Home ਰਾਸ਼ਟਰੀ ਖ਼ਬਰਾਂ ਪੰਜਾਬ ਦੀਆਂ ਉਹ ਮਾਵਾਂ ਜਿਨ੍ਹਾਂ ਦੇ ‘ਪੁੱਤਾਂ ਨੂੰ ਨਸ਼ੇ ਖਾ ਗਏ’, ਪਰਦੇ...

ਪੰਜਾਬ ਦੀਆਂ ਉਹ ਮਾਵਾਂ ਜਿਨ੍ਹਾਂ ਦੇ ‘ਪੁੱਤਾਂ ਨੂੰ ਨਸ਼ੇ ਖਾ ਗਏ’, ਪਰਦੇ ਪਿੱਛੇ ਦੀ ਪੀੜ ਤੇ ਲੜਾਈ ਕਿੰਨੀ ਦਰਦ ਭਰੀ ਹੈ?

5
0

Source :- BBC PUNJABI

ਪਰਦੇ ਪਿੱਛੋਂ ਨਸ਼ਿਆਂ ਖ਼ਿਲਾਫ਼ ਜੰਗ ਲੜਦੀਆਂ ਮਾਵਾਂ ਤੇ ਮਹਿਲਾਵਾਂ ਦੀ ਪੀੜ

“ਰੱਬ ਮੈਨੂੰ ਔਲਾਦ ਦਿੰਦਾ ਹੀ ਨਾ।”

“ਕਾਸ਼ ਮੇਰਾ ਪੁੱਤ ਜੇਲ੍ਹ ਤੋਂ ਬਾਹਰ ਨਾ ਆਉਂਦਾ।”

“ਘਰ ਰਾਸ਼ਨ ਨਹੀਂ ਸੀ। ਪਰ ਪੈਸੇ ਇਕੱਠੇ ਕਰਕੇ ਨਸ਼ਾ ਛਡਾਊ ਕੇਂਦਰ ਦੀ ਫ਼ੀਸ ਭਰੀ।”

ਇਹ ਉਨ੍ਹਾਂ ਮਾਵਾਂ ਦੀਆਂ ‘ਚੀਸਾਂ’ ਹਨ, ਜਿਹੜੀਆਂ ਨਸ਼ਿਆਂ ਕਰਕੇ ਆਪਣੇ ਪੁੱਤ ਗਵਾ ਬੈਠੀਆਂ ਹਨ ਜਾਂ ਉਹ ਜਿਹੜੀਆਂ ਰੋਜ਼ਾਨਾ ਫ਼ਿਕਰਾਂ ਵਿੱਚ ਰਹਿੰਦੀਆਂ ਹਨ ਕਿ ਉਨ੍ਹਾਂ ਦਾ ਪੁੱਤ ਜਿਉਂਦਾ ਘਰ ਪਰਤੇਗਾ ਜਾਂ ਨਹੀਂ।

ਪੰਜਾਬ ਵਿੱਚ ਨਸ਼ਿਆਂ ਬਾਰੇ ਚਰਚਾ ਹਮੇਸ਼ਾ ਨਸ਼ਾ ਕਰਨ ਵਾਲੇ ਲੋਕ, ਨਸ਼ਾ ਤਸਕਰਾਂ, ਪੁਲਿਸ ਕਾਰਵਾਈ ਅਤੇ ਸਿਆਸਤ ਤੱਕ ਸੀਮਤ ਰਹਿੰਦੀ ਹੈ।

ਇਸ ਚਰਚਾ ਦੌਰਾਨ ਇੱਕ ਪੱਖ ਹਮੇਸ਼ਾ ਨਜ਼ਰਅੰਦਾਜ਼ ਰਹਿ ਜਾਂਦਾ ਹੈ ਅਤੇ ਉਹ ਪੱਖ ਹੈ ਮਾਵਾਂ ਅਤੇ ਮਹਿਲਾਵਾਂ ਦਾ। ਇਹ ਉਹ ਮਾਵਾਂ ਅਤੇ ਮਹਿਲਾਵਾਂ ਹਨ, ਜਿਹੜੀਆਂ ਪਰਦੇ ਪਿੱਛੋਂ ਨਸ਼ਿਆਂ ਖ਼ਿਲਾਫ਼ ਜੰਗ ਲੜਦੀਆਂ ਹਨ।

ਪਰਦੇ ਪਿੱਛੋਂ ਨਸ਼ਿਆਂ ਖ਼ਿਲਾਫ਼ ਜੰਗ ਲੜਦੀਆਂ ਮਾਵਾਂ ਤੇ ਮਹਿਲਾਵਾਂ ਦੀ ਪੀੜ

ਬੀਬੀਸੀ ਪੰਜਾਬੀ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਉਨ੍ਹਾਂ ਮਾਵਾਂ ਅਤੇ ਮਹਿਲਾਵਾਂ ਨਾਲ ਗੱਲ ਕੀਤੀ, ਜਿਨ੍ਹਾਂ ਦੇ ਪਰਿਵਾਰਾਂ ਉੱਤੇ ਨਸ਼ਿਆਂ ਨੇ ਕਹਿਰ ਟੁੱਟਿਆ ਹੈ।

ਇਸ ਦੌਰਾਨ ਜਿੱਥੇ ਦੁੱਖ, ਨਿਰਾਸ਼ਾ, ਬੇਵੱਸੀ ਦੇ ਕਿੱਸੇ ਸਾਹਮਣੇ ਆਏ, ਉੱਥੇ ਹੀ ਨਸ਼ਿਆਂ ਖ਼ਿਲਾਫ਼ ਆਪਣੇ ਪੱਧਰ ਉੱਤੇ ਜੰਗ ਲੜ ਰਹੇ ਲੋਕ ਅਤੇ ਉਮੀਦ ਦੀਆਂ ਮਿਸਾਲਾਂ ਵੀ ਨਜ਼ਰ ਆਈਆਂ।

ਵਰਤਮਾਨ ਵਿੱਚ, ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਮੁਹਿੰਮ ਤਹਿਤ ਪੁਲਿਸ ਨੇ ਹਜ਼ਾਰਾਂ ਗ੍ਰਿਫ਼ਤਾਰੀਆਂ ਕੀਤੀਆਂ, ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਅਤੇ ਕਥਿਤ ਤਸਕਰਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਹੈ। ਪਰ ਇਹ ਸਮੱਸਿਆ ਹਾਲੇ ਵੀ ਖਤਮ ਨਹੀਂ ਹੋਈ।

‘ਮੈਂ ਪੁੱਤ ਨੂੰ ਕਦੇ ਮਿੱਟੀ ਨਹੀਂ ਸੀ ਲੱਗਣ ਦਿੰਦੀ, ਪਰ ਕੱਖੋਂ ਹੌਲਾ ਹੋ ਗਿਆ’

ਪਰਮਜੀਤ ਕੌਰ

ਸੁਲਤਾਨਪੁਰ ਲੋਧੀ ਦੇ ਵਸਨੀਕ ਪਰਮਜੀਤ ਕੌਰ ਦੇ ਪਤੀ ਅਤੇ ਇੱਕ ਪੁੱਤ ਦੀ ਬਿਮਾਰੀ ਕਾਰਨ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਹੁਣ ਉਨ੍ਹਾਂ ਦਾ 33 ਸਾਲਾ ਪੁੱਤ ਹੀ ਉਨ੍ਹਾਂ ਦਾ ਇੱਕੋ-ਇਕ ਸਹਾਰਾ ਹੈ। ਪਰ ਉਹ ਵੀ ਪਿਛਲੇ 10-12 ਸਾਲ ਤੋਂ ਨਸ਼ਿਆਂ ਦੇ ਜਾਲ਼ ਵਿੱਚ ਫਸਿਆ ਹੋਇਆ ਹੈ।

ਉਹ ਕਹਿੰਦੇ ਹਨ, “10 ਸਾਲ ਹੋ ਗਏ ਮੇਰੇ ਮੁੰਡੇ ਨੂੰ ਨਸ਼ਾ ਕਰਦੇ ਹੋਏ। ਕਦੇ ਨਸ਼ਾ ਛਡਾਊ ਕੇਂਦਰ ਛੱਡ ਆਉਂਦੀ ਹਾਂ, ਕਦੇ ਲੈ ਆਉਂਦੀ ਹਾਂ। ਇਹੀ ਚੱਲ ਰਿਹਾ ਹੈ। ਹੁਣ ਫਿਰ ਨਸ਼ਾ ਛਡਾਊ ਕੇਂਦਰ ਵਿੱਚ ਮਹੀਨਾ ਲਵਾਇਆ ਹੈ। ਘਰ ‘ਚ ਰਾਸ਼ਨ ਨਹੀਂ ਸੀ। ਪਰ ਪੈਸੇ ਇਕੱਠੇ ਕਰਕੇ ਨਸ਼ਾ ਛਡਾਊ ਕੇਂਦਰ ਦੀ ਫ਼ੀਸ ਭਰੀ।”

“ਉਧਾਰ ਮੰਗ-ਮੰਗ ਕੇ ਨਸ਼ਾ ਛਡਾਊ ਕੇਂਦਰਾਂ ਦੀ ਫ਼ੀਸ ਭਰਦੀ ਹਾਂ। ਪਰ ਕੁੱਝ ਦਿਨ ਛੱਡਕੇ ਫਿਰ ਨਸ਼ਾ ਕਰਨ ਲੱਗ ਪੈਂਦਾ ਹੈ।”

“ਮੈਂ ਆਪਣੇ ਪੁੱਤ ਨੂੰ ਕਦੇ ਮਿੱਟੀ ਨਹੀਂ ਸੀ ਲੱਗਣ ਦਿੰਦੀ। ਮੈਂ ਕਹਿੰਦੀ ਸੀ ਇਹ ਮੇਰਾ ਹੀਰਾ ਹੈ। ਪਰ ਹੁਣ ਮੇਰਾ ਪੁੱਤ ਕੱਖਾਂ ਤੋਂ ਹੌਲਾ ਹੋ ਗਿਆ।”

ਮੌਤ ਵੱਲ ਜਾਂਦੀ ਦਲਦਲ

ਪਰਮਜੀਤ ਕੌਰ

ਇੱਕ ਹੋਰ ਵਸਨੀਕ ਪਰਮਜੀਤ ਕੌਰ ਦਾ ਇਕਲੌਤਾ ਪੁੱਤਰ ਵੀ ਨਸ਼ਿਆਂ ਦੇ ਦਲਦਲ ਵਿੱਚ ਫਸਿਆ ਹੋਇਆ ਹੈ। ਮੌਜੂਦਾ ਸਮੇਂ ਵੀ ਪਰਮਜੀਤ ਕੌਰ ਦਾ ਪੁੱਤ ਇੱਕ ਨਿੱਜੀ ਨਸ਼ਾ ਛਡਾਊ ਕੇਂਦਰ ਵਿੱਚ ਦਾਖ਼ਲ ਹੈ। ਪਰ ਉਸ ਕੋਲ ਕੇਂਦਰ ਦੀ ਫ਼ੀਸ ਭਰਨ ਵਾਸਤੇ ਪੈਸੇ ਨਹੀਂ ਹਨ।

ਆਪਣੇ ਸੰਘਰਸ਼ ਨੂੰ ਬਿਆਨ ਕਰਦਿਆਂ ਉਹ ਕਹਿੰਦੇ ਹਨ, “ਇਹ ਕੋਈ ਮਾਵਾਂ ਤੋਂ ਪੁੱਛਕੇ ਦੇਖੇ ਕਿ ਉਨ੍ਹਾਂ ਦੇ ਦਿਲ ਉੱਤੇ ਕੀ ਬੀਤਦੀ ਹੈ। ਜਿਨਾਂ ਦਾ ਇੱਕੋ-ਇੱਕ ਪੁੱਤ ਹੋਵੇ ਅਤੇ ਉਹ ਵੀ ਅਜਿਹੀ ਦਲਦਲ ਵਿੱਚ ਫਸਿਆ ਹੋਵੇ, ਜਿਸਦਾ ਰਸਤਾ ਸਿੱਧਾ ਮੌਤ ਨੂੰ ਜਾਂਦਾ ਹੋਵੇ।”

“ਹਮੇਸ਼ਾ ਇਹ ਫ਼ਿਕਰ ਰਹਿੰਦੀ ਹੈ ਕਿ ਕਿਤੇ ਬਾਹਰ ਕੁੱਝ ਹੋ ਨਾ ਜਾਵੇ। ਮੇਰਾ ਪੁੱਤ ਇੱਕ ਵਾਰੀ ਉਵਰਡੋਜ਼ ਨਾਲ ਪਾਰਕ ਵਿੱਚ ਬੇਹੋਸ਼ ਹੋ ਗਿਆ ਸੀ। ਮੁੰਡੇ ਉਸਦੇ ਮੂੰਹ ਉੱਤੇ ਚਪੇੜਾਂ ਮਾਰਕੇ ਉਸਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਉਹ ਉੱਠ ਨਹੀਂ ਰਿਹਾ ਸੀ। ਉਸਦੇ ਮੂੰਹ ਵਿੱਚ ਮੱਖੀਆਂ ਪੈ ਰਹੀਆਂ ਸਨ। ਸਾਨੂੰ ਲੱਗ ਰਿਹਾ ਸੀ ਉਹ ਮਰ ਗਿਆ ਹੈ।”

“ਉਹ ਹਾਲਾਤ ਮੈਨੂੰ ਵਾਰ-ਵਾਰ ਚੇਤੇ ਆਉਂਦੇ ਰਹਿੰਦੇ ਹਨ। ਸੋਚਦੀ ਰਹਿੰਦੀ ਹਾਂ, ਕਿਤੇ ਦੁਬਾਰਾ ਉਸੇ ਤਰ੍ਹਾਂ ਨਾ ਹੋ ਜਾਵੇ। ਜੇ ਬਾਹਰ ਫਿਰ ਏਦਾਂ ਹੋ ਗਿਆ ਅਤੇ ਸਾਨੂੰ ਨਾ ਪਤਾ ਲੱਗਾ।”

“ਦੋ ਵਾਰੀ ਨਸ਼ਾ ਛਡਾਊ ਕੇਂਦਰ ਭੇਜਿਆ। ਹੁਣ ਵੀ ਨਸ਼ਾ ਛਡਾਊ ਕੇਂਦਰ ਵਿੱਚ ਹੈ। ਕੇਂਦਰ ਵਾਲੇ ਫ਼ੀਸ ਮੰਗ ਰਹੇ ਹਨ। ਪਰ ਸਾਡੇ ਕੋਲ ਫਿਲਹਾਲ ਪੈਸੇ ਨਹੀਂ ਹਨ।”

“ਮੇਰੀ ਨੂੰਹ ਗਰਭਵਤੀ ਹੈ। ਜਿਸ ਸਮੇਂ ਉਸਨੂੰ ਆਪਣੇ ਪਤੀ ਦੀ ਵੱਧ ਲੋੜ ਹੈ, ਉਹ ਕੋਲ ਨਹੀਂ ਹੈ। ਉਸ ਉੱਤੇ ਕੀ ਬੀਤ ਰਹੀ ਹੈ, ਇਹ ਉਹੀ ਜਾਣਦੀ ਹੈ।”

“ਜਦੋਂ ਨਸ਼ੇ ਕਰਨ ਵਾਸਤੇ ਪੈਸੇ ਨਹੀਂ ਹੁੰਦੇ, ਮਜ਼ਬੂਰ ਹੋਕੇ ਘਰੋਂ ਚੋਰੀ ਕਰਦਾ ਹੈ।”

“ਮੇਰਾ ਮੁੰਡਾ ਕਬੱਡੀ ਖੇਡਦਾ ਸੀ, ਇਨਾਮ ਜਿੱਤ ਕੇ ਲਿਆਉਂਦਾ ਸੀ। ਉਹਦੀ ਜ਼ਿੰਦਗੀ ਬਹੁਤ ਵਧੀਆ ਸੀ। ਮੈਂ ਰੋਜ਼ਾਨਾ ਰੋਂਦੀ ਹਾਂ ਅਤੇ ਕਹਿੰਦੀ ਹਾਂ ਕਿ ਪੁੱਤ ਉਸ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਆਜਾ। ਮੈਂ ਤੇਰਾ ਸਾਥ ਦੇਵਾਂਗੀ। ਪਰ ਉਹ ਨਸ਼ੇ ਛੱਡ ਨਹੀਂ ਰਿਹਾ।”

ਜਿਨ੍ਹਾਂ ਦੇ ਪੁੱਤ ਮੁੜ ਕੇ ਨਹੀਂ ਆਏ

ਮਾਂ ਪੁੱਤ ਦੀ ਤਸਵੀਰ ਨਾਲ

ਉਨ੍ਹਾਂ ਪਰਿਵਾਰਾਂ ਦੇ ਹਾਲਾਤ ਹੋਰ ਵੀ ਦਰਦਨਾਕ ਹਨ, ਜਿਨ੍ਹਾਂ ਪਰਿਵਾਰਾਂ ਨੇ ਨਸ਼ਿਆਂ ਕਾਰਨ ਕਥਿਤ ਤੌਰ ਉੱਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾਇਆ ਹੈ।

ਜਗਰਾਉਂ ਦੇ ਇੱਕ ਮੁੱਹਲੇ ਦੇ ਵਸਨੀਕਾਂ ਮੁਤਾਬਕ, ਨਸ਼ਿਆਂ ਕਰਨ ਕਥਿਤ ਤੌਰ ਉੱਤੇ ਇੱਥੇ ਵੀ ਮੌਤਾਂ ਹੋਈਆਂ ਹਨ।

ਇੱਥੋਂ ਦੇ ਰਹਿਣ ਵਾਲੇ ਬਲਜੀਤ ਕੌਰ ਮੁਤਾਬਕ, ਉਨ੍ਹਾਂ ਦੇ ਜਵਾਨ ਪੁੱਤ ਦੀ ਮੌਤ 27 ਜੁਲਾਈ 2024 ਨੂੰ ਕਥਿਤ ਤੌਰ ਉੱਤੇ ਨਸ਼ਿਆਂ ਕਾਰਨ ਹੋਈ ਸੀ।

ਉਹ ਦਾਅਵਾ ਕਰਦੇ ਹਨ, “ਮੇਰੇ ਤਿੰਨ ਮੁੰਡੇ ਸੀ। ਇੱਕ ਦੀ ਨਸ਼ਿਆਂ ਕਰਕੇ ਮੌਤ ਹੋ ਗਈ ਅਤੇ ਦੂਜੇ ਦੋਵੇਂ ਮੁੰਡੇ ਨਸ਼ੇ ਕਰਦੇ ਹਨ। ਤਿੰਨੇ ਸਕੂਲ ਸਮੇਂ ਹੀ ਨਸ਼ਾ ਕਰਨ ਲੱਗ ਪਏ ਸੀ।”

ਉਹ ਕਹਿੰਦੇ ਹਨ, “ਜੇਕਰ ਪੁੱਤਾਂ ਨੇ ਨਸ਼ਿਆਂ ਵਿੱਚ ਹੀ ਪੈਣਾ ਸੀ ਤਾਂ ਚੰਗਾ ਹੁੰਦਾ ਜੇਕਰ ਰੱਬ ਮੈਂਨੂੰ ਔਲਾਦ ਦਿੰਦਾ ਹੀ ਨਾ।”

ਉਹ ਦਾਅਵਾ ਕਰਦੇ ਹਨ, “ਮੇਰਾ ਮੁੰਡਾ ਟੀਕਾ ਲਾਕੇ ਮਰਿਆ। ਉਹ ਟੀਕਾ ਲਗਾਕੇ ਡਿੱਗ ਪਿਆ ਸੀ। ਉਹ ਅਜੇ ਤੱਕ ਨਹੀਂ ਭੁੱਲਦਾ। ਉਸਦੀ ਫੋਟੋ ਦੇਖਕੇ ਰੌਂਦੀ ਰਹਿੰਦੀ ਹਾਂ। ਉਸਦੀ ਮੌਤ ਮੇਰੇ ਹੱਥਾਂ ਵਿੱਚ ਹੀ ਹੋਈ ਸੀ। ਜਦੋਂ ਉਸਦੀ ਜਾਨ ਨਿੱਕਲ ਰਹੀ ਸੀ ਤਾਂ ਉਹ ਮੇਰੀ ਬੁੱਕਲ ਵਿੱਚ ਹੀ ਸੀ।”

‘ਆਖਰੀ ਦਿਨ ਚਾਰ ਟੀਕੇ ਲਗਾਏ’

ਟੀਕੇ

ਕੁਲਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਨ ਪੁੱਤ ਦੀ ਮੌਤ ਇਸੇ ਸਾਲ 8 ਅਪ੍ਰੈਲ ਨੂੰ ਹੋਈ ਸੀ।

ਹਰਬੰਸ ਸਿੰਘ ਦਾਅਵਾ ਕਰਦੇ ਹਨ, “ਮੇਰੇ ਮੁੰਡੇ ਦੀ ਮੌਤ ਚਿੱਟੇ ਕਰਕੇ ਹੋਈ ਹੈ। ਆਖ਼ਰੀ ਦਿਨ ਉਸਨੇ ਚਾਰ ਟੀਕੇ ਲਾਏ ਸਨ। ਉਹ ਆਪਣੇ ਪੈਰਾਂ, ਧੋਣ ਅਤੇ (ਪ੍ਰਾਈਵੇਟ ਪਾਰਟ) ਵਿੱਚ ਟੀਕਾ ਲਗਾਉਂਦਾ ਸੀ।”

ਕੁਲਦੀਪ ਕੌਰ ਦਾਅਵਾ ਕਰਦੇ ਹਨ, “ਇੱਕ ਟੀਕਾ ਉਸਨੇ ਸਵੇਰੇ ਲਾਇਆ। ਤਿੰਨ ਆਖ਼ਰੀ ਸਮੇਂ 10-15 ਮਿੰਟਾਂ ਦੇ ਵਕਫ਼ੇ ਵਿੱਚ ਲਗਾਏ। ਇਹ ਤਿੰਨੇ ਟੀਕੇ ਉਸਨੇ ਪ੍ਰਾਈਵੇਟ ਪਾਰਟ ਵਿੱਚ ਲਾਏ।”

ਕੁਲਦੀਪ ਕੌਰ ਕਹਿੰਦੇ ਹਨ, “ਅਸੀਂ ਪਾਗਲ ਹੋ ਗਏ ਮੁੰਡੇ ਪਿੱਛੇ। ਉਸਦਾ ਨਸ਼ਾ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਸਨੂੰ ਕੁੱਟ ਕੇ ਵੀ ਦੇਖਿਆ, ਰੋਟੀ ਨਾ ਦੇਕੇ ਵੀ ਦੇਖਿਆ, ਘਰੋਂ ਕੱਢ ਕੇ ਵੀ ਦੇਖਿਆ। ਤਾਂ ਜੋ ਸਾਨੂੰ ਇਹ ਦਿਨ ਨਾ ਦੇਖਣੇ ਪੈਣ ਅਤੇ ਇਹ ਸੁਧਰ ਜਾਵੇ। ਪਰ ਉਹ ਸੁਧਰਿਆ ਨਹੀਂ।”

ਕੁਲਦੀਪ ਕੌਰ ਦੱਸਦੇ ਹਨ, “ਮੇਰਾ ਪੁੱਤ 14 ਮਹੀਨੇ ਜੇਲ੍ਹ ਵਿੱਚ ਵੀ ਰਿਹਾ ਸੀ। ਉਹ ਕਥਿਤ ਬਲੈਕੀਆਂ ਨਾਲ ਰਲ਼ ਕੇ ਚਿੱਟਾ ਵੇਚਦਾ ਫੜ੍ਹਿਆ ਗਿਆ ਸੀ। ਅਸੀਂ ਉਸਨੂੰ ਛੁਡਾਉਣ ਲਈ ਉਸਦੇ ਮਗਰ ਨਹੀਂ ਗਏ ਸੀ। ਹੁਣ ਅਸੀਂ ਸੋਚਦੇ ਹਾਂ ਕਿ ਕਾਸ਼ ਮੇਰਾ ਪੁੱਤ ਜੇਲ੍ਹ ਤੋਂ ਬਾਹਰ ਹੀ ਨਾ ਆਉਂਦਾ। ਜੇ ਜੇਲ੍ਹ ਵਿੱਚ ਹੀ ਰਹਿੰਦਾ ਤਾਂ ਸ਼ਾਇਦ ਬਚ ਜਾਂਦਾ।”

ਨਸ਼ਿਆਂ ਨਾਲ ਕਿੰਨੀਆਂ ਮੌਤਾਂ ਹੋਈਆਂ

ਨਸ਼ਾ

ਐਨਐਸਆਰਬੀ ਦੀ ਤਾਜ਼ਾ ਰਿਪੋਰਟ ਮੁਤਾਬਕ, ਪੰਜਾਬ ਵਿੱਚ ਸਾਲ 2024 ਵਿੱਚ ਨਸ਼ਿਆਂ ਦੀ ਉਵਰਡੋਜ਼ ਨਾਲ 106 ਮੌਤਾਂ ਹੋਈਆਂ ਸਨ।

ਹਾਲਾਂਕਿ, ਲੋਕਾਂ ਦਾ ਦਾਅਵਾ ਅਤੇ ਇਲਜ਼ਾਮ ਹੈ ਕਿ ਬਹੁਤ ਵਾਰੀ ਲੋਕ ਸਮਾਜਕ ਬੇਜੱਤੀ ਦੇ ਡਰੋਂ ਨਸ਼ਿਆਂ ਨਾਲ ਹੋਈ ਮੌਤ ਨੂੰ ਸਾਹਮਣੇ ਲਿਆਉਣ ਦੀ ਬਜਾਏ ਛਿਪਾਉਣ ਨੂੰ ਤਵੱਜੋ ਦਿੰਦੇ ਹਨ।

ਬਲਜੀਤ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਪੋਸਟਮਾਰਟਮ ਨਹੀਂ ਕਰਵਾਇਆ। ਉਹ ਕਹਿੰਦੇ ਹਨ ਕਿ ਉਸ ਦਿਨ ਉਹ ਖੁਦ ਵੀ ਬਿਮਾਰ ਹੋ ਗਏ ਸਨ।

ਉਹ ਕਹਿੰਦੇ ਹਨ, “ਜਵਾਨ ਪੁੱਤ ਦੀ ਮੌਤ ਦੇ ਦੁੱਖ ਵਿੱਚ ਪੋਸਟਮਾਰਟਮ ਕਰਵਾਉਣ ਦਾ ਖਿਆਲ ਨਹੀਂ ਆਇਆ।”

ਕੁਲਦੀਪ ਕੌਰ ਵੀ ਕਹਿੰਦੇ ਹਨ ਕੀ ਉਨ੍ਹਾਂ ਨੇ ਆਪਣੇ ਪੁੱਤ ਦਾ ਪੋਸਟਮਾਰਟਮ ਨਹੀਂ ਕਰਵਾਇਆ।

ਉਹ ਕਹਿੰਦੇ ਹਨ, “ਪੁੱਤ ਤਾਂ ਚਲਾ ਗਿਆ ਸੀ, ਪਰ ਉਸਦੀ ਮਿੱਟੀ ਕਿਉਂ ਖਰਾਬ ਕਰਨੀ।”

ਲੋਕਾਂ ਨੇ ਖੁਦ ਕਮਾਨ ਸੰਭਾਲੀ

ਨਸ਼ਿਆਂ ਖਿਲਾਫ਼ ਲੜਾਈ

ਨਸ਼ਿਆਂ ਖ਼ਿਲਾਫ਼ ਸੰਘਰਸ਼ ਵਿੱਚ ਕਈ ਥਾਵਾਂ ਉੱਤੇ ਲੋਕਾਂ ਨੇ ਖੁਦ ਵੀ ਕਮਾਨ ਸੰਭਾਲੀ ਹੋਈ ਹੈ। ਸੰਗਰੂਰ ਜ਼ਿਲ੍ਹੇ ਦਾ ਸ਼ੇਰਪੁਰ ਪਿੰਡ ਇਸਦੀ ਇੱਕ ਮਿਸਾਲ ਹੈ।

ਪਿੰਡ ਦੇ ਨੌਜਵਾਨਾਂ ਨੇ 27 ਅਗਸਤ 2023 ਨੂੰ ਪਿੰਡ ਵਿੱਚ ਦਾਖ਼ਲ ਅਤੇ ਬਾਹਰ ਨਿਕਲਣ ਵਾਲੇ ਰਸਤਿਆਂ ਉੱਤੇ ਨਾਕਾ ਲਾਇਆ ਹੋਇਆ ਹੈ। ਇੱਥੇ ਉਹ ਦਿਨ-ਰਾਤ ਪਹਿਰੇਦਾਰੀ ਕਰਦੇ ਹਨ। ਇਸ ਪਹਿਰੇਦਾਰੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਪਿੰਡ ਦੇ ਨੌਜਵਾਨ ਅਤੇ ਮਹਿਲਾਵਾਂ ਵੀ ਆਪਣਾ ਯੋਗਦਾਨ ਪਾਉਂਦੇ ਹਨ।

ਨੌਜਵਾਨ ਬਲਵਿੰਦਰ ਸਿੰਘ ਸਿੰਘ ਕਹਿੰਦੇ ਹਨ, “ਅਸੀਂ 24 ਘੰਟੇ ਪਹਿਰੇਦਾਰੀ ਕਰਦੇ ਹਾਂ। ਅਸੀਂ ਇੱਥੇ ਇੱਕ ਕੰਟਰੋਲ ਰੂਮ ਵੀ ਬਣਾਇਆ ਹੋਇਆ ਹੈ। ਜਿੱਥੋਂ ਅਸੀਂ ਸੀਸੀਟੀਵੀ ਨਾਲ ਨਿਗਰਾਨੀ ਰੱਖਦੇ ਹਾਂ।”

“ਜਦੋਂ ਅਸੀਂ ਕਿਸੇ ਤੋਂ ਨਸ਼ੇ ਦੀ ਰਿਕਵਰੀ ਕਰਦੇ ਹਾਂ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਿੰਦੇ ਹਾਂ। ਇਸ ਤੋਂ ਇਲਾਵਾ ਨਸ਼ੇ ਤੋਂ ਪੀੜਤ ਨੌਜਵਾਨਾਂ ਦੀ ਮੱਦਦ ਵਾਸਤੇ ਉਨ੍ਹਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਵੀ ਭਰਤੀ ਕਰਵਾਉਂਦੇ ਹਾਂ।”

ਸਥਾਨ ਮਹਿਲਾ ਸੁਖਵਿੰਦਰ ਕੌਰ ਕਹਿੰਦੇ ਹਨ, “ਅਸੀਂ ਆਪਣਾ ਘਰ ਨਹੀਂ ਦੇਖਦੇ। ਇਹੀ ਸਾਡਾ ਘਰ (ਨਾਕਾ) ਹੈ। ਅਸੀਂ ਆਪਣੇ ਘਰ ਦੇ ਕੰਮ ਕਰਕੇ ਇੱਥੇ ਆ ਜਾਂਦੀਆਂ ਹਾਂ। ਜਦੋਂ ਨੌਜਵਾਨ ਨਹੀਂ ਹੁੰਦੇ। ਅਸੀਂ ਹੀ ਪਹਿਰੇਦਾਰੀ ਕਰਦੀਆਂ ਹਾਂ।”

ਇੱਕ ਹੋਰ ਔਰਤ ਜਸਵੀਰ ਕੌਰ ਮੁਤਾਬਕ, “ਸਾਡੇ ਇਲਾਕੇ ਵਿੱਚੋਂ ਨਸ਼ਾ ਬਹੁਤ ਘੱਟ ਗਿਆ ਹੈ। ਪਹਿਲਾਂ ਸ਼ਰੇਆਮ ਵਿਕਦਾ ਹੁੰਦਾ ਸੀ। ਜੇਕਰ ਹੁਣ ਕੋਈ ਕਰਦਾ ਜਾਂ ਵੇਚਦਾ ਹੈ ਤਾਂ ਉਹ ਚੋਰੀ ਛਿਪੇ ਹੀ ਹੈ। ਜਿਹੜੇ ਮੁੰਡੇ ਨਸ਼ਾ ਕਰਦੇ ਸੀ, ਉਨ੍ਹਾਂ ਨੇ ਛੱਡ ਦਿੱਤਾ ਹੈ ਅਤੇ ਨਵੀਂ ਪੀੜ੍ਹੀ ਦੇ ਮੁੰਡੇ ਬਚ ਗਏ ਹਨ।”

“ਸਾਡੇ ਇਲਾਕੇ ਵਿੱਚ ਵਿੱਚ ਨਸ਼ਾ ਵੇਚਣ ਦੇ ਕੰਮ ਵਿੱਚ ਮਹਿਲਾਵਾਂ ਵੀ ਸ਼ਾਮਲ ਸੀ। ਜਦੋਂ ਮੁੰਡੇ ਰੋਕਦੇ ਸੀ ਤਾਂ ਉਹ ਗਲਤ ਇਲਜ਼ਾਮ ਲਗਾਉਂਦੀਆਂ ਸੀ। ਫਿਰ ਅਸੀਂ ਖੁਦ ਅੱਗੇ ਹੋਈਆਂ ਹਾਂ।”

ਮਨਪ੍ਰੀਤ ਸਿੰਘ

ਨਸ਼ਿਆਂ ਖ਼ਿਲਾਫ਼ ਸੰਘਰਸ਼ ਵਿੱਚ ਜਿੱਥੇ ਨਿਰਾਸ਼ਾ ਅਤੇ ਉਦਾਸੀ ਹੈ, ਉੱਥੇ ਹੀ ਉਮੀਦ ਵੀ ਹੈ। ਬਰਨਾਲਾ ਜ਼ਿਲ੍ਹੇ ਦਾ ਨੌਜਵਾਨ ਮਨਪ੍ਰੀਤ ਸਿੰਘ ਵੀ ਇਸੇ ਉਮੀਦ ਦੀ ਇੱਕ ਕਿਰਨ ਜਗਾਈ ਬੈਠਾ ਹੈ।

ਮਨਪ੍ਰੀਤ ਸਿੰਘ ਨੇ ਪਹਿਲਾਂ ਲੰਬਾ ਸਮਾਂ ਨਸ਼ਾ ਕੀਤਾ ਅਤੇ ਹੁਣ ਉਹ ਤਿੰਨ ਸਾਲਾਂ ਤੋਂ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਨਸ਼ਿਆਂ ਵਿੱਚੋਂ ਕੱਢਣ ਲਈ ਉਨਾਂ ਦੀ ਮੱਦਦ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਬਲੋਗ ਪਾਕੇ ਨਸ਼ਿਆਂ ਖਿਲਾਫ਼ ਜਾਗਰੂਕ ਕਰਦੇ ਹਨ।

ਉਹ ਦਾਅਵਾ ਕਰਦੇ ਹਨ ਕਿ ਹੁਣ ਤੱਕ ਉਨ੍ਹਾਂ ਨੇ 150 ਤੋਂ ਵੱਧ ਨੌਜਵਾਨਾਂ ਨੂੰ ਲੋੜੀਂਦੀ ਮੱਦਦ ਮੁਹੱਈਆ ਕਰਵਾਈ ਹੈ। ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਪ੍ਰਸ਼ਾਸਨਿਕ ਅਤੇ ਸਮਾਜਿਕ ਪੱਧਰ ਉੱਤੇ ਵੀ ਮਾਨਤਾ ਮਿਲੀ ਹੈ। ਉਨ੍ਹਾਂ ਨੂੰ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਸ਼ਿਸ਼ ਵਾਸਤੇ ਕੋਈ ਵਾਰੀ ਸਰਾਹਿਆ ਹੈ। ਹੁਣ ਉਨ੍ਹਾਂ ਨੂੰ ਸਕੂਲਾਂ, ਕਾਲਜਾਂ ਅਤੇ ਸਮਾਜਿਕ ਇਕੱਠਾਂ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਸੱਦਿਆ ਜਾਂਦਾ ਹੈ।

ਮਨਪ੍ਰੀਤ ਸਿੰਘ ਕਹਿੰਦੇ ਹਨ, “ਜਦੋਂ ਮੈਂ ਨਸ਼ਾ ਛੱਡਣਾ ਸੀ ਤਾਂ ਮੈਨੂੰ ਕੋਈ ਸਹਾਰਾ ਨਹੀਂ ਮਿਲਿਆ। ਫਿਰ ਜਦੋਂ ਮੈਂ ਨਸ਼ਾ ਛੱਡਿਆ ਤਾਂ ਮੈਨੂੰ ਪਤਾ ਲੱਗਾ ਜਿੰਦਗੀ ਬਹੁਤ ਸੋਹਣੀ ਹੈ। ਮੈਂ ਸੋਚਿਆ ਮੈਂ ਹੋਰਨਾਂ ਨੂੰ ਵੀ ਦੱਸਾਂ ਕਿ ਜਿੰਦਗੀ ਕਿੰਨੀ ਸੋਹਣੀ ਹੈ।”

“ਮੈਂ ਰੋਜ਼ਾਨਾ ਆਪਣੀ ਜ਼ਿੰਦਗੀ ਬਾਰੇ ਬਲੌਗ ਪਾਉਂਦਾ ਹੈ। ਨਸ਼ੇ ਤੋਂ ਪੀੜਤ ਨੌਜਵਾਨ ਮੇਰੇ ਬਲੌਗ ਦੇਖਕੇ ਮੇਰੇ ਕੋਲ ਆਉਂਦੇ ਹਨ ਅਤੇ ਨਸ਼ੇ ਛੱਡਣ ਦੀ ਇੱਛਾ ਦੱਸਦੇ ਹਨ। ਫਿਰ ਮੈਂ ਉਨ੍ਹਾਂ ਦੇ ਇਲਾਜ ਵਾਸਤੇ ਉਨ੍ਹਾਂ ਨੂੰ ਮੈਡੀਕਲ ਅਤੇ ਮਨੋਵਿਗਿਆਨਕ ਸਹਾਇਤਾ ਮੁਹੱਈਆ ਕਰਵਾਉਂਦਾ ਹਾਂ।”

ਮਾਹਰ ਕੀ ਕਹਿੰਦੇ ਹਨ

ਬਲਰਾਜ ਸਿੰਘ

ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਦੇ ਪ੍ਰਾਜੈਕਟ ਨਿਰਦੇਸ਼ਕ ਬਲਰਾਜ ਸਿੰਘ ਕਹਿੰਦੇ ਹਨ, “ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਨਸ਼ਾ ਛੁਡਵਾਉਣ ਵਿੱਚ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਦੀ ਸੰਗਤ ਹੈ। ਕੇਂਦਰ ਵਿੱਚ ਦਾਖਲ ਹੋਣ ਮਗਰੋਂ ਜਦੋਂ ਨੌਜਵਾਨ ਵਾਪਸ ਘਰ ਜਾਂਦੇ ਹਨ ਤਾਂ ਉਹ ਫਿਰ ਨਸ਼ਾ ਕਰਨ ਲੱਗ ਪੈਂਦੇ ਹਨ। ਇਸਦਾ ਕਾਰਨ ਪੀੜਤ ਨੌਜਵਾਨ ਦੀ ਸੰਗਤ ਹੁੰਦਾ ਹੈ। ਜਦੋਂ ਉਹ ਆਪਣੀ ਪੁਰਾਣੀ ਸੰਗਤ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਫਿਰ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ।”

ਡਾਕਟਰ ਦੀਪਕ ਕਾਂਸਲ

ਡਾਕਟਰ ਦੀਪਕ ਕਾਂਸਲ, ਮਾਨਸਿਕ ਰੋਗਾਂ ਅਤੇ ਨਸ਼ਿਆਂ ਦੇ ਰੋਗਾਂ ਦੇ ਮਾਹਰ ਹਨ ਅਤੇ ਕਹਿੰਦੇ ਹਨ, “ਨਸ਼ਾ ਛੱਡਣਾ ਔਖਾ ਨਹੀਂ ਹੈ। ਨਸ਼ੇ ਨੂੰ ਛੱਡੀ ਰੱਖਣਾ ਔਖਾ ਹੈ। ਕਈ ਵਾਰੀ ਨਿੱਕੀ ਉਮਰ ਦੇ ਨੌਜਵਾਨ ਨਸ਼ਾ ਕਰਨ ਲੱਗ ਪੈਂਦੇ ਹਨ। ਉਦੋਂ ਉਨ੍ਹਾਂ ਕੋਲ ਨਾ ਕੋਈ ਸਕਿੱਲ ਹੁੰਦੀ ਹੈ ਅਤੇ ਨਾ ਹੀ ਕੋਈ ਕੰਮ ਹੁੰਦਾ ਹੈ। ਫਿਰ ਜਦੋਂ ਉਹ ਨਸ਼ਾ ਛੱਡਦੇ ਹਨ ਤਾਂ ਉਨ੍ਹਾਂ ਨੂੰ ਵਿਹਲਾ ਰਹਿਣਾ ਪੈਂਦਾ ਹੈ। ਵਿਹਲੇਪਣ ਕਰਕੇ ਵੀ ਨੌਜਵਾਨ ਦੁਬਾਰਾ ਨਸ਼ੇ ਵੱਲ ਚਲੇ ਜਾਂਦੇ ਹਨ।”

“ਇਸ ਤੋਂ ਇਲਾਵਾ ਪਰਿਵਾਰ ਦਾ ਯੋਗਦਾਨ ਵੀ ਜ਼ਰੂਰੀ ਹੁੰਦਾ ਹੈ। ਕਈ ਵਾਰੀ ਪਰਿਵਾਰਕ ਮੈਂਬਰ ਅਣਜਾਣੇ ਵਿੱਚ ਪੀੜਤ ਦੇ ਨਸ਼ਾ ਛੱਡਣ ਦਾ ਰਾਹ ਔਖਾ ਕਰ ਦਿੰਦੇ ਹਨ।”

ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਸੀ

'ਯੁੱਧ ਨਸ਼ਿਆਂ ਵਿਰੁੱਧ'

ਮੁੱਖ ਮੰਤਰੀ ਭਗਵੰਤ ਮਾਨ ਨੇ 27 ਜੂਨ ਨੂੰ ਲੁਧਿਆਣਾ ਵਿਖੇ ਸੂਰਮਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਸੀ ਕਿ ਲਗਭਗ ਇੱਕ ਸਾਲ ਤਿੰਨ ਮਹੀਨੇ ਪਹਿਲਾਂ ‘ਯੁੱਧ ਨਸ਼ਿਆਂ ਵਿਰੁੱਧ’ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਪੰਜਾਬ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਮਹੱਤਵਪੂਰਨ ਸਫ਼ਲਤਾ ਦਰਜ ਕੀਤੀ ਹੈ। ‘ਆਪ’ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਨਸ਼ੇ ਵਿਰੁੱਧ ਲੜ ਰਹੇ ਹਰ ਵਿਅਕਤੀ ਨੂੰ ਢੁਕਵਾਂ ਇਲਾਜ ਮਿਲੇ ਅਤੇ ਉਹ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਹੋ ਸਕੇ।

ਸੀਐਮ ਮਾਨ ਨੇ ਕਿਹਾ ਸੀ, “ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਧੁਨਿਕ ਇਲਾਜ ਸਹੂਲਤਾਂ, ਕੌਂਸਲਿੰਗ ਸੇਵਾਵਾਂ ਅਤੇ ਫਾਲੋਅੱਪ ਸਪੋਰਟ ਨਾਲ ਲੈਸ ਅਤਿ-ਆਧੁਨਿਕ ਨਸ਼ਾ ਛਡਾਊ ਕੇਂਦਰ ਸਥਾਪਤ ਕੀਤੇ ਗਏ ਹਨ।”

ਉਨ੍ਹਾਂ ਕਿਹਾ ਕਿ ‘ਸੂਰਮਾ ਰਿਕੋਗਨੇਸ਼ਨ ਪ੍ਰੋਗਰਾਮ’ ਨਸ਼ੇ ਅਤੇ ਰਿਕਵਰੀ ਨਾਲ ਜੁੜੇ ਕਲੰਕ ਨੂੰ ਹਟਾ ਕੇ ਇਨ੍ਹਾਂ ਪ੍ਰਾਪਤੀਆਂ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਨਾਲ ਹੀ ਅਜਿਹਾ ਸਹਾਇਤਾ ਨੈੱਟਵਰਕ ਤਿਆਰ ਕਰਦਾ ਹੈ, ਜੋ ਨਸ਼ੇ ਵਿਰੁੱਧ ਲੜ ਰਹੇ ਦੂਜੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਤ ਕਰੇ।”

ਉਨ੍ਹਾਂ ਕਿਹਾ, “ਪੰਜਾਬ ਸਰਕਾਰ ਨਸ਼ਾ ਛਡਾਊ ਕੇਂਦਰਾਂ, ਹੁਨਰ ਵਿਕਾਸ ਪ੍ਰੋਗਰਾਮਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖੇਗੀ ਅਤੇ ਨਸ਼ੇ ਦੀ ਲਤ ਨਾਲ ਜੁੜੇ ਕਲੰਕ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਰਹੇਗੀ ਤਾਂ ਜੋ ਹਰ ਸਿਹਤਯਾਬ ਹੋਇਆ ਵਿਅਕਤੀ ਬਿਹਤਰ ਰੋਜ਼ਗਾਰ ਦੇ ਮੌਕਿਆਂ ਨਾਲ ਸਨਮਾਨਜਨਕ ਜੀਵਨ ਬਤੀਤ ਕਰ ਸਕੇ।”

ਖੇਡਾਂ ਨੂੰ ਨਸ਼ਿਆਂ ਦੀ ਅਲਾਮਤ ਵਿਰੁੱਧ ਸਭ ਤੋਂ ਕਾਰਗਰ ਹਥਿਆਰ ਦੱਸਦਿਆਂ ਉਨ੍ਹਾਂ ਐਲਾਨ ਕੀਤਾ ਸੀ, “15 ਜੁਲਾਈ ਤੱਕ ਪੰਜਾਬ ਭਰ ਵਿੱਚ ਲਗਭਗ 3,100 ਪਿੰਡਾਂ ‘ਚ ਖੇਡ ਮੈਦਾਨ ਅਤੇ 3,000 ਜਿੰਮ ਚਾਲੂ ਕਰ ਦਿੱਤੇ ਜਾਣਗੇ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਇਆ ਜਾ ਸਕੇ।”

ਯੁੱਧ ਨਸ਼ਿਆਂ ਵਿਰੁੱਧ

ਪੰਜਾਬ ਸਰਕਾਰ ਨੇ ਮਾਰਚ 2025 ਵਿੱਚ ਨਸ਼ਿਆਂ ਦੇ ਖਾਤਮੇ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।

ਪੰਜਾਬ ਪੁਲਿਸ ਦੇ ਅੰਕੜਿਆਂ ਮੁਤਾਬਕ, ਇਸ 17 ਜੂਨ ਤੱਕ ਪੁਲਿਸ ਨੇ 49,121 ਕੇਸ ਦਰਜ ਕੀਤੇ ਅਤੇ 68,758 ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਤੋਂ ਇਲਾਵਾ, ਪੁਲਿਸ ਨੇ ਕਥਿਤ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਬਣਾਈ ਪ੍ਰਾਪਰਟੀ ਬੁਲਡੋਜ਼ਰ ਨਾਲ ਢਾਹੀਂ ਵੀ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਰਿਕਵਰੀ :

  • ਹੇਰੋਇਨ – 3043.448 ਕਿਲੋਗ੍ਰਾਮ
  • ਸਮੈਕ – 0.487 ਕਿਲੋਗ੍ਰਾਮ
  • ਅਫੀਮ – 828.444 ਕਿਲੋਗ੍ਰਾਮ
  • ਪੋਸਤ – 67823.010 ਕਿਲੋਗ੍ਰਾਮ
  • ਚਰਸ – 82.889 ਕਿਲੋਗ੍ਰਾਮ
  • ਗਾਂਜਾ – 1006.149 ਕਿਲੋਗ੍ਰਾਮ
  • ਕੋਕੇਨ – 4.612 ਕਿਲੋਗ੍ਰਾਮ
  • ਆਇਸ – 57.816 ਕਿਲੋਗ੍ਰਾਮ
  • ਨਸ਼ੀਲਾ ਪਦਾਰਥ – 165.702 ਕਿਲੋਗ੍ਰਾਮ
  • ਨਸ਼ੀਲੇ ਟੀਕੇ – 2069
  • ਨਸ਼ੀਲੀਆਂ ਗੋਲੀਆਂ/ਕੈਪਸੂਲ – 5862072
  • ਡਰੱਗ ਮਨੀ – 18 ਕਰੋੜ

ਬੀਬੀਸੀ ਪੰਜਾਬੀ ਵੱਲੋਂ ਪੰਜਾਬ ਪੁਲਿਸ ਦੇ ਡੀਜੇਪੀ ਨਾਲ ਫੋਨ ਅਤੇ ਈਮੇਲ ਜਰੀਏ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਜਵਾਬ ਨਹੀਂ ਆਇਆ। ਜਵਾਬ ਆਉਣ ‘ਤੇ ਇਸ ਰਿਪੋਰਟ ਨੂੰ ਅਪਡੇਟ ਕਰ ਦਿੱਤਾ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI