Source :- BBC PUNJABI

ਪਾਣੀ ਭਰਦੇ ਲੋਕ

ਤਸਵੀਰ ਸਰੋਤ, Bharat Bhushan/BBC

“ਕਈ ਸਰਕਾਰਾਂ ਆਈਆਂ, ਸਾਰਿਆਂ ਨੇ ਸਾਨੂੰ ਕਿਹਾ ਕਿ ਪਾਣੀ ਮੁਫ਼ਤ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਸਾਨੂੰ ਵੀ ਪੀਣ ਵਾਲੇ ਸਾਫ਼ ਪਾਣੀ ਦੀ ਸੁਵਿਧਾ ਦਿੱਤੀ ਜਾਵੇ। ਅਸੀਂ ਪਾਣੀ ਵੱਲੋਂ ਬਹੁਤ ਤੰਗ ਆ। ਹੁਣ ਅਸੀਂ ਪਾਣੀ ਮੁੱਲ ਲੈ ਕੇ ਪੀਈਏ ਜਾਂ ਘਰ ਦਾ ਖਰਚਾ ਚਲਾਈਏ।”

ਇਹ ਸ਼ਬਦ ਹਨ ਮੁਕਤਸਰ ਜ਼ਿਲ੍ਹੇ ਦੇ ਪਿੰਡ ਮਹਾਬੱਦਰ ਦੀ ਵਸਨੀਕ ਗੁਰਮੀਤ ਕੌਰ ਦੇ।

ਅਜਿਹਾ ਸਿਰਫ਼ ਇਸੇ ਪਿੰਡ ਦਾ ਹਾਲ ਨਹੀਂ ਹੈ ਜ਼ਿਲ੍ਹੇ ਦੇ ਹੋਰ ਵੀ ਪਿੰਡ ਪੀਣ ਵਾਲੇ ਪਾਣੀ ਲਈ ਮੁਹਤਾਜ਼ ਹੋਏ ਪਏ ਹਨ।

ਬੀਬੀਸੀ ਨੇ ਪਿੰਡ ਹਰਾਜ, ਵੜਿੰਗ, ਝਬੇਲਵਾਲੀ, ਬਾਹਮਣ ਵਾਲਾ, ਗਾਂਧਾ ਸਿੰਘ ਵਾਲਾ, ਮਹਾਬੱਦਰ, ਸਮੇਤ ਅੱਧਾ ਦਰਜਨ ਪਿੰਡਾਂ ਵਿੱਚ ਜਾ ਕੇ ਵੇਖਿਆ ਕਿ ਆਰਓਜ਼ ਦੀਆਂ ਮਸ਼ੀਨਾਂ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀਆਂ ਹਨ।

ਆਰਓ ਦੇ ਗੇਟ ਟੁੱਟ ਹੋਏ ਹਨ। ਇਨ੍ਹਾਂ ਦੇ ਆਲੇ-ਦੁਆਲੇ ਘਾਹ ਉੱਗਿਆ ਹੋਇਆ ਹੈ।

ਆਰਓ

ਤਸਵੀਰ ਸਰੋਤ, Bharat Bhushan/BBC

ਦਰਅਸਲ, ਪੰਜਾਬ ਸਰਕਾਰ ਵੱਲੋਂ ਤਕਰੀਬਨ ਦੋ ਦਹਾਕੇ ਪਹਿਲਾਂ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਆਰਓ ਲਾਏ ਗਏ ਸਨ ਤਾਂ ਜੋ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮਿਲੇ ਪਰ ਹੁਣ ਇਹ ਪਿਛਲੇ ਕੁਝ ਸਾਲਾਂ ਤੋਂ ਬੰਦ ਪਏ ਹਨ।

ਬੀਬੀਸੀ ਨੇ ਇਨ੍ਹਾਂ ਆਰਓਜ਼ ਦੇ ਬੰਦ ਹੋਣ ਪਿੱਛੋਂ ਮੁਕਤਸਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਗਰਾਊਂਡ ਪੱਧਰ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ।

ਪਿੰਡ ਚੱਕ ਗਾਂਧਾ ਸਿੰਘ ਵਾਲਾ ਦੀ ਸਰਪੰਚ ਪ੍ਰਦੀਪ ਕੌਰ ਨੇ ਵੀ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣ ਦੀ ਗੱਲ ਕਹੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 2012 ਵਿੱਚ ਆਰਓ ਲਗਾਇਆ ਗਿਆ ਸੀ। ਹੁਣ ਪਿਛਲੇ ਚਾਰ-ਪੰਜ ਸਾਲ ਤੋਂ ਇਹ ਬੰਦ ਪਿਆ ਹੈ।

ਪ੍ਰਦੀਪ ਕੌਰ

ਤਸਵੀਰ ਸਰੋਤ, Bharat Bhushan/BBC

ਪ੍ਰਦੀਪ ਕੌਰ ਕਹਿੰਦੇ ਹਨ, “ਪਿੰਡ ਵਾਸੀ ਪੀਣ ਵਾਲਾ ਪਾਣੀ ਨਹਿਰ ਦੇ ਨੇੜੇ ਲੱਗੇ ਨਲਕੇ ਤੋਂ ਭਰ ਕੇ ਲਿਆਉਣ ਲਈ ਮਜਬੂਰ ਹਨ।‌ ਆਰਓ ਦੇ ਬੰਦ ਹੋਣ ਦਾ ਕਾਰਨ ਸਰਕਾਰ ਵੱਲੋਂ ਆਪਣੇ ਹੱਥ ਖਿੱਚ ਲੈਣਾ ਹੈ।”

“ਸਰਕਾਰਾਂ ਨੇ ਇਨ੍ਹਾਂ ਦੀ ਜ਼ਿੰਮੇਵਾਰੀ ਪੰਚਾਇਤ ਨੂੰ ਦੇ ਦਿੱਤੀ ਹੈ ਅਤੇ ਪੰਚਾਇਤ ਕੋਲ ਇੰਨੇ ਫੰਡ ਨਹੀਂ ਹੁੰਦੇ ਕਿ ਇਸ ਨੂੰ ਚਾਲੂ ਰੱਖਿਆ ਜਾ ਸਕੇ।”

ਉਨ੍ਹਾਂ ਨੇ ਦੱਸਿਆ, “ਸਾਡੇ ਪਿੰਡ ਦੇ ਸਕੂਲ ਦੇ ਪਾਣੀ ਦੇ ਵੀ ਸੈਂਪਲ ਫੇਲ੍ਹ ਸਨ, ਜਿਸ ਮਗਰੋਂ ਅਸੀਂ ਸਕੂਲ ਵਿੱਚ ਆਰਓ ਲਗਵਾਇਆ ਹੈ। ਪਾਣੀ ਇੰਨਾ ਕੁ ਗੰਦਾ ਹੈ ਕਿ ਨਹਿਰਾਂ ਕੰਢੇ ਲੱਗੇ ਨਲਕਿਆਂ ਦੇ ਪਾਣੀ ਦੇ ਸੈਂਪਲ ਵੀ ਫੇਲ੍ਹ ਹਨ। “

“ਅਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਪਿੰਡ ਦਾ ਆਰਓ ਵੀ ਠੀਕ ਕਰਵਾਉਣਾ ਹੈ ਕਿਉਂਕਿ ਅਸੀਂ ਪਿੰਡ ਵਾਸੀਆਂ ਦੀ ਸਿਹਤ ਨੂੰ ਲੈ ਕੇ ਵਚਨਬੱਧ ਹਾਂ। ਸਾਨੂੰ ਕੋਈ ਅੱਧਾ ਕਿਲੋਮੀਟਰ ਚੱਲ ਕੇ ਪਾਣੀ ਲੈਣ ਜਾਣਾ ਪੈਂਦਾ ਹੈ।”

ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆਂ ਕਰਵਾਇਆ ਜਾਏ। ਸਰਕਾਰਾਂ ਆਪੇ ਪੱਧਰ ʼਤੇ ਪਾਣੀ ਦਾ ਮਸਲਾ ਹੱਲ ਕਰਨ ਤੇ ਪੰਚਾਇਤਾਂ ਦੇ ਸਿਰ ʼਤੇ ਨਾ ਸੁੱਟਣ।

ਮੱਖਣ ਸਿੰਘ

ਤਸਵੀਰ ਸਰੋਤ, Bharat Bhushan/BBC

ਇਹ ਵੀ ਪੜ੍ਹੋ-

ਮੁੱਲ ਦਾ ਪਾਣੀ

ਇਸੇ ਹੀ ਪਿੰਡ ਦੇ ਵਸਨੀਕ ਮੱਖਣ ਸਿੰਘ ਦਾ ਕਹਿਣਾ ਹੈ, “ਸਾਡੇ ਪੀਣ ਵਾਲਾ ਪਾਣੀ ਬਹੁਤ ਮਾੜਾ ਹੈ। ਇਸ ਵਿੱਚ ਕਾਲਾ ਛੋਰਾ ਹੈ, ਆਰਓ ਵੀ ਬੰਦ ਪਿਆ ਹੈ। ਸਾਡੇ ਘਰ-ਘਰ ਸਾਫ਼ ਪਾਣੀ ਪਹੁੰਚਾਇਆ ਜਾਵੇ ਜਾਂ ਆਰਓ ਠੀਕ ਕਰਵਾਇਆ ਜਾਵੇ। ਸਰਕਾਰ ਇੱਕੋ ਵਾਰ ਆਰਓ ਚਲਾ ਗਈ ਹੈ ਪਰ ਉਸ ਤੋਂ ਕੋਈ ਨਹੀਂ ਆਇਆ। ਪੰਚਾਇਤਾਂ ਦੇ ਸਿਰ ʼਤੇ ਪਾ ਗਈ ਹੈ।”

ਉੱਧਰ ਇੱਕ ਹੋਰ ਪਿੰਡ ਵੜਿੰਗ ਦੇ ਰੇਸ਼ਮ ਅਨੁਸਾਰ ਉਨ੍ਹਾਂ ਦੇ ਪਿੰਡ ਦਾ ਹਾਲ ਵੀ ਅਜਿਹਾ ਹੀ ਹੈ।

ਉਹ ਆਖਦੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚ ਪੀਣ ਯੋਗ ਪਾਣੀ ਨਹੀਂ ਹੈ।‌ “ਇਸ ਗੰਭੀਰ ਸਮੱਸਿਆ ਨੂੰ ਵੇਖਦਿਆਂ ਪਿੰਡ ਦੇ ਇੱਕ ਪਰਿਵਾਰ ਨੇ ਪੈਸੇ ਖਰਚ ਕਰਕੇ ਆਰਓ ਨੂੰ ਮੁੜ ਚਾਲੂ ਕਰਵਾਇਆ ਸੀ ਪਰ ਥੋੜ੍ਹੇ ਸਮੇਂ ਮਗਰੋਂ ਇਹ ਫੇਰ ਬੰਦ ਹੋ ਗਿਆ।”

“ਹੁਣ ਉਨ੍ਹਾਂ ਦਾ ਸਾਰਾ ਪਿੰਡ ਮੁਕਤਸਰ ਵਾਲੀਆਂ ਨਹਿਰਾਂ ਕੋਲੋਂ ਪਾਣੀ ਭਰ ਕੇ ਲਿਆਉਂਦਾ ਹੈ। ਮੁੱਲ ਦਾ ਪਾਣੀ ਪੀਣਾ ਪੈਂਦਾ ਹੈ। ਸਰਕਾਰ ਸਾਨੂੰ ਸਾਫ਼ ਪਾਣੀ ਮੁਹੱਈਆ ਕਰਵਾਏ।”

ਪਾਣੀ

ਮੁਕਤਸਰ ਜ਼ਿਲ੍ਹੇ ਦੇ ਪਿੰਡ ਮਹਾਬੱਦਰ ਦੀ ਵਸਨੀਕ ਗੁਰਮੀਤ ਕੌਰ ਮੁਤਾਬਕ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ। ਉਹ ਮੁੱਲ ਦਾ ਪਾਣੀ ਲੈ ਕੇ ਪੀ ਰਹੇ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਿੰਡ ਵਿੱਚ ਨਹਿਰਾਂ ਤੋਂ ਪਾਣੀ ਭਰ ਕੇ ਵੇਚਣ ਆਉਂਦੇ ਹਨ, ਉਹ ਦਸ ਰੁਪਏ ਦਾ ਕੈਨ ਭਰ ਕੇ ਦਿੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਕਈ ਸਰਕਾਰਾਂ ਆਈਆਂ, ਸਾਰਿਆਂ ਨੇ ਸਾਨੂੰ ਕਿਹਾ ਕਿ ਪਾਣੀ ਮੁਫ਼ਤ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਕੀਤਾ ਜਾਂਦਾ। ਸਾਨੂੰ ਵੀ ਪੀਣ ਵਾਲੇ ਪਾਣੀ ਦੀ ਸੁਵਿਧਾ ਦਿੱਤੀ ਜਾਵੇ। ਅਸੀਂ ਪਾਣੀ ਵੱਲੋਂ ਬਹੁਤ ਤੰਗ ਆ। ਹੁਣ ਅਸੀਂ ਪਾਣੀ ਮੁੱਲ ਲੈ ਕੇ ਪੀਈਏ ਜਾਂ ਘਰ ਦਾ ਖਰਚਾ ਚਲਾਈਏ।”

ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੇਵਾ ਮੁਕਤ ਅਧਿਕਾਰੀ ਜਗਦੇਵ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਤਤਕਾਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਆਰਓ ਲਗਾਏ ਸਨ।

ਮਗਰੋਂ ਇਨ੍ਹਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਪੰਚਾਇਤਾਂ ਨੂੰ ਸੌਂਪ ਦਿੱਤੀ ਗਈ ਸੀ। ਆਰਓ ਵਾਲੇ 100 ਰੁਪਏ ਮਹੀਨੇ ਦਾ ਕਾਰਡ ਬਣਾ ਕੇ ਹਰ ਰੋਜ਼ 10 ਲੀਟਰ ਦਾ ਕੈਨ ਭਰ ਕੇ ਦਿੰਦੇ ਸਨ।

ਇਸ ਇਲਾਕੇ ਅੰਦਰ ਲੰਬੇ ਸਮੇਂ ਤੋਂ ਨਹਿਰੀ ਪਾਣੀ ਦੂਸ਼ਿਤ ਹੋਣ ਅਤੇ ਧਰਤੀ ਹੇਠਲਾ ਪਾਣੀ ਛੋਰੇ ਵਾਲਾ ਹੋਣ ਕਰਕੇ ਵੱਡੀ ਗਿਣਤੀ ਲੋਕ ਇਨ੍ਹਾਂ ਤੋਂ ਪਾਣੀ ਲੈਂਦੇ ਸਨ।

ਪਾਣੀ

ਤਸਵੀਰ ਸਰੋਤ, Bharat Bhushan/BBC

ਕੀ ਕਹਿੰਦੇ ਹਨ ਅਧਿਕਾਰੀ

ਇਸ ਬਾਰੇ ਜਦੋਂ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਇਸ ਜ਼ਿਲ੍ਹੇ ਵਿੱਚ ਨਵੇਂ ਆਏ ਹਨ ਜਿਸ ਕਰਕੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ।

ਸਿਵਲ ਸਰਜਨ ਮੁਕਤਸਰ ਡਾ. ਚੰਦਰ ਸ਼ੇਖਰ ਕੱਕੜ ਮੁਤਾਬਕ ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ ਪਹਿਲਾਂ 104 ਸੈਂਪਲ ਲਏ ਗਏ ਸਨ।

ਇਨ੍ਹਾਂ ਵਿੱਚੋਂ 57 ਪਾਸ ਅਤੇ 47 ਫੇਲ੍ਹ ਹੋਏ ਸਨ। ਮਗਰੋਂ ਉਨ੍ਹਾਂ ਨੇ ਇਲਾਕੇ ਵਿੱਚ ਰਿਪੀਟ ਸੈਂਪਲਿੰਗ ਕਰਵਾਈ, ਜੋ 47 ਸੈਂਪਲ ਲਏ ਹਨ ਉਨ੍ਹਾਂ ਵਿੱਚੋਂ 30 ਦੀ ਰਿਪੋਰਟ ਪਾਸ ਆਈ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ।

ਹਾਲਾਂਕਿ, ਏਡੀਸੀ ਸੁਰਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਵਿਸਥਾਰ ਵਿੱਚ ਰਿਪੋਰਟ ਲੈ ਰਹੇ ਹਨ।

ਰਿਪੋਰਟ ਦੇ ਆਧਾਰ ʼਤੇ ਉਹ ਪੰਜਾਬ ਸਰਕਾਰ ਨੂੰ ਜਾਣੂ ਕਰਵਾਉਣਗੇ ਤੇ ਬੰਦ ਪਏ ਆਰਓਜ਼ ਚਾਲੂ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਉਨ੍ਹਾਂ ਦੇ ਖੇਤਰ ਪੀਣ ਵਾਲਾ ਪਾਣੀ ਪੀਣ ਯੋਗ ਨਹੀਂ। ਇਹ ਸਮੱਸਿਆ ਲਗਾਤਾਰ ਚੱਲਦੀ ਰਹਿੰਦੀ ਹੈ।

ਉਨ੍ਹਾਂ ਨੇ ਕਿਹਾ, “ਸਰਕਾਰ ਨੇ ਪਿੰਡਾਂ ਵਿੱਚ ਪਾਈਪਾਂ ਪੁਆ ਕੇ ਪਾਣੀ ਘਰ-ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਬੰਦ ਪਏ ਆਰਓਜ਼ ਪਲਾਂਟ ਚੱਲਣੇ ਚਾਹੀਦੇ ਹਨ। ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਪੰਚਾਇਤਾਂ ਨੂੰ ਸੌਂਪ ਜ਼ਰੂਰ ਦਿੱਤਾ ਸੀ ਪਰ ਫੰਡਾਂ ਦਾ ਪ੍ਰਬੰਧ ਨਹੀਂ ਕੀਤਾ ਸੀ ਜਿਸ ਕਰਕੇ ਇਹ ਬੰਦ ਹੋ ਗਏ।”

ਉਨ੍ਹਾਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਲੋਕਾਂ ਦੀਆਂ ਕਮੇਟੀਆਂ ਬਣਾ ਕੇ ਸਰਕਾਰ ਇਨ੍ਹਾਂ ਨੂੰ ਚਲਾਉਣ ਲਈ ਲੋਕਾਂ ਨੂੰ ਪਾਬੰਦ ਕਰੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ ਅਤੇ ਇਨ੍ਹਾਂ ਨੂੰ ਚਾਲੂ ਕਰਵਾਉਣ ਲਈ ਕੋਸ਼ਿਸ਼ ਕਰਨਗੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI