Home ਰਾਸ਼ਟਰੀ ਖ਼ਬਰਾਂ ਤਿਰੁਪਤੀ ਮੰਦਿਰ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ, ਇਹ ਵਾਲ਼...

ਤਿਰੁਪਤੀ ਮੰਦਿਰ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ, ਇਹ ਵਾਲ਼ ਕੌਣ ਖਰੀਦਦਾ ਹੈ?

5
0

Source :- BBC PUNJABI

ਤਿਰੂਪਤੀ ਵਿੱਚ ਚੜ੍ਹਾਏ ਗਏ ਵਾਲਾਂ ਤੋਂ ਕਰੋੜਾਂ ਦੀ ਆਮਦਨ ਹੁੰਦੀ ਹੈ

ਤਸਵੀਰ ਸਰੋਤ, TTD

ਤਿਰੁਪਤੀ ਵਿੱਚ ਲੱਖਾਂ ਸ਼ਰਧਾਲੂ ਸ਼ਰਧਾ ਭਾਵ ਨਾਲ ਆਪਣੇ ਵਾਲ਼ ਦਾਨ ਕਰਦੇ ਹਨ। ਇੱਥੇ ਸਿਰ ਮੁੰਨ ਕੇ ਵਾਲ਼ ਚੜ੍ਹਾਉਣ ਦੀ ਰਿਵਾਇਤ ਹੈ, ਜੋ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ।

ਤਿਰੁਪਤੀ ਤਿਰੁਮਾਲਾ ਦੇਵਸਥਾਨਮ ਤੋਂ ਮਿਲੀ ਜਾਣਕਾਰੀ ਅਨੁਸਾਰ, ਤਿਰੁਪਤੀ ਵਿੱਚ ਵਾਲ਼ ਦਾਨ ਕਰਨ ਜਾਂ ਚੜ੍ਹਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ।

ਮੰਦਿਰ ਤੋਂ ਮਿਲੀ ਜਾਣਕਾਰੀ ਮੁਤਾਬਕ, 27 ਮਈ 2026 ਤੱਕ 12 ਲੱਖ 43 ਹਜ਼ਾਰ 63 ਸ਼ਰਧਾਲੂਆਂ ਨੇ ਇੱਥੇ ਵਾਲ਼ ਚੜ੍ਹਾਏ। ਇਸ ਦੀ ਤੁਲਨਾ ਵਿੱਚ, ਮਈ 2023 ਤੱਕ ਇਹ ਅੰਕੜਾ 10 ਲੱਖ 18 ਹਜ਼ਾਰ 370 ਸੀ, ਜਦਕਿ ਮਈ 2024 ਤੱਕ 10 ਲੱਖ 65 ਹਜ਼ਾਰ 729 ਸ਼ਰਧਾਲੂਆਂ ਨੇ ਵਾਲ਼ ਚੜ੍ਹਾਏ ਸਨ।

ਹਾਲੀਆ ਦਿਨਾਂ ਵਿੱਚ, ਗਰਮੀਆਂ ਦੀਆਂ ਛੁੱਟੀਆਂ ਅਤੇ ਹਫਤੇ ਦੇ ਅਖੀਰਲੇ ਦਿਨਾਂ ਦੌਰਾਨ ਤਿਰੁਮਾਲਾ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। 18 ਤੋਂ 23 ਮਈ ਤੱਕ ਲਗਾਤਾਰ 6 ਦਿਨ ਹਰ ਰੋਜ਼ 50,000 ਤੋਂ ਵੱਧ ਸ਼ਰਧਾਲੂਆਂ ਨੇ ਆਪਣੇ ਵਾਲ਼ ਦਾਨ ਕੀਤੇ। ਇਨ੍ਹਾਂ ਵਿੱਚੋਂ 23 ਮਈ ਨੂੰ 57,580 ਸ਼ਰਧਾਲੂਆਂ ਨੇ ਸਿਰ ਮੁੰਨਵਾਇਆ ਅਤੇ ਆਪਣੇ ਵਾਲ਼ ਚੜ੍ਹਾਏ।

ਇਸ ਤਰ੍ਹਾਂ ਇਕੱਠੇ ਹੋਣ ਵਾਲੇ ਕਈ ਟਨ ਵਾਲਾਂ ਦਾ ਕੀ ਹੁੰਦਾ ਹੈ? ਤਿਰੁਮਾਲਾ ਤਿਰੁਪਤੀ ਮੰਦਿਰ ਆਖ਼ਿਰ ਇਨ੍ਹਾਂ ਵਾਲਾਂ ਦਾ ਕੀ ਕਰਦਾ ਹੈ?

ਸ਼ਰਧਾਲੂਆਂ ਵੱਲੋਂ ਦਾਨ ਕੀਤੇ ਵਾਲਾਂ ਦਾ ਕੀ ਹੁੰਦਾ ਹੈ?

ਤਿਰੁਮਾਲਾ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਵਾਲਾਂ ਦੀ ਭਾਰੀ ਮੰਗ ਹੈ। ਵਾਲਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਆਨਲਾਈਨ (ਈ-ਨੀਲਾਮੀ) ਪ੍ਰਕਿਰਿਆ ਰਾਹੀਂ ਇਹ ਵਾਲ਼ ਖਰੀਦਦੀਆਂ ਹਨ।

ਇਨ੍ਹਾਂ ਵਾਲਾਂ ਤੋਂ ਬਣੇ ਵਿਗ ਅਤੇ ਹੇਅਰ ਐਕਸਟੈਂਸ਼ਨ ਦੀ ਪੂਰੀ ਦੁਨੀਆ ਵਿੱਚ ਬਹੁਤ ਮੰਗ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤਿਰੁਪਤੀ ਦੇ ਵਾਲਾਂ ਦੀ ਇੱਕ ਖ਼ਾਸ ਪਛਾਣ ਹੈ। ਤਿਰੁਮਾਲਾ ਤਿਰੁਪਤੀ ਦੇਵਸਥਾਨਮ ਦਾ ਕਹਿਣਾ ਹੈ ਕਿ ਗੂੜ੍ਹੇ ਕਾਲੇ ਰੰਗ, ਚੰਗੀ ਲੰਬਾਈ ਅਤੇ ਚਮਕ ਕਾਰਨ, ਪੈਰਿਸ ਅਤੇ ਲੰਦਨ ਵਰਗੇ ਸ਼ਹਿਰਾਂ ਵਿੱਚ ਫੈਸ਼ਨ ਇੰਡਸਟਰੀ ਵਿੱਚ ਇਨ੍ਹਾਂ ਵਾਲਾਂ ਦੀ ਬਹੁਤ ਮੰਗ ਹੈ।

ਵਾਲ਼ ਦਾਨ ਕਰਨ ਤੋਂ ਨੀਲਾਮੀ ਤੱਕ ਦਾ ਸਫ਼ਰ

ਵਾਲ਼

ਤਸਵੀਰ ਸਰੋਤ, Getty Images

ਤਿਰੁਮਾਲਾ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਵਾਲਾਂ ਨੂੰ ਪਹਿਲਾਂ ਇਕੱਠਾ ਕਰਕੇ ਉੱਥੇ ਹੀ ਰੱਖਿਆ ਜਾਂਦਾ ਹੈ। ਫਿਰ ਉਨ੍ਹਾਂ ਨੂੰ ਲੋਅਰ ਤਿਰੁਪਤੀ (ਪਹਾੜ ਤੋਂ ਹੇਠਾਂ ਵੱਸਿਆ ਮੁੱਖ ਤਿਰੂਪਤੀ ਸ਼ਹਿਰ) ਦੇ ਇੱਕ ਖ਼ਾਸ ਸੈਂਟਰ ਵਿੱਚ ਲਿਆਂਦਾ ਜਾਂਦਾ ਹੈ।

ਇੱਥੇ ਵਾਲਾਂ ਨੂੰ ਉਨ੍ਹਾਂ ਦੀ ਕੁਆਲਟੀ ਦੇ ਹਿਸਾਬ ਨਾਲ ਛਾਂਟਿਆ ਅਤੇ ਸਾਫ਼ ਕੀਤਾ ਜਾਂਦਾ ਹੈ। ਤਿਰੁਪਤੀ ਵਿੱਚ ਅਲੀਪਿਰੀ ਦੇ ਨੇੜੇ ਬਣੇ ਇਸ ਸੈਂਟਰ ਵਿੱਚ, ਤਿਰੁਮਾਲਾ ਤੋਂ ਲਿਆਂਦੇ ਗਏ ਵਾਲਾਂ ਨੂੰ ਉਨ੍ਹਾਂ ਦੀ ਕੁਆਲਟੀ ਦੇ ਆਧਾਰ ‘ਤੇ 6 ਤਰ੍ਹਾਂ ਦੀਆਂ ਕੈਟੇਗਰੀਆਂ ਵਿੱਚ ਵੰਡਿਆ ਜਾਂਦਾ ਹੈ।

  • ਟਾਈਪ 1: 31 ਇੰਚ ਤੋਂ ਵੱਧ ਲੰਬੇ ਵਾਲ਼
  • ਟਾਈਪ 2: 16 ਤੋਂ 30 ਇੰਚ ਲੰਬੇ ਵਾਲ਼
  • ਟਾਈਪ 3: 10 ਤੋਂ 15 ਇੰਚ ਲੰਬੇ ਵਾਲ਼
  • ਟਾਈਪ 4: 5 ਤੋਂ 9 ਇੰਚ ਲੰਬੇ ਵਾਲ਼
  • ਟਾਈਪ 5: 5 ਇੰਚ ਤੋਂ ਘੱਟ ਲੰਬੇ ਵਾਲ਼
  • ਟਾਈਪ 6: ਚਿੱਟੇ ਜਾਂ ਸਲੇਟੀ ਵਾਲ਼

ਤਿਰੁਮਾਲਾ ਤਿਰੁਪਤੀ ਦੇਵਸਥਾਨਮ (ਟੀਟੀਡੀ) ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲੀ ਕੈਟੇਗਰੀ ਦੇ ਵਾਲਾਂ ਦੀ ਸਭ ਤੋਂ ਵੱਧ ਮੰਗ ਹੈ, ਜਦਕਿ ਪੰਜਵੀਂ ਕੈਟੇਗਰੀ ਦੇ ਵਾਲਾਂ ਦੀ ਮੰਗ ਸਭ ਤੋਂ ਘੱਟ ਹੈ।

‘ਆਕਸ਼ਨਜ਼ ਇੰਡੀਆ’ ਵੈੱਬਸਾਈਟ ਮੁਤਾਬਕ, ਮੰਦਿਰ ਦੀ ਹਾਲੀਆ ਈ-ਨੀਲਾਮੀ ਵਿੱਚ ਗ੍ਰੇਡ ਵਨ ਵਾਲਾਂ ਦੀ ਘੱਟੋ-ਘੱਟ ਕੀਮਤ 72,082 ਰੁਪਏ ਪ੍ਰਤੀ ਕਿੱਲੋ ਸੀ, ਜਦਕਿ ਗ੍ਰੇਡ ਫਾਈਵ ਵਾਲਾਂ ਦੀ ਕੀਮਤ 135 ਰੁਪਏ ਪ੍ਰਤੀ ਕਿੱਲੋ ਸੀ।

ਇਸ ਨੀਲਾਮੀ ਵਿੱਚ 600 ਕਿੱਲੋ ਫ਼ਰਸਟ-ਕਲਾਸ ਅਤੇ 2 ਲੱਖ 83 ਹਜ਼ਾਰ ਕਿੱਲੋ ਫਿਫ਼ਥ-ਕਲਾਸ ਵਾਲ਼ ਵਿੱਕਰੀ ਲਈ ਰੱਖੇ ਗਏ ਸਨ।

ਲੰਬੇ ਵਾਲਾਂ ਦੀ ਮੰਗ ਸਭ ਤੋਂ ਵੱਧ

 ਵਿਗ ਅਤੇ ਹੇਅਰ ਐਕਸਟੈਂਸ਼ਨ

ਤਸਵੀਰ ਸਰੋਤ, Getty Images

ਲੰਬੇ ਵਾਲਾਂ ਦੀ ਚੰਗੀ ਕੀਮਤ ਮਿਲਦੀ ਹੈ। ਹਾਲਾਂਕਿ, ਹੋਰ ਕਿਸਮ ਦੇ ਵਾਲਾਂ ਦੀ ਕੀਮਤ ਅੰਤਰਰਾਸ਼ਟਰੀ ਮੰਗ ਅਤੇ ਬਾਜ਼ਾਰ ਦੀਆਂ ਸਥਿਤੀਆਂ ‘ਤੇ ਨਿਰਭਰ ਕਰਦੀ ਹੈ।

ਇਸ ਵੇਲੇ ਯੂਰਪ, ਏਸ਼ੀਆ ਅਤੇ ਅਮਰੀਕਾ ਦੀ ਫੈਸ਼ਨ ਇੰਡਸਟਰੀ ਵਿੱਚ ਤਿਰੁਮਾਲਾ ਦੇ ਵਾਲਾਂ ਦੀ ਬਹੁਤ ਵੱਧ ਮੰਗ ਹੈ।

ਟੀਟੀਡੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਮੁਤਾਬਕ, ਤਿਰੁਮਾਲਾ ਵਿੱਚ ਦਾਨ ਕੀਤੇ ਵਾਲਾਂ ਦੀ ਲੰਬਾਈ, ਕੁਦਰਤੀ ਕਾਲਾ ਰੰਗ, ਚਮਕ, ਕੁਦਰਤੀ ਘੁੰਘਰਾਲਾਪਣ ਅਤੇ ‘ਰੇਮੀ’ ਕੁਆਲਟੀ ਕਾਰਨ ਇਨ੍ਹਾਂ ਦੀ ਬਹੁਤ ਮੰਗ ਹੈ।

ਇਨ੍ਹਾਂ ਵਾਲਾਂ ਦਾ ਇਸਤੇਮਾਲ ਮੁੱਖ ਤੌਰ ‘ਤੇ ਯੂਰਪ ਅਤੇ ਏਸ਼ੀਆ ਵਿੱਚ ਵਿਗ ਅਤੇ ਹੇਅਰ ਐਕਸਟੈਂਸ਼ਨ ਬਣਾਉਣ ਲਈ ਕੀਤਾ ਜਾਂਦਾ ਹੈ।

1938 ਅਤੇ 1985 ਦੇ ਵਿਚਕਾਰ, ਤਿਰੁਪਤੀ ਵਿੱਚ ਦਾਨ ਕੀਤੇ ਵਾਲਾਂ ਦਾ ਸੰਗ੍ਰਹਿ ਅਤੇ ਵਿੱਕਰੀ ਪ੍ਰਾਈਵੇਟ ਕੰਪਨੀਆਂ ਕਰਦੀਆਂ ਸਨ। 1985 ਤੋਂ, ਤਿਰੁਮਾਲਾ ਤਿਰੁਪਤੀ ਦੇਵਸਥਾਨਮ ਨੇ ਖੁਦ ਹੀ ਵਾਲ਼ ਦਾਨ ਕੇਂਦਰਾਂ ਦਾ ਪ੍ਰਬੰਧਨ ਅਤੇ ਵਾਲਾਂ ਦੀ ਸਿੱਧੀ ਵਿੱਕਰੀ ਸ਼ੁਰੂ ਕਰ ਦਿੱਤੀ।

ਸ਼ੁਰੂਆਤ ਵਿੱਚ, ਨੀਲਾਮੀ ਕੁਝ ਏਜੰਟਾਂ ਰਾਹੀਂ ਕੀਤੀ ਜਾਂਦੀ ਸੀ। ਹਾਲਾਂਕਿ, 2011 ਵਿੱਚ ਈ-ਨੀਲਾਮੀ ਸ਼ੁਰੂ ਹੋਣ ਤੋਂ ਬਾਅਦ ਮੰਦਿਰ ਦੀ ਕਮਾਈ ਵਿੱਚ ਕਾਫ਼ੀ ਵਾਧਾ ਹੋਇਆ।

ਤਿਰੁਪਤੀ ਤਿਰੁਮਲਾ ਦੇਵਸਥਾਨਮ ਦੇ ਸਾਬਕਾ ਸੰਯੁਕਤ ਕਾਰਜਕਾਰੀ ਅਧਿਕਾਰੀ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਕੇ. ਸ੍ਰੀਨਿਵਾਸ ਰਾਜੂ ਨੇ ਬੀਬੀਸੀ ਨੂੰ ਦੱਸਿਆ, “ਕੁਝ ਵਪਾਰੀ ਵਾਲਾਂ ਦੀ ਨੀਲਾਮੀ ਵਿੱਚ ਕੀਮਤਾਂ ਜਾਣਬੁੱਝ ਕੇ ਘੱਟ ਰੱਖ ਰਹੇ ਸਨ। ਇਸ ਨੂੰ ਰੋਕਣ ਲਈ, ਦੇਵਸਥਾਨਮ ਨੇ 2011 ਵਿੱਚ ਐਮਐਸਟੀਸੀ (ਮੈਟਲ ਸਕ੍ਰੈਪ ਟ੍ਰੇਡ ਕਾਰਪੋਰੇਸ਼ਨ) ਦੇ ਨਾਲ ਮਿਲ ਕੇ ਈ-ਨੀਲਾਮੀ ਸਿਸਟਮ ਸ਼ੁਰੂ ਕੀਤਾ।”

ਈ-ਆਕਸ਼ਨਜ਼ ਇੰਡੀਆ ਦੇ ਅਨੁਸਾਰ, ਇਸ ਸਾਲ ਤਿਰੁਪਤੀ ਤਿਰੁਮਲਾ ਦੇਵਸਥਾਨਮ ਦੀ ਈ-ਨੀਲਾਮੀ ਵਿੱਚ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਇਹ ਨੀਲਾਮੀ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਹੈ।

ਕੰਪਨੀ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਵਿੱਚ ਕਾਸਮੈਟਿਕਸ ਅਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ।

ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਤੋਂ ਤਿਰੁਪਤੀ ਤਿਰੁਮਾਲਾ ਦੇਵਸਥਾਨਮ ਨੂੰ ਹੋਣ ਵਾਲੀ ਆਮਦਨ ਪਿਛਲੇ ਕੁਝ ਸਾਲਾਂ ਵਿੱਚ ਲਗਾਤਾਰ ਵਧ ਰਹੀ ਹੈ। ਇਹ ਆਮਦਨ 2020-21 ਵਿੱਚ 67 ਕਰੋੜ ਰੁਪਏ ਸੀ, ਫਿਰ ਇਹ 2021-22 ਵਿੱਚ ਵਧ ਕੇ 75 ਕਰੋੜ ਰੁਪਏ, 2022-23 ਵਿੱਚ 135 ਕਰੋੜ ਰੁਪਏ ਅਤੇ 2023-24 ਵਿੱਚ 167 ਕਰੋੜ ਰੁਪਏ ਹੋ ਗਈ।

ਐਨਡੀਟੀਵੀ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ, ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਤਿਰੁਪਤੀ ਵਿੱਚ ਵਾਲਾਂ ਦੀ ਵਿੱਕਰੀ ਤੋਂ ਵਿੱਤੀ ਸਾਲ 2024-25 ਵਿੱਚ ਲਗਭਗ 190 ਕਰੋੜ ਰੁਪਏ ਦੀ ਆਮਦਨ ਹੋਵੇਗੀ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਇਹ ਆਮਦਨ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਸਕਦੀ ਹੈ।

ਹਰ ਰੋਜ਼ ਕਿੰਨੇ ਸ਼ਰਧਾਲੂ ਵਾਲ਼ ਦਾਨ ਕਰਦੇ ਹਨ?

ਈ-ਆਕਸ਼ਨਜ਼ ਇੰਡੀਆ ਦੇ ਅਨੁਸਾਰ, ਦੁਨੀਆ ਭਰ ਵਿੱਚ ਕਾਸਮੈਟਿਕਸ ਅਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ

ਤਸਵੀਰ ਸਰੋਤ, TTD

ਹਰ ਰੋਜ਼, 70,000 ਤੋਂ 90,000 ਸ਼ਰਧਾਲੂ ਤਿਰੁਪਤੀ ਵਿੱਚ ਭਗਵਾਨ ਵੇਂਕਟੇਸ਼ਵਰ ਦੇ ਦਰਸ਼ਨ ਕਰਨ ਆਉਂਦੇ ਹਨ। ਗਰਮੀਆਂ ਦੀਆਂ ਛੁੱਟੀਆਂ ਅਤੇ ਵੱਡੇ ਤਿਉਹਾਰਾਂ ਦੌਰਾਨ ਇਹ ਗਿਣਤੀ ਹੋਰ ਵਧ ਜਾਂਦੀ ਹੈ।

ਜਿਵੇਂ-ਜਿਵੇਂ ਸ਼ਰਧਾਲੂਆਂ ਦੀ ਗਿਣਤੀ ਵਧਦੀ ਹੈ, ਉਸੇ ਅਨੁਪਾਤ ਵਿੱਚ ਵਾਲ਼ ਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਵਧਦੀ ਹੈ।

ਤਿਰੁਪਤੀ ਤਿਰੁਮਾਲਾ ਦੇਵਸਥਾਨਮ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, 29 ਜੂਨ ਨੂੰ 95,498 ਸ਼ਰਧਾਲੂਆਂ ਨੇ ਮੰਦਿਰ ਦੇ ਦਰਸ਼ਨ ਕੀਤੇ। ਉਨ੍ਹਾਂ ਵਿੱਚੋਂ 30,231 ਸ਼ਰਧਾਲੂਆਂ ਨੇ ਵਾਲ਼ ਦਾਨ ਕੀਤੇ।

ਕਿਉਂਕਿ ਹਰ ਰੋਜ਼ ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਵਾਲ਼ ਦਾਨ ਕਰਦੇ ਹਨ, ਇਸ ਲਈ ਟੀਟੀਡੀ ਨੇ ਇੱਕ ਵੱਡਾ ਸਿਸਟਮ ਬਣਾਇਆ ਹੈ। ਤਿਰੁਪਤੀ ਵਿੱਚ ਮੁੱਖ ਸ਼ੇਵਿੰਗ ਸੈਂਟਰ ਤੋਂ ਇਲਾਵਾ, ਸ਼ਰਧਾਲੂਆਂ ਦੀ ਸਹੂਲਤ ਲਈ 11 ਹੋਰ ਥਾਵਾਂ ‘ਤੇ ‘ਮਿੰਨੀ ਕਲਿਆਣ ਕੱਟਾ’ ਨਾਮ ਨਾਲ ਛੋਟੇ ਸ਼ੇਵਿੰਗ ਸੈਂਟਰ ਜਾਂ ਵਾਲ਼ ਕਟਿੰਗ ਸੈਂਟਰ ਵੀ ਬਣਾਏ ਗਏ ਹਨ।

ਸ਼ਰਧਾਲੂਆਂ ਨੂੰ ਵਾਲ਼ ਕੱਟਣ ‘ਚ ਸਹੂਲਤ ਮਿਲੇ, ਇਸਦੇ ਲਈ ਕੁੱਲ 1152 ਨਾਈਆਂ ਨੂੰ ਕੰਮ ‘ਤੇ ਰੱਖਿਆ ਗਿਆ ਹੈ। ਇਨ੍ਹਾਂ ਵਿੱਚ 269 ਮਹਿਲਾ ਨਾਈ ਵੀ ਸ਼ਾਮਲ ਹਨ।

ਸ਼ਰਧਾਲੂਆਂ ਲਈ ਸਫ਼ਾਈ ਅਤੇ ਸਹੂਲਤਾਂ

ਤਿਰੁਪਤੀ ਵਿੱਚ ਸਿਰ ਮੁੰਨ ਕੇ ਵਾਲ਼ ਚੜ੍ਹਾਉਣ ਦੀ ਰਿਵਾਇਤ ਹੈ, ਜੋ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ (ਸਾਲ 2006 ਦੀ ਇੱਕ ਤਸਵੀਰ)

ਤਸਵੀਰ ਸਰੋਤ, Hk Rajashekar/The The India Today Group via Getty Images

ਹਰ ਨਾਈ 6 ਘੰਟਿਆਂ ਦੀ ਸ਼ਿਫ਼ਟ ਵਿੱਚ ਲਗਭਗ 40 ਸ਼ਰਧਾਲੂਆਂ ਦੇ ਵਾਲ਼ ਮੁੰਨਦਾ ਹੈ। ਜਿਨ੍ਹਾਂ ਦਿਨਾਂ ‘ਚ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਹੁੰਦੀ ਹੈ, ਉਸ ਸਮੇਂ ਇਸ ਕੰਮ ਲਈ 250 ਹੋਰ ਨਾਈਆਂ ਨੂੰ ਲਗਾਇਆ ਜਾਂਦਾ ਹੈ।

ਟੀਟੀਡੀ ਦੇ ਅਨੁਸਾਰ, ਇਸ ਥਾਂ ‘ਤੇ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ ਅਤੇ ਹਰ ਸਮੇਂ ਸਫ਼ਾਈ ਬਣਾਈ ਰੱਖਣ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ।

ਸ਼ਰਧਾਲੂਆਂ ਵੱਲੋਂ ਵਾਲ਼ ਦਾਨ ਕਰਨ ਤੋਂ ਬਾਅਦ, ਉਨ੍ਹਾਂ ਨੂੰ ਤੁਰੰਤ ਇਕੱਠਾ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ।

ਵੱਲ ਕੱਟਣ ਜਾਂ ਮੁੰਨਣ ਵਾਲੇ ਹਰੇਕ ਕੇਂਦਰ ‘ਤੇ ਸ਼ਰਧਾਲੂਆਂ ਲਈ ਨਹਾਉਣ ਦੀ ਸਹੂਲਤ ਦਾ ਇੰਤਜ਼ਾਮ ਕੀਤਾ ਗਿਆ ਹੈ, ਇੱਥੇ ਲੋੜੀਂਦੇ ਬਾਥਰੂਮ ਅਤੇ ਗਰਮ ਪਾਣੀ ਦੀ ਸਹੂਲਤ ਵੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI