Home rss national punjabi2ਰਾਸ਼ਟਰੀ ਖ਼ਬਰਾਂ ‘ਜੈਫਰੀ ਐਪਸਟੀਨ ਦਾ ਕਤਲ ਹੋਇਆ ਸੀ’, ਫੋਰੈਂਸਿਕ ਮਾਹਰ ਨੇ ਪੋਸਟਮਾਰਟਮ ਦੀਆਂ ਤਸਵੀਰਾਂ...

‘ਜੈਫਰੀ ਐਪਸਟੀਨ ਦਾ ਕਤਲ ਹੋਇਆ ਸੀ’, ਫੋਰੈਂਸਿਕ ਮਾਹਰ ਨੇ ਪੋਸਟਮਾਰਟਮ ਦੀਆਂ ਤਸਵੀਰਾਂ ਦੇ ਆਧਾਰ ‘ਤੇ ਕੀਤਾ ਦਾਅਵਾ

7
0

Source :- BBC PUNJABI

ਜੈਫਰੀ ਐਪਸਟੀਨ

ਇਸ ਲੇਖ ਵਿੱਚ ਪਰੇਸ਼ਾਨ ਕਰਨ ਵਾਲੀ ਜਾਣਕਾਰੀ ਅਤੇ ਖ਼ੁਦਕੁਸ਼ੀ ਨਾਲ ਜੁੜੇ ਹਵਾਲੇ ਸ਼ਾਮਲ ਹਨ।

ਇੱਕ ਫੋਰੈਂਸਿਕ ਮਾਹਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਿਨਸੀ ਅਪਰਾਧਾਂ ਦੇ ਮੁਲਜ਼ਿਮ ਕਰਾਰ ਦਿੱਤੇ ਗਏ ਜੈਫਰੀ ਐਪਸਟੀਨ ਦੀ ਜੇਲ੍ਹ ਵਿੱਚ ਹੋਈ ਮੌਤ ਖ਼ੁਦਕੁਸ਼ੀ ਨਹੀਂ, ਸਗੋਂ ਕਤਲ ਦਾ ਨਤੀਜਾ ਸੀ।

ਬੀਬੀਸੀ ਦੇ ਪ੍ਰੋਗਰਾਮ ‘ਨਿਊਜ਼ਨਾਈਟ’ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਮਾਈਕਲ ਫ੍ਰੀਮੈਨ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਦੇ ਮੈਡੀਕਲ ਜਾਂਚ ਅਧਿਕਾਰੀ ਦੀਆਂ ਫਾਈਲਾਂ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਦਾ ਮੰਨਣਾ ਹੈ ਕਿ ਐਪਸਟੀਨ ਦਾ ਗਲਾ ਘੁੱਟਿਆ ਗਿਆ ਸੀ। ਉਨ੍ਹਾਂ ਮੁਤਾਬਕ, ਅਜਿਹਾ ਪਿੱਛਲੇ ਪਾਸਿਓਂ ਕੀਤੇ ਜਾਣ ਦੀ ਸਭ ਤੋਂ ਵੱਧ ਸੰਭਾਵਨਾ ਹੈ।

ਹਾਲਾਂਕਿ, 2019 ਵਿੱਚ ਐਪਸਟੀਨ ਦਾ ਪੋਸਟਮਾਰਟਮ ਕਰਨ ਵਾਲੇ ਮੈਡੀਕਲ ਜਾਂਚ ਅਧਿਕਾਰੀ ਨੇ ਸਿੱਟਾ ਕੱਢਿਆ ਸੀ ਕਿ ਉਨ੍ਹਾਂ ਦੇ ਸਰੀਰ ‘ਤੇ ਮਿਲੀਆਂ ਸੱਟਾਂ ਖ਼ੁਦਕੁਸ਼ੀ ਨਾਲ ਮੇਲ ਖਾਂਦੀਆਂ ਸਨ।

ਜਾਂਚ ਅਧਿਕਾਰੀ ਮੁਤਾਬਕ, ਅਜਿਹਾ ਕੋਈ ਸਬੂਤ ਨਹੀਂ ਮਿਲਿਆ ਸੀ, ਜੋ ਕਤਲ ਦੀ ਸੂਰਤ ਵਿੱਚ ਬਚਾਅ ਦੀ ਕੋਸ਼ਿਸ਼ ਦੌਰਾਨ ਲੱਗਣ ਵਾਲੀਆਂ ਸੱਟਾਂ ਵੱਲ ਇਸ਼ਾਰਾ ਕਰਦਾ ਹੋਵੇ।

ਜੈਫਰੀ ਐਪਸਟੀਨ 10 ਅਗਸਤ 2019 ਨੂੰ ਨਿਊਯਾਰਕ ਦੀ ਜੇਲ੍ਹ ਵਿੱਚ ਮ੍ਰਿਤਕ ਮਿਲੇ ਸਨ। ਉਸ ਸਮੇਂ ਉਹ ਜਿਨਸੀ ਤਸਕਰੀ ਦੇ ਇਲਜ਼ਾਮਾਂ ਤਹਿਤ ਮੁਕੱਦਮੇ ਦੀ ਉਡੀਕ ਕਰ ਰਹੇ ਸਨ।

ਮੌਤ ਦਾ ਕਾਰਨ ‘ਖ਼ੁਦਕੁਸ਼ੀ’ ਦੱਸਿਆ ਗਿਆ ਸੀ

ਜੈਫਰੀ ਐਪਸਟੀਨ

ਐਪਸਟੀਨ ਦੇ ਪੋਸਟਮਾਰਟਮ ਸਮੇਂ ਮੁੱਖ ਮੈਡੀਕਲ ਜਾਂਚ ਅਧਿਕਾਰੀ ਰਹੇ ਡਾਕਟਰ ਬਾਰਬਰਾ ਸੈਮਪਸਨ ਨੇ ਉਨ੍ਹਾਂ ਦੀ ਮੌਤ ਨੂੰ ਖ਼ੁਦਕੁਸ਼ੀ ਕਰਾਰ ਦਿੱਤਾ ਸੀ।

ਉਹ ਪਹਿਲਾਂ ਕਹਿ ਚੁੱਕੇ ਹਨ, “ਮੈਂ ਐਪਸਟੀਨ ਦੀ ਮੌਤ ਦੇ ਕਾਰਨ ਅਤੇ ਤਰੀਕੇ ਬਾਰੇ ਆਪਣੇ ਸਿੱਟੇ ‘ਤੇ ਪੂਰੀ ਤਰ੍ਹਾਂ ਕਾਇਮ ਹਾਂ।”

ਬੀਬੀਸੀ ਨੇ ਇਸ ਮਾਮਲੇ ‘ਤੇ ਉਨ੍ਹਾਂ ਦੀ ਨਵੀਂ ਪ੍ਰਤੀਕਿਰਿਆ ਮੰਗੀ ਹੈ।

ਫ੍ਰੀਮੈਨ ਅਮਰੀਕਾ ਵਿੱਚ ਪੁਲਿਸ ਹਿਰਾਸਤ ਦੌਰਾਨ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਵਿੱਚ ਅਟਾਰਨੀ ਜਨਰਲ ਲਈ ਮੌਤ ਦੇ ਕਾਰਨਾਂ ਦੇ ਮਾਹਰ ਵਜੋਂ ਕੰਮ ਕਰ ਚੁੱਕੇ ਹਨ। ਇਨ੍ਹਾਂ ਵਿੱਚ ਮਿਨੀਸੋਟਾ ਵਿੱਚ ਜੌਰਜ ਫਲਾਇਡ ਦੀ ਮੌਤ ਦਾ ਮਾਮਲਾ ਵੀ ਸ਼ਾਮਲ ਹੈ।

ਉਨ੍ਹਾਂ ਨੇ ਸੋਮਵਾਰ ਸ਼ਾਮ ਲੰਡਨ ਵਿੱਚ ਨਤੀਜੇ ਪੇਸ਼ ਕਰਨ ਤੋਂ ਬਾਅਦ ਆਪਣੀ ਜਾਂਚ ਅਤੇ ਨਿਊਯਾਰਕ ਸ਼ਹਿਰ ਦੇ ਮੈਡੀਕਲ ਜਾਂਚ ਅਧਿਕਾਰੀ ਦੀਆਂ ਫਾਈਲਾਂ ਜਨਤਕ ਕੀਤੀਆਂ।

ਫ੍ਰੀਮੈਨ ਨੇ ਖ਼ੁਦ ਐਪਸਟੀਨ ਦੀ ਲਾਸ਼ ਨਹੀਂ ਦੇਖੀ ਸੀ। ਉਨ੍ਹਾਂ ਨੇ ਆਪਣੇ ਨਤੀਜੇ ਮੈਡੀਕਲ ਜਾਂਚ ਅਧਿਕਾਰੀ ਦੀ ਰਿਪੋਰਟ ਵਿੱਚ ਸ਼ਾਮਲ ਦਸਤਾਵੇਜ਼ਾਂ ਅਤੇ ਤਸਵੀਰਾਂ ਦੇ ਆਧਾਰ ‘ਤੇ ਕੱਢੇ ਸਨ। ਇਹ ਦਸਤਾਵੇਜ਼ ਉਨ੍ਹਾਂ ਨੂੰ ਐਪਸਟੀਨ ਦੇ ਭਰਾ ਮਾਰਕ ਐਪਸਟੀਨ ਨੇ ਮੁਹੱਈਆ ਕਰਵਾਏ ਸਨ।

ਮਾਰਕ ਐਪਸਟੀਨ ਲਗਾਤਾਰ ਇਹ ਦਾਅਵਾ ਕਰਦੇ ਰਹੇ ਹਨ ਕਿ ਉਨ੍ਹਾਂ ਦੇ ਭਰਾ ਦਾ ਕਤਲ ਕੀਤਾ ਗਿਆ ਸੀ।

ਫ੍ਰੀਮੈਨ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਲੇਸ਼ਣ ਸੁਤੰਤਰ ਹੈ ਅਤੇ ਇਸ ਲਈ ਮਾਰਕ ਐਪਸਟੀਨ ਨੇ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ। ਉਨ੍ਹਾਂ ਦੀ ਖੋਜ ਦੀ ਹਾਲੇ ਤੱਕ ਮਾਹਰਾਂ ਵੱਲੋਂ ਸਮੀਖਿਆ ਨਹੀਂ ਕੀਤੀ ਗਈ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਵਿਸ਼ਲੇਸ਼ਣ ਵਿੱਚ ਐਪਸਟੀਨ ‘ਤੇ ਹਮਲੇ ਦੇ ਸੰਕੇਤ ਮਿਲੇ ਹਨ। ਇਨ੍ਹਾਂ ਵਿੱਚ ਉਨ੍ਹਾਂ ਦੇ ਖੱਬੇ ਮੋਢੇ ‘ਤੇ ਅੰਦਰੂਨੀ ਖ਼ੂਨ ਵਗਣ ਦੇ ਗੰਭੀਰ ਨਿਸ਼ਾਨ ਅਤੇ ਚਿਹਰੇ ‘ਤੇ ਸੱਟਾਂ ਦੇ ਅਜਿਹੇ ਨਿਸ਼ਾਨ ਸ਼ਾਮਲ ਹਨ, ਜੋ ਕਿਸੇ ਚੀਜ਼ ਨਾਲ ਵਾਰ ਕੀਤੇ ਜਾਣ ਕਾਰਨ ਹੋ ਸਕਦੇ ਹਨ।

ਫ੍ਰੀਮੈਨ ਨੇ ਕਿਹਾ ਕਿ ਸਬੂਤਾਂ ਤੋਂ ਸਭ ਤੋਂ ਵੱਧ ਇਹ ਸੰਕੇਤ ਮਿਲਦਾ ਹੈ ਕਿ ਕਿਸੇ ਫੰਦੇ ਨਾਲ ਐਪਸਟੀਨ ਦਾ ਗਲਾ ਘੁੱਟਿਆ ਗਿਆ ਅਤੇ ਫਿਰ ਉਸੇ ਫੰਦੇ ਦੀ ਵਰਤੋਂ ਕਰਕੇ ਉਨ੍ਹਾਂ ਦੀ ਲਾਸ਼ ਨੂੰ ਮੰਜੇ ਨਾਲ ਲਟਕਾਇਆ ਗਿਆ।

ਉਨ੍ਹਾਂ ਕਿਹਾ ਕਿ ਐਪਸਟੀਨ ਦੀ ਗਰਦਨ ‘ਤੇ ਫੰਦੇ ਦੇ ਨਿਸ਼ਾਨਾਂ ਦੇ ਉੱਪਰ ਨਹੁੰਆਂ ਦੇ ਨਿਸ਼ਾਨ ਵੀ ਦਿਖਾਈ ਦਿੰਦੇ ਹਨ।

ਉਨ੍ਹਾਂ ਮੁਤਾਬਕ, “ਇਹ ਗਲਾ ਘੁੱਟੇ ਜਾਣ ਨਾਲ ਮੇਲ ਖਾਂਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਅਜਿਹਾ ਪਿੱਛਿਓਂ ਕੀਤਾ ਗਿਆ ਹੋਵੇ। ਇਸ ਦੇ ਨਾਲ ਹੀ ਇਹ ਪੀੜਤ ਵੱਲੋਂ ਆਪਣੀ ਗਰਦਨ ਤੋਂ ਫੰਦਾ ਹਟਾਉਣ ਦੀ ਕੋਸ਼ਿਸ਼ ਕਰਨ ਦਾ ਸੰਕੇਤ ਵੀ ਦਿੰਦਾ ਹੈ।”

ਉਨ੍ਹਾਂ ਕਿਹਾ, “ਸੱਟਾਂ ਅਤੇ ਲਾਸ਼ ਜਿਸ ਹਾਲਤ ਵਿੱਚ ਮਿਲੀ ਸੀ, ਉਹ ਆਪਸ ਵਿੱਚ ਮੇਲ ਨਹੀਂ ਖਾਂਦੀਆਂ। ਅਜਿਹੇ ਵਿੱਚ ਸਿਰਫ਼ ਇੱਕ ਹੀ ਵਿਆਖਿਆ ਰਹਿ ਜਾਂਦੀ ਹੈ ਅਤੇ ਉਹ ਇਹ ਹੈ ਕਿ ਮੌਤ ਕਤਲ ਦਾ ਨਤੀਜਾ ਸੀ।”

ਹਾਲਾਂਕਿ, ਉਸ ਸਮੇਂ ਪੋਸਟਮਾਰਟਮ ਕਰਨ ਵਾਲੇ ਮੈਡੀਕਲ ਜਾਂਚ ਅਧਿਕਾਰੀ ਨੇ ਅਮਰੀਕੀ ਨਿਆਂ ਵਿਭਾਗ ਦੇ ਇੰਸਪੈਕਟਰ ਜਨਰਲ ਦੇ ਦਫ਼ਤਰ ਨੂੰ ਦੱਸਿਆ ਸੀ ਕਿ ਐਪਸਟੀਨ ਦੇ ਸਰੀਰ ‘ਤੇ ਮਿਲੀਆਂ ਸੱਟਾਂ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਬਜਾਏ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਨਾਲ ਵਧੇਰੇ ਮੇਲ ਖਾਂਦੀਆਂ ਸਨ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਗਲਾ ਘੁੱਟ ਕੇ ਕਤਲ ਦੇ ਮਾਮਲਿਆਂ ਵਿੱਚ ਪੀੜਤਾਂ ਦੇ ਸਰੀਰ ‘ਤੇ ਬਚਾਅ ਦੀ ਕੋਸ਼ਿਸ਼ ਦੌਰਾਨ ਲੱਗਣ ਵਾਲੀਆਂ ਸੱਟਾਂ ਦੇ ਕੋਈ ਸਬੂਤ ਨਹੀਂ ਮਿਲੇ ਸਨ।

ਫੋਰੈਂਸਿਕ ਮਾਹਰ ਨੇ ਕੀ ਕਿਹਾ?

ਜੈਫਰੀ ਐਪਸਟੀਨ

ਫ੍ਰੀਮੈਨ ਨੇ ਕਿਹਾ ਕਿ ਹਿਰਾਸਤ ਦੌਰਾਨ ਫਾਹਾ ਲੈ ਕੇ ਮੌਤ ਹੋਣ ਦੇ ਕਿਸੇ ਵੀ ਮਾਮਲੇ ਦੀ ਜਾਂਚ ਕਰਦਿਆਂ ਉਹ ਉਮੀਦ ਕਰਦੇ ਹਨ ਕਿ ਲਾਸ਼ ਨੂੰ ਹੇਠਾਂ ਉਤਾਰਨ ਤੋਂ ਪਹਿਲਾਂ ਉਸ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਹੋਣਗੀਆਂ।

ਐਪਸਟੀਨ ਦੇ ਜੇਲ੍ਹ ਵਿੱਚ ਰਹਿਣ ਦੌਰਾਨ ਨਿਆਂ ਵਿਭਾਗ ਵੱਲੋਂ ਕੀਤੀ ਗਈ ਜਾਂਚ ਮੁਤਾਬਕ, ਜਿਸ ਗਾਰਡ ਨੇ ਉਨ੍ਹਾਂ ਨੂੰ ਦੇਖਿਆ ਸੀ, ਉਸ ਨੇ ਤੁਰੰਤ ਮਦਦ ਲਈ ਆਪਣੇ ਇੱਕ ਹੋਰ ਸਾਥੀ ਨੂੰ ਬੁਲਾਇਆ। ਇਸ ਤੋਂ ਬਾਅਦ ਐਪਸਟੀਨ ਦੀ ਲਾਸ਼ ਨੂੰ ਹੇਠਾਂ ਉਤਾਰਿਆ ਗਿਆ ਅਤੇ ਉਨ੍ਹਾਂ ਨੂੰ ਮੁੜ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ।

ਨਿਆਂ ਵਿਭਾਗ ਦੀ ਰਿਪੋਰਟ ਮੁਤਾਬਕ, ਐਪਸਟੀਨ ਦੀ ਮੌਤ ਤੋਂ ਇੱਕ ਮਹੀਨਾ ਪਹਿਲਾਂ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ਵਾਸਤੇ ਕੁਝ ਸਮੇਂ ਲਈ ਨਿਗਰਾਨੀ ਹੇਠ ਰੱਖਿਆ ਗਿਆ ਸੀ।

ਜਦੋਂ ਫ੍ਰੀਮੈਨ ਨੂੰ ਪੁੱਛਿਆ ਗਿਆ ਕਿ ਜੇਕਰ ਸਬੂਤਾਂ ਬਾਰੇ ਉਨ੍ਹਾਂ ਦੀ ਵਿਆਖਿਆ ਸਹੀ ਹੈ ਤਾਂ ਐਪਸਟੀਨ ਦਾ ਕਤਲ ਕਿਸ ਨੇ ਕੀਤਾ ਹੋਵੇਗਾ, ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਉਨ੍ਹਾਂ ਕਿਹਾ, “ਇਸ ਬਾਰੇ ਮੇਰੀ ਕੋਈ ਰਾਏ ਨਹੀਂ ਹੈ। ਇਹ ਮੇਰੀ ਕਿਸੇ ਵੀ ਜਾਂਚ ਦਾ ਹਿੱਸਾ ਨਹੀਂ ਰਿਹਾ ਹੈ।”

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਵਿਚਾਰ ਕਿਸੇ ਸਾਜ਼ਿਸ਼ ਦੀ ਥਿਊਰੀ ਵਰਗੇ ਲੱਗਦੇ ਹਨ, ਤਾਂ ਫ੍ਰੀਮੈਨ ਨੇ ਕਿਹਾ, “ਮੈਂ ਇਹ ਕਹਿ ਸਕਦਾ ਹਾਂ ਕਿ ਮੇਰੀ ਗੱਲ ‘ਤੇ ਭਰੋਸਾ ਨਾ ਕਰਕੇ, ਹਰ ਕਿਸੇ ਨੂੰ ਖ਼ੁਦ ਇਸ ਦੀ ਜਾਂਚ ਕਰਨ ਦਿਓ।”

ਉਨ੍ਹਾਂ ਕਿਹਾ, “ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਕਿਸੇ ਅਜਿਹੀ ਚੀਜ਼ ਨੂੰ ਦੇਖ ਕੇ, ਜੋ ਗਲਾ ਘੁੱਟੇ ਜਾਣ ਵਰਗੀ ਲੱਗਦੀ ਹੈ, ਉਸ ਨੂੰ ਗਲਾ ਘੁੱਟਣਾ ਕਹਿ ਰਿਹਾ ਹਾਂ ਅਤੇ ਇਹ ਮੰਨਦਾ ਹਾਂ ਕਿ ਇਹ ਫਾਹਾ ਲੈਣ ਦਾ ਮਾਮਲਾ ਨਹੀਂ ਹੋ ਸਕਦਾ, ਫਿਰ ਵੀ ਸਾਜ਼ਿਸ਼ ਦੀ ਥਿਊਰੀ ਦੇ ਰਿਹਾ ਹਾਂ, ਤਾਂ ਮੈਨੂੰ ਦੱਸੋ ਕਿ ਮੈਂ ਕਿੱਥੇ ਗ਼ਲਤ ਹਾਂ।”

ਉਨ੍ਹਾਂ ਕਿਹਾ, “ਮੈਂ ਇਸ ਬਾਰੇ ਖੁੱਲ੍ਹ ਕੇ ਚਰਚਾ ਕਰਨ ਲਈ ਤਿਆਰ ਹਾਂ। ਮੈਂ ਇੱਕ ਅਕਾਦਮਿਕ ਹਾਂ। ਤੱਥਾਂ ‘ਤੇ ਆਧਾਰਿਤ ਲੋਕਾਂ ਦੇ ਵਿਚਾਰ ਸੁਣਨ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਹੈ।”

ਸਮਝੌਤੇ ਨੇ ਜੇਲ੍ਹ ਦੀ ਸਖ਼ਤ ਸਜ਼ਾ ਤੋਂ ਬਚਾਇਆ

ਐਪਸਟੀਨ

ਐਪਸਟੀਨ ਨੂੰ 2008 ਵਿੱਚ ਨਾਬਾਲਗ ਲੜਕੀ ਤੋਂ ਦੇਹ ਵਪਾਰ ਕਰਵਾਉਣ ਦੇ ਮਾਮਲੇ ਵਿੱਚ ਮੁਲਜ਼ਮ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਨਾਂ ਜਿਨਸੀ ਅਪਰਾਧੀਆਂ ਦੀ ਸੂਚੀ ਵਿੱਚ ਦਰਜ ਕੀਤਾ ਗਿਆ ਸੀ।

ਇੱਕ ਸਮਝੌਤੇ ਕਾਰਨ ਉਨ੍ਹਾਂ ਨੂੰ ਜੇਲ੍ਹ ਦੀ ਸਖ਼ਤ ਸਜ਼ਾ ਤੋਂ ਬਚਣ ਦਾ ਮੌਕਾ ਮਿਲ ਗਿਆ ਸੀ।

ਇਸ ਤੋਂ 11 ਸਾਲ ਬਾਅਦ ਐਪਸਟੀਨ ‘ਤੇ ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਲਈ ਇੱਕ ਨੈੱਟਵਰਕ ਚਲਾਉਣ ਦੇ ਇਲਜ਼ਾਮ ਲੱਗੇ ਸਨ।

ਸਾਲ 2019 ਵਿੱਚ ਜਦੋਂ ਉਹ ਮੁਕੱਦਮੇ ਦੀ ਉਡੀਕ ਕਰ ਰਹੇ ਸਨ, ਉਦੋਂ ਨਿਊਯਾਰਕ ਸ਼ਹਿਰ ਦੇ ਮੈਟਰੋਪੋਲੀਟਨ ਕਰੈਕਸ਼ਨਲ ਸੈਂਟਰ ਵਿੱਚ ਉਨ੍ਹਾਂ ਦੀ ਲਾਸ਼ ਮਿਲੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI