Source :- BBC PUNJABI
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
-
16 ਜਨਵਰੀ 2023
ਅਪਡੇਟ 13 ਮਿੰਟ ਪਹਿਲਾਂ
ਸਾਲ 2023 ਵਿੱਚ ‘ਚਾਈਨਾ ਡੋਰ’ ਨਾਲ ਸਮਰਾਲਾ ਵਿੱਚ ਚਾਰ ਸਾਲਾ ਬੱਚੇ ਦਾ ਚਿਹਰਾ ਇੰਨਾ ਕੱਟਿਆ ਗਿਆ ਸੀ ਕਿ ਡਾਕਟਰਾਂ ਨੇ 70 ਟਾਂਕੇ ਲਗਾਕੇ ਖ਼ੂਨ ਵਗਣ ਤੋਂ ਰੋਕਿਆ।
ਪਿਛਲੇ ਕਈ ਦਹਾਕਿਆਂ ਤੋਂ ‘ਚਾਈਨਾ ਡੋਰ’ ਨਾਮ ਨਾਲ ਮਸ਼ਹੂਰ ਹੋਈ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਡੋਰ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਹਾਦਸਿਆਂ ਦਾ ਕਾਰਨ ਬਣਦੀ ਆ ਰਹੀ ਹੈ।
ਕਈ ਉੱਡਦੇ ਪੰਛੀਆਂ ਤੇ ਰਾਹਗੀਰਾਂ ਲਈ ਮੌਤ ਦਾ ਕਾਰਨ ਬਣਨ ਵਾਲੀ ਇਸ ਡੋਰ ਦੀ ਵਿਕਰੀ ਤੇ ਵਰਤੋਂ ਉੱਤੇ ਮੁਕੰਮਲ ਪਾਬੰਦੀ ਲਗਾਉਣ ਦੇ ਉਪਰਾਲੇ ਸੂਬਿਆਂ ਵਲੋਂ ਲਗਾਤਾਰ ਕੀਤੇ ਜਾ ਰਹੇ ਹਨ ਪਰ ਅੱਜ ਵੀ ਇਸਦੀ ਵਿਕਰੀ ਰੋਕਣਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।
‘ਚਾਈਨਾ ਡੋਰ’ ਕਿਹਾ ਜਾਂਦਾ ਇਹ ਮਜ਼ਬੂਤ ਧਾਗਾ ਚੀਨ ਨਹੀਂ ਬਲਕਿ ਭਾਰਤ ਵਿੱਚ ਹੀ ਬਣਦਾ ਹੈ ਤੇ ਇੱਥੇ ਹੀ ਵੱਡੀ ਮਾਤਰਾ ਵਿੱਚ ਇਸਦੀ ਵਿਕਰੀ ਹੁੰਦੀ ਹੈ।
ਆਖ਼ਰ ਚਾਈਨਾ ਡੋਰ ਇੰਨੀ ਖ਼ਤਰਨਾਕ ਕਿਉਂ ਹੈ ਤੇ ਇਸਦੀ ਵਿਕਰੀ ਰੋਕਣ ਵਿੱਚ ਚੁਣੋਤੀਆਂ ਕਿਉਂ ਹਨ?
(ਇਹ ਜਾਣਕਾਰੀ 2023 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ)
ਚਾਈਨਾ ਡੋਰ ਹੈ ਕੀ?
ਚਾਈਨਾ ਡੋਰ ਜਾਂ ਚਾਈਨਾ ਮਾਂਝਾ ਪਤੰਗ ਉਡਾਉਣ ਲਈ ਵਰਤਿਆ ਜਾਣ ਵਾਲਾ ਸੂਤੀ ਧਾਗਾ ਨਹੀਂ ਬਲਕਿ ਇਹ ਸੰਥੈਟਿਕ (ਪਲਾਸਟਿਕ ਤੇ ਹੋਰ ਬਣਾਉਟੀ ਕੱਚੇ ਪਦਾਰਥਾਂ ਤੋਂ ਤਿਆਰ) ਜਾਂ ਨਾਇਲਨ ਦਾ ਬਣਿਆ ਧਾਗਾ ਹੈ।
ਇਸ ਧਾਗੇ ਨੂੰ ਕੱਚ ਦੇ ਬਰੀਕ ਟੁਕੜਿਆਂ ਦੀ ਪਰਤ ਚੜ੍ਹਾ ਕੇ ਤੇਜ਼ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਆਮ ਬੋਲਚਾਲ ’ਚ ਡੋਰ ਨੂੰ ਮਾਂਝਾ ਲਗਾਉਣਾ ਕਿਹਾ ਜਾਂਦਾ ਹੈ।
ਨਾਇਲਨ ਤੇ ਪਲਾਸਟਿਕ ਦੇ ਬਣੇ ਧਾਗੇ, ਸੂਤੀ ਧਾਗੇ ਦੇ ਮੁਕਾਬਲੇ ਘੱਟ ਟੁੱਟਦੇ ਹਨ ਤੇ ਜੇ ਇਨ੍ਹਾਂ ਉੱਪਰ ਕੱਚ ਦੀ ਇੱਕ ਬਾਰੀਕ ਪਰਤ ਵੀ ਚੜ੍ਹੀ ਹੋਵੇ ਤਾਂ ਇਹ ਸੂਤੀ ਧਾਗੇ ਨੂੰ ਸੌਖਿਆਂ ਕੱਟ ਵੀ ਸਕਦੀ ਹੈ। ਇਸੇ ਲਈ ਇਹ ਪਤੰਗਬਾਜ਼ਾਂ ਨੂੰ ਵਧੇਰੇ ਪਸੰਦ ਹੈ।
ਪਤੰਗ ਉਡਾਉਣ ਵਾਲੇ ਦੀ ਹਮੇਸ਼ਾਂ ਇੱਛਾ ਰਹਿੰਦੀ ਹੈ ਉਸ ਦਾ ਪਤੰਗ ਟੁੱਟੇ ਨਾ ਤੇ ਇਹ ਮਜ਼ਬੂਤ ਤੇ ਬਾਰੀਕ ਡੋਰ ਇਸ ਕੰਮ ਨੂੰ ਬਾਖ਼ੂਬੀ ਕਰਦੀ ਹੈ।
ਕਈ ਡੋਰਾਂ ‘ਮੋਨੋਫ਼ਿਲਾਮੈਂਟ’ ਦੀਆਂ ਬਣੀਆਂ ਹੁੰਦੀਆਂ ਹਨ ਇਹ ਪਲਾਸਟਿਕ ਤੋਂ ਬਣਾਇਆ ਗਿਆ ਬਾਰੀਕ ਧਾਗਾ ਹੈ ਜਿਸ ਨੂੰ ਮੱਛੀਆਂ ਫ਼ੜ੍ਹਨ ਲਈ ਵਰਤਿਆਂ ਜਾਂਦਾ ਹੈ।
ਇਹ ਧਾਗੇ ਸੌਖਿਆਂ ਟੁੱਟਦੇ ਨਹੀਂ ਤੇ ਜੇ ਇਨ੍ਹਾਂ ਉੱਤੇ ਕੱਚ ਦੀ ਪਰਤ ਚੜ੍ਹ ਜਾਵੇ ਤਾਂ ਮਨੁੱਖਾਂ ਤੇ ਜਾਨਵਾਰਾਂ ਨੂੰ ਗੰਭੀਰ ਜਖ਼ਮੀ ਕਰ ਸਕਦੇ ਹਨ, ਜਾਨਲੇਵਾ ਵੀ ਹੋ ਸਕਦੇ ਹਨ।
ਚਾਈਨਾ ਡੋਰ ਬਣਦੀ ਕਿੱਥੇ ਹੈ?
ਇਸ ਡੋਰ ਦਾ ਨਾਮ ਜ਼ਰੂਰ ‘ਚਾਈਨਾ ਡੋਰ’ ਸੀ ਪਰ ਇਹ ਭਾਰਤ ਦੇ ਬਜ਼ਾਰਾਂ ਵਿੱਚ ਚੀਨ ਤੋਂ ਨਹੀਂ ਆਉਂਦੀ ਬਲਕਿ ਇਸ ਦਾ ਉਤਪਾਦਨ ਸਥਾਨਕ ਪੱਧਰ ’ਤੇ ਹੀ ਹੁੰਦਾ ਹੈ।
ਪੰਜਾਬ ਵਿੱਚ ਵੀ ਸਥਾਨਕ ਪੱਧਰ ’ਤੇ ਸੰਥੈਟਿਕ ਧਾਗੇ ਉੱਤੇ ਕੱਚ ਦਾ ਮਾਂਝਾ ਲਗਾਇਆ ਜਾਂਦਾ ਹੈ। ਪਰ ਭਾਰਤ ਵਿੱਚ ਸਭ ਤੋਂ ਵੱਧ ਇਹ ਡੋਰ ਉੱਤਰ ਪ੍ਰਦੇਸ਼ ਦੇ ਬਰੇਲੀ ਤੇ ਮੱਧ ਪ੍ਰਧੇਸ਼ ਵਿੱਚ ਕਈ ਹਿੱਸਿਆਂ ਵਿੱਚ ਬਣਦੀ ਹੈ।
ਇਸ ਨੂੰ ਡੀਲਰਾਂ ਦੀ ਮਦਦ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਾਇਆ ਜਾਂਦਾ ਹੈ।
ਪਤੰਗਬਾਜ਼ੀ ਦੇ ਸ਼ੌਕੀਨਾਂ ਮੁਤਾਬਕ ਬਰੇਲੀ ਵਿੱਚ ਬਣਨ ਵਾਲਾ ਮਾਂਝਾ ਸਭ ਤੋਂ ਵਧੀਆ ਹੈ। ਡੋਰ ਉੱਪਰ ਚੌਲਾਂ ਦੇ ਆਟੇ ਦੀ ਗੂੰਦ ਬਣਾਕੇ ਲੇਪ ਕੀਤਾ ਜਾਂਦਾ ਹੈ ਤਾਂ ਜੋ ਡੋਰ ਤੇਜ਼ ਹੋ ਸਕੇ ਤੇ ਕਿਸੇ ਵੀ ਸੂਤੀ ਜਾਂ ਕੰਮਜ਼ੋਰ ਧਾਗੇ ਨੂੰ ਕੱਟ ਸਕੇ।
ਹਾਲਾਂਕਿ ਕੱਚ ਦਾ ਮਾਂਝਾ ਇਸ ਤੋਂ ਵੀ ਤੇਜ਼ ਤੇ ਖ਼ਤਰਨਾਕ ਹੈ ਤੇ ਇਸ ਨੂੰ ਸਥਾਨਕ ਪੱਧਰ ’ਤੇ ਹੀ ਬਣਾਇਆ ਜਾਂਦਾ ਹੈ।
ਚਾਈਨਾ ਡੋਰ ਦਾ ਖ਼ਤਰਾ
ਚਾਈਨਾ ਡੋਰ ਕਿੰਨੀ ਖ਼ਤਰਨਾਕ ਹੋ ਸਕਦੀ ਹੈ ਇਸ ਦਾ ਅੰਦਾਜ਼ਾ, ਪੰਜਾਬ ਵਿੱਚ ਸਾਲ 2023 ਵਿੱਚ ਚਾਈਨਾ ਡੌਰ ਨਾਲ ਲੁਧਿਆਣਾ ਦੇ ਪਿੰਡ ਬੱਧੋਵਾਲ ਦੇ 7 ਸਾਲਾ ਬੱਚੇ ਮਨਕੀਰਤ ਸਿੰਘ ਦੀ ਮੌਤ ਤੋਂ ਲਗਾਇਆ ਜਾ ਸਕਦਾ ਹੈ।
ਕੋਹਾੜਾ ਵਿੱਚ ਡੋਰ ’ਚ ਫਸਣ ਕਰਕੇ ਦੋ ਕਬੂਤਰ ਕੱਟੇ ਗਏ।
ਚਾਈਨਾ ਡੋਰ ਅਜਿਹਾ ਸੰਥੈਟਿਕ ਧਾਗਾ ਹੈ ਜੋ ਟੁੱਟਦਾ ਨਹੀਂ ਤੇ ਕੱਚ ਦੇ ਮਾਂਝੇ ਕਰਕੇ ਹੋਰ ਵੀ ਤੇਜ਼ ਧਾਰ ਹੋ ਜਾਂਦਾ ਹੈ ਜੋ ਪੰਛੀਆਂ, ਜਾਨਵਰਾਂ ਤੇ ਮਨੁੱਖਾਂ ਨੂੰ ਜ਼ਖ਼ਮੀ ਤਾਂ ਕਰ ਹੀ ਸਕਦਾ ਹੈ, ਜਾਨਲੇਵਾ ਵੀ ਹੋ ਸਕਦਾ ਹੈ।
ਪੰਜਾਬ ਸਮੇਤ ਗੁਜਰਾਤ, ਮਹਾਰਸ਼ਟਰ ਤੇ ਦਿੱਲੀ ਵਿੱਚ ਹਰ ਸਾਲ ਬਸੰਤ ਦੇ ਦਿਨਾਂ ਵਿੱਚ ਮੌਤਾਂ ਦਰਜ ਹੋਈਆਂ ਹਨ।
ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਸਾਲ 2016 ਵਿੱਚ ਮੌਤਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਚਾਈਨਾ ਡੋਰ ਬਣਾਉਣ, ਵੇਚਣ ਤੇ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਲਗਾਈ ਸੀ।
ਸਮਾਜ ਸੇਵੀ ਚਾਈਨਾ ਡੋਰ ਦੀ ਵਰਤੋਂ ਨੂੰ ਪੰਛੀਆਂ ਖ਼ਾਸਕਰ ਕਬੂਤਰਾਂ ਲਈ ਖ਼ਤਰਨਾਕ ਦੱਸਦੇ ਹਨ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਲੰਧਰ, ਲੁਧਿਆਣਾ ਤੇ ਪਠਾਨਕੋਟ ਸਮੇਤ ਚਾਈਨਾ ਡੋਰ ਦੇ ਖ਼ਤਰੇ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਾਗਰੁਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਚਾਈਨਾ ਡੋਰ ਦੀ ਵਰਤੋਂ ’ਤੇ ਪਾਬੰਦੀ
ਨੈਸ਼ਨਲ ਗਰੀਨ ਟ੍ਰਿਬਿਉਨਲ ਨੇ ਸਾਲ 2016 ਵਿੱਚ ‘ਚਾਈਨਾ ਡੋਰ’ ਦੇ ਉਦਪਾਦਨ, ਵਿਕਰੀ ਤੇ ਵਰਤੋਂ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ।
ਐੱਨਜੀਟੀ ਮੁਤਾਬਕ ਜੇ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਪੰਜ ਸਾਲ ਦੀ ਸਜ਼ਾ ਤੇ ਇੱਕ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।
ਇੰਨਾਂ ਹੀ ਨਹੀਂ ਐੱਨਜੀਟੀ ਵਲੋਂ ਸੂਬਿਆਂ ਨੂੰ ਪਾਬੰਦੀ ਲਾਗੂ ਕਰਵਾਉਣ ਲਈ ਉਪਰਾਲੇ ਕਰਨ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਐੱਨਜੀਟੀ ਨੇ ਪਾਬੰਦੀ ਲਗਾਉਂਦਿਆਂ ਕਿਹਾ ਸੀ ਕਿ ਉਹ ਪਤੰਗ ਉਡਾਉਣ ਦੇ ਸੱਭਿਆਚਾਰ ਨੂੰ ਸਮਝਦੇ ਹਨ ਪਰ ਸੰਥੈਟਿਕ ਡੋਰਾਂ ਤੇ ਉਹ ਡੋਰਾਂ ਜਿਨ੍ਹਾਂ ਉੱਪਰ ਕੱਚ ਦੀ ਪਰਤ ਚੜ੍ਹੀ ਹੋਵੇ, ਮਨੁੱਖੀ ਅੰਗਾਂ ਤੇ ਪੰਛੀਆਂ ਨੂੰ ਕੱਟ ਸਕਦੀਆਂ ਹਨ।
ਇੰਨਾਂ ਹੀ ਨਹੀਂ ਉਹ ਬਿਜਲੀ ਨੂੰ ਵੀ ਆਸਾਨੀ ਨਾਲ ਫੜਦੀਆਂ ਹਨ ਇਸ ਤਰ੍ਹਾਂ ਪਤੰਗ ਉਡਾਉਣ ਵਾਲੇ ਲਈ ਵੀ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।
ਪਤੰਗ ਉਡਾਉਣ ਵਾਲੀ ਚਾਈਨਾ ਡੋਰ
- ਚਾਈਨਾ ਡੋਰ ਚੀਨ ਵਿੱਚ ਨਹੀਂ ਬਣਦੀ ਬਲਕਿ ਭਾਰਤ ਵਿੱਚ ਹੀ ਬਣਦੀ ਹੈ
- ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ’ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਦੇਸ਼ ਭਰ ਵਿੱਚ ਰੋਕ ਲਗਾਈ ਗਈ ਹੈ
- ਪੰਜਾਬ ਵਿੱਚ ਵੀ ਸੂਬਾ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਚਾਈਨਾ ਡੋਰ ਬਰਾਮਦ ਹੋਣ ਦੀ ਸੂਰਤ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਦੀ ਹਦਾਇਤ ਦਿੱਤੀ ਹੈ
- ਚਾਈਨਾ ਡੋਰ ਨਾਲ ਪੰਜਾਬ, ਗੁਜਰਾਤ ਤੇ ਦਿੱਲੀ ਵਿੱਚ ਸਭ ਤੋਂ ਵੱਧ ਹਾਦਸੇ ਹੁੰਦੇ ਹਨ
- ਚਾਈਨਾ ਡੋਰ ’ਤੇ ਪਾਬੰਦੀ ਦੇ ਬਾਵਜੂਦ ਇਹ ਦੇਸ ਦੇ ਤਕਰੀਬਨ ਹਰ ਸ਼ਹਿਰ ਵਿੱਚ ਮਿਲਦੀ ਹੈ
ਇਸੇ ਤਰ੍ਹਾਂ ਜਾਨਵਰਾਂ ਤੇ ਪੰਛੀਆਂ ਦੀ ਸੁਰੱਖਿਆ ਲਈ ਕੰਮ ਕਰਦੀ ਸੰਸਥਾ ਪੀਪਲ ਫ਼ਾਰ ਦਿ ਐਥੀਕਲ ਟਰੀਟਮੈਂਟ ਆਫ਼ ਐਨੀਮਲ (ਪੀਈਟੀਏ) ਨੇ ਵੀ ਹਰ ਤਰ੍ਹਾਂ ਦੇ ਮਾਂਝੇ ਵਾਲੀ ਡੋਰ ’ਤੇ ਪਾਬੰਦੀ ਲਗਾਉਣ ਦੀ ਗੱਲ ਆਖੀ ਸੀ।
ਪੀਈਟੀਏ ਮੁਤਾਬਕ ਕਿਸੇ ਵੀ ਕਿਸਮ ਦਾ ਮਾਂਝਾ ਖ਼ਤਰਨਾਕ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੂਬੇ ਵਿੱਚ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ’ਤੇ ਕਾਬੂ ਪਾਉਣ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਸਨ।
ਮੁੱਖ ਮੰਤਰੀ ਨੇ ਅਜਿਹਾ ਸਾਲ 2022 ਦੇ ਨਵੰਬਰ ਮਹੀਨੇ 13 ਸਾਲਾ ਬੱਚੇ ਦੀ ਚਾਈਨਾ ਡੋਰ ਕਾਰਨ ਹੋਈ ਮੌਤ ਤੋਂ ਬਾਅਦ ਕਿਹਾ।
ਪੰਜਾਬ ਵਿੱਚ ਚਾਈਨਾ ਡੋਰ ਦੀ ਵਿਕਰੀ ਜਾਂ ਇਸ ਦੀ ਵਰਤੋਂ ਕਰਨਾ ਸੀਆਰਪੀਸੀ ਐਕਟ 1973 ਦੀ ਧਾਰਾ 144 ਅਧੀਨ ਕਾਨੂੰਨੀ ਜੁਰਮ ਹੈ।
ਪਿੰਡਾਂ ਤੱਕ ਚਾਈਨਾ ਡੋਰ ਦੀ ਵਿਕਰੀ
ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਪੰਜਾਬ ਤੇ ਦੇਸ਼ ਦੇ ਦੂਜੇ ਸੂਬਿਆਂ ਵਿੱਚ ਵੀ ਵਿਕਰੀ ਲਈ ਉਪਲੱਬਧ ਹੈ।
ਅਗਰਤ 2022 ਵਿੱਚ ਦਿੱਲੀ ਹਾਈ ਕੋਰਟ ਵਲੋਂ ਸਰਕਾਰ ਨੂੰ ਐੱਨਜੀਟੀ ਵਲੋਂ ਚਾਈਨਾ ਡੋਰ ਦੀ ਵਿਕਰੀ ’ਤੇ ਲਗਾਈ ਗਈ ਪਾਬੰਦੀ ਨੂੰ ਮੁਕੰਮਲ ਤੌਰ ’ਤੇ ਲਾਗੂ ਕਰਨ ਲਈ ਕਿਹਾ ਗਿਆ।
ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਚਾਈਨਾ ਡੋਰ ਬਣਾਈ ਨਹੀਂ ਜਾਂਦੀ ਪਰ ਲੋਕ ਹੋਰ ਸੂਬਿਆਂ ਤੋਂ ਖ਼ਰੀਦ ਕਰ ਰਹੇ ਹਨ।
ਪਰ ਪੰਜਾਬ ਦੇ ਪਿੰਡਾਂ ਵਿੱਚ ਚਾਈਨਾ ਡੋਰ ਆਮ ਹੀ ਖ਼ਰੀਦੀ ਜਾ ਸਕਦੀ ਹੈ।
ਇਹ ਵੀ ਪੜ੍ਹੋ-
ਲਗਾਮ ਪਾਉਣਾ ਇੰਨਾਂ ਔਖਾਂ ਕਿਉਂ?
ਪੰਜਾਬ ਵਿੱਚ ਚਾਈਨਾ ਡੋਰ ਦੀ ਬਹੁਤੀ ਵਿਕਰੀ ਛੋਟੇ ਦੁਕਾਨਦਾਰਾਂ ਵਲੋਂ ਕੀਤੀ ਜਾਂਦੀ ਹੈ। ਕਾਫ਼ੀ ਵੱਡੇ ਪੱਧਰ ’ਤੇ ਵਿਕਰੀ ਅਸਥਾਈ ਵਿਕਰੇਤਾਵਾਂ ਵਲੋਂ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਪਛਾਣ ਕਰਨਾ ਇੱਕ ਚੁਣੌਤੀ ਹੈ।
ਐੱਸਐੱਸਪੀ ਖੰਨਾ ਪੁਲਿਸ ਹਰੀਸ਼ ਦਾਇਮਾ ਨੇ ਦੱਸਿਆ ਕਿ ਪੰਜਾਬ ਵਿੱਚ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਉੱਤੇ ਰੋਕ ਲਗਾਉਣ ਲਈ ਪੁਲਿਸ ਵਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ,“ ਜੇ ਚਾਈਨਾ ਡੋਰ ਦਾ ਕੋਈ ਵੀ ਮਾਮਲਾ ਆਉਂਦਾ ਹੈ ਤਾਂ ਪੁਲਿਸ ਸਖ਼ਤ ਕਾਰਵਾਈ ਕਰਦੀ ਹੈ। ਹੁਣ ਤੱਕ ਸਮਰਾਲੇ ਵਿੱਚ ਹੀ ਪੰਦਰਾਂ ਲੋਕਾਂ ਖ਼ਿਲਾਫ਼ ਐੱਫ਼ਆਈਆਰ ਦਰਜ ਹੋ ਚੁੱਕੀ ਹੈ।”
ਇਹ ਪੁੱਛੇ ਜਾਣ ’ਤੇ ਕਿ ਆਖ਼ਰ ਚਾਈਨਾ ਡੋਰ ਦੀ ਵਿਕਰੀ ਰੁਕਦੀ ਕਿਉਂ ਨਹੀਂ, ਉਨ੍ਹਾਂ ਕਿਹਾ ਇਸ ਲਈ ਸਖ਼ਤ ਯਤਨ ਕੀਤੇ ਜਾ ਰਹੇ ਹਨ ਤੇ ਇਸਦੀ ਸਪਲਾਈ ਚੇਨ ਬਾਰੇ ਵੀ ਜਾਂਚ ਚੱਲ ਰਹੀ ਹੈ।
ਉਨ੍ਹਾਂ ਕਿਹਾ,“ ਪੁਲਿਸ ਅਧਿਕਾਰੀ ਨਿੱਜੀ ਤੌਰ ’ਤੇ ਛਾਪੇ ਮਾਰ ਰਹੇ ਹਨ ਤੇ ਚਾਈਨਾ ਡੋਰ ਵੇਚਣ ਜਾਂ ਰੱਖਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।”
ਚਾਈਨਾ ਡੋਰ ਨੂੰ ਖ਼ਤਰਨਾਕ ਦੱਸਦਿਆਂ ਹਰੀਸ਼ ਦਾਇਮਾ ਨੇ ਕਿਹਾ ਕਿ ਉਹ ਪਰਚੂਨ ਵਿਕਰੀ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪਿਛਲੇ ਕੁਝ ਸਾਲਾਂ ਵਿੱਚ ਵਾਪਰੇ ਹਾਦਸੇ
ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ’ਚ ਚਾਈਨਾ ਡੋਰ ਕਾਰਨ ਕਈ ਖ਼ੌਫ਼ਨਾਕ ਹਾਦਸੇ ਵਾਪਰੇ। ਜਗਰਾਉਂ ਦੇ ਪਿੰਡ ਬੱਦੋਵਾਲ ਵਿੱਚ 7 ਸਾਲਾ ਬੱਚੇ ਮਨਕੀਰਤ ਸਿੰਘ ਦੀ ਚਾਈਨਾ ਡੋਰ ਕਾਰਨ ਮੌਤ ਹੋ ਗਈ।
ਲੋਹੜੀ ਵਾਲੇ ਦਿਨ 4 ਸਾਲਾ ਬੱਚੇ ਦਾ ਚਿਹਰਾ ਕੱਟਿਆ ਗਿਆ। ਜਦੋਂ ਉਹ ਗੱਡੀ ਵਿੱਚੋਂ ਬਾਹਰ ਉੱਡਦੇ ਪਤੰਗਾਂ ਨੂੰ ਨਿਹਾਰ ਰਿਹਾ ਸੀ।
ਜਗਰਾਉਂ ਦੇ ਹੀ ਵਾਸੀ ਰਵੀਦੀਪ ਜਦੋਂ ਆਪਣੀ ਸਕੂਟੀ ’ਤੇ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੇ ਚਿਹਰੇ ਨੂੰ ਚਾਈਨਾ ਡੋਰ ਨੇ ਲਪੇਟਾ ਪਾ ਲਿਆ। ਤੇ ਉਨ੍ਹਾਂ ਦਾ ਚਿਹਰਾ ਕੱਟਿਆ ਗਿਆ।
ਅਜਿਹੇ ਹਾਦਸਿਆਂ ਨੂੰ ਰੋਕਣਾ ਸ਼ਾਇਦ ਪ੍ਰਸ਼ਾਸਨ ਦੇ ਨਹੀਂ ਆਮ ਲੋਕਾਂ ਦੇ ਹੱਥ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI