂ ਟ੍ਰਾਂਸਪਲਾਂਟ ਤੋਂ ਬਾਅਦ ਜਨਮੇ ਹਨ।

‘ਮੈਂ ਖ਼ੁਦ ਦਾ ਧੰਨਵਾਦ ਕਰਾਂਗੀ’

ਬੇਕਨ

ਬੇਕਨ ਕਹਿੰਦੀ ਹੈ ਕਿ ਉਹ ਆਪਣੀ ਛੋਟੀ ਉਮਰ ਵਾਲੀ ਖ਼ੁਦ ਦਾ ਧੰਨਵਾਦ ਕਰਦੀ ਹੈ ਕਿ ਉਸ ਨੇ ਇੰਨੀ ਹਿੰਮਤ ਦਿਖਾਈ।

2024 ਵਿੱਚ ਟ੍ਰਾਂਸਪਲਾਂਟ ਤੋਂ ਕੁਝ ਮਹੀਨਿਆਂ ਬਾਅਦ ਹੀ ਉਸਦੇ ਪੀਰੀਅਡਜ਼ ਵਾਪਸ ਆ ਗਏ। ਕੁਦਰਤੀ ਤਰੀਕੇ ਨਾਲ ਗਰਭ ਧਾਰਨ ਕਰਨ ਦੀ ਕੋਸ਼ਿਸ਼ ਤੋਂ ਬਾਅਦ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਾਰਟਨਰ ਨੂੰ ਡਾਕਟਰਾਂ ਨੇ ਆਈਵੀਐੱਫ ਕਰਵਾਉਣ ਦੀ ਸਲਾਹ ਦਿੱਤੀ।

ਜੋੜੇ ਨੂੰ ਇਲਾਜ ਦੌਰਾਨ ਤਿੰਨ ਰਾਊਂਡ ਵਿੱਚੋਂ ਲੰਘਣਾ ਪਿਆ ਅਤੇ ਆਖ਼ਿਰਕਾਰ 2025 ਵਿੱਚ ਕ੍ਰਿਸਮਸ ਮੌਕੇ ਬੇਕਨ ਦੇ ਹੱਥ ਵਿੱਚ ਪੌਜ਼ੀਟਿਵ ਟੈਸਟ ਰਿਪੋਰਟ ਸੀ।

ਉਹ ਕਹਿੰਦੀ ਹੈ, “ਮੇਰੇ 19 ਸਾਲ ਦੇ ਫਰਟਾਈਲ ਸਰੀਰ ਨੇ ਮੈਨੂੰ 43 ਸਾਲ ਦੀ ਉਮਰ ਵਿੱਚ ਮੁੜ ਤੋਂ ਜ਼ਿੰਦਗੀ ਦਿੱਤੀ।”

ਬੇਕਨ ਦੇ ਬੇਟੇ ਲੈਂਡਨ ਦਾ ਜਨਮ ਇਸੇ ਸਾਲ ਸਤੰਬਰ ਵਿੱਚ ਹੋਇਆ ਅਤੇ ਉਨ੍ਹਾਂ ਦੀ ਮਾਂ ਬੇਕਨ 25 ਸਾਲ ਤੋਂ ਕੈਂਸਰ-ਮੁਕਤ ਹੈ।

ਡਾ. ਸਾਰਾ ਮੈਥਿਊਜ਼ ਬੇਕਨ

ਆਪਣੀ ਪਹਿਲੀ ਸਰਜਰੀ ਤੋਂ ਕਰੀਬ ਦੋ ਦਹਾਕਿਆਂ ਬਾਅਦ ਡਾ. ਸਾਰਾ ਮੈਥਿਊਜ਼ ਲੈਂਡਨ ਨੂੰ ਦੇਖ ਸਕੇ।

ਆਪਣੀ ਕਹਾਣੀ ਸਾਂਝੀ ਕਰਨ ਤੋਂ ਬਾਅਦ ਬੇਕਨ ਕਹਿੰਦੀ ਹੈ ਕਿ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਔਰਤਾਂ ਦੇ ਸੁਨੇਹੇ ਮਿਲੇ ਹਨ, ਜੋ ਉਨ੍ਹਾਂ ਤੋਂ ਪ੍ਰੇਰਿਤ ਹੋਈਆਂ ਹਨ।

ਮੈਥਿਊਜ਼ ਅਨੁਸਾਰ, ਅੱਜਕੱਲ੍ਹ ਨੌਜਵਾਨ ਕੈਂਸਰ ਮਰੀਜ਼ਾਂ ਲਈ ਫਰਟੀਲਿਟੀ ਬਚਾਉਣ ਦੇ ਬਦਲਾਂ ਬਾਰੇ ਬਿਹਤਰ ਸਮਝ ਰੱਖਦੇ ਹਨ, ਕਿਉਂਕਿ ਬਚਪਨ ਦੇ ਕੈਂਸਰ ਲਈ ਅਨੁਮਾਨੀ ਰਿਪੋਰਟਾਂ ਵਿੱਚ ਕਾਫ਼ੀ ਸੁਧਾਰ ਆਇਆ ਹੈ।

“ਅਸੀਂ ਚਾਹੁੰਦੇ ਹਾਂ ਕਿ ਇਹ ਬੱਚੇ ਵੱਡੇ ਹੋਣ ਅਤੇ ਇੱਕ ਆਮ ਬਾਲਗ਼ ਦੀ ਤਰ੍ਹਾਂ ਜੀਅ ਸਕਣ। ਇਸ ਦੀ ਅਹਿਮ ਗੱਲ ਇਹ ਹੈ ਕਿ ਉਹ ਪਰਿਵਾਰ ਬਣਾਉਣ ਦੀ ਸਮਰੱਥਾ ਰੱਖਣ।”

ਉਨ੍ਹਾਂ ਦੀ ਕਹਾਣੀ ਸੁਣਨ ਵਾਲਿਆਂ ਵਾਂਗ, ਬੇਕਨ ਵੀ ਛੋਟੀ ਉਮਰ ਵਿੱਚ ਇੰਨੀ ਹਿੰਮਤ ਦਿਖਾਉਣ ‘ਤੇ ਹੈਰਾਨ ਹੈ।

“ਮੈਂ ਅਜੇ ਵੀ ਆਪਣੇ 18 ਸਾਲ ਵਾਲੇ ਜੁੱਤਿਆਂ ਵਿੱਚ ਚੱਲਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਸੋਚਦੀ ਹਾਂ, ‘ਮੈਂ ਇੰਨੀ ਦ੍ਰਿੜ੍ਹ ਕਿਵੇਂ ਸੀ? ਮੈਂ ਕਿਵੇਂ ਇਰਾਦਾ ਬਣਾ ਲਿਆ?’ ਅਤੇ ਮੈਂ ਸੋਚਦੀ ਹਾਂ ਕਿ ਇਹ ਉਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ, ਜਿਸ ਲਈ ਮੈਂ ਪਿੱਛੇ ਮੁੜ ਕੇ ਖ਼ੁਦ ਨੂੰ ਸ਼ਾਬਾਸ਼ੀ ਦਿੰਦੀ ਹਾਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI