Home rss national punjabi2ਰਾਸ਼ਟਰੀ ਖ਼ਬਰਾਂ ਕੈਨੇਡਾ ਦੇ ਐਡਮੰਟਨ ਵਿੱਚ ਗੁਰਦੁਆਰੇ ‘ਚ ਹਮਲਾ, ਦੋ ਲੋਕ ਜ਼ਖਮੀ, ਇੱਕ ਵਿਅਕਤੀ...

ਕੈਨੇਡਾ ਦੇ ਐਡਮੰਟਨ ਵਿੱਚ ਗੁਰਦੁਆਰੇ ‘ਚ ਹਮਲਾ, ਦੋ ਲੋਕ ਜ਼ਖਮੀ, ਇੱਕ ਵਿਅਕਤੀ ਗ੍ਰਿਫ਼ਤਾਰ, ਪੁਲਿਸ ਨੇ ਕੀ ਦੱਸਿਆ

7
0

Source :- BBC PUNJABI

ਗੁਰਦੁਆਰੇ ਦੀ ਤਸਵੀਰ

ਤਸਵੀਰ ਸਰੋਤ, Getty Images

ਪੁਲਿਸ ਮੁਤਾਬਕ ਕੈਨੇਡਾ ਦੇ ਐਡਮੰਟਨ ਵਿੱਚ ਇੱਕ ਗੁਰਦੁਆਰਾ ਸਾਹਿਬ ਵਿੱਚ ਸਵੇਰੇ-ਸਵੇਰੇ ਚਾਕੂ ਨਾਲ ਇੱਕ ਵਿਅਕਤੀ ਵੱਲੋਂ ਦੋ ਲੋਕਾਂ ਨੂੰ ਜ਼ਖ਼ਮੀ ਕਰਨ ਦੇ ਇਲਜ਼ਾਮ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੈਨੇਡਾ ਦੇ ਐਡਮੰਟਨ ਵਿੱਚ ਗੁਰਦੁਆਰਾ ਨਾਨਕਸਰ ਵਿਖੇ ਹਮਲੇ ਦੌਰਾਨ ਦੋ ਲੋਕ ਜਖ਼ਮੀ ਹੋਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਸਥਾਨਕ ਸਮੇਂ ਦੇ ਅਨੁਸਾਰ ਸ਼ੁੱਕਰਵਾਰ ਸਵੇਰੇ ਕਰੀਬ 05:00 ਵਜੇ (12:00 BST) ‘ਤੇ ਨਾਨਕਸਰ ਗੁਰਦੁਆਰੇ ਦੇ ਅੰਦਰ ਹੋਇਆ। ਪੁਲਿਸ ਨੇ ਨਾ ਤਾਂ ਸ਼ੱਕੀ ਦੀ ਪਛਾਣ ਜਨਤਕ ਕੀਤੀ ਅਤੇ ਨਾ ਹੀ ਹਮਲੇ ਦੇ ਮਕਸਦ ਬਾਰੇ ਕੋਈ ਜਾਣਕਾਰੀ ਦਿੱਤੀ।

ਇਹ ਹਮਲਾ ਉਸ ਤੋਂ ਬਾਅਦ ਹੋਇਆ ਹੈ ਜਦੋਂ ਪੁਲਿਸ ਨੇ ਪਿਛਲੇ ਹਫ਼ਤੇ ਪੁਸ਼ਟੀ ਕੀਤੀ ਸੀ ਕਿ ਉਹ ਕੈਲਗਰੀ ਵਿੱਚ ਦੋ ਗੁਰਦੁਆਰਿਆਂ ਨੂੰ ਕੀਤੀਆਂ ਗਈਆਂ ਧਮਕੀ ਭਰੀਆਂ ਕਾਲਾਂ ਦੀ ਜਾਂਚ ਕਰ ਰਹੀ ਹੈ। ਕੈਲਗਰੀ ਉਸ ਸਥਾਨ ਤੋਂ ਲਗਭਗ ਦੋ ਘੰਟੇ ਦੀ ਦੂਰੀ ‘ਤੇ ਹੈ ਜਿੱਥੇ ਸ਼ੁੱਕਰਵਾਰ ਦਾ ਇਹ ਹਮਲਾ ਹੋਇਆ।

ਕੈਨੇਡਾ ਸਥਿਤ ਵਰਲਡ ਸਿੱਖ ਆਰਗਨਾਈਜੇਸ਼ਨ ਨੇ ਕਿਹਾ ਹੈ ਕਿ ਇਹ ਹਮਲਾ ਬਹੁਤ ਹੀ ਚਿੰਤਾਜਨਕ ਹੈ ਅਤੇ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਦੇਸ਼ ਭਰ ਵਿੱਚ ਸਿੱਖ ਵਿਰੋਧੀ ਨਫ਼ਰਤ ਵੱਧ ਰਹੀ ਹੈ।

ਐਡਮੰਟਨ ਪੁਲਿਸ ਸਰਵਿਸ ਨੇ ਕਿਹਾ ਕਿ ਪੁਲਿਸ ਨੂੰ ਸਭ ਤੋਂ ਪਹਿਲਾਂ ਸਥਾਨਕ ਸਮੇਂ ਅਨੁਸਾਰ ਸਵੇਰੇ 4 ਵੱਜ ਕੇ 49 ਵਜੇ ਇੱਕ ਵਿਅਕਤੀ ਦੀਆਂ ਹਾਈਵੇਅ ‘ਤੇ ਟ੍ਰੈਫਿਕ ਵਿਚਕਾਰ ਤੁਰਨ ਦੀਆਂ ਰਿਪੋਰਟਾਂ ਮਿਲੀਆਂ। ਲਗਭਗ 15 ਮਿੰਟ ਬਾਅਦ ਉਨ੍ਹਾਂ ਨੂੰ ਗੁਰਦੁਆਰੇ ਦੇ ਅੰਦਰ ਦੀ ਘਟਨਾ ਬਾਰੇ ਕਾਲਜ਼ ਰਾਹੀਂ ਪਤਾ ਲੱਗਿਆ।

ਪੁਲਿਸ ਮੁਤਾਬਕ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇੱਕ ਵਿਅਕਤੀ ਗੁਰਦੁਆਰੇ ਵਿੱਚ ਦਾਖ਼ਲ ਹੋਇਆ ਸੀ ਅਤੇ ਜਦੋਂ ਸਟਾਫ਼ ਨੇ ਉਸ ਦਾ ਸਾਹਮਣਾ ਕੀਤਾ ਤਾਂ ਉਹ ਪ੍ਰਾਰਥਨਾ ਵਾਲੇ ਖੇਤਰ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

ਕਾਰਜਕਾਰੀ ਇੰਸਪੈਕਟਰ ਐਰਿਕ ਸਟਿਊਅਰਟ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੈਂਸ ਦੌਰਾਨ ਕਿਹਾ, “ਇਹ ਟਕਰਾਅ ਫਿਰ ਵੱਧ ਗਿਆ ਅਤੇ ਗੁਰਦੁਆਰੇ ਵਿੱਚ ਮੌਜੂਦ ਦੋ ਸ਼ਰਧਾਲੂਆਂ ਨੂੰ ਚਾਕੂ ਮਾਰਿਆ ਗਿਆ। ਚੰਗੀ ਗੱਲ ਇਹ ਰਹੀ ਕਿ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਵਿਅਕਤੀ ਨੂੰ ਕਾਬੂ ਕਰ ਲਿਆ।”

ਪੁਲਿਸ ਨੇ ਦੱਸਿਆ ਕਿ ਪੀੜਤਾਂ ਵਿੱਚੋਂ ਇੱਕ 75 ਸਾਲਾ ਅਤੇ ਇੱਕ 51 ਸਾਲਾ ਵਿਅਕਤੀ, ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਪੁਲਿਸ ਨੇ ਉਨ੍ਹਾਂ ਨੂੰ ਸ਼ਰਧਾਲੂ ਦੱਸਿਆ, ਪਰ ਹੋਰ ਕੋਈ ਵੇਰਵਾ ਨਹੀਂ ਦਿੱਤਾ।

ਕਾਰਨੀ

ਪੁਲਿਸ ਨੇ ਕਿਹਾ ਕਿ 27 ਸਾਲਾ ਸ਼ੱਕੀ ਵਿਅਕਤੀ ਪਹਿਲਾਂ ਤੋਂ ਹੀ ਪੁਲਿਸ ਦੇ ਧਿਆਨ ਵਿੱਚ ਸੀ ਅਤੇ 2015 ਤੋਂ ਉਸ ਖ਼ਿਲਾਫ਼ ਹਿੰਸਕ ਹਮਲਿਆਂ ਦਾ ਲੰਮਾ ਇਤਿਹਾਸ ਰਿਹਾ ਹੈ। ਅਧਿਕਾਰੀਆਂ ਮੁਤਾਬਕ ਉਸ ਨੂੰ ਹਮਲੇ ਤੋਂ ਇੱਕ ਦਿਨ ਪਹਿਲਾਂ ਅਲਬਰਟਾ ਦੀ ਇੱਕ ਫੈਡਰਲ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਅਤੇ ਉਹ ਐਡਮੰਟਨ ਵਿੱਚ ਆਪਣੇ ਨਿਰਧਾਰਤ ਪੁਨਰਵਾਸ ਕੇਂਦਰ ਉੱਤੇ ਰਿਪੋਰਟ ਕਰਨ ਵਿੱਚ ਨਾਕਾਮ ਰਿਹਾ ਸੀ।

ਸ਼ੱਕੀ ਖ਼ਿਲਾਫ਼ ਇਲਜ਼ਾਮ ਅਜੇ ਤੈਅ ਨਹੀਂ ਕੀਤੇ ਗਏ ਹਨ ਅਤੇ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਕੀ ਹਮਲਾ ਕਿਸੇ ਨਫ਼ਰਤ ਭਰੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ।

ਐਡਮੰਟਨ ਦੇ ਪੁਲਿਸ ਮੁਖੀ ਵਾਰਨ ਡ੍ਰੀਸ਼ਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਧਿਕਾਰੀਆਂ ਨੂੰ ਸ਼ੱਕੀ ਦੇ ਮਕਸਦ ਦਾ ਪਤਾ ਲਗਾਉਣ ਲਈ ਸਮਾਂ ਦੇਣ, ਪਰ ਨਾਲ ਹੀ ਉਨ੍ਹਾਂ ਨੇ ਨਫ਼ਰਤੀ ਅਪਰਾਧਾਂ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਨੂੰ ਸਵੀਕਾਰਿਆ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀ ਕਿਹਾ

ਮਾਰਕ ਕਾਰਨੀ

ਤਸਵੀਰ ਸਰੋਤ, Getty Images

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਸਵੇਰੇ ਐਡਮੰਟਨ ਦੇ ਨਾਨਕਸਰ ਗੁਰਦੁਆਰੇ ਵਿਖੇ ਹੋਇਆ ਹਮਲਾ ਬੇਹੱਦ ਨਿੰਦਣਯੋਗ ਹੈ।

ਉਹਨਾਂ ਕਿਹਾ, “ਮੇਰੀ ਹਮਦਰਦੀ ਉਨ੍ਹਾਂ ਦੋ ਲੋਕਾਂ ਨਾਲ ਹੈ ਜੋ ਇਸ ਹਮਲੇ ਵਿੱਚ ਜ਼ਖ਼ਮੀ ਹੋਏ ਹਨ ਅਤੇ ਉਸ ਪੂਰੀ ਕਮਿਊਨਿਟੀ ਨਾਲ ਹੈ ਜੋ ਇਸ ਭਿਆਨਕ ਘਟਨਾ ਨਾਲ ਸਦਮੇ ਵਿੱਚ ਹੈ।”

ਪੀਐੱਮ ਨੇ ਕਿਹਾ, “ਕਿਸੇ ਨੂੰ ਵੀ ਆਪਣੇ ਧਾਰਮਿਕ ਸਥਾਨ ‘ਤੇ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ। ਮੈਂ ਐਡਮੰਟਨ ਪੁਲਿਸ ਸਰਵਿਸ ਦਾ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।”

ਉਨ੍ਹਾਂ ਕਿਹਾ, “ਮੈਂ ਦੇਖ ਰਿਹਾ ਹਾਂ ਕਿ ਦੁਨੀਆ ਭਰ ਵਿੱਚ ਵੱਧ ਰਹੇ ਭੂ-ਰਾਜਨੀਤਿਕ ਤਣਾਅ ਅਤੇ ਧਰੂਵੀਕਰਨ ਦਾ ਅਸਰ ਸਥਾਨਕ ਪੱਧਰ ‘ਤੇ ਵੀ ਨਜ਼ਰ ਆ ਰਿਹਾ ਹੈ। ਇਨ੍ਹਾਂ ਹਕੀਕਤਾਂ ਨੂੰ ਅਣਪਰੋਖਿਆਂ ਨਹੀਂ ਕੀਤਾ ਜਾ ਸਕਦਾ ਅਤੇ ਜਦੋਂ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਸਾਨੂੰ ਉਨ੍ਹਾਂ ਦੇ ਖ਼ਿਲਾਫ਼ ਅਵਾਜ਼ ਉਠਾਉਣੀ ਚਾਹੀਦੀ ਹੈ। ਅਸੀਂ ਚੁੱਪ ਨਹੀਂ ਰਹਿ ਸਕਦੇ।”

ਵਰਲਡ ਸਿੱਖ ਆਰਗਨਾਈਜ਼ੇਸ਼ਨ ਨੇ ਕਿਹਾ ਕਿ ਹਮਲੇ ਦੌਰਾਨ ਗੁਰਦੁਆਰੇ ਅੰਦਰ ਰੱਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬੀੜ ਦੀ ਬੇਅਦਬੀ ਵੀ ਕੀਤੀ ਗਈ। ਪੁਲਿਸ ਨੇ ਕਿਹਾ ਕਿ ਉਹ ਇਸ ਰਿਪੋਰਟ ਤੋਂ ਜਾਣੂ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਸਿੱਖ ਸੰਸਥਾ ਨੇ ਆਪਣੇ ਬਿਆਨ ਵਿੱਚ ਕਿਹਾ, “ਪੁਲਿਸ ਇਸ ਸਮੇਂ ਮੌਕੇ ‘ਤੇ ਮੌਜੂਦ ਹੈ ਅਤੇ ਜਾਂਚ ਜਾਰੀ ਰਹਿਣ ਕਾਰਨ ਗੁਰਦੁਆਰਾ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।”

ਕੈਲਗਰੀ ਦੇ ਮੇਅਰ ਜੇਰੋਮੀ ਫਰਕਾਸ ਨੇ ਆਪਣੇ ਸ਼ਹਿਰ ਵਿੱਚ ਪਹਿਲਾਂ ਕੀਤੀਆਂ ਗਈਆਂ ਧਮਕੀਆਂ ਦੀ ਸੋਸ਼ਲ ਮੀਡੀਆ ਪੋਸਟ ਰਾਹੀਂ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ “ਬਹੁਤ ਹੀ ਘਿਨੌਣੀਆਂ” ਕਰਾਰ ਦਿੱਤਾ।

ਫਰਕਾਸ ਨੇ ਕਿਹਾ, “ਗੁਰਦੁਆਰੇ ਮਹਿਮਾਨਨਵਾਜ਼ੀ, ਉਦਾਰਤਾ ਅਤੇ ਸੇਵਾ ਦੇ ਸਥਾਨ ਹਨ। ਇੱਥੇ ਹਰ ਕਿਸੇ ਦਾ ਸਵਾਗਤ ਹੈ।”

source : BBC PUNJABI