Source :- BBC PUNJABI
ਤਸਵੀਰ ਸਰੋਤ, Xinhua
ਚੀਨ ਦੇ ਆਗੂ ਸ਼ੀ ਜਿਨਪਿੰਗ ਲਈ ਉੱਤਰੀ ਕੋਰੀਆ ਅਜਿਹਾ ਗੁਆਂਢੀ ਹੈ ਜਿਸ ਨੂੰ ਚੀਨ ਨਾ ਤਾਂ ਕਾਬੂ ਕਰ ਸਕਦਾ ਹੈ ਅਤੇ ਨਾ ਹੀ ਗੁਆਉਣ ਦਾ ਜੋਖ਼ਮ ਉਠਾ ਸਕਦਾ ਹੈ।
ਦੋਵੇਂ ਪੱਖ ਅਕਸਰ ਆਪਣੇ ਰਿਸ਼ਤੇ ਨੂੰ “ਖ਼ੂਨ ਦੀ ਸਾਂਝ” ਦੱਸਦੇ ਹਨ, ਜੋ ਕੋਰੀਆਈ ਜੰਗ ਦਾ ਹਵਾਲਾ ਹੈ।
ਫਿਰ ਵੀ, ਹਾਲ ਦੇ ਸਾਲਾਂ ਵਿੱਚ ਆਪਸੀ ਬੇਭਰੋਸਗੀ ਨੇ ਇਨ੍ਹਾਂ ਸਬੰਧਾਂ ‘ਤੇ ਅਸਰ ਪਾਇਆ ਹੈ ਅਤੇ ਹੁਣ ਬੀਜਿੰਗ ਇੱਕ ਅਜਿਹੀ ਭਾਈਵਾਲੀ ‘ਤੇ ਆਪਣਾ ਪ੍ਰਭਾਵ ਮੁੜ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਰਣਨੀਤਕ ਤੌਰ ‘ਤੇ ਬਹੁਤ ਮਹੱਤਵਪੂਰਨ ਹੈ, ਪਰ ਇਸ ਬਾਰੇ ਕੁਝ ਪੱਕੇ ਤੌਰ ‘ਤੇ ਨਹੀਂ ਕਿਹਾ ਜਾ ਸਕਦਾ।
ਚੀਨ ਆਪਣੀ ਸਰਹੱਦ ‘ਤੇ ਸਥਿਰਤਾ ਅਤੇ ਪਿਓਂਗਯਾਂਗ ਵਿੱਚ ਪ੍ਰਭਾਵ ਚਾਹੁੰਦਾ ਹੈ, ਪਰ ਉੱਤਰੀ ਕੋਰੀਆ ਦੀਆਂ ਪਰਮਾਣੂ ਇੱਛਾਵਾਂ ਕਾਰਨ ਪੈਦਾ ਹੋਣ ਵਾਲੇ ਸੰਕਟਾਂ ਵਿੱਚ ਬਚਕੇ।
ਇਸ ਲਈ ਇਸ ਹਫ਼ਤੇ ਸ਼ੀ ਦੀ ਯਾਤਰਾ, (ਉਹ ਸੋਮਵਾਰ ਨੂੰ ਪਿਓਂਗਯਾਂਗ ਪਹੁੰਚੇ) ਸੰਭਵ ਤੌਰ ‘ਤੇ ਦੋਸਤੀ ਨਾਲੋਂ ਘੱਟ ਅਤੇ ਪ੍ਰਭਾਵ ਕਾਇਮ ਰੱਖਣ ਦੀ ਕੋਸ਼ਿਸ਼ ਨਾਲ ਵੱਧ ਜੁੜੀ ਹੋਈ ਹੈ।
ਸਿਓਲ ਦਾ ਮੰਨਣਾ ਹੈ ਕਿ ਉਹ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਚੀਨ ਨੂੰ ਇੱਕ ਵਿਚੋਲੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਪਰ ਬੀਜਿੰਗ ਦੇ ਹੋਰ ਮਕਸਦ ਵੀ ਹੋ ਸਕਦੇ ਹਨ।
ਪੱਛਮੀ ਕੂਟਨੀਤਕ ਸਰੋਤਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਪਿਓਂਗਯਾਂਗ ਅਤੇ ਮਾਸਕੋ ਵਿਚਕਾਰ ਵਧਦੀ ਸਾਂਝ ਨੂੰ ਲੈ ਕੇ ਚੀਨ ਦੀ ਚਿੰਤਾ ਲਗਾਤਾਰ ਵਧ ਰਹੀ ਹੈ।
ਪਿਛਲੇ ਹਫ਼ਤੇ ਰੂਸੀ ਆਗੂ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਤੋਂ ਬਾਅਦ, ਸ਼ੀ ਸ਼ਾਇਦ ਇਹ ਯਕੀਨੀ ਬਣਾਉਣਾ ਚਾਹੁੰਦੇ ਹੋਣ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਵੀ ਉਨ੍ਹਾਂ ਦੇ ਪ੍ਰਭਾਵ ਦੇ ਦਾਇਰੇ ਵਿੱਚ ਰਹਿਣ, ਖ਼ਾਸ ਕਰਕੇ ਉਸ ਵੇਲੇ ਜਦੋਂ ਬੀਜਿੰਗ ਵਿਸ਼ਵ ਪੱਧਰ ‘ਤੇ ਆਪਣੀ ਮੌਜੂਦਗੀ ਵਧਾ ਰਿਹਾ ਹੈ।
ਤਣਾਅਪੂਰਨ ਸਬੰਧਾਂ ਵਿੱਚ ਨਰਮੀ
ਬੀਜਿੰਗ ਅਤੇ ਪਿਓਂਗਯਾਂਗ ਦਰਮਿਆਨ ਠੰਢੇ ਪਏ ਸਬੰਧ ਸਪੱਸ਼ਟ ਨਜ਼ਰ ਆ ਰਹੇ ਸਨ, ਭਾਵੇਂ ਇਹ ਬਦਲਾਅ ਬਹੁਤ ਸੂਖਮ ਹੀ ਕਿਉਂ ਨਾ ਸੀ।
ਅਕਤੂਬਰ 2024 ਵਿੱਚ ਦੋਵਾਂ ਦੇਸ਼ਾਂ ਨੇ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਨੂੰ ਵੀ ਬਹੁਤ ਸੀਮਤ ਢੰਗ ਨਾਲ ਮਨਾਇਆ। ਜਨਤਕ ਸੰਦੇਸ਼ਾਂ ਵਿੱਚ ਵੀ ਖ਼ਾਸ ਉਤਸ਼ਾਹ ਨਹੀਂ ਸੀ।
ਇਸ ਤੋਂ ਇੱਕ ਮਹੀਨਾ ਪਹਿਲਾਂ ਉੱਤਰੀ ਕੋਰੀਆ ਦੇ ਸਥਾਪਨਾ ਦਿਵਸ ਸਮਾਗਮਾਂ ਵਿੱਚ ਚੀਨ ਦੇ ਰਾਜਦੂਤ ਨੇ ਹਿੱਸਾ ਨਹੀਂ ਲਿਆ ਸੀ। ਪੂਰੇ ਸਾਲ ਦੌਰਾਨ ਉੱਚ ਪੱਧਰੀ ਵਟਾਂਦਰੇ ਵੀ ਨਹੀਂ ਹੋਏ, ਜੋ ਕਿ ਮਾਸਕੋ ਨਾਲ ਪਿਓਂਗਯਾਂਗ ਦੇ ਲਗਾਤਾਰ ਗਰਮਜੋਸ਼ ਹੁੰਦੇ ਸਬੰਧਾਂ ਦੇ ਮੁਕਾਬਲੇ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦਾ ਸੀ।
ਰੂਸ ਨਾਲ ਵਧਦੀ ਇਹ ਨੇੜਤਾ ਬੀਜਿੰਗ ਲਈ ਬੇਚੈਨੀ ਦਾ ਕਾਰਨ ਬਣੀ ਹੋਈ ਹੈ।
ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ, ਉੱਤਰੀ ਕੋਰੀਆ ਨੇ ਪੁਤਿਨ ਨਾਲ ਆਪਣਾ ਫੌਜੀ ਸਹਿਯੋਗ ਵਧਾ ਲਿਆ ਹੈ। ਇਸ ਦਾ ਸਿਖਰ 2024 ਵਿੱਚ ਪੁਤਿਨ ਦੀ ਪਿਓਂਗਯਾਂਗ ਯਾਤਰਾ ਦੌਰਾਨ ਦਸਤਖ਼ਤ ਕੀਤੇ ਗਏ ਆਪਸੀ ਰੱਖਿਆ ਸਮਝੌਤੇ ਦੇ ਰੂਪ ਵਿੱਚ ਸਾਹਮਣੇ ਆਇਆ।
ਬੀਬੀਸੀ ਦੀ ਇੱਕ ਜਾਂਚ ਮੁਤਾਬਕ, ਯੂਕਰੇਨ ਖ਼ਿਲਾਫ਼ ਰੂਸ ਵੱਲੋਂ ਲੜਦੇ ਹੋਏ ਉੱਤਰੀ ਕੋਰੀਆ ਦੇ ਲਗਭਗ 2,300 ਸੈਨਿਕ ਮਾਰੇ ਜਾ ਚੁੱਕੇ ਹਨ।
ਪਿਓਂਗਯਾਂਗ ਉੱਤੇ ਇਹ ਵੀ ਇਲਜ਼ਾਮ ਹੈ ਕਿ ਉਹ ਰੂਸ ਦੇ ਜੰਗੀ ਯਤਨਾਂ ਲਈ ਗੋਲਾ-ਬਾਰੂਦ ਮੁਹੱਈਆ ਕਰਵਾ ਰਿਹਾ ਹੈ ਅਤੇ ਬਦਲੇ ਵਿੱਚ ਤੇਲ ਅਤੇ ਮਦਦ ਹਾਸਲ ਕਰ ਰਿਹਾ ਹੈ। ਇਸ ਘਟਨਾਕ੍ਰਮ ਨੇ ਵਾਸ਼ਿੰਗਟਨ ਅਤੇ ਉਸ ਦੇ ਸਹਿਯੋਗੀਆਂ ਨੂੰ ਚਿੰਤਤ ਕੀਤਾ ਹੈ ਅਤੇ ਚੀਨ ਨੂੰ ਵੀ ਅੰਦਰੂਨੀ ਤੌਰ ‘ਤੇ ਬੇਚੈਨ ਕਰ ਦਿੱਤਾ ਹੈ।
ਕਾਰਨੇਗੀ ਐਂਡੋਮੈਂਟ ਫ਼ਾਰ ਇੰਟਰਨੈਸ਼ਨਲ ਪੀਸ ਦੇ ਪਰਮਾਣੂ ਨੀਤੀ ਮਾਹਰ ਅੰਕਿਤ ਪਾਂਡਾ ਕਹਿੰਦੇ ਹਨ, “ਚੀਨ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਮਾਸਕੋ ਅਤੇ ਪਿਓਂਗਯਾਂਗ ਵਿਚਕਾਰ ਤੇਜ਼ੀ ਨਾਲ ਵਧ ਰਹੀ ਨੇੜਤਾ ਦੇ ਦੌਰ ਵਿੱਚ ਉੱਤਰੀ ਕੋਰੀਆ ਨਾਲ ਜੁੜੇ ਉਸ ਦੇ ਹਿੱਤ ਸੁਰੱਖਿਅਤ ਰਹਿਣ।”
ਤਸਵੀਰ ਸਰੋਤ, AFP via Getty Images
ਚੀਨ ਦਾ ਸਿਰਫ਼ ਇੱਕ ਹੀ ਰਸਮੀ ਰੱਖਿਆ ਸਮਝੌਤਾ ਹੈ ਅਤੇ ਉਹ ਉੱਤਰੀ ਕੋਰੀਆ ਨਾਲ ਹੈ।
ਇਸ ਲਈ ਬੀਜਿੰਗ ਸ਼ਾਇਦ ਅਜਿਹੀ ਸਥਿਤੀ ਦਾ ਸਵਾਗਤ ਨਾ ਕਰੇ ਜਿਸ ਵਿੱਚ ਪਿਓਂਗਯਾਂਗ ਉੱਤੇ ਰੂਸ ਦਾ ਪ੍ਰਭਾਵ ਸਭ ਤੋਂ ਵੱਧ ਹੋ ਜਾਵੇ। ਵਧੇਰੇ ਆਤਮਵਿਸ਼ਵਾਸੀ ਅਤੇ ਘੱਟ ਨਿਰਭਰ ਕਿਮ ਦਾ ਮਤਲਬ ਹੋਵੇਗਾ ਕਿ ਚੀਨ ਦਾ ਪ੍ਰਭਾਵ ਘਟ ਜਾਵੇ।
ਇਸ ਦੇ ਜਵਾਬ ਵਿੱਚ ਬੀਜਿੰਗ ਨੇ ਸਬੰਧਾਂ ਨੂੰ ਮੁੜ ਪਟੜੀ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲ ਦੇ ਅਖੀਰ ਵਿੱਚ ਸ਼ੀ ਨੇ ਕਿਮ ਨੂੰ ਬੀਜਿੰਗ ਵਿੱਚ ਇੱਕ ਫੌਜੀ ਪਰੇਡ ਲਈ ਸੱਦਾ ਦਿੱਤਾ ਸੀ ਅਤੇ ਪੁਤਿਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਕੋਲ ਪ੍ਰਮੁੱਖ ਥਾਂ ਦਿੱਤੀ ਸੀ।
ਇਹ ਛੇ ਸਾਲਾਂ ਵਿੱਚ ਉਨ੍ਹਾਂ ਦੀ ਪਹਿਲੀ ਰਸਮੀ ਸਿਖ਼ਰ ਬੈਠਕ ਸੀ। ਸ਼ੀ ਨੇ ਦੋਵਾਂ ਨੂੰ “ਚੰਗੇ ਗੁਆਂਢੀ, ਚੰਗੇ ਦੋਸਤ ਅਤੇ ਸਾਂਝੀ ਕਿਸਮਤ ਨਾਲ ਜੁੜੇ ਚੰਗੇ ਸਾਥੀ” ਕਰਾਰ ਦਿੱਤਾ ਅਤੇ ਹੋਰ ਨਜ਼ਦੀਕੀ ਰਣਨੀਤਕ ਤਾਲਮੇਲ ਦੀ ਅਪੀਲ ਕੀਤੀ।
ਧਿਆਨ ਦੇਣ ਵਾਲੀ ਗੱਲ ਇਹ ਸੀ ਕਿ ਜਨਤਕ ਬਿਆਨਾਂ ਵਿੱਚ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰਾਂ ਦੇ ਭੰਡਾਰ ਦਾ ਕੋਈ ਜ਼ਿਕਰ ਨਹੀਂ ਸੀ।
ਹਾਰਵਰਡ ਯੂਨੀਵਰਸਿਟੀ ਏਸ਼ੀਆ ਸੈਂਟਰ ਦੇ ਮਹਿਮਾਨ ਖੋਜਕਾਰ ਲੀ ਸਿਓਂਗ ਹਯੋਨ ਕਹਿੰਦੇ ਹਨ ਕਿ ਪਿਓਂਗਯਾਂਗ ਅਤੇ ਮਾਸਕੋ ਵਿਚਕਾਰ ਵਧਦੀ ਸਾਂਝ ਨੂੰ ਲੈ ਕੇ ਬੀਜਿੰਗ ਦੀਆਂ “ਮਿਲੀਆਂ-ਜੁਲੀਆਂ ਭਾਵਨਾਵਾਂ” ਹਨ।
ਉਨ੍ਹਾਂ ਮੁਤਾਬਕ, ਇੱਕ ਪਾਸੇ ਇਹ ਭਾਈਵਾਲੀ “ਵਾਸ਼ਿੰਗਟਨ ਦਾ ਧਿਆਨ ਭਟਕਾਉਂਦੀ ਹੈ ਅਤੇ ਕਈ ਮੋਰਚਿਆਂ ‘ਤੇ ਅਮਰੀਕੀ ਰਣਨੀਤੀ ਨੂੰ ਹੋਰ ਜਟਿਲ ਬਣਾਉਂਦੀ ਹੈ, ਜਿਸ ਦਾ ਅਸਿੱਧਾ ਫ਼ਾਇਦਾ ਚੀਨ ਨੂੰ ਹੁੰਦਾ ਹੈ।”
ਪਰ ਉਹ ਇਹ ਵੀ ਕਹਿੰਦੇ ਹਨ ਕਿ ਰੂਸ ਅਤੇ ਉੱਤਰੀ ਕੋਰੀਆ ਵਿਚਕਾਰ ਵਧਦਾ ਫੌਜੀ ਸਹਿਯੋਗ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਵੱਲੋਂ ਹੋਰ ਮਜ਼ਬੂਤ ਤਿਕੋਣੀ ਫੌਜੀ ਜਵਾਬ ਨੂੰ ਜਨਮ ਦੇ ਸਕਦਾ ਹੈ, ਜੋ ਬੀਜਿੰਗ ਲਈ ਚਿੰਤਾ ਦਾ ਕਾਰਨ ਹੋਵੇਗਾ।
ਇਹੀ ਇੱਕ ਕਾਰਨ ਹੈ ਕਿ ਚੀਨ ਪਿਓਂਗਯਾਂਗ ਦੇ ਪਰਮਾਣੂ ਪ੍ਰੋਗਰਾਮ ਦੀ ਹਮਾਇਤ ਨਹੀਂ ਕਰ ਰਿਹਾ, ਕਿਉਂਕਿ ਇਸ ਨਾਲ ਖੇਤਰ ਵਿੱਚ ਅਮਰੀਕਾ ਦੀ ਸ਼ਮੂਲੀਅਤ ਅਤੇ ਉਸ ਦੇ ਗੱਠਜੋੜ ਹੋਰ ਮਜ਼ਬੂਤ ਹੋ ਜਾਣਗੇ।
ਪਰ ਚੀਨ ਇਸ ਮੁੱਦੇ ਦਾ ਸਿੱਧਾ ਸਾਹਮਣਾ ਵੀ ਨਹੀਂ ਕਰ ਰਿਹਾ।
ਸਾਲ 2022 ਵਿੱਚ ਚੀਨ ਅਤੇ ਰੂਸ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਪਰੀਖਣਾਂ ਦੇ ਜਵਾਬ ਵਿੱਚ ਨਵੀਆਂ ਪਾਬੰਦੀਆਂ ਲਗਾਉਣ ਲਈ ਅਮਰੀਕਾ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਵੀਟੋ ਕਰ ਦਿੱਤਾ ਸੀ।
ਸੈਂਟਰ ਫ਼ਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੇ ਵਿਦੇਸ਼ ਨੀਤੀ ਵਿਭਾਗ ਦੇ ਮੁਖੀ ਵਿਕਟਰ ਚਾਅ ਕਹਿੰਦੇ ਹਨ, “ਜੇ ਚੀਨ ਪਿਓਂਗਯਾਂਗ ਦੇ ਪਰਮਾਣੂ ਪ੍ਰੋਗਰਾਮ ਦੇ ਖ਼ਿਲਾਫ਼ ਸਖ਼ਤ ਰੁਖ਼ ਅਪਨਾਉਂਦਾ ਹੈ, ਤਾਂ ਇਸ ਨਾਲ ਉੱਤਰੀ ਕੋਰੀਆ ਹੋਰ ਵੀ ਵੱਧ ਪੁਤਿਨ ਦੇ ਨੇੜੇ ਚਲਾ ਜਾਵੇਗਾ।”
ਤਸਵੀਰ ਸਰੋਤ, Getty Images
ਵਿਹਾਰਕ ਭਾਈਵਾਲ
ਪਰ ਕਿਮ ਵੀ ਆਪਣੇ ਸਭ ਤੋਂ ਵੱਡੇ ਸਹਾਇਤਾ ਸਰੋਤ ਨੂੰ ਨਾਰਾਜ਼ ਕਰਨ ਦਾ ਜੋਖ਼ਮ ਨਹੀਂ ਲੈ ਸਕਦੇ।
ਪਿਛਲੇ ਸਾਲ ਉੱਤਰੀ ਕੋਰੀਆ ਲਈ ਚੀਨ ਦਾ ਨਿਰਯਾਤ ਵਧ ਕੇ ਲਗਭਗ 2.3 ਅਰਬ ਡਾਲਰ (1.7 ਅਰਬ ਪੌਂਡ) ਤੱਕ ਪਹੁੰਚ ਗਿਆ, ਜੋ ਛੇ ਸਾਲਾਂ ਵਿੱਚ ਸਭ ਤੋਂ ਉੱਚਾ ਪੱਧਰ ਸੀ।
ਇਸ ਸਾਲ ਦੇ ਸ਼ੁਰੂ ਵਿੱਚ ਛੇ ਸਾਲਾਂ ਦੇ ਵਿਰਾਮ ਤੋਂ ਬਾਅਦ ਬੀਜਿੰਗ ਅਤੇ ਪਿਓਂਗਯਾਂਗ ਦਰਮਿਆਨ ਯਾਤਰੀ ਰੇਲ ਸੇਵਾ ਵੀ ਮੁੜ ਸ਼ੁਰੂ ਹੋ ਗਈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਵੀ ਬੀਜਿੰਗ ਦੀ ਇੱਕ ਸੋਚੀ-ਸਮਝੀ ਕੋਸ਼ਿਸ਼ ਹੈ, ਜਿਸ ਦਾ ਮਕਸਦ ਪਿਓਂਗਯਾਂਗ ਨੂੰ ਮੁੜ ਆਪਣੇ ਪ੍ਰਭਾਵ-ਖੇਤਰ ਵਿੱਚ ਲਿਆਉਣਾ ਹੈ।
ਕਿਮ ਲਈ ਇਹ ਇੱਕ ਵਿਹਾਰਕ ਚੋਣ ਹੈ। ਜੇ ਯੂਕਰੇਨ ਦੀ ਜੰਗ ਖ਼ਤਮ ਹੋ ਜਾਂਦੀ ਹੈ, ਤਾਂ ਉੱਤਰੀ ਕੋਰੀਆ ਦੀ ਮਦਦ ਲਈ ਰੂਸ ਦੀ ਲੋੜ ਘੱਟ ਹੋ ਸਕਦੀ ਹੈ ਅਤੇ ਇੱਕ ਹੱਦ ਤੱਕ ਇਕੱਲੇ ਪੈ ਚੁੱਕੇ ਪੁਤਿਨ ਦੇ ਉਲਟ, ਸ਼ੀ ਲਗਾਤਾਰ ਦੁਨੀਆ ਭਰ ਦੇ ਆਗੂਆਂ ਦਾ ਬੀਜਿੰਗ ਵਿੱਚ ਸਵਾਗਤ ਕਰ ਰਹੇ ਹਨ।
ਇਸ ਲਈ ਕਿਮ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਹ ਕਿਸੇ ਕਮਜ਼ੋਰ ਪੈਂਦੇ ਭਾਈਵਾਲ ਉੱਤੇ ਹੀ ਨਿਰਭਰ ਨਾ ਰਹਿ ਜਾਣ।
ਪਰ ਇਹ ਰਿਸ਼ਤਾ ਸ਼ੁਰੂ ਤੋਂ ਹੀ ਪੇਚੀਦਗੀਆਂ ਭਰਿਆ ਰਿਹਾ ਹੈ।
ਕਿਮ ਨੇ ਸੱਤਾ ਅਜਿਹੀਆਂ ਤਰਜੀਹਾਂ ਨਾਲ ਸੰਭਾਲੀ ਸੀ ਜੋ ਉਨ੍ਹਾਂ ਦੇ ਪਿਤਾ ਤੋਂ ਵੱਖਰੀਆਂ ਸਨ।
ਜਿੱਥੇ ਕਿਮ ਜੋਂਗ ਇਲ ਨੇ ਕਈ ਵਾਰ ਚੀਨ ਦਾ ਦੌਰਾ ਕੀਤਾ ਅਤੇ ਬੀਜਿੰਗ ਦੇ ਸਮਰਥਨ ਉੱਤੇ ਨਿਰਭਰ ਰਹੇ, ਉੱਥੇ ਉਨ੍ਹਾਂ ਦੇ ਪੁੱਤਰ ਨੇ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦਾ ਰਾਹ ਚੁਣਿਆ।
ਸੱਤਾ ਵਿੱਚ ਆਪਣੇ ਪਹਿਲੇ ਛੇ ਸਾਲਾਂ ਦੌਰਾਨ ਕਿਮ ਨੇ ਲਗਭਗ 90 ਬੈਲਿਸਟਿਕ ਮਿਜ਼ਾਈਲ ਪਰੀਖਣਾਂ ਅਤੇ ਚਾਰ ਪਰਮਾਣੂ ਧਮਾਕਿਆਂ ਦੀ ਨਿਗਰਾਨੀ ਕੀਤੀ, ਜੋ ਉਨ੍ਹਾਂ ਦੇ ਪਿਤਾ ਅਤੇ ਦਾਦਾ ਦੇ ਕੁੱਲ ਅੰਕੜੇ ਨਾਲੋਂ ਵੀ ਵੱਧ ਸਨ।
ਇਸ ਨੇ ਬੀਜਿੰਗ ਨੂੰ ਚਿੰਤਤ ਕਰ ਦਿੱਤਾ।
ਇਸ ਤੋਂ ਬਾਅਦ ਕਿਮ ਦੇ ਚਾਚਾ ਜੰਗ ਸੋਂਗ ਥੇਕ ਨੂੰ ਫਾਂਸੀ ਦਿੱਤੇ ਜਾਣ ਦੀ ਘਟਨਾ ਨੇ ਵੀ ਦੋਵਾਂ ਪੱਖਾਂ ਵਿਚਕਾਰ ਦੂਰੀ ਹੋਰ ਵਧਾ ਦਿੱਤੀ। ਚੀਨ ਉਨ੍ਹਾਂ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਦੇਖਦਾ ਸੀ ਜੋ ਸਥਿਰਤਾ ਬਣਾਈ ਰੱਖਣ ਵਿੱਚ ਮਦਦਗਾਰ ਸੀ।
ਤਸਵੀਰ ਸਰੋਤ, Getty via KCNA
ਸ਼ੀ ਨੇ ਇਸ ਦੇ ਜਵਾਬ ਵਿੱਚ ਆਪਣੀ ਨਾਰਾਜ਼ਗੀ ਦੇ ਬਹੁਤ ਹੀ ਵਿਰਲੇ ਕੂਟਨੀਤਕ ਸੰਕੇਤ ਦਿੱਤੇ। ਉਨ੍ਹਾਂ ਨੇ 2014 ਵਿੱਚ ਕਿਮ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਹੀ ਦੱਖਣੀ ਕੋਰੀਆ ਦਾ ਦੌਰਾ ਕੀਤਾ ਸੀ। ਇਸ ਕਦਮ ਨੂੰ ਵਿਆਪਕ ਤੌਰ ‘ਤੇ ਇੱਕ ਅਣਗੌਲਿਆਂ ਕੀਤਾ ਗਿਆ ਸੀ।
ਉੱਤਰੀ ਕੋਰੀਆ ਨੇ ਇਸ ਦੇ ਜਵਾਬ ਵਿੱਚ ਚੀਨ ਨੂੰ “ਦਗਾਬਾਜ਼ ਅਤੇ ਸਾਡਾ ਦੁਸ਼ਮਣ” ਕਿਹਾ ਸੀ।
ਸਾਲ 2018 ਵਿੱਚ, ਜਦੋਂ ਉਸ ਦੇ ਪਰਮਾਣੂ ਪ੍ਰੋਗਰਾਮ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦਾ ਅਸਰ ਮਹਿਸੂਸ ਹੋਣਾ ਸ਼ੁਰੂ ਹੋਇਆ, ਉਦੋਂ ਹੀ ਕਿਮ ਨੇ ਆਪਣੀ ਪਹਿਲੀ ਜਾਣੀ-ਪਛਾਣੀ ਵਿਦੇਸ਼ ਯਾਤਰਾ ਕੀਤੀ।
ਉਹ ਆਪਣੀ ਬਖ਼ਤਰਬੰਦ ਰੇਲਗੱਡੀ ਵਿੱਚ ਸਵਾਰ ਹੋ ਕੇ ਬੀਜਿੰਗ ਪਹੁੰਚੇ।
ਇਹ ਮੁਲਾਕਾਤ ਸਬੰਧਾਂ ਨੂੰ ਸਾਵਧਾਨੀ ਨਾਲ ਮੁੜ ਸੰਤੁਲਿਤ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਸੀ।
ਬਾਅਦ ਵਿੱਚ ਕਿਮ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਦੇ ਆਗੂਆਂ ਨਾਲ ਵੀ ਮੁਲਾਕਾਤਾਂ ਕੀਤੀਆਂ, ਪਰ ਹਰ ਵਾਰ ਚੀਨ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ।
ਸੰਦੇਸ਼ ਸਪੱਸ਼ਟ ਸੀ: ਪਿਓਂਗਯਾਂਗ ਬੀਜਿੰਗ ਦੇ ਸਮਰਥਨ ਤੋਂ ਬਿਨਾਂ ਕੋਈ ਗੱਲਬਾਤ ਨਹੀਂ ਕਰੇਗਾ।
ਅੱਜ ਉੱਤਰੀ ਕੋਰੀਆ ਚੀਨ ਲਈ ਇੱਕੋ ਸਮੇਂ ਸੁਰੱਖਿਆ ਕਵਚ ਵੀ ਹੈ ਅਤੇ ਬੋਝ ਵੀ।
ਇਹ ਅਮਰੀਕੀ ਫ਼ੌਜਾਂ ਨੂੰ ਚੀਨ ਦੀ ਸਰਹੱਦ ਤੋਂ ਦੂਰ ਰੱਖਦਾ ਹੈ, ਪਰ ਇਸ ਦੇ ਹਥਿਆਰਾਂ ਦੇ ਪਰੀਖਣ ਖੇਤਰ ਵਿੱਚ ਅਸਥਿਰਤਾ ਪੈਦਾ ਕਰਦੇ ਹਨ।
ਦੂਜੇ ਪਾਸੇ, ਕਿਮ ਚੀਨ ਦੀ ਸੁਰੱਖਿਆ ਤਾਂ ਚਾਹੁੰਦੇ ਹਨ, ਪਰ ਚੀਨ ਦਾ ਕੰਟ੍ਰੋਲ ਨਹੀਂ।
ਦੋਵੇਂ ਪੱਖ ਇੱਕ-ਦੂਜੇ ਉੱਤੇ ਪੂਰਾ ਭਰੋਸਾ ਨਹੀਂ ਕਰਦੇ।
ਪਰ ਫ਼ਿਲਹਾਲ ਦੋਵਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇੱਕ-ਦੂਜੇ ਦੀ ਲੋੜ ਹੈ, ਅਤੇ ਗੱਲਬਾਤ ਜਾਰੀ ਰੱਖਣ ਲਈ ਇਹੀ ਗੱਲ ਕਾਫ਼ੀ ਹੈ।
ਵਾਧੂ ਰਿਪੋਰਟਿੰਗ: ਕੈਲੀ ਐਨਜੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







