Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਚੋਣਾਂ 2027: ਅਕਾਲੀ-ਭਾਜਪਾ ਜਿਹੜੇ ਮੁੱਦਿਆਂ ਉੱਤੇ ਇੱਕ-ਦੂਜੇ ਦੀ ਆਲੋਚਨਾ ਕਰ ਰਹੇ...

ਪੰਜਾਬ ਚੋਣਾਂ 2027: ਅਕਾਲੀ-ਭਾਜਪਾ ਜਿਹੜੇ ਮੁੱਦਿਆਂ ਉੱਤੇ ਇੱਕ-ਦੂਜੇ ਦੀ ਆਲੋਚਨਾ ਕਰ ਰਹੇ ਸੀ, ਕੀ ਉਹ ਮਸਲੇ ਹੁਣ ਗਠਜੋੜ ਲਈ ਚੁਣੌਤੀ ਬਣਨਗੇ

6
0

Source :- BBC PUNJABI

ਭਾਜਪਾ ਅਤੇ ਅਕਾਲੀ ਦਲ

ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਪੁਰਾਣੇ ਸਿਆਸੀ ਭਾਈਵਾਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਗਠਜੋੜ ਹੋ ਗਿਆ ਹੈ।

ਦੋਵਾਂ ਪਾਰਟੀਆਂ ਨੇ ਮੰਗਲਵਾਰ ਨੂੰ ਇਸ ਗਠਜੋੜ ਦਾ ਰਸਮੀ ਐਲਾਨ ਕੀਤਾ। ਹਾਲਾਂਕਿ ਸੀਟਾਂ ਦੀ ਵੰਡ ਬਾਰੇ ਫ਼ਿਲਹਾਲ ਸਥਿਤੀ ਸਪੱਸ਼ਟ ਨਹੀਂ ਹੈ, ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਹੈ ਕਿ ਇਸ ਗਠਜੋੜ ਵਿੱਚ ਅਕਾਲੀ ਦਲ ‘ਵੱਡੇ ਭਰਾ’ ਦੀ ਭੂਮਿਕਾ ਵਿੱਚ ਰਹੇਗਾ।

1996 ਤੋਂ ਚੱਲਿਆ ਆ ਰਿਹਾ ਇਹ ਗਠਜੋੜ, ਜਿਸ ਨੂੰ ਦੋਵਾਂ ਪਾਰਟੀਆਂ ਦੇ ਆਗੂ ਅਕਸਰ ‘ਨਹੁੰ-ਮਾਸ ਦਾ ਰਿਸ਼ਤਾ’ ਦੱਸਦੇ ਹਨ, ਸਤੰਬਰ 2020 ਵਿੱਚ ਟੁੱਟ ਗਿਆ ਸੀ।

ਤਿੰਨ ਖੇਤੀ ਕਾਨੂੰਨਾਂ ਅਤੇ ਫ਼ਸਲਾਂ ਦੇ ਭਾਅ ‘ਤੇ ਕਾਨੂੰਨੀ ਗਾਰੰਟੀ ਦੇ ਮੁੱਦੇ ‘ਤੇ ਕਿਸਾਨ ਅੰਦੋਲਨ ਦੌਰਾਨ ਹਰਸਿਮਰਤ ਕੌਰ ਬਾਦਲ ਨੇ 17 ਸਤੰਬਰ 2020 ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ ਅਤੇ 26 ਸਤੰਬਰ 2020 ਨੂੰ ਅਕਾਲੀ ਦਲ ਨੇ ਐੱਨਡੀਏ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ।

2020 ਤੋਂ ਲੈ ਕੇ 2026 ਵਿੱਚ ਮੁੜ ਇਕੱਠੇ ਹੋਣ ਤੱਕ, ਇਨ੍ਹਾਂ ਛੇ ਸਾਲਾਂ ਦੌਰਾਨ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਵੱਖ-ਵੱਖ ਸਿਆਸੀ ਮੰਚਾਂ ਅਤੇ ਪ੍ਰੈੱਸ ਕਾਨਫਰੰਸਾਂ ਵਿੱਚ ਇੱਕ-ਦੂਜੇ ਖ਼ਿਲਾਫ਼ ਬੇਹੱਦ ਤਿੱਖੀ ਬਿਆਨਬਾਜ਼ੀ ਕਰਦੇ ਦੇਖੇ-ਸੁਣੇ ਗਏ ਹਨ, ਪਰ ਹੁਣ ਸਭ ਕੁਝ ਭੁੱਲਾ ਕੇ ਦੋਵਾਂ ਨੇ ਹੱਥ ਮਿਲਾ ਲਏ ਹਨ ਅਤੇ ਇਸ ਭਾਈਵਾਲੀ ਨੂੰ ਨਾਮ ਦਿੱਤਾ ਹੈ ‘ਪੰਜਾਬ ਦੇ ਹਿੱਤ’।

ਗਠਜੋੜ ਟੁੱਟਣ ਦੇ ਮੁੱਖ ਕਾਰਨ

ਹਰਸਿਮਰਤ ਕੌਰ ਬਾਦਲ

ਸਤੰਬਰ 2020 ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨ ਗਠਜੋੜ ਟੁੱਟਣ ਦਾ ਸਭ ਤੋਂ ਵੱਡਾ ਅਤੇ ਤਤਕਾਲੀ ਕਾਰਨ ਬਣਿਆ। ਸ਼ੁਰੂਆਤੀ ਪੜਾਅ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ,ਜਿਸ ਵਿੱਚ ਪਾਰਟੀ ਦੇ ਸਰਪ੍ਰਸਤ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸ਼ਾਮਲ ਸਨ, ਨੇ ਇਨ੍ਹਾਂ ਆਰਡੀਨੈਂਸਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ।

ਪਰ ਪੰਜਾਬ ਦੇ ਪਿੰਡਾਂ ਵਿੱਚ ਕਿਸਾਨਾਂ ਦੇ ਵਧਦੇ ਰੋਹ ਅਤੇ ਅਕਾਲੀ ਆਗੂਆਂ ਦੇ ਘਿਰਾਓ ਤੋਂ ਬਾਅਦ ਪਾਰਟੀ ‘ਤੇ ਦਬਾਅ ਵਧਿਆ, ਜਿਸ ਮਗਰੋਂ ਅਕਾਲੀ ਦਲ ਨੇ ਐੱਨਡੀਏ ਛੱਡਣ ਅਤੇ ਖੇਤੀ ਕਾਨੂੰਨਾਂ ਦਾ ਖੁੱਲ੍ਹ ਕੇ ਵਿਰੋਧ ਕਰਨ ਦਾ ਫ਼ੈਸਲਾ ਲਿਆ ਸੀ।

ਕਿਸਾਨੀ ਮੁੱਦਿਆਂ ‘ਤੇ ਆਹਮੋ-ਸਾਹਮਣੇ

ਕਿਸਾਨ ਅੰਦੋਲਨ

ਕਿਸਾਨ ਅੰਦੋਲਨ ਦੌਰਾਨ ਜਦੋਂ ਭਾਜਪਾ ਦੇ ਕੁਝ ਆਗੂਆਂ ਨੇ ਅੰਦੋਲਨਕਾਰੀਆਂ ਖ਼ਿਲਾਫ਼ ਸਖ਼ਤ ਸ਼ਬਦਾਵਲੀ ਵਰਤੀ ਅਤੇ ‘ਟੁਕੜੇ-ਟੁਕੜੇ ਗੈਂਗ’ ਵਰਗੇ ਸ਼ਬਦਾਂ ਦਾ ਜ਼ਿਕਰ ਕੀਤਾ, ਤਾਂ ਅਕਾਲੀ ਦਲ ਨੇ ਇਸ ਦਾ ਸਖ਼ਤ ਜਵਾਬ ਦਿੱਤਾ ਸੀ।

15 ਦਸੰਬਰ 2020 ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨੂੰ ਹੀ ‘ਦੇਸ਼ ਵਿੱਚ ਅਸਲੀ ਟੁਕੜੇ-ਟੁਕੜੇ ਗੈਂਗ’ ਕਰਾਰ ਦਿੱਤਾ ਸੀ ਅਤੇ ਪੰਜਾਬ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੇ ਇਲਜ਼ਾਮ ਲਾਏ ਸਨ।

ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸੰਸਦ ਅਤੇ ਪੰਜਾਬ ਦੀਆਂ ਰੈਲੀਆਂ ਵਿੱਚ ਕੇਂਦਰ ਸਰਕਾਰ ‘ਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਅਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਨਾ ਦੇਣ ਦੇ ਇਲਜ਼ਾਮ ਵੀ ਲਗਾ ਚੁੱਕੇ ਹਨ।

ਇਸ ਤੋਂ ਇਲਾਵਾ 2024 ਦੇ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਕਿਸਾਨਾਂ ਖ਼ਿਲਾਫ਼ ਕੀਤੀ ਗਈ ਸਖ਼ਤੀ ਦੀ ਵੀ ਅਕਾਲੀ ਦਲ ਨੇ ਨਿਖੇਧੀ ਕੀਤੀ ਸੀ।

ਪੰਥਕ ਮੁੱਦਿਆਂ ਅਤੇ ਧਾਰਮਿਕ ਸੰਸਥਾਵਾਂ ‘ਤੇ ਤਕਰਾਰ

ਸੁਖਬੀਰ ਸਿੰਘ ਬਾਦਲ

ਵੱਖ ਹੋਣ ਤੋਂ ਬਾਅਦ ਅਕਾਲੀ ਦਲ ਨੇ ਸਿੱਖ ਮਸਲਿਆਂ ਅਤੇ ਧਾਰਮਿਕ ਸੰਸਥਾਵਾਂ ਵਿੱਚ ਦਖ਼ਲਅੰਦਾਜ਼ੀ ਨੂੰ ਲੈ ਕੇ ਵੀ ਭਾਜਪਾ ਨੂੰ ਘੇਰਿਆ ਸੀ।

19 ਅਗਸਤ 2024 ਨੂੰ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਮੌਕੇ ਹੋਏ ਇਕੱਠ ਅਤੇ ਹੋਰ ਮੰਚਾਂ ਤੋਂ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਅਤੇ ਆਰਐੱਸਐੱਸ ‘ਤੇ ਸਿੱਖ ਧਾਰਮਿਕ ਸੰਸਥਾਵਾਂ ਵਿੱਚ ਦਖ਼ਲ ਦੇਣ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦੇ ਇਲਜ਼ਾਮ ਲਾਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪਾਰਟੀ ਆਗੂਆਂ ਨੇ ਦਿੱਲੀ, ਹਰਿਆਣਾ, ਨਾਂਦੇੜ ਅਤੇ ਪਟਨਾ ਸਾਹਿਬ ਨਾਲ ਜੁੜੀਆਂ ਧਾਰਮਿਕ ਕਮੇਟੀਆਂ ਦੇ ਮਾਮਲਿਆਂ ‘ਤੇ ਵੀ ਕੇਂਦਰ ਸਰਕਾਰ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ।

ਇਸ ਦੇ ਨਾਲ ਹੀ, ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਸਿੱਖ ਕੈਦੀਆਂ (ਜਿਨ੍ਹਾਂ ਵਿੱਚ ਬਲਵੰਤ ਸਿੰਘ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਸ਼ਾਮਲ ਹਨ) ਦੀ ਰਿਹਾਈ ਵਿੱਚ ਦੇਰੀ ਅਤੇ ਹਰਿਆਣਾ ਸਰਕਾਰ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਦਿੱਤੀ ਜਾਂਦੀ ਪੈਰੋਲ ਦੇ ਮੁੱਦੇ ‘ਤੇ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ।

ਬੰਦੀ ਸਿੰਘਾਂ ਦੇ ਮਾਮਲੇ ‘ਤੇ ਐੱਸਜੀਪੀਸੀ ਵੱਲੋਂ ਵੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਜਾਂਦੀ ਰਹੀ ਹੈ। ਇਸ ਸਬੰਧ ਵਿੱਚ ਬਕਾਇਦਾ ਐੱਸਜੀਪੀਸੀ ਵੱਲੋਂ ਪ੍ਰੈਸ ਨੋਟ ਵੀ ਜਾਰੀ ਕੀਤੇ ਜਾਂਦੇ ਰਹੇ ਹਨ।

ਭਾਜਪਾ ਵੱਲੋਂ ਅਕਾਲੀ ਦਲ ‘ਤੇ ਹਮਲੇ

ਭਾਜਪਾ ਅਤੇ ਅਕਾਲੀ ਦਲ

ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਨੇ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਵਧਾਉਣ ਦੀ ਕੋਸ਼ਿਸ਼ ਕਰਦਿਆਂ ਅਕਾਲੀ ਦਲ ਦੀ ਲੀਡਰਸ਼ਿਪ ‘ਤੇ ਤਿੱਖੇ ਹਮਲੇ ਕੀਤੇ।

2022 ਦੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀ ਸਿਖਰਲੀ ਲੀਡਰਸ਼ਿਪ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਸ਼ਾਮਲ ਹਨ ਨੇ ਅਕਾਲੀ ਦਲ ‘ਤੇ ਪਰਿਵਾਰਵਾਦ ਦੇ ਇਲਜ਼ਾਮ ਲਾਏ ਸਨ।

ਦਲਜੀਤ ਸਿੰਘ ਚੀਮਾ

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਤਰੁਣ ਚੁੱਘ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਖ-ਵੱਖ ਮੌਕਿਆਂ ‘ਤੇ 2007 ਤੋਂ 2017 ਦੇ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਨਸ਼ਿਆਂ, ਬੇਅਦਬੀ ਮਾਮਲਿਆਂ ਅਤੇ ਮਾਫੀਆ ਰਾਜ ਦੇ ਇਲਜ਼ਾਮਾਂ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਿਆ।

2024 ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ‘ਤੇ ਨਰਾਇਣ ਸਿੰਘ ਚੌੜਾ ਵੱਲੋਂ ਕੀਤੇ ਗਏ ਹਮਲੇ ਦੌਰਾਨ ਵੀ ਰਵਨੀਤ ਸਿੰਘ ਬਿੱਟੂ ਦੇ ਬਿਆਨ ‘ਤੇ ਸਿਆਸੀ ਚਰਚਾ ਛਿੜੀ ਸੀ।

ਕੁਝ ਮਹੀਨੇ ਪਹਿਲਾਂ ਹੀ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਨਾਲ ਗਠਜੋੜ ਤੋਂ ਇਨਕਾਰ ਕਰਦਿਆਂ ਨਸ਼ੇ ਦੇ ਮੁੱਦੇ ਉੱਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਬੇਹੱਦ ਸਖ਼ਤ ਟਿੱਪਣੀ ਕੀਤੀ ਸੀ।

ਅਕਾਲੀ-ਭਾਜਪਾ ਗਠਜੋੜ ਅੱਗੇ ਕੀ ਚੁਣੌਤੀਆਂ

ਭਾਜਪਾ

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਦੋਵੇਂ ਪਾਰਟੀਆਂ 2027 ਦੀਆਂ ਚੋਣਾਂ ਲਈ ਮੁੜ ਇਕੱਠੀਆਂ ਹੋ ਗਈਆਂ ਹਨ, ਪਰ ਪੁਰਾਣੇ ਵਿਵਾਦਾਂ ਕਾਰਨ ਇਨ੍ਹਾਂ ਸਾਹਮਣੇ ਕਈ ਚੁਣੌਤੀਆਂ ਹਨ।

ਚੰਡੀਗੜ੍ਹ ਸਥਿਤ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਦੇ ਚੇਅਰਮੈਨ ਡਾਕਟਰ ਪ੍ਰਮੋਦ ਕੁਮਾਰ ਅਨੁਸਾਰ ਇਹ ਗਠਜੋੜ ਪਿਛਲੇ ਸਮਝੌਤਿਆਂ ਨਾਲੋਂ ਵੱਖਰਾ ਹੈ ਅਤੇ ਇਸ ਪਿੱਛੇ ਇੱਕ ਵੱਡੀ ਸਿਆਸੀ ਮਜਬੂਰੀ ਕੰਮ ਕਰ ਰਹੀ ਹੈ, ਕਿਉਂਕਿ ਵੱਖ-ਵੱਖ ਚੋਣਾਂ ਲੜਨ ਨਾਲ ਦੋਵਾਂ ਪਾਰਟੀਆਂ ਨੂੰ ਨੁਕਸਾਨ ਹੋਇਆ।

ਉਨ੍ਹਾਂ ਮੁਤਾਬਕ ਸੀਟਾਂ ਦੀ ਵੰਡ ਦੇ ਨਾਲ-ਨਾਲ ਉਨ੍ਹਾਂ ਮੁੱਦਿਆਂ ‘ਤੇ ਲੋਕਾਂ ਅਤੇ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨਾ ਵੀ ਵੱਡੀ ਚੁਣੌਤੀ ਹੋਵੇਗਾ, ਜਿਨ੍ਹਾਂ ਨੂੰ ਲੈ ਕੇ ਗਠਜੋੜ ਟੁੱਟਿਆ ਸੀ।

ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਖ਼ਾਲਿਦ ਮੁਹੰਮਦ ਨੇ ਵੀ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਦੋਵਾਂ ਪਾਰਟੀਆਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਅਤੇ ਸੋਸ਼ਲ ਮੀਡੀਆ ‘ਤੇ ਮੌਜੂਦ ਪੁਰਾਣੀਆਂ ਵੀਡੀਓਜ਼ ਚੋਣ ਪ੍ਰਚਾਰ ਦੌਰਾਨ ਅਹਿਮ ਬਣ ਸਕਦੀਆਂ ਹਨ ਅਤੇ ਲੋਕ ਗਠਜੋੜ ਟੁੱਟਣ ਅਤੇ ਮੁੜ ਭਾਈਵਾਲੀ ਕਰਨ ਦੇ ਮੁੱਦੇ ਉੱਤੇ ਜਵਾਬ ਮੰਗ ਸਕਦੇ ਹਨ।

ਉੱਧਰ, ਅਤੀਤ ਵਿੱਚ ਅਕਾਲੀ ਦਲ ਖ਼ਿਲਾਫ਼ ਕੀਤੀ ਗਈ ਇਲਜ਼ਾਮਬਾਜ਼ੀ ਦੇ ਮੁੱਦੇ ‘ਤੇ ਭਾਜਪਾ ਦੇ ਸੀਨੀਅਰ ਆਗੂ ਅਨੀਲ ਸਰੀਨ ਦਾ ਕਹਿਣਾ ਹੈ ਕਿ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਗਠਜੋੜ ਹੋਇਆ ਹੈ। ਉਨ੍ਹਾਂ ਮੁਤਾਬਕ ਨਸ਼ਿਆਂ ਦੇ ਮੁੱਦੇ ‘ਤੇ ਅਕਾਲੀ ਦਲ ਉੱਤੇ ਜੋ ਇਲਜ਼ਾਮ ਲੱਗੇ ਹਨ, ਉਹ ਸਿਰਫ਼ ਸਿਆਸੀ ਮੰਚਾਂ ਤੱਕ ਹੀ ਸੀਮਤ ਸਨ।

ਜੇਕਰ ਕੋਈ ਸਬੂਤ ਸਨ ਤਾਂ ਪਿਛਲੇ ਦਸ ਸਾਲਾਂ ਦੌਰਾਨ ਸਾਹਮਣੇ ਕਿਉਂ ਨਹੀਂ ਆਏ? ਉਨ੍ਹਾਂ ਕਿਹਾ ਕਿ ਇਹ ਗਠਜੋੜ ਪੰਜਾਬ ਦੇ ਹਿੱਤ ਅਤੇ ਲੋਕਾਂ ਦੀ ਰਾਇ ਮੁਤਾਬਕ ਹੋਇਆ ਹੈ।

ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਦੋਂ ਰਾਜਨੀਤਿਕ ਪਾਰਟੀਆਂ ਵੱਖ-ਵੱਖ ਹੁੰਦੀਆਂ ਹਨ ਤਾਂ ਸਾਰਥਕ ਆਲੋਚਨਾ ਚੱਲਦੀ ਰਹਿੰਦੀ ਹੈ ਅਤੇ ਇਹ ਸਿਆਸੀ ਪ੍ਰਕਿਰਿਆ ਦਾ ਹਿੱਸਾ ਹੈ।

ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਮੰਗਲਵਾਰ ਨੂੰ ਜਦੋਂ ਦੋਵਾਂ ਪਾਰਟੀਆਂ ਦਾ ਗਠਜੋੜ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ। ਇਨ੍ਹਾਂ ਵਿੱਚ ਕਿਸਾਨੀ, ਬੰਦੀ ਸਿੱਖਾਂ, ਕਰਤਾਰਪੁਰ ਸਾਹਿਬ ਲਾਂਘਾ, ਬੇਰੁਜ਼ਗਾਰੀ, ਪੰਜਾਬ ਦੀ ਵਿੱਤੀ ਸਥਿਤੀ, ਨਸ਼ੇ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ਪ੍ਰਮੁੱਖ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮੁੱਦਿਆਂ ‘ਤੇ ਭਾਜਪਾ ਨਾਲ ਵਿਸਥਾਰਪੂਰਵਕ ਗੱਲਬਾਤ ਹੋਈ ਹੈ ਅਤੇ ਜਦੋਂ ਇਨ੍ਹਾਂ ‘ਤੇ ਸਹਿਮਤੀ ਬਣੀ, ਤਾਂ ਹੀ ਗਠਜੋੜ ਅਮਲ ਵਿੱਚ ਆਇਆ।

ਉਨ੍ਹਾਂ ਕਿਹਾ, “ਸਾਰੀ ਉਮਰ ਤੁਸੀਂ ਆਲੋਚਨਾ ਨਹੀਂ ਕਰ ਸਕਦੇ, ਜਦੋਂ ਗੱਲ ਹੱਲ ਵੱਲ ਵਧ ਰਹੀ ਹੈ ਤਾਂ ਸਾਨੂੰ ਇਸ ਦੀ ਸ਼ਲਾਘਾ ਵੀ ਕਰਨੀ ਚਾਹੀਦੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI