Home rss national punjabi2ਰਾਸ਼ਟਰੀ ਖ਼ਬਰਾਂ ਧੀਰੇਂਦਰ ਸ਼ਾਸਤਰੀ ਨੇ ਬੰਗਾਲ ਵਿੱਚ ਦੁਰਗਾ ਪੂਜਾ ਦੌਰਾਨ ਨੌਨ-ਵੈਜ ਨਾ ਖਾਣ ਦੀ...

ਧੀਰੇਂਦਰ ਸ਼ਾਸਤਰੀ ਨੇ ਬੰਗਾਲ ਵਿੱਚ ਦੁਰਗਾ ਪੂਜਾ ਦੌਰਾਨ ਨੌਨ-ਵੈਜ ਨਾ ਖਾਣ ਦੀ ਅਪੀਲ ਕੀਤੀ, ਬੀਜੇਪੀ ਨੂੰ ਕਿਉਂ ਦੇਣੀ ਪਈ ਸਫਾਈ

6
0

Source :- BBC PUNJABI

ਧੀਰੇਂਦਰ ਸ਼ਾਸਤਰੀ

ਤਸਵੀਰ ਸਰੋਤ, @BAGESHWARDHAM

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

ਬਾਗੇਸ਼ਵਰ ਧਾਮ ਦੇ ਨਾਮ ਨਾਲ ਪ੍ਰਸਿੱਧ ਧੀਰੇਂਦਰ ਕ੍ਰਿਸ਼ਨ ਗਰਗ ਜਿਨ੍ਹਾਂ ਨੂੰ ਧੀਰੇਂਦਰ ਸ਼ਾਸਤਰੀ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਐਤਵਾਰ ਨੂੰ ਹਾਵੜਾ ਜ਼ਿਲ੍ਹੇ ਦੇ ਲਿਲੁਆ ਵਿੱਚ ਦੁਰਗਾ ਪੂਜਾ ਦੌਰਾਨ ਹਿੰਦੂਆਂ ਨੂੰ ਸ਼ਾਕਾਹਾਰੀ ਭੋਜਨ ਖਾਣ ਦੀ ਅਪੀਲ ਕੀਤੀ ਸੀ।

ਧੀਰੇਂਦਰ ਸ਼ਾਸਤਰੀ ਦੀ ਇਸ ਅਪੀਲ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਵਿਵਾਦ ਹੋ ਗਿਆ ਹੈ। ਵਿਰੋਧੀ ਪਾਰਟੀਆਂ ਇਲਜ਼ਾਮ ਲਗਾ ਰਹੀਆਂ ਹਨ ਕਿ ਸੂਬੇ ਵਿੱਚ ਬੀਜੇਪੀ ਸਰਕਾਰ ਬੰਗਾਲ ਦੀ ਸੰਸਕ੍ਰਿਤੀ ਨੂੰ ਅਪਮਾਨਤ ਕਰ ਰਹੀ ਹੈ।

ਪੱਛਮੀ ਬੰਗਾਲ ਬੀਜੇਪੀ ਦੀ ਸਟੇਟ ਯੁਨਿਟ ਦੇ ਪ੍ਰਧਾਨ ਸਾਮਿਕ ਭੱਟਾਚਾਰਿਆ ਨੇ ਧੀਰੇਂਦਰ ਸ਼ਾਸਤਰੀ ਦਾ ਨਾਮ ਲਏ ਬਿਨ੍ਹਾਂ ਉਸ ਅਪੀਲ ਨੂੰ ਖਾਰਜ ਕਰ ਦਿੱਤਾ।

ਭੱਟਾਚਾਰਿਆ ਨੇ ਸੋਮਵਾਰ ਨੂੰ ਕਿਹਾ, “ਬੰਗਾਲੀ ਮਛਲੀ ਅਤੇ ਮਾਸ ਕਿਵੇਂ ਨਹੀਂ ਖਾ ਸਕਦੇ? ਸਵਾਮੀ ਵਿਵੇਕਾਨੰਦ ਨੇ ਵੀ ਕਿਹਾ ਸੀ ਕਿ ਮਾਂ ਕਾਲੀ ਨੂੰ ਮਟਨ ਚੜ੍ਹਾਇਆ ਜਾਵੇਗਾ। ਜੇ ਕੋਈ ਵਿਵੇਕਾਨੰਦ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਖਤਰਨਾਕ ਹੈ। ਇਹ ਉਨ੍ਹਾਂ ਦੀ ਨਿੱਜੀ ਰਾਏ ਹੈ।”

ਸਾਮਿਕ ਨੇ ਤੀਹ ਸਾਲਾ ਧੀਰੇਂਦਰ ਸ਼ਾਸਤਰੀ ਦਾ ਨਾਮ ਨਹੀਂ ਲਿਆ। ਧੀਰੇਂਦਰ ਬਾਗੇਸ਼ਵਰ ਧਾਮ ਦੇ ਮੁਖ ਪੁਜਾਰੀ ਹਨ।

ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਲਿਲੁਆ ਵਿੱਚ ਤਿੰਨ ਦਿਨਾਂ ਹਨੁਮੰਤ ਕਥਾ ਵਿੱਚ ਸ਼ਾਮਲ ਹੋਣ ਆਏ ਸੀ।

ਸ਼ਨੀਵਾਰ ਨੂੰ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਸੂਬੇ ਦੇ ਇੱਕ ਆਡੀਟੋਰੀਅਮ ਦੇ ਸਹਿਯੋਗ ਨਾਲ ਉਨ੍ਹਾਂ ਲਈ ਡਿਨਰ ਦਾ ਪ੍ਰਬੰਧ ਕੀਤਾ ਸੀ।

ਇਸ ਡਿਨਰ ਵਿੱਚ ਕੈਬਨਿਟ ਮੰਤਰੀ ਅਤੇ ਰਾਜ ਮੰਤਰੀ ਸ਼ਾਮਲ ਹੋਏ ਸਨ। ਮੁੱਖ ਮੰਤਰੀ ਦਫ਼ਤਰ ਨੇ ਐਤਵਾਰ ਨੂੰ ਐਕਸ ‘ਤੇ ਇਸ ਪ੍ਰੋਗਰਾਮ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਧਾਰਮਿਕ ਨੇਤਾ ਨੂੰ ਬਾਗੇਸ਼ਵਰ ਮਹਾਰਾਜ ਦੱਸਿਆ।

ਐਤਵਾਰ ਨੂੰ ਲਿਲੁਆ ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਧੀਰੇਂਦਰ ਸ਼ਾਸਤਰੀ ਨੇ ਕਿਹਾ ਸੀ, “ਕ੍ਰਿਪਾ ਬੁਰਾ ਨਾ ਮੰਨਣਾ ਪਰ ਪੱਛਮ ਬੰਗਾਲ ਦੀ ਇੱਕ ਗੱਲ ਮੈਨੂੰ ਪਸੰਦ ਨਹੀਂ ਹੈ। ਨਰਾਤਿਆਂ ਅਤੇ ਦੁਰਗਾ ਪੂਜਾ ਦੌਰਾਨ ਪੂਜਾ ਪੰਡਾਲਾਂ ਕੋਲ ਨੌਨ-ਵੈਜ ਖਾਣਾ ਖਾਇਆ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦਾ ਗੰਦਾ ਖਾਣਾ ਬਣਾਇਆ ਜਾਂਦਾ ਹੈ।”

ਉਨ੍ਹਾਂ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ ਨਰਾਤਿਆਂ ਵਿੱਚ ਹਰ ਹਿੰਦੂ ਜਾਗੇ ਅਤੇ ਅਜਿਹੇ ਲੋਕਾਂ ਨੂੰ ਬਾਹਰ ਕੱਢੇ। ਉਹ ਪਵਿੱਤਰ ਨਹੀਂ ਹਨ। ਉਹ ਧਰਮ ਦਾ ਅਪਮਾਨ ਕਰ ਰਹੇ ਹਨ।”

ਬੰਗਾਲੀ ਹਿੰਦੂਆਂ ਦੀ ਤਿੱਖੀ ਪ੍ਰਤੀਕਿਰਿਆ

ਕਥਾ ਦੌਰਾਨ ਦੀ ਫੋਟੋ

ਤਸਵੀਰ ਸਰੋਤ, @BAGESHWARDHAM

ਇਸ ਵੀਡੀਓ ਦੇ ਵਾਇਰਲ ਹੋਣ ਬਾਅਦ ਬੰਗਾਲੀ ਹਿੰਦੂਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ। ਇਹ ਘਟਨਾਕ੍ਰਮ ਵਿਸ਼ਵ ਹਿੰਦੂ ਪਰਿਸ਼ਦ ਦੇ 26 ਅਗਸਤ ਨੂੰ ਦਿੱਤੇ ਉਸ ਬਿਆਨ ਤੋਂ ਕੁਝ ਦਿਨ ਬਾਅਦ ਹੋਇਆ। ਜਿਸ ਵਿੱਚ ਕਿਹਾ ਗਿਆ ਸੀ ਕਿ ਦੁਰਗਾ ਪੂਜਾ ਪੰਡਾਲਾਂ ਤੋਂ ਨੌਨ-ਵੈਜ ਦੂਰ ਰੱਖਿਆ ਜਾਣਾ ਚਾਹੀਦਾ ਹੈ।

ਪੱਛਮੀ ਬੰਗਾਲ ਬੀਜੇਪੀ ਇੱਕ ਵਾਰ ਫਿਰ ਤੋਂ ਬੰਗਾਲੀਆਂ ਦੇ ਖਾਣੇ ਨੂੰ ਲੈ ਕੇ ਵਿਵਾਦ ਵਿਚ ਘਿਰ ਗਈ ਹੈ।

ਇਸ ਤੋਂ ਪਹਿਲਾਂ ਮਈ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਨੇਤਾਵਾਂ ਨੂੰ ਜਾਂ ਤਾਂ ਮੱਛੀ ਨਾਲ ਪ੍ਰਚਾਰ ਕਰਨਾ ਪੈਂਦਾ ਸੀ ਜਾਂ ਜਨਤਕ ਰੂਪ ਵਿੱਚ ਮੱਛੀ ਖਾਣੀ ਪੈਂਦੀ ਸੀ ਤਾਂ ਕਿ ਉਸ ਵੇਲੇ ਸੱਤਾਧਿਰ ਤ੍ਰਿਣਮੂਲ ਕਾਂਗਰਸ ਦੇ ਇਸ ਪ੍ਰਚਾਰ ਦਾ ਮੁਕਾਬਲਾ ਕੀਤਾ ਜਾ ਸਕੇ ਕਿ ਬੀਜੇਪੀ ਦੇ ਸੱਤਾ ਵਿੱਚ ਆਉਣ ‘ਤੇ ਬੰਗਾਲੀਆਂ ਨੂੰ ਸ਼ਾਕਾਹਾਰੀ ਬਣਨ ਲਈ ਮਜਬੂਰ ਕੀਤਾ ਜਾਵੇਗਾ। ਭੱਟਾਚਾਰਿਆ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਦੇ ਕੋਈ ਫਰਮਾਨ ਜਾਰੀ ਨਹੀਂ ਕਰੇਗੀ।

ਭੱਟਾਚਾਰਿਆ ਨੇ ਕਿਹਾ, “ਪੱਛਮੀ ਬੰਗਾਲ ਵਿੱਚ ਲੋਕ ਕੀ ਖਾਣਗੇ ਅਤੇ ਕੀ ਪਹਿਨਣਗੇ, ਇਸ ਬਾਰੇ ਅਸੀਂ ਕੁਝ ਨਹੀਂ ਕਹਿਣਾ ਹੈ। ਬੰਗਾਲੀ ਉਹੀ ਕਰਨਗੇ ਜਿਸ ਦੇ ਉਹ ਆਦੀ ਹਨ। ਜੋ ਲੋਕ ਧੋਤੀ ਪਹਿਨਣਾ ਚਾਹੁੰਦੇ ਹਨ ਉਹ ਧੋਤੀ ਪਹਿਨਣਗੇ। ਜੋ ਲੋਕ ਲੁੰਗੀ ਪਹਿਨਣਾ ਪਸੰਦ ਕਰਦੇ ਹਨ, ਉਹ ਲੁੰਗੀ ਪਹਿਨਣਗੇ। ਬੰਗਾਲੀ ਮੱਛੀ ਕਿਵੇਂ ਨਹੀਂ ਖਾ ਸਕਦੇ? ਇਹ ਗੱਲ ਲਗਾਤਾਰ ਚਲਦੀ ਜਾ ਰਹੀ ਹੈ। ਕੋਈ ਬਾਹਰ ਤੋਂ ਆ ਕੇ ਇੱਥੇ ਆ ਕੇ ਕੀ ਕਹਿੰਦਾ ਹੈ, ਇਸ ਦੀ ਚਿੰਤਾ ਕਿਉਂ ਕਰੀਏ?”

ਧੀਰੇਂਦਰ ਸ਼ਾਸਤਰੀ ਦਾ ਬਿਆਨ

ਉਨ੍ਹਾਂ ਨੇ ਕਿਹਾ, “ਕਿਸੇ ਵੱਲੋਂ ਲੋਕਾਂ ਨੂੰ ਸ਼ਾਕਾਹਾਰੀ ਬਣਨ ਦੀ ਅਪੀਲ ਕਰਨਾ ਗਲਤ ਨਹੀਂ ਹੈ। ਸ਼ਾਕਾਹਾਰੀ ਨੂੰ ਲੈ ਕੇ ਇੱਕ ਅਭਿਆਨ ਚੱਲ ਰਿਹਾ ਹੈ। ਕਈ ਲੋਕ ਅਤੇ ਇੱਥੋਂ ਤੱਕ ਕਿ ਕੁਝ ਡਾਕਟਰ ਵੀ ਇਸ ਦੀ ਸਲਾਹ ਦਿੰਦੇ ਹਨ। ਪਰ ਕੋਈ ਸਾਧੂ ਜਾਂ ਸਿਆਸੀ ਪਾਰਟੀ ਤੁਹਾਨੂੰ ਇਹ ਕਿਵੇਂ ਦੱਸ ਸਕਦੀ ਹੈ ਕਿ ਤੁਸੀਂ ਘਰ ਵਿਚ ਕੀ ਖਾਓਗੇ? ਉਹ ਪੂਰੇ ਦੇਸ਼ ਵਿਚ ਸਨਮਾਨਿਤ ਅਤੇ ਲੋਕਪ੍ਰਿਯਾ ਹਨ। ਉਨ੍ਹਾਂ ਨੇ ਸਿਰਫ਼ ਇੱਕ ਅਪੀਲ ਕੀਤੀ ਹੈ।”

ਐਕਸ ਅਤੇ ਫੇਸਬੁੱਕ ‘ਤੇ ਅਜਿਹੀਆਂ ਪੋਸਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਬੰਗਾਲੀ ਹਿੰਦੂਆਂ ਲਈ ਨਿਰਦੇਸ਼ ਦੇਣ ਦੀ ਕੋਸ਼ਿਸ਼ ਕਰਨ ਨੂੰ ਲੈ ਕੇ ਧੀਰੇਂਦਰ ਕ੍ਰਿਸ਼ਨ ਗਰਗ ਦੀ ਅਲੋਚਨਾ ਕੀਤੀ ਗਈ ਹੈ।

ਪੱਤਰਕਾਰ ਅਤੇ ਲੇਖਕ ਅਭਿਜੀਤ ਮਜੂਮਦਾਰ ਨੇ ਐਕਸ ‘ਤੇ ਲਿਖਿਆ, “ਪੱਛਮ ਬੰਗਾਲ ਵਿਚ ਹਿੰਦੂਤਵ ਦਾ ਆਪਣਾ ਬਹੁਤ ਮੁਖਰ ਰੂਪ ਹੈ। ਇਹ ਹਿੰਦੂ ਰਾਸ਼ਟਰਵਾਦ ਦੀ ਜਨਮ ਭੂਮੀ ਹੈ। ਇਹ ਸ਼ਕਤੀ ਉਪਾਸਨਾ ਦਾ ਵੀ ਕੇਂਦਰ ਹੈ। ਇਸ ਲਈ ਦੁਰਗਾ ਪੂਜਾ ਪੰਡਾਲਾਂ ਦੇ ਆਲੇ ਦੁਆਲੇ ਨੌਨ-ਵੈਜ ਖ਼ਿਲਾਫ਼ ਬਾਗੇਸ਼ਵਰ ਧਾਮ ਦੀ ਅਪੀਲ ਜਾਣਕਾਰੀ ਦੀ ਕਮੀ ‘ਤੇ ਅਧਾਰਿਤ ਹੈ, ਗੈਰ ਜ਼ਰੂਰੀ ਹੈ ਅਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।”

ਵਿੱਤ ਵਿਭਾਗ ਵਿੱਚ 2017 ਤੋਂ ਫ਼ਰਵਰੀ 2022 ਤੱਕ ਪ੍ਰਧਾਨ ਆਰਥਿਕ ਸਲਾਹਕਾਰ ਰਹੇ ਸੰਜੀਵ ਸਾਨਿਯਾਲ ਨੇ ਵੀ ਧੀਰੇਂਦਰ ਸ਼ਾਸਤਰੀ ਦੀ ਅਪੀਲ ਦਾ ਵਿਰੋਧ ਕੀਤਾ ਹੈ।

ਸਾਨਿਯਾਲ ਨੇ ਐਕਸ ‘ਤੇ ਲਿਖਿਆ ਹੈ, ” ਮਾਸ ਹਿੰਦੂ ਧਰਮ ਦਾ ਇੱਕ ਅਹਿਮ ਹਿੱਸਾ ਹੈ। ਪ੍ਰਾਚੀਨ ਪਰੰਪਰਾਵਾਂ ਤਹਿਤ ਇਹ ਮਾਂ ਦੁਰਗਾ ਅਤੇ ਮਾਂ ਕਾਲੀ ਨੂੰ ਚੜ੍ਹਾਇਆ ਜਾਂਦਾ ਹੈ। ਦੁਰਗਾ ਪੂਜਾ ਵਿਚ ਨੌਮੀ ਅਤੇ ਦਸਮੀਂ ਵਾਲੇ ਦਿਨ ਸ਼ਰਧਾਲੂ ਜੋ ਪ੍ਰਸਾਦ ਖਾਂਦੇ ਹਨ, ਉਸ ਵਿੱਚ ਮਾਸ ਵੀ ਸ਼ਾਮਲ ਹੁੰਦਾ ਹੈ। ਇਸ ਪਵਿੱਤਰ ਪਰੰਪਰਾ ਵਿੱਚ ਕਿਸੇ ਵੀ ਤਰ੍ਹਾਂ ਦਾ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”

ਧੀਰੇਂਦਰ ਕ੍ਰਿਸ਼ਨ ਗਰਗ ਦੀ ਅਪੀਲ ‘ਤੇ ਬਿਰਿੰਚੀ ਬਾਬਾ ਦੀ ਯਾਦ

ਕਥਾ ਦੌਰਾਨ ਦੀ ਫੋਟੋ

ਤਸਵੀਰ ਸਰੋਤ, @BAGESHWARDHAM

ਧੀਰੇਂਦਰ ਸ਼ਾਸਤਰੀ ਦੀ ਅਪੀਲ ‘ਤੇ ਬੰਗਾਲੀਆਂ ਨੂੰ ਸਤਿਆਜੀਤ ਰੇ ਦੀ ਫ਼ਿਲਮ ਮਹਾਂਪੁਰਸ਼ ਅਤੇ ਉਸ ਵਿੱਚ ਦਿਖਾਏ ਪੂਰੇ ਆਤਮ ਵਿਸ਼ਵਾਸ ਨਾਲ ਭਰੇ ਧਰਮ ਗੁਰੂ ਬਿਰਿੰਚੀ ਬਾਬਾ ਦੀ ਯਾਦ ਆ ਗਈ।

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, “ਬਿਰਿੰਚੀ ਬਾਬਾ ਵਾਪਸ ਆ ਗਏ।”

ਦੂਜੇ ਨੇ ਪੁੱਛਿਆ, “ਸੱਤਿਆਜੀਤ ਰੇ ਦੀ ਕਪੁਰਸ਼ ਓ ਮਹਾਂਪੁਰਸ਼ ਦੀ ਯਾਦ ਆ ਰਹੀ ਹੈ। ਬਿਰਿੰਚੀ ਬਾਬਾ ਯਾਦ ਹਨ ?”

ਉਧਰ ਕੁਝ ਲੋਕਾਂ ਨੇ ਕਿਹਾ, “ਨਵੇਂ ਜ਼ਮਾਨੇ ਦੇ ਨਵੇਂ ਬਿਰਿੰਚੀ ਬਾਬਾ” ਅਤੇ “ਬਰਿੰਚੀ ਬਾਬਾ ਵਾਕਈ ਮੌਜੂਦ ਹਨ।”

ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨਾਲ ਮੰਚ ਸਾਂਝਾ ਕੀਤਾ ਸੀ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਇੱਕ ਕੇਂਦਰ ਸਥਾਪਿਤ ਕਰਨ ਦਾ ਸੱਦਾ ਦਿੱਤਾ ਸੀ।

ਅਧਿਕਾਰੀ ਨੇ ਕਿਹਾ ਸੀ, “ਦੁਰਗਾ ਪੂਜਾ ਦੌਰਾਨ ਸਰਕਾਰ ਪੱਛਮ ਬੰਗਾਲ ਅਤੇ ਭਾਰਤ ਦੀ ਸੰਸਕ੍ਰਿਤੀ ਦੀ ਰੱਖਿਆ ਲਈ ਕੰਮ ਕਰੇਗੀ। ਬਾਬਾ ਮਹਾਰਾਜ ਜੀ, ਕ੍ਰਿਪਾ ਇੱਥੇ ਇੱਕ ਕੇਂਦਰ ਖੋਲ੍ਹੋ। ਇੱਥੇ ਬਾਗੇਸ਼ਵਰ ਧਾਮ ਦਾ ਇੱਕ ਕੇਂਦਰ ਵੀ ਹੋਣਾ ਚਾਹੀਦਾ ਹੈ। ਇਹ ਸੰਤਾਂ ਦੀ ਧਰਤੀ ਹੈ। ਇਹ ਅਧਿਆਤਮਕ ਜਾਗਰਣ ਦੀ ਧਰਤੀ ਹੈ।”

ਇਸ ਤੋਂ ਬਾਅਦ ਇੱਕ ਪੋਸਟ ਵਿਚ ਇਸ ਦਾ ਆਪਣਾ ਟਾਈਮਲਾਈਨ ਦਿੱਤਾ ਗਿਆ, “ਬਿਰਿੰਚੀ ਬਾਬਾ ਨੂੰ ਰਾਜਸ਼ੇਖਰ ਬਸੂ ਨੇ 1920 ਦੇ ਦਹਾਕੇ ਵਿੱਚ ਲਿਖਿਆ ਸੀ, ਰੇ ਨੇ 1965 ਵਿੱਚ ਮਹਾਂਪੁਰਸ਼ ਬਣਾਈ ਸੀ ਅਤੇ 2026 ਵਿੱਚ ਬੰਗਾਲ ਸਰਕਾਰ ਨੇ ਬਾਗੇਸ਼ਵਰ ਬਾਬਾ ਦਾ ਸਵਾਗਤ ਕੀਤਾ।”

ਪੱਛਮ ਬੰਗਾਲ ਵਿੱਚ ਦੁਰਗਾ ਪੂਜਾ ਲਈ ਨਵੇਂ ਨਿਰਦੇਸ਼

ਧੀਰੇਂਦਰ ਸ਼ਾਸਤਰੀ

ਤਸਵੀਰ ਸਰੋਤ, @BAGESHWARDHAM

ਸ਼ੁਭੇਂਦੂ ਅਧਿਕਾਰੀ ਨੇ ਸੋਮਵਾਰ ਸ਼ਾਮ ਦੁਰਗਾ ਪੂਜਾ ਦੇ ਪ੍ਰਬੰਧਕਾਂ ਨਾਲ ਬੈਠਕ ਵਿੱਚ ਇਸ ਸਾਲ ਦੁਰਗਾ ਪੂਜਾ ਲਈ ਨਿਯਮਾਂ ਦਾ ਐਲਾਨ ਕੀਤਾ ਹੈ।

ਬੰਗਾਲ ਦਾ ਸਭ ਤੋਂ ਵੱਡਾ ਤਿਉਹਾਰ 16 ਅਕਤੂਬਰ ਤੋਂ 21 ਅਕਤੂਬਰ ਵਿਚਕਾਰ ਮਨਾਇਆ ਜਾਵੇਗਾ। ਹਾਲਾਂਕਿ, ਇਸ ਸਾਲ ਰੇਡ ਰੋਡ ‘ਤੇ ਹੋਣ ਵਾਲਾ ਰਵਾਇਤੀ ਕਾਰਨੀਵਲ ਨਹੀਂ ਹੋਵੇਗਾ। ਇਸ ਦੀ ਬਜਾਏ ਕੋਲਕਾਤਾ ਅਤੇ ਬੰਗਾਲ ਦੀਆਂ ਛੇ ਹੋਰ ਥਾਂਵਾਂ ‘ਤੇ ਰੋਡ ਸ਼ੋਅ ਕਰਵਾਏ ਜਾਣਗੇ। ਸਾਰੇ ਮੂਰਤੀ ਵਿਸਰਜਨ 24 ਅਕਤੂਬਰ ਤੱਕ ਪੂਰੇ ਕਰਨੇ ਪੈਣਗੇ।

ਘੱਟ ਬਜਟ ਵਾਲੇ ਦੁਰਗਾ ਪੂਜਾ ਪ੍ਰਬੰਧਕ ਇੱਕ ਵਿਕਲਪਿਕ ਯੋਜਨਾ ਤਹਿਤ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਪਾਤਰ ਹੋਣਗੇ। ਇਸ ਲਈ ਅਰਜ਼ੀਆਂ ਸਥਾਨਕ ਪੁਲਿਸ ਥਾਣਿਆਂ ਵਿੱਚ ਜਾਂਚ ਲਈ ਜਮ੍ਹਾ ਹੋਣਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਸਕੱਤਰ ਦੇ ਦਫ਼ਤਰ ਭੇਜਿਆ ਜਾਵੇਗਾ।

ਅਧਿਕਾਰੀ ਨੇ ਕਿਹਾ, “ਮੈਂ ਮੁੱਖ ਮੰਤਰੀ ਦੇ ਅਹੁਦੇ ਦੀ ਸ਼ਕਤੀ ਦਾ ਦੁਰ ਉਪਯੋਗ ਨਹੀਂ ਕਰਨਾ ਚਾਹੁੰਦਾ। ਮੈਂ ਪਹਿਲਾਂ ਹੀ ਕਿਹਾ ਸੀ ਕਿ ਛੋਟੇ ਪੂਜਾ ਪ੍ਰਬੰਧਕਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਜਿਨ੍ਹਾਂ ਦਾ ਬਜਟ ਵੱਡਾ ਹੈ, ਮੈਂ ਉਨ੍ਹਾਂ ਨੂੰ ਅਪੀਲ ਕਰੂਾਂਗਾ ਕਿ ਉਹ ਸਰਕਾਰੀ ਫੰਡ ਨਾ ਲੈਣ। ਜੋ ਲੋਕ ਆਰਥਿਕ ਸਹਾਇਤਾ ਤੋਂ ਬਿਨ੍ਹਾਂ ਪੂਜਾ ਦਾ ਪ੍ਰਬੰਧ ਨਹੀਂ ਕਰ ਸਕਦੇ, ਸਰਕਾਰ ਉਨ੍ਹਾਂ ਦੀ ਮਦਦ ਕਰੇਗੀ।”

ਪੱਛਮ ਬੰਗਾਲ ਵਿੱਚ ਹਿੰਦੂ ਦੁਰਗਾ ਪੂਜਾ ਵਿੱਚ ਨਰਾਤਿਆਂ ਦੌਰਾਨ ਨੌਨ ਵੈਜ ਵੀ ਖਾਂਦੇ ਹਨ ਜਦਕਿ ਉੱਤਰ ਭਾਰਤ ਦੇ ਹਿੰਦੂ ਵਰਤ ਰੱਖਦੇ ਹਨ। ਇੱਕ ਸਰਵੇ ਮੁਤਾਬਕ ਪੱਛਮ ਬੰਗਾਲ ਵਿੱਚ 99 ਫ਼ੀਸਦੀ ਲੋਕ ਮਾਸਾਹਾਰੀ ਹਨ।

ਪੱਛਮ ਬੰਗਾਲ ਵਿੱਚ ਬੀਜੇਪੀ ਪਹਿਲੀ ਵਾਰ ਸੱਤਾ ਵਿੱਚ ਆਈ ਹੈ। ਬੀਜੇਪੀ ਦੀ ਪਛਾਣ ਹਿੰਦੀ ਭਾਸ਼ੀ ਸੂਬਿਆਂ ਦੀ ਸਿਆਸੀ ਪਾਰਟੀ ਦੇ ਰੂਪ ਵਿੱਚ ਰਹੀ ਹੈ। ਅਜਿਹੇ ਵਿੱਚ ਬੰਗਾਲ ‘ਚ ਬੀਜੇਪੀ ਦੀ ਸਿਆਸਤ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਵਾਲ ਚੁਕਦੀਆਂ ਰਹੀਆਂ ਹਨ।

ਬੀਜੇਪੀ ਨੇਤਾ ਅਤੇ ਇਸ ਵੇਲੇ ਪੱਛਮ ਬੰਗਾਲ ਦੇ ਵਿਤ ਮੰਤਰੀ ਸਪਨ ਦਾਸ ਗੁਪਤਾ ਨੇ ਬੀਬੀਸੀ ਹਿੰਦੀ ਨੂੰ 2021 ਵਿੱਚ ਕਿਹਾ ਸੀ, “ਬੰਗਾਲ ਦਾ ਹਿੰਦੂਤਵ ਨੌਨ ਵੈਜੀਟੇਰੀਅਨ ਹੈ। ਇਹ ਉੱਤਰ ਭਾਰਤ ਨਾਲ ਮੇਲ ਨਹੀਂ ਖਾਂਦਾ। ਬੰਗਾਲ ਵਿੱਚ ਨਰਾਤਿਆਂ ਵਿਚ ਵੀ ਲੋਕ ਮਾਸ ਖਾਂਦੇ ਹਨ। ਅਸੀਂ ਜੈ ਸ਼੍ਰੀ ਰਾਮ ਦੇ ਨਾਅਰੇ ਨੂੰ ਇੱਥੇ ਵਿਰੋਧ ਦਾ ਨਾਅਰਾ ਬਣਾ ਦਿੱਤਾ। ਇੱਥੇ ਜੈ ਸ਼੍ਰੀ ਰਾਮ ਕੋਈ ਸੰਪਰਦਾਇਕ ਨਾਅਰਾ ਨਹੀਂ ਹੈ। ਮਮਤਾ ਬੈਨਰਜੀ ਨੂੰ ਇਸ ਨਾਅਰੇ ਨਾਲ ਚਿੜ੍ਹ ਹੁੰਦੀ ਸੀ ਇਸ ਲਈ ਅਸੀਂ ਇਸ ਨੂੰ ਹਥਿਆਰ ਦੀ ਤਰ੍ਹਾਂ ਇਸਤੇਮਾਲ ਕੀਤਾ। ਉੱਤਰ ਪ੍ਰਦੇਸ਼ ਵਿਚ ਜੈ ਸ੍ਰੀ ਰਾਮ ਦਾ ਨਾਅਰਾ ਵੱਖ ਹੈ। ਉੱਥੇ ਹਿੰਦੂ ਮਾਣ ਨਾਲ ਜੁੜਿਆ ਹੋ ਸਕਦਾ ਹੈ ਪਰ ਬੰਗਾਲ ਵਿਚ ਵਿਰੋਧ ਦਾ ਸਲੋਗਨ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI