Home rss national punjabi2ਰਾਸ਼ਟਰੀ ਖ਼ਬਰਾਂ ਨੇਪਾਲ ‘ਚ ਹੜ੍ਹ ਮਗਰੋਂ ‘ਭਾਖੜਾ ਡੈਮ’ ਨੂੰ ਖ਼ਤਰੇ ਬਾਰੇ ਕੀ ਦਾਅਵੇ ਹੋ...

ਨੇਪਾਲ ‘ਚ ਹੜ੍ਹ ਮਗਰੋਂ ‘ਭਾਖੜਾ ਡੈਮ’ ਨੂੰ ਖ਼ਤਰੇ ਬਾਰੇ ਕੀ ਦਾਅਵੇ ਹੋ ਰਹੇ, ਮਾਹਰਾਂ ਦੀ ਇਸ ਬਾਰੇ ਕੀ ਰਾਇ ਹੈ?

6
0

Source :- BBC PUNJABI

ਭਾਖੜਾ ਡੈਮ

ਤਸਵੀਰ ਸਰੋਤ, Getty Images

ਨੇਪਾਲ ਵਿੱਚ ਅਚਾਨਕ ਹੜ੍ਹ ਆਉਣ ਦੀ ਘਟਨਾ ਤੋਂ ਬਾਅਦ ਭਾਖੜਾ ਡੈਮ ਦੀ ਬਣਤਰ ਬਾਰੇ ਸੰਭਾਵਿਤ ਖ਼ਤਰੇ ਦਾ ਜ਼ਿਕਰ ਹੋ ਰਿਹਾ ਹੈ।

ਸੋਸ਼ਲ ਮੀਡੀਆ ਉੱਤੇ ਪਾਈਆਂ ਗਈਆਂ ਪੋਸਟਾਂ ਵਿੱਚ ਭਾਖ਼ੜਾ ਡੈਮ ਬਾਰੇ ਕੀਤੇ ਗਏ ਦਾਅਵਿਆਂ ਦਾ ਪੀਆਈਬੀ (ਪ੍ਰੈੱਸ ਇਨਫਰਮੇਸ਼ਨ ਬਿਊਰੋ) ਦੇ ਵੱਲੋਂ ਖੰਡਨ ਕੀਤਾ ਗਿਆ ਹੈ।

ਪੀਆਈਬੀ ਫੈਕਟ ਚੈੱਕ ਨੇ ਆਪਣੇ ਐਕਸ ਅਕਾਉਂਟ ਉੱਤੇ ਪੋਸਟ ਪਾ ਕੇ ਕਿਹਾ, ”ਕੁਝ ਸੋਸ਼ਲ ਮੀਡੀਆ ਹੈਂਡਲ ਇਹ ਵੀਡੀਓ ਸ਼ੇਅਰ ਕਰ ਰਹੇ ਹਨ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਖ਼ੜਾ ਡੈਮ ਦੀ ਕੰਧ ਵਿੱਚ 1.77 ਇੰਚ ਦੀ ਡਿਫਲੈਕਸ਼ਨ ਹੈ ਅਤੇ ਜੇਕਰ ਇਹ ਕੰਧ ਟੁੱਟਦੀ ਹੈ ਤਾਂ ਦਿੱਲੀ ਸਣੇ ਕਈ ਸ਼ਹਿਰ ਡੁੱਬਣ ਦੇ ਖ਼ਤਰੇ ਵਿੱਚ ਹਨ।”

ਡਿਫਲੈਕਸ਼ਨ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਆਪਣੀ ਥਾਂ ਤੋਂ ਹਿੱਲਣਾ।

ਇਸ ਪੋਸਟ ਵਿੱਚ ਅੱਗੇ ਕਿਹਾ ਗਿਆ, ”27 ਅਗਸਤ 2026 ਨੂੰ ਰਿਕਾਰਡ ਕੀਤੀ ਗਈ ਅਸਲ ਡਿਫਲੈਕਸ਼ਨ 0.86 ਇੰਚ ਸੀ। ਡੈਮ ਨਾਲ ਜੁੜੇ ਦਬਾਅ, ਪੋਰ ਪ੍ਰੈਸ਼ਰ ਅਤੇ ਸੀਪੇਜ ਆਪਣੀਆਂ ਮਨਜ਼ੂਰਸ਼ੁਦਾ ਹੱਦਾਂ ਵਿੱਚ ਹੀ ਹਨ ਅਤੇ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਹੈ।”

ਭਾਖੜਾ ਡੈਮ ਦੀ ਇੱਕ ਪੁਰਾਣੀ ਤਸਵੀਰ

ਤਸਵੀਰ ਸਰੋਤ, Getty Images

ਭਾਖ਼ੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵਿੱਚ ਚੀਫ਼ ਇੰਜਨੀਅਰ ਰਹਿ ਚੁੱਕੇ ਤ੍ਰਿਲੋਚਨ ਸਿੰਘ ਦੱਸਦੇ ਹਨ, “ਸੌਖੇ ਸ਼ਬਦਾਂ ਵਿੱਚ ਡਿਫਲੈਕਸ਼ਨ ਨੂੰ ਝੁਕਾਅ ਕਿਹਾ ਜਾ ਸਕਦਾ ਹੈ, ਡੈਮ ਇੱਕ ਕੰਕਟਰੀਟ ਬਣਤਰ ਹੈ ਅਤੇ ਕਾਫੀ ਸਮਾਂ ਪਾਣੀ ਭਰੇ ਰਹਿਣ ਕਰਕੇ ਡੈਮ ਦੇ ਬਾਹਰਲੀ ਕੰਕਰੀਟ ਕੰਧ ਵਿੱਚ ਝੁਕਾਅ ਹੋਣਾ ਸੁਭਾਵਿਕ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਡੈਮ ਕਿਸੇ ਕਿਸਮ ਦੇ ਗੰਭੀਰ ਖ਼ਤਰੇ ਵਿੱਚ ਹੈ।”

ਤ੍ਰਿਲੋਚਨ ਸਿੰਘ ਬੀਬੀਐੱਮਬੀ ਵਿੱਚ ਡੈਮ ਸੇਫਟੀ ਨਾਲ ਜੁੜੀਆਂ ਕਮੇਟੀਆਂ ਦੀ ਵੀ ਅਗਵਾਈ ਕਰ ਚੁੱਕੇ ਹਨ।

ਤ੍ਰਿਲੋਚਨ ਸਿੰਘ
ਬੀਬੀਐੱਮਬੀ ਦੇ ਸਾਬਕਾ ਚੀਫ਼ ਇੰਜਨੀਅਰ

ਦੇਵੇਂਦਰ ਕੁਮਾਰ ਸ਼ਰਮਾ ਅਪ੍ਰੈਲ 2017 ਤੋਂ ਜੁਲਾਈ 2020 ਤੱਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਹਨ।

ਉਨ੍ਹਾਂ ਨੇ ਦੱਸਿਆ, “ਜਿੱਥੋਂ ਤੱਕ ਇਸ ਡੈਮ ਦੀ ਸਿਹਤ ਦਾ ਸਵਾਲ ਹੈ, ਇੱਕ ਤਾਂ ਇਹ ਬਹੁਤ ਚੰਗੀ ਤਰ੍ਹਾਂ ਮਾਨੀਟਰ ਕੀਤਾ ਜਾ ਰਿਹਾ ਹੈ। ਦੂਜਾ, ਅਜਿਹਾ ਕੋਈ ਕਾਰਨ ਨਹੀਂ ਹੈ ਜਿਸ ਤੋਂ ਸਾਨੂੰ ਇਹ ਮੰਨਣਾ ਚਾਹੀਦਾ ਹੋਵੇ ਕਿ ਡਿਫਲੈਕਸ਼ਨ ਕਰਕੇ ਸੁਰੱਖਿਆ ਪੈਮਾਨਿਆਂ ਉੱਤੇ ਅਸਰ ਦਾ ਕੋਈ ਰੁਝਾਨ ਦਿਖ ਰਿਹਾ ਹੈ।”

ਉਹ ਅੱਗੇ ਦੱਸਦੇ ਹਨ, “ਇਸ ਡਿਫਲੈਕਸ਼ਨ ਦਾ ਬੁਨਿਆਦੀ ਕਾਰਨ ਇਹ ਹੈ ਕਿ ਇੰਨੇ ਸਾਲਾਂ ਵਿੱਚ ਡੈਮ ਨੂੰ ਬਹੁਤ ਜ਼ਿਆਦਾ ਡੀ-ਸਟ੍ਰੈੱਸ (ਪਾਣੀ ਦਾ ਪੱਧਰ ਘਟਾਇਆ ਜਾਣਾ) ਨਹੀਂ ਕੀਤਾ ਗਿਆ। ਡਿਫਲੈਕਸ਼ਨ ਫਿਲਹਾਲ ਗੰਭੀਰ ਚਿੰਤਾ ਦਾ ਵਿਸ਼ਾ ਨਹੀਂ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਬਾਰੇ ਕੁਝ ਕੀਤਾ ਨਾ ਜਾਵੇ।”

ਭਾਖੜਾ ਡੈਮ ਬਾਰੇ ਇਹ ਚਰਚਾ ਕਦੋਂ ਸ਼ੁਰੂ ਹੋਈ?

ਨੇਪਾਲ ਹੜ੍ਹ

ਤਸਵੀਰ ਸਰੋਤ, AFP via Getty Images

ਡਿਫਲੈਕਸ਼ਨ ਬਾਰੇ ਮੰਤਰੀ ਵੱਲੋਂ ਅੱਗੇ ਕਿਹਾ ਗਿਆ ਕਿ 10 ਮਾਰਚ 2026 ਨੂੰ ਡੈਮ ਦੀ ਡਿਫਲੈਕਸ਼ਨ ਕਰੀਬ 0.9623 ਇੰਚ ਹੈ। ਇਸ ਜਵਾਬ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਹ ਡਿਫਲੈਕਸ਼ਨ ਮਨਜ਼ੂਰਸ਼ੁਦਾ ਹੱਦਾਂ ਵਿੱਚ ਹੀ ਹੈ।

ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਮੰਤਰੀ ਨੇ ਅੱਗੇ ਦੱਸਿਆ ਸੀ ਕਿ ਬੀਬੀਐੱਮਬੀ ਨੇ ਇੰਟਰਨੈਸ਼ਨਲ ਸੈਂਟਰ ਫਾਰ ਐਕਸੇਲੈਂਸ ਇੰਨ ਡੈਮਜ਼ (ਆਈਸੀਈਡੀ) ਆਈਆਈਟੀ ਰੁੜਕੀ ਨਾਲ ਇਸ ਬਾਰੇ ਐੱਮਓਯੂ ਸਾਈਨ ਕੀਤਾ ਹੈ।

ਸਿਲਟਿੰਗ ਅਤੇ ਪਾਣੀ ਦੀ ਮਾਤਰਾ ਨੂੰ ਲੈ ਕੇ ਕੀ ਚਰਚਾ

ਭਾਖੜਾ ਡੈਮ

ਤਸਵੀਰ ਸਰੋਤ, Getty Images

ਭਾਖੜਾ ਡੈਮ ਵਿੱਚ ਸਿਲਟ ਦੇ ਜਮ੍ਹਾਂ ਹੋਣ ਬਾਰੇ ਵੀ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਲੋਕਾਂ ਵੱਲੋਂ ਬਿਆਨ ਦਿੱਤੇ ਜਾਂਦੇ ਹਨ। ਇਸ ਬਾਰੇ ਅਨੁਰਾਗ ਠਾਕੁਰ ਵੱਲੋਂ ਵੀ ਸੰਸਦ ਵਿੱਚ ਸਵਾਲ ਚੁੱਕਿਆ ਗਿਆ ਸੀ।

ਅਨੁਰਾਗ ਠਾਕੁਰ ਵੱਲੋਂ ਆਪਣੇ ਸਵਾਲ ਵਿੱਚ ਪੁੱਛਿਆ ਗਿਆ ਸੀ ਕਿ ਕੀ ਬੀਬੀਐੱਮਬੀ ਪਾਣੀ ਦੀ ਮਾਤਰਾ ਨੂੰ ਘਟਾਉਣ ਬਾਰੇ ਯੋਜਨਾ ਬਣਾ ਰਿਹਾ ਹੈ? ਅਤੇ ਕੀ ਇਸ ਦੌਰਾਨ ਡਿਸਿਲਟਿੰਗ ਦਾ ਕੰਮ ਹੋਵੇਗਾ?

ਇਸ ਦੇ ਜਵਾਬ ਵਿੱਚ ਕੇਂਦਰੀ ਰਾਜ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਇਸ ਬਾਰੇ ਭਾਈਵਾਲ ਸੂਬਿਆਂ ਵਿੱਚ ਸਾਂਝੀ ਰਾਇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਗਾਮੀ ਮਾਨਸੂਨ ਤੋਂ ਪਹਿਲਾਂ ਤੱਕ ਭਾਖੜਾ ਰਿਜ਼ਿਰਵਾਇਰ ਵਿੱਚ ਪਾਣੀ ਦਾ ਲੈਵਲ 1462 ਫੁੱਟ ਤੱਕ ਲਿਆਂਦਾ ਜਾਵੇ।

ਇਸ ਜਵਾਬ ਵਿੱਚ ਇਹ ਵੀ ਕਿਹਾ ਗਿਆ ਸੀ ਪਾਣੀ ਦੇ ਲੈਵਲ ਨੂੰ ਘਟਾਉਣ ਵੇਲੇ ਡਿਸਿਲਟਿੰਗ ਦਾ ਕੰਮ ਕੀਤਾ ਜਾਵੇਗਾ।

ਬੀਬੀਐੱਮਬੀ ਦੀ ਵੈੱਬਸਾਈਟ ਉੱਤੇ ਮੌਜੂਦ ਜਾਣਕਾਰੀ ਮੁਤਾਬਕ, ਭਾਖੜਾ ਜਲ ਭੰਡਾਰਾਂ ਦੀ ਕੁੱਲ ਸਮਰੱਥਾ ਵਿੱਚੋਂ ਲਗਭਗ 26% ਸਮਰੱਥਾ ਸਿਲਟ ਜਮ੍ਹਾਂ ਹੋਣ ਕਾਰਨ ਘਟ ਚੁੱਕੀ ਹੈ।

ਬੀਬੀਐੱਮਬੀ ਵੱਲੋਂ ਸਿਲਟਿੰਗ ਦੀ ਸਮੱਸਿਆ ਨਾਲ ਨਜਿੱਠਣ ਲਈ ਨਵੇਂ ਤਰੀਕਿਆਂ ਨਾਲ ਸਿਲਟ ਦੀ ਮਾਤਰਾ ਮਾਪਣ, ਸਿਲਟ ਦੀ ਆਮਦ ਘਟਾਉਣ ਅਤੇ ਜਲ ਭੰਡਾਰਾਂ ਵਿੱਚੋਂ ਸਿਲਟ ਕੱਢਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਵੈੱਬਸਾਈਟ ਉੱਤੇ ਲਿਖਿਆ ਗਿਆ ਹੈ ਕਿ 2025-26 ਵਿੱਚ ਪਹਿਲੀ ਵਾਰ ਪੂਰੇ ਜਲ ਭੰਡਾਰ ਵਿੱਚ ਈਕੋ ਸਾਊਂਡਰ ਅਤੇ ਜੀਪੀਐੱਸ ਦੀ ਮਦਦ ਨਾਲ ਸਿਲਟ ਦੀ ਮਾਤਰਾ ਮਾਪੀ ਗਈ। ਇਸ ਤੋਂ ਇਲਾਵਾ, ਮਾਨਸੂਨ ਤੋਂ ਪਹਿਲਾਂ ਪਾਣੀ ਦਾ ਪੱਧਰ ਘਟਾ ਕੇ ਸਿਲਟ ਨੂੰ ਹੇਠਲੇ ਆਊਟਲੈਟ ਰਾਹੀਂ ਬਾਹਰ ਕੱਢਣ ਅਤੇ ਡ੍ਰੈਜਿੰਗ (ਗਾਦ ਕੱਢਣਾ) ਰਾਹੀਂ ਸਿਲਟ ਹਟਾਉਣ ਦੀ ਯੋਜਨਾ ਹੈ।

ਬੀਬੀਐੱਮਬੀ ਵੱਲੋਂ ਕਮਿਸ਼ਨ ਕੀਤੀ ਆਈਆਈਟੀ ਰੋਪੜ ਦੀ ਹਾਲ ਹੀ ਵਿੱਚ ਕੀਤੀ ਗਈ ਸਟੱਡੀ ਵਿੱਚ ਇਸ ਵਿੱਚ ਜਮ੍ਹਾ ਸਿਲਟ ਬਾਰੇ ਨਵੇਂ ਅੰਦਾਜ਼ੇ ਸਾਹਮਣੇ ਆਏ।

ਆਈਆਈਟੀ ਰੋਪੜ ਦੇ ਸਿਵਲ ਇੰਜੀਨਿਅਰਿੰਗ ਡਿਪਾਰਟਮੈਂਟ ਦੇ ਮੁਖੀ ਡਾ. ਰੀਤ ਕਮਲ ਤਿਵਾਰੀ ਨੇ ਦੱਸਿਆ, “ਸਾਡੀ ਗਣਨਾ ਮੁਤਾਬਕ ਭਾਖੜਾ ਵਿੱਚ ਜਮ੍ਹਾਂ ਹੋਈ ਸਿਲਟ ਦੀ ਮਾਤਰਾ ਬੀਬੀਐੱਮਬੀ ਦੀ ਗਣਨਾ ਨਾਲੋਂ ਲਗਭਗ 7 ਤੋਂ 8 ਫ਼ੀਸਦੀ ਘੱਟ ਹੈ। ਅਸੀਂ ਛੋਟੀ ਕਿਸ਼ਤੀ ਅਤੇ ਡਰੋਨ ਦੀ ਵਰਤੋਂ ਕਰਕੇ ਪੂਰੇ ਰਿਜ਼ਰਵਾਇਰ ਨੂੰ ਕਵਰ ਕੀਤਾ, ਜਿਸ ਨਾਲ ਉਹ ਖੇਤਰ ਵੀ ਸਰਵੇ ਹੋ ਸਕੇ ਜਿੱਥੇ ਵੱਡੀ ਕਿਸ਼ਤੀ ਨਹੀਂ ਜਾ ਸਕਦੀ ਸੀ।”

ਉਨ੍ਹਾਂ ਨੇ ਅੱਗੇ ਦੱਸਿਆ, “ਅਸੀਂ ਬੀਬੀਐੱਮਬੀ ਨਾਲ ਮਿਲ ਕੇ ਕਈ ਥਾਵਾਂ ‘ਤੇ ਆਪਣੇ ਨਤੀਜਿਆਂ ਦੀ ਪੁਸ਼ਟੀ ਵੀ ਕੀਤੀ। ਜਿੱਥੇ ਸੰਭਵ ਸੀ, ਉੱਥੇ ਡਾਈਵਰ ਰਾਹੀਂ ਡੂੰਘਾਈ ਦੀ ਜਾਂਚ ਕੀਤੀ ਗਈ ਅਤੇ ਸਾਡੇ ਤੇ ਬੀਬੀਐੱਮਬੀ ਦੇ ਦੋਵਾਂ ਯੰਤਰਾਂ ਨਾਲ ਨਤੀਜੇ ਵੈਲੀਡੇਟ ਕੀਤੇ ਗਏ। ਇਸ ਲਈ ਸਾਨੂੰ ਆਪਣੇ ਨਤੀਜਿਆਂ ‘ਤੇ ਪੂਰਾ ਭਰੋਸਾ ਹੈ।”

“ਇਸ ਦਾ ਮਤਲਬ ਹੈ ਕਿ ਭਾਖੜਾ ਰਿਜ਼ਰਵਾਇਰ ਵਿੱਚ ਪਹਿਲਾਂ ਸੋਚੇ ਗਏ ਨਾਲੋਂ ਜ਼ਿਆਦਾ ਪਾਣੀ ਸਟੋਰ ਕਰਨ ਦੀ ਸਮਰੱਥਾ ਮੌਜੂਦ ਹੈ। ਇਸ ਨਾਲ ਕਿਸਾਨਾਂ ਨੂੰ ਵੱਧ ਪਾਣੀ ਮੁਹੱਈਆ ਕਰਵਾਉਣ ਅਤੇ ਹੜ੍ਹਾਂ ਦੌਰਾਨ ਵੱਧ ਪਾਣੀ ਸੰਭਾਲਣ ਵਿੱਚ ਮਦਦ ਮਿਲ ਸਕਦੀ ਹੈ।”

ਦੇਵੇਂਦਰ ਕੁਮਾਰ ਸ਼ਰਮਾ
ਬੀਬੀਐੱਮਬੀ ਦੇ ਸਾਬਕਾ ਚੇਅਰਮੈਨ ਅਤੇ 'ਇੰਟਰਨੈਸ਼ਨਲ ਕਮਿਸ਼ਨ ਆਨ ਲਾਰਜ ਡੈਮਸ' ਦੇ ਪ੍ਰਧਾਨ

ਡੈਮ ਵਿੱਚ ਸਿਲਟ ਦੀ ਦਿੱਕਤ ਬਾਰੇ ਤ੍ਰਿਲੋਚਨ ਸਿੰਘ ਦੱਸਦੇ ਹਨ ਕਿ ਬੀਤੇ ਸਾਲਾਂ ਵਿੱਚ ਵੱਖ-ਵੱਖ ਕਾਰਨਾਂ ਜਿਵੇਂ ਵੱਧ ਬਿਜਲੀ ਬਣਾਉਣ ਦੀ ਲੋੜ ਕਰਕੇ, ਡੈਮ ਵਿੱਚ ਪਾਣੀ ਹੇਠਾਂ ਨਹੀਂ ਲਿਆਂਦਾ ਜਾਂਦਾ।

ਉਹ ਕਹਿੰਦੇ ਹਨ, “ਸਿਲਟ ਘਟਾਉਣ ਲਈ ਰਿਜ਼ਰਵਾਇਰ ਵਿੱਚ ਮਿਲ ਰਹੀਆਂ ਖੱਡਾਂ ਉੱਪਰ ਚੈੱਕ ਡੈਮ ਲਗਾਉਣ ਅਤੇ ਹਿਮਾਚਲ ਨਾਲ ਰਲ ਕੇ ਬੂਟੇ ਲਾਉਣ ਦਾ ਕੰਮ ਕੀਤਾ ਜਾਵੇ ਤਾਂ ਜੋ ਸਿਲਟ ਦੀ ਆਮਦ ਨੂੰ ਘਟਾਇਆ ਜਾ ਸਕੇ।”

ਉਹ ਕਹਿੰਦੇ ਹਨ, “ਵੱਡੀਆਂ ਰਿਜ਼ਰਵਾਈਰਸ ਵਿੱਚ ਡਿਸਿਲਟਿੰਗ ਨਹੀਂ ਹੁੰਦੀ, ਇਸ ਦਾ ਹੱਲ ਇਹੀ ਹੈ ਕਿ ਰਿਜ਼ਰਵਾਇਰ ਦਾ ਵਾਟਰ ਲੈਵਲ ਹਰ ਸਾਲ ਕਰੀਬ 1470 ਉੱਤੇ ਲਿਆਂਦਾ ਜਾਵੇ ਤਾਂ ਜੋ ਸਿਲਟ ਨੂੰ ਪਾਣੀ ਛੱਡਣ ਵੇਲੇ ‘ਚਰਨਿੰਗ (ਰਿੜਕਨਾ) ਇਫੈਕਟ’ ਨਾਲ ਹੇਠਲੇ ਲੈਵਲ ਵਾਲੇ ਆਉਟਲੈਟਸ ਰਾਹੀਂ ਕੱਢਿਆ ਜਾ ਸਕੇ। ਜਿੰਨਾ ਰਿਜ਼ਰਵਾਇਰ ਨੂੰ ਥੱਲੇ ਲਿਆਂਦਾ ਜਾਵੇਗਾ, ਉੱਨੀ ਹੀ ਡਿਫਲੈਕਸ਼ਨ ਵੀ ਘਟੇਗੀ ਅਤੇ ਡੈਮ ਸੇਫ਼ ਰਹੇਗਾ।”

ਤ੍ਰਿਲੋਚਨ ਸਿੰਘ ਵੱਲੋਂ ਆਪਣੇ ਕਾਰਜਕਾਲ ਦੌਰਾਨ ਭਾਖੜਾ ਡੈਮ ਦਾ ਐਮਰਜੈਂਸੀ ਐਕਸ਼ਨ ਪਲਾਨ ਵੀ ਬਣਾਇਆ ਗਿਆ ਸੀ।

ਦੇਵੇਂਦਰ ਕੁਮਾਰ ਸ਼ਰਮਾ ‘ਇੰਟਰਨੈਸ਼ਨਲ ਕਮਿਸ਼ਨ ਆਨ ਲਾਰਜ ਡੈਮਸ’ ਦੇ ਪ੍ਰਧਾਨ ਵੀ ਹਨ।

ਉਹ ਕਹਿੰਦੇ ਹਨ ਕਿ ਡੈਮ ਨੂੰ ਜਦੋਂ ਡਿਜ਼ਾਈਨ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਨਿਸ਼ਚਿਤ ਉਚਾਈ ਤੱਕ ਸਿਲਟ ਲੋਡ ਲਿਆ ਜਾਂਦਾ ਹੈ, ਸਿਲਟ ਦੀ ਦਿੱਕਤ ਦੇ ਹੱਲ ਲਈ ਹਿਮਾਚਲ ਪ੍ਰਦੇਸ਼ ਨਾਲ ਰਲਕੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਉਹ ਕਹਿੰਦੇ ਹਨ ਕਿ ਪੰਜਾਬ ਦੀ ਆਰਥਿਕਤਾ, ਖੇਤੀਬਾੜੀ ਅਤੇ ਹੜ੍ਹਾਂ ਨੂੰ ਕੰਟਰੋਲ ਕਰਨ ਵਿੱਚ ਭਾਖ਼ੜਾ ਡੈਮ ਦੀ ਅਹਿਮ ਭੂਮਿਕਾ ਹੈ ਅਤੇ ਇਸ ਬਾਰੇ ਬਿਨਾਂ ਜਾਣਕਾਰੀ ਤੋਂ ਸੂਚਨਾਵਾਂ ਫੈਲਾਉਣ ਤੋਂ ਬਚਣਾ ਚਾਹੀਦਾ ਹੈ।

ਭਾਖੜਾ ਡੈਮ ਅਤੇ ਇਸ ਦਾ ਪ੍ਰਬੰਧ

ਭਾਖੜਾ ਡੈਮ ਦੇ ਉਦਘਾਟਨ ਮੌਕੇ ਭਾਸ਼ਣ ਦਿੰਦੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ

ਤਸਵੀਰ ਸਰੋਤ, Getty Images

ਭਾਖੜਾ ਡੈਮ ਇੱਕ ਸਟ੍ਰੇਟ ਕੰਕਰੀਟ ਗ੍ਰੈਵਿਟੀ ਡੈਮ ਹੈ। ਇਸ ਦੀ ਉਚਾਈ ਸਭ ਤੋਂ ਡੂੰਘੀ ਨੀਂਹ ਤੋਂ ਉੱਪਰਲੇ ਹਿੱਸੇ ਤੱਕ ਲਗਭਗ 226 ਮੀਟਰ (741 ਫੁੱਟ) ਅਤੇ ਲੰਬਾਈ ਲਗਭਗ 520 ਮੀਟਰ (1,700 ਫੁੱਟ) ਹੈ।

ਡੈਮ ਦੇ ਪਿੱਛੇ ਬਣੇ ਜਲ ਭੰਡਾਰ ਨੂੰ ਗੋਬਿੰਦ ਸਾਗਰ ਕਿਹਾ ਜਾਂਦਾ ਹੈ, ਜੋ ਭਾਰਤ ਦੇ ਵੱਡੇ ਜਲ ਭੰਡਾਰਾਂ ਵਿੱਚੋਂ ਇੱਕ ਹੈ। ਭਾਖੜਾ ਡੈਮ ਦੀ ਉਸਾਰੀ ਦਾ ਕੰਮ 1948 ਵਿੱਚ ਸ਼ੁਰੂ ਹੋਇਆ ਸੀ।

ਇਸ ਦਾ ਮੁੱਖ ਮਕਸਦ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣਾ, ਬਿਜਲੀ ਪੈਦਾ ਕਰਨਾ ਅਤੇ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਕਰਨਾ ਹੈ।

ਇਸ ਦਾ ਪ੍ਰਬੰਧ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕੀਤਾ ਜਾਂਦਾ ਹੈ।

ਭਾਖੜਾ ਡੈਮ ਨੂੰ 22 ਅਕਤੂਬਰ, 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਦੇਸ਼ ਨੂੰ ਸਮਰਪਿਤ ਕੀਤਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI