Home rss national punjabi2ਰਾਸ਼ਟਰੀ ਖ਼ਬਰਾਂ ਘਾਤਕ ਟੀਕਾ ਲੱਗਣ ਤੋਂ ਬਾਅਦ ਵੀ ਜ਼ਿੰਦਾ ਬਚਣ ਵਾਲੀ ਕ੍ਰਿਸਟਾ ਪਾਈਕ ਨੂੰ...

ਘਾਤਕ ਟੀਕਾ ਲੱਗਣ ਤੋਂ ਬਾਅਦ ਵੀ ਜ਼ਿੰਦਾ ਬਚਣ ਵਾਲੀ ਕ੍ਰਿਸਟਾ ਪਾਈਕ ਨੂੰ ਕੀ ਮੁੜ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਕਿਸ ਤਰੀਕੇ ਨਾਲ?

4
0

Source :- BBC PUNJABI

ਕ੍ਰਿਸਟਾ ਪਾਈਕ

ਅਮਰੀਕਾ ਦੇ ਟੈਨੇਸੀ ਸੂਬੇ ਵਿੱਚ ਮੌਤ ਦੀ ਸਜ਼ਾ ਵਾਲੀ ਕੈਦੀ ਕ੍ਰਿਸਟਾ ਪਾਈਕ ਨੂੰ ਮੌਤ ਦੀ ਸਜ਼ਾ ਦੇਣ ਦੀ ਅਸਫ਼ਲ ਕੋਸ਼ਿਸ਼ ਨੇ ਟੈਨੇਸੀ ਦੀ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਇੱਕ ਅਜਿਹੀ ਸਥਿਤੀ ਵਿੱਚ ਧੱਕ ਦਿੱਤਾ ਹੈ, ਜਿਸ ਦੀ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ।

ਪੈਂਟੋਬਾਰਬਿਟਾਲ ਦਵਾਈ ਦੀਆਂ ਦੋ ਘਾਤਕ ਖੁਰਾਕਾਂ ਦਿੱਤੇ ਜਾਣ ਤੋਂ ਇੱਕ ਹਫ਼ਤੇ ਬਾਅਦ ਕਿਹਾ ਜਾ ਰਿਹਾ ਹੈ ਕਿ ਉਹ ਸੀਮਤ ਤੌਰ ‘ਤੇ ਤੁਰ ਅਤੇ ਗੱਲ ਕਰ ਰਹੀ ਹੈ।

ਟੈਨੇਸੀ ਦੇ ਗਵਰਨਰ ਬਿਲ ਲੀ ਨੇ ਇੱਕ ਸੁਤੰਤਰ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਸ ਸਾਲ ਦੇ ਬਾਕੀ ਸਮੇਂ ਲਈ ਸਾਰੀਆਂ ਮੌਤ ਦੀਆਂ ਸਜ਼ਾਵਾਂ ਮੁਅੱਤਲ ਕਰ ਦਿੱਤੀਆਂ ਹਨ।

ਕੋਲੀਨ ਸਲੇਮਰ ਦੇ ਕਤਲ ਦੇ ਮਾਮਲੇ ਵਿੱਚ 30 ਸਾਲਾਂ ਤੋਂ ਮੌਤ ਦੀ ਸਜ਼ਾ ਦੀ ਉਡੀਕ ਕਰ ਰਹੀ ਪਾਈਕ ਦਾ ਭਵਿੱਖ ਹੁਣ ਇੱਕ ਰਹੱਸਮਈ ਧੁੰਦਲੇ ਖੇਤਰ ਵਿੱਚ ਹੈ।

ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਟੈਨੇਸੀ ਦੇ ਇੱਕ ਵਕੀਲ ਨੇ ਕਿਹਾ ਕਿ ਫਾਂਸੀ ਦੀ ਨਵੀਂ ਤਾਰੀਖ ਤੈਅ ਕਰਨ ਦਾ ਫ਼ੈਸਲਾ ਸੂਬੇ ਦੀ ਸੁਪਰੀਮ ਕੋਰਟ ਦੇ ਹੱਥ ਵਿੱਚ ਹੈ।

ਪਰ ਪਾਈਕ ਦੇ ਵਕੀਲ ਉਸ ਦੀ ਮੌਤ ਦੀ ਸਜ਼ਾ ਨੂੰ ਬਿਨਾਂ ਪੈਰੋਲ ਦੀ ਉਮਰ ਕੈਦ ਵਿੱਚ ਬਦਲਣ ਦੀ ਮੰਗ ਕਰ ਰਹੇ ਹਨ। ਗਵਰਨਰ ਲੀ ਕੋਲ ਸਜ਼ਾ ਘਟਾਉਣ ਦਾ ਅਧਿਕਾਰ ਹੈ, ਪਰ ਉਨ੍ਹਾਂ ਨੇ ਇਹ ਸੰਕੇਤ ਨਹੀਂ ਦਿੱਤਾ ਕਿ ਸੂਬਾ ਕੀ ਕਰੇਗਾ।

ਸਲੇਮਰ ਦਾ ਕਤਲ ਪਾਈਕ ਅਤੇ ਉਸ ਸਮੇਂ ਉਸ ਦੇ ਪ੍ਰੇਮੀ ਰਹੇ ਟੈਡਾਰਿਲ ਨੇ ਮਿਲ ਕੇ ਕੀਤੀ ਸੀ। ਟੈਡਾਰਿਲ ਉਸ ਵੇਲੇ ਬਾਲਗ਼ ਨਹੀਂ ਸੀ, ਇਸ ਲਈ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਅਤੇ ਉਹ ਅਜੇ ਵੀ ਜੇਲ੍ਹ ਵਿੱਚ ਹੈ।

ਬੀਬੀਸੀ ਨੇ ਕਈ ਮਾਹਰਾਂ ਨਾਲ ਗੱਲ ਕੀਤੀ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਹੁਣ ਅੱਗੇ ਕੀ ਹੋ ਸਕਦਾ ਹੈ।

ਪਾਈਕ ਨੂੰ ਮੁੜ ਘਾਤਕ ਟੀਕੇ ਰਾਹੀਂ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼

ਟੈਨੇਸੀ ਦਾ ਸੁਧਾਰ ਵਿਭਾਗ ਪਾਈਕ ਨੂੰ ਮੁੜ ਘਾਤਕ ਟੀਕੇ ਰਾਹੀਂ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ। ਪਰ ਸੰਵਿਧਾਨ ਵਿੱਚ ਦਿੱਤੀਆਂ ਬੇਰਹਿਮ ਅਤੇ ਅਸਧਾਰਨ ਸਜ਼ਾ ਤੋਂ ਸੁਰੱਖਿਆ ਦੀਆਂ ਧਾਰਾਵਾਂ ਦੇ ਆਧਾਰ ‘ਤੇ ਸੂਬੇ ਨੂੰ ਇਸ ਮਾਮਲੇ ਵਿੱਚ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਬਹੁਤ ਸੰਭਾਵਨਾ ਹੈ।

ਟੈਨੇਸੀ ਦੇ ਰਹਿਣ ਵਾਲੇ ਬਚਾਅ ਪੱਖ ਦੇ ਵਕੀਲ ਸਟੀਫਨ ਰੌਸ ਜੌਨਸਨ ਨੇ ਕਿਹਾ, “ਜੇ ਸੂਬਾ ਉਸੇ ਤਰੀਕੇ ਦੀ ਵਰਤੋਂ ਕਰਕੇ ਉਸ ਨੂੰ ਮੁੜ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗੰਭੀਰ ਕਾਨੂੰਨੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ।”

ਜੌਨਸਨ ਨੇ ਕਿਹਾ ਕਿ ਟੈਨੇਸੀ ਨੇ ਇੱਕ ਸਾਲ ਦੇ ਅੰਦਰ ਦੋ ਵਾਰ ਮੌਤ ਦੀ ਸਜ਼ਾ ਨੂੰ ਅਸਫ਼ਲ ਕੀਤਾ ਹੈ, ਮਈ ਵਿੱਚ ਟੋਨੀ ਕੈਰਥਰਜ਼ ਨੂੰ ਮਾਰਨ ਵਿੱਚ ਵੀ ਸੂਬਾ ਅਸਫ਼ਲ ਰਿਹਾ ਸੀ। ਇਸ ਕਾਰਨ ਵਕੀਲਾਂ ਨੂੰ ਸੂਬੇ ਦੇ ਘਾਤਕ ਟੀਕੇ ਵਾਲੇ ਤਰੀਕੇ ਦੀ ਸੰਵਿਧਾਨਕਤਾ ਨੂੰ ਵਿਆਪਕ ਤੌਰ ‘ਤੇ ਚੁਣੌਤੀ ਦੇਣ ਦਾ ਆਧਾਰ ਮਿਲ ਸਕਦਾ ਹੈ।

ਕ੍ਰਿਸਟਾ ਪਾਈਕ ਦੋ ਘਾਤਕ ਟੀਕਿਆਂ ਤੋਂ ਕਿਵੇਂ ਬਚ ਗਈ?

ਕ੍ਰਿਸਟਾ ਪਾਈਕ

ਪਾਈਕ ਦੇ ਵਕੀਲ ਇਹ ਵੀ ਦਲੀਲ ਦੇ ਸਕਦੇ ਹਨ ਕਿ ਘਾਤਕ ਟੀਕਾ ਉਨ੍ਹਾਂ ਸ਼ਬਦਾਂ ਵਿੱਚ “ਲਾਗੂ ਕੀਤੇ ਜਾਣ ਦੇ ਮਾਮਲੇ ਵਿੱਚ ਗ਼ੈਰ-ਸੰਵਿਧਾਨਕ” ਹੈ, ਅਰਥਾਤ ਪਾਈਕ ਦੀ ਖ਼ਾਸ ਡਾਕਟਰੀ ਸਥਿਤੀ ਕਾਰਨ ਉਸ ਲਈ ਇਹ ਬੇਰਹਿਮ ਅਤੇ ਅਸਧਾਰਨ ਸਜ਼ਾ ਬਣ ਜਾਂਦੀ ਹੈ।

ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਤੋਂ ਪਹਿਲਾਂ ਪਾਈਕ ਦੇ ਵਕੀਲਾਂ ਨੇ ਚੇਤਾਵਨੀ ਦਿੱਤੀ ਸੀ ਕਿ ਉਸ ਦੀਆਂ ਨਾੜੀਆਂ ਛੋਟੀਆਂ ਹਨ ਅਤੇ ਉਸ ਨੂੰ ਥ੍ਰੌਮਬੋਸਾਈਟੋਸਿਸ ਹੈ, ਇੱਕ ਅਜਿਹੀ ਸਥਿਤੀ ਜਿਸ ਵਿੱਚ ਖੂਨ ਜਮ੍ਹਣ ਦੀ ਸਮੱਸਿਆ ਹੁੰਦੀ ਹੈ ਅਤੇ ਜਿਸ ਕਾਰਨ ਇਹ ਪ੍ਰਕਿਰਿਆ ਹੋਰ ਮੁਸ਼ਕਲ ਹੋ ਸਕਦੀ ਹੈ।

ਜੌਨਸਨ ਨੇ ਕਿਹਾ ਕਿ ਉਸ ਦੀ ਡਾਕਟਰੀ ਸਥਿਤੀ ਅਤੇ ਸੂਬੇ ਵੱਲੋਂ ਕੀਤੀ ਗਈ ਅਸਫ਼ਲ ਫਾਂਸੀ ਦੀ ਕੋਸ਼ਿਸ਼ ਨੂੰ ਇਕੱਠੇ ਦੇਖਦਿਆਂ ਟੈਨੇਸੀ ਲਈ ਮੁੜ ਘਾਤਕ ਟੀਕਾ ਦੇਣ ਦੀ ਕੋਸ਼ਿਸ਼ ਦੇ ਹੱਕ ਵਿੱਚ ਮਜ਼ਬੂਤ ਕਾਨੂੰਨੀ ਦਲੀਲ ਪੇਸ਼ ਕਰਨਾ ਮੁਸ਼ਕਲ ਹੋਵੇਗਾ।

ਕਿਸੇ ਵੱਖਰੇ ਤਰੀਕੇ ਨਾਲ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼

ਗਵਾਹ ਕੈਥਰੀਨ ਸਵੀਨੀ ਨੇ 30 ਸਤੰਬਰ 2026 ਨੂੰ ਅਮਰੀਕਾ ਦੇ ਟੈਨੇਸੀ ਸੂਬੇ ਦੇ ਨੈਸ਼ਵਿਲ ਸਥਿਤ ਰਿਵਰਬੈਂਡ ਮੈਕਸੀਮਮ ਸਕਿਓਰਿਟੀ ਇੰਸਟੀਚਿਊਸ਼ਨ ਵਿੱਚ ਕ੍ਰਿਸਟਾ ਪਾਈਕ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਸੀ।

ਨੈਸ਼ਨਲ ਐਸੋਸੀਏਸ਼ਨ ਆਫ਼ ਕ੍ਰਿਮੀਨਲ ਡਿਫੈਂਸ ਲਾਇਰਜ਼ ਦੇ ਆਗਾਮੀ ਪ੍ਰਧਾਨ ਜੌਨਸਨ ਦਾ ਮੰਨਣਾ ਹੈ ਕਿ ਸੂਬਾ ਕਿਸੇ ਹੋਰ ਤਰੀਕੇ ਨਾਲ ਫਾਂਸੀ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ।

ਇਸ ਲਈ “ਵਾਧੂ ਕਾਨੂੰਨੀ ਪੜਾਅ” ਪਾਰ ਕਰਨੇ ਪੈਣਗੇ, ਜਿਨ੍ਹਾਂ ਵਿੱਚ ਗਵਰਨਰ ਦੇ ਦਫ਼ਤਰ ਤੋਂ ਮਨਜ਼ੂਰੀ ਅਤੇ ਸੰਭਵ ਤੌਰ ‘ਤੇ ਸੂਬਾਈ ਵਿਧਾਨ ਸਭਾ ਦੀ ਮਨਜ਼ੂਰੀ ਵੀ ਸ਼ਾਮਲ ਹੋ ਸਕਦੀ ਹੈ।

ਪਾਈਕ ਦੇ ਬਚ ਜਾਣ ਤੋਂ ਬਾਅਦ ਟੈਨੇਸੀ ਦੇ ਸਿਆਸੀ ਆਗੂਆਂ ਨੇ ਉਸ ਦੀ ਮੌਤ ਦੀ ਸਜ਼ਾ ਨੂੰ ਕਿਸੇ ਹੋਰ ਤਰੀਕੇ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ।

ਅਗਲੇ ਮਹੀਨੇ ਹੋਣ ਵਾਲੀ ਚੋਣ ਵਿੱਚ ਗਵਰਨਰ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਸੈਨੇਟਰ ਮਾਰਸ਼ਾ ਬਲੈਕਬਰਨ ਨੇ ਕਿਹਾ, “ਇਲੈਕਟ੍ਰਿਕ ਚੇਅਰ ਵਾਪਸ ਲਿਆਓ।”

ਕਾਂਗਰਸਮੈਨ ਟਿਮ ਬਰਚੇਟ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ “ਫਾਂਸੀ ਰਾਹੀਂ ਮੌਤ ਦੀ ਸਜ਼ਾ ਵਾਪਸ ਲਿਆਉਣ” ਲਈ ਪਹਿਲਾਂ ਹੀ ਇੱਕ ਬਿੱਲ ਪੇਸ਼ ਕਰ ਦਿੱਤਾ ਹੈ।

ਟੈਨੇਸੀ ਨੂੰ ਇਲੈਕਟ੍ਰਿਕ ਚੇਅਰ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ ਕਿਉਂਕਿ ਪਾਈਕ ਨੇ 1995 ਵਿੱਚ ਕਤਲ ਕੀਤਾ ਸੀ, ਸੂਬੇ ਵੱਲੋਂ ਕਾਨੂੰਨ ਬਦਲੇ ਜਾਣ ਤੋਂ ਪਹਿਲਾਂ।

ਵੈਂਡਰਬਿਲਟ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਕ੍ਰਿਸ ਸਲੋਬੋਗਿਨ ਨੇ ਕਿਹਾ ਕਿ ਪਾਈਕ ਨੂੰ ਘਾਤਕ ਟੀਕੇ ਰਾਹੀਂ ਮੌਤ ਦੀ ਸਜ਼ਾ ਦੇਣ ਦੇ ਆਪਣੇ ਅਧਿਕਾਰ ਨੂੰ ਲਿਖਤੀ ਰੂਪ ਵਿੱਚ ਛੱਡਣਾ ਪਵੇਗਾ, ਜਿਸ ਦਾ ਮਤਲਬ ਹੈ ਕਿ ਇਹ ਉਸ ਦਾ ਆਪਣਾ ਫ਼ੈਸਲਾ ਹੋਣਾ ਚਾਹੀਦਾ ਹੈ।

ਸਲੋਬੋਗਿਨ ਨੇ ਕਿਹਾ ਕਿ ਪਾਈਕ ਦੀ ਸਹੀ ਡਾਕਟਰੀ ਸਥਿਤੀ ਅਜੇ ਪਤਾ ਨਹੀਂ ਹੈ। ਇਸ ਲਈ ਇੱਕ ਅਜਿਹੀ ਸਥਿਤੀ ਵੀ ਹੋ ਸਕਦੀ ਹੈ ਜਿਸ ਵਿੱਚ ਸੂਬੇ ਨੂੰ ਉਸ ਨੂੰ ਮੁੜ ਮੌਤ ਦੀ ਸਜ਼ਾ ਦੇਣ ਤੋਂ ਰੋਕਿਆ ਜਾ ਸਕੇ, ਭਾਵੇਂ ਕੋਈ ਵੀ ਤਰੀਕਾ ਵਰਤਿਆ ਜਾਵੇ।

ਉਨ੍ਹਾਂ ਨੇ ਦੱਸਿਆ ਕਿ ਕਿਸੇ ਅਜਿਹੇ ਵਿਅਕਤੀ ਨੂੰ ਮੌਤ ਦੀ ਸਜ਼ਾ ਦੇਣਾ ਵੀ ਬੇਰਹਿਮ ਅਤੇ ਅਸਧਾਰਨ ਸਜ਼ਾ ਮੰਨੀ ਜਾਂਦੀ ਹੈ ਜੋ ਇਹ ਸਮਝਣ ਦੀ ਮਾਨਸਿਕ ਸਮਰੱਥਾ ਨਹੀਂ ਰੱਖਦਾ ਕਿ ਉਸ ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ।

ਇਤਿਹਾਸਕ ਤੌਰ ‘ਤੇ ਇਹ ਗੱਲ ਡਿਮੈਂਸ਼ੀਆ ਜਾਂ ਮਨੋਵਿਕਾਰ ਵਾਲੇ ਕੈਦੀਆਂ ‘ਤੇ ਲਾਗੂ ਕੀਤੀ ਜਾਂਦੀ ਰਹੀ ਹੈ, ਪਰ ਮਾਹਰਾਂ ਨੇ ਕਿਹਾ ਹੈ ਕਿ ਸੰਭਾਵਨਾ ਹੈ ਕਿ ਪਾਈਕ ਦੇ ਦਿਮਾਗ਼ ਨੂੰ ਨੁਕਸਾਨ ਪਹੁੰਚਿਆ ਹੋਵੇ।

ਇਸ ਗੱਲ ਦੀ ਮਿਸਾਲ ਵੀ ਮੌਜੂਦ ਹੈ ਕਿ ਸੂਬਿਆਂ ਨੇ ਮੌਤ ਦੀ ਸਜ਼ਾ ਵਾਲੇ ਕੈਦੀ ਨੂੰ ਮੌਤ ਦੇਣ ਲਈ ਵੱਖਰਾ ਤਰੀਕਾ ਅਪਣਾਇਆ ਹੈ।

2024 ਵਿੱਚ ਅਲਾਬਾਮਾ ਨੇ ਇੱਕ ਦੋਸ਼ੀ ਕਾਤਲ ਨੂੰ ਉਸ ਤਰੀਕੇ ਤੋਂ ਵੱਖਰੇ ਢੰਗ ਨਾਲ ਮੌਤ ਦੀ ਸਜ਼ਾ ਦਿੱਤੀ ਜਿਸ ਦੀ ਅਸਲ ਵਿੱਚ ਯੋਜਨਾ ਬਣਾਈ ਗਈ ਸੀ। ਕੈਨੇਥ ਯੂਜੀਨ ਸਮਿਥ ਨੂੰ ਨਾਈਟ੍ਰੋਜਨ ਗੈਸ ਦੀ ਵਰਤੋਂ ਕਰਕੇ ਮੌਤ ਦੀ ਸਜ਼ਾ ਦਿੱਤੀ ਗਈ, ਇਸ ਤੋਂ ਪਹਿਲਾਂ ਘਾਤਕ ਟੀਕੇ ਰਾਹੀਂ ਉਸ ਨੂੰ ਮੌਤ ਦੇਣ ਦੀ ਕੋਸ਼ਿਸ਼ ਅਸਫ਼ਲ ਰਹੀ ਸੀ।

ਕੋਲੀਨ ਸਲੇਮਰ

ਸਜ਼ਾ ਘਟਾ ਕੇ ਉਮਰ ਕੈਦ ਕਰ ਦੇਣਾ

ਟੈਨੇਸੀ ਨੇ ਮੌਤ ਦੀ ਸਜ਼ਾ ਲਾਗੂ ਕਰਨ ‘ਤੇ ਲੰਬਾ ਵਿਰਾਮ ਲਗਾਇਆ ਹੋਇਆ ਹੈ।

ਪਾਈਕ ਤੋਂ ਬਾਅਦ ਇਸ ਸਾਲ ਸਿਰਫ਼ ਇੱਕ ਹੋਰ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ, ਜਿਸ ਨੂੰ ਗਵਰਨਰ ਨੇ ਹੁਣ ਮੁਲਤਵੀ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਮਈ ਵਿੱਚ ਕੈਰਥਰਜ਼ ਦੀ ਮੌਤ ਦੀ ਸਜ਼ਾ ਨੂੰ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਸੂਬਾਈ ਅਧਿਕਾਰੀ ਘਾਤਕ ਟੀਕਾ ਦੇਣ ਲਈ ਨਾੜੀ ਨਹੀਂ ਲੱਭ ਸਕੇ ਸਨ, ਇਸ ਦਾ ਮਤਲਬ ਹੈ ਕਿ ਉਸ ਨੂੰ ਇੱਕ ਸਾਲ ਲਈ ਰਾਹਤ ਮਿਲੀ ਹੈ।

ਇਸ ਲਈ ਪਾਈਕ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਹੋਣ ਵਿੱਚ ਸੰਭਵ ਤੌਰ ‘ਤੇ ਕਾਫ਼ੀ ਸਮਾਂ ਲੱਗੇਗਾ।

ਬਚਾਅ ਪੱਖ ਦੇ ਵਕੀਲ ਜੌਨਸਨ ਨੇ ਕਿਹਾ, “ਘੱਟੋ-ਘੱਟ ਇਸ ਮਾਮਲੇ ਦੀ ਸੂਬੇ ਵੱਲੋਂ ਜਾਂਚ ਹੋਣ ਤੱਕ ਕਾਫ਼ੀ ਦੇਰੀ ਹੋਵੇਗੀ,” ਅਤੇ ਕਿਹਾ ਕਿ ਪਾਈਕ ਦੀ ਸਿਹਤ ਦੀ ਵੀ ਜਾਂਚ ਕਰਨੀ ਪਵੇਗੀ।

ਸਲੋਬੋਗਿਨ ਨੂੰ ਸ਼ੱਕ ਹੈ ਕਿ ਗਵਰਨਰ ਉਸ ਦੀ ਮੌਤ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਵਿੱਚ ਬਦਲ ਦੇਣਗੇ, ਖ਼ਾਸ ਤੌਰ ‘ਤੇ ਜੇ ਉਨ੍ਹਾਂ ਵੱਲੋਂ ਹੁਕਮ ਦਿੱਤੀ ਗਈ ਜਾਂਚ ਵਿੱਚ ਸੂਬਾਈ ਅਧਿਕਾਰੀਆਂ ਦੀਆਂ ਗਲਤੀਆਂ ਸਾਹਮਣੇ ਆਉਂਦੀਆਂ ਹਨ।

ਉਨ੍ਹਾਂ ਨੇ ਕਿਹਾ, “ਜੇ ਜਾਂਚ ਕਿਸੇ ਵੀ ਤਰੀਕੇ ਨਾਲ ਇਹ ਸੰਕੇਤ ਦਿੰਦੀ ਹੈ ਕਿ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ ਸੀ ਜਾਂ ਇਸ ਨੂੰ ਲਾਗੂ ਕਰਨਾ ਮੁਸ਼ਕਲ ਹੈ, ਤਾਂ ਫਾਂਸੀ ਨਾਲ ਜੁੜੀਆਂ ਪੇਚੀਦਗੀਆਂ ਅਤੇ ਸਾਰੀ ਨਕਾਰਾਤਮਕ ਚਰਚਾ ਨੂੰ ਦੇਖਦਿਆਂ ਇਹ ਉਸ ਲਈ ਇਸ ਮਾਮਲੇ ਤੋਂ ਨਿਕਲਣ ਦਾ ਸਭ ਤੋਂ ਸੌਖਾ ਰਸਤਾ ਹੋ ਸਕਦਾ ਹੈ।”

ਕਾਨੂੰਨੀ ਤੌਰ ‘ਤੇ ਇਸ ਦੀ ਪਹਿਲਾਂ ਵੀ ਮਿਸਾਲ ਮਿਲਦੀ ਹੈ ਕਿ ਅਸਫ਼ਲ ਮੌਤ ਦੀ ਸਜ਼ਾ ਦੀ ਕੋਸ਼ਿਸ਼ ਅਤੇ ਕੈਦੀ ਦੀ ਖ਼ਰਾਬ ਡਾਕਟਰੀ ਸਥਿਤੀ ਦੇ ਮਿਲੇ-ਜੁਲੇ ਕਾਰਨਾਂ ਕਰਕੇ ਮੌਤ ਦੀ ਸਜ਼ਾ ਨੂੰ ਬਦਲ ਦਿੱਤਾ ਗਿਆ ਹੋਵੇ।

ਅਲਾਬਾਮਾ ਦੇ ਮੌਤ ਦੀ ਸਜ਼ਾ ਵਾਲੇ ਕੈਦੀ ਡੋਇਲ ਹੈਮ ਦੀ ਮੌਤ ਦੀ ਸਜ਼ਾ ਨੂੰ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਉਸ ਦੀ ਨਾੜੀ ਵਿੱਚ ਆਈਵੀ ਲਾਈਨ ਲਗਾਉਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹਿਣ ਤੋਂ ਬਾਅਦ ਰੋਕ ਦਿੱਤਾ ਗਿਆ ਸੀ।

ਸੂਬੇ ਨੇ ਉਸ ਨੂੰ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਛੱਡ ਦਿੱਤੀ। ਇਸ ਤੋਂ ਬਾਅਦ ਇੱਕ ਕਾਨੂੰਨੀ ਸਮਝੌਤਾ ਹੋਇਆ ਜਿਸ ਵਿੱਚ ਉਸ ਦੀ ਸਿਹਤ ਨਾਲ ਸਬੰਧਤ ਮਾਮਲੇ ਵੀ ਸ਼ਾਮਲ ਸਨ। ਬਾਅਦ ਵਿੱਚ ਉਸ ਦੀ ਕੁਦਰਤੀ ਕਾਰਨਾਂ ਕਰਕੇ ਮੌਤ ਹੋ ਗਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI