Source :- BBC PUNJABI
ਸਰ ਛੋਟੂ ਰਾਮ ਨੇ ਆਪਣੇ ਇੱਕ ਵਿਰੋਧੀ ਨੂੰ ਇੱਕ ਪੱਤਰ ਲਿਖਿਆ, “ਮੈਂ ਯਿਸੂ ਮਸੀਹ ਦੀ ਇਸ ਸਿੱਖਿਆ ਵਿੱਚ ਵਿਸ਼ਵਾਸ ਨਹੀਂ ਰੱਖਦਾ ਕਿ ਜੇਕਰ ਕੋਈ ਤੁਹਾਡੇ ਸੱਜੇ ਗਲ੍ਹ ‘ਤੇ ਥੱਪੜ ਮਾਰਦਾ ਹੈ, ਤਾਂ ਤੁਹਾਨੂੰ ਆਪਣਾ ਖੱਬਾ ਗਲ੍ਹ ਉਸ ਵੱਲ ਕਰ ਦੇਣਾ ਚਾਹੀਦਾ ਹੈ।”
“ਸਗੋਂ ਮੈਨੂੰ ਮੂਸਾ ਦੀਆਂ ਸਿੱਖਿਆਵਾਂ ਵਿੱਚ ਵਧੇਰੇ ਵਿਸ਼ਵਾਸ ਹੈ, ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ। ਜੇ ਤੁਸੀਂ ਮੇਰੇ ‘ਤੇ ਪੱਥਰ ਮਾਰੋਗੇ, ਤਾਂ ਮੈਂ ਤੁਹਾਡੇ ‘ਤੇ ਵੱਡਾ ਪੱਥਰ ਮਾਰਨ ਤੋਂ ਨਹੀਂ ਝਿਜਕਾਂਗਾ।”
ਉਨ੍ਹਾਂ ਦੀ ਬੋਲੀ ਹਮੇਸ਼ਾ ਤੋਂ ਤਿੱਖੀ ਰਹੀ, ਪਰ ਉਨ੍ਹਾਂ ਨੇ ਕਦੇ ਵੀ ਇਹ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਰ ਛੋਟੂ ਰਾਮ ਦਾ ਜਨਮ 1882 ਵਿੱਚ ਰੋਹਤਕ ਜ਼ਿਲ੍ਹੇ ਦੇ ਸਾਂਪਲਾ ਪਿੰਡ ਵਿੱਚ ਇੱਕ ਜਾਟ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਮ ਰਾਮ ਰਛਪਾਲ ਸੀ।
ਪਰਿਵਾਰ ਵਿੱਚ ਸਭ ਤੋਂ ਛੋਟੇ ਹੋਣ ਕਰਕੇ ਸਾਰੇ ਉਨ੍ਹਾਂ ਨੂੰ ਛੋਟੂ ਕਹਿ ਕੇ ਬੁਲਾਉਂਦੇ ਸਨ।
ਉਨ੍ਹਾਂ ਦਾ ਸਕੂਲ ਵਿੱਚ ਵੀ ਇਹੀ ਨਾਮ ਲਖਵਾਇਆ ਗਿਆ ਸੀ। ਰੋਹਤਕ ਵਿੱਚ ਆਪਣੀ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਛੋਟੂ ਰਾਮ ਨੇ 1905 ਵਿੱਚ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ।
ਕਾਂਗਰਸ ਨਾਲੋਂ ਨਾਤਾ ਤੋੜ ਲਿਆ
ਇਸ ਤੋਂ ਬਾਅਦ ਉਹ ਕਾਲਾਕਾਂਕਰ ਦੇ ਰਾਜਾ ਦੇ ਨਿੱਜੀ ਸਕੱਤਰ ਬਣ ਗਏ ਪਰ ਕੁਝ ਦਿਨਾਂ ਮਗਰੋਂ ਹੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਅਤੇ ਕਾਨੂੰਨ ਦੀ ਪੜ੍ਹਾਈ ਕਰਨ ਲੱਗੇ ਅਤੇ ਲਾਹੌਰ ਦੇ ਰੰਗਮਹਿਲ ਮਿਸ਼ਨ ਹਾਈ ਸਕੂਲ ਵਿੱਚ ਅਧਿਆਪਕ ਬਣ ਗਏ।
ਸਰ ਛੋਟੂ ਰਾਮ ਦੇ ਜੀਵਨੀ ਲੇਖਕ ਮਦਨ ਗੋਪਾਲ ਆਪਣੇ ਲੇਖ ‘ਰਹਿਬਰ-ਏ-ਆਜ਼ਮ’ ਵਿੱਚ ਲਿਖਦੇ ਹਨ, “ਪੰਜਾਬ ਦੇ ਇਤਿਹਾਸ ਵਿੱਚ ਕੇਂਦਰੀ ਪੰਜਾਬ ਯਾਨੀ ਲਾਹੌਰ, ਅੰਮ੍ਰਿਤਸਰ ਅਤੇ ਮੁਲਤਾਨ ਨਾਲ ਜੁੜਿਆ ਹਿੱਸਾ ਹੀ ਇਸ ਖਿੱਤੇ ਦੀ ਰਾਜਨੀਤੀ ਦਾ ਕੇਂਦਰ ਰਿਹਾ ਹੈ।
ਛੋਟੂ ਰਾਮ ਦੇ ਉਭਾਰ ਤੋਂ ਬਾਅਦ ਹੀ ਪੰਜਾਬ ਦੀ 50 ਪ੍ਰਤੀਸ਼ਤ ਤੋਂ ਵੱਧ ਹਿੰਦੂ ਆਬਾਦੀ ਵਾਲੇ ਪਛੜੇ ਅੰਬਾਲਾ ਡਿਵੀਜ਼ਨ ਨੇ ਕੇਂਦਰੀ ਪੰਜਾਬ ਦੇ ਦਬਦਬੇ ਨੂੰ ਬਹੁਤ ਹੱਦ ਤੱਕ ਘਟਾ ਦਿੱਤਾ ਸੀ।
ਸਾਲ 1916 ਵਿੱਚ ਉਨ੍ਹਾਂ ਨੇ ਹਫਤਾਵਾਰੀ ਅਖ਼ਬਾਰ ‘ਜਾਟ ਗਜ਼ਟ’ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਹੀ ਉਹ ਆਰੀਆ ਸਮਾਜ ਅਤੇ ਕਾਂਗਰਸ ਦੇ ਮੈਂਬਰ ਬਣ ਗਏ।
ਪਹਿਲੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੇ ਨਾਲ ਸਹਿਯੋਗ ਕੀਤਾ ਅਤੇ ਸਰਕਾਰ ਵੱਲੋਂ ਫੌਜ ਵਿੱਚ ਨਵੇਂ ਭਰਤੀ ਦੇ ਯਤਨਾਂ ਵਿੱਚ ਸਹਾਇਤਾ ਕੀਤੀ।
ਸਾਲ 1920 ਵਿੱਚ, ਜਦੋਂ ਕਾਂਗਰਸ ਨੇ ਬ੍ਰਿਟਿਸ਼ ਸਰਕਾਰ ਪ੍ਰਤੀ ਆਪਣੀਆਂ ਨੀਤੀਆਂ ਬਦਲੀਆਂ ਅਤੇ ਅਹਿੰਸਾ ਅਤੇ ਅਸਹਿਯੋਗ ਦਾ ਰਸਤਾ ਅਪਣਾਇਆ, ਤਾਂ ਉਨ੍ਹਾਂ ਨੇ ਕਾਂਗਰਸ ਨਾਲੋਂ ਆਪਣਾ ਨਾਤਾ ਤੋੜ ਲਿਆ।
ਯੂਨੀਅਨਿਸਟ ਪਾਰਟੀ ਦੇ ਸਭ ਤੋਂ ਵੱਡੇ ਆਗੂਆਂ ਵਿੱਚੋਂ ਇੱਕ
ਸਰ ਛੋਟੂ ਰਾਮ ਨੇ ਪਹਿਲੀ ਵਾਰ 1921 ਵਿੱਚ ਪੰਜਾਬ ਕੌਂਸਲ ਦੀ ਚੋਣ ਲੜੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪਰ ਆਪਣੀ ਦੂਜੀ ਕੋਸ਼ਿਸ਼ ਵਿੱਚ ਉਹ ਪੰਜਾਬ ਕੌਂਸਲ ਦੇ ਮੈਂਬਰ ਬਣਨ ਵਿੱਚ ਸਫਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਹਰੇਕ ਚੋਣ ਨੂੰ ਜਿੱਤਦੇ ਰਹੇ।
1924 ਵਿੱਚ ਉਨ੍ਹਾਂ ਨੂੰ ਪੰਜਾਬ ਦਾ ਖੇਤੀਬਾੜੀ ਮੰਤਰੀ ਬਣਾਇਆ ਗਿਆ। ਇੱਕ ਸਾਲ ਬਾਅਦ ਉਹ ਪੰਜਾਬ ਦੇ ਸਿੱਖਿਆ ਮੰਤਰੀ ਬਣੇ ਅਤੇ 1936 ਵਿੱਚ ਉਨ੍ਹਾਂ ਨੂੰ ਪੰਜਾਬ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ।
ਉਸੇ ਸਾਲ ਫਜ਼ਲੇ ਹਸਨ ਦੀ ਮੌਤ ਹੋਣ ਮਗਰੋਂ ਉਹ ਸਿਕੰਦਰ ਹਯਾਤ ਖਾਨ ਦੇ ਨਾਲ ਯੂਨੀਅਨਿਸਟ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਵਜੋਂ ਉਭਰੇ।
1937 ਵਿੱਚ ਯੂਨੀਅਨਿਸਟ ਪਾਰਟੀ ਨੇ ਪੰਜਾਬ ਦੀਆਂ ਚੋਣਾਂ ਜਿੱਤੀਆਂ ਅਤੇ ਸਿਕੰਦਰ ਹਯਾਤ ਖਾਨ ਦੀ ਅਗਵਾਈ ਹੇਠ ਸਰਕਾਰ ਬਣਾਈ।
ਇਸ ਸਰਕਾਰ ਵਿੱਚ ਛੋਟੂ ਰਾਮ ਪਹਿਲਾਂ ਵਿਕਾਸ ਮੰਤਰੀ ਬਣੇ ਅਤੇ ਫਿਰ ਉਨ੍ਹਾਂ ਨੇ ਮਾਲ ਮੰਤਰੀ ਦਾ ਅਹੁਦਾ ਸੰਭਾਲਿਆ।
ਪ੍ਰੇਮ ਚੌਧਰੀ ਆਪਣੀ ਕਿਤਾਬ ‘ਪੰਜਾਬ ਪਾਲੀਟਿਕਸ ਐਂਡ ਦ ਰੋਲ ਆਫ ਸਰ ਛੋਟੂ ਰਾਮ’ ਵਿੱਚ ਲਿਖਦੇ ਹਨ, “ਸਰ ਛੋਟੂ ਰਾਮ ਸਿਕੰਦਰ ਹਯਾਤ ਖਾਨ ਦੀ ਕੈਬਨਿਟ ਵਿੱਚ ਨੰਬਰ 2 ਦੇ ਵਿਅਕਤੀ ਸਨ। ਸਿਕੰਦਰ ਹਯਾਤ ਖਾਨ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਨਿਯਮਿਤ ਤੌਰ ‘ਤੇ ਸੂਚਿਤ ਕੀਤਾ ਗਿਆ ਸੀ ਕਿ ਸਰ ਛੋਟੂ ਰਾਮ ਉਨ੍ਹਾਂ ਦੇ ਉੱਤਰਾਧਿਕਾਰੀ ਹੋਣਗੇ।”
ਪ੍ਰੇਮ ਚੌਧਰੀ ਲਿਖਦੇ ਹਨ, “ਪਰ ਸਿਕੰਦਰ ਹਯਾਤ ਦੀ ਮੌਤ ਤੋਂ ਬਾਅਦ ਸਰ ਛੋਟੂ ਰਾਮ ਨੇ ਯੂਨੀਅਨਿਸਟ ਪਾਰਟੀ ਦੀ ਅਗਵਾਈ ਸੰਭਾਲਣ ਤੋਂ ਇਨਕਾਰ ਕਰ ਦਿੱਤਾ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਪੰਜਾਬ ਵਰਗੇ ਮੁਸਲਿਮ ਬਹੁਮਤ ਵਾਲੇ ਖੇਤਰ ਵਿੱਚ ਅਹੁਦੇ ਲਈ ਸਿਰਫ਼ ਮੁਸਲਮਾਨ ਵਿਅਕਤੀ ਨੂੰ ਹੀ ਸਵੀਕਾਰ ਕੀਤਾ ਜਾਵੇਗਾ।”
ਜਦੋਂ ਜਨਵਰੀ 1943 ਵਿੱਚ ਸਿਕੰਦਰ ਹਯਾਤ ਖਾਨ ਦੀ ਮੌਤ ਹੋ ਗਈ, ਤਾਂ ਉਨ੍ਹਾਂ ਦੀ ਜਗ੍ਹਾ ਖਿਜ਼ਰ ਹਯਾਤ ਖਾਨ ਟਿਵਾਣਾ ਨੂੰ ਪੰਜਾਬ ਦਾ ਪ੍ਰੀਮੀਅਰ ਬਣਾਇਆ ਗਿਆ ਪਰ ਇਸ ਦੇ ਬਾਵਜੂਦ ਸਰ ਛੋਟੂ ਰਾਮ ਦੀ ਰਾਜਨੀਤਿਕ ਤਾਕਤ ਵਿੱਚ ਕੋਈ ਕਮੀ ਨਹੀਂ ਆਈ।
ਲਾਲਾ ਲਾਜਪਤ ਰਾਏ ਨਾਲ ਮੁਲਾਕਾਤ
ਵੀਹਵਿਆਂ ਦੇ ਦਹਾਕੇ ਵਿੱਚ ਲਾਲਾ ਲਾਜਪਤ ਰਾਏ ਨਾ ਸਿਰਫ਼ ਪੰਜਾਬ ਦੇ ਸਗੋਂ ਪੂਰੇ ਦੇਸ਼ ਦੇ ਇੱਕ ਵੱਡੇ ਲੀਡਰ ਸਨ।
ਵਿਚਾਰਧਾਰਕ ਤੌਰ ‘ਤੇ ਉਹ ਕਾਂਗਰਸੀ ਨੇਤਾ ਮਦਨ ਮੋਹਨ ਮਾਲਵੀਆ ਦੇ ਬਹੁਤ ਨੇੜੇ ਸਨ। ਲਾਜਪਤ ਰਾਏ ਛੋਟੂ ਰਾਮ ਤੋਂ ਬਹੁਤ ਪ੍ਰਭਾਵਿਤ ਹੋਏ ਸਨ।
ਡੀਕੇ ਵਰਮਾ ਆਪਣੀ ਕਿਤਾਬ ‘ਛੋਟੂਰਾਮ, ਲਾਈਫ ਐਂਡ ਟਾਈਮਜ਼’ ਵਿੱਚ ਲਿਖਦੇ ਹਨ, “ਛੋਟੂ ਰਾਮ ਦੇ ਮੰਤਰੀ ਬਣਨ ਤੋਂ ਬਾਅਦ, ਲਾਲਾ ਲਾਜਪਤ ਰਾਏ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਆਪਣੇੇ ਵਿਚਾਰਾਂ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਛੋਟੂ ਰਾਮ ਨੂੰ ਯੂਨੀਅਨਿਸਟ ਪਾਰਟੀ ਨੂੰ ਛੱਡ ਕੇ ਰਾਸ਼ਟਰਵਾਦੀਆਂ ਦਾ ਸਮਰਥਨ ਕਰਨ ਦੀ ਸਲਾਹ ਦਿੱਤੀ।”
ਲਾਲਾ ਲਾਜਪਤ ਰਾਏ ਦੇ ਇਸ ਪ੍ਰਸਤਾਵ ‘ਤੇ ਸਰ ਛੋਟੂ ਰਾਮ ਦਾ ਜਵਾਬ ਸੀ ਕਿ ਉਹ ਯੂਨੀਅਨਿਸਟ ਪਾਰਟੀ ਨਾਲੋਂ ਨਾਤਾ ਤੋੜਨ ਲਈ ਤਿਆਰ ਹਨ, ਬਸ਼ਰਤੇ ਰਾਸ਼ਟਰਵਾਦ ਨੂੰ ਫਿਰਕਾਪ੍ਰਸਤੀ ਨਾਲ ਜੋੜਕੇ ਨਾ ਦੇਖਿਆ ਜਾਵੇ।
ਉਨ੍ਹਾਂ ਨੇ ਕਿਹਾ, “ਪੰਜਾਬ ਵਿੱਚ ਹਿੰਦੂ ਦੁਚਿੱਤੀ ਵਿੱਚ ਹਨ। ਉਨ੍ਹਾਂ ਨੂੰ ਇੱਕ ਵਿਕਲਪ ਚੁਣਨਾ ਹੋਵੇਗਾ। ਜੇਕਰ ਉਹ ਰਾਸ਼ਟਰਵਾਦੀ ਬਣਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਮੁਸਲਮਾਨਾਂ ਅਤੇ ਸਿੱਖਾਂ ਨਾਲ ਆਪਣੇ ਸਾਰੇ ਮਤਭੇਦ ਭੁੱਲ ਕੇ ਸਿਰਫ਼ ਅੰਗਰੇਜ਼ਾਂ ਵਿਰੁੱਧ ਲੜਨਾ ਹੋਵੇਗਾ।”
“ਜੇਕਰ ਉਹ ਫਿਰਕਾਪ੍ਰਸਤ ਬਣਨਾ ਚਾਹੁੰਦੇ ਹਨ ਤਾਂ ਉਹ ਸਿਰਫ਼ ਮੁਸਲਮਾਨਾਂ ਵਿਰੁੱਧ ਹੀ ਲੜਨ ਬਾਰੇ ਸੋਚਣ। ਉਨ੍ਹਾਂ ਦੀ ਮੌਜੂਦਾ ਸਥਿਤੀ ਇਹ ਹੈ ਕਿ ਉਹ ਦੋਵਾਂ ਵਿੱਚੋਂ ਕੋਈ ਫੈਸਲਾ ਨਹੀਂ ਲੈ ਪਾ ਰਹੇ।”
ਕਿਸਾਨਾਂ ਦੇ ਹਿੱਤ ਵਿੱਚ ਕੀਤੇ ਗਏ ਕਈ ਵੱਡੇ ਕੰਮ
ਪੰਜਾਬ ਵਿੱਚ ਯੂਨੀਅਨਿਸਟ ਸਰਕਾਰ ਦੇ ਸ਼ਾਸਨ ਦੌਰਾਨ ਇੱਕ ਵੱਡੇ ਕਿਸਾਨ ਅੰਦੋਲਨ ਦੀ ਨੀਂਹ ਰੱਖੀ ਗਈ।
ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਅਤੇ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਕਿਸਾਨਾਂ ਦੀ ਗਹਿਣੇ ਰੱਖੀ ਜ਼ਮੀਨ ਨੂੰ ਛੁਡਵਾਇਆ ਅਤੇ ਪੰਜਾਬ ਵਿੱਚ ਭਾਖੜਾ ਨੰਗਲ ਡੈਮ ਦੀ ਉਸਾਰੀ ਸ਼ੁਰੂ ਕਰਵਾਈ।
ਉਨ੍ਹਾਂ ਨੇ ਕਰਜ਼ਾ ਮੁਆਫ਼ੀ ਐਕਟ-1934, ਸ਼ਾਹੂਕਾਰ ਰਜਿਸਟ੍ਰੇਸ਼ਨ ਐਕਟ-1938, ਖੇਤੀਬਾੜੀ ਉਪਜ ਮੰਡੀ ਐਕਟ-1938 ਅਤੇ ਵਪਾਰਕ ਕਿਰਤ ਐਕਟ-1940 ਪਾਸ ਕਰਵਾਏ।
ਡੀਕੇ ਵਰਮਾ ਲਿਖਦੇ ਹਨ, “ਕਿਸਾਨਾਂ ਦੇ ਮੁੱਦੇ ‘ਤੇ ਹੀ ਉਨ੍ਹਾਂ ਦਾ ਉਸ ਸਮੇਂ ਦੇ ਵਾਇਸਰਾਏ ਲਾਰਡ ਵੇਵਲ ਨਾਲ ਝਗੜਾ ਹੋਇਆ। ਵਾਇਸਰਾਏ ਬਹੁਤ ਹੈਰਾਨ ਸਨ ਕਿ ਇੱਕ ਸੂਬੇ ਦਾ ਮੰਤਰੀ, ਜਿਸਨੂੰ ਉਹ ਜਾਣਦੇ ਵੀ ਨਹੀਂ, ਉਨ੍ਹਾਂ ਨੂੰ ਕਹਿ ਸਕਦਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਪ੍ਰਸਤਾਵ ਨਾਲ ਸਹਿਮਤ ਨਹੀਂ ਹੈ।”
ਮੁੱਦਾ ਕਣਕ ਦੀ ਕੀਮਤ ‘ਤੇ ਕੰਟਰੋਲ ਦਾ ਸੀ। ਛੋਟੂ ਰਾਮ ਨੇ ਨਾ ਤਾਂ ਹਿੰਦੂਆਂ ਦਾ ਸਮਰਥਨ ਕੀਤਾ ਅਤੇ ਨਾ ਹੀ ਮੁਸਲਮਾਨਾਂ ਦਾ। ਉਨ੍ਹਾਂ ਦੇ ਦਿਲ ਵਿੱਚ ਹਰ ਵਰਗ ਦੇ ਪਛੜੇ ਲੋਕਾਂ ਲਈ ਜਗ੍ਹਾ ਸੀ।
ਵਰਮਾ ਲਿਖਦੇ ਹਨ, “ਛੋਟੂਰਾਮ ਖੱਬੇਪੱਖੀ ਨਹੀਂ ਸਨ। ਉਨ੍ਹਾਂ ਨੇ ਗਰੀਬਾਂ ਅਤੇ ਕਿਸਾਨਾਂ ਲਈ ਜੋ ਕੀਤਾ, ਉਹ ਬਹੁਤ ਘੱਟ ਲੋਕਾਂ ਨੇ ਕੀਤਾ ਹੈ । ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਲੋਕ ਜਿਵੇਂ ਕੇ.ਐਮ. ਮੁਨਸ਼ੀ, ਐਮ.ਐਨ ਰਾਏ ਵਰਗੇ ਕਮਿਊਨਿਸਟ, ਮੌਲਾਨਾ ਆਜ਼ਾਦ ਅਤੇ ਜਵਾਹਰ ਲਾਲ ਨਹਿਰੂ ਵਰਗੇ ਲੀਡਰ ਵੀ ਉਨ੍ਹਾਂ ਦੇ ਪ੍ਰਸ਼ੰਸਕ ਬਣ ਗਏ ਸਨ।”
ਵਾਇਸਰਾਏ ਦੀ ਕਾਰਜਕਾਰੀ ਕੌਂਸਲ ਵਿੱਚ
1943 ਵਿੱਚ, ਜਦੋਂ ਵਾਇਸਰਾਏ ਦੀ ਕਾਰਜਕਾਰੀ ਕੌਂਸਲ ਵਿੱਚ ਖਾਲੀ ਥਾਂ ਭਰਨ ਦੀ ਗੱਲ ਆਈ, ਤਾਂ ਵਾਇਸਰਾਏ ਲਿਨਲਿਥਗੋ ਨੇ ਛੋਟੂ ਰਾਮ ਨੂੰ ਕੌਂਸਲ ਵਿੱਚ ਸ਼ਾਮਲ ਕਰਨ ਦੀ ਇੱਛਾ ਪ੍ਰਗਟ ਕੀਤੀ।
ਉਨ੍ਹਾਂ ਨੇ 2 ਮਾਰਚ, 1943 ਨੂੰ ਪੰਜਾਬ ਦੇ ਰਾਜਪਾਲ ਨੂੰ ਲਿਖੇ ਇੱਕ ਪੱਤਰ ਵਿੱਚ ਲਿਖਿਆ, “ਮੈਂ ਆਪਣੀ ਕੌਂਸਲ ਵਿੱਚ ਛੋਟੂ ਰਾਮ ਵਰਗੇ ਪੰਜਾਬੀ ਨੂੰ ਰੱਖਣਾ ਚਾਹੁੰਦਾ ਹਾਂ। ਮੈਨੂੰ ਛੋਟੂ ਰਾਮ ਦੀ ਯੋਗਤਾ ਅਤੇ ਹਿੰਮਤ ਦਾ ਬਹੁਤ ਸਤਿਕਾਰ ਹੈ ਅਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਹ ਬਹੁਤ ਵਧੀਆ ਮੈਂਬਰ ਸਾਬਿਤ ਹੋਣਗੇ।”
ਗਵਰਨਰ ਬਰਟਰੇਂਡ ਗਲੈਂਸੀ ਨੇ ਇਸ ਪੱਤਰ ਦਾ ਜਵਾਬ ਦਿੰਦੇ ਹੋਏ ਲਿਖਿਆ, “ਸਮਰੱਥਾ, ਸੂਝ-ਬੁਝ, ਆਪਣੇ ਵਿਚਾਰ ਪ੍ਰਗਟ ਕਰਨ ਦੀ ਹਿੰਮਤ, ਹਰ ਪੱਖ ਤੋਂ ਮੇਰਾ ਮੰਨਣਾ ਹੈ ਕਿ ਛੋਟੂ ਰਾਮ ਇੱਕ ਚੰਗੇ ਮੈਂਬਰ ਸਾਬਤ ਹੋਣਗੇ।”
ਭਾਵੇਂ ਕਿ ਛੋਟੂ ਰਾਮ ਨੂੰ ਇਸ ਅਹੁਦੇ ‘ਤੇ ਨਿਯੁਕਤ ਨਹੀਂ ਕੀਤਾ ਗਿਆ।
ਪ੍ਰੇਮ ਚੌਧਰੀ ਲਿਖਦੇ ਹਨ, “ਵਾਇਸਰਾਏ ਅਤੇ ਰਾਜਪਾਲ ਦੋਵਾਂ ਦਾ ਬਾਅਦ ਵਿੱਚ ਵਿਚਾਰ ਬਣਿਆ ਕਿ ਛੋਟੂ ਰਾਮ ਖਿਜ਼ਰ ਹਯਾਤ ਖਾਨ ਦੇ ਨਵੇਂ ਮੰਤਰੀ ਮੰਡਲ ਲਈ ਅਹਿਮ ਹਨ ਅਤੇ ਜੇਕਰ ਇਸ ਸਮੇਂ ਛੋਟੂ ਰਾਮ ਨੂੰ ਮੰਤਰੀ ਮੰਡਲ ਤੋਂ ਵੱਖ ਕੀਤਾ ਗਿਆ, ਤਾਂ ਮੰਤਰੀ ਮੰਡਲ ਖ਼ਤਰੇ ਵਿੱਚ ਪੈ ਸਕਦਾ ਹੈ। ਉਨ੍ਹਾਂ ਦੇ ਬਾਰੇ ਸੋਚ ਸੀ ਕਿ ਉਹ ਇਕੱਲੇ ਵਿਅਕਤੀ ਹਨ ਜੋ ਕੈਬਨਿਟ ਨੂੰ ਇਕੱਠਾ ਰੱਖ ਕੇ ਰੱਖੇ ਹੋਏ ਹਨ।”
ਜਿਨਾਹ ਨਾਲ ਟਕਰਾਅ
ਸਾਲ 1937 ਵਿੱਚ, ਮੁਹੰਮਦ ਅਲੀ ਜਿਨਾਹ ਨੇ ਭਾਰਤ ਦੇ ਸਾਰੇ ਮੁਸਲਮਾਨਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕੀਤਾ ਸੀ।
ਉਸ ਸਮੇਂ ਸਰਹੱਦੀ ਸੂਬੇ ਦੇ ਖਾਨ ਅਬਦੁਲ ਗੱਫਾਰ ਖਾਨ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਉਹ ਮੁਸਲਮਾਨਾਂ ਦੇ ਇੱਕ ਹਿੱਸੇ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰ ਸਕਦੇ ਹਨ।
ਪਰ ਉਨ੍ਹਾਂ ਨੂੰ ਸਾਰੇ ਮੁਸਲਮਾਨਾਂ ਦੇ ਪ੍ਰਤੀਨਿਧੀ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਜਦੋਂ ਉਹ ਸ਼ਿਮਲਾ ਤੋਂ ਲਾਹੌਰ ਪਹੁੰਚੇ ਤਾਂ ਸਿਕੰਦਰ ਹਯਾਤ ਖਾਨ ਨੇ ਵੀ ਉਸੇ ਤਰ੍ਹਾਂ ਉਨ੍ਹਾਂ ਦਾ ਵਿਰੋਧ ਕੀਤਾ।
ਉਨ੍ਹਾਂ ਨੇ ਕਿਹਾ ਕਿ ਯੂਨੀਅਨਿਸਟ ਸਰਕਾਰ ਮੁਸਲਿਮ ਲੀਗ ਦੀ ਸਰਕਾਰ ਨਹੀਂ ਹੈ।
ਛੋਟੂ ਰਾਮ ਨੇ ਐਲਾਨ ਕੀਤਾ, “ਜਿਨਾਹ ਦਿੱਲੀ ਜਾ ਸਕਦੇ ਹਨ, ਬੰਬਈ ਲਈ ਰੇਲਗੱਡੀ ਫੜ ਸਕਦੇ ਹਨ ਪਰ ਪੰਜਾਬ ਵਿੱਚ ਉਨ੍ਹਾਂ ਦੇ ਲਈ ਕੋਈ ਜਗ੍ਹਾ ਨਹੀਂ ਹੈ।”
ਪਰ ਕੁਝ ਦਿਨਾਂ ਬਾਅਦ ਹਾਲਾਤ ਬਦਲ ਗਏ, ਸਿਕੰਦਰ ਹਯਾਤ ਖਾਨ ਦੇ ਮਨ ਵਿੱਚ ਆਇਆ ਕਿ ਉਹ ਮੁਸਲਮਾਨਾਂ ਦੇ ਰਾਸ਼ਟਰੀ ਪੱਧਰ ਦੇ ਲੀਡਰ ਬਣ ਸਕਦੇ ਹਨ।
ਜਿਨਾਹ ਦੀ ਵਧਦੀ ਉਮਰ ਨੂੰ ਦੇਖਦਿਆਂ ਹੋਇਆ ਰਾਸ਼ਟਰੀ ਪੱਧਰ ‘ਤੇ ਇੱਕ ਵੱਡੇ ਮੁਸਲਿਮ ਲੀਡਰ ਦੀ ਜ਼ਰੂਰਤ ਵੀ ਦਿਖਾਈ ਦੇ ਰਹੀ ਸੀ।
ਅਕਤੂਬਰ 1937 ਵਿੱਚ, ਸਿਕੰਦਰ ਹਯਾਤ ਖਾਨ ਨੇ ਮੁਸਲਿਮ ਲੀਗ ਦੇ ਲਖਨਊ ਸੈਸ਼ਨ ਵਿੱਚ ਹਿੱਸਾ ਲਿਆ ਸੀ। ਖ਼ਬਰਾਂ ਆਈਆਂ ਕਿ ਉਨ੍ਹਾਂ ਨੇ ਜਿਨਾਹ ਨਾਲ ਸਮਝੌਤਾ ਕਰ ਲਿਆ ਹੈ ਅਤੇ ਇਸ ਨੂੰ ਸਿਕੰਦਰ-ਜਿਨਾਹ ਸਮਝੌਤਾ ਕਿਹਾ ਗਿਆ ਸੀ।
ਸਿਕੰਦਰ ਹਯਾਤ ਖਾਨ ਦੇ ਲਾਹੌਰ ਵਾਪਸ ਆਉਣ ‘ਤੇ ਸਰ ਛੋਟੂ ਰਾਮ ਨੇ ਵਿਰੋਧ ਕੀਤਾ ਅਤੇ ਇਸ ਨੂੰ ਫਿਰਕਾਪ੍ਰਸਤੀ ਨਾਲ ਸਮਝੌਤਾ ਕਰਨਾ ਕਿਹਾ।
ਪਰ ਸਿਕੰਦਰ ਹਯਾਤ ਖਾਨ ਨੇ ਸਪੱਸ਼ਟ ਕੀਤਾ ਕਿ ਇਸ ਪਿੱਛੇ ਉਨ੍ਹਾਂ ਦੇ ਕੋਈ ਨਿੱਜੀ ਹਿੱਤ ਨਹੀਂ ਹਨ। ਉਹ ਸਿਰਫ਼ ਰਾਸ਼ਟਰੀ ਪੱਧਰ ‘ਤੇ ਮੁਸਲਿਮ ਲੀਗ ਦਾ ਸਮਰਥਨ ਕਰ ਰਹੇ ਹੈਨ। ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਉਨ੍ਹਾਂ ਦਾ ਮੁਸਲਿਮ ਲੀਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਪਰ ਇਸ ਸਭ ਦਾ ਨਤੀਜਾ ਇਹ ਹੋਇਆ ਕਿ ਸਿਕੰਦਰ ਹਯਾਤ ਖਾਨ ਨੇ ਮੁਸਲਿਮ ਲੀਗ ਦੀ ਰਾਸ਼ਟਰੀ ਰਾਜਨੀਤੀ ‘ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਪੰਜਾਬ ਅਤੇ ਸੂਬੇ ਦੀ ਰਾਜਨੀਤੀ ਦੀ ਜ਼ਿੰਮੇਵਾਰੀ ਛੋਟੂ ਰਾਮ ‘ਤੇ ਛੱਡ ਦਿੱਤੀ।
ਖਿਜ਼ਰ ਹਯਾਤ ਖਾਨ ਵੱਲੋਂ ਬਾਅਦ ਵਿੱਚ ਜਿਨਾਹ ਨੂੰ ਲਿਖੇ ਗਏ ਸਾਰੇ ਪੱਤਰ ਸਰ ਛੋਟੂ ਰਾਮ ਦੁਆਰਾ ਤਿਆਰ ਕੀਤੇ ਗਏ ਸਨ। ਅਖੀਰ ਵਿੱਚ ਛੋਟੂ ਰਾਮ ਅਤੇ ਜਿਨਾਹ ਦੀ ਮੁਲਾਕਾਤ ਹੋਈ, ਜੋ ਤਿੰਨ ਘੰਟੇ ਤੱਕ ਚੱਲੀ।
ਮਦਨ ਗੋਪਾਲ ਲਿਖਦੇ ਹਨ, “ਇਸ ਮੀਟਿੰਗ ਤੋਂ ਕੋਈ ਹੱਲ ਨਹੀਂ ਨਿਕਲ ਸਕਿਆ। ਸਰ ਛੋਟੂ ਰਾਮ ਦੀ ਸਹਿਮਤੀ ਨਾਲ, ਖਿਜ਼ਰ ਹਯਾਤ ਖਾਨ ਨੇ ਜਿਨਾਹ ਨੂੰ ਇੱਕ ਪੱਤਰ ਲਿਖਿਆ ਕਿ ਧਰਮ ਦੇ ਮੁੱਦੇ ‘ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਯੂਨੀਅਨਿਸਟ ਪਾਰਟੀ ਆਪਣੀ ਹੋਂਦ ਨੂੰ ਬਣਾਈ ਰੱਖੇਗੀ ਅਤੇ ਇਸ ਦਾ ਮੁਸਲਿਮ ਲੀਗ ਨਾਲ ਕੋਈ ਰਲੇਵਾਂ ਨਹੀਂ ਹੋਵੇਗਾ।”
ਮਿਹਨਤੀ ਜਨਤਕ ਸੇਵਕ
ਛੋਟੂ ਰਾਮ ਦਾ ਦਿਨ ਸਵੇਰੇ ਪੰਜ ਵਜੇ ਸ਼ੁਰੂ ਹੁੰਦਾ ਸੀ ਅਤੇ ਉਹ ਰਾਤ ਦੇ ਦੋ ਵਜੇ ਤੱਕ ਕੰਮ ਕਰਦੇ ਸਨ। ਉਹ ਕਈ ਭਾਸ਼ਾਵਾਂ ਦੇ ਜਾਣਕਾਰ ਸਨ।
ਉਨ੍ਹਾਂ ਨੂੰ ਅੰਗਰੇਜ਼ੀ, ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫਾਰਸੀ ਉੱਤੇ ਬਰਾਬਰ ਦੀ ਮੁਹਾਰਤ ਹਾਸਲ ਸੀ। ਉਨ੍ਹਾਂ ਨੂੰ ਕਿਤਾਬਾਂ ਅਤੇ ਅਖ਼ਬਾਰ ਪੜ੍ਹਨ ਦਾ ਬਹੁਤ ਸ਼ੌਕ ਸੀ।
ਉਹ ਅੱਲਾਮਾ ਇਕਬਾਲ ਤੋਂ ਬਹੁਤ ਪ੍ਰਭਾਵਿਤ ਸਨ, ਹਾਲਾਂਕਿ ਉਨ੍ਹਾਂ ਦੇ ਰਾਜਨੀਤਿਕ ਵਿਚਾਰ ਮੇਲ ਨਹੀਂ ਖਾਂਦੇ ਸਨ।
ਸਰ ਛੋਟੂ ਰਾਮ ਦੀ ਲੋਕਾਂ ਵਿੱਚ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ 61ਵੇਂ ਜਨਮਦਿਨ ‘ਤੇ ਰੋਹਤਕ ਵਿੱਚ ਦੋ ਲੱਖ ਲੋਕ ਇਕੱਠੇ ਹੋਏ ਸਨ।
ਇਸ ਮੌਕੇ ‘ਤੇ, ਪ੍ਰਮੀਅਰ ਨੇ ਕਿਹਾ ਸੀ, “ਸਰ ਛੋਟੂ ਰਾਮ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ ਜੋ ਕਈ ਦਹਾਕਿਆਂ ਵਿੱਚ ਇੱਕ ਵਾਰ ਪੈਦਾ ਹੁੰਦੇ ਹਨ। ਉਨ੍ਹਾਂ ਨੇ ਇੰਨੇ ਘੱਟ ਸਮੇਂ ਵਿੱਚ ਲੋਕਾਂ ਲਈ ਜੋ ਵੀ ਕੀਤਾ ਹੈ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਲਈ ਇਨ੍ਹਾਂ ਕੁਝ ਕੀਤਾ ਹੈ ਕਿ ਆਉਣ ਵਾਲੇ ਦਹਾਕਿਆਂ ਵਿੱਚ ਪੰਜਾਬ ਨੂੰ ਕਿਸੇ ਹੋਰ ਲੀਡਰ ਦੀ ਲੋੜ ਨਹੀਂ ਪਵੇਗੀ।”
ਅੰਤਿਮ ਸੰਸਕਾਰ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ
9 ਜਨਵਰੀ, 1945 ਨੂੰ, ਜਿਸ ਦਿਨ ਸਰ ਛੋਟੂ ਰਾਮ ਦਾ ਦੇਹਾਂਤ ਹੋਇਆ, ਹਜ਼ਾਰਾਂ ਲੋਕ ਉਨ੍ਹਾਂ ਨੂੰ ਦੇ ਅੰਤਿਮ ਦਰਸ਼ਨ ਲਈ ਆਏ।
ਟ੍ਰਿਬਿਊਨ ਦੇ ਪੱਤਰਕਾਰ ਏ.ਸੀ ਬਾਲੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ, ਲੋਕਾਂ ਕਹਿੰਦੇ ਸੁਣੇ ਗਏ, “ਮਾਹਰਾ (ਸਾਡਾ) ਰਾਜਾ ਮਰ ਗਿਆ।”
ਸਰ ਛੋਟੂ ਰਾਮ ਦੇ ਮ੍ਰਿਤਕ ਸਰੀਰ ਨੂੰ ਯੂਨੀਅਨਿਸਟ ਅਤੇ ਕਾਂਗਰਸ ਦੇ ਝੰਡਿਆਂ ਵਿੱਚ ਲਪੇਟ ਕੇ 50 ਹਜ਼ਾਰ ਲੋਕਾਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।
ਸਰ ਛੋਟੂ ਰਾਮ ਦੀ ਮੌਤ ਤੋਂ ਬਾਅਦ ਯੂਨੀਅਨਿਸਟ ਪਾਰਟੀ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਗਿਆ ਅਤੇ ਕਾਂਗਰਸ ਨੇ ਰਾਤੋ-ਰਾਤ ਪੇਂਡੂ ਪੰਜਾਬ ਦੇ ਵੋਟ ਬੈਂਕ ਉੱਤੇ ਆਪਣਾ ਦਬਦਬਾ ਬਣਾ ਲਿਆ।
source : BBC PUNJABI