Home rss national punjabi2ਰਾਸ਼ਟਰੀ ਖ਼ਬਰਾਂ ਜਦੋਂ ਧਰਤੀ ਉੱਤੇ ਮਨੁੱਖੀ ਬੱਚਿਆਂ ਦਾ ਸ਼ਿਕਾਰ ਕਰਨ ਵਾਲੇ ਵੱਡੇ-ਵੱਡੇ ਪੰਛੀਆਂ ਨੇ...

ਜਦੋਂ ਧਰਤੀ ਉੱਤੇ ਮਨੁੱਖੀ ਬੱਚਿਆਂ ਦਾ ਸ਼ਿਕਾਰ ਕਰਨ ਵਾਲੇ ਵੱਡੇ-ਵੱਡੇ ਪੰਛੀਆਂ ਨੇ ਅਸਮਾਨ ’ਤੇ ਰਾਜ ਕੀਤਾ ਸੀ

6
0

Source :- BBC PUNJABI

ਇੱਲਾਂ ਅਕਸਰ ਇਸੇ ਤਰ੍ਹਾਂ ਆਪਣਾ ਸ਼ਿਕਾਰ ਕਰਦੀਆਂ ਹਨ। ਉਹ ਸ਼ਿਕਾਰ ਦਾ ਕੁਝ ਹਿੱਸਾ ਦਰੱਖ਼ਤ ’ਤੇ ਰੱਖ ਦਿੰਦੀਆਂ ਹਨ ਅਤੇ ਬਾਕੀ ਆਪਣੇ ਆਲ੍ਹਣੇ ਵਿੱਚ ਲੈ ਜਾਂਦੀਆਂ ਹਨ

ਚੇਤਾਵਨੀ: ਇਸ ਕਹਾਣੀ ਵਿੱਚ ਕੁਝ ਅਜਿਹੇ ਤੱਤ ਹਨ ਜੋ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਡਾਇਨਾਸੌਰਾਂ ਦਾ ਸਫ਼ਾਇਆ ਕਰਨ ਵਾਲਾ ਓਲਕਾਪਿੰਡ ਜਦੋਂ ਧਰਤੀ ਨਾਲ ਟਕਰਾਇਆ ਉਸ ਤੋਂ ਬਾਅਦ ਕਰੋੜਾਂ ਸਾਲਾਂ ਤੱਕ ਵਿਸ਼ਾਲ ਪੰਛੀਆਂ ਨੇ ਅਸਮਾਨ ‘ਤੇ ਰਾਜ ਕੀਤਾ। ਉਹ ਆਪਣੇ ਸਮੇਂ ਦੇ ਸਭ ਤੋਂ ਤਾਕਤਵਰ ਸ਼ਿਕਾਰੀਆਂ ਵਿੱਚੋਂ ਇੱਕ ਸਨ ਅਤੇ ਇੱਥੋਂ ਤੱਕ ਕਿ ਮਨੁੱਖ ਵੀ ਉਨ੍ਹਾਂ ਦਾ ਸ਼ਿਕਾਰ ਬਣਦੇ ਸਨ।

ਇਹ ਤਕਰੀਬਨ 2.8 ਲੱਖ ਸਾਲ ਪਹਿਲਾਂ ਦੀ ਗੱਲ ਹੈ। ਇੱਕ ਤਿੰਨ ਸਾਲ ਦਾ ਬੱਚਾ, ਸਾਡਾ ਪ੍ਰਾਚੀਨ ਪੂਰਵਜ, ਦੱਖਣੀ ਅਫ਼ਰੀਕਾ ਦੇ ਘਾਹ ਦੇ ਮੈਦਾਨਾਂ ਵਿੱਚ ਘੁੰਮ ਰਿਹਾ ਸੀ। ਉਸਦੇ ਦੰਦ ਹਾਲੇ ਨਿਕਲਣੇ ਸ਼ੁਰੂ ਹੋਏ ਸਨ।

ਆਸਟ੍ਰਾਲੋਪੀਥੇਕਸ ਅਫਰੀਕਨਸ ਪ੍ਰਜਾਤੀ ਦੇ ਇਸ ਬੱਚੇ ਨੂੰ ਇਹ ਨਹੀਂ ਪਤਾ ਸੀ ਕਿ ਕੋਈ ਉਸਨੂੰ ਅਸਮਾਨ ਤੋਂ ਦੇਖ ਰਿਹਾ ਹੈ।

ਅਚਾਨਕ ਇੱਕ ਵੱਡਾ ਸ਼ਿਕਾਰੀ ਪੰਛੀ ਹੇਠਾਂ ਆਇਆ, ਬੱਚੇ ਨੂੰ ਫੜ ਲਿਆ ਅਤੇ ਉਸਨੂੰ ਮਾਰ ਮੁਕਾਇਆ।

ਇਹ ਪੱਕਾ ਪਤਾ ਨਹੀਂ ਹੈ ਕਿ ਬੱਚੇ ਨੂੰ ਕਿਸ ਪੰਛੀ ਨੇ ਖਾ ਲਿਆ ਸੀ। ਹੁਣ ਉਸਨੂੰ ‘ਤਾਉਂਗ ਚਾਈਲਡ’ ਵਜੋਂ ਜਾਣਿਆ ਜਾਂਦਾ ਹੈ।

ਪਰ ਉਸਦੀਆਂ ਅੱਖਾਂ ਦੇ ਹੇਠਾਂ ਕਾਲੇ ਨਿਸ਼ਾਨ ਬਾਜ਼ ਦੇ ਪੰਜਿਆਂ ਨਾਲ ਮਿਲਦੇ-ਜੁਲਦੇ ਹਨ। ਬਾਜ਼ ਅਕਸਰ ਇਸ ਤਰੀਕੇ ਨਾਲ ਸ਼ਿਕਾਰ ਕਰਦੇ ਹਨ। ਉਹ ਆਪਣੇ ਸ਼ਿਕਾਰ ਦਾ ਕੁਝ ਹਿੱਸਾ ਦਰੱਖਤ ‘ਤੇ ਛੱਡ ਦਿੰਦੇ ਹਨ ਅਤੇ ਬਾਕੀ ਨੂੰ ਆਪਣੇ ਆਲ੍ਹਣੇ ਵਿੱਚ ਲੈ ਜਾਂਦੇ ਹਨ।

ਇਨ੍ਹਾਂ ਵਿਸ਼ਾਲ ਪੰਛੀਆਂ ਦਾ ਰਾਜ ਕਰੋੜਾਂ ਸਾਲਾਂ ਤੱਕ ਰਿਹਾ

ਪੱਥਰ ਯੁੱਗ ਵਿੱਚ ਬਚਣਾ ਸੌਖਾ ਨਹੀਂ ਸੀ। ਮੁੱਢਲੇ ਮਨੁੱਖ ਬਹੁਤ ਸਾਰੇ ਵੱਡੇ ਜਾਨਵਰਾਂ ਨਾਲ ਘਿਰੇ ਹੋਏ ਸਨ।

ਉਸ ਸਮੇਂ ਦੇ ਮੁੱਢਲੇ ਮਨੁੱਖਾਂ ਦੇ ਆਲੇ-ਦੁਆਲੇ ਬਹੁਤ ਸਾਰੇ ਵੱਡੇ ਜਾਨਵਰ ਰਹਿੰਦੇ ਸਨ, ਜਿਨ੍ਹਾਂ ਵਿੱਚ ਹਾਥੀਆਂ ਵਰਗੇ ਵੱਡੇ ਜਾਨਵਰ, ਹੋਰ ਭਾਰੀ ਸਰੀਰ ਵਾਲੇ ਜੀਵ, ਲੰਬੇ, ਤਿੱਖੇ ਦੰਦਾਂ ਵਾਲੀਆਂ ਜੰਗਲੀ ਬਿੱਲੀਆਂ ਅਤੇ ਵੱਡੇ ਪੰਛੀ ਜੋ ਆਪਣੇ ਬੱਚਿਆਂ ਨੂੰ ਚੁੱਕ ਕੇ ਲੈ ਜਾ ਸਕਦੇ ਸਨ।

ਇਨ੍ਹਾਂ ਵਿਸ਼ਾਲ ਪੰਛੀਆਂ ਨੇ ਦੂਜੇ ਪੰਛੀਆਂ ਦੇ ਉਲਟ, ਡਾਇਨਾਸੌਰਾਂ ਦੇ ਵਿਨਾਸ਼ ਅਤੇ ਮਹਾਨ ਬਰਫ਼ ਯੁੱਗ ਦੀ ਸ਼ੁਰੂਆਤ ਦੇ ਵਿਚਕਾਰ ਲੱਖਾਂ ਸਾਲਾਂ ਤੱਕ ਅਸਮਾਨ ‘ਤੇ ਰਾਜ ਕੀਤਾ।

ਇਹ ਵੀ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਪੰਛੀਆਂ ਦਾ ਮਨੁੱਖੀ ਵਿਕਾਸ ਦੇ ਰਾਹ ‘ਤੇ ਡੂੰਘਾ ਪ੍ਰਭਾਵ ਪਿਆ ਹੈ, ਹਾਲਾਂਕਿ ਇਸ ਅਸਰ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ।

ਕੁਝ ਮਾਹਰਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਚੁੱਕ ਕੇ ਲੈ ਜਾਣ ਵਾਲੇ ਪੰਛੀਆਂ ਬਾਰੇ ਪ੍ਰਾਚੀਨ ਕਹਾਣੀਆਂ ਵੀ ਇਨ੍ਹਾਂ ਵਿਸ਼ਾਲ ਪੰਛੀਆਂ ਨਾਲ ਜੁੜੀਆਂ ਹੋ ਸਕਦੀਆਂ ਹਨ। ਪੰਛੀ ਅਲੋਪ ਹੋ ਗਏ, ਪਰ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਦੁਨੀਆ ਭਰ ਦੇ ਕਈ ਸਭਿਆਚਾਰਾਂ ਵਿੱਚ ਮੌਜੂਦ ਹਨ।

ਇਹ ਵੱਡੇ ਪੰਛੀ ਕਿੱਥੋਂ ਆਏ?

ਪੰਛੀਆਂ ਤੋਂ ਇਲਾਵਾ ਬਾਕੀ ਡਾਇਨਾਸੋਰਾਂ ਦੇ ਖ਼ਤਮ ਹੋਣ ਅਤੇ ਵੱਡੇ ਹਿਮਯੁੱਗ ਦੀ ਸ਼ੁਰੂਆਤ ਵਿਚਕਾਰ ਕਰੋੜਾਂ ਸਾਲਾਂ ਤੱਕ ਆਸਮਾਨ ’ਤੇ ਇਨ੍ਹਾਂ ਵਿਸ਼ਾਲ ਪੰਛੀਆਂ ਦਾ ਰਾਜ ਰਿਹਾ

ਜਦੋਂ ਪੰਛੀਆਂ ਤੋਂ ਇਲਾਵਾ ਡਾਇਨਾਸੌਰ ਧਰਤੀ ਤੋਂ ਅਲੋਪ ਹੋ ਗਏ, ਤਾਂ ਅਸਮਾਨ ਧੂੜ ਨਾਲ ਭਰ ਗਿਆ। ਜ਼ਿਆਦਾਤਰ ਪੌਦੇ ਅਤੇ ਰੁੱਖ਼ ਵੀ ਤਬਾਹ ਹੋ ਗਏ।

ਜਾਨਵਰਾਂ ਲਈ ਖਾਣ ਲਈ ਬੀਜਾਂ ਤੋਂ ਇਲਾਵਾ ਬਹੁਤ ਘੱਟ ਬਚਿਆ ਸੀ, ਪਰ ਪੰਛੀਆਂ ਲਈ ਬਹੁਤ ਕੁਝ ਸੀ।

ਉਨ੍ਹਾਂ ਦੇ ਸ਼ਿਕਾਰੀ ਜਾਨਵਰ ਹੁਣ ਆਲੇ-ਦੁਆਲੇ ਨਹੀਂ ਸਨ। ਇਸ ਨਾਲ ਕੁਝ ਛੋਟੇ ਜ਼ਮੀਨ ‘ਤੇ ਰਹਿਣ ਵਾਲੇ ਚੁੰਝਾਂ ਵਾਲੇ ਪੰਛੀਆਂ ਨੂੰ ਵਧਣ-ਫੁੱਲਣ ਦਾ ਮੌਕਾ ਮਿਲਿਆ ਅਤੇ ਹੌਲੀ-ਹੌਲੀ ਵੱਡੇ ਹੁੰਦੇ ਗਏ।

ਇਨ੍ਹਾਂ ਵਿੱਚੋਂ ਕੁਝ ਪੰਛੀ ਪੌਦੇ ਖਾਣ ਵਾਲੇ ਪੰਛੀ ਸਨ। ਆਸਟ੍ਰੇਲੀਆ ਦੇ ਡਰੋਮੋਰਨਥੀਡੇ ਅਜਿਹੇ ਪੰਛੀ ਸਨ। ਇਨ੍ਹਾਂ ਨੂੰ ‘ਡੈਮਨ ਡਕਸ ਆਫ਼ ਡੂਮ’ ਕਿਹਾ ਜਾਂਦਾ ਹੈ।

ਉਹ ਅੱਜ ਦੀਆਂ ਬੱਤਖਾਂ ਵਾਂਗ ਦਿਖਾਈ ਦਿੰਦੇ ਸਨ, ਪਰ ਗਾਵਾਂ ਨਾਲੋਂ ਤਕਰੀਬਨ 100 ਗੁਣਾ ਵੱਡੇ ਅਤੇ ਭਾਰੀ ਸਨ।

ਕੁਝ ਪੰਛੀਆਂ ਨੇ ਸਮੁੰਦਰ ਉੱਤੇ ਉੱਡ ਕੇ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਵਿੱਚ ਦੱਖਣੀ ਕੈਰੋਲੀਨਾ ਦਾ ਪੇਲਾਗੋਰਨਿਸ ਸੈਂਡਰਸੀ ਵੀ ਸ਼ਾਮਲ ਸੀ।

ਇਸਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਉੱਡਣ ਵਾਲਾ ਪੰਛੀ ਮੰਨਿਆ ਜਾਂਦਾ ਹੈ, ਜਿਸਦੇ ਖੰਭ ਸੱਤ ਮੀਟਰ ਤੱਕ ਫ਼ੈਲੇ ਹੋਏ ਸਨ।

ਕੁਝ ਹੋਰ ਪੰਛੀਆਂ ਨੇ ਉਨ੍ਹਾਂ ਵੱਡੇ ਭੂਮੀ ਸ਼ਿਕਾਰੀਆਂ ਦੀ ਥਾਂ ਲੈ ਲਈ ਜੋ ਟਾਇਰਨੋਸੌਰਸ ਵਰਗੇ ਵੱਡੇ ਸ਼ਿਕਾਰੀ ਡਾਇਨਾਸੌਰਾਂ ਦੇ ਵਿਨਾਸ਼ ਤੋਂ ਬਾਅਦ ਖਾਲੀ ਹੋ ਗਏ ਸਨ।

ਜਿੱਥੇ ਵੱਡੇ ਜਾਨਵਰ ਸ਼ਿਕਾਰ ਲਈ ਮੌਜੂਦ ਹੁੰਦੇ ਹਨ, ਉੱਥੇ ਹੋਰ ਵੀ ਵੱਡੇ ਸ਼ਿਕਾਰੀ ਪੈਦਾ ਹੋਣ ਲੱਗਦੇ ਸਨ। ਸਾਡੇ ਪੁਰਖਿਆਂ ਨੇ ਇਨ੍ਹਾਂ ਹੀ ਵਿਸ਼ਾਲ ਪੰਛੀਆਂ ਦਾ ਸਾਹਮਣਾ ਕੀਤਾ ਸੀ।

ਆਧੁਨਿਕ ਸਮੇਂ ਦੇ ਉਕਾਬਾਂ ਦੇ ਪੁਰਾਣੇ ਹਮਲਿਆਂ ਦੇ ਸੁਰਾਗ

ਜਾਨਵਰਾਂ ਦੇ ਖਾਣ ਲਈ ਬੀਜਾਂ ਤੋਂ ਇਲਾਵਾ ਬਹੁਤ ਘੱਟ ਚੀਜ਼ਾਂ ਬਚੀਆਂ ਸਨ, ਪਰ ਪੰਛੀਆਂ ਲਈ ਬੀਜ ਕਾਫ਼ੀ ਸਨ

ਅਮਰੀਕਾ ਦੀ ਓਹਾਈਓ ਸਟੇਟ ਯੂਨੀਵਰਸਿਟੀ ਦੇ ਪ੍ਰਾਈਮੇਟਸ ਮਾਹਰ ਸਕਾਟ ਮੈਕਗ੍ਰਾ ਕਹਿੰਦੇ ਹਨ, “ਜਦੋਂ ਤੋਂ ਪ੍ਰਾਈਮੇਟਸ ਦੀ ਹੋਂਦ ਰਹੀ ਉਦੋਂ ਤੱਕ ਸ਼ਿਕਾਰੀ ਪੰਛੀ ਵੀ ਮੌਜੂਦ ਸਨ।”

ਪ੍ਰਾਈਮੇਟਸ ਵਿੱਚ ਮਨੁੱਖ, ਬਾਂਦਰ ਅਤੇ ਹੋਰ ਸਬੰਧਤ ਜੀਵ ਸ਼ਾਮਲ ਹਨ।

ਮੈਕਗ੍ਰਾ ਕਹਿੰਦੇ ਹਨ, “ਸ਼ਿਕਾਰੀ ਪੰਛੀਆਂ ਨੇ ਹਮੇਸ਼ਾ ਪ੍ਰਾਈਮੇਟਸ ਦਾ ਸ਼ਿਕਾਰ ਕੀਤਾ ਹੈ, ਜਿਨ੍ਹਾਂ ਵਿੱਚ ਅਸੀਂ ਅਤੇ ਸਾਡੇ ਰਿਸ਼ਤੇਦਾਰ ਸ਼ਾਮਲ ਹਨ।”

ਸਾਡੇ ਪੁਰਖਿਆਂ ਅਤੇ ਵਿਸ਼ਾਲ ਪੰਛੀਆਂ ਵਿਚਕਾਰ ਇਸ ਪ੍ਰਾਚੀਨ ਸੰਘਰਸ਼ ਦੇ ਪ੍ਰਤੀਬਿੰਬ ਅੱਜ ਵੀ ਜੰਗਲਾਂ ਵਿੱਚ ਦਿਖਾਈ ਦਿੰਦੇ ਹਨ।

ਮੈਕਗ੍ਰਾ ਨੇ ਆਈਵਰੀ ਕੋਸਟ ਦੇ ਤਾਈ ਜੰਗਲ ਵਿੱਚ 600 ਤੋਂ ਵੱਧ ਪ੍ਰਾਈਮੇਟਸ ਦੇ ਅਵਸ਼ੇਸ਼ਾਂ ਦੀ ਜਾਂਚ ਕੀਤੀ, ਜਿਨ੍ਹਾਂ ਸਾਰਿਆਂ ਨੂੰ ਸ਼ਿਕਾਰੀ ਪੰਛੀਆਂ ਵੱਲੋਂ ਮਾਰਿਆ ਗਿਆ ਸੀ, ਜਿਨ੍ਹਾਂ ਵਿੱਚ ਅਫ਼ਰੀਕੀ ਤਾਜ ਵਾਲਾ ਬਾਜ਼ ਵੀ ਸ਼ਾਮਲ ਸੀ।

ਜਾਂਚ ਦੌਰਾਨ, ਮੈਕਗ੍ਰਾ ਨੇ ਦੇਖਿਆ ਕਿ ਬਾਂਦਰਾਂ ਦੀਆਂ ਖੋਪੜੀਆਂ ‘ਤੇ ਨਿਸ਼ਾਨ ਤਾਓਂਗ ਚਾਈਲਡ ਦੇ ਅਵਸ਼ੇਸ਼ਾਂ ‘ਤੇ ਪਾਏ ਗਏ ਨਿਸ਼ਾਨਾਂ ਵਰਗੇ ਹੀ ਸਨ।

ਕਈ ਖੋਪੜੀਆਂ ਵਿੱਚ, ਅੱਖਾਂ ਦੀ ਹੱਡੀ ਦਾ ਹੇਠਲਾ ਹਿੱਸਾ ਟੁੱਟਿਆ ਹੋਇਆ ਮਿਲਿਆ ਸੀ।

ਮੈਕਗ੍ਰਾ ਕਹਿੰਦੇ ਹਨ, “ਬਾਜ਼ ਨੇ ਜਾਂ ਤਾਂ ਆਪਣੀ ਚੁੰਝ ਨਾਲ ਉਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ ਜਾਂ ਆਪਣੇ ਪੰਜਿਆਂ ਨਾਲ ਉਨ੍ਹਾਂ ਨੂੰ ਪਾੜ ਦਿੱਤਾ।”

ਉਹ ਦੱਸਦੇ ਹਨ, “ਸਾਡੇ ਅਧਿਐਨ ਦੇ ਇੱਕ ਜਾਂਚਕਰਤਾ ਉਸ ਜਗ੍ਹਾ ‘ਤੇ ਗਏ ਜਿੱਥੇ ਪ੍ਰਾਚੀਨ ਜੀਵਾਂ ਦੇ ਅਵਸ਼ੇਸ਼ ਰੱਖੇ ਗਏ ਸਨ। ਉਨ੍ਹਾਂ ਨੇ ਤਾਓਂਗ ਚਾਈਲਡ ਦੇ ਅਵਸ਼ੇਸ਼ ਕੱਢੇ ਅਤੇ ਪਾਇਆ ਕਿ ਦੋਵਾਂ ਦਾ ਬਿਲਕੁਲ ਇੱਕੋ ਜਿਹਾ ਨੁਕਸਾਨ ਹੋਇਆ ਸੀ।”

ਮੈਕਗ੍ਰਾ ਦਾ ਮੰਨਣਾ ਹੈ ਕਿ ਸਾਡੇ ਮਨੁੱਖੀ ਪੂਰਵਜਾਂ ਨੂੰ ਸ਼ਿਕਾਰੀ ਪੰਛੀ ਅਕਸਰ ਖਾਂਦੇ ਹੋਣਗੇ।

ਉਹ ਇਹ ਵੀ ਮੰਨਦੇ ਹਨ ਕਿ ਪੰਛੀਆਂ ਦੇ ਸ਼ਿਕਾਰ ਦੇ ਖ਼ਤਰੇ ਨੇ ਪ੍ਰਾਈਮੇਟਸ ਦੇ ਵਿਕਾਸ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੋਵੇਗੀ, ਜਿਸ ਸਮੂਹ ਦਾ ਹਿੱਸਾ ਮਨੁੱਖ ਵੀ ਹਨ।

ਉਹ ਕਹਿੰਦੇ ਹਨ, “ਜੇ ਅਸੀਂ ਸਾਲਾਂ ਦੌਰਾਨ ਇਕੱਠੇ ਕੀਤੇ ਗਏ ਮਨੁੱਖੀ ਅਵਸ਼ੇਸ਼ਾਂ ਨੂੰ ਦੁਬਾਰਾ ਧਿਆਨ ਨਾਲ ਵੇਖੀਏ, ਤਾਂ ਸਾਨੂੰ ਪੰਛੀਆਂ ਦੇ ਹਮਲਿਆਂ ਦੇ ਹੋਰ ਸੰਕੇਤ ਮਿਲਣ ਦੀ ਸੰਭਾਵਨਾ ਹੈ।”

“ਹੁਣ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਸੰਕੇਤਾਂ ਦੀ ਭਾਲ ਕਰਨੀ ਹੈ। ਅਸੀਂ ਤਾਈ ਜੰਗਲ ਵਿੱਚ ਜੋ ਦੇਖਿਆ ਹੈ, ਜੇ ਉਹ ਕੋਈ ਸੰਕੇਤ ਹੈ, ਤਾਂ ਅਜਿਹੇ ਹਮਲੇ ਆਮ ਰਹੇ ਹੋਣਗੇ।”

ਸ਼ਿਕਾਰੀ ਪੰਛੀਆਂ ਦੇ ਕਾਰਨ ਮਨੁੱਖਾਂ ਵਿੱਚ ਕੀ ਬਦਲਿਆ?

ਬ੍ਰਿਟੇਨ ਦੀ ਬ੍ਰਾਈਟਨ ਯੂਨੀਵਰਸਿਟੀ ਵਿੱਚ ਪੁਰਾਣੇ ਸਮੇਂ ਦੇ ਮਨੁੱਖਾਂ ਦਾ ਅਧਿਐਨ ਕਰਨ ਵਾਲੇ ਜੇਮਜ਼ ਕੋਲ ਕਹਿੰਦੇ ਹਨ ਕਿ ਪ੍ਰਾਚੀਨ ਮਨੁੱਖਾਂ ਦੇ ਅਵਸ਼ੇਸ਼ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਸ਼ੁਰੂਆਤੀ ਮਨੁੱਖ ਹੋਰ ਜਾਨਵਰਾਂ ਦਾ ਵੀ ਸ਼ਿਕਾਰ ਕਰਦੇ ਸਨ।

ਉਹ ਕਹਿੰਦੇ ਹਨ, “ਖ਼ਾਸ ਕਰਕੇ ਸ਼ੁਰੂਆਤੀ ਮਨੁੱਖੀ ਪ੍ਰਜਾਤੀਆਂ, ਜਿਵੇਂ ਕਿ ਆਸਟ੍ਰਾਲੋਪੀਥੇਕਸ ਅਫ਼ਰੀਕਨਜ਼ ਦਾ ਬੱਚਾ ਜਿਸਨੂੰ ਇੱਕ ਬਾਜ਼ ਨੇ ਖਾ ਲਿਆ ਸੀ।”

ਕੋਲ ਦੇ ਅਨੁਸਾਰ, ਸਾਡੇ ਮੁੱਢਲੇ ਪੂਰਵਜ ਬਹੁਤ ਸਾਰੇ ਸ਼ਿਕਾਰੀ ਜਾਨਵਰਾਂ ਦਾ ਭੋਜਨ ਬਣ ਗਏ ਸਨ।

ਉਹ ਕਹਿੰਦੇ ਹਨ, “ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡਾ ਸ਼ਿਕਾਰ ਕੀਤਾ ਗਿਆ ਸੀ।”

ਪੰਛੀਆਂ ਤੋਂ ਇਲਾਵਾ ਤੇਂਦੂਏ, ਲੱਕੜਬੱਗੇ ਅਤੇ ਵਿਸ਼ਾਲ ਮਗਰਮੱਛ ਵੀ ਮੁੱਢਲੇ ਮਨੁੱਖਾਂ ਦਾ ਸ਼ਿਕਾਰ ਕਰਦੇ ਸਨ। ਇਨ੍ਹਾਂ ਸ਼ਿਕਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਨੇ ਸਾਡੇ ਪੁਰਖਿਆਂ ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ ਹੋਵੇਗਾ।

ਇਹ ਮੰਨਿਆ ਜਾਂਦਾ ਹੈ ਕਿ ਵਿਸ਼ਾਲ ਪੰਛੀਆਂ ਦਾ ਸ਼ਿਕਾਰ ਬਣਨ ਦੇ ਖ਼ਤਰੇ ਨੇ ਸਾਡੇ ਸਰੀਰ ਅਤੇ ਸੋਚ ਵਿੱਚ ਵੀ ਬਦਲਾਅ ਲਿਆਂਦੇ।

ਉਦਾਹਰਣ ਵਜੋਂ ਦੋ ਲੱਤਾਂ ‘ਤੇ ਖੜ੍ਹੇ ਹੋਣ ਦੀ ਸਾਡੀ ਯੋਗਤਾ ਨੇ ਦੂਰੋਂ ਸ਼ਿਕਾਰੀਆਂ ਨੂੰ ਦੇਖਣਾ ਆਸਾਨ ਬਣਾ ਦਿੱਤਾ ਹੋਵੇਗਾ।

ਇੱਕ ਦੂਜੇ ਦਾ ਸਮਰਥਨ ਕਰਨਾ, ਇਕੱਠੇ ਰਹਿਣਾ, ਇੱਕ ਦੂਜੇ ‘ਤੇ ਨਿਰਭਰ ਕਰਨਾ ਅਤੇ ਇਕੱਠੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਸਾਡੇ ਪੁਰਖਿਆਂ ਲਈ ਲਾਭਦਾਇਕ ਸਾਬਿਤ ਹੋਇਆ ਹੋਵੇਗਾ।

ਕੋਲ ਕਹਿੰਦੇ ਹਨ ਕਿ ਸਮੂਹ ਦਾ ਆਕਾਰ ਬਚਾਅ ਲਈ ਅਹਿਮ ਹੋਵੇਗਾ, ਕਿਉਂਕਿ ਇੱਕ ਵੱਡਾ ਸਮੂਹ ਵਧੇਰੇ ਸੁਰੱਖਿਆ ਮੁਹੱਈਆ ਕਰਦਾ ਹੋਵੇਗਾ।

ਮੈਕਗ੍ਰਾ ਕਹਿੰਦੇ ਹਨ ਕਿ ਸ਼ਿਕਾਰੀ ਪੰਛੀਆਂ ਤੋਂ ਬਚਣ ਲਈ ਵੱਡੇ ਸਮੂਹਾਂ ਵਿੱਚ ਰਹਿਣਾ ਵੀ ਬਿਹਤਰ ਤਰੀਕਾ ਸੀ।

ਸ਼ੇਰ ਅਤੇ ਬਘਿਆੜ ਵਰਗੇ ਸ਼ਿਕਾਰੀ ਆਪਣੇ ਸ਼ਿਕਾਰ ਦਾ ਪਿੱਛਾ ਕਰਦੇ ਹਨ, ਪਰ ਸ਼ਿਕਾਰੀ ਪੰਛੀ ਅਕਸਰ ਚੋਰੀ-ਛਿਪੇ ਅਚਾਨਕ ਹਮਲਾ ਕਰਦੇ ਹਨ।

ਕ੍ਰਾਊਨਡ ਈਗਲ ਵਰਗੇ ਉਕਾਬ ਦਰੱਖਤਾਂ ਦੇ ਵਿਚਕਾਰ ਲੁਕ ਜਾਂਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਸਹੀ ਮੌਕਾ ਮਿਲਦਾ ਹੈ ਤਾਂ ਹਮਲਾ ਕਰਦੇ ਹਨ।

ਇਸ ਤੋਂ ਪਤਾ ਲੱਗਦਾ ਹੈ ਕਿ ਮਨੁੱਖਾਂ ਨੂੰ ਸਮੂਹਾਂ ਵਿੱਚ ਰਹਿਣ ਦੀ ਆਦਤ ਸ਼ਿਕਾਰੀ ਪੰਛੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਕਾਰਨ ਵੀ ਹੋ ਸਕਦੀ ਹੈ।

ਇੱਕ ਸਮੂਹ ਵਿੱਚ ਕਈ ਵਿਅਕਤੀ ਵੱਖ-ਵੱਖ ਦਿਸ਼ਾਵਾਂ ਵਿੱਚ ਦੇਖ ਸਕਦੇ ਹਨ ਅਤੇ ਅਚਾਨਕ ਹਮਲੇ ਦੀ ਚੇਤਾਵਨੀ ਦੇ ਸਕਦੇ ਹਨ। ਇਸਨੂੰ ‘ਮੈਨੀ ਆਈਜ਼ ਇਫ਼ੈਕਟ’ ਯਾਨੀ ਇੱਕੋ ਵੇਲੇ ਕਈ ਲੋਕਾਂ ਦੀ ਨਿਗਰਾਨੀ ਦਾ ਅਸਰ ਕਿਹਾ ਜਾਂਦਾ ਹੈ।

ਕੀ ਭਾਸ਼ਾ ਦਾ ਵਿਕਾਸ ਵੀ ਇਸ ਖ਼ਤਰੇ ਨਾਲ ਜੁੜਿਆ ਹੋਇਆ ਹੈ?

ਵਿਸ਼ਾਲ ਸ਼ਿਕਾਰੀ ਪੰਛੀਆਂ

ਕੋਲ ਕਹਿੰਦੇ ਹਨ ਕਿ ਵੱਡੇ ਸਮੂਹਾਂ ਵਿੱਚ ਰਹਿਣ ਨਾਲ ਵੀ ਭਾਸ਼ਾ ਦੇ ਵਿਕਾਸ ਵਿੱਚ ਮਦਦ ਮਿਲੀ ਹੋ ਸਕਦੀ ਹੈ।

ਉਹ ਕਹਿੰਦੇ ਹਨ, “ਇੱਕ ਵੱਡੇ ਸਮੂਹ ਵਿੱਚ ਲੋਕ ਵੱਖ-ਵੱਖ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਸਭ ਲੋਕਾਂ ਦੇ ਕੰਮ ਵੰਡੇ ਹੁੰਦੇ ਹਨ। ਇਸ ਲਈ ਆਪਸ ਵਿੱਚ ਤਾਲਮੇਲ ਜ਼ਰੂਰੀ ਹੈ।”

“ਜਦੋਂ ਇੱਕ ਸਮੂਹ ਦੇ ਲੋਕ ਵੱਖ-ਵੱਖ ਥਾਵਾਂ ‘ਤੇ ਕੰਮ ਕਰਨਾ ਸ਼ੁਰੂ ਕਰਦੇ ਹਨ, ਤਾਂ ਸਿਰਫ਼ ਇੱਕ ਦੂਜੇ ਵੱਲ ਦੇਖ ਕੇ ਤਾਲਮੇਲ ਨਹੀਂ ਬਣਾਇਆ ਜਾ ਸਕਦਾ।”

ਕੋਲ ਕਹਿੰਦੇ ਹਨ ਕਿ ਹੱਥਾਂ ਦੇ ਇਸ਼ਾਰਿਆਂ ਦੀ ਵਰਤੋਂ ਕਰਕੇ ਸੰਚਾਰ ਕਰਨ ਲਈ, ਲੋਕਾਂ ਦਾ ਇੱਕ ਦੂਜੇ ਵੱਲ ਦੇਖਣਾ ਜ਼ਰੂਰੀ ਹੈ।

ਪਰ ਜਦੋਂ ਕਿਸੇ ਸਾਥੀ ਨੂੰ ਕੁਝ ਦੱਸਣ ਦੀ ਲੋੜ ਹੁੰਦੀ ਹੈ ਜੋ ਨਜ਼ਰ ਤੋਂ ਬਾਹਰ ਹੈ, ਜਿਵੇਂ ਕਿ ਕਿਸੇ ਸ਼ਿਕਾਰੀ ਦੇ ਆਉਣ ਬਾਰੇ ਚੇਤਾਵਨੀ ਦੇਣ, ਤਾਂ ਭਾਸ਼ਾ ਦੀ ਲੋੜ ਹੁੰਦੀ ਹੈ।

ਮੈਕਗ੍ਰਾ ਦਾ ਮੰਨਣਾ ਹੈ ਕਿ ਅਸਮਾਨ ਤੋਂ ਖ਼ਤਰੇ ਤੋਂ ਬਚਣ ਦੀ ਕੋਸ਼ਿਸ਼ ਨੇ ਵੀ ਭਾਸ਼ਾ ਦੇ ਸ਼ੁਰੂਆਤੀ ਵਿਕਾਸ ਵਿੱਚ ਭੂਮਿਕਾ ਨਿਭਾਈ ਹੋਵੇਗੀ।

ਸਬੂਤ ਸੁਝਾਅ ਦਿੰਦੇ ਹਨ ਕਿ ਜ਼ਿਆਦਾਤਰ ਪ੍ਰਾਈਮੇਟਸ ਵੱਖ-ਵੱਖ ਸ਼ਿਕਾਰੀਆਂ ਲਈ ਇੱਕੋ ਜਿਹੀਆਂ ਚੇਤਾਵਨੀ ਕਾਲਾਂ ਦਿੰਦੇ ਸਨ। ਉਦਾਹਰਣ ਵਜੋਂ, ਉਹ ਸ਼ੇਰਾਂ ਅਤੇ ਚੀਤਿਆਂ ਲਈ ਇੱਕੋ ਜਿਹੀਆਂ ਅਵਾਜ਼ਾਂ ਕੱਢਦੇ ਹੋ ਸਕਦੇ ਹਨ।

ਪਰ ਸ਼ਿਕਾਰੀ ਪੰਛੀਆਂ ਨੂੰ ਦੇਖ ਕੇ, ਉਹ ਇੱਕ ਵੱਖਰੀ ਅਤੇ ਖ਼ਾਸ ਆਵਾਜ਼ ਕੱਢਦੇ ਹੋ ਸਕਦੇ ਹਨ।

ਮੈਕਗ੍ਰਾ ਦੇ ਅਨੁਸਾਰ, ਕਿਸੇ ਖਾਸ ਖ਼ਤਰੇ ਲਈ ਇਸ ਵਿਲੱਖਣ ਧੁਨੀ ਨੂੰ ਮਨੁੱਖੀ ਭਾਸ਼ਾ ਦਾ ਪੂਰਵਗਾਮੀ ਮੰਨਿਆ ਜਾ ਸਕਦਾ ਹੈ।

ਅਮਰੀਕਾ ਦੇ ਅਸਮਾਨ ‘ਤੇ ਵਿਸ਼ਾਲ ਪੰਛੀ ਰਾਜ ਕਰਦੇ ਹਨ

ਇਹ ਮੰਨਿਆ ਜਾਂਦਾ ਹੈ ਕਿ ਵਿਸ਼ਾਲ ਸ਼ਿਕਾਰੀ ਪੰਛੀਆਂ ਅਤੇ ਸਾਡੇ ਮਨੁੱਖੀ ਪੂਰਵਜਾਂ ਵਿਚਕਾਰ ਸਭ ਤੋਂ ਵੱਡੇ ਮੁਕਾਬਲੇ ਅਮਰੀਕਾ ਵਿੱਚ ਹੋਏ ਸਨ।

ਅਮਰੀਕਾ ਦੇ ਮੁੱਢਲੇ ਮਨੁੱਖਾਂ ਨੇ ਸ਼ਾਇਦ ਟੈਰਾਟੋਰਨ ਨਾਮਕ ਵਿਸ਼ਾਲ ਪੰਛੀਆਂ ਦਾ ਸਾਹਮਣਾ ਕੀਤਾ ਹੋਵੇਗਾ।

ਇਹ ਮਾਸਾਹਾਰੀ ਪੰਛੀ ਸਨ ਅਤੇ ਆਪਣੇ ਸ਼ਿਕਾਰ ਨੂੰ ਪੂਰਾ ਨਿਗਲ ਸਕਦੇ ਸਨ।

ਇਹ ਪੰਛੀ ਕੰਡੋਰ ਵਰਗੇ ਲੱਗਦੇ ਸਨ, ਜਿਨ੍ਹਾਂ ਦੇ ਖੰਭ ਛੇ ਮੀਟਰ ਤੱਕ ਫੈਲੇ ਹੋਏ ਸਨ। ਇਹ ਮਰੇ ਹੋਏ ਜਾਨਵਰ ਖਾਂਦੇ ਸਨ ਅਤੇ ਖ਼ੁਦ ਸ਼ਿਕਾਰ ਵੀ ਕਰਦੇ ਸਨ।

ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਵਿੱਚ ਪੰਛੀਆਂ ਦੇ ਨਮੂਨਿਆਂ ਦੇ ਸੀਨੀਅਰ ਕਿਊਰੇਟਰ ਜੋਨ ਕੂਪਰ ਕਹਿੰਦੇ ਹਨ ਕਿ ਇਹ ਪੰਛੀ ਇੰਨੇ ਵੱਡੇ ਸਨ ਕਿ ਉਹ ਸਿਰਫ਼ ਆਪਣੇ ਖੰਭ ਫ਼ੈਲਾ ਕੇ ਅਤੇ ਉੱਠਦੀ ਹਵਾ ਦੀ ਵਰਤੋਂ ਕਰਕੇ ਉੱਡ ਸਕਦੇ ਸਨ।

ਟੈਰੇਟੋਰਨਜ਼ ਨੇ ਤਕਰੀਬਨ ਢਾਈ ਕਰੋੜ ਸਾਲ ਤੱਕ ਅਸਮਾਨ ‘ਤੇ ਰਾਜ ਕੀਤਾ। ਉਹ ਲਗਭਗ 10 ਹਜ਼ਾਰ ਸਾਲ ਪਹਿਲਾਂ ਮਰ ਗਏ ਸਨ। ਉਸ ਸਮੇਂ ਤੱਕ, ਮਨੁੱਖ ਅਮਰੀਕਾ ਤੱਕ ਪਹੁੰਚ ਚੁੱਕੇ ਸਨ।

ਕੂਪਰ ਕਹਿੰਦੇ ਹਨ ਕਿ ‘ਥੰਡਰਬਰਡਜ਼’ ਕਹਾਣੀਆਂ ਟੈਰਾਟੋਰਨ ਕਾਰਨ ਪੈਦਾ ਹੋਈਆਂ ਹੋ ਸਕਦੀਆਂ ਹਨ।

ਮੂਲ ਅਮਰੀਕੀ ਕਥਾਵਾਂ ਵਿੱਚ, ਥੰਡਰਬਰਡ ਦੇ ਵੱਡੇ ਖੰਭ ਹੋਣ ਬਾਰੇ ਕਿਹਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਸੀ ਕਿ ਇਹ ਗਰਜ ਅਤੇ ਬਿਜਲੀ ਨੂੰ ਕੰਟਰੋਲ ਕਰਨ ਦੇ ਯੋਗ ਹੈ।

ਏਓਲੋਰਨਿਸ ਇਨਕ੍ਰੇਡੀਬਿਲਿਸ ਜਿਸਨੂੰ ‘ਇਨਕ੍ਰੇਡੀਬਲ ਟੈਰੇਟੋਰਨ’ ਵੀ ਕਿਹਾ ਜਾਂਦਾ ਹੈ, ਨੇ ਦੱਖਣੀ ਕੈਲੀਫੋਰਨੀਆ ਅਤੇ ਨੇਵਾਡਾ ਵਿੱਚ ਦਹਿਸ਼ਤ ਫੈਲਾਅ ਦਿੱਤੀ। ਇਸਦੇ ਖੰਭਾਂ ਦਾ ਫੈਲਾਅ ਸਾਢੇ ਪੰਜ ਮੀਟਰ ਸੀ।

ਇਸ ਤੋਂ ਅੱਗੇ ਉੱਤਰ ਵਿੱਚ, ਓਰੇਗਨ ਵਿੱਚ ਟੈਰੇਟੋਰਨਿਸ ਵੁੱਡਬਰਨੈਂਸਿਸ ਪਾਇਆ ਗਿਆ। ਇਸਦੇ ਖੰਭਾਂ ਦਾ ਫੈਲਾਅ ਲਗਭਗ ਚਾਰ ਮੀਟਰ ਸੀ।

ਅਸਮਾਨ ਵਿੱਚ ਉੱਡਦਾ ਇਹ ਵਿਸ਼ਾਲ ਪੰਛੀ ਲਗਭਗ 12 ਹਜ਼ਾਰ ਸਾਲ ਪਹਿਲਾਂ ਰਹਿੰਦਾ ਸੀ।

ਇਸ ਦੇ ਅਵਸ਼ੇਸ਼ ਹਾਥੀ ਵਰਗੇ ਮੈਮਥ ਅਤੇ ਮਾਸਟੌਡਨ, ਵਿਸ਼ਾਲ ਜ਼ਮੀਨੀ ਸਲੋਥ ਅਤੇ ਸ਼ੁਰੂਆਤੀ ਮਨੁੱਖਾਂ ਦੇ ਨਾਲ ਮਿਲੇ ਹਨ।

ਬੱਚਿਆਂ ਨੂੰ ਚੁੱਕ ਕੇ ਲੈ ਜਾਣ ਵਾਲੇ ਵਿਸ਼ਾਲ ਬਾਜ਼ ਦੀ ਕਹਾਣੀ

ਦੁਨੀਆ ਦੇ ਦੂਜੇ ਪਾਸੇ ਨਿਊਜ਼ੀਲੈਂਡ ਵਿੱਚ ਮਾਓਰੀ ਲੋਕਾਂ ਵਿਚਕਾਰ ‘ਤੇ ਹੋਕੀਓਈ’ ਦੀ ਕਹਾਣੀ ਸੁਣਾਈ ਜਾਂਦੀ ਹੈ

ਦੁਨੀਆ ਦੇ ਦੂਜੇ ਪਾਸੇ ਨਿਊਜ਼ੀਲੈਂਡ ਵਿੱਚ, ‘ਤੇ ਹੋਕੀਓਈ’ ਦੀ ਕਹਾਣੀ ਮਾਓਰੀ ਲੋਕਾਂ ਵਿੱਚ ਸੁਣਾਈ ਜਾਂਦੀ ਹੈ।

ਕਹਾਣੀ ਦੇ ਅਨੁਸਾਰ, ਇਹ ਇੱਕ ਵਿਸ਼ਾਲ ਬਾਜ਼ ਸੀ ਜੋ ਬੱਚਿਆਂ ਨੂੰ ਚੁੱਕ ਕੇ ਲੈ ਜਾਂਦਾ ਸੀ।

ਮਾਹਰਾਂ ਦਾ ਮੰਨਣਾ ਹੈ ਕਿ ਇਹ ਕਹਾਣੀ ਅਸਲ ਵਿੱਚ ਇੱਕ ਸਮੇਂ ਦੇ ਵਿਸ਼ਾਲ ਹਾਸਟਸ ਈਗਲ ਨਾਲ ਜੁੜੀ ਹੋ ਸਕਦੀ ਹੈ, ਹੁਣ ਇਹ ਪ੍ਰਜਾਤੀ ਅਲੋਪ ਹੋ ਚੁੱਕੀ ਹੈ।

ਕੂਪਰ ਕਹਿੰਦੇ ਹਨ ਕਿ ਹਾਸਟਸ ਦਾ ਬਾਜ਼ ‘ਇੱਕ ਕਿਸਮ ਦਾ ਉੱਡਦਾ ਸ਼ੇਰ’ ਸੀ।

ਇਸਦਾ ਭਾਰ ਇੱਕ ਬਾਲਗ ਹਾਰਪੀ ਈਗਲ ਨਾਲੋਂ ਲਗਭਗ ਦੁੱਗਣਾ ਸੀ, ਜੋ ਕਿ ਅੱਜ ਦੇ ਸਭ ਤੋਂ ਵੱਡੇ ਈਗਲਾਂ ਵਿੱਚੋਂ ਇੱਕ ਹੈ।

ਹਾਸਟ ਦੇ ਬਾਜ਼ ਨੇ ਇੱਕ ਹੋਰ ਵੱਡੇ ਜ਼ਮੀਨੀ ਪੰਛੀ ਮੋਆ ਦਾ ਸ਼ਿਕਾਰ ਕੀਤਾ। ਮੋਆ ਦੀ ਲੰਬਾਈ ਲਗਭਗ ਚਾਰ ਮੀਟਰ ਲੰਬੀ ਸੀ।

ਵੱਡਾ ਬਾਜ਼ ਤੇਜ਼ੀ ਨਾਲ ਹੇਠਾਂ ਡਿੱਗਦਾ ਗਿਆ, ਜਿਵੇਂ-ਜਿਵੇਂ ਇਹ ਹੇਠਾਂ ਡਿੱਗਦਾ ਗਿਆ, ਇਸਦਾ ਭਾਰ ਇਸਦੀ ਗਤੀ ਵਧਦੀ ਗਈ।

ਉਹ ਆਪਣੇ 10 ਸੈਂਟੀਮੀਟਰ ਲੰਬੇ ਪੰਜਿਆਂ ਨਾਲ ਸ਼ਿਕਾਰ ਦੀ ਪਿੱਠ ‘ਤੇ ਹਮਲਾ ਕਰਦਾ ਸੀ ਅਤੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੰਦਾ ਸੀ।

ਕੂਪਰ ਕਹਿੰਦੇ ਹਨ, “ਅਸੀਂ ਕੁਝ ਮੋਆ ਪੰਛੀਆਂ ਦੀਆਂ ਕਮਰ ਦੀਆਂ ਹੱਡੀਆਂ ‘ਤੇ ਇਹ ਵੱਡੇ ਪੰਜੇ ਦੇ ਨਿਸ਼ਾਨ ਦੇਖੇ ਹਨ।”

ਉਹ ਕਹਿੰਦੇ ਹਨ ਕਿ ਹਾਸਟਸ ਈਗਲ ਮਨੁੱਖਾਂ ‘ਤੇ ਇਸੇ ਤਰ੍ਹਾਂ ਹਮਲਾ ਕਰ ਸਕਦਾ ਹੈ।

ਉਹ ਕਹਿੰਦੇ ਹਨ, “ਬੱਚੇ ਜ਼ਰੂਰ ਖ਼ਤਰੇ ਵਿੱਚ ਹੋਣਗੇ। ਇਹ ਦ੍ਰਿਸ਼ ਹੈਰਾਨੀਜਨਕ ਅਤੇ ਬਹੁਤ ਡਰਾਉਣੇ ਦੋਵੇਂ ਹੋਣਾ ਚਾਹੀਦਾ ਹੈ।”

ਸ਼ਾਇਦ ਇਸੇ ਲਈ ਮਾਓਰੀ ਅਤੇ ਉੱਤਰੀ ਅਮਰੀਕੀ ਸਭਿਆਤਾਵਾਂ ਵਿੱਚ ਪੰਛੀਆਂ ਦੇ ਬੱਚਿਆਂ ਨੂੰ ਚੁੱਕ ਕੇ ਲੈ ਜਾਣ ਦੀਆਂ ਕਹਾਣੀਆਂ ਇੰਨੇ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਹਨ।

ਇਸੇ ਤਰ੍ਹਾਂ ਦੀਆਂ ਕਹਾਣੀਆਂ ਪ੍ਰਾਚੀਨ ਯੂਨਾਨੀ ਮਿਥਿਹਾਸ ਵਿੱਚ ਵੀ ਮਿਲਦੀਆਂ ਹਨ, ਜਿੱਥੇ ਸਾਰਸ ਬੱਚਿਆਂ ਚੁੱਕ ਕੇ ਲੈ ਜਾਂਦੇ ਸਨ।

ਉਹ ਕਹਿੰਦੇ ਹਨ, “ਜਦੋਂ ਇਹ ਪੰਛੀ ਉੱਪਰ ਉੱਡਦੇ ਸਨ, ਤਾਂ ਉਨ੍ਹਾਂ ਦੇ ਪਰਛਾਵੇਂ ਬਹੁਤ ਲੰਬੇ ਹੁੰਦੇ ਹੋਣਗੇ। ਉਨ੍ਹਾਂ ਨੇ ਦੁਨੀਆ ਭਰ ਦੇ ਸੱਭਿਆਚਾਰਾਂ ‘ਤੇ ਇਸੇ ਤਰ੍ਹਾਂ ਦੀ ਲੰਮੀ ਛਾਪ ਛੱਡੀ।”

ਕੀ ਉਕਾਬ ਅਜੇ ਵੀ ਬੱਚਿਆਂ ਨੂੰ ਚੁੱਕ ਸਕਦੇ ਹਨ?

ਬਾਜ਼ਾਂ ਵੱਲੋਂ ਬੱਚੇ ਪਾਲਣ ਦਾ ਕੰਮ ਸ਼ਾਇਦ ਬਹੁਤੀ ਪੁਰਾਤਨ ਗੱਲ ਨਾ ਹੋਵੇ।

ਅਮਰੀਕਾ ਦੇ ਟੈਨੇਸੀ ਤੋਂ 19ਵੀਂ ਸਦੀ ਦੀ ਇੱਕ ਰਿਪੋਰਟ ਸਾਹਮਣੇ ਆਈ ਜਿਸ ਮੁਤਾਬਕ ਇੱਕ ਬੱਚੇ ਨੂੰ ‘ਵਿਸ਼ਾਲ ਭੂਰਾ ਬਾਜ਼’ ਦੇ ਚੁੱਕ ਕੇ ਲੈ ਜਾਣ ਦਾ ਜ਼ਿਕਰ ਹੈ।

ਖ਼ਬਰਾਂ ਅਨੁਸਾਰ, ਬਾਜ਼ ਤੇਜ਼ੀ ਨਾਲ ਹੇਠਾਂ ਆਇਆ ਅਤੇ ਆਪਣੇ ਵੱਡੇ ਪੰਜੇ ਛੋਟੇ ਮੁੰਡੇ ਦੇ ਕੱਪੜਿਆਂ ਵਿੱਚ ਫਸਾ ਲਏ।

ਬਾਜ਼ ਬੱਚੇ ਨੂੰ ਲੈ ਕੇ ਉੱਡ ਗਿਆ। ਇੱਕ ਘਰੇਲੂ ਨੌਕਰਾਣੀ ਉਸਦੇ ਪਿੱਛੇ ਭੱਜੀ।

ਲਗਭਗ ਦੋ ਮੀਲ ਦੂਰ ਜਾਣ ਤੋਂ ਬਾਅਦ, ਪੰਛੀ ਨੇ ਬੱਚੇ ਨੂੰ ਕੁਝ ਸਮੇਂ ਲਈ ਹੇਠਾਂ ਰੱਖ ਦਿੱਤਾ।

ਨੇੜੇ ਹੀ ਮੌਜੂਦ ਇੱਕ ਵਿਅਕਤੀ ਨੇ ਉੱਚੀ ਆਵਾਜ਼ ਮਾਰੀ, ਜਿਸ ਨਾਲ ਪੰਛੀ ਡਰ ਗਿਆ ਅਤੇ ਉਹ ਉੱਡ ਗਿਆ।

ਚੰਗੀ ਗੱਲ ਇਹ ਹੈ ਕਿ ‘ਸਿਹਤਮੰਦ ਅਤੇ ਗੁਲਾਬੀ ਚਿਹਰੇ ਵਾਲੇ’ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ।

ਇਨਸਾਨ ਬਚ ਗਏ, ਵੱਡੇ-ਵੱਡੇ ਪੰਛੀ ਮਰ ਗਏ

ਕੁੱਲ ਮਿਲਾ ਕੇ ਵਿਸ਼ਾਲ ਸ਼ਿਕਾਰੀ ਪੰਛੀਆਂ ਨੇ ਤਕਰੀਬਨ 5 ਕਰੋੜ ਸਾਲਾਂ ਤੱਕ ਅਸਮਾਨ ‘ਤੇ ਰਾਜ ਕੀਤਾ।

ਫਿਰ, ਲਗਭਗ 26 ਲੱਖ ਸਾਲ ਪਹਿਲਾਂ ਧਰਤੀ ਪਲਾਈਸਟੋਸੀਨ ਕਾਲ ਦੇ ਮਹਾਨ ਬਰਫ਼ ਯੁੱਗ ਵਿੱਚ ਪਹੁੰਚ ਗਈ।

ਪਲਾਈਸਟੋਸੀਨ ਦੌਰਾਨ, ਧਰਤੀ ਦੇ ਜਲਵਾਯੂ ਵਿੱਚ ਬਹੁਤ ਵੱਡੇ ਅਤੇ ਤੇਜ਼ ਬਦਲਾਅ ਹੋਏ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਤਬਦੀਲੀਆਂ ਨੇ ਮਨੁੱਖਾਂ ਦੇ ਵਿਕਾਸ ਨੂੰ ਅੱਗੇ ਵਧਾਇਆ।

ਪਰ ਇਸ ਸਮੇਂ ਦੇ ਅੰਤ ਤੱਕ ਲਗਭਗ 11,700 ਸਾਲ ਪਹਿਲਾਂ, ਤਕਰੀਬਨ ਸਾਰੇ ਵੱਡੇ ਥਣਧਾਰੀ ਜੀਵ ਅਤੇ ਸਭ ਤੋਂ ਵੱਡੇ ਸ਼ਿਕਾਰੀ ਪੰਛੀ ਅਲੋਪ ਹੋ ਗਏ ਸਨ।

ਮਾਹਰਾਂ ਨੂੰ ਪੱਕਾ ਪਤਾ ਨਹੀਂ ਹੈ ਕਿ ਇਨ੍ਹਾਂ ਵਿਸ਼ਾਲ ਜਾਨਵਰਾਂ ਦੇ ਵਿਨਾਸ਼ ਲਈ ਬਦਲਦੇ ਜਲਵਾਯੂ ਜ਼ਿੰਮੇਵਾਰ ਸਨ ਜਾਂ ਮਨੁੱਖੀ ਸ਼ਿਕਾਰੀ।

ਪਰ ਜਿਵੇਂ-ਜਿਵੇਂ ਮਨੁੱਖ ਦੁਨੀਆ ਭਰ ਵਿੱਚ ਫੈਲ ਗਏ ਉਸ ਨਾਲ ਕੁਦਰਤੀ ਪ੍ਰਣਾਲੀ ਵਿੱਚ ਬਦਲਾਅ ਆਇਆ। ਇਸ ਦੌਰਾਨ 95 ਫ਼ੀਸਦ ਤੱਕ ਵਿਸ਼ਾਲ ਜਾਨਵਰ ਵੀ ਅਲੋਪ ਹੋ ਗਏ।

ਕੂਪਰ ਕਹਿੰਦੇ ਹਨ, “ਅਸੀਂ ਜਾਂ ਤਾਂ ਉਨ੍ਹਾਂ ਨੂੰ ਖਾਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਚੀਜ਼ਾਂ ਲਈ ਉਨ੍ਹਾਂ ਨਾਲ ਮੁਕਾਬਲਾ ਕਰ ਰਹੇ ਸੀ।”

ਉਨ੍ਹਾਂ ਦਾ ਮੰਨਣਾ ਹੈ ਕਿ ਸ਼ਾਇਦ ਇਹ ਮਨੁੱਖਾਂ ਅਤੇ ਸ਼ਿਕਾਰੀ ਪੰਛੀਆਂ ਵਿਚਕਾਰ ਤਣਾਅ ਦਾ ਕਾਰਨ ਸੀ, ਜੋ ਅੱਜ ਵੀ ਮੌਜੂਦ ਹੈ।

ਉਹ ਕਹਿੰਦੇ ਹਨ, “ਇਹ ਪੰਛੀ ਸਾਨੂੰ ਆਕਰਸ਼ਿਤ ਕਰਦੇ ਹਨ ਅਤੇ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ, ਪਰ ਅਸੀਂ ਹਮੇਸ਼ਾ ਉਨ੍ਹਾਂ ਦੇ ਆਲੇ-ਦੁਆਲੇ ਰਹਿ ਕੇ ਖੁਸ਼ ਨਹੀਂ ਹੁੰਦੇ।”

ਪਲਾਈਸਟੋਸੀਨ ਕਾਲ ਦੇ ਖ਼ਤਮ ਹੋਣ ਤੋਂ ਬਾਅਦ, ਧਰਤੀ ਦਾ ਮੌਸਮ ਹੌਲੀ-ਹੌਲੀ ਸਥਿਰ ਹੋਣਾ ਸ਼ੁਰੂ ਹੋ ਗਿਆ।

ਵਿਸ਼ਾਲ ਬਰਫ਼ ਦੀਆਂ ਚਾਦਰਾਂ ਪਿੱਛੇ ਹਟਣ ਲੱਗੀਆਂ ਅਤੇ ਮਨੁੱਖਾਂ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਸੀ, ‘ਮਨੁੱਖਾਂ ਦਾ ਯੁੱਗ’।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI