Source :- BBC PUNJABI

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਸੋਮਵਾਰ, 20 ਜਨਵਰੀ ਨੂੰ ਡੌਨਲਡ ਟਰੰਪ ਇੱਕ ਵਾਰ ਫਿਰ ਇਤਿਹਾਸ ਰਚਣ ਜਾ ਰਹੇ ਹਨ। ਉਹ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਹ ਇਸ ਸਦੀ ਦੀ ਸਭ ਤੋਂ ਇਤਿਹਾਸਕ ਵਾਪਸੀ ਹੈ।

ਪਹਿਲੀ ਵਾਰ ਉਹ 20 ਜਨਵਰੀ 2017 ਨੂੰ ਰਾਸ਼ਟਰਪਤੀ ਬਣੇ ਸਨ। ਹੁਣ ਟਰੰਪ ਚਾਰ ਸਾਲ ਤੱਕ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਦਫ਼ਤਰ ‘ਚ ਵਾਪਸੀ ਕਰ ਰਹੇ ਹਨ।

ਹਾਲਾਂਕਿ, ਅਜਿਹਾ ਕਰਨ ਵਾਲੇ ਉਹ ਦੂਜੇ ਅਮਰੀਕੀ ਰਾਸ਼ਟਰਪਤੀ ਹਨ। ਉਨ੍ਹਾਂ ਤੋਂ ਪਹਿਲਾਂ ਕਰਿਸ਼ਮਾ ਗ੍ਰੋਵਰ ਕਲੀਵਲੈਂਡ ਦਾ ਨਾਮ ਸੀ, ਜੋ ਪਹਿਲੀ ਵਾਰ 1885 ‘ਚ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਅਤੇ 1889 ‘ਚ ਚੋਣਾਂ ਹਾਰਨ ਤੋਂ ਬਾਅਦ ਉਨ੍ਹਾਂ ਨੇ ਵਾਪਸੀ ਕੀਤੀ ਸੀ।

‘ਕਮਬੈਕ ਕਿੰਗ’ ਦੇ ਰੂਪ ‘ਚ ਟਰੰਪ ਆਪਣੇ ਨਾਟਕੀ ਅੰਦਾਜ਼ ‘ਚ ਤਾਜਪੋਸ਼ੀ ਸਮਾਗਮ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ, ਕੁਝ ਲੋਕ ਇਸ ਨੂੰ ਉਨ੍ਹਾਂ ਦਾ ਦਿਖਾਵਾ ਵੀ ਕਹਿ ਸਕਦੇ ਹਨ।

ਗਲੋਬਲ ਤਕਨੀਕੀ ਦਿੱਗਜਾਂ ਅਤੇ ਕਾਰਪੋਰੇਸ਼ਨਾਂ ਨੇ ਉਨ੍ਹਾਂ ਦੇ ਉਦਘਾਟਨ ਫੰਡ ਵਿੱਚ 200 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।

ਕੁੱਲ ਮਿਲਾ ਕੇ ਇੱਕ ਸ਼ਾਨਦਾਰ ਸਮਾਗਮ ਹੋਣ ਜਾ ਰਿਹਾ ਹੈ, ਜੋ ਟਰੰਪ ਵਾਲੇ ਅੰਦਾਜ਼ ਦਾ ਹੋਵੇਗਾ।

ਤਾਜਪੋਸ਼ੀ ਸਮਾਗਮ ਦੀ ਜਵਾਇੰਟ ਕੰਗਰੇਸਨਲ ਕਮੇਟੀ ਆਨ ਇਨੈਗੁਰਲ ਸੈਰੇਮਨੀਜ਼ (JCCIC) ਵਲੋਂ ਕਰਵਾਏ ਜਾਣ ਵਾਲੇ ਇਸ ਸਮਾਰੋਹ ਦੀ ਰਵਾਇਤ 200 ਸਾਲਾਂ ਤੋਂ ਵੱਧ ਪੁਰਾਣੀ ਹੈ।

ਸਾਲ 1789 ਵਿੱਚ ਨਿਊਯਾਰਕ ਸਿਟੀ ਵਿੱਚ ਜਾਰਜ ਵਾਸ਼ਿੰਗਟਨ ਦੇ ਸਹੁੰ ਚੁੱਕ ਸਮਾਗਮ ਤੋਂ ਹੀ ਇਹ ਸ਼ਕਤੀ ਪ੍ਰਦਰਸ਼ਨ ਦੇ ਨਾਲ ਲੋਕਤੰਤਰ ਨੂੰ ਪ੍ਰਦਰਸ਼ਿਤ ਕਰਦਾ ਹੈ।

ਬੀਬੀਸੀ ਪੰਜਾਬੀ

ਡੌਨਲਡ ਟਰੰਪ ਦਾ ਸਾਲ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਇਹ ਸਾਲ ਟਰੰਪ ਦਾ ਹੋ ਸਕਦਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਮਹਿਮਾਨਾਂ ਦੀ ਸੂਚੀ ਵਿੱਚ ਵਿਸ਼ਵਵਿਆਪੀ ਆਗੂ ਸ਼ਾਮਲ ਸਨ, ਜਿਨ੍ਹਾਂ ਵਿੱਚ ਸਹਿਯੋਗੀ, ਦੋਸਤ ਤੋਂ ਦੁਸ਼ਮਣ ਬਣੇ ਆਗੂ ਅਤੇ ਕੱਟੜ ਵਿਰੋਧੀ ਵੀ ਸ਼ਾਮਲ ਸਨ।

ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਦਫ਼ਤਰ ਮਹਿਮਾਨਾਂ ਦੀ ਕੋਈ ਅਧਿਕਾਰਿਤ ਸੂਚੀ ਜਾਰੀ ਨਹੀਂ ਕਰਦਾ, ਪਰ ਇਸ ਸੂਚੀ ਬਾਰੇ ਬਹੁਤ ਸਾਰੀਆਂ ਅਟਕਲਾਂ ਹਨ।

ਇੰਡੀਆਨਾ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰਸਿੱਧ ਪ੍ਰੋਫੈਸਰ ਸੁਮਿਤ ਗਾਂਗੁਲੀ ਨੂੰ ਵਿਦੇਸ਼ੀ ਸੱਦੇ ਗਏ ਵਿਅਕਤੀਆਂ ਦੀ ਸ਼ਮੂਲੀਅਤ ਉਤਸੁਕ ਲੱਗਦੀ ਹੈ।

ਉਹ ਕਹਿੰਦੇ ਹਨ ਕਿ “ਇਹ ਅਸਲ ਵਿੱਚ ਪਿਛਲੀਆਂ ਰਵਾਇਤਾਂ ਤੋਂ ਕਾਫੀ ਵੱਖਰਾ ਹੈ। ਪੂਰੀ ਸੰਭਾਵਨਾ ਹੈ ਕਿ ਇਹ ਨਵੇਂ ਚੁਣੇ ਗਏ ਰਾਸ਼ਟਰਪਤੀ ਦੀਆਂ ਖਾਸ ਤਰਜੀਹਾਂ ਨੂੰ ਦਰਸਾਉਂਦਾ ਹੈ।”

ਦੱਖਣ ਏਸ਼ੀਆਈ ਮਾਮਲਿਆਂ ਦੇ ਮਾਹਰ ਮਾਈਕਲ ਕੁਗੇਲਮੈਨ ਇਸ ਗੱਲ ਨਾਲ ਸਹਿਮਤ ਹਨ ਅਤੇ ਇਸ ਨੂੰ ‘ਨਿਊ ਪ੍ਰੈਸੀਡੈਂਟ’ (ਨਵਾਂ ਉਦਾਹਰਣ) ਕਹਿੰਦੇ ਹਨ, ਜੋ ਕਿ ਟਰੰਪ ਦੇ ਮਾਮਲੇ ਵਿੱਚ ਹੈਰਾਨੀ ਵਾਲੀ ਗੱਲ ਨਹੀਂ ਹੈ।

ਉਨ੍ਹਾਂ ਅਨੁਸਾਰ, “ਵਿਦੇਸ਼ੀ ਆਗੂਆਂ ਨੂੰ ਆਉਣ ਲਈ ਕਹਿਣਾ ਉਨ੍ਹਾਂ ਲਈ ਇੱਕ ਬਹੁਤ ਹੀ ਅਸਾਧਾਰਨ ਪਹਿਲਕਦਮੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਸਮਾਗਮ ਉਨ੍ਹਾਂ ਲਈ ਇੱਕ ਵੱਡਾ ਦਿਨ ਹੋਣ ਵਾਲਾ ਹੈ। ਸਾਰਿਆਂ ਦਾ ਧਿਆਨ ਉਨ੍ਹਾਂ ‘ਤੇ ਹੀ ਹੋਵੇਗਾ ਅਤੇ ਜੇਕਰ ਇਸ ਵਿੱਚ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਆਗੂਆਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਇਹ ਇਹ ਸਮਾਗਮ ਹੋਰ ਵੀ ਵੱਡਾ ਹੋ ਜਾਵੇਗਾ।

ਸਿਤਾਰਿਆਂ ਨਾਲ ਸਜੀ ਮਹਿਫ਼ਿਲ

 ਡੌਨਲਡ ਟਰੰਪ

ਤਸਵੀਰ ਸਰੋਤ, Getty Images

ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ, ਇੱਕ ਪੁਰਾਣੀ ਰਸਮੀ ਰਵਾਇਤ ਨੂੰ ਮੁੜ ਸੁਰਜੀਤ ਕਰ ਰਹੇ ਹਨ, ਜਿਸ ਵਿੱਚ ਹਾਰਨ ਵਾਲੇ ਉਮੀਦਵਾਰ ਜੇਤੂਆਂ ਨਾਲ ਮੰਚ ਸਾਂਝਾ ਕਰਨਗੇ।

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ ਡਬਲਯੂ. ਬੁਸ਼ ਅਤੇ ਬਿਲ ਕਲਿੰਟਨ ਵੀ ਇਸ ਸਮਾਰੋਹ ਦਾ ਹਿੱਸਾ ਹੋਣਗੇ।

ਆਪਣੇ ਵਿਦਾਇਗੀ ਭਾਸ਼ਣ ਵਿੱਚ, ਬਾਇਡਨ ਨੇ ਚੇਤਾਵਨੀ ਦਿੱਤੀ ਕਿ ਅਮਰੀਕਾ ਕੁਝ ਤਕਨੀਕੀ ਅਰਬਪਤੀਆਂ ਦੇ ਦਬਦਬੇ ਵਾਲੀ ਔਲੀਗਰਕੀ (ਅਲਪ ਤੰਤਰ) ਸ਼ਾਸਨ ਵਿੱਚ ਤਬਦੀਲ ਹੋ ਸਕਦਾ ਹੈ।

ਅਫ਼ਸੋਸ ਦੀ ਗੱਲ ਇਹ ਹੈ ਕਿ ਦੁਨੀਆਂ ਦੇ ਤਿੰਨ ਸਭ ਤੋਂ ਅਮੀਰ ਤਕਨੀਕੀ ਕਾਰੋਬਾਰੀ – ਈਲੋਨ ਮਸਕ, ਜੈਫ ਬੇਜੋਸ ਅਤੇ ਮਾਰਕ ਜ਼ਕਰਬਰਗ ਮਹਿਮਾਨਾਂ ਦੀ ਜਨਤਕ ਸੂਚੀ ਵਿੱਚ ਸ਼ਾਮਲ ਹਨ।

ਉਨ੍ਹਾਂ ਦੇ ਨਾਲ ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਅਤੇ ਐਪਲ ਦੇ ਟਿਮ ਕੁੱਕ ਵੀ ਹਨ।

ਵਿਦੇਸ਼ੀ ਆਗੂਆਂ ਦੀ ਮਹਿਮਾਨ ਸੂਚੀ ਧੁਰ ਸੱਜੇਪੱਖ਼ੀ ਦੋਸਤਾਂ ਵੱਲ ਵਧੇਰੇ ਝੁਕਾਅ ਰੱਖਦੀ ਜਾਪਦੀ ਹੈ। ਇਸ ਸੂਚੀ ਵਿੱਚ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਸ਼ਾਮਲ ਹਨ।

ਇਸ ਸੂਚੀ ਵਿੱਚ ਜਰਮਨੀ ਦੀ ਅਲਟਰਨੇਟਿਵ ਫਾਰ ਜਰਮਨੀ (ਏਐਫਡੀ) ਪਾਰਟੀ ਦੇ ਟੀਨੋ ਸ਼ਰੂਪਾਲਾ ਅਤੇ ਬ੍ਰਿਟੇਨ ਦੀ ਪ੍ਰਸਿੱਧ ਪਾਰਟੀ – ‘ਰਿਫਾਰਮ ਪਾਰਟੀ’ ਦੇ ਆਗੂ ਨਾਈਜਲ ਫਰਾਜ ਦੇ ਨਾਮ ਵੀ ਸ਼ਾਮਲ ਹਨ।

ਜੌਨਸ ਹੌਪਕਿੰਸ ਯੂਨੀਵਰਸਿਟੀ ਵਿੱਚ ਦੱਖਣੀ ਏਸ਼ੀਆਈ ਸਟੀਜ਼ ਦੇ ਪ੍ਰੋਫੈਸਰ ਦੇਵੇਸ਼ ਕਪੂਰ ਨੇ ਵਿਦੇਸ਼ੀ ਮਾਮਲਿਆਂ ਅਤੇ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ‘ਤੇ ਕਈ ਅਕਾਦਮਿਕ ਪੇਪਰ ਲਿਖੇ ਹਨ।

ਵਿਦੇਸ਼ੀ ਮਹਿਮਾਨਾਂ ਬਾਰੇ ਉਨ੍ਹਾਂ ਕਿਹਾ, “ਸੱਦੇ ਗਏ ਵਿਦੇਸ਼ੀ ਮਹਿਮਾਨਾਂ ਦੀ ਸੂਚੀ ਮੈਂ ਹੁਣੇ ਮੀਡੀਆ ਰਿਪੋਰਟਾਂ ਵਿੱਚ ਦੇਖੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਸੱਜੇਪੱਖੀ ਵਿਚਾਰਾਂ ਵਾਲੇ ਆਗੂ ਹਨ।”

ਇਹ ਵੀ ਪੜ੍ਹੋ-

ਮੋਦੀ ਨਹੀਂ ਆਉਣਗੇ ਨਜ਼ਰ

ਪ੍ਰਧਾਨ ਮੰਤਰੀ ਮੋਦੀ

ਤਸਵੀਰ ਸਰੋਤ, Getty Images

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸੱਦਾ ਦੇਣ ਦੇ ਟਰੰਪ ਦੇ ਫੈਸਲੇ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਸ਼ੀ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਸਭ ਤੋਂ ਵੱਡੇ ਵਿਰੋਧੀ ਸਨ।

ਟਰੰਪ ਦੇ ਬੁਲਾਰੇ ਕੈਰੋਲਾਈਨ ਲੇਵਿਟ ਦੇ ਅਨੁਸਾਰ, ਇਹ ਰਾਸ਼ਟਰਪਤੀ ਦੀ ”ਉਨ੍ਹਾਂ ਸਾਰੇ ਦੇਸ਼ਾਂ ਨਾਲ ਖੁੱਲ੍ਹੀ ਗੱਲਬਾਤ ਕਰਨ ਦੀ ਇੱਛਾ ਨੂੰ ਦਰਸਾਉਂਦਾ ਹੈ, ਭਾਵੇਂ ਉਹ ਵਿਰੋਧੀ ਹੋਣ ਜਾਂ ਸਹਿਯੋਗੀ ਹੋਣ।’

ਇਸ ਦੇ ਉਲਟ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਨੇ ਕਦੇ ਟਰੰਪ ਨੂੰ ‘ਨਜ਼ਦੀਕੀ ਦੋਸਤ’ ਕਿਹਾ ਸੀ, ਇਸ ਸਮਾਗਮ ਦਾ ਹਿੱਸਾ ਨਹੀਂ ਹੋਣਗੇ।

ਸਵਾਲ ਇਹ ਹੈ ਕਿ ਟਰੰਪ ਨੇ ਇੱਕ ‘ਦੁਸ਼ਮਣ’ ਨੂੰ ਕਿਉਂ ਬੁਲਾਇਆ ਅਤੇ ਇੱਕ ਦੋਸਤ ਨੂੰ ਨਜ਼ਰਅੰਦਾਜ਼ ਕਿਉਂ ਕੀਤਾ?

ਸੁਮਿਤ ਗਾਂਗੁਲੀ ਇਸ ਤੋਂ ਬਹੁਤ ਹੈਰਾਨ ਨਹੀਂ ਹਨ। ਉਹ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਇਹ ਟਰੰਪ ਦੇ ਆਪਣੇ ਵਿਰੋਧੀਆਂ ਨਾਲ ਨਿੱਜੀ ਕੂਟਨੀਤੀ ਵਿੱਚ ਵਿਸ਼ਵਾਸ ਨੂੰ ਦਰਸਾਉਂਦਾ ਹੈ।”

“ਪਰ ਇਸ ਮਾਮਲੇ ‘ਚ ਉਨ੍ਹਾਂ ਦਾ ਰਿਕਾਰਡ ਹਕੀਕਤ ਤੋਂ ਬਹੁਤ ਦੂਰ ਰਿਹਾ ਹੈ। ਆਖ਼ਰਕਾਰ, ਉੱਤਰੀ ਕੋਰੀਆ ਦੇ ਕਿਮ ਜੋਂਗ ਉਨ ਨਾਲ ਉਨ੍ਹਾਂ ਯਤਨਾਂ ਦੇ ਬਾਵਜੂਦ ਉਨ੍ਹਾਂ ਦੀਆਂ ਕੋਸ਼ਿਸ਼ਾਂ ‘ਚੋਂ ਕੁਝ ਨਹੀਂ ਨਿਕਲਿਆ।”

ਚੀਨ ਨੂੰ ਤਰਜੀਹ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਸ਼ੀ ਜਿਨਪਿੰਗ ਨੂੰ ਦਿੱਤੇ ਸੱਦੇ ‘ਤੇ, ਮਿਸ਼ੀਗਨ ਯੂਨੀਵਰਸਿਟੀ ਦੇ ਸਕੂਲ ਆਫ਼ ਇਨਫਰਮੇਸ਼ਨ ਦੇ ਪ੍ਰੋਫੈਸਰ ਜੋਯੋਜੀਤ ਪਾਲ ਕਹਿੰਦੇ ਹਨ, “ਅਮਰੀਕਾ ਦੇ ਇੱਕ ਸਾਥੀ ਦੇ ਤੌਰ ‘ਤੇ ਅਤੇ ਖਾਸ ਕਰਕੇ ਟਰੰਪ ਲਈ ਸ਼ੀ ਕਿਤੇ ਜ਼ਿਆਦਾ ਕੀਮਤੀ ਹਨ।”

ਪਾਲ ਆਪਣੀ ਦਲੀਲ ਦਾ ਸਮਰਥਨ ਇਹ ਕਹਿ ਕੇ ਕਰਦੇ ਹਨ, “ਕਿਉਂਕਿ ਚੀਨ ਨਾਲ ਵਪਾਰ ਨੂੰ ਪੂਰੀ ਤਰ੍ਹਾਂ ਰੋਕਣਾ ਅਮਰੀਕਾ ਲਈ ਵਿਨਾਸ਼ਕਾਰੀ ਹੋਵੇਗਾ। ਇਸ ਦੇ ਮੁਕਾਬਲੇ, ਭਾਰਤ ਨਾਲ ਅਜਿਹਾ ਹੋਣ ਨਾਲ ਅਮਰੀਕਾ ਲਈ ਸਭ ਤੋਂ ਵੱਡਾ ਜੋਖਮ ਜੈਨਰਿਕ ਦਵਾਈਆਂ ਜਾਂ ਹੀਰਿਆਂ ਦੇ ਖੇਤਰ ਵਿੱਚ ਵਪਾਰਕ ਸਬੰਧ ਟੁੱਟਣਾ ਹੋਵੇਗਾ।”

“ਇਨ੍ਹਾਂ ਦੋਵਾਂ ਹੀ ਉਦਯੋਗਾਂ ਵਿੱਚ, ਭਾਰਤ ਆਪਣੇ ਵਿਦੇਸ਼ੀ ਮੁਦਰਾ ਮਾਲੀਏ ਲਈ ਅਮਰੀਕੀ ਕਮਾਈ ‘ਤੇ ਬਹੁਤ ਜ਼ਿਆਦਾ ਨਿਰਭਰ ਹੈ।”

ਹਾਲਾਂਕਿ, ਬਹੁਤ ਸਾਰੇ ਵਿਸ਼ਲੇਸ਼ਕਾਂ ਦਾ ਵਿਚਾਰ ਹੈ ਕਿ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਅੰਤਰਰਾਸ਼ਟਰੀ ਮੁੱਦੇ ਮੁੱਖ ਫੋਕਸ ਬਣੇ ਰਹਿਣਗੇ। ਇਨ੍ਹਾਂ ਵਿੱਚ ਇਜ਼ਰਾਈਲ-ਹਮਾਸ ਟਕਰਾਅ, ਯੂਕਰੇਨ-ਰੂਸ ਦੀ ਜੰਗ ਅਤੇ ਦੁਨੀਆਂ ਵਿੱਚ ਵਧ ਰਹੇ ਚੀਨੀ ਪ੍ਰਭਾਵ ਨੂੰ ਰੋਕਣਾ ਸ਼ਾਮਲ ਹੋਵੇਗਾ।

ਪ੍ਰੋਫੈਸਰ ਪਾਲ ਦਾ ਮੰਨਣਾ ਹੈ ਕਿ ਅਗਲੇ ਚਾਰ ਸਾਲਾਂ ਲਈ, ਟਰੰਪ ਦੀ ਜ਼ਿਆਦਾਤਰ ਊਰਜਾ ਲੜਾਈਆਂ ਦੇ ਆਲੇ ਦੁਆਲੇ ਖਰਚ ਹੋਵੇਗੀ। ਜਿਵੇਂ ਕਿ ਇਜ਼ਰਾਈਲ-ਹਮਾਸ ਟਕਰਾਅ, ਯੂਕਰੇਨ ਵਿੱਚ ਰੂਸ ਦੀ ਜੰਗ ਅਤੇ ਚੀਨ ਨੂੰ ਮਾਤ ਦੇਣਾ।

ਬਹੁਤ ਸਾਰੇ ਅਮਰੀਕੀ ਵਿਦਵਾਨਾਂ ਅਤੇ ਟਿੱਪਣੀਕਾਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਟਰੰਪ ਲਈ ਸਭ ਤੋਂ ਵੱਡੀ ਚੁਣੌਤੀ ਅਮਰੀਕਾ-ਚੀਨ ਸਬੰਧਾਂ ਤੋਂ ਆਵੇਗੀ।

ਪ੍ਰੋਫੈਸਰ ਦੇਵੇਸ਼ ਕਪੂਰ ਕਹਿੰਦੇ ਹਨ, “ਸ਼ੀ ਨੂੰ ਸੱਦਾ ਦੇਣ ਦਾ ਮੁੱਖ ਕਾਰਨ ਗੱਲਬਾਤ ਦੀ ਸੰਭਾਵਨਾ ਨੂੰ ਦਰਸਾਉਣਾ ਸੀ। ਚੀਨ ਨਾਲ ਦੁਵੱਲੇ ਸਬੰਧ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਇਸ ਦੇ ਉਲਟ, ਭਾਰਤ ਨਾਲ ਸਬੰਧ ਬਿਹਤਰ ਸਥਿਤੀ ਵਿੱਚ ਹਨ ਅਤੇ ਉਨ੍ਹਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ – ਘੱਟੋ ਘੱਟ ਫਿਲਹਾਲ ਤਾਂ ਨਹੀਂ।”

ਮਹਿਮਾਨ ਸੂਚੀ ਦਾ ਆਧਾਰ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਦੇ ਸਮਾਰੋਹ ਲਈ ਮਹਿਮਾਨਾਂ ਦੀ ਸੂਚੀ ਤਿਆਰ ਕਰਨ ਦੀ ਜ਼ਿੰਮੇਵਾਰੀ ਜਵਾਇੰਟ ਕੰਗਰੇਸ਼ਨਲ ਕਮੇਟੀ ਅਤੇ ਟਰੰਪ ਦੀ ਟ੍ਰਾੰਜ਼ਿਸ਼ਨ ਟੀਮ ਦੀ ਸੀ। ਇਸ ਵਿੱਚ ਕੂਟਨੀਤਕ, ਰਣਨੀਤਕ ਅਤੇ ਵਿੱਤੀ ਮੁੱਦਿਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਪ੍ਰੋਫੈਸਰ ਪਾਲ ਨੇ ਕਿਹਾ, “ਸਮਾਰੋਹ ਲਈ ਮਹਿਮਾਨਾਂ ਦੇ ਨਾਮ ਤੈਅ ਕਰਦੇ ਸਮੇਂ, ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਟੀਮ ਅਤੇ ਉਦਘਾਟਨ ਸਮਾਰੋਹਾਂ ਦੀ ਜਵਾਇੰਟ ਕੰਗਰੇਸ਼ਨਲ ਕਮੇਟੀ ਨੇ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਹੋਵੇਗਾ। ਇਨ੍ਹਾਂ ਫੈਸਲਿਆਂ ਵਿੱਚ, ਮੋਟਾ ਚੰਦ ਦੇਣ ਵਾਲੇ, ਰਾਸ਼ਟਰਪਤੀ ਦੇ ਸਹਿਯੋਗੀ ਅਤੇ ਉਨ੍ਹਾਂ ਦੇ ਕੋਰ ਟੀਮ ਜਿੰਨੀ ਅਹਿਮੀਅਤ ਰੱਖਦੀ ਹੈ, ਉਨਾਂ ਹੀ ਵਿਦੇਸ਼ੀ ਮਹਿਮਾਨ ਵੀ।

ਕੁਝ ਵਿਸ਼ਲੇਸ਼ਕਾਂ ਦਾ ਤਰਕ ਹੈ ਕਿ ਸੂਚੀ ਵਿੱਚ ਮੋਦੀ ਦੀ ਮੌਜੂਦਗੀ ਜਾਂ ਗੈਰਹਾਜ਼ਰੀ ਉਨੀਂ ਮਹੱਤਵਪੂਰਨ ਨਹੀਂ ਹੈ ਜਿੰਨੀ ਇਹ ਜਾਪਦੀ ਹੈ।

ਮਾਈਕਲ ਕੁਗੇਲਮੈਨ ਇਸ ਮੁੱਦੇ ਦਾ ਜ਼ਿਆਦਾ ਵਿਸ਼ਲੇਸ਼ਣ ਨਾ ਕਰਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਵਿੱਚ ਕਵਾਡ ਸੰਮੇਲਨ ਦੌਰਾਨ ਮੋਦੀ ਅਤੇ ਟਰੰਪ ਵਿਚਕਾਰ ਮੁਲਾਕਾਤ ਦੀ ਸੰਭਾਵਨਾ ਹੈ।

ਉਹ ਕਹਿੰਦੇ ਹਨ, “ਇਸ ਗੱਲ ‘ਤੇ ਵਧਾ-ਚੜ੍ਹਾ ਕੇ ਚਰਚਾ ਨਹੀਂ ਕਰਨੀ ਚਾਹੀਦੀ ਕਿ ਮੋਦੀ ਨੂੰ ਸੱਦਾ ਨਹੀਂ ਦਿੱਤਾ ਗਿਆ। ਸ਼ੀ ਤੋਂ ਇਲਾਵਾ, ਕਿਸੇ ਹੋਰ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਨਹੀਂ ਦਿੱਤਾ ਗਿਆ ਹੈ। ਮੋਦੀ ਅਤੇ ਟਰੰਪ ਨੂੰ ਜਲਦ ਹੀ ਮਿਲਣ ਦਾ ਮੌਕਾ ਮਿਲੇਗਾ, ਸ਼ਾਇਦ ਇਸੇ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ ਕਵਾਡ ਸੰਮੇਲਨ ਦੌਰਾਨ। ਇਸ ਲਈ, ਇਸ ਅਰਥ ਵਿੱਚ ਇਹ ਬਿਨਾਂ ਕਿਸੇ ਗੱਲ ਦਾ ਹੰਗਾਮਾ ਹੈ।”

ਫਿਰ ਵੀ, ਕੁਝ ਵਿਸ਼ਲੇਸ਼ਕ ਅੰਦਾਜ਼ਾ ਲਗਾਉਂਦੇ ਹਨ ਕਿ ਟਰੰਪ ਦਾ ਫੈਸਲਾ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ ਭਾਰਤ ਨਾਲ ਵਪਾਰਕ ਵਿਵਾਦਾਂ ‘ਤੇ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ।

‘ਹਾਉਡੀ ਮੋਦੀ!’ ਅਤੇ ‘ਨਮਸਤੇ ਟਰੰਪ’ ਵਰਗੇ ਸਮਾਗਮਾਂ ਦੇ ਬਾਵਜੂਦ, ਟਰੰਪ ਨੂੰ ਲੱਗ ਸਕਦਾ ਹੈ ਕਿ ਭਾਰਤ ਚੀਨ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਵਿੱਚ ਪਿੱਛੇ ਰਹਿ ਰਿਹਾ ਹੈ।

ਹਾਲਾਂਕਿ, ਪ੍ਰੋਫੈਸਰ ਸੁਮਿਤ ਗਾਂਗੁਲੀ ਮੋਦੀ ਦੀ ਗੈਰਹਾਜ਼ਰੀ ‘ਤੇ ਥੋੜ੍ਹਾ ਹੈਰਾਨ ਹਨ।

ਉਹ ਕਹਿੰਦੇ ਹਨ, “ਇਹ ਟਰੰਪ ਅਤੇ ਮੋਦੀ ਦੇ ਸਬੰਧਾਂ ਵਿੱਚ ਠੰਢਕ ਦਿਖਾ ਸਕਦਾ ਹੈ।”

ਪਰ ਪ੍ਰੋਫੈਸਰ ਜੋਏਜੀਤ ਪਾਲ ਕਹਿੰਦੇ ਹਨ, “ਕੁੱਲ ਮਿਲਾ ਕੇ ਭਾਰਤ ਨਾਲ ਸਬੰਧਾਂ ਵਿੱਚ ਨਿੱਘ ਹੈ, ਇਸ ਲਈ ਟਰੰਪ ਨੂੰ ਭਾਰਤ ਨਾਲ ਕੁਝ ਵੀ ਠੀਕ ਕਰਨ ਜਾਂ ਸੌਦੇਬਾਜ਼ੀ ਕਰਨ ਦੀ ਲੋੜ ਨਹੀਂ ਹੈ।”

ਇਹ ਵੀ ਚਰਚਾ ਹੈ ਕਿ ਸਤੰਬਰ ਮਹੀਨੇ ਵਿੱਚ ਆਪਣੀ ਅਮਰੀਕੀ ਫੇਰੀ ਦੌਰਾਨ, ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਮਿਲਣ ਨੂੰ ਤਰਜੀਹ ਨਹੀਂ ਦਿੱਤੀ ਸੀ ਅਤੇ ਦੋਵੇਂ ਆਗੂਆਂ ਦੀ ਮੁਲਾਕਾਤ ਨਹੀਂ ਹੋਈ ਸੀ।

ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਨਾ ਦੇਣ ਦਾ ਹੋਰ ਕੀ ਕਾਰਨ ਹੈ?

ਨਰਿੰਦਰ ਮੋਦੀ ਅਤੇ ਜੋਅ ਬਾਇਡਨ

ਤਸਵੀਰ ਸਰੋਤ, Getty Images

ਕੁਗੇਲਮੈਨ ਕਹਿੰਦੇ ਹਨ, “ਇਹ ਸੱਚ ਹੈ ਕਿ ਟਰੰਪ ਭੁੱਲਦੇ ਨਹੀਂ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੇ ਕੋਈ ਗੁੱਸਾ ਰੱਖਿਆ ਹੋਵੇ ਅਤੇ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਜਦੋਂ ਮੋਦੀ ਕਵਾਡ ਸੰਮੇਲਨ ਲਈ ਅਮਰੀਕਾ ਆਏ ਸਨ ਤਾਂ ਉਨ੍ਹਾਂ ਨੂੰ ਮੋਦੀ ਦੁਆਰਾ ਅਣਗੌਲਿਆ ਮਹਿਸੂਸ ਹੋਇਆ ਹੋਵੇ।”

“ਪਰ ਮੈਨੂੰ ਲੱਗਦਾ ਹੈ ਕਿ ਇਹ ਸਿਰਫ਼ ਅੰਦਾਜ਼ਾ ਹੈ। ਮੈਨੂੰ ਲੱਗਦਾ ਹੈ ਕਿ ਸਹੁੰ ਚੁੱਕਣ ਦਾ ਮੁੱਦਾ ਭਾਰਤ ਸਮੇਤ ਕਿਸੇ ਵੀ ਹੋਰ ਦੇਸ਼ ਨਾਲੋਂ ਚੀਨ ਨਾਲ ਜ਼ਿਆਦਾ ਸਬੰਧਤ ਹੈ।”

“ਇਸ ਨੂੰ ਮੋਦੀ ਜਾਂ ਹੋਰ ਵਿਸ਼ਵ ਆਗੂਆਂ ਲਈ ਕਿਸੇ ਸੰਕੇਤ ਦੀ ਬਜਾਏ ਚੀਨ ਲਈ ਇੱਕ ਸੰਕੇਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ।”

ਰਣਨੀਤਕ ਤਬਦੀਲੀ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਹਾਲਾਂਕਿ, ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਚੀਨ ਦੇ ਉਪ ਰਾਸ਼ਟਰਪਤੀ ਹਾਨ ਜ਼ੇਂਗ ਅਤੇ ਜ਼ਿਆਦਾਤਰ ਦੇਸ਼ਾਂ ਦੇ ਰਾਜਦੂਤ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਇਸ ਲਿਹਾਜ਼ ਨਾਲ ਦੇਖੀਏ ਤਾਂ ਇੱਕ ਪਾਸੇ ਸ਼ੀ ਨੇ ਟਰੰਪ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ, ਤਾਂ ਦੂਜੇ ਪਾਸੇ ਮੋਦੀ ਕੋਲ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਕਵਾਡ ਸੰਮੇਲਨ ਦੌਰਾਨ ਟਰੰਪ ਨਾਲ ਸਬੰਧਾਂ ਨੂੰ ਸੁਧਾਰਨ ਦੇ ਕਾਫ਼ੀ ਮੌਕੇ ਹੋਣਗੇ।

ਮਾਹਿਰਾਂ ਵਿੱਚ ਇਸ ਗੱਲ ‘ਤੇ ਲਗਭਗ ਆਮ ਸਹਿਮਤੀ ਹੈ ਕਿ ਵਿਦੇਸ਼ੀ ਆਗੂਆਂ ਨੂੰ ਸੱਦਾ ਦੇਣਾ, ਖਾਸ ਕਰਕੇ ਦੱਖਣ-ਪੱਖੀ ਲੋਕ ਪਸੰਦੀਦਾ ਝੁਕਾਅ ਵਾਲੇ ਆਗੂਆਂ ਲਈ ਇਹ ਟਰੰਪ ਦੀ ਕੂਟਨੀਤਕ ਸ਼ੈਲੀ ਵਿੱਚ ਤਬਦੀਲੀ ਦਾ ਸੰਕੇਤ ਹੈ।

ਇਹ ਉਨ੍ਹਾਂ ਆਗੂਆਂ ਨਾਲ ਗੱਠਜੋੜ ਬਣਾਉਣ ਦਾ ਸੰਕੇਤ ਹੈ, ਜਿਨ੍ਹਾਂ ਦੀ ਵਿਚਾਰਧਾਰਾ ਟਰੰਪ ਨਾਲ ਮੇਲ ਖਾਂਦੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI