Home rss national punjabi2ਰਾਸ਼ਟਰੀ ਖ਼ਬਰਾਂ ‘ਪੰਜਾਬੀ ਨਹੀਂ ਸਰਾਇਕੀ’: ‘ਛੱਲੜੇ-ਛੱਲੜੇ’ ਗੀਤ ਨਾਲ ਪੰਜਾਬੀ ਅਤੇ ਸਰਾਇਕੀ ਬਾਰੇ ਮੁੜ ਛਿੜੀ...

‘ਪੰਜਾਬੀ ਨਹੀਂ ਸਰਾਇਕੀ’: ‘ਛੱਲੜੇ-ਛੱਲੜੇ’ ਗੀਤ ਨਾਲ ਪੰਜਾਬੀ ਅਤੇ ਸਰਾਇਕੀ ਬਾਰੇ ਮੁੜ ਛਿੜੀ ਕਿਹੜੀ ਬਹਿਸ?

8
0

Source :- BBC PUNJABI

ਛੱਲੜੇ-ਛੱਲੜੇ' ਗੀਤ ਨਾਲ ਪੰਜਾਬੀ ਅਤੇ ਸਰਾਇਕੀ ਬਾਰੇ ਮੁੜ ਛਿੜੀ ਕਿਹੜੀ ਬਹਿਸ

ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਵਾਇਰਲ ਹੋਏ ਗੀਤ ‘ਛੱਲੜੇ-ਛੱਲੜੇ ਵਾਲ’ ਨੇ ਜਿੱਥੇ ਪੌਪ ਸੰਗੀਤ ਦੇ ਦੌਰ ਵਿੱਚ ਇੱਕ ਲੋਕ ਗੀਤ ਨੂੰ ਅੱਗੇ ਲਿਆਂਦਾ ਹੈ, ਉੱਥੇ ਹੀ ਇੱਕ ਵੱਖਰੀ ਚਰਚਾ ਵੀ ਛੇੜੀ ਹੈ।

ਇਸ ਗੀਤ ਦੀਆਂ ਰੀਲਜ਼ ਦੇ ਕੁਮੈਂਟ ਸੈਕਸ਼ਨ ਵਿੱਚ ਤੁਹਾਨੂੰ ਲੋਕ ਇੱਕ ਦੂਜੇ ਨਾਲ ਇਸ ਗੱਲ ਨੂੰ ਲੈ ਕੇ ਉਲਝਦੇ ਨਜ਼ਰ ਆ ਸਕਦੇ ਹਨ ਕਿ ਇਹ ਗੀਤ ਪੰਜਾਬੀ ਵਿੱਚ ਹੈ ਜਾਂ ਸਰਾਇਕੀ ਵਿੱਚ।

ਚੜ੍ਹਦੇ ਪੰਜਾਬ ਦੇ ਕੁਝ ਲੋਕਾਂ ਲਈ ‘ਸਰਾਇਕੀ’ ਇੱਕ ਨਵਾਂ ਅਤੇ ਅਣਜਾਣ ਸ਼ਬਦ ਵੀ ਹੋ ਸਕਦਾ ਹੈ। ਹਾਲਾਂਕਿ ‘ਛੱਲੜੇ-ਛੱਲੜੇ ਵਾਲ’ ਗੀਤ ਕੋਈ ਨਵਾਂ ਨਹੀਂ ਹੈ।

ਪਰ ਸ਼ਾਂਜ਼ੀ ਸਿਆਲ ਅਤੇ ਮੋਹਸਿਨ ਲਸ਼ਾਰੀ ਦੀ ਜੋੜੀ ਵੱਲੋਂ ਇਸ ਗੀਤ ਦਾ ਕਵਰ ਇੰਸਟਾ ਉੱਤੇ ਪਾਏ ਜਾਣ ਮਗਰੋਂ ਇਹ ਦਿਨਾਂ ਵਿੱਚ ਹੀ ਕਰੋੜਾਂ ਵਿਊਜ਼ ਹਾਸਲ ਕਰ ਚੁੱਕਿਆ ਹੈ। ਉਨ੍ਹਾਂ ਦੇ ਆਪਣੇ ਅਕਾਉਂਟ ਉੱਤੇ ਹੀ ਇਸ ਗੀਤ ਦੇ 80 ਮਿਲੀਅਨ ਤੋਂ ਵੱਧ ਵਿਊਜ਼ ਹਨ।

ਇਸ ਤੋਂ ਬਾਅਦ ਹੋਰ ਗਾਇਕ ਵੀ ਇਸ ਨੂੰ ਗਾ ਰਹੇ ਹਨ ਤੇ ਲੋਕ ਵੀ ਪਸੰਦ ਕਰ ਰਹੇ ਹਨ।

ਇਹ ਗੀਤ ਪਾਕਿਸਤਾਨ ਵਿਚਲੇ ਪੰਜਾਬ ਦੇ ਮੀਆਂਵਾਲੀ ਵਿੱਚ ਜੰਮੇ ਸ਼ਫਾਉੱਲਾਹ ਖਾਨ ਰੋਖੜੀ ਸਣੇ ਹੋਰ ਗਾਇਕਾਂ ਨੇ ਵੀ ਗਾਇਆ ਹੈ। ਇਸ ਨਵੇਂ ਗੀਤ ਰਾਹੀਂ ਸਰਾਇਕੀ ਅਤੇ ਪੰਜਾਬੀ ਬਾਰੇ ਬਹਿਸ ਇੱਕ ਵਾਰ ਮੁੜ ਕੇਂਦਰ ਵਿੱਚ ਆਈ ਹੈ।

ਪੰਜਾਬੀ ਜਾਂ ਸਰਾਇਕੀ?

ਸਰਾਇਕੀ ਬੋਲੀ ਦੇ ਪ੍ਰਚਾਰ ਲਈ ਕੰਮ ਕਰਨ ਵਾਲੇ ਅਮੀਰ ਅਲੀ ਸਲਮਾਨ ਨੇ ਦੱਸਿਆ ਕਿ ਕੋਕ ਸਟੂਡੀਓ ਪਾਕਿਸਤਾਨ ਉੱਤੇ ਆਇਆ ਗੀਤ 'ਮਾਹੀ ਦੀਆਂ ਝੋਕਾਂ' ਵੀ ਸਰਾਇਕੀ ਵਿੱਚ ਹੈ, ਜਿਸਨੂੰ ਕਾਫੀ ਪ੍ਰਸ਼ੰਸਾ ਮਿਲੀ ਸੀ

ਜਿੱਥੇ ਕਈ ਲੋਕਾਂ ਵੱਲੋਂ ਸਰਾਇਕੀ ਦੇ ਪੰਜਾਬੀ ਭਾਸ਼ਾ ਦੀ ਉਪ ਬੋਲੀ ਹੋਣ ਦੀ ਗੱਲ ਕਹੀ ਜਾਂਦੀ ਹੈ, ਉੱਥੇ ਹੀ ਸਰਾਇਕੀ ਕਾਰਕੁੰਨ ਇਸ ਨੂੰ ਇੱਕ ਵੱਖਰੀ ਭਾਸ਼ਾ ਮੰਨਦੇ ਹਨ।

ਪਾਕਿਸਤਾਨ ਵਿੱਚ ਸਰਾਇਕੀ ਭਾਸ਼ਾ ਦੀ ਪਛਾਣ ਅਤੇ ਇਸ ਦੇ ਪ੍ਰਚਾਰ ਨਾਲ ਜੁੜੀ ਮੁਹਿੰਮ ਵੱਖਰੇ ਸੂਬੇ ਦੀ ਮੰਗ ਨਾਲ ਵੀ ਜੁੜੀ ਹੋਈ ਹੈ। ਇਸ ਮੰਗ ਨੂੰ ਕੁਝ ਧਿਰਾਂ ‘ਸਰਾਇਕਿਸਤਾਨ’ ਅਤੇ ਕੁਝ ‘ਦੱਖਣੀ ਪੰਜਾਬ’ ਸੂਬੇ ਦੇ ਨਾਂ ਨਾਲ ਪੇਸ਼ ਕਰਦੀਆਂ ਹਨ।

ਪ੍ਰਸਤਾਵਿਤ ਸੂਬੇ ਦੀਆਂ ਹੱਦਾਂ ਬਾਰੇ ਵੱਖ-ਵੱਖ ਵਿਚਾਰ ਹਨ। ਆਮ ਤੌਰ ‘ਤੇ ਇਸ ਵਿੱਚ ਮੁਲਤਾਨ, ਡੇਰਾ ਗਾਜ਼ੀ ਖ਼ਾਨ ਅਤੇ ਬਹਾਵਲਪੁਰ ਡਿਵੀਜ਼ਨਾਂ ਦੇ ਇਲਾਕਿਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ। ਕੁਝ ਸਰਾਇਕੀ ਕਾਰਕੁੰਨ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੀ ਮੰਗ ਕਰਦੇ ਹਨ।

1981 ਦੀ ਪਾਕਿਸਤਾਨੀ ਸੈਂਸਸ (ਮਰਦਮਸ਼ੁਮਾਰੀ) ਵਿੱਚ ਸਰਾਇਕੀ ਨੂੰ ਪੰਜਾਬੀ ਤੋਂ ਵੱਖਰੀ ਮਾਤ-ਭਾਸ਼ਾ ਵਜੋਂ ਦਰਜ ਕੀਤਾ ਗਿਆ ਸੀ।

ਪਾਕਿਸਤਾਨ ਵਿੱਚ 2023 ਵਿੱਚ ਹੋਈ ਸੈਂਸਸ ਵਿੱਚ 2.88 ਕਰੋੜ ਲੋਕਾਂ ਨੇ ਆਪਣੀ ਬੋਲੀ ਸਰਾਇਕੀ ਲਿਖਵਾਈ, ਇਹ ਪਾਕਿਸਤਾਨ ਦੀ ਸਾਰੀ ਆਬਾਦੀ ਦਾ 12 ਫੀਸਦ ਬਣਿਆ।

ਸਰਾਇਕੀ ਭਾਸ਼ਾ ਨਾਲ ਜੁੜੇ ਲੋਕਾਂ ਦਾ ਕੀ ਹੈ ਪੱਖ?

ਅਮੀਰ ਅਲੀ ਸਲਮਾਨ ਪਾਕਿਸਤਾਨ ਵਿੱਚ ਸਰਾਇਕੀ ਬੋਲੀ ਦੇ ਪ੍ਰਚਾਰ ਲਈ ਕੰਮ ਕਰਦੇ ਹਨ। ਉਹ ਕਹਿੰਦੇ ਹਨ, “‘ਦਿੱਲੜੀ ਲੁਟੀਂਦਾ ਯਾਰ ਸੱਜਣ’ ਜਿਹੇ ਲੋਕ ਗੀਤ ਅਤੇ ਗ਼ੁਲਾਮ ਫ਼ਰੀਦ ਦੇ ਲਿਖੇ ਕਲਾਮ ਵੀ ਸਰਾਇਕੀ ਵਿੱਚ ਹਨ।

ਉਹ ਕਹਿੰਦੇ ਹਨ ਕਿ ਸਰਾਇਕੀ ਬੋਲੀ ਮੁਲਤਾਨੀ, ਜਾਟਕੀ ਅਤੇ ਲਹਿਜ਼ਿਆਂ ਦਾ ਗੱਠਜੋੜ ਹੈ। ਇਸ ਦਾ ਲਫ਼ਜ਼, ਲਹਿਜ਼ਾ ਪੰਜਾਬੀ ਨਾਲੋਂ ਕਾਫ਼ੀ ਵੱਖਰੇ ਹਨ।

ਉਨ੍ਹਾਂ ਕਿਹਾ, “ਅਜਿਹੇ ਕਈ ਕਲਾਕਾਰ ਹਨ ਜੋ ਆਪਣੇ ਆਪ ਨੂੰ ਸਰਾਇਕੀ ਕਹਿੰਦੇ ਹਨ ਪਰ ਲੋਕ ਉਨ੍ਹਾਂ ਨੂੰ ਪੰਜਾਬੀ ਗਾਇਕ ਸਮਝਦੇ ਹਨ, ਸਾਡਾ ਮਕਸਦ ਸਾਰੀਆਂ ਬੋਲੀਆਂ ਦੀ ਏਕਤਾ ਹੈ ਨਾ ਕਿ ਇਸ ਨੂੰ ਕਿਸੇ ਵੱਖਰੇਵੇਂ ਦਾ ਆਧਾਰ ਬਣਾਉਣਾ।”

ਉਹ ਕਹਿੰਦੇ ਹਨ ਕਿ ‘ਛੱਲੜੇ-ਛੱਲੜੇ ਵਾਲ’ ਗੀਤ ਵਿੱਚ ਵੀ ਅਜਿਹੇ ਕਈ ਲਫ਼ਜ਼ ਹਨ, ਜੋ ਇਸ ਦੇ ਸਰਾਇਕੀ ਵਿੱਚ ਹੋਣ ਬਾਰੇ ਦਾਅਵੇ ਨੂੰ ਮਜ਼ਬੂਤ ਬਣਾਉਂਦੇ ਹਨ।

ਅਮੀਰ ਅਲੀ ਸਲਮਾਨ ਨੇ ਦੱਸਿਆ ਕਿ ਕੋਕ ਸਟੂਡੀਓ ਪਾਕਿਸਤਾਨ ਉੱਤੇ ਆਇਆ ਗੀਤ ‘ਮਾਹੀ ਦੀਆਂ ਝੋਕਾਂ’ ਵੀ ਸਰਾਇਕੀ ਵਿੱਚ ਹੈ, ਜਿਸਨੂੰ ਕਾਫੀ ਪ੍ਰਸ਼ੰਸਾ ਮਿਲੀ ਸੀ।

ਇਸ ਗੀਤ ਦੀ ਯੂਟਿਊਬ ਉੱਤੇ ਪਈ ਡਿਸਕ੍ਰਿਪਸ਼ਨ ਵਿੱਚ ਵੀ ਇਸ ਨੂੰ ਸਰਾਇਕੀ ਗੀਤ ਦੱਸਿਆ ਗਿਆ ਹੈ।

ਸਰਾਇਕੀ ਅਤੇ ਪੰਜਾਬੀ ਦਾ ਰਿਸ਼ਤਾ?

ਜੋਗਾ ਸਿੰਘ
ਭਾਸ਼ਾ ਵਿਗਿਆਨੀ - Plate no. -11

ਭਾਸ਼ਾ ਵਿਗਿਆਨੀ ਜੋਗਾ ਸਿੰਘ ਦੱਸਦੇ ਹਨ, “ਭਾਸ਼ਾ ਵਿਗਿਆਨੀ ਸਰਾਇਕੀ ਨੂੰ ਪੰਜਾਬੀ ਦੀ ਹੀ ਇੱਕ ਉਪ-ਬੋਲੀ ਮੰਨਦੇ ਹਨ। ਭਾਸ਼ਾਈ ਤੌਰ ‘ਤੇ ਜੇਕਰ ਦੋ ਉਪ-ਬੋਲੀਆਂ ਦੇ ਲੋਕ ਆਪਸ ਵਿੱਚ ਗੱਲਬਾਤ ਕਰਕੇ ਇੱਕ-ਦੂਜੇ ਨੂੰ ਆਸਾਨੀ ਨਾਲ ਸਮਝ ਸਕਦੇ ਹਨ, ਤਾਂ ਉਹ ਇੱਕੋ ਭਾਸ਼ਾ ਦੀਆਂ ਉਪ-ਬੋਲੀਆਂ ਹੁੰਦੀਆਂ ਹਨ।”

ਉਹ ਕਹਿੰਦੇ ਹਨ ਕਿ ਬੋਲੀ ਦੇ ਮਾਮਲੇ ਉੱਤੇ ਲੋਕਾਂ ਵਿੱਚ ਪਈ ਵਿੱਥ ਦੀਆਂ ਜੜ੍ਹਾਂ ਅਸਾਵੇਂ ਵਿਕਾਸ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ, “ਪਾਕਿਸਤਾਨ ਵਿੱਚ ਸਰਾਇਕੀ ਇਲਾਕੇ (ਲਾਹੌਰ ਦੇ ਆਲੇ-ਦੁਆਲੇ ਅਤੇ ਹੋਰ ਇਲਾਕਿਆਂ) ਦਾ ਵਿਕਾਸ ਅਸਾਵਾਂ ਅਤੇ ਘੱਟ ਹੋਇਆ ਹੈ।”

ਚੜ੍ਹਦੇ ਪੰਜਾਬ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਪੰਜਾਬੀ ਅਤੇ ਬਨੂੜ ਦੀ ਪੰਜਾਬੀ ਵਿੱਚ ਵੀ ਫ਼ਰਕ ਹੈ, ਇਸੇ ਤਰ੍ਹਾਂ ਹੀ ਜਦੋਂ ਆਪਾਂ ਮੁਲਤਾਨ ਦੇ ਪਾਸੇ ਵੱਲ੍ਹ ਜਾਂਦੇ ਹਾਂ ਤਾਂ ਬੋਲੀ ਬਦਲਦੀ ਹੈ।

ਉਹ ਕਹਿੰਦੇ ਹਨ, “ਪਾਕਿਸਤਾਨ ਵਿਚਲੇ ਪੰਜਾਬ ਵਿੱਚ ਪੰਜਾਬੀ ਬੋਲਣ ਵਾਲੇ ਲੋਕ ਵੱਧ ਹੁੰਦਿਆਂ ਵੀ ਪੜ੍ਹਾਈ ਉਰਦੂ ਵਿੱਚ ਹੁੰਦੀ ਹੈ, ਅਜਿਹਾ ਬੋਲੀ ਬਾਰੇ ਠੀਕ ਸਮਝ ਨਾ ਹੋਣ ਅਤੇ ਸਿਆਸੀ ਕਾਰਨਾਂ ਕਰਕੇ ਹੈ।”

ਉਹ ਕਹਿੰਦੇ ਹਨ ਸਰਾਇਕੀ ਦਾ ਮਾਮਲਾ, ਦੱਖਣੀ ਏਸ਼ੀਆ ਵਿੱਚ ਬੋਲੀ ਬਾਰੇ ਅਵਿਗਿਆਨਕ ਸਮਝ ਹੋਣ ਕਰਕੇ ਬਣਿਆ ਹੋਇਆ ਹੈ।

ਪੰਜਾਬੀ ਅਤੇ ਸਰਾਇਕੀ ਬਾਰੇ ਬਹਿਸ ਕਿੰਨੀ ਪੁਰਾਣੀ?

ਡਾਕਟਰ ਅਸਮਾ ਫ਼ੈਜ਼
ਪ੍ਰੋਫੈਸਰ, ਰਾਜਨੀਤੀ ਸ਼ਾਸਤਰ
ਲਾਹੌਰ ਯੂਨੀਵਰਸਿਟੀ ਆਫ ਸੋਸ਼ਲ ਸਾਇੰਸਸ Plate no. - 12

ਡਾਕਟਰ ਅਸਮਾ ਫ਼ੈਜ਼ ਲਾਹੌਰ ਯੂਨੀਵਰਸਿਟੀ ਆਫ ਸੋਸ਼ਲ ਸਾਇੰਸਸ ਵਿੱਚ ਰਾਜਨੀਤੀ ਸ਼ਾਸਤਰ ਪੜ੍ਹਾਉਂਦੇ ਹਨ।

ਉਹ ਦੱਸਦੇ ਹਨ, “ਪਾਕਿਸਤਾਨ ਵਿੱਚ ‘ਸਰਾਇਕਿਸਤਾਨ’ ਦੀ ਲਹਿਰ ਇੱਕ ਸਭਿਆਚਾਰਕ ਮੰਗ ਵਜੋਂ ਸ਼ੁਰੂ ਹੋਈ ਸੀ ਅਤੇ ਸਿਆਸੀ ਸੰਘਰਸ਼ ਵਿੱਚ ਬਦਲ ਗਈ, 1980ਵਿਆਂ ਦੇ ਅੰਤ ਵਿੱਚ ਕਈ ਸਿਆਸੀ ਧਿਰਾਂ ਵੀ ਖੜ੍ਹੀਆਂ ਹੋ ਗਈਆਂ।”

ਉਹ ਕਹਿੰਦੇ ਹਨ ਕਿ ਨੌਜਵਾਨਾਂ ਵਿੱਚ ‘ਸਰਾਇਕੀ’ ਪਛਾਣ ਲਈ ਜਾਗਰੂਕ ਹੋਣਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਆਪਣੀ ਪਛਾਣ ਬਾਰੇ ਵਿਸ਼ਵਾਸ ਵਧਿਆ ਹੈ ਤੇ ਟਿੱਕਟੌਕ ਜਿਹੇ ਪਲੈਟਫਾਰਮਜ਼ ਉੱਤੇ ਵੀ ਸਰਾਇਕੀ ਵਿੱਚ ਕੰਟੈਂਟ ਵਧਿਆ ਹੈ।

ਸਭਿਆਚਾਰਕ ਪੱਧਰ ਉੱਤੇ ਸਰਾਇਕੀ ਲਹਿਰ ਕਾਫੀ ਮਜ਼ਬੂਤ ਹੈ ਪਰ ਸਿਆਸੀ ਮੁਹਾਜ਼ ਉੱਤੇ ਇਹ ਕਮਜ਼ੋਰ ਹੈ ਕਿਉਂਕਿ ਇੱਥੇ ਸਰਾਇਕੀ ਪਛਾਣ ਨਾਲ ਜੁੜੀਆਂ ਮਜ਼ਬੂਤ ਪਾਰਟੀਆਂ ਨਹੀਂ ਹਨ।

ਉਹ ਕਹਿੰਦੇ, “ਪੰਜਾਬੀ ਅਤੇ ਸਰਾਇਕੀ ਪੱਖੀਆਂ ਵਿਚਾਲੇ ਇਹ ਬਹਿਸ ਕਾਫੀ ਪੁਰਾਣੀ ਹੈ, ਦੋਵੇਂ ਧਿਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਬੋਲੀ ਵੱਧ ਪੁਰਾਤਨ ਹੈ।”

“1960ਵਿਆਂ ਵਿੱਚ ਸਰਾਇਕੀ ਬੁੱਧੀਜੀਵੀਆਂ ਵੱਲੋਂ ਕਿਤਾਬਾਂ ਛਾਪੇ ਜਾਣ ਦਾ ਦੌਰ ਤੇਜ਼ ਹੋਇਆ, ਸਰਾਇਕੀ ਨੂੰ ਸੈਂਸਸ ਵਿੱਚ ਅਧਿਕਾਰਤ ਤੌਰ ਉੱਤੇ ਮਾਨਤਾ ਮਿਲਣ ਤੋਂ ਬਾਅਦ ਪੰਜਾਬੀ ਬੁੱਧੀਜੀਵੀਆਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋਇਆ।”

ਉਹ ਦੱਸਦੇ ਹਨ ਕਿ ਪਾਕਿਸਤਾਨ ਵਿਚਲੇ ਪੰਜਾਬ ਵਿੱਚ ਬ੍ਰਿਟਿਸ਼ ਕਾਲ ਤੋਂ ਹੀ ਉਰਦੂ ਨੂੰ ਅਪਣਾਇਆ ਗਿਆ, ਪੰਜਾਬੀ ਬੋਲੀ ਜਾਂਦੀ ਹੈ ਪਰ ਇਸ ਵਿੱਚ ਪ੍ਰਕਾਸ਼ਿਤ ਲਿਖ਼ਤਾਂ ਘੱਟ ਹਨ ਇਸ ਕਰਕੇ ਪੰਜਾਬੀ ਬੁੱਧੀਜੀਵੀ ਸਰਾਇਕੀ ਲਹਿਰ ਦੇ ਵਿਰੋਧ ਵਿੱਚ ਵੱਖ-ਵੱਖ ਪ੍ਰਤਿਕਿਰਿਆਵਾਂ ਦਿੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI