Source :- BBC PUNJABI
ਤਸਵੀਰ ਸਰੋਤ, Getty Images
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ
ਬੀਬੀਸੀ ਨੂੰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਮਾਰਕ ਜ਼ਕਰਬਰਗ ਨੇ ਸੀਐੱਸਏਐੱਮ ਕੰਟੈਂਟ, ਡੀਪਫੇਕ ਕੰਟੈਂਟ ਅਤੇ ਪਲੇਟਫਾਰਮ ਚਲਾਉਣ ਵਿੱਚ ਹੋਈਆਂ ‘ਗਲਤੀਆਂ’ ਲਈ ਭਾਰਤ ਸਰਕਾਰ ਤੋਂ ਮਾਫ਼ੀ ਮੰਗੀ ਹੈ।
ਮਾਰਕ ਜ਼ਕਰਬਰਗ ਦੀ ਮਾਫ਼ੀ ਅਜਿਹੇ ਸਮੇਂ ਆਈ ਹੈ, ਜਦੋਂ ਸੂਚਨਾ ਤਕਨਾਲੋਜੀ ਨਾਲ ਸਬੰਧਤ ਸੰਸਦੀ ਸਥਾਈ ਕਮੇਟੀ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਪੀਐੱਮ ਮੋਦੀ ਦਾ ਇੱਕ ਵੀਡੀਓ ਕੁਝ ਸਮੇਂ ਲਈ ਹਟਾਏ ਜਾਣ ਲਈ ਮਾਫ਼ੀ ਮੰਗਣ ਦੀ ਮੰਗ ਕੀਤੀ ਸੀ।
ਬੀਤੇ ਮਹੀਨੇ ਬੀਬੀਸੀ-ਆਈ ਦੀ ਇੱਕ ਜਾਂਚ ਵਿੱਚ ਪਾਇਆ ਗਿਆ ਸੀ ਕਿ ਮੈਟਾ ਦੀ ਮਲਕੀਅਤ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਭਾਰਤ ਵਿੱਚ ਪੈਸੇ ਲੈ ਕੇ ਅਜਿਹੇ ਇਸ਼ਤਿਹਾਰ ਚਲਾ ਰਿਹਾ ਸੀ, ਜਿਨ੍ਹਾਂ ਰਾਹੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀ ਸਮੱਗਰੀ (ਸੀਐੱਸਏਐੱਮ) ਦਾ ਪ੍ਰਸਾਰ ਹੋ ਰਿਹਾ ਸੀ।
ਸੂਤਰਾਂ ਮੁਤਾਬਕ, ਮਾਰਕ ਜ਼ਕਰਬਰਗ ਨੇ ਮੰਨਿਆ ਹੈ ਕਿ ਕੁਝ ਖਾਸ ਕਿਸਮ ਦੀ ਸਮੱਗਰੀ ਨੂੰ ਬੂਸਟ ਕਰਨ ਲਈ ਬਹੁਤ ਸਾਰਾ ਪੈਸਾ ਦਿੱਤਾ ਗਿਆ ਸੀ। ਉਨ੍ਹਾਂ ਨੇ ਮਾਫ਼ੀ ਮੰਗੀ ਅਤੇ ਗ਼ਲਤੀ ‘ਤੇ ਅਫ਼ਸੋਸ ਜਤਾਇਆ।
ਮੈਟਾ ਨੇ ਇਹ ਗਲਤੀ ਮੰਨੀ ਕਿ ਬਹੁਤ ਸਾਰੀ ਗ਼ੈਰ-ਕਾਨੂੰਨੀ ਸਮੱਗਰੀ ਨੂੰ ਪ੍ਰਮੋਟ ਕੀਤਾ ਗਿਆ ਸੀ ਅਤੇ ਖ਼ਾਸ ਦਰਸ਼ਕਾਂ ਲਈ ਪੇਡ ਪ੍ਰਮੋਸ਼ਨ ਕੀਤਾ ਗਿਆ ਸੀ।
ਤਸਵੀਰ ਸਰੋਤ, Reuters
ਮੈਟਾ ਅਧਿਕਾਰੀਆਂ ਨੇ ਕੀਤੀ ਸੀ ਸੀਨੀਅਰ ਅਧਿਕਾਰੀ ਨਾਲ ਮੁਲਾਕਾਤ
ਉੱਥੇ ਹੀ ਦੂਜੇ ਪਾਸੇ, ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀਡੀਓ ਹਟਾਏ ਜਾਣ ਦੇ ਮਾਮਲੇ ਵਿੱਚ ਮੈਟਾ ਦੇ ਮੁੱਖ ਗਲੋਬਲ ਮਾਮਲਿਆਂ ਦੇ ਅਧਿਕਾਰੀ ਜੋਏਲ ਕਪਲਾਨ ਦੀ ਅਗਵਾਈ ਹੇਠ ਕੰਪਨੀ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਨਵੀਂ ਦਿੱਲੀ ਵਿੱਚ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਐੱਸ. ਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਸੀ।
ਇਹ ਮੀਟਿੰਗ ਅਜਿਹੇ ਸਮੇਂ ਹੋਈ, ਜਦੋਂ ਸੰਸਦ ਦੀ ਸੰਚਾਰ ਅਤੇ ਸੂਚਨਾ ਤਕਨਾਲੋਜੀ ਨਾਲ ਸਬੰਧਤ ਸਥਾਈ ਕਮੇਟੀ ਨੇ ਬੁੱਧਵਾਰ ਨੂੰ ਮੈਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਾਰਕ ਜ਼ਕਰਬਰਗ ਤੋਂ ਪੀਐੱਮ ਮੋਦੀ ਦਾ ਵੀਡੀਓ ਫੇਸਬੁੱਕ ਤੋਂ ਹਟਾਏ ਜਾਣ ਦੇ ਮਾਮਲੇ ਵਿੱਚ ਬਿਨਾਂ ਸ਼ਰਤ ਮਾਫ਼ੀ ਮੰਗਣ ਦੀ ਮੰਗ ਕੀਤੀ ਸੀ।
ਏਐੱਨਆਈ ਮੁਤਾਬਕ, ਲਗਭਗ 45 ਮਿੰਟ ਤੱਕ ਚੱਲੀ ਇਸ ਮੀਟਿੰਗ ਵਿੱਚ ਮੈਟਾ ਦੇ ਅਧਿਕਾਰੀਆਂ ਨੇ ਪੀਐੱਮ ਮੋਦੀ ਦਾ ਵੀਡੀਓ ਗ਼ਲਤੀ ਨਾਲ ਹਟਾਏ ਜਾਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ।
ਮੈਟਾ ਦੇ ਅਧਿਕਾਰੀਆਂ ਦੀ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਣਵ ਨਾਲ ਵੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ।
ਕਮੇਟੀ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਵਾਪਰਦੀਆਂ ਹਨ ਤਾਂ ਭਾਰਤ ਵਿੱਚ ਮੈਟਾ ਨੂੰ ਮਿਲਣ ਵਾਲੀ ਕਾਨੂੰਨੀ ਸੁਰੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ।
ਤਸਵੀਰ ਸਰੋਤ, Getty Images
ਮੈਟਾ ‘ਤੇ ਕੀ ਹਨ ਇਲਜ਼ਾਮ
ਜੰਤਰ-ਮੰਤਰ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦੌਰਾਨ 23 ਜੁਲਾਈ ਨੂੰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਦਾ ਵੀਡੀਓ ਮੈਟਾ ਦੀ ਮਲਕੀਅਤ ਵਾਲੇ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਕੁਝ ਸਮੇਂ ਲਈ ਹਟਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ।
ਐੱਨਡੀਟੀਵੀ ਮੁਤਾਬਕ, ਇਸ ਘਟਨਾ ਲਈ ਤਕਨੀਕੀ ਖ਼ਰਾਬੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਹਾਲਾਂਕਿ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇਸ ਸਪੱਸ਼ਟੀਕਰਨ ਨੂੰ “ਨਾਕਾਫ਼ੀ” ਦੱਸਿਆ ਸੀ।
ਕੰਪਨੀ ਨੇ ਕਿਹਾ ਸੀ ਕਿ ਸਮੱਗਰੀ “ਗਲਤੀ ਨਾਲ” ਹਟ ਗਈ ਸੀ ਅਤੇ ਬਾਅਦ ਵਿੱਚ ਇਸ ਨੂੰ ਪਲੇਟਫਾਰਮ ‘ਤੇ ਮੁੜ ਉਪਲਬਧ ਕਰਵਾ ਦਿੱਤਾ ਗਿਆ।
ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦੀ ਅਗਵਾਈ ਵਾਲੀ ਸੂਚਨਾ ਤਕਨਾਲੋਜੀ ਨਾਲ ਸਬੰਧਤ ਸੰਸਦੀ ਸਥਾਈ ਕਮੇਟੀ ਨੇ ਉਨ੍ਹਾਂ ਵਿਚੋਲਗੀ (ਇੰਟਰਮੀਡੀਅਰੀ) ਪਲੇਟਫਾਰਮਾਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ, ਜਿਨ੍ਹਾਂ ‘ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀ ਸਮੱਗਰੀ (ਸੀਐੱਸਏਐੱਮ) ਅਤੇ ਔਰਤਾਂ ਦਾ ਅਪਮਾਨ ਕਰਨ ਵਾਲੀ ਸਮੱਗਰੀ ਮੌਜੂਦ ਹੁੰਦੀ ਹੈ।
ਹਿੰਦੁਸਤਾਨ ਟਾਈਮਜ਼ ਨੇ 4 ਅਗਸਤ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਸੰਸਦ ਦੀ ਸੰਚਾਰ ਅਤੇ ਸੂਚਨਾ ਤਕਨਾਲੋਜੀ ਨਾਲ ਸਬੰਧਤ ਸਥਾਈ ਕਮੇਟੀ ਦੇ ਚੇਅਰਮੈਨ ਨਿਸ਼ੀਕਾਂਤ ਦੁਬੇ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਮੈਟਾ ਨੇ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਤਾਂ ਭਾਰਤ ਦੇ ਸੂਚਨਾ ਤਕਨਾਲੋਜੀ ਕਾਨੂੰਨ ਦੀ ਧਾਰਾ 79 ਤਹਿਤ ਉਸ ਨੂੰ ਮਿਲਣ ਵਾਲਾ ‘ਸੇਫ਼ ਹਾਰਬਰ’ ਸੁਰੱਖਿਆ ਪ੍ਰਬੰਧ ਖ਼ਤਮ ਕੀਤਾ ਜਾ ਸਕਦਾ ਹੈ।
‘ਸੇਫ਼ ਹਾਰਬਰ’ ਪ੍ਰਬੰਧ ਤਹਿਤ ਆਨਲਾਈਨ ਪਲੇਟਫਾਰਮਾਂ ਅਤੇ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਉਨ੍ਹਾਂ ਦੇ ਮੰਚ ‘ਤੇ ਮੌਜੂਦ ਤੀਜੀ ਧਿਰ ਦੀ ਸਮੱਗਰੀ ਲਈ ਕਾਨੂੰਨੀ ਜ਼ਿੰਮੇਵਾਰੀ ਤੋਂ ਸੁਰੱਖਿਆ ਮਿਲਦੀ ਹੈ, ਬਸ਼ਰਤੇ ਉਹ ਲੋੜੀਂਦੀ ਸਾਵਧਾਨੀ ਵਰਤਣ।
ਗੂਗਲ, ਮੈਟਾ ਅਤੇ ਯੂਟਿਊਬ ਸਮੇਤ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੁਬੇ ਨੇ ਪੀਐੱਮ ਮੋਦੀ ਦਾ ਵੀਡੀਓ ਹਟਾਏ ਜਾਣ ਨੂੰ “ਗੰਭੀਰ ਮਾਮਲਾ” ਦੱਸਿਆ।
ਰਿਪੋਰਟ ਮੁਤਾਬਕ, ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਇਹ ਮੈਟਾ ਦੀ ਸਮੱਗਰੀ ਪ੍ਰਬੰਧਨ ਨੀਤੀ ਵਿੱਚ ਇੱਕ ਵਿਆਪਕ ਰੁਝਾਨ ਨੂੰ ਦਰਸਾਉਂਦਾ ਹੈ।
ਇਸ ਤੋਂ ਪਹਿਲਾਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇਸ ਘਟਨਾ ਬਾਰੇ ਸਪੱਸ਼ਟੀਕਰਨ ਦੇਣ ਲਈ ਮੈਟਾ ਦੀ ਗਲੋਬਲ ਨੀਤੀ ਟੀਮ ਦੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕੀਤਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI
