Home rss national punjabi2ਰਾਸ਼ਟਰੀ ਖ਼ਬਰਾਂ ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ, ਰਾਜਾ ਵੜਿੰਗ ਪਰਗਟ ਨੂੰ ਪ੍ਰਧਾਨ...

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ, ਰਾਜਾ ਵੜਿੰਗ ਪਰਗਟ ਨੂੰ ਪ੍ਰਧਾਨ ਬਣਾਏ ਜਾਣ ਉੱਤੇ ਕੀ ਬੋਲੇ

6
0

Source :- BBC PUNJABI

ਰਾਜਾ ਵੜਿੰਗ ਅਤੇ ਪਰਗਟ ਸਿੰਘ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 4 ਮਿੰਟ

ਕਾਂਗਰਸ ਹਾਈਕਮਾਨ ਵੱਲੋਂ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਮੀਤ ਪ੍ਰਧਾਨ ਅਤੇ ਚੋਣਾਂ ਨਾਲ ਸਬੰਧਤ ਗਠਿਤ ਕਮੇਟੀਆਂ ਦੇ ਚੇਅਰਪਰਸਨ ਅਤੇ ਸਹਿ-ਚੇਅਰਪਰਸਨ ਦੇ ਅਹੁਦਿਆਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਾਜਾ ਵੜਿੰਗ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਗਿਆ ਸੀ।

ਭੂਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਇੰਚਾਰਜ ਲਗਾਏ ਜਾਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਪ੍ਰਧਾਨ ਅਹੁਦੇ ‘ਤੇ ਵੀ ਬਦਲਾਅ ਹੋ ਸਕਦਾ ਹੈ। ਵੜਿੰਗ ਦੇ ਅਸਤੀਫ਼ੇ ਤੋਂ ਬਾਅਦ, ਹੁਣ ਚੋਣਾਂ ਤੋਂ ਪਹਿਲਾਂ ਪਰਗਟ ਸਿੰਘ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਰਾਜਾ ਵੜਿੰਗ ਨੇ ਪਰਗਟ ਸਿੰਘ ਨੂੰ ਦਿੱਤੀ ਵਧਾਈ

ਰਾਜਾ ਵੜਿੰਗ ਅਤੇ ਪਰਗਟ ਸਿੰਘ

ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉੱਤੇ ਪਰਗਟ ਸਿੰਘ ਨਾਲ ਤਸਵੀਰ ਸਾਂਝੀ ਕਰਦਿਆਂ ਰਾਜਾ ਵੜਿੰਗ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਬਣਨ ਉੱਤੇ ਵਧਾਈ ਦਿੱਤੀ ਗਈ ਹੈ।

ਪ੍ਰਧਾਨ ਬਦਲਣ ਦੀ ਨੌਬਤ ਕਿਉਂ ਆਈ ?

ਕਰੀਬ ਚਾਰ ਮਹੀਨੇ ਪਹਿਲਾਂ ਕਾਂਗਰਸ ਹਾਈਕਮਾਨ ਵੱਲੋਂ ਜਦੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਉਸ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਿਆ ਸੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।

ਸੂਚੀ ਜਾਰੀ ਹੋਣ ਦੇ 2 ਦਿਨ ਬਾਅਦ ਹੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ਵਿਖੇ ਕਾਂਗਰਸ ਆਗੂਆਂ ਦੀ ਇੱਕ ਬੈਠਕ ਹੋਈ। ਇਸ ਬੈਠਕ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ ਗਈ।

ਉਦੋਂ ਤੋਂ ਹੀ ਕਈ ਪ੍ਰੋਗਰਾਮਾਂ ਵਿੱਚ ਪਾਰਟੀ ‘ਚ ਧੜੇਬੰਦੀ ਸਾਹਮਣੇ ਆਉਂਦੀ ਰਹੀ ਹੈ। ਹਾਲਾਂਕਿ ਪਾਰਟੀ ਵਿੱਚ ਬਗਾਵਤ ਅਤੇ ਵਿਰੋਧੀ ਸੁਰਾਂ ਪਹਿਲਾਂ ਵੀ ਉੱਠਦੀਆਂ ਰਹੀਆਂ ਹਨ।

ਇਸ ਸਭ ਵਿਚਾਲੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਵੀ ਹਟਾਇਆ ਗਿਆ ਅਤੇ ਸਚਿਨ ਪਾਇਲਟ ਨੂੰ ਨਵਾਂ ਇੰਚਾਰਜ ਲਗਾਇਆ ਗਿਆ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਪ੍ਰਧਾਨ ਅਹੁਦੇ ਉੱਤੇ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।

ਪਰਗਟ ਸਿੰਘ ਦਾ ਖੇਡ ਜਗਤ ਤੋਂ ਸਿਆਸਤ ਤੱਕ ਦਾ ਸਫ਼ਰ

ਪਰਗਟ ਸਿੰਘ

ਪਰਗਟ ਸਿੰਘ ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਭਾਰਤੀ ਹਾਕੀ ਦੇ ਇੱਕ ਪ੍ਰਸਿੱਧ ਖਿਡਾਰੀ ਅਤੇ ਭਾਰਤੀ ਕਪਤਾਨ ਵਜੋਂ ਆਪਣੀ ਪਛਾਣ ਬਣਾ ਚੁੱਕੇ ਸਨ।

ਜਲੰਧਰ ਨਾਲ ਸਬੰਧਤ ਪਰਗਟ ਸਿੰਘ ਨੇ ਹਾਕੀ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਓਲੰਪਿਕ ਪੱਧਰ ‘ਤੇ ਕਪਤਾਨ ਵਜੋਂ ਦੇਸ਼ ਦੀ ਅਗਵਾਈ ਵੀ ਕੀਤੀ।

ਰੱਖਿਆਤਮਕ ਖੇਡ, ਲੀਡਰਸ਼ਿਪ ਅਤੇ ਪੈਨਲਟੀ ਕਾਰਨਰਾਂ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਉਹ ਜਾਣੇ ਜਾਂਦੇ ਰਹੇ।

ਖੇਡਾਂ ਤੋਂ ਸਿਆਸਤ ਵੱਲ ਆਉਂਦਿਆਂ ਪਰਗਟ ਸਿੰਘ ਨੇ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।

ਬਾਅਦ ਵਿੱਚ ਉਨ੍ਹਾਂ ਨੇ ਅਕਾਲੀ ਦਲ ਤੋਂ ਦੂਰੀ ਬਣਾਈ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋ ਗਏ।

ਕਾਂਗਰਸ ਦੀ ਟਿਕਟ ‘ਤੇ ਉਨ੍ਹਾਂ ਨੇ ਜਲੰਧਰ ਕੈਂਟ ਤੋਂ ਮੁੜ ਚੋਣ ਜਿੱਤੀ। ਇਸ ਦੌਰਾਨ ਉਹ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਅਜਿਹੇ ਚਿਹਰੇ ਵਜੋਂ ਸਾਹਮਣੇ ਆਏ ਜਿਸ ਦੀ ਪਛਾਣ ਰਵਾਇਤੀ ਸਿਆਸੀ ਪਰਿਵਾਰ ਦੀ ਬਜਾਏ ਖੇਡਾਂ ਨਾਲ ਜੁੜੇ ਪਿਛੋਕੜ ਕਾਰਨ ਬਣੀ ਸੀ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਪਰਗਟ ਸਿੰਘ ਨੂੰ ਸਿੱਖਿਆ ਅਤੇ ਖੇਡਾਂ ਨਾਲ ਜੁੜੇ ਮੰਤਰਾਲਿਆਂ ਦੀ ਜ਼ਿੰਮੇਵਾਰੀ ਮਿਲੀ।

ਉਨ੍ਹਾਂ ਦੇ ਕਾਰਜਕਾਲ ਦੌਰਾਨ ਸਕੂਲੀ ਸਿੱਖਿਆ, ਉੱਚ ਸਿੱਖਿਆ ਅਤੇ ਖੇਡ ਢਾਂਚੇ ਨਾਲ ਸਬੰਧਤ ਮੁੱਦੇ ਉਨ੍ਹਾਂ ਦੇ ਸਿਆਸੀ ਕੰਮ ਦਾ ਹਿੱਸਾ ਰਹੇ। ਖੇਡ ਪਿਛੋਕੜ ਕਾਰਨ ਪੰਜਾਬ ਵਿੱਚ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਅਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਉਨ੍ਹਾਂ ਦੀ ਸਿਆਸਤ ਵਿੱਚ ਮਹੱਤਵਪੂਰਨ ਰਹੀ।

ਪਰਗਟ ਸਿੰਘ ਦੀ ਸ਼ਖਸੀਅਤ ਦਾ ਇੱਕ ਹੋਰ ਮਹੱਤਵਪੂਰਨ ਪੱਖ ਰਿਹਾ ਕਿ ਉਹ ਆਪਣੀ ਪਾਰਟੀ ਦੀ ਸਰਕਾਰ ਦੇ ਫ਼ੈਸਲਿਆਂ ਬਾਰੇ ਵੀ ਖੁੱਲ੍ਹ ਕੇ ਆਪਣੀ ਰਾਇ ਰੱਖਦੇ ਰਹੇ।

2021 ਵਿੱਚ ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦੌਰਾਨ ਉਨ੍ਹਾਂ ਦੀ ਸਰਗਰਮੀ ਖਾਸ ਤੌਰ ‘ਤੇ ਚਰਚਾ ਵਿੱਚ ਰਹੀ। ਉਹ ਨਵਜੋਤ ਸਿੰਘ ਸਿੱਧੂ ਦੇ ਨੇੜੇ ਮੰਨੇ ਜਾਂਦੇ ਸਨ ਅਤੇ ਉਸ ਸਮੇਂ ਸਰਕਾਰ ਅਤੇ ਪਾਰਟੀ ਦੇ ਕੰਮਕਾਜ ਨਾਲ ਜੁੜੇ ਕਈ ਮੁੱਦਿਆਂ ‘ਤੇ ਸਵਾਲ ਉਠਾਉਂਦੇ ਰਹੇ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਰਗਟ ਸਿੰਘ ਨੇ ਜਲੰਧਰ ਕੈਂਟ ਤੋਂ ਕਾਂਗਰਸ ਦੀ ਟਿਕਟ ‘ਤੇ ਮੁੜ ਚੋਣ ਲੜੀ ਅਤੇ ਜਿੱਤ ਦਰਜ ਕੀਤੀ। ਇਸ ਨਾਲ ਉਹ ਇਸ ਹਲਕੇ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI