Source :- BBC PUNJABI
ਹੋ ਸਕਦਾ ਹੈ ਕਿ ਇੱਕ ਦਫ਼ਤਰ ਵਿੱਚ ਕੰਮ ਕਰਨ ਵਾਲਾ ਮੁਲਾਜ਼ਮ ਤਣਾਅਪੂਰਨ ਮਾਹੌਲ ਵਿੱਚ ਕੰਮ ਕਰ ਰਿਹਾ ਹੋਵੇ, ਜਾਂ ਕੋਈ ਵਿਦਿਆਰਥੀ ਆਪਣੀ ਪ੍ਰੀਖਿਆ ਨੂੰ ਲੈ ਕੇ ਚਿੰਤਤ ਹੋਵੇ।
ਤਣਾਅ ਅਚਾਨਕ ਕਿਸੇ ਖ਼ੁਸ਼ ਵਿਅਕਤੀ ਦੀ ਜ਼ਿੰਦਗੀ ਵਿੱਚ ਵੀ ਆ ਸਕਦਾ ਹੈ।
ਅਜਿਹੀਆਂ ਸਥਿਤੀਆਂ ਵਿੱਚ, ਕੋਈ ਵਿਅਕਤੀ ਅਸਾਧਾਰਨ ਲੱਛਣ ਮਹਿਸੂਸ ਕਰ ਸਕਦਾ ਹੈ ਜਿਵੇਂ ਕਿ ਸਾਹ ਚੜ੍ਹਨਾ, ਦਿਲ ਦੀ ਧੜਕਣ ਵਧਣਾ ਜਾਂ ਪਸੀਨਾ ਆਉਣਾ। ਇਹ ਇੱਕ ‘ਪੈਨਿਕ ਅਟੈਕ’ ਹੈ।
ਦੂਜੇ ਸ਼ਬਦਾਂ ਵਿੱਚ, ਇੱਕ ਪੈਨਿਕ ਅਟੈਕ ਅਚਾਨਕ ਬਹੁਤ ਜ਼ਿਆਦਾ ਡਰ ਦੇ ਭਾਵ ਵਿੱਚੋਂ ਨਿਕਲ ਰਹੇ ਸਰੀਰ ਦਾ ਪ੍ਰਤੀਕਰਮ ਹੈ।
ਇਸ ਬਾਰੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੈਨਿਕ ਅਟੈਕ ਦੀ ਭਵਿੱਖਬਾਣੀ ਕਰਨਾ ਅਸੰਭਵ ਹੈ ਕਿ ਇਹ ਕਿਉਂ ਜਾਂ ਕਦੋਂ ਵਾਪਰੇਗਾ।
ਕਿਲਪੌਕ ਸਰਕਾਰੀ ਮਾਨਸਿਕ ਹਸਪਤਾਲ ਦੀ ਡਾਇਰੈਕਟਰ, ਡਾ. ਪੂਰਨਾ ਚੰਦਰਿਕਾ ਕਹਿੰਦੇ ਹਨ, “ਜਦੋਂ ਕੁਝ ਲੋਕਾਂ ਨੂੰ ਬਹੁਤ ਤਣਾਅ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਸਰੀਰ ਸਵੈ-ਇੱਛਾ ਨਾਲ ਘਬਰਾਹਟ ਦੀ ਸਥਿਤੀ ਵਿੱਚ ਚਲਾ ਜਾਂਦਾ ਹੈ।”
“ਫਿਰ, ਸਰੀਰ ਵਿੱਚ ਕੁਝ ਤਬਦੀਲੀਆਂ ਵਾਪਰਦੀਆਂ ਹਨ। ਇਹ ਬਦਲਾਅ ਅਸਲ ਵਿੱਚ ਕਿਸੇ ਖ਼ਤਰੇ ਪ੍ਰਤੀ ਪ੍ਰਤੀਕਿਰਿਆ ਹੀ ਹੁੰਦੇ ਹਨ। ਨਤੀਜਾ ਹੁੰਦਾ ਹੈ ‘ਇੱਕ ਪੈਨਿਕ ਅਟੈਕ’। “
ਪੈਨਿਕ ਅਟੈਕ ਕੀ ਹੈ?
ਆਮ ਤੌਰ ‘ਤੇ, ਚਿੰਤਾ ਅਤੇ ਉਲਝਣ ਵਰਗੀਆਂ ਸਮੱਸਿਆਵਾਂ ਲੰਬੇ ਸਮੇਂ ਤੱਕ ਰਹਿੰਦੀਆਂ ਹਨ।
ਪੈਨਿਕ ਅਟੈਕ ਇਨ੍ਹਾਂ ਨਾਲੋਂ ਅਲੱਗ ਹੁੰਦੇ ਹਨ। ਇਹ ਇੱਕ ਮਾਨਸਿਕ-ਸਰੀਰਕ ਪ੍ਰਭਾਵ ਹੈ ਜੋ ਸਿਰਫ ਕੁਝ ਮਿੰਟਾਂ ਲਈ ਰਹਿੰਦਾ ਹੈ।
ਪੂਰਨਾ ਚੰਦਰਿਕਾ ਕਹਿੰਦੇ ਹਨ ਕਿ, “ਉਨ੍ਹਾਂ ਕੁਝ ਮਿੰਟਾਂ ਦੌਰਾਨ, ਇਸ ਤੋਂ ਪ੍ਰਭਾਵਿਤ ਲੋਕ ਤੀਬਰ ਡਰ ਦਾ ਅਨੁਭਵ ਕਰਦੇ ਹਨ, ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਜਾਨ ਚਲੀ ਜਾਵੇਗੀ।”
“ਇਸ ਸਥਿਤੀ ਨਾਲ ਵੀ ਕਿਸੇ ਹੋਰ ਮਨੋਵਿਗਿਆਨਕ ਸਮੱਸਿਆ ਵਾਂਗ ਨਜਿੱਠਿਆ ਜਾਣਾ ਚਾਹੀਦਾ ਹੈ।”
“ਪੈਨਿਕ ਅਟੈਕ ਦੌਰਾਨ ਜੀਵ ਵਿਗਿਆਨ, ਮਨੋਵਿਗਿਆਨ ਅਤੇ ਸਮਾਜ ਤਿੰਨੋ ਭੂਮਿਕਾ ਨਿਭਾਉਂਦੇ ਹਨ।”
ਉਨ੍ਹਾਂ ਨੇ ਸਮਝਾਇਆ ਕਿ ਕੁਝ ਲੋਕਾਂ ਨੇ ਜ਼ਿੰਦਗੀ ਵਿੱਚ ਕਿਸੇ ਅਜਿਹੀ ਘਟਨਾ ਦਾ ਅਨੁਭਵ ਕੀਤਾ ਹੋ ਸਕਦਾ ਹੈ ਜਿਸਦਾ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਬੇਹੱਦ ਅਸਰ ਪਿਆ ਹੋਵੇ ਅਤੇ ਜੇਕਰ ਭਵਿੱਖ ਵਿੱਚ ਅਜਿਹੀ ਸਥਿਤੀ ਪੈਦਾ ਹੁੰਦੀ ਹੈ, ਤਾਂ ਉਨ੍ਹਾਂ ਦਾ ਅਵਚੇਤਨ ਮਨ ਅਣਜਾਣੇ ਵਿੱਚ ‘ਖਤਰੇ’ ਦਾ ਅਲਾਰਮ ਵਜਾਏਗਾ।
ਇਹ ਅਚਾਨਕ ਅਣਕਿਆਸੇ ਹਾਲਾਤ ਪੈਨਿਕ ਅਟੈਕ ਦਾ ਕਾਰਨ ਹੋ ਸਕਦਾ ਹੈ।
ਉਦਾਹਰਨ ਲਈ, ਜੇ ਇੱਕ ਵਿਅਕਤੀ ਨੂੰ ਇੱਕ ਬੱਚੇ ਦੇ ਰੂਪ ਵਿੱਚ ਇੱਕ ਬਹੁਤ ਹੀ ਹਨੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਤਾਂ ਉਸ ਘਟਨਾ ਦਾ ਪ੍ਰਭਾਵ ਉਸਦੇ ਅਵਚੇਤਨ ਮਨ ਉੱਤੇ ਛਪ ਜਾਵੇਗਾ।
ਵੱਡੇ ਹੋਣ ਤੋਂ ਬਾਅਦ ਵੀ, ਜੇ ਉਸ ਨੂੰ ਦੁਬਾਰਾ ਉਸ ਸਥਿਤੀ ਵਿੱਚ ਪਾ ਦਿੱਤਾ ਜਾਵੇ ਜਾਂ ਉਸ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਉਸ ਨੂੰ ਪੈਨਿਕ ਅਟੈਕ ਆ ਸਕਦਾ ਹੈ।
ਅਪੋਲੋ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ, ਨਿਊਰੋਲੋਜਿਸਟ ਡਾਕਟਰ ਪ੍ਰਬਾਸ਼ ਪ੍ਰਭਾਕਰਨ ਕਹਿੰਦੇ ਹਨ ਕਿ ਇਹ ਕਿਸੇ ਹੋਰ ਮਨੋਵਿਗਿਆਨਕ ਸਮੱਸਿਆ ਵਾਂਗ ਹੈ। ਹਾਲਾਂਕਿ ਇਸ ਮਨੋਵਿਗਿਆਨਕ ਸਥਿਤੀ ਦਾ ਕਾਰਨ ਜੈਨੇਟਿਕ ਵੀ ਹੋ ਸਕਦਾ ਹੈ।
ਉਨ੍ਹਾਂ ਦੱਸਦੇ ਹਨ ਕਿ ਜ਼ਿੰਦਗੀ ਦੇ ਦੁਖਦਾਈ ਤਜਰਬੇ, ਗੰਭੀਰ ਤਣਾਅ ਅਤੇ ਜੀਵਨ ਵਿੱਚ ਅਚਾਨਕ ਆਈਆਂ ਤਬਦੀਲੀਆਂ ਵੀ ਪੈਨਿਕ ਅਟੈਕ ਦਾ ਕਾਰਨ ਹੋ ਸਕਦੀਆਂ ਹਨ|
ਕੀ ਇਸ ਨੂੰ ਦਿਲ ਦਾ ਦੌਰਾ ਸਮਝਿਆ ਜਾਂਦਾ ਹੈ?
ਬਹੁਤ ਸਾਰੇ ਲੋਕ ਜੇ ਕਦੇ ਲਿਫ਼ਟ ਵਿੱਚ ਫ਼ਸ ਜਾਣ ਦਾਂ ਚਿੰਤਾ ਦਾ ਅਨੁਭਵ ਕਰਦੇ ਹਨ।
ਡਾਕਟਰ ਪੂਰਨਾ ਕਹਿੰਦੇ ਹਨ ਕਿ ਕਈ ਵਾਰ ਇੱਕ ਵਾਰ ਦਾ ਤਜ਼ਰਬਾ ਵਾਰ-ਵਾਰ ਦੀ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਬਹੁਤ ਵਾਰ ਦੇਖਿਆ ਗਿਆ ਹੈ ਕਿ ਅਜਿਹਾ ਵਿਅਕਤੀ ਜਿਸ ਦਾ ਇੱਕ ਵਾਰ ਲਿਫ਼ਟ ਦਾ ਤਜ਼ਰਬਾ ਠੀਕ ਨਾ ਰਿਹਾ ਹੋਵੇ ਜਦੋਂ ਵੀ ਲਿਫ਼ਟ ਵਿੱਚ ਜਾਵੇਗਾ ਤਾਂ ਪੈਨਿਕ ਮਹਿਸੂਸ ਕਰੇਗਾ।
ਉਹ ਕਹਿੰਦੇ ਹਨ,”ਬਹੁਤ ਸਾਰੀਆਂ ਪ੍ਰਤੀਕ੍ਰਿਆਵਾਂ ਇੱਕੋ ਸਮੇਂ ਹੁੰਦੀਆਂ ਹਨ, ਜਿਵੇਂ ਕਿ ਮੂੰਹ ਵਿੱਚ ਖੁਸ਼ਕੀ, ਪਿਸ਼ਾਬ ਕਰਨ ਦੀ ਇੱਛਾ, ਦਿਲ ਦੀ ਧੜਕਣ ਦਾ ਵੱਧਣਾ, ਮੁੰਹ ਸੁੱਕਣਾ ਅਤੇ ਪੇਟ ਵਿੱਚ ਬੇਅਰਾਮੀ।”
“ਉਸ ਸਮੇਂ, ਉਹ ਇੰਨਾ ਡਰ ਮਹਿਸੂਸ ਕਰਦੇ ਹਨ ਕਿ ਉਹ ਸੋਚਦੇ ਹਨ ‘ਅਸੀਂ ਮਰਨ ਜਾ ਰਹੇ ਹਾਂ।”
ਉਨ੍ਹਾਂ ਕਿਹਾ ਕਿ ਉਸ ਸਥਿਤੀ ਵਿੱਚ ਕਈ ਲੋਕਾਂ ਨੂੰ ਸਰੀਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੇ ਕਾਰਨ ਛਾਤੀ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ।
ਬਹੁਤ ਸਾਰੇ ਲੋਕ ਇਸ ਸਥਿਤੀ ਨੂੰ ਦਿਲ ਦਾ ਦੌਰਾ ਸਮਝ ਸਕਦੇ ਹਨ।
“ਜਦੋਂ ਕਿਸੇ ਨੂੰ ਪਹਿਲਾ ਪੈਨਿਕ ਅਟੈਕ ਹੁੰਦਾ ਹੈ ਤਾਂ ਜ਼ਿਆਦਾਤਰ ਲੋਕ ਤੁਰੰਤ ਡਾਕਟਰੀ ਜਾਂਚ ਲਈ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਡਰ ਹੁੰਦਾ ਹੈ।”
ਪੂਰਨਾ ਚੰਦਰਿਕਾ ਨੇ ਦੱਸਿਆ, “ਪਰ ਜਦੋਂ ਇਹ ਇੱਕ ਤੋਂ ਵੱਧ ਵਾਰ ਹੁੰਦਾ ਹੈ ਤਾਂ ਡਾਕਟਰ ਅਤੇ ਮਰੀਜ਼ ਦੋਵੇਂ ਸਮਝ ਜਾਂਦੇ ਹਨ ਕਿ ਇਹ ਪੈਨਿਕ ਅਟੈਕ ਹੈ।”
ਉਹ ਕਹਿੰਦੇ ਹਨ ਕਿ ਪੈਨਿਕ ਅਟੈਕ ਦੇ ਪੀੜਤਾਂ ਨੂੰ ਮਨੋਵਿਗਿਆਨੀ ਦੀ ਸਲਾਹ ਲੈਣੀ ਚਾਹੀਦੀ ਹੈ।
ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਪੈਨਿਕ ਅਟੈਕ ਆਇਆ ਹੈ?
ਡਾਕਟਰ ਪੂਰਨਾ ਚੰਦਰਿਕਾ ਦਾ ਕਹਿਣਾ ਹੈ ਕਿ ਪਹਿਲੀ ਵਾਰ ਪੈਨਿਕ ਅਟੈਕ ਆਉਣ ‘ਤੇ ਨਿਸ਼ਚਤ ਤੌਰ ‘ਤੇ ਇਸ ਦਾ ਅੰਦਾਜਾ ਲਾਉਣਾ ਔਖਾ ਹੁੰਦਾ ਹੈ।
ਉਨ੍ਹਾਂ ਦੇ ਮੁਤਾਬਕ, ਜਦੋਂ ਪੈਨਿਕ ਅਟੈਕ ਦੇ ਲੱਛਣ ਪਹਿਲੀ ਵਾਰ ਆਉਂਦੇ ਹਨ, ਤਾਂ ਇਹ ਯਕੀਨੀ ਬਣਾਉਣ ਲਈ ਹੋਰ ਮੈਡੀਕਲ ਟੈਸਟ ਕਰਵਾਉਣੇ ਮਹੱਤਵਪੂਰਨ ਹੁੰਦੇ ਹਨ ਤਾਂ ਜੋ ਸਿਹਤ ਦੀ ਸਾਰੇ ਮਾਪਦੰਡਾ ਤੋਂ ਪੜਤਾਲ ਕੀਤੀ ਜਾ ਸਕੇ।
ਜੇਕਰ ਬਾਕੀ ਪੱਖ ਠੀਕ ਹੋਣ ਤਾਂ ਪੈਨਿਕ ਅਟੈਕ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੀ ਸਥਿਤੀ ਵਿੱਚ, “ਇੱਕ ਮਨੋਵਿਗਿਆਨੀ ਨਾਲ ਸਲਾਹ ਕਰੋ ਅਤੇ ਇਲਾਜ ਨਾਲ ਲੋਕ ਅਕਸਰ ਭਵਿੱਖ ਦੇ ਪੈਨਿਕ ਅਟੈਕ ਤੋਂ ਬਚ ਸਕਦੇ ਹਨ।”
ਪੈਨਿਕ ਅਟੈਕ ਦੌਰਾਨ, ਦਿਮਾਗ ਇੱਕ ਡਰ ਦਾ ਭਾਵ ਪੈਦਾ ਕਰਦਾ ਹੈ ਕਿ ਜਾਨ ਨਿਕਲਣ ਵਾਲੀ ਹੈ। ਇਹ ਭਾਵ ਹੀ ਪ੍ਰਭਾਵਿਤ ਲੋਕਾਂ ਨੂੰ ਵਿੱਚ ਸਹਿਮ ਪੈਦਾ ਕਰਦਾ ਹੈ।
ਪੈਨਿਕ ਅਟੈਕ ਦੇ ਲੱਛਣ ਕੀ ਹਨ?
ਡਾਕਟਰ ਪੂਰਨਾ ਚੰਦਰਿਕਾ ਦਾ ਕਹਿਣਾ ਹੈ ਕਿ ਕੁਝ ਲੋਕ, ਜਿਹੜੇ ਕਿ ਤਣਾਅ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ਅਤੇ ਬਹੁਤ ਜ਼ਿਆਦਾ ਚਿੰਤਾ ਕਰਦੇ ਹਨ, ਉਨ੍ਹਾਂ ਵਿੱਚ ਪੈਨਿਕ ਅਟੈਕ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਉਹ ਕਹਿੰਦੇ ਹਨ, “ਕੁਝ ਲੋਕ ਬਿਨਾਂ ਕਿਸੇ ਰੁਕਾਵਟ ਦੇ ਕਿਸੇ ਵੀ ਸਥਿਤੀ ਵਿੱਚ ਸ਼ਾਂਤ ਰਹਿੰਦੇ ਹਨ। ਹਾਲਾਂਕਿ, ਕੁਝ ਲੋਕ ਮਾਮੂਲੀ ਜਿਹੀ ਵਾਈਬ੍ਰੇਸ਼ਨ ‘ਤੇ ਵੀ ਬਹੁਤ ਘਬਰਾ ਜਾਂਦੇ ਹਨ। ਅਜਿਹੇ ਲੋਕ ਪੈਨਿਕ ਅਟੈਕ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ।”
ਡਾਕਟਰ ਪੂਰਨਾ ਮੁਤਾਬਕ ਹਾਲਾਂਕਿ, ਲੱਛਣ ਹਰ ਕਿਸੇ ਲਈ ਇੱਕੋ ਜਿਹੇ ਨਹੀਂ ਹੁੰਦੇ ਬਲਕਿ ਹਰੇਕ ਵਿਅਕਤੀ ਲਈ ਵੱਖਰੇ ਹੋ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਪੈਨਿਕ ਅਟੈਕ ਦੇ ਦੌਰਾਨ ਦਿਲ ਦੀ ਧੜਕਣ ਤੇਜ਼ ਹੋਣਾ, ਸਾਹ ਚੜ੍ਹਨਾ, ਛਾਤੀ ਵਿੱਚ ਦਰਦ ਜਾਂ ਬੇਅਰਾਮੀ, ਬੇਹੋਸ਼ੀ ਦੀ ਭਾਵਨਾ, ਪਸੀਨਾ ਆਉਣਾ, ਸਰੀਰ ਦਾ ਕੰਬਣਾ, ਮਤਲੀ ਅਤੇ ਹੋਸ਼ ਗੁਆਉਣ ਦੀ ਭਾਵਨਾ ਵਰਗੇ ਲੱਛਣ ਮਹਿਸੂਸ ਹੋ ਸਕਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਵਿੱਚੋਂ ਕੁਝ ਲੱਛਣ ਅਚਾਨਕ ਬਿਨਾਂ ਕਿਸੇ ਕਾਰਨ ਹੋ ਜਾਣ ਤਾਂ ਇਹ ਪੈਨਿਕ ਅਟੈਕ ਹੋ ਸਕਦਾ ਹੈ।
ਪੈਨਿਕ ਅਟੈਕ ਦੌਰਾਨ ਦਿਮਾਗ ਕਿਵੇਂ ਕੰਮ ਕਰਦਾ ਹੈ?
ਬੀਬੀਸੀ ਤਮਿਲ ਨੂੰ ਇਹ ਦੱਸਦੇ ਹੋਏ ਕਿ ਦਿਮਾਗ ਦਾ ਕਿਹੜਾ ਹਿੱਸਾ ਪੈਨਿਕ ਅਟੈਕ ਪੈਦਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ, ਡਾ ਪ੍ਰਬਾਸ਼ ਨੇ ਕਿਹਾ, “ਦਿਮਾਗ ਦਾ ਪ੍ਰੀਫ੍ਰੰਟਲ ਕਾਰਟੈਕਸ ਉੱਚ ਬੋਧਾਤਮਕ ਕਾਰਜਾਂ ਜਿਵੇਂ ਕਿ ਫ਼ੈਸਲੇ ਲੈਣ ਅਤੇ ਭਾਵਨਾਵਾਂ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦਾ ਹੈ।”
“ਐਮੀਗਡਾਲਾ ਸਾਡੀਆਂ ਭਾਵਨਾਵਾਂ, ਖਾਸ ਕਰਕੇ ਡਰ ਦੀ ਭਾਵਨਾ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।”
ਉਹ ਦੱਸਦੇ ਹਨ, “ਪਰ ਪੈਨਿਕ ਅਟੈਕ ਦੇ ਦੌਰਾਨ, ਐਮੀਗਡਾਲਾ ਵਿੱਚ ਤੇਜ਼ੀ ਨਾਲ ਬਦਲਾਅ ਹੁੰਦੇ ਹਨ। ਨਤੀਜੇ ਵਜੋਂ, ਤੀਬਰ ਡਰ ਪੈਦਾ ਹੁੰਦਾ ਹੈ, ਭਾਵੇਂ ਕੋਈ ਅਸਲ ਖ਼ਤਰਾ ਨਾ ਹੋਵੇ।”
“ਪ੍ਰੀਫ੍ਰੰਟਲ ਕਾਰਟੈਕਸ ਐਮੀਗਡਾਲਾ ਤੋਂ ਆਉਣ ਵਾਲੀਆਂ ਬਹੁਤ ਜ਼ਿਆਦਾ ਡਰ ਦੀਆਂ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਅਸਮਰੱਥ ਹੋ ਜਾਂਦਾ ਹੈ।”
ਇਸ ਦੌਰਾਨ ਡਾਕਟਰ ਪ੍ਰਬਾਸ਼ ਨੇ ਇਹ ਵੀ ਕਿਹਾ ਕਿ ਹਾਈਪੋਥੈਲੇਮਸ, ਦਿਮਾਗ਼ ਦਾ ਉਹ ਹਿੱਸਾ ਜੋ ਤਣਾਅ ਨੂੰ ਪ੍ਰਤੀਕਿਰਿਆ ਦੇਣ ਲਈ ਉਤੇਜਿਤ ਹੁੰਦਾ ਹੈ, ਜਿਸ ਨਾਲ ਦਿਲ ਦੀ ਧੜਕਣ ਵਧਣਾ, ਸਾਹ ਚੜ੍ਹਨਾ ਅਤੇ ਪਸੀਨਾ ਆਉਣਾ ਵਰਗੇ ਲੱਛਣ ਪੈਦਾ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਹਿਪੋਕੈਂਪਸ, ਦਿਮਾਗ ਦਾ ਇੱਕ ਹਿੱਸਾ ਜੋ ਭਾਵਨਾਤਮਕ ਯਾਦਾਂ ਨੂੰ ਬਣਾਉਣ ਅਤੇ ਯਾਦ ਰੱਖਣ ਵਿੱਚ ਮਦਦ ਕਰਦਾ ਹੈ, ਇਹ ਹਿੱਸਾ ਸਾਨੂੰ ਪਿਛਲੀਆਂ ਮਾੜੀਆਂ ਘਟਨਾਵਾਂ ਦੀ ਯਾਦ ਦਿਵਾ ਕੇ ਪੈਨਿਕ ਹਮਲੇ ਸ਼ੁਰੂ ਕਰ ਸਕਦਾ ਹੈ।
ਕੀ ਇਹ ਜੈਨੇਟਿਕ ਵੀ ਹੋ ਸਕਦਾ ਹੈ?
ਇਹ ਪੁੱਛੇ ਜਾਣ ‘ਤੇ ਕਿ ਕੀ ਇਸ ਸਥਿਤੀ ਦੀ ਕੋਈ ਜੈਨੇਟਿਕ ਪ੍ਰਵਿਰਤੀ ਹੈ, ਡਾਕਟਰ ਪ੍ਰਬਾਸ਼ ਨੇ ਕਿਹਾ, “ਇਸ ਵਿੱਚ ਤਿੰਨ ਕਾਰਕ ਅਹਿਮ ਭੂਮਿਕਾ ਨਿਭਾਉਂਦੇ ਹਨ, ਜੈਨੇਟਿਕਸ, ਵਾਤਾਵਰਣ ਅਤੇ ਮਨੋਵਿਗਿਆਨ।”
“ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜੇ ਕਿਸੇ ਦੇ ਮਾਪਿਆਂ ਨੂੰ ਪੈਨਿਕ ਅਟੈਕ ਦੀ ਸੰਭਾਵਨਾ ਰਹੀ ਹੋਵੇ ਤਾਂ ਬੱਚਿਆਂ ਵਿੱਚ ਵੀ ਇਹ ਸਥਿਤੀ ਪੈਦਾ ਹੋਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ।”
ਉਨ੍ਹਾਂ ਮੁਤਾਬਕ, ਜੈਨੇਟਿਕ ਹਾਲਾਤ ਦਿਮਾਗ ਦੇ ਕੁਝ ਰਸਾਇਣਾਂ ਦੇ ਕੰਮ ਕਰਨ ਦੀ ਤਰੀਕੇ ਨੂੰ ਪ੍ਰਭਾਵਿਤ ਕਰ ਸਕਦੇ ਹਨ।
“ਇਹ ਚਿੰਤਾ ਦਾ ਕਾਰਨ ਬਣ ਸਕਦਾ ਹੈ।
ਉਨ੍ਹਾਂ ਕਿਹਾ, “ਨਿਊਰੋਟ੍ਰਾਂਸਮੀਟਰ ਪ੍ਰਣਾਲੀਆਂ ਨਾਲ ਜੁੜੇ ਜੀਨਾਂ ਵਿੱਚ ਭਿੰਨਤਾਵਾਂ ਜੋ ਮੂਡ ਰੈਗੂਲੇਸ਼ਨ ਵਿੱਚ ਭੂਮਿਕਾ ਨਿਭਾਉਂਦੀਆਂ ਹਨ, ਪੈਨਿਕ ਅਟੈਕ ਦੇ ਜੋਖਮ ਨੂੰ ਵਧਾਉਂਦੀਆਂ ਹਨ।”
ਕੀ ਪੈਨਿਕ ਹਮਲਿਆਂ ਤੋਂ ਬਚਿਆ ਜਾ ਸਕਦਾ ਹੈ?
ਮਾਹਰ ਸਿਫ਼ਾਰਸ਼ ਕਰਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਘੱਟੋ-ਘੱਟ ਇੱਕ ਵਾਰ ਪੈਨਿਕ ਅਟੈਕ ਦਾ ਅਨੁਭਵ ਕੀਤਾ ਹੈ, ਉਹ ਅਜਿਹੀਆਂ ਸਥਿਤੀਆਂ ਦਾ ਅੰਦਾਜ਼ਾ ਲਗਾ ਕੇ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਤਾਂ ਜੋ ਵਾਰ-ਵਾਰ ਪੈਨਿਕ ਅਟੈਕ ਦੀ ਸੰਭਾਵਨਾ ਤੋਂ ਬਚ ਸਕਣ।
ਡਾਕਟਰ ਪੂਰਨਾ ਚੰਦਰਿਕਾ ਕਹਿੰਦੇ ਹਨ ਕਿ ਆਪਣੇ ਰੋਜ਼ਾਨਾ ਜੀਵਨ ਵਿੱਚ ਕੁਝ ਬਦਲਾਅ ਕਰਨ ਨਾਲ ਵੀ ਮਦਦ ਮਿਲ ਸਕਦੀ ਹੈ,
“ਉਹ ਸਥਿਤੀਆਂ ਜੋ ਅਕਸਰ ਤਣਾਅ ਦਾ ਕਾਰਨ ਬਣ ਸਕਦੀਆਂ ਹਨ ਤੋਂ ਬਚਣਾ ਚਾਹੀਦਾ ਹੈ।
ਉਦਾਹਰਨ ਲਈ, ਜੇ ਕਿਸੇ ਵਿਅਕਤੀ ਲਈ ਕੰਮ ਦਾ ਮਾਹੌਲ ਬਹੁਤ ਤਣਾਅਪੂਰਨ ਹੈ ਅਤੇ ਇਹ ਉਸ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੀ ਸਥਿਤੀ ਮਾਹਰ ਕੰਮ ਜਾਂ ਕੰਮ ਦੇ ਹਾਲਾਤ ਬਦਲਣ ਦੀ ਸਲਾਹ ਦਿੰਦੇ ਹਨ।”
ਉਹ ਇਹ ਵੀ ਸੁਝਾਅ ਦਿੰਦੇ ਹਨ ਕਿ ਕੁਝ ਅਭਿਆਸਾਂ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਸ਼ਾਮਲ ਕਰਨਾ, ਜਿਵੇਂ ਕਿ ਕਸਰਤ ਅਤੇ ਧਿਆਨ, ਵੀ ਲਾਭਦਾਇਕ ਹੋ ਸਕਦਾ ਹੈ।
ਇਸ ਤੋਂ ਇਲਾਵਾ, ਮਨੋਵਿਗਿਆਨਕ ਇਲਾਜ ਅਤੇ ਦਵਾਈਆਂ ਦੀ ਤਜਵੀਜ਼ ਕੀਤੀ ਜਾਂਦੀ ਹੈ।
ਡਾਕਟਰ ਪੂਰਨਾ ਚੰਦਰਿਕਾ ਦਾ ਕਹਿਣਾ ਹੈ ਕਿ ਜੇਕਰ ਸਰੀਰਿਕ ਦੇ ਨਾਲ-ਨਾਲ ਆਪਣੀ ਮਾਨਸਿਕ ਸਿਹਤ ਦਾ ਵੀ ਖ਼ਿਆਲ ਰੱਖਿਆ ਜਾਂਦਾ ਹੈ ਤਾਂ ਪੈਨਿਕ ਹਮਲਿਆਂ ਤੋਂ ਪੂਰੀ ਤਰ੍ਹਾਂ ਬਚਿਆ ਜਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI