Home ਰਾਸ਼ਟਰੀ ਖ਼ਬਰਾਂ ਪੰਜਾਬ ’ਚ ਐੱਸਆਈਆਰ ਦਾ ਪਹਿਲਾ ਪੜਾਅ ਪੂਰਾ, ਕਿਹੜੇ ਵੋਟਰਾਂ ਦੀ ਵੋਟ ਕੱਟੇ...

ਪੰਜਾਬ ’ਚ ਐੱਸਆਈਆਰ ਦਾ ਪਹਿਲਾ ਪੜਾਅ ਪੂਰਾ, ਕਿਹੜੇ ਵੋਟਰਾਂ ਦੀ ਵੋਟ ਕੱਟੇ ਜਾਣ ਦਾ ਖ਼ਤਰਾ, ਹੁਣ ਅੱਗੇ ਕੀ ਹੋਵੇਗਾ – ਅਹਿਮ ਗੱਲਾਂ ਜਾਣੋ

6
0

Source :- BBC PUNJABI

ਮੁੱਖ ਚੋਣ ਅਫ਼ਸਰ ਪੰਜਾਬ ਅਨੰਦਿੱਤਾ ਮਿੱਤਰਾ ਵੱਲੋਂ 4 ਅਗਸਤ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ।

ਤਸਵੀਰ ਸਰੋਤ, ANI

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਵਿੱਚ ਐੱਸਆਈਆਰ ਭਾਵ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਦੀ ਪ੍ਰਕਿਰਿਆ ਦਾ ਪਹਿਲਾ ਪੜਾਅ 3 ਅਗਸਤ ਨੂੰ ਖ਼ਤਮ ਹੋ ਚੁੱਕਾ ਹੈ। ਇਸ ਤਹਿਤ ਬੀਐੱਲਓਜ਼ ਵੱਲੋਂ ਘਰੋ ਘਰ ਜਾ ਕੇ ਇਨੁਮਰੇਸ਼ਨ ਭਾਵ ਗਣਨਾ ਕੀਤੀ ਗਈ।

ਮੰਗਲਵਾਰ ਨੂੰ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿੱਤਰਾ ਨੇ ਜਾਣਕਾਰੀ ਦਿੱਤੀ ਕਿ ਕੁਲ ਵੋਟਰਾਂ ਨੂੰ ਭੇਜੇ ਗਏ ਫਾਰਮਾਂ ਵਿੱਚੋਂ 20 ਲੱਖ ਦੇ ਕਰੀਬ ਫਾਰਮ ਵੱਖ-ਵੱਖ ਕਾਰਨਾਂ ਕਰਕੇ ਵਾਪਸ ਨਹੀਂ ਆਏ। ਉਨ੍ਹਾਂ ਨੇ ਦੱਸਿਆ ਕਿ ਇਹ ਹਾਲੇ ਫਾਈਨਲ ਰੋਲ ਨਹੀਂ ਹੈ।

ਪੰਜਾਬ ਵਿੱਚ ਐੱਸਆਈਆਰ ਦੀ ਪ੍ਰਕਿਰਿਆ 25 ਜੂਨ ਨੂੰ ਸ਼ੁਰੂ ਹੋਈ ਸੀ ਅਤੇ 13 ਅਗਸਤ ਨੂੰ ਡ੍ਰਾਫਟ ਰੋਲ ਪ੍ਰਕਾਸ਼ਿਤ ਹੋਵੇਗਾ ਜਿਸ ਬਾਰੇ ਇਤਰਾਜ਼ ਪ੍ਰਗਟ ਕੀਤੇ ਜਾ ਸਕਦੇ ਹਨ।

ਫਾਈਨਲ ਵੋਟਰ ਲਿਸਟ 12 ਅਕਤੂਬਰ, 2026 ਨੂੰ ਪ੍ਰਕਾਸ਼ਿਤ ਹੋਵੇਗੀ।

ਚੋਣ ਕਮਿਸ਼ਨ ਮੁਤਾਬਕ 1 ਕਰੋੜ 93 ਲੱਖ 91 ਹਜ਼ਾਰ 408 ਵੋਟਰਾਂ ਦੇ ਇਨਮਰੇਸ਼ਨ ਫਾਰਮ ਭਰ ਕੇ ਵਾਪਸ ਆਏ ਹਨ।

ਇਹ ਕੁਲ ਵੋਟਰਾਂ ਦਾ 90.37 ਫੀਸਦੀ ਬਣਦਾ ਹੈ।

ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਜਿਸ ਵੇਲੇ ਰੋਲ ਫਰੀਜ਼ ਕੀਤਾ ਗਿਆ ਸੀ। ਉਸ ਦਿਨ 2 ਕਰੋੜ 14 ਲੱਖ 61 ਹਜ਼ਾਰ 43 ਵੋਟਾਂ ਸਨ, ਇਨ੍ਹਾਂ ਵਿੱਚੋਂ 9.36 ਫ਼ੀਸਦੀ ਇਨਮਰੇਸ਼ਨ ਫਾਰਮ ਵੱਖ-ਵੱਖ ਕਾਰਨਾਂ ਕਰਕੇ ਵਾਪਸ ਨਹੀਂ ਆਏ ਹਨ। “

ਚੋਣਾਂ ਵੋਟਾਂ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਦੇ ਇਨਮਰੇਸ਼ਨ ਫਾਰਮ ਵਾਪਸ ਨਹੀਂ ਆਏ ਉਨ੍ਹਾਂ ਦੀਆਂ ਇਹ ਸ਼੍ਰੇਣੀਆਂ ਹਨ –

ਪਹਿਲੀ ਸ਼੍ਰੇਣੀ ਉਨ੍ਹਾਂ ਵੋਟਰਾਂ ਦੀ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵੋਟਰਾਂ ਦੀ ਗਿਣਤੀ 5 ਲੱਖ 74 ਹਜ਼ਾਰ 568 ਹੈ।

ਦੂਜੀ ਸ਼੍ਰੇਣੀ ਹੈ ਡੁਪਲੀਕੇਟ ਵੋਟਰਾਂ ਦੀ ਜਿਨ੍ਹਾਂ ਦੀਆਂ ਦੋ-ਦੋ ਐਂਟਰੀਆਂ ਹਨ, ਅਜਿਹੇ ਵੋਟਰਾਂ ਦੀ ਗਿਣਤੀ 1 ਲੱਖ 19 ਹਜ਼ਾਰ 145 ਹੈ।

ਉਨ੍ਹਾਂ ਨੇ ਅੱਗੇ ਦੱਸਿਆ, “9 ਲੱਖ 44 ਹਜ਼ਾਰ 131 ਲੋਕ ਅਜਿਹੇ ਸਨ ਜਿਹੜੇ ਕਿ ਪੱਕੇ ਤੌਰ ਉੱਤੇ ਸ਼਼ਿਫਟ ਹੋ ਗਏ ਸਨ। ਇਸ ਤੋਂ ਇਲਾਵਾ 4 ਲੱਖ 12 ਹਜ਼ਾਰ 715 ਵੋਟਰ ਅਜਿਹੇ ਸਨ ਜਿਨ੍ਹਾਂ ਦੀ ਵੋਟਰ ਐਂਟਰੀ ਮਿਲੀ ਪਰ 3 ਵਾਰ ਘਰ ਜਾਣ ਤੋਂ ਬਾਅਦ ਵੀ ਉਨ੍ਹਾਂ ਪਤਾ ਨਹੀਂ ਲੱਗ ਸਕਿਆ।”

ਉਨ੍ਹਾਂ ਨੇ ਦੱਸਿਆ ਕਿ ਅਜਿਹੇ ਵੋਟਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਵੋਟ ਹੋਣੀ ਚਾਹੀਦੀ ਸੀ ਤੇ ਜਿਨ੍ਹਾਂ ਨੂੰ ਗ਼ੈਰ-ਹਾਜ਼ਰ ਜਾਂ ਅਨਟ੍ਰੇਸੇਬਲ ਵਿੱਚ ਪਾਇਆ ਗਿਆ ਸੀ ਉਨ੍ਹਾਂ ਕੋਲ ਇੱਕ ਹੋਰ ਮੌਕਾ ਹੈ।

ਇਹ ਲੋਕ 13 ਅਗਸਤ ਤੋਂ ਲੈ ਕੇ 12 ਸਤੰਬਰ ਤੱਕ ਫਾਰਮ ਨੰਬਰ 6 ਭਰ ਸਕਦੇ ਹਨ ਤੇ ਆਪਣੇ ਇਲੈਕਟੋਰਲ ਰਜਿਸਟਰੇਸ਼ਨ ਅਫਸਰ ਕੋਲ ਇਹ ਦਾਅਵਾ ਦੇ ਸਕਦੇ ਹਨ।

 ਪੰਜਾਬ ਵਿੱਚ ਚੋਣਾਂ

ਤਸਵੀਰ ਸਰੋਤ, Getty Images

ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਕੋਈ ਵੀ ਸਹੀ ਚੋਣਕਰਤਾ ਡ੍ਰਾਫਟ ਰੋਲ ਦੇ ਵਿੱਚੋਂ ਬਾਹਰ ਨਾ ਰਹਿ ਜਾਏ ਤੇ ਕੋਈ ਵੀ ਗਲਤ ਐਂਟਰੀ ਉਸ ਵਿੱਚ ਨਾ ਰਹਿ ਜਾਵੇ।

ਪਹਿਲੇ ਪੜਾਅ ਦੀ ਪ੍ਰਕਿਰਿਆ ਵਿੱਚ 24,000 ਤੋਂ ਜ਼ਿਆਦਾ ਬੀਐੱਲਓਜ਼, 2500 ਤੋਂ ਵੱਧ ਸੁਪਰਵਾਈਜ਼ਰਾਂ , 800 ਤੋਂ ਵੱਧ ਏਆਰਓਜ਼,117 ਈਆਰਓਜ਼ ਅਤੇ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਕੰਮ ਕੀਤਾ। ਇਸ ਵਿੱਚ ਸਿਆਸੀ ਪਾਰਟੀਆਂ ਨੇ ਵੀ ਭੂਮਿਕਾ ਅਦਾ ਕੀਤੀ।

ਪੋਲਿੰਗ ਬੂਥਾਂ ਦੀ ਗਿਣਤੀ ਵਿੱਚ ਵੀ ਵਾਧਾ

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਬੂਥਾਂ ਦੀ ਚੈਕਿੰਗ ਵੀ ਕਰਵਾਈ ਗਈ ਅਤੇ ਇਨ੍ਹਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਜਿੱਥੇ 1200 ਤੋਂ ਵੱਧ ਵੋਟਰ ਸਨ ਉੱਥੇ ਨਵੇਂ ਬੂਥ ਬਣਾਏ ਗਏ ਹਨ। 24 ਹਜ਼ਾਰ 453 ਬੂਥ ਪਹਿਲਾਂ ਸਨ ਅਤੇ ਹੁਣ 879 ਬੂਥ ਵਧੇ ਹਨ, ਆਉਣ ਵਾਲੀਆਂ ਚੋਣਾਂ ਵਿੱਚ 25 ਹਜ਼ਾਰ 332 ਬੂਥਾਂ ਉੱਤੇ ਪੋਲਿੰਗ ਹੋਵੇਗੀ।

ਹੁਣ ਅੱਗੇ ਕੀ-ਕੀ ਹੋਵੇਗਾ?

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਹੁਣ 13 ਅਗਸਤ ਨੂੰ ਡ੍ਰਾਫਟ ਰੋਲ ਪ੍ਰਕਾਸ਼ਿਤ ਕੀਤਾ ਜਾਵੇਗਾ ਜਿਸ ਨੂੰ ਕਿ ਸਿਆਸੀ ਪਾਰਟੀਆਂ ਨਾਲ ਵੀ ਸਾਂਝਾ ਕੀਤਾ ਜਾਵੇਗਾ।

“ਇਸ ਤੋਂ ਬਾਅਦ ਅਸੀਂ 16 ਅਗਸਤ ਨੂੰ ਬੂਥ ਲੈਵਲ ਅਫ਼ਸਰ ਨੂੰ ਇਹ ਹਦਾਇਤ ਕਰਾਂਗੇ ਕਿ ਉਹ ਡ੍ਰਾਫਟ ਰੋਲ ਲੈ ਕੇ ਪੋਲਿੰਗ ਬੂਥ ਉੱਤੇ ਬੈਠਣ ਤੇ ਲੋਕ ਆ ਕੇ ਆਪਣਾ ਨਾਮ ਉਸ ਵਿੱਚ ਚੈੱਕ ਕਰ ਸਕਣ, ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਨਾਮ ਰਹਿ ਗਿਆ ਹੈ ਤਾਂ ਉਹ 6 ਨੰਬਰ ਫਾਰਮ ਰਾਹੀਂ 13 ਅਗਸਤ ਤੋਂ 12 ਸਤੰਬਰ ਤੱਕ ਇਤਰਾਜ਼ ਤੇ ਦਾਅਵਾ ਪਾ ਸਕਦੇ ਹਨ।”

ਅਨੰਦਿੱਤਾ ਮਿੱਤਰਾ ਨੇ ਦੱਸਿਆ ਕਿ ਇਸ ਦੌਰਾਨ ਨੋਟਿਸ ਫੇਜ਼ ਵੀ ਚੱਲੇਗਾ, ਉਨ੍ਹਾਂ ਕਰੀਬ 12 ਲੱਖ ਵੋਟਰਾਂ ਨੂੰ ਨੋਟਿਸ ਦਿੱਤੇ ਜਾਣਗੇ ਜਿਨ੍ਹਾਂ ਦੀ ਮੈਪਿੰਗ ਨਹੀਂ ਮਿਲੀ, ਉਨ੍ਹਾਂ ਕੋਲੋਂ ਲੋੜੀਂਦੇ ਦਸਤਾਵੇਜ਼ ਮੰਗੇ ਜਾਣਗੇ।

ਐੱਸਆਈਆਰ ਕੀ ਹੈ ਅਤੇ ਕਿਵੇਂ ਹੁੰਦਾ ਹੈ?

ਐੱਸਆਈਆਰ ਭਾਵ ਸਪੈਸ਼ਲ ਇੰਟੈਂਸਿਵ ਰਿਵੀਜ਼ਨ। ਇਸ ਦਾ ਸੌਖੇ ਸ਼ਬਦਾਂ ਵਿੱਚ ਮਤਲਬ ਹੈ ਵੋਟਰ ਲਿਸਟ ਨੂੰ ਅਪਡੇਟ ਕਰਨਾ। ਇਸ ਦੇ ਲਈ ਘਰ-ਘਰ ਜਾ ਕੇ ਨਾਗਰਿਕਾਂ ਦੀ ਜਾਂਚ ਕੀਤੀ ਜਾ ਰਿਹਾ ਹੈ ਅਤੇ ਵੈਧ ਦਸਤਾਵੇਜ਼ਾਂ ਦੇ ਆਧਾਰ ਉੱਤੇ ਉਨ੍ਹਾਂ ਦਾ ਰਜਿਸਟ੍ਰੇਸ਼ਨ ਕੀਤਾ ਜਾ ਰਿਹਾ ਹੈ।

ਐੱਸਆਈਆਰ ਦੋ ਤਰੀਕੇ ਨਾਲ ਹੋਵੇਗਾ – ਪਹਿਲਾਂ ਬੂਥ ਲੈਵਲ ਅਫਸਰ ਘਰ-ਘਰ ਜਾ ਕੇ ਮਤਦਾਤਾ ਦੀ ਜਾਣਕਾਰੀ ਅਤੇ ਦਸਤਾਵੇਜ਼ ਇਕੱਠਾ ਕਰਨਗੇ, ਦੂਜਾ ਕੋਈ ਵੀ ਵਿਅਕਤੀ ਚੋਣ ਕਮਿਸ਼ਨ ਦੀ ਵੈੱਬਸਾਈਟ ਉੱਤੇ ਜਾ ਕੇ ਇਹ ਫਾਰਮ ਡਾਊਨਲੋਡ ਕਰਕੇ ਭਰ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI