Source :- BBC PUNJABI
ਤਸਵੀਰ ਸਰੋਤ, Getty Images
ਚੇਤਾਵਨੀ- ਇਸ ਰਿਪੋਰਟ ਵਿਚ ਹਿੰਸਾ ਅਤੇ ਖੁਦਕੁਸ਼ੀ ਦੇ ਵੇਰਵੇ ਹਨ।
“ਮੈਂ ਉਸ ਨੂੰ ਮੇਰੇ ਬੇਟੇ ਅਤੇ ਮੈਨੂੰ ਮਾਰਨ ਲਈ 50,000 ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਇਸ ਵਿੱਚ ਇੱਕ ਬੱਚਾ ਸ਼ਾਮਲ ਸੀ।”
“ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਲੋਕਾਂ ਨੂੰ ਜਾਨੋਂ ਮਾਰਨ ਦੀ ਇੱਛਾ ਕਿੱਥੋਂ ਆਉਂਦੀ ਹੈ। ਮੈਨੂੰ ਕਿਸੇ ਦੂਜੇ ਵਿਅਕਤੀ ਨੂੰ ਤੜਫਦਾ ਦੇਖਣਾ ਚੰਗਾ ਲਗਦਾ ਹੈ।”
ਤਕਰੀਬਨ ਦੋ ਮਹੀਨਿਆਂ ਤੱਕ, ਬ੍ਰਾਜ਼ੀਲ ਦੇ ਇੱਕ ਕਿਸਾਨ ਨੇ ਇਹ ਅਤੇ ਅਜਿਹੇ ਹੋਰ ਸੰਦੇਸ਼ ਚੈਟ ਜੀਪੀਟੀ ਨਾਲ ਸਾਂਝੇ ਕੀਤੇ। ਪੁਲਿਸ ਮੁਤਾਬਕ ਇਨ੍ਹਾਂ ਵਿੱਚ ਉਸ ਦੇ ਅੱਠ ਸਾਲਾ ਬੇਟੇ ਨੂੰ ਮਾਰਨ, ਦੂਜਿਆਂ ‘ਤੇ ਹਮਲਾ ਕਰਨ ਅਤੇ ਫਿਰ ਖੁਦ ਦੀ ਜਾਨ ਲੈਣ ਦੀਆਂ ਯੋਜਨਾਵਾਂ ਸਨ।
ਅਤੇ ਬੀਬੀਸ ਨਿਊਜ਼ ਬ੍ਰਾਜ਼ੀਲ ਨੇ ਇਹ ਮੈਸੇਜ ਦੇਖੇ ਸਨ ਜਿਨ੍ਹਾਂ ਕਾਰਨ ਉਸ ਵਿਅਕਤੀ ਦੀ ਗ੍ਰਿਫਤਾਰੀ ਹੋਈ।
ਇਹ ਇਸ ਤਰ੍ਹਾਂ ਦੇ ਬਹੁਤ ਥੋੜ੍ਹੇ ਮਸਲਿਆਂ ਵਿਚੋਂ ਇੱਕ ਹੈ। ਇੱਕ 36 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਚੈਟਜੀਪੀਟੀ ਬਣਾਉਣ ਵਾਲੀ ਓਪਨ ਏਆਈ ਕੰਪਨੀ ਨੇ ਉਸ ਦੇ ਮੈਸੇਜਾਂ ਬਾਰੇ ਐਫਬੀਆਈ ਨੂੰ ਸੁਚੇਤ ਕੀਤਾ। ਬਾਅਦ ਵਿੱਚ ਬ੍ਰਾਜ਼ੀਲੀਅਨ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
ਉਸ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਚੈਟਬੋਟ ਨਾਲ ‘ਬੇਤੁਕੀਆਂ’ ਗੱਲਾਂ ਕਰ ਰਿਹਾ ਸੀ ਅਤੇ ਉਸ ਨੇ ਕੋਈ ਅਪਰਾਧ ਨਹੀਂ ਕੀਤਾ ਹੈ।
ਇਹ ਮਾਮਲਾ ਪੁਲਿਸ, ਅਦਾਲਤਾਂ ਅਤੇ ਏਆਈ ਕੰਪਨੀਆਂ ਲਈ ਇੱਕ ਵਧਦੀ ਚੁਣੌਤੀ ਉਜਾਗਰ ਕਰਦਾ ਹੈ- ਉਦੋਂ ਕੀ ਹੋਣਾ ਚਾਹੀਦਾ ਹੈ ਜਦੋਂ ਏਆਈ ਚੈਟਬੋਟ ਕਿਸੇ ਸੰਭਾਵਿਤ ਖਤਰੇ ਦੀ ਪਛਾਣ ਉਸ ਵੇਲੇ ਕਰ ਲੈਂਦੇ ਹਨ ਜਦੋਂ ਹਾਲੇ ਕੋਈ ਅਪਰਾਧ ਤੋਂ ਹੋਇਆ ਹੀ ਨਹੀਂ ਹੁੰਦਾ ?
ਮਹੱਤਵਪੂਰਨ ਸੂਚਨਾ
(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।
ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।
ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)
“ਪਲੇਟਫ਼ਾਰਮ ਨੇ ਸਾਨੂੰ ਜੋ ਵੀ ਦੱਸਿਆ, ਉਸ ਦੀ ਪੁਸ਼ਟੀ ਹੋ ਗਈ ਸੀ”
ਤਸਵੀਰ ਸਰੋਤ, Getty Images
ਬੀਬੀਸੀ ਉਸ ਆਦਮੀ ਦਾ ਨਾਮ ਉਜਾਗਰ ਨਹੀਂ ਕਰ ਰਿਹਾ ਤਾਂ ਕਿ ਉਸ ਦੇ ਬੇਟੇ ਦੀ ਪਛਾਣ ਸੁਰੱਖਿਅਤ ਰੱਖੀ ਜਾ ਸਕੇ। ਬ੍ਰਾਜ਼ੀਲੀਅਨ ਨਿਆਂ ਮੰਤਰਾਲੇ ਦੀ ਸਾਈਬਰ ਕਰਾਈਮ ਯੁਨਿਟ ਵੱਲੋਂ ਇਹ ਕੇਸ ਪੁਲਿਸ ਵਿਭਾਗ ਨੂੰ ਭੇਜਣ ਬਾਅਦ ਉਹ ਸ਼ਖਸ 19 ਜੂਨ ਨੂੰ ਸਾਓ ਗੈਬਰੀਅਲ ਦਾ ਪਾਲਹਾ ਦੇ ਪੇਂਡੂ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਐਸਪੀਰੀਤੋ ਸਾਂਤੋ ਦੇ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਦੇ ਮੁਖੀ ਬ੍ਰੇਨੋ ਐਂਡਰਾਡੇ ਨੇ ਕਿਹਾ, “ਅਸੀਂ ਇਸ ਮਾਮਲੇ ਦੀ ਗੰਭੀਰਤਾ ਕਾਰਨ ਇਸ ਨੂੰ ਪਹਿਲ ਦਿੱਤੀ ਕਿਉਂਕਿ ਪਿਤਾ ਕਥਿਤ ਤੌਰ ‘ਤੇ 20 ਤਾਰੀਖ ਤੱਕ ਆਪਣੇ ਬੇਟੇ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾ ਰਿਹਾ ਸੀ।”
ਐਂਡਰਾਡੇ ਮੁਤਾਬਕ, ਸ਼ੱਕੀ ਵਿਅਕਤੀ ਦਾ ਬੱਚੇ ਦੇ ਪਾਲਣ ਪੋਸ਼ਣ ਦਾ ਖ਼ਰਚਾ ਦੇਣ ਤੋਂ ਇਲਾਵਾ ਆਪਣੇ ਪੁੱਤਰ ਨਾਲ ਬਹੁਤਾ ਸੰਪਰਕ ਨਹੀਂ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਖ਼ਰਚੇ ਦੇ ਭੁਗਤਾਨ ਨੂੰ ਲੈ ਕੇ ਮਨ ਵਿੱਚ ਮੌਜੂਦ ਗੁੱਸਾ ਜਾਂ ਨਫ਼ਰਤ ਇਸ ਕਥਿਤ ਸਾਜ਼ਿਸ਼ ਦਾ ਮੁੱਖ ਕਾਰਨ ਹੋ ਸਕਦੀ ਹੈ।
ਉਸ ਦੇ ਘਰ ਦੀ ਤਲਾਸ਼ੀ ਦੌਰਾਨ ਅਣਪਛਾਤੇ ਪਦਾਰਥਾਂ ਨਾਲ ਭਰੀਆਂ ਚਾਰ ਬੋਤਲਾਂ ਅਤੇ ਇੱਕ ਗੰਢ ਬੰਨ੍ਹੀ ਹੋਈ ਰੱਸੀ ਬਰਾਮਦ ਹੋਈ, ਜਿਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਖ਼ੁਦਕੁਸ਼ੀ ਦੇ ਇਰਾਦੇ ਦਾ ਸੰਕੇਤ ਹੋ ਸਕਦੀ ਹੈ।
ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਸ਼ੱਕੀ ਵਿਅਕਤੀ ਨੇ ਚੈਟ ਜੀਪੀਟੀ ਨਾਲ ਸਕੂਲਾਂ, ਚਰਚਾ ਅਤੇ ਪੁਲਿਸ ਅਧਿਕਾਰੀਆਂ ‘ਤੇ ਵੀ ਸੰਭਾਵਿਤ ਹਮਲਿਆਂ ਬਾਰੇ ਚਰਚਾ ਕੀਤੀ ਸੀ।
ਬੀਬੀਸੀ ਵੱਲੋਂ ਵੇਖੇ ਗਏ ਇੱਕ ਮੈਸੇਜ ਵਿੱਚ ਲਿਖਿਆ ਸੀ, “ਜੇ ਮੈਂ ਕਿਸੇ ਨਸ਼ਾ ਵੇਚਣ ਵਾਲੀ ਥਾਂ ਜਾਵਾਂ ਅਤੇ ਲਗਭਗ ਚਾਰ ਅਪਰਾਧੀਆਂ ਨੂੰ ਮਾਰ ਦੇਵਾਂ ਤਾਂ ਮੈਂ ਸ਼ਹਿਰ ਵਿੱਚ ਮਸ਼ਹੂਰ ਹੋ ਜਾਵਾਂਗਾ। ਉਸ ਤੋਂ ਬਾਅਦ ਮੈਨੂੰ ਸਿਰਫ਼ ਇੱਕ ਜਾਂ ਦੋ ਪੁਲਿਸ ਅਧਿਕਾਰੀਆਂ ਨੂੰ ਮਾਰਨਾ ਪਵੇਗਾ ਅਤੇ ਮੈਂ ਸ਼ਾਂਤੀ ਨਾਲ ਮਰ ਸਕਦਾ ਹਾਂ।”
ਇੱਕ ਹੋਰ ਸੁਨੇਹੇ ਵਿਚ ਲਿਖਿਆ ਸੀ, “ਮੈਂ ਇੱਕ ਹਥਿਆਰ ਖ਼ਰੀਦਣ ਅਤੇ ਪੁਲਿਸ ਤੇ ਗੋਲੀ ਚਲਾਉਣ ਬਾਰੇ ਸੋਚ ਰਿਹਾ ਹਾਂ ਤਾਂ ਉਹ ਜਵਾਬੀ ਕਾਰਵਾਈ ਕਰਨ ਅਤੇ ਮੈਨੂੰ ਮਾਰਨ ਦੇਣ। ਇਹ ਮੇਰੇ ਲਈ ਵਧੀਆ ਅਤੇ ਚੰਗਾ ਹੋਵੇਗਾ।”

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਸ ਨੇ ਰਾਈਸਿਨ ਸਮੇਤ ਜ਼ਹਿਰਲੇ ਪਦਾਰਥਾਂ ਬਾਰੇ ਖੋਜ ਕੀਤੀ ਅਤੇ ਸਵਾਲਾਂ ਨੂੰ ਕਈ ਹੋਰ ਤਰੀਕਿਆਂ ਨਾਲ ਪੁੱਛ ਕੇ ਚੈਟ ਜੀਪੀਟੀ ਦੇ ਸੁਰੱਖਿਆ ਨਿਯਮਾਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕੀਤੀ।
ਐਂਡਰਾਡੇ ਨੇ ਕਿਹਾ, “ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਪਲੇਟਫ਼ਾਰਮ ਨੇ ਸਾਨੂੰ ਜੋ ਵੀ ਜਾਣਕਾਰੀ ਦਿੱਤੀ ਸੀ ਉਸ ਦੀ ਪੂਰੀ ਪੁਸ਼ਟੀ ਹੋ ਗਈ।”
ਉਹ ਆਦਮੀ ਆਪਣੇ ਬੇਟੇ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਤੋਂ ਇਨਕਾਰ ਕਰਦਾ ਹੈ।
ਹਿਰਾਸਤ ਵਿੱਚ 54 ਦਿਨ ਗੁਜ਼ਾਰਨ ਬਾਅਦ, ਜਾਂਚ ਵਿੱਚ ਦੇਰੀ ਕਾਰਨ 13 ਅਗਸਤ ਨੂੰ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਹਾਲੇ ਤੱਕ ਕੋਈ ਦੋਸ਼ ਤੈਅ ਨਹੀਂ ਕੀਤੇ ਗਏ ਹਨ ਪਰ ਪੁਲਿਸ ਦੀ ਜਾਂਚ ਹਾਲੇ ਵੀ ਜਾਰੀ ਹੈ।
ਉਕਤ ਕਿਸਾਨ ‘ਤੇ ਇਹਤਿਆਤ ਵਜੋਂ ਕੁਝ ਨਿਯਮ ਲਾਗੂ ਕੀਤੇ ਗਏ ਹਨ ਜਿਸ ਵਿੱਚ ਇਲੈਕਟ੍ਰਾਨਿਕ ਨਿਗਰਾਨੀ ਅਤੇ ਉਸ ਦੇ ਬੇਟੇ ਜਾਂ ਬੇਟੇ ਦੀ ਮਾਂ ਨਾਲ ਸੰਪਰਕ ਕਰਨ ‘ਤੇ ਪਾਬੰਦੀ ਲਗਾਈ ਗਈ ਹੈ।
ਜਾਂਚਕਰਤਾਵਾਂ ਨੇ ਕਿਹਾ ਕਿ ਉਹ ਸ਼ੱਕੀ ਦੇ ਮੋਬਾਈਲ ਫੋਨ ਦੀ ਜਾਂਚ ਕਰ ਰਹੇ ਹਨ ਅਤੇ ਜ਼ਬਤ ਚੀਜ਼ਾਂ ਦੀ ਫੋਰੈਂਸਿਕ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਸ ਨੇ ਕਿਸੇ ਯੋਜਨਾ ਨੂੰ ਅੰਜਾਮ ਦੇਣ ਲਈ ਕੋਈ ਠੋਸ ਕਦਮ ਚੁੱਕੇ ਸਨ? ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਉਸ ਨੇ ਕਿਸੇ ਸ਼ੂਟਰ ਨਾਲ ਸੰਪਰਕ ਕੀਤਾ ਸੀ ਜਿਵੇਂ ਕਿ ਉਸ ਨੇ ਕਥਿਤ ਤੌਰ ‘ਤੇ ਚੈਟ ਜੀਪੀਟੀ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਸਬੂਤ ਇਹ ਤੈਅ ਕਰਨ ਵਿੱਚ ਮਦਦ ਕਰ ਸਕਦੇ ਹਨ ਕਿ ਕੀ ਸ਼ੱਕੀ ਵਿਅਕਤੀ ਕਿਸੇ ਅਪਰਾਧ ਬਾਰੇ ਸਿਰਫ਼ ਸੋਚਣ ਅਤੇ ਉਸ ਦੀ ਤਿਆਰੀ ਕਰਨ ਦੇ ਪੜਾਅ ਤੋਂ ਅੱਗੇ ਵਧ ਕੇ ਉਸ ਨੂੰ ਅੰਜਾਮ ਦੇਣ ਦੇ ਪੜਾਅ ਤੱਕ ਪਹੁੰਚ ਗਿਆ ਸੀ। ਬ੍ਰਾਜ਼ੀਲੀਅਨ ਕ੍ਰਿਮੀਨਲ ਲਾਅ ਵਿੱਚ ਆਮ ਤੌਰ ‘ਤੇ ਇੱਕ ਅਪਰਾਧ ਉਦੋਂ ਹੀ ਮੰਨਿਆ ਜਾਂਦਾ ਹੈ ਜਦੋਂ ਉਸ ਨੂੰ ਅੰਜਾਮ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੋਵੇ।
ਬਚਾਅ ਪੱਖ ਦੀ ਦਲੀਲ ਹੈ ਕਿ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ।
ਬਚਾਅ ਪੱਖ ਦੇ ਵਕੀਲ ਪੇਡਰੋ ਪੌਲੋ ਪੇਸੀ ਨੇ ਬੀਬੀਸੀ ਨਿਊਜ਼ ਬ੍ਰਾਜ਼ੀਲ ਨੂੰ ਦੱਸਿਆ, “ਜੇ ਏਆਈ ਨਾਲ ਗੱਲ ਕਰਨਾ ਅਤੇ ਫਾਲਤੂ ਗੱਲਾਂ ਕਰਨਾ ਜੁਰਮ ਹੈ ਤਾਂ ਸਾਰੇ ਜੇਲ੍ਹ ਜਾਣਗੇ।”
ਸਬੂਤਾਂ ਦੀ ਸਮੱਸਿਆ
ਤਸਵੀਰ ਸਰੋਤ, Getty Images
ਏਆਈ ਕੰਪਨੀਆਂ ਵੱਲੋਂ ਯੂਜ਼ਰਜ਼ ਨੂੰ ਪੁਲਿਸ ਕੋਲ ਰਿਪੋਰਟ ਕਰਨ ਦੀਆਂ ਉਦਾਹਰਨਾਂ ਬਹੁਤ ਘੱਟ ਹਨ।
ਅਮਰੀਕੀ ਮੀਡੀਆ ਮੁਤਾਬਕ, ਅਗਸਤ ਵਿੱਚ ਓਪਨ ਏਆਈ ਨੇ ਫਲੋਰਿਡਾ ਦੇ 25 ਸਾਲਾ ਵਿਅਕਤੀ ਬਾਰੇ ਐਫਬੀਆਈ ਨੂੰ ਰਿਪੋਰਟ ਕੀਤਾ ਜਦੋਂ ਉਸ ਨੇ ਆਪਣੀ ਐਕਸ-ਗਰਲਫਰੈਂਡ ਨਾਲ ਰੇਪ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ ਸਨ।
ਐਸਪੀਰੀਤੋ ਸਾਂਤੋ ਦੀ ਪੁਲਿਸ ਤੋਂ ਐਂਡਰਾਡੇ ਨੇ ਕਿਹਾ ਕਿ ਕਿਸਾਨ ਦਾ ਇਹ ਮਾਮਲਾ ਰਾਜ ਨੂੰ ਮਿਲਿਆ ਆਪਣੀ ਕਿਸਮ ਦਾ ਪਹਿਲਾ ਏਆਈ ਜਨਰੇਟਿਡ ਅਲੀਟ ਸੀ ਅਤੇ ਬ੍ਰਾਜ਼ੀਲ ਵਿੱਚ ਅਜਿਹਾ ਸਿਰਫ਼ ਤੀਜਾ ਮਾਮਲਾ ਸੀ।
ਐਂਡਰਾਡੇ ਨੇ ਕਿਹਾ, “ਇਹ ਪੁਲਿਸ ਲਈ ਇੱਕ ਹੋਰ ਜ਼ਰੀਆ ਹੈ ਜਿਸ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੀ ਲੋਕਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਅਪਰਾਧਾਂ ਬਾਰੇ ਖੋਜ ਕੀਤੀ ਹੈ।”
ਪਰ ਜਾਂਚ ਪ੍ਰਕਿਰਿਆ ਵਿੱਚ ਏਆਈ ਕੰਪਨੀਆਂ ਵੱਲੋਂ ਮਿਲਣ ਵਾਲੀਆਂ ਅਜਿਹੀਆਂ ਸੂਚਨਾਵਾਂ ਦੀ ਭੂਮਿਕਾ ਨੂੰ ਲੈ ਕੇ ਕਈ ਤਰ੍ਹਾਂ ਦੀ ਸਵਾਲ ਖੜ੍ਹੇ ਹੁੰਦੇ ਹਨ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਇਨ੍ਹਾਂ ਮੈਸੇਜਾਂ ਨੂੰ ਅਦਾਲਤ ਵਿੱਚ ਸਬੂਤ ਵਜੋਂ ਵਰਤਿਆਂ ਜਾ ਸਕਦਾ ਹੈ ਜਾਂ ਨਹੀਂ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਓਪਨ ਏਆਈ ਨੇ ਯੂਜ਼ਰ ਅਤੇ ਉਸ ਵੱਲੋਂ ਭੇਜੇ ਗਏ ਸੁਨੇਹਿਆਂ ਦੇ ਵੇਰਵੇ ਤਾਂ ਮੁਹੱਈਆ ਕਰਵਾਏ ਸਨ ਪਰ ਚੈਟ ਜੀਪੀਟੀ ਦੇ ਜਵਾਬ ਨਹੀਂ ਦਿੱਤੇ।
ਐਂਡਰਾਡੇ ਨੇ ਕਿਹਾ, “ਸਾਨੂੰ ਉਹ ਜਵਾਬ ਨਹੀਂ ਮਿਲੇ ਜੋ ਪਲੇਟਫ਼ਾਰਮ ਵੱਲੋਂ ਦਿੱਤੇ ਗਏ ਸਨ।”
ਕ੍ਰਿਮੀਨਲ ਮਾਮਲਿਆਂ ਦੀ ਵਕੀਲ ਮਾਤਰਾ ਫਰਨਾਂਡਿਸ ਦਾ ਕਹਿਣਾ ਹੈ ਕਿ ਇਹ ਸਬੂਤਾਂ ਪੱਖੋਂ ਇੱਕ ਸਮੱਸਿਆ ਪੈਦਾ ਕਰਦਾ ਹੈ ਕਿਉਂਕਿ ਮੈਸੇਜਾਂ ਦਾ ਸੰਦਰਭ ਮਾਇਨੇ ਰੱਖਦਾ ਹੈ।

ਉਸ ਨੇ ਕਿਹਾ, “ਇਹ ਕੋਈ ਛੋਟਾ ਜਿਹਾ ਅੰਸ਼ ਨਹੀਂ ਹੋ ਸਕਦਾ ਨਾ ਹੀ ਇਹ ਕੋਈ ਸੋਧਿਆ ਹੋਇਆ ਰੂਪ ਹੋ ਸਕਦਾ ਹੈ। ਇਹ ਪੂਰੀ ਗੱਲਬਾਤ ਹੋਣੀ ਚਾਹੀਦੀ ਹੈ।”
ਮਾਇਰਾ ਫਰਨਾਂਡਿਸ ਨੇ ਅੱਗੇ ਕਿਹਾ ਕਿ ਸ਼ੱਕੀ ਅਤੇ ਚੈਟ ਜੀਪੀਟੀ ਵਿਚਕਾਰ ਹੋਈ ਪੂਰੀ ਗੱਲਬਾਤ ਨੂੰ ਦੇਖਣ ਨਾਲ ਇਹ ਸਾਬਿਤ ਕਰਨ ਵਿਚ ਮਦਦ ਮਿਲ ਸਕਦੀ ਹੈ ਕਿ ਚੈਟਬੋਟ ਨੇ ਸਿਰਫ਼ ਯੂਜ਼ਰਾਂ ਦੀ ਗੱਲ ‘ਤੇ ਪ੍ਰਤੀਕਿਰਿਆ ਦਿੱਤੀ ਜਾਂ ਉਸ ਚਰਚਾ ਨੂੰ ਖੁਦ ਕੋਈ ਖਾਸ ਮੋੜ ਦਿੱਤਾ ਸੀ।
ਬੀਬੀਸੀ ਨਿਊਜ਼ ਬ੍ਰਾਜ਼ੀਲ ਨੂੰ ਦਿੱਤੇ ਇੱਕ ਬਿਆਨ ਵਿੱਚ ਕੰਪਨੀ ਨੇ ਇਹ ਦੱਸਣ ਤੋਂ ਇਨਕਾਰ ਕੀਤਾ ਕਿ ਚੈਟ ਜੀਪੀਟੀ ਦੇ ਜਵਾਬਾਂ ਨੂੰ ਸਾਂਝਾ ਕਿਉਂ ਨਹੀਂ ਕੀਤਾ ਗਿਆ ਸੀ ਅਤੇ ਸਿਰਫ਼ ਇਹ ਕਿਹਾ ਕਿ ਜਦੋਂ ਵੀ ਇਸ ਨੂੰ ‘ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਇੱਕ ਭਰੋਸੇਯੋਗ ਅਤੇ ਨਜ਼ਦੀਕੀ ਖ਼ਤਰੇ’ ਦਾ ਪਤਾ ਲਗਦਾ ਹੈ ਤਾਂ ਇਹ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਸੂਚਿਤ ਕਰ ਸਕਦੀ ਹੈ।
ਇਸ ਸਾਲ ਅਪ੍ਰੈਲ ਵਿੱਚ ਫਲੋਰਿਡਾ ਨੇ ਓਪਨ ਏਆਈ ਖ਼ਿਲਾਫ਼ ਇੱਕ ਕ੍ਰਿਮਿਨਲ ਜਾਂਚ ਸ਼ੁਰੂ ਕੀਤੀ ਕਿ ਕੀ ਇਸ ਦੀ ਚੈਟ ਜੀਪੀਟੀ ਤਕਨਾਲੋਜੀ ਨੇ ਪਿਛਲੇ ਸਾਲ ਫਲੋਰਿਡਾ ਸਟੇਟ ਯੁਨੀਵਰਸਿਟੀ ਵਿਚ ਹੋਈ ਇੱਕ ਸਮੂਹਿਕ ਗੋਲੀਬਾਰੀ ਦੌਰਾਨ ਲੋਕਾਂ ਦੇ ਕਤਲ ਵਿੱਚ ਕੋਈ ਭੂਮਿਕਾ ਨਿਭਾਈ ਸੀ।
ਓਪਨ ਏਆਈ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਚੈਟ ਜੀਪੀਟੀ ਨੇ ਸਿਰਫ਼ ਉਹੀ ਜਾਣਕਾਰੀ ਮੁਹੱਈਆ ਕਰਵਾਈ ਸੀ ਜੋ ਪਹਿਲਾ ਹੀ ਜਨਤਕ ਰੂਪ ਵਿਚ ਉਪਲਬਧ ਸੀ ਅਤੇ ਇਸ ਨੇ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਉਤਸ਼ਾਹਿਤ ਨਹੀਂ ਕੀਤਾ।
ਕਾਰਵਾਈ ਦਾ ਕਾਨੂੰਨੀ ਫਰਜ਼
ਤਸਵੀਰ ਸਰੋਤ, Getty Images
ਮਾਇਰਾ ਫਰਨਾਂਡਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਇਹ ਤੱਥ ਕਿ ਬ੍ਰਾਜ਼ੀਲੀਅਨ ਮਾਮਲੇ ਵਿੱਚ ਵਿਅਕਤੀ ਇੱਕ ਪਛਾਣਯੋਗ ਬੱਚਾ ਸੀ, ਇਸ ਕਾਰਨ ਕੇਸ ਦੇ ਰੈਫਰਲ ਦੇ ਕਾਰਨ ਨੂੰ ਸਮਝਣ ਵਿੱਚ ਮਦਦ ਕਰਦਾ ਹੈ।
ਹਾਲਾਂਕਿ ਉਹ ਸਿਰਫ਼ ਏਆਈ ਦੇ ਮੁਲਾਂਕਣਾਂ ਦੇ ਅਧਾਰ ‘ਤੇ ਜਾਂਚਾਂ ਨੂੰ ਸਧਾਰਨ ਪ੍ਰਕਿਰਿਆ ਬਣਾਉਣ ਖ਼ਿਲਾਫ਼ ਚੇਤਾਵਨੀ ਦਿੰਦੀ ਹੈ।
ਉਸ ਨੇ ਕਿਹਾ, “ਨਹੀਂ ਤਾਂ ਕਿਸੇ ਵੀ ਵਿਅਕਤੀ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਜਾ ਸਕਦੀ ਹੈ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇਸ ਦਾ ਅਜਿਹਾ ਮਤਲਬ ਕੱਢਿਆ ਹੈ।”
ਉਹ ਦਲੀਲ ਦਿੰਦੀ ਹੈ ਕਿ ਅਸਲ ਖਤਰਿਆਂ ਅਤੇ ਭੜਾਸ ਕੱਢਣ, ਕਲਪਨਾ ਜਾਂ ਭੜਕਾਊ ਬਿਆਨਾਂ ਵਿਚਕਾਰ ਫਰਕ ਕਰਨ ਲਈ ਸੁਰੱਖਿਆ ਨਿਯਮਾਂ ਦੀ ਲੋੜ ਹੈ।
ਡਿਜੀਟਲ ਕਾਨੂੰਨ ਦੇ ਮਾਹਿਰ ਅਤੇ ਪ੍ਰੋਫੈਸਰ ਪੈਟਰੀਸ਼ੀਆ ਪੈਕ ਦਾ ਕਹਿਣਾ ਹੈ ਕਿ ਇਹ ਮਾਮਲੇ ਏਆਈ ਦੀ ਭੂਮਿਕਾ ਵਿੱਚ ਆਏ ਇੱਕ ਵੱਡੇ ਬਦਲਾਅ ਨੂੰ ਦਰਸਾਉਂਦਾ ਹੈ ਜਿੱਥੇ ਇਹ ਸਿਰਫ਼ ਸਮੱਗਰੀ ਤਿਆਰ ਕਰਨ ਵਾਲੇ ਸਾਧਨ ਤੋਂ ਬਦਲ ਕੇ ਇੱਕ ਅਜਿਹਾ ਇੰਟਰਐਕਟਿਵ ਸਿਸਟਮ ਬਣ ਗਿਆ ਹੈ ਜੋ ਸੰਭਾਵਿਤ ਤੌਰ ‘ਤੇ ਖਤਰਨਾਕ ਵਿਵਹਾਰ ਨਾਲ ਜੁੜੇ ਪੈਟਰਨਾਂ ਦੀ ਪਛਾਣ ਕਰਨ ਦੇ ਸਮਰੱਥ ਹੈ।
ਉਹ ਦਲੀਲ ਦਿੰਦੀ ਹੈ ਕਿ ਕੁਝ ਖਾਸ ਹਾਲਾਤ ਵਿੱਚ ਏਆਈ ਕੰਪਨੀਆਂ ਦਾ ਅਧਿਕਾਰੀਆਂ ਨੂੰ ਸੂਚਿਤ ਕਰਨ ਦਾ ਇੱਕ ਕਾਨੂੰਨੀ ਫਰਜ਼ ਹੋ ਸਕਦਾ ਹੈ।
ਉਹ ਕਹਿੰਦੀ ਹੈ, “ਜਦੋਂ ਕੋਈ ਗੱਲਬਾਤ ਇੱਕ ਕਾਲਪਨਿਕ ਇਰਾਦਾ ਰਹਿਣ ਦੀ ਬਜਾਏ ਇੱਕ ਅਸਲ ਖਤਰੇ ਦਾ ਸੰਕੇਤ ਦੇਣ ਲੱਗ ਪੈਂਦੀ ਹੈ ਜਿਸ ਵਿੱਚ ਪੀੜਤ ਦੀ ਪਛਾਣ ਸਪਸ਼ਟ ਹੋਵੇ, ਸਾਧਨ ਮੌਜੂਦ ਹੋਣ ਅਤੇ ਨਜ਼ਦੀਕੀ ਖਤਰਾ ਹੋਵੇ ਤਾਂ ਕਾਰਵਾਈ ਕਰਨ ਦਾ ਇੱਕ ਨੈਤਿਕ ਅਤੇ ਕੁਝ ਖਾਸ ਹਾਲਾਤ ਵਿੱਚ ਕਾਨੂੰਨੀ ਫਰਜ਼ ਬਣ ਜਾਂਦਾ ਹੈ।”
ਪਰ ਫਰਨਾਂਡਿਸ ਦੀ ਤਰ੍ਹਾਂ ਉਹ ਵੀ ਇਸ ਦੀ ਬਹੁਤ ਜ਼ਿਆਦਾ ਵਰਤੋਂ ਖ਼ਿਲਾਫ਼ ਚੇਤਾਵਨੀ ਦਿੰਦੀ ਹੈ।
ਉਹ ਕਹਿੰਦੀ ਹੈ, “ਏਆਈ ‘ਤੇ ਲਾਗੂ ਹੋਣ ਵਾਲੀ ਨੈਤਿਕਤਾ ‘ਸਭ ਕੁਝ ਨਿਗਰਾਨੀ ਹੇਠ ਰੱਖਣ’ ਦੇ ਤਰਕ ‘ਤੇ ਅਧਾਰਿਤ ਨਹੀਂ ਹੋਣੀ ਚਾਹੀਦੀ ਬਲਕਿ ਸਿਰਫ਼ ਉਦੋਂ ਹੀ ਦਖਲ ਦੇਣ ਦੇ ਤਰਕ ‘ਤੇ ਅਧਾਰਿਤ ਹੋਣੀ ਚਾਹੀਦੀ ਹੈ ਜਦੋਂ ਖ਼ਤਰੇ ਨੂੰ ਦੇਖਦਿਆਂ ਜਾਇਜ਼ ਹੋਵੇ।”
“ਚੁਣੌਤੀ ਇਹ ਹੈ ਕਿ ਲਾਪਰਵਾਹੀ ਅਤੇ ਬਹੁਤ ਜ਼ਿਆਦਾ ਨਿਗਰਾਨੀ ਦੋਹਾਂ ਤੋਂ ਬਚਿਆ ਜਾਵੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



