Source :- BBC PUNJABI

ਪੇਰੀਮੀਨੋਪੌਜ਼

ਤਸਵੀਰ ਸਰੋਤ, Getty Images

  • ਲੇਖਕ, ਆਮੇਰਨ ਨੇਸੇਰਸਿਯਨ
  • ਰੋਲ, ਬੀਬੀਸੀ ਵਰਲਡ ਸਰਵਿਸ
  • 24 ਮਈ 2025, 11:18 IST

    ਅਪਡੇਟ 10 ਮਿੰਟ ਪਹਿਲਾਂ

ਪੇਰੀਮੀਨੋਪੌਜ਼ ਨਾਲ ਦੁਨੀਆਂ ਭਰ ਵਿੱਚ ਕਰੋੜਾਂ ਮਹਿਲਾਵਾਂ ਪ੍ਰਭਾਵਿਤ ਹੁੰਦੀਆਂ ਹਨ ਫਿਰ ਵੀ ਇਸ ਨੂੰ ਲੈ ਕੇ ਬਹੁਤ ਘੱਟ ਚਰਚਾ ਹੁੰਦੀ ਹੈ।

ਕਈ ਦੇਸ਼ਾਂ ਅਤੇ ਭਾਈਚਾਰਿਆਂ ਵਿੱਚ ਅੱਜ ਵੀ ਇਸ ਨੂੰ ਟੈਬੂ ਮੰਨਿਆ ਜਾਂਦਾ ਹੈ।

ਪੇਰੀਮੀਨੋਪੌਜ਼ ਦਰਅਸਲ ਹੌਲੀ-ਹੌਲੀ ਮੀਨੋਪੌਜ਼ ਵੱਲ ਵਧਣ ਦੇ ਸਮੇਂ ਨੂੰ ਕਿਹਾ ਜਾਂਦਾ ਹੈ।

ਇਸ ਦੌਰਾਨ ਮਹਿਲਾਵਾਂ ਵਿੱਚ ਹਾਰਮੋਨਜ਼ ਦਾ ਪੱਧਰ ਬਦਲਣ ਲੱਗਦਾ ਹੈ ਅਤੇ ਪ੍ਰਜਨਨ ਕਰਨ ਦੀ ਸਮਰੱਥਾ ਹੌਲੀ-ਹੌਲੀ ਘੱਟ ਹੁੰਦੀ ਜਾਂਦੀ ਹੈ।

ਇਸ ਬਦਲਾਅ ਦੇ ਦੌਰਾਨ ਹਾਰਮੋਨਜ਼ ਦੇ ਪੱਧਰ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ। ਇਨ੍ਹਾਂ ਵਿੱਚ ਮੁੱਖ ਤੌਰ ਉੱਤੇ ਐਸਟ੍ਰੋਜਨ, ਪ੍ਰੋਜੈਸਟ੍ਰੋਨ, ਫਾਲਿਕਲ-ਸਟਿਮੁਲੇਟਿੰਗ ਹਾਰਮੋਨ (ਐਫ਼ਐੱਸਐੱਚ), ਲਿਊਨਾਇਜਿੰਗ ਹਾਰਮੋਨ(ਐੱਲਐੱਚ) ਅਤੇ ਟੈਸਟੋਸਟਰੋਨ ਸ਼ਾਮਲ ਹਨ।

ਇਸ ਬਦਲਾਅ ਦੇ ਕਰਕੇ ਮਹਿਲਾਵਾਂ ਵਿੱਚ ਸਰੀਰਕ ਅਤੇ ਭਾਵਨਾਤਮਕ ਰੂਪ ਵਿੱਚ ਕਾਫੀ ਬਦਲਾਅ ਆਉਂਦੇ ਹਨ ਅਤੇ ਉਨ੍ਹਾਂ ਦਾ ਰੋਜ਼ਾਨਾ ਦਾ ਜੀਵਨ ਪ੍ਰਭਾਵਿਤ ਹੁੰਦਾ ਹੈ।

ਪੇਰੀਮੀਨੋਪੌਜ਼

ਤਸਵੀਰ ਸਰੋਤ, Getty Images

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ(ਐੱਨਐੱਚਐੱਸ) ਦੇ ਮੁਤਾਬਕ ਇਸ ਦੇ ਲੱਛਣ ਕੁਝ ਇਸ ਤਰ੍ਹਾਂ ਦੇ ਹੋ ਸਕਦੇ ਹਨ-

ਅਨਿਯਮਿਤ ਪੀਰੀਅਡਜ਼

ਅਚਾਨਕ ਬੇਹੱਦ ਗਰਮੀ ਦਾ ਅਹਿਸਾਸ ਹੋਣਾ ਅਤੇ ਰਾਤ ਨੂੰ ਪਸੀਨਾ ਆਉਣਾ

ਕਿਸੇ ਵੀ ਕੰਮ ਵਿੱਚ ਧਿਆਨ ਨਾ ਲਾਉਣਾ

ਚਿੰਤਾ ਜਾਂ ਘਬਰਾਹਟ

ਨੀਂਦ ਨਾ ਆਉਣੀ

ਜਿਨਸੀ ਇੱਛਾ ਦੀ ਕਮੀ

ਵੈਜਾਇਨਲ ਡ੍ਰਾਇਨੈੱਸ

ਬੀਬੀਸੀ

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਪੇਰੀਮੀਨੋਪੌਜ਼ ਦੇ ਲੱਛਣ ਮਹਿਲਾਵਾਂ ਵਿੱਚ ਹੌਲੀ-ਹੌਲੀ 37 ਤੋਂ 40 ਸਾਲ ਦੇ ਵਿਚਕਾਰ ਸ਼ੁਰੂ ਹੋ ਸਕਦੇ ਹਨ। ਉੱਥੇ ਵਧੇਰੇ ਮਹਿਲਾਵਾਂ 45 ਸਾਲ ਦੀ ਉਮਰ ਆਉਂਦੇ-ਆਉਂਦੇ ਇਸ ਪੜਾਅ ਵਿੱਚ ਪਹੁੰਚ ਜਾਂਦੀਆਂ ਹਨ।

ਇਸ ਹਾਲਾਤ ਵਿੱਚ ਸਰੀਰ ਵਿੱਚ ਕੀ ਬਦਲਾਅ ਹੋ ਰਿਹਾ ਹੈ, ਇਸ ਨੂੰ ਸਮਝਣਾ ਅਤੇ ਇਸ ਦੇ ਲਈ ਆਪਣੇ ਆਪ ਨੂੰ ਤਿਆਰ ਕਰਨ ਨਾਲ ਕਈ ਚੀਜ਼ਾਂ ਸੌਖੀਆਂ ਹੋ ਸਕਦੀਆਂ ਹਨ।

ਇਸ ਨਾਲ ਨਜਿੱਠਣ ਲਈ ਹਾਰਮੋਨ ਰਿਪਲੇਸਮੈਂਟ ਥੈਰੇਪੀ(ਐੱਚਆਰਟੀ) ਇੱਕ ਬਦਲ ਹੋ ਸਕਦਾ ਹੈ ਪਰ ਕਈ ਮਹਿਲਾਵਾਂ ਜੀਵਨ-ਜਾਚ ਵਿੱਚ ਸਿਹਤਮੰਦ ਬਦਲਾਅ ਲਿਆ ਕੇ ਵੀ ਬਿਹਤਰ ਮਹਿਸੂਸ ਕਰ ਸਕਦੀਆਂ ਹਨ।

ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸ ਰਹੇ ਹਾਂ ਜੋ ਪੇਰੀਮੀਨੋਪੌਜ਼ ਦੇ ਲੱਛਣਾਂ ਨਾਲ ਨਜਿੱਠਣ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਹਨ।

ਹਾਰਮੋਨਜ਼ ਦੇ ਸੰਤੁਲਨ ਵਿੱਚ ਮਦਦ ਕਰਨ ਵਾਲਾ ਭੋਜਨ ਲਓ।

ਸੰਤੁਲਿਤ ਭੋਜਨ ਤੋਂ ਪੋਸ਼ਕ ਤੱਤ ਤਾਂ ਮਿਲਦੇ ਹੀ ਹਨ, ਇਨ੍ਹਾਂ ਨਾਲ ਹਾਰਮੋਨਜ਼ ਨੂੰ ਸੰਤੁਲਿਤ ਰੱਖਣ ਵਿੱਚ ਵੀ ਮਦਦ ਮਿਲਦੀ ਹੈ।

ਜੇਕਰ ਖਾਣੇ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋਵੇਗੀ ਤਾਂ ਇਹ ਅੰਸਤੁਲਨ ਵੱਧ ਸਕਦਾ ਹੈ ਅਤੇ ਇਸ ਨਾਲ ਮੂਡ, ਐਨਰਜੀ, ਮੈਟਾਬੌਲਿਜ਼ਮ ਸਣੇ ਪੂਰੀ ਸਿਹਤ ਉੱਤੇ ਅਸਰ ਪੈ ਸਕਦਾ ਹੈ।

ਖਾਣੇ ਵਿੱਚ ਕੀ ਸ਼ਾਮਲ ਕੀਤਾ ਜਾਵੇ?

ਸੰਤੁਲਿਤ ਭੋਜਨ

ਤਸਵੀਰ ਸਰੋਤ, Getty Images

ਫਾਇਟੋਐਸਟ੍ਰੋਜਨ ਵਾਲੇ ਭੋਜਨ – ਅਲਸੀ, ਸੋਇਆਬੀਨ ਅਤੇ ਦਾਲ

ਫਲ ਅਤੇ ਸਬਜ਼ੀਆਂ – ਇਹ ਐਂਟੀਓਕਸੀਡੈਂਟ ਸੋਜਿਸ਼ ਨਾਲ ਲੜਨ ਵਿੱਚ ਮਦਦ ਕਰਦੇ ਹਨ

ਸਾਬਤ ਅਨਾਜ – ਇਹ ਮੈਟਾਬੌਲਿਜ਼ਮ ਅਤੇ ਤਾਕਤ ਦੇ ਪੱਧਰ ਨੂੰ ਵਧਾਉਂਦਾ ਹੈ

ਲੀਨ ਪ੍ਰੋਟੀਨ- ਇਹ ਮਾਸਪੇਸ਼ੀਆਂ ਦੀ ਤਾਕਤ ਬਰਕਰਾਰ ਰੱਖਦਾ ਹੈ

ਹੈਲਦੀ ਫੈਟ – ਇਹ ਐਵੋਕਾਡੋ, ਨਟਸ, ਅਤੇ ਸੀਡਜ਼ ਹਾਰਮੋਨ ਬਣਾਉਣ ਵਿੱਚ ਸਹਾਈ ਹੁੰਦੇ ਹਨ।

ਰੋਜ਼ਾਨਾ ਕਸਰਤ

ਪੇਰੀਮੀਨੋਪੌਜ਼

ਸਰੀਰਕ ਗਤੀਵਿਧੀ ਦਿਮਾਗ ਵਿੱਚ ਡੋਪਾਮੀਨ ਦਾ ਪੱਧਰ ਵਧਾ ਕੇ ਤੁਹਾਡੇ ਦਿਲ ਅਤੇ ਦਿਮਾਗ਼ ਦੀ ਸਥਿਤੀ ਨੂੰ ਠੀਕ ਰੱਖਦੇ ਹਨ।

ਰੋਜ਼ਾਨਾ ਕਸਰਤ ਨਾਲ ਸਰੀਰ ਵਿੱਚ ਡੋਪਾਮੀਨ ਦਾ ਪੱਧਰ ਵੱਧਦਾ ਹੈ। ਇਹ ਨਿਊਰੋਕੈਮੀਕਲ ਦਿਲ ਅਤੇ ਦਿਮਾਗ਼ ਦੋਵਾਂ ਨੂੰ ਸਿਹਤਯਾਬ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਐਕਸਟਰ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਮੀਨੋਪੌਜ਼ ਮਾਸਪੇਸ਼ੀਆਂ ਦੇ ਬਣਨ ਵਿੱਚ ਰੁਕਾਵਟ ਨਹੀਂ ਪਾਉਂਦੀ। ਸਰੀਰਕ ਕਸਰਤ ਨਾਲ ਕਮਰ ਦੀ ਕੰਮ ਕਰਨ ਦੀ ਸਮਰੱਥਾ, ਲਚਕੀਲਾਪਣ ਅਤੇ ਸੰਤੁਲਨ ਵਿੱਚ ਵਾਧਾ ਹੁੰਦਾ ਹੈ।

ਸਟ੍ਰੈਂਥ ਟ੍ਰੇਨਿੰਗ – ਇਸ ਨਾਲ ਮਾਸਪੇਸ਼ੀਆਂ ਬਣਦੀਆਂ ਹਨ ਜੋ ਬੋਨ ਡੈੱਨਸਿਟੀ ਬਰਕਰਾਰ ਰੱਖਣ ਵਿੱਚ ਮਦਦ ਕਰਦੀਆਂ ਹਨ।

ਯੋਗਾ ਅਤੇ ਸਟ੍ਰੈਚਿੰਗ – ਤਣਾਅ ਘੱਟ ਕਰਨ ਅਤੇ ਫਲੈਕਸੀਬਲ ਹੋਣ ਵਿੱਚ ਮਦਦ ਮਿਲਦੀ ਹੈ।

ਐਰੋਬਿਕ ਕਸਰਤ – ਦਿਲ ਨੂੰ ਬਿਹਤਰ ਰੱਖਣ ਅਤੇ ਨੀਂਦ ਨੂੰ ਨਿਯਮਿਤ ਰੱਖਣ ਵਿੱਚ ਸਹਾਈ

ਧਿਆਨ ਕੇਂਦਰਤ ਕਰਕੇ ਤਣਾਅ ਤੋਂ ਬਚੋ

ਪੇਰੀਮੀਨੋਪੌਜ਼ ਵਿੱਚ ਤਣਾਅ ਕਾਫੀ ਵੱਧ ਸਕਦਾ ਹੇ। ਇਸ ਕਰਕੇ ਅਚਾਨਕ ਮੂਡ ਸਵਿੰਗਜ਼, ਘਬਰਾਹਟ ਅਤੇ ਨੀਂਦ ਨਾਲ ਜੁੜੀਆਂ ਦਿੱਕਤਾਂ ਹੋ ਸਕਦੀਆਂ ਨ।

ਇਸ ਤੋਂ ਬਚਣ ਲਈ ਕੁਝ ਉਪਾਅ ਕੀਤੇ ਜਾ ਸਕਦੇ ਹਨ।

ਜਿਵੇਂ – ਧਿਆਨ ਲਾਉਣਾ: ਇਸ ਨਾਲ ਧਿਆਨ ਕੇਂਦਰਤ ਕਰਨ ਦੀ ਸਮਰੱਥਾ ਬਿਹਤਰ ਹੁੰਦੀ ਹੈ।

ਡੂੰਘੇ ਸਾਹ ਲੈਣੇ – ਇਹ ਤੰਤ੍ਰਿਕਾ ਤੰਤਰ ਨੂੰ ਸ਼ਾਂਤ ਕਰਦਾ ਹੈ।

ਰੋਜ਼ਾਨਾ ਲਿਖਣਾ – ਰੋਜ਼ਾਨਾ ਲਿਖਣ ਨਾਲ ਭਾਵਨਾਤਮਕ ਸਪੱਸ਼ਟਤਾ ਆਉਂਦੀ ਹੈ ਅਤੇ ਰਾਹਤ ਮਿਲਦੀ ਹੈ।

ਨੀਂਦ ਨੂੰ ਪਹਿਲ ਦੇਵੋ

ਪੇਰੀਮੀਨੋਪੌਜ਼ ਦੇ ਦੌਰਾਨ ਨੀਂਦ ਦੀਆਂ ਦਿੱਕਤਾਂ ਨੂੰ ਠੀਕ ਕਰਨਾ ਚੁਣੌਤੀਆਂ ਭਰਿਆ ਹੋ ਸਕਦਾ ਹੈ। ਹਾਰਮੋਨਜ਼ ਵਿੱਚ ਉਤਰਾਅ ਚੜ੍ਹਾਅ ਦੇ ਕਾਰਨ ਇਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਰਾਤ ਨੂੰ ਪਸੀਨਾ ਆਉਣਾ, ਚਿੰਤਾ ਅਤੇ ਮੂਡ ਵਿੱਚ ਉਤਰਾਅ-ਚੜ੍ਹਾਅ ਜਿਹੇ ਲੱਛਣ ਵੱਧ ਜਾਂਦੇ ਹਨ। ਇਸ ਲਈ ਜੀਵਨ-ਜਾਚ ਵਿੱਚ ਬਦਲਾਅ, ਹਾਰਮੋਨ ਥੈਰੇਪੀ ਜਾਂ ਇਲਾਜ ਤੱਕ ਦੀ ਲੋੜ ਹੁੰਦੀ ਹੈ।

ਉਮਰ ਵਧਣ ਦੇ ਨਾਲ ਨੀਂਦ ਵਿੱਚ ਗੜਬੜੀ ਸਲੀਪ ਐਪਨੀਆ (ਇੱਕ ਅਜਿਹੀ ਸਥਿਤੀ ਜਦੋਂ ਨੀਂਦ ਦੇ ਦੌਰਾਨ ਸਾਹ ਰੁਕ ਜਾਂਦਾ ਹੈ ਜਾਂ ਨੀਂਦ ਦਾ ਵਾਰ ਵਾਰ ਟੁੱਟਣ) ਦਾ ਖ਼ਤਰਾ ਵਧ ਸਕਦਾ ਹੈ।

ਇਸ ਦਾ ਮਤਲਬ ਹੈ ਕਿ ਨੀਂਦ ਵਿੱਚ ਸੁਧਾਰ ਲਿਆਉਣ ਲਈ ਕਈ ਕਿਸਮ ਦੇ ਤਜਰਬੇ ਤੁਹਾਨੂੰ ਆਪ ਵੀ ਕਰਨੇ ਪੈ ਸਕਦੇ ਹਨ।

ਚੰਗੀ ਨੀਂਦ ਦੇ ਲਈ ਇਹ ਕਰੋ

ਬਿਸਤਰੇ ਦੀਆਂ ਚਾਦਰਾਂ : ਸੂਤੀ ਅਤੇ ਨਮੀ ਸੋਖਣ ਵਾਲੇ ਕੱਪੜੇ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ ਜਦਕਿ ਕੁਝ ਗੱਦੇ ਗਰਮ ਹੁੰਦੇ ਹਨ ਜਿਸ ਨਾਲ ਤੁਹਾਨੂੰ ਸੌਣ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ।

ਤੈਅ ਸਮੇਂ ਉੱਤੇ ਸੌਣਾ – ਇਸ ਨਾਲ ਸਰੀਰ ਦਾ ਬੌਡੀ ਬਲਾਕ ਬਣਿਆ ਰਹਿੰਦਾ ਹੈ।

ਸੌਣ ਤੋਂ ਪਹਿਲਾਂ ਕੈਫੀਨ ਅਤੇ ਸਕ੍ਰੀਨ ਤੋਂ ਦੂਰ ਰਹੋ – ਅਜਿਹਾ ਕਰਨ ਨਾਲ ਤੁਸੀਂ ਰਿਲੈਕਸ ਰਹੋਗੇ।

ਸ਼ਾਂਤ ਅਤੇ ਹਨੇਰਾ – ਗਹਿਰੀ ਨੀਂਦ ਵਿੱਚ ਜਾਣ ਵਿੱਚ ਮਦਦ ਮਿਲਦੀ ਹੈ।

ਹਰਬਲ ਇਲਾਜ

ਜੇਕਰ ਤੁਸੀਂ ਹਾਰਮੋਨ ਰਿਪਲੇਸਮੈਂਟ ਥੈਰੇਪੀ (ਐੱਚਆਰਟੀ) ਦੇ ਨਾਲ-ਨਾਲ ਹਰਬਲ ਇਲਾਜ ਉੱਤੇ ਵਿਚਾਰ ਕਰ ਰਹੇ ਹੋ ਤਾਂ ਇਸ ਬਾਰੇ ਜਾਣਨਾ ਜ਼ਰੂਰੀ ਹੈ।

ਹਰਬਲ ਉਤਪਾਦ ਜਿਵੇਂ ਕਿ ਈਵਨਿੰਗ ਪ੍ਰਿਮਰੋਜ਼, ਤੇਲ, ਸੋਇਆ, ਰੈਡ ਕਲੋਵਰ, ਬਲੈਕ ਕੋਹੋਸ਼ ਅਤੇ ਜਿਨਸੈਂਗ, ਆਮ ਤੌਰ ਉੱਤੇ ਪੇਰੀਮੀਨੋਪੌਜ਼ ਦੇ ਲੱਛਣਾਂ ਨੂੰ ਘੱਟ ਕਰਨ ਦੇ ਲਈ ਵਰਤੇ ਜਾਂਦੇ ਹਨ।

ਹਾਲਾਂਕਿ ਸਿਹਤ ਮਾਹਰ ਆਗਾਹ ਕਰਦੇ ਹਨ ਕਿ ਇਸ ਬਾਰੇ ਵਿੱਚ ਡੂੰਘੀ ਕਲੀਨਿਕਲ ਟੈਸਟਿੰਗ ਦੀ ਕਮੀ ਹੈ ਇਸ ਲਈ ਇਸ ਦੇ ਪ੍ਰਭਾਵੀ ਅਤੇ ਸੁਰੱਖਿਅਤ ਹੋਣ ਤੋਂ ਲੈ ਕੇ ਸਥਿਤੀ ਸਪਸ਼ਟ ਨਹੀਂ ਹੈ।

ਅਜਿਹੇ ਵਿੱਚ ਐੱਚਆਰਟੀ ਦੇ ਨਾਲ ਇਨ੍ਹਾਂ ਹਰਬਲ ਇਲਾਜਾਂ ਨੂੰ ਜੋੜਨ ਤੋਂ ਪਹਿਲਾਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਮੀਨੋਪੌਜ਼ ਮਾਹਰ ਕੈਥੀ ਏਵਰਨੇਥੀ ਕਹਿੰਦੇ ਹਨ ਕਿ ਕਈ ਮਹਿਲਾਵਾਂ ਸਪਲੀਮੈਂਟਸ ਦਾ ਸਹਾਰਾ ਲੈਂਦੀਆਂ ਹਨ ਪਰ ਇਨ੍ਹਾਂ ਸਾਰਿਆਂ ਦੇ ਮਜ਼ਬੂਤ ਵਿਗਿਆਨਕ ਸਬੂਤ ਨਹੀਂ ਹੁੰਦੇ।

ਉਹ ਇਸ ਗੱਲ ਉੱਤੇ ਜ਼ੋਰ ਦਿੰਦੀਆਂ ਹਨ ਕਿ ਸੰਤੁਲਿਤ ਭੋਜਨ ਲੋੜੀਂਦੇ ਪੋਸ਼ਕ ਤੱਤ ਪ੍ਰਾਪਤ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਹਾਲਾਂਕਿ ਸਰਦੀਆਂ ਦੇ ਮਹੀਨਿਆਂ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੇ ਸਪਲੀਮੈਂਟ ਵਰਤੋਂ ਵਿੱਚ ਆ ਸਕਦੇ ਹਨ।

ਬੀਬੀਸੀ

ਭਾਵਨਾਤਮਕ ਸਪੋਰਟ ਸਿਸਟਮ ਤਿਆਰ ਕਰੋ

ਪੇਰੀਮੀਨੋਪੌਜ਼ ਬਹੁਤ ਵੱਧ ਪਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ, ਤੁਸੀਂ ਇਕੱਲੇ ਮਹਿਸੂਸ ਕਰ ਸਕਦੇ ਹੋ ਪਰ ਤੁਹਾਨੂੰ ਇਸ ਨਾਲ ਇਕੱਲੇ ਨਹੀਂ ਲੜਨਾ ਚਾਹੀਦਾ।

ਮਾਹਰ ਸਲਾਹ ਦਿੰਦੇ ਹਨ ਕਿ ਇਸ ਦੌਰਾਨ ਤੁਹਾਨੂੰ ਆਪਣੇ ਦੋਸਤਾਂ ਅਤੇ ਪਾਰਟਨਰ ਨਾਲ ਗੱਲ ਕਰਨੀ ਚਾਹੀਦੀ ਹੈ। ਸਪੋਰਟ ਗਰੁੱਪ ਨਾਲ ਜੁੜਨਾ ਚਾਹੀਦਾ ਹੈ ਜਾਂ ਕਿਸੇ ਮਾਹਰ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ ਤਾਂ ਜੋ ਰਾਹਤ ਮਿਲ ਸਕੇ।

ਇਹ ਕਦੋਂ ਤੱਕ ਚੱਲਦਾ ਹੈ?

ਪੇਰੀਮੀਨੋਪੌਜ਼ ਆਮ ਤੌਰ ਉੱਤੇ ਕਈ ਸਾਲਾਂ ਤੱਕ ਰਹਿੰਦਾ ਹੈ। ਕੁਝ ਮਾਹਰਾਂ ਦਾ ਅੰਦਾਜ਼ਾ ਹੈ ਕਿ ਇਹ ਚਾਰ ਤੋਂ 10 ਸਾਲਾਂ ਤੱਕ ਰਹਿ ਸਕਦਾ ਹੈ।

ਹਾਲਾਂਕਿ ਇਸ ਦੀ ਮਿਆਦ ਜੈਨੇਟਿਕਸ, ਜੀਵਨਸ਼ੈਲੀ, ਅਤੇ ਸਿਹਤ ਜਿਹੇ ਕਾਰਕਾਂ ਨਾਲ ਪ੍ਰਭਾਵਿਤ ਹੁੰਦੀ ਹੈ। ਉੱਥੇ ਹੀ ਮੀਨੋਪੌਜ਼ ਉਦੋਂ ਹੁੰਦਾ ਹੈ ਜਦੋਂ ਲਗਾਤਾਰ ਕਿਸੇ ਮਹਿਲਾ ਨੂੰ 12 ਮਹੀਨੇ ਤੱਕ ਪੀਰੀਅਡਜ਼ ਨਹੀਂ ਆਉਂਦੇ।

ਰਿਸ਼ਤਿਆਂ ਉੱਤੇ ਅਸਰ

ਪੇਰੀਮੀਨੋਪੌਜ਼

ਤਸਵੀਰ ਸਰੋਤ, Getty Images

ਲੰਡਨ ਦੇ ਸਾਇਕੋਸੈਕਸ਼ੂਅਲ ਅਤੇ ਰਿਲੇਸ਼ਨਸ਼ਿਪ ਥੈਰੇਪਿਸ ਸ਼ਾਹਰਜ਼ਾਦ ਪੌਰਬਦੁੱਲਾਹ ਨੇ ਬੀਬੀਸੀ ਨੂੰ ਦੱਸਿਆ ਕਿ ਪੇਰੀਮੀਨੋਪੌਜ਼ ਦੇ ਲੱਛਣ ਨਾ ਸਿਰਫ਼ ਪਾਰਟਨਰ ਨਾਲ ਰਿਸ਼ਤੇ ਖਰਾਬ ਕਰ ਸਕਦੇ ਹਨ ਬਲਕਿ ਬੱਚਿਆਂ ਨਾਲ ਸਬੰਧ ਉੱਤੇ ਵੀ ਅਸਰ ਪਾ ਸਕਦੇ ਹਾਂ।

ਦਰਅਸਲ ਸਹੀ ਤਰੀਕੇ ਗੱਲਬਾਤ ਨਾ ਹੋਣਾ ਅਤੇ ਪਾਰਟਨਰ ਦੇ ਨਾਲ ਖੁਸ਼ਨੁਮਾ ਪਲਾਂ ਦੀ ਕਮੀ ਭਾਵਨਾਤਮਕ ਦੂਰੀ ਵਧਾ ਸਕਦੀ ਹੈ, ਪਰ ਜਾਗਰੂਕਤਾ, ਧੀਰਜ ਅਤੇ ਆਪਸੀ ਸਮਝ ਨਾਲ ਇਹ ਚੀਜ਼ਾਂ ਬਿਹਤਰ ਕੀਤੀਆਂ ਜਾ ਸਕਦੀਆਂ ਹਨ।

ਪੇਰੀਮੀਨੋਪੌਜ਼ ਦੇ ਕੁਝ ਲੱਛਣ ਥਾਇਰਾਇਡ ਡਿਸਾਰਡਰ, ਐਂਗਜ਼ਾਇਟੀ ਅਤੇ ਕ੍ਰੋਨਿਕ ਸਿੰਡਰੋਮ ਨਾਲ ਮੇਲ ਖਾ ਸਕਦੇ ਹਨ।

ਉਦਾਹਰਣ ਦੇ ਤੌਰ ਉੱਤੇ ਅਨਿਯਮਿਤ ਪੀਰੀਅਡਜ਼ ਅਤੇ ਮੂਡ ਵਿੱਚ ਉਤਰਾਅ ਚੜ੍ਹਾਅ ਸੰਭਾਵਿਤ ਤੌਰ ਉੱਤੇ ਹਾਰਮੋਨ ਵਿੱਚ ਬਦਲਾਅ ਜਾਂ ਥਾਇਰਾਇਡ ਦਾ ਵੀ ਸੰਕੇਤ ਹੋ ਸਕਾਦ ਹੈ।

ਥਕਾਨ ਅਤੇ ਦਿਮਾਗੀ ਭ੍ਰਮ ਨੂੰ ਪੇਰੀਮੀਨੌਪੌਜ਼ ਜਾਂ ਵਿਟਾਮਿਨ ਦੀ ਕਮੀ ਨਾਲ ਵੀ ਜੋੜਿਆ ਜਾ ਸਕਦਾ ਹੈ, ਜਦਕਿ ਜੋੜਾਂ ਦੇ ਦਰਦ ਅਤੇ ਸਿਰਦਰਦ ਹੋਰ ਸਰੀਰਕ ਦਿੱਕਤਾਂ ਨਾਲ ਜੁੜੇ ਹੋਏ ਹੋ ਸਕਦੇ ਹਨ।

ਅਜਿਹੇ ਵਿੱਚ ਕਿਸੇ ਐਪ ਜਾਂ ਡਾਇਰੀ ਦੀ ਵਰਤੋਂ ਕਰਕੇ ਲੱਛਣਾਂ ਨੂੰ ਟ੍ਰੈਕ ਕਰਨਾ ਅਤੇ ਡਾਕਟਰਾਂ ਨਾਲ ਸਲਾਹ ਕਰਨਾ, ਇਹ ਤੈਅ ਕਰਨ ਵਿੱਚ ਮਦਦ ਕਰ ਸਕਦਾ ਹੈ ਕਿ ਪੇਰੀਮੀਨੋਪੌਜ਼ ਜਾਂ ਕੋਈ ਹੋਰ ਸਿਹਤ ਦਿੱਕਤ ਇਸ ਦੀ ਵਜ੍ਹਾ ਹੈ ਜਾਂ ਨਹੀਂ।

ਖੂਨ ਦੀ ਜਾਂਚ ਨਾਲ ਵੀ ਇਸਦਾ ਬਿਹਤਰ ਪਤਾ ਲੱਗ ਸਕਦਾ ਹੈ ਪਰ ਹਾਰਮੋਨਜ਼ ਵਿੱਚ ਉਤਰਾਅ ਚੜ੍ਹਾਅ ਦੇ ਕਾਰਨ ਇਹ ਰਿਪੋਰਟ ਵੀ ਪ੍ਰਭਾਵਿਤ ਹੋ ਸਕਦੀ ਹੈ।

ਅਜਿਹੇ ਵਿੱਚ ਸਹੀ ਕਾਰਨ ਜਾਣਨ ਦੇ ਲਈ ਇਸ ਦੇ ਲੱਛਣਾਂ ਉੱਤੇ ਨਜ਼ਰ ਰੱਖਣਾ ਅਤੇ ਆਪਣੀ ਮੈਡੀਕਲ ਹਿਸਟਰੀ ਦੀ ਜਾਣਕਾਰੀ ਰੱਖਣਾ ਸਭ ਤੋਂ ਬਿਹਤਰ ਤਰੀਕਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

source : BBC PUNJABI