Source :- BBC PUNJABI

ਤਸਵੀਰ ਸਰੋਤ, Kamal Saini
56 ਮਿੰਟ ਪਹਿਲਾਂ
ਪਾਕਿਸਤਾਨ ਨੂੰ ਖ਼ੁਫ਼ੀਆ ਜਾਣਕਾਰੀ ਦੇਣ ਦੇ ਇਲਜ਼ਾਮਾਂ ਤਹਿਤ ਕੁਝ ਲੋਕਾਂ ਨੂੰ ਹਰਿਆਣਾ ਅਤੇ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਨ੍ਹਾਂ ਵਿੱਚ ਹਿਸਾਰ ਦੀ ਰਹਿਣ ਵਾਲੀ ਟ੍ਰੈਵਲ ਵਲੌਗਰ ਅਤੇ ਯੂਟਿਊਬਰ ਜਯੋਤੀ ਮਲਹੋਤਰਾ, ਕੈਥਲ ਵਿੱਚ ਪੈਂਦੇ ਪਿੰਡ ਮਸਤਗੜ੍ਹ ਦੇ ਰਹਿਣ ਵਾਲੇ 25 ਸਾਲਾ ਦੇਵੇਂਦਰ ਸਿੰਘ ਅਤੇ ਮਲੇਰਕੋਟਲਾ,ਪੰਜਾਬ ਦੀ ਰਹਿਣ ਵਾਲੀ ਇੱਕ ਕੁੜੀ ਤੇ ਇੱਕ ਵਿਅਕਤੀ ਸ਼ਾਮਲ ਹੈ।
ਜਯੋਤੀ ਨੂੰ 5 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ ਹੈ।
ਦੋਵਾਂ ਸੂਬਿਆਂ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਪਾਕਿਸਤਾਨ ਦੇ ਕੁਝ ਅਧਿਕਾਰੀਆਂ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨਾਲ ‘ਆਪ੍ਰੇਸ਼ਨ ਸਿੰਦੂਰ’ ਨਾਲ ਜੁੜੀ ਹੋਈ ਜਾਣਕਾਰੀ ਸਾਂਝੀ ਕਰ ਰਹੇ ਸਨ।
ਯੂਟਿਊਬਰ ਜਿਓਤੀ ਮਲਹੋਤਰਾ ਦਾ ਕੀ ਹੈ ਪਿਛੋਕੜ

ਤਸਵੀਰ ਸਰੋਤ, Kamal Saini/BBC
ਜਯੋਤੀ ਮਲਹੋਤਰਾ ਇੱਕ ਟ੍ਰੈਵਲ ਵਲੌਗਰ ਹਨ। ਉਨ੍ਹਾਂ ਨੇ ਯੂਟਿਊਬ ਚੈਨਲ ਦਾ ਨਾਮ ‘ਟ੍ਰੈਵਲ ਵਿਦ ਜੋ’ ਹੈ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਉੱਤੇ ਕਈ ਵੱਖ-ਵੱਖ ਦੇਸ਼ਾਂ ਦੇ ਆਪਣੇ ਸਫ਼ਰਨਾਮੇ ਸਾਂਝੇ ਕੀਤੇ ਹਨ।
ਜਯੋਤੀ ਨੇ ਆਪਣੀ ਪਾਕਿਸਤਾਨ ਦੀ ਫੇਰੀ ਬਾਰੇ ਵੀ ਕਈ ਵੀਡੀਓਜ਼ ਆਪਣੇ ਯੂਟਿਊਬ ਚੈਨਲ ਉੱਤੇ ਪਾਏ ਹਨ।
ਬੀਬੀਸੀ ਸਹਿਯੋਗੀ ਕਮਲ ਸੈਣੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹਰਿਆਣਾ ਦੇ ਹਿਸਾਰ ਦੇ ਡੀਐੱਸਪੀ ਕਮਲਜੀਤ ਨੇ ਦੱਸਿਆ ਕਿ, “ਅਸੀਂ ਮਿਲੀ ਜਾਣਕਾਰੀ ਦੇ ਆਧਾਰ ‘ਤੇ, ਹਿਸਾਰ ਵਾਸੀ ਜਯੋਤੀ ਮਲਹੋਤਰਾ ਨੂੰ ਆਫੀਸ਼ੀਅਲ ਸੀਕ੍ਰੇਟ ਐਕਟ ਅਤੇ ਬੀਐੱਨਐੱਸ 152 ਤਹਿਤ ਗ੍ਰਿਫ਼ਤਾਰ ਕੀਤਾ ਹੈ।”
ਪੁਲਿਸ ਨੇ ਦੱਸਿਆ ਕਿ ਜਯੋਤੀ ਦੇ ਮੋਬਾਈਲ ਅਤੇ ਲੈਪਟਾਪ ਤੋਂ ਕੁਝ ਸ਼ੱਕੀ ਜਾਣਕਾਰੀ ਪ੍ਰਾਪਤ ਹੋਈ ਹੈ।
“ਅਸੀਂ ਉਸਨੂੰ 5 ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਉਹ ਇੱਕ ਪਾਕਿਸਤਾਨੀ ਨਾਗਰਿਕ ਦੇ ਲਗਾਤਾਰ ਸੰਪਰਕ ਵਿੱਚ ਸੀ, ਇਸ ਸਬੰਧੀ ਜਾਣਕਾਰੀ ਲਈ ਜਾਵੇਗੀ।”
ਜਯੋਤੀ ਦੇ ਪਿਤਾ ਨੇ ਕੀ ਦੱਸਿਆ

ਤਸਵੀਰ ਸਰੋਤ, Kamal Saini/BBC
ਜਯੋਤੀ ਦੇ ਪਿਤਾ ਹਰੀਸ਼ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਸਾਢੇ 9 ਵਜੇ ਪੁਲਿਸ ਅਧਿਕਾਰੀ ਘਰ ਆਏ ਸਨ ਅਤੇ ਜਯੋਤੀ ਨੂੰ ਨਾਲ ਲੈ ਗਏ।
“5-6 ਲੋਕ ਆਏ ਸਨ। ਉਨ੍ਹਾਂ ਨੇ ਕਰੀਬ ਅੱਧਾ ਘੰਟਾ ਘਰ ਦੀ ਤਲਾਸ਼ੀ ਲਈ ਸੀ ਜਿਸ ਤੋਂ ਬਾਅਦ ਲੈਪਟੋਪ ਅਤੇ 3 ਮੋਬਾਇਲ ਫ਼ੋਨ ਪੁਲਿਸ ਨੇ ਜ਼ਬਤ ਕਰ ਲਏ।”
ਹਰੀਸ਼ ਕੁਮਾਰ ਨੇ ਦੱਸਿਆ ਕਿ ਜਯੋਤੀ ਮਹਿਜ਼ ਇੱਕ ਵਾਰ ਪਾਕਿਸਤਾਨ ਗਈ ਹੈ।
“ਮੇਰੀ ਬੇਟੀ ਸਰਕਾਰ ਦੀ ਇਜ਼ਾਜਤ ਦੀ ਨਾਲ ਹੀ ਗਈ ਹੈ। ਉਸ ਦੀ ਇਨਕੁਆਇਰੀ ਵੀ ਹੋਈ ਅਤੇ ਫ਼ਿਰ ਵੀਜ਼ਾ ਦਿੱਤਾ ਸੀ ਜਿਸ ਤੋਂ ਬਾਅਦ ਉਹ ਪਾਕਿਸਤਾਨ ਗਈ ਸੀ।”
ਹਰੀਸ਼ ਕੁਮਾਰ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਜਯੋਤੀ ਕਿਹੜਾ ਯੂਟਿਊਬ ਚੈਨਲ ਚਲਾਉਂਦੀ ਹੈ।
ਕੈਥਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਨੌਜਵਾਨ ਕੌਣ ਹੈ

ਤਸਵੀਰ ਸਰੋਤ, Kamal Saini/BBC
ਹਰਿਆਣਾ ਪੁਲਿਸ ਦੀ ਸਪੈਸ਼ਲ ਡਿਟੈਕਟਿਵ ਯੂਨਿਟ (ਐੱਸਡੀਯੂ) ਨੇ ਕੈਥਲ ਦੇ ਮਸਤਗੜ੍ਹ ਪਿੰਡ ਦੇ ਰਹਿਣ ਵਾਲੇ 25 ਸਾਲਾ ਦੇਵੇਂਦਰ ਸਿੰਘ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਹੈ।
ਡੀਐੱਸਪੀ ਹੈੱਡਕੁਆਟਰਜ਼ ਵੀਰਭਾਨ ਸਿੰਘ ਨੇ ਦੱਸਿਆ ਕਿ ਮੁਲਜ਼ਮ ‘ਤੇ ਗੁਪਤ ਫ਼ੌਜੀ ਜਾਣਕਾਰੀ ਭੇਜਣ ਦਾ ਇਲਜ਼ਾਮ ਹੈ, ਜਿਸ ਵਿੱਚ ਭਾਰਤ ਦੇ ਫ਼ੌਜੀ ‘ਆਪ੍ਰੇਸ਼ਨ ਸਿੰਦੂਰ’ ਨਾਲ ਸਬੰਧਤ ਜਾਣਕਾਰੀ ਵੀ ਸ਼ਾਮਲ ਹੈ।
ਵੀਰਭਾਨ ਸਿੰਘ ਨੇ ਦੱਸਿਆ ਕਿ ਦੇਵੇਂਦਰ ਸਿੰਘ ਨੂੰ ਪਹਿਲਾਂ 13 ਮਈ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਸਬੰਧਤ ਇੱਕ ਪੋਸਟ ਲਈ ਵੀ ਹਿਰਾਸਤ ਵਿੱਚ ਲਿਆ ਗਿਆ ਸੀ।
ਡੀਐੱਸਪੀ ਵੀਰਭਾਨ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ, “ਮੁਲਜ਼ਮ ਦੇਵੇਂਦਰ ਸਿੰਘ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਬਹਾਨੇ ਪਾਕਿਸਤਾਨ ਗਿਆ ਸੀ, ਜਿੱਥੇ ਉਹ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਦੇ ਸੰਪਰਕ ਵਿੱਚ ਆਇਆ ਅਤੇ ਭਾਰਤ ਵਾਪਸ ਆਉਣ ਤੋਂ ਬਾਅਦ, ਉਹ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨੂੰ ਭੇਜਦਾ ਰਿਹਾ।”
ਪੁਲਿਸ ਮੁਤਾਬਕ ਪਟਿਆਲਾ ਵਿੱਚ ਪੜ੍ਹ ਰਹੇ ਦੇਵੇਂਦਰ ਸਿੰਘ ਨੇ ਆਪਣੇ ਮੋਬਾਈਲ ਫ਼ੋਨ ਨਾਲ ਆਰਮੀ ਛਾਉਣੀ ਖੇਤਰ ਦੀਆਂ ਕੁਝ ਤਸਵੀਰਾਂ ਖਿੱਚੀਆਂ ਸਨ ਅਤੇ ਉਨ੍ਹਾਂ ਨੂੰ ਆਈਐਸਆਈ ਏਜੰਟਾਂ ਨੂੰ ਭੇਜੀਆਂ ਸਨ।
ਪੁਲਿਸ ਨੇ ਦੇਵੇਂਦਰ ਦਾ ਮੋਬਾਈਲ ਫ਼ੋਨ ਅਤੇ ਹੋਰ ਡਿਵਾਈਸਿਜ਼ ਜ਼ਬਤ ਕਰ ਲਈਆਂ ਹਨ ਅਤੇ ਡਾਟਾ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੇਵੇਂਦਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਲਿਆ ਹੈ ਤਾਂ ਜੋ ਉਸ ਤੋਂ ਹੋਰ ਪੁੱਛਗਿੱਛ ਕੀਤੀ ਸਕੇ।
ਮਲੇਰਕੋਟਲਾ ਤੋਂ ਹਿਰਾਸਤ ਵਿੱਚ ਲਈ ਗਈ ਕੁੜੀ ਬਾਰੇ ਕੀ ਪਤਾ ਲੱਗਿਆ

ਤਸਵੀਰ ਸਰੋਤ, Charanjeev kaushil/BBC
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ ਇਸ ਤੋ ਪਹਿਲਾਂ 11 ਮਈ ਨੂੰ ਪੰਜਾਬ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੇ ਮਲੇਰਕੋਟਲਾ ਤੋਂ ਪਾਕਿਸਤਾਨ ਹਾਈ ਕਮਿਸ਼ਨ ‘ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਇਲਜ਼ਾਮ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ।
ਡੀਜੀਪੀ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਗੁਜ਼ਾਲਾ ਅਤੇ ਯਾਮੀਨ ਮੁਹੰਮਦ ਵਜੋਂ ਹੋਈ ਹੈ, ਇਹ ਦੋਵੇਂ ਮਲੇਰਕੋਟਲਾ ਦੇ ਰਹਿਣ ਵਾਲੇ ਹਨ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਦੋ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੁਪਤ ਜਾਣਕਾਰੀ ਸਾਂਝੀ ਕਰਨ ਬਦਲੇ ਆਨਲਾਈਨ ਮੋਡ ਜ਼ਰੀਏ ਪੈਸੇ ਲੈਂਦੇ ਸਨ।
ਦੋਵੇਂ ਮੁਲਜ਼ਮ ਆਪਣੇ ਹੈਂਡਲਰ ਦੇ ਲਗਾਤਾਰ ਸੰਪਰਕ ਵਿੱਚ ਸਨ ਅਤੇ ਉਸ ਦੀਆਂ ਹਦਾਇਤਾਂ ਅਨੁਸਾਰ ਹੋਰ ਸਥਾਨਕ ਸੰਚਾਲਕਾਂ ਨੂੰ ਪੈਸੇ ਭੇਜਦੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI