Source :- BBC PUNJABI

54 ਮਿੰਟ ਪਹਿਲਾਂ
ਭਾਰਤ ਘੁੰਮਣ ਆਏ ਪਾਕਿਸਤਾਨੀ ਨਾਗਰਿਕਾਂ ਨੂੰ ਆਪਣੀਆਂ ਤੈਅ ਯੋਜਨਾਵਾਂ ਨੂੰ ਰੱਦ ਕਰਕੇ ਵਾਪਸ ਪਰਤਨਾ ਪੈ ਰਿਹਾ ਹੈ।
ਕਰਾਚੀ ਦੇ ਵਸਨੀਕ ਸ਼ੇਖ ਫ਼ਜ਼ਲ ਅਹਿਮਦ ਕੋਲ 45 ਦਿਨਾਂ ਦਾ ਵੀਜ਼ਾ ਸੀ ਅਤੇ ਉਹ ਕਰੀਬ ਦੋ ਹਫ਼ਤੇ ਪਹਿਲਾਂ ਹੀ ਦਿੱਲੀ ਪਹੁੰਚੇ ਸਨ।
ਵੀਰਵਾਰ ਤੜਕੇ ਅਹਿਮਦ ਆਪਣੇ ਪਰਿਵਾਰ ਨਾਲ ਅਟਾਰੀ ਬਾਰਡਰ ਪਾਰ ਕਰ ਪਾਕਿਸਤਾਨ ਪਰਤ ਗਏ ਹਨ।
ਭਾਰਤ ਸਰਕਾਰ ਵੱਲੋਂ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੀ ਅਟਾਰੀ-ਵਾਘਾ ਪੋਸਟ ਨੂੰ ਵੀ ਬੰਦ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਇਸ ਕਰਕੇ ਪਾਕਿਸਤਾਨੀ ਯਾਤਰੀ ਹੁਣ ਵਾਪਸ ਪਰਤ ਰਹੇ ਹਨ।
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੇ ਅਟਾਰੀ ਬਾਰਡਰ ਉੱਤੇ ਕਈ ਯਾਤਰੀਆਂ ਨਾਲ ਗੱਲ ਕੀਤੀ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਾਲੇ ਭਾਰਤ ਵਿੱਚ ਰੁਕਣਾ ਸੀ ਪਰ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਨੇ ਆਪਣੀਆਂ ਯੋਜਨਾਵਾਂ ਬਦਲੀਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਪਾਕਿਸਤਾਨ ਦੇ ਨਾਗਰਿਕਾਂ ਨੂੰ 48 ਘੰਟਿਆਂ ਵਿੱਚ ਭਾਰਤ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ।

- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹਥਿਆਰਬੰਦ ਲੋਕਾਂ ਨੇ ਸੈਲਾਨੀਆਂ ‘ਤੇ ਹਮਲਾ ਕੀਤਾ।
- ਇਸ ਹਮਲੇ ਦੌਰਾਨ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਏ ਹਨ।
- ਪ੍ਰਧਾਨ ਮੰਤਰੀ ਮੋਦੀ ਦੇ ਹਮਲੇ ਦੀ ਕਰੜੀ ਨਿੰਦਾ ਕੀਤੀ ਤੇ ਕਿਹਾ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
- ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ‘ਤੇ ਕਈ ਪਾਬੰਦੀਆਂ ਲਗਾਈਆਂ ਹਨ।
- ਭਾਰਤ ਨੇ ਸਿੰਧੂ ਜਲ ਸਮਝੌਤਾ ਰੋਕਣ ਅਤੇ ਅਟਾਰੀ ਪੋਸਟ ਬੰਦ ਕਰਨ ਦਾ ਐਲਾਨ ਕੀਤਾ ਹੈ।
- ਭਾਰਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਲਈ ਸਾਰਕ ਵੀਜ਼ਾ ਸਹੂਲਤ ਵੀ ਬੰਦ ਕਰ ਦਿੱਤੀ ਗਈ ਹੈ।
- ਪਾਕਿਸਤਾਨ ਨੂੰ ਭਾਰਤ ‘ਚ ਕੰਮ ਕਰ ਰਹੇ ਆਪਣੇ ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਗਿਆ ਹੈ।
- ਪਾਕਿਸਤਾਨ ਨੇ ਭਾਰਤ ਦੀਆਂ ਪਾਬੰਦੀਆਂ ਦਾ ਜਵਾਬ ਦੇਣ ਦੀ ਗੱਲ ਕਹੀ ਹੈ।
- ਪਾਕਿਸਤਾਨ ਨੇ ਕਿਹਾ ਕਿ ਸਿੰਧੂ ਜਲ ਸਮਝੌਤੇ ਦੇ ਮਾਮਲੇ ‘ਚ ਭਾਰਤ ਇੱਕ ਪਾਸੜ ਫੈਸਲਾ ਨਹੀਂ ਲੈ ਸਕਦਾ।

ਵਾਪਸ ਜਾ ਰਹੇ ਯਾਤਰੀਆਂ ਨੇ ਕੀ ਦੱਸਿਆ

ਮੁਸਤਫ਼ਾ ਮਨਸੂਰ ਆਪਣੇ 6 ਸਾਥੀਆਂ ਨਾਲ ਭਾਰਤ ਆਏ ਸਨ। ਉਨ੍ਹਾਂ ਕੋਲ 90 ਦਿਨਾਂ ਦਾ ਵੀਜ਼ਾ ਸੀ ਪਰ ਉਹ ਮਹਿਜ਼ ਇੱਕ ਹਫ਼ਤੇ ਬਾਅਦ ਹੀ ਪਾਕਿਸਤਾਨ ਵਾਪਸ ਜਾ ਰਹੇ ਹਨ।
ਮੁਸਤਫ਼ਾ ਨੇ ਕਿਹਾ, “ਜੋ ਵੀ ਹੋਇਆ ਗ਼ਲਤ ਹੋਇਆ। ਸਾਨੂੰ ਅਫ਼ਸੋਸ ਹੈ ਕਿ ਇਨ੍ਹਾਂ ਹਾਲਾਤਾਂ ਕਾਰਨ ਵਾਪਸ ਜਾਣਾ ਪੈ ਰਿਹਾ ਹੈ।”
ਸ਼ੇਖ਼ ਫ਼ਜ਼ਲ ਅਹਿਮਦ ਕਰਾਚੀ ਦੇ ਰਹਿਣ ਵਾਲੇ ਹਨ। ਉਹ ਆਪਣੇ ਪਰਿਵਾਰ ਨਾਲ ਕਰੀਬ ਦੋ ਹਫ਼ਤੇ ਪਹਿਲਾਂ ਭਾਰਤ ਆਏ ਸਨ।
ਹੁਣ ਉਹ ਵਾਹਗਾ-ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਜਾ ਰਹੇ ਹਨ। ਅਹਿਮਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ 45 ਦਿਨ ਭਾਰਤ ਵਿੱਚ ਰਹਿਣਾ ਸੀ। ਪਰ ਪੰਦਰਾਂ ਦਿਨਾਂ ਬਾਅਦ ਹੀ ਵਾਪਸ ਜਾ ਰਹੇ ਹਨ।
ਉਨ੍ਹਾਂ ਕਿਹਾ,”ਮੈਨੂੰ ਦੁੱਖ ਹੈ ਕਿ ਸਾਨੂੰ ਆਪਣਾ ਪਲਾਨ ਬਦਲਣਾ ਪਿਆ।”
ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ

ਪਾਕਿਸਤਾਨ ਨੂੰ ਭਾਰਤ ਵਿੱਚ ਕੰਮ ਕਰ ਰਹੇ ਆਪਣੇ ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਵੀ ਕਿਹਾ ਗਿਆ ਹੈ। ਦੂਤਾਵਾਸ ਵਿੱਚ ਮੁਲਾਜ਼ਮਾਂ ਦੀ ਗਿਣਤੀ 55 ਤੋਂ 30 ਕੀਤੀ ਗਈ।
ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਵਿੱਚ ਰੱਖਿਆ/ਫੌਜੀ, ਜਲ ਸੈਨਾ ਅਤੇ ਹਵਾਈ ਸਲਾਹਕਾਰਾਂ ਨੂੰ ਪਰਸੋਨਾ ਨਾਨ ਗ੍ਰਾਟਾ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇੱਕ ਹਫਤੇ ਵਿੱਚ ਭਾਰਤ ਛੱਡਣ ਪਵੇਗਾ।
ਭਾਰਤ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਆਪਣੇ ਰੱਖਿਆ/ਜਲ ਸੈਨਾ/ਹਵਾਈ ਸਲਾਹਕਾਰਾਂ ਨੂੰ ਵਾਪਸ ਬੁਲਾ ਲਵੇਗਾ। ਸਬੰਧਤ ਹਾਈ ਕਮਿਸ਼ਨਾਂ ਵਿੱਚ ਇਨ੍ਹਾਂ ਅਹੁਦਿਆਂ ਨੂੰ ਰੱਦ ਮੰਨਿਆ ਜਾਂਦਾ ਹੈ।
ਦੋਵਾਂ ਹਾਈ ਕਮਿਸ਼ਨਾਂ ਤੋਂ ਸੇਵਾ ਸਲਾਹਕਾਰਾਂ ਦੇ ਪੰਜ ਸਹਾਇਕ ਸਟਾਫ਼ ਨੂੰ ਵੀ ਵਾਪਸ ਲੈ ਲਿਆ ਜਾਵੇਗਾ।
ਵਿਕਰਮ ਮਿਸਰੀ ਨੇ ਕਿਹਾ ਕਿ ਸਾਰੇ ਫੌਜੀ ਬਲਾਂ ਨੂੰ ਅਲਰਟ ਉੱਤੇ ਰਹਿਣ ਲਈ ਕਿਹਾ ਹੈ।
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ 26 ਹੈ।
ਭਾਰਤ ਨੇ ਪਾਕਿਸਤਾਨ ‘ਤੇ ਲਗਾਈਆਂ ਪਾਬੰਦੀਆਂ

ਤਸਵੀਰ ਸਰੋਤ, ANI
ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਲਈ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ, ਬੀਤੀ ਰਾਤ ਪਾਕਿਸਤਾਨ ਖਿਲਾਫ਼ ਵੱਡੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ।
ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਸਿੰਧੂ ਜਲ ਸਮਝੌਤੇ ਨੂੰ ਰੋਕਿਆ ਗਿਆ ਹੈ।
ਇਸ ਦੇ ਨਾਲ ਹੀ ਭਾਰਤ-ਪਾਕਿਸਤਾਨ ਦੀ ਅਟਾਰੀ-ਵਾਘਾ ਪੋਸਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਦੇ ਨਾਗਰਿਕਾਂ ਨੂੰ ਜੋ ਸਾਰਕ ਤਹਿਤ ਵੀਜ਼ਾ ਦੀ ਸਹੂਲਤ ਦਿੱਤੀ ਗਈ ਸੀ ਉਹ ਵੀ ਬੰਦ ਕਰ ਦਿੱਤੀ ਗਈ ਹੈ।
ਪਾਕਿਸਤਾਨ ਦੇ ਨਾਗਰਿਕਾਂ ਨੂੰ 48 ਘੰਟਿਆਂ ਵਿੱਚ ਭਾਰਤ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਪਾਕਿਸਤਾਨ ਦੀ ਪ੍ਰਤੀਕਿਰਿਆ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਭਾਰਤ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਬੀਬੀਸੀ ਉਰਦੂ ਦੇ ਅਨੁਸਾਰ, ਇਸਹਾਕ ਡਾਰ ਨੇ ਪਾਕਿਸਤਾਨ ਦੇ ਇੱਕ ਨਿੱਜੀ ਚੈਨਲ ‘ਤੇ ਕਿਹਾ ਕਿ ‘ਭਾਰਤ ਵੱਲੋਂ ਕੀਤੇ ਗਏ ਐਲਾਨ ਬਚਕਾਨਾ ਹਨ ਅਤੇ ਗੰਭੀਰਤਾ ਦੀ ਘਾਟ ਨੂੰ ਦਰਸਾਉਂਦੇ ਹਨ।’
ਉਨ੍ਹਾਂ ਕਿ “ਭਾਰਤ ਹਰ ਘਟਨਾ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਪਹਿਲਾਂ ਵਾਂਗ, ਇਸ ਵਾਰ ਵੀ ਬਲੇਮ ਗੇਮ ਪਾਕਿਸਤਾਨ ਵੱਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।”
ਉਨ੍ਹਾਂ ਕਿਹਾ ਹੈ, “ਅਸੀਂ ਮੀਟਿੰਗ ਵਿੱਚ ਭਾਰਤ ਨੂੰ ਢੁਕਵਾਂ ਜਵਾਬ ਦੇਵਾਂਗੇ, ਅਤੇ ਇਹ ਜਵਾਬ ਘੱਟ ਨਹੀਂ ਹੋਵੇਗਾ।”
ਸਿੰਧੂ ਜਲ ਸਮਝੌਤੇ ਬਾਰੇ, ਇਸਹਾਕ ਡਾਰ ਨੇ ਕਿਹਾ ਕਿ ਸਾਨੂੰ ਇਸ ‘ਤੇ ਭਾਰਤ ਨਾਲ ਲੰਬੇ ਸਮੇਂ ਤੋਂ ਸਮੱਸਿਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਪਹਿਲਗਾਮ ਹਮਲੇ ਉੱਤੇ ਪਾਕਿਸਤਾਨ ਦੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪਾਕਿਸਤਾਨ ਦਾ ਇਸ ਹਮਲੇ ਨਾਲ ਕੋਈ ਸਬੰਧ ਨਹੀਂ ਹੈ, ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਕਿਸੇ ਵੀ ਭਾਰਤੀ ਹਮਲੇ ਦਾ ਢੁਕਵਾਂ ਜਵਾਬ ਦੇਣ ਦੀ 100 ਫੀਸਦੀ ਸਥਿਤੀ ਵਿੱਚ ਹੈ।
ਉਨ੍ਹਾਂ ਕਿਹਾ ਕਿ ਭਾਰਤ ਹਵਾਈ ਖੇਤਰ ਦੀ ਉਲੰਘਣਾ ਲਈ ਅਭਿਨੰਦਨ ਦੇ ਰੂਪ ਵਿੱਚ ਦਿੱਤੇ ਗਏ ਜਵਾਬ ਨੂੰ ਯਾਦ ਰੱਖੇਗਾ।
ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਅਨੁਸਾਰ, “ਬਲੋਚਿਸਤਾਨ ਵਿੱਚ ਭਾਰਤ ਦੀ ਸਰਪ੍ਰਸਤੀ ਹੇਠ ਅੱਤਵਾਦ ਪਣਪ ਰਿਹਾ ਹੈ। ਜਾਫਰ ਐਕਸਪ੍ਰੈਸ ਦੀ ਘਟਨਾ ਵਿੱਚ ਕੀ ਹੋਇਆ, ਹਰ ਕੋਈ ਜਾਣਦਾ ਹੈ। ਭਾਰਤ ਨੇ ਵੱਖਵਾਦੀਆਂ ਨੂੰ ਪਨਾਹ ਦਿੱਤੀ ਹੈ। ਬਲੋਚਿਸਤਾਨ ਦੇ ਵੱਖਵਾਦੀ ਇਲਾਜ ਲਈ ਭਾਰਤ ਜਾਂਦੇ ਹਨ। ਇਸ ਦੇ ਕਈ ਸਬੂਤ ਹਨ।”
ਖਵਾਜਾ ਆਸਿਫ਼ ਨੇ ਕਿਹਾ ਕਿ ਭਾਰਤ ਨੂੰ ਪਹਿਲਗਾਮ ਦੀ ਘਟਨਾ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ, “ਇਹ ਵੀ ਸੰਭਵ ਹੈ ਕਿ ਪਹਿਲਗਾਮ ਹਮਲਾ ਭਾਰਤ ਵੱਲੋਂ ਹੀ ਕੀਤਾ ਗਿਆ ਇੱਕ ‘ਝੂਠਾ ਅਭਿਆਨ’ ਹੋਵੇ।”
ਉਨ੍ਹਾਂ ਕਿਹਾ, “ਭਾਰਤ ਤੋਂ ਪੁੱਛਣਾ ਚਾਹੀਦਾ ਹੈ ਕਿ ਜੇਕਰ ਕਸ਼ਮੀਰ ਵਿੱਚ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ, ਤਾਂ ਦਹਾਕਿਆਂ ਤੋਂ ਉੱਥੇ ਮੌਜੂਦ ਸੱਤ ਲੱਖ ਸੈਨਿਕ ਕੀ ਕਰ ਰਹੇ ਹਨ?”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI