Source :- BBC PUNJABI

ਪ੍ਰੇਮ ਸਿੰਘ ਅਤੇ ਜੀਤੋ ਬਾਈ

  • ਲੇਖਕ, ਹਰਮਨਦੀਪ ਸਿੰਘ
  • ਰੋਲ, ਬੀਬੀਸੀ ਪੱਤਰਕਾਰ
  • 9 ਮਈ 2025, 18:41 IST

    ਅਪਡੇਟ 46 ਮਿੰਟ ਪਹਿਲਾਂ

ਪਾਕਿਸਤਾਨ ਨਾਲ ਲੱਗਦੇ ਭਾਰਤ ਦੇ ਸਰਹੱਦੀ ਪਿੰਡ ਪੱਕਾ ਚਿਸ਼ਤੀ ਦੀ ਇਸ ਸ਼ਾਮ ਦੀ ਗਹਿਰੀ ਚੁੱਪੀ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਤੋਂ ਆ ਰਹੀ ਰਹਿਰਾਸ ਸਾਹਿਬ ਦੀ ਅਵਾਜ਼ ਤੋੜ ਰਹੀ ਸੀ।

ਚੁਫੇਰੇ ਵਿੱਚ ਬੇਵੱਸੀ ਮਹਿਸੂਸ ਹੋ ਰਹੀ ਸੀ ਅਤੇ ਜੰਗ, ਹਿਜਰਤ ਤੇ ਨੁਕਸਾਨ ਦੀ ਚਿੰਤਾ ਪਿੰਡ ਦੀਆਂ ਸੁੰਨੀਆਂ ਗਲੀਆਂ ਅਤੇ ਖਾਲੀ ਘਰਾਂ ਵਿੱਚ ਬੈਠੇ ਟਾਵੇਂ-ਟਾਵੇਂ ਬਜ਼ੁਰਗਾਂ ਦੇ ਚਿਹਰਿਆਂ ਤੋਂ ਸਾਫ਼ ਝਲਕ ਰਹੀ ਸੀ।

ਫਿਰਨੀ ਵਾਲੀ ਸੜਕ ਦਾ ਸੰਨਾਟਾ ਇੱਥੋਂ ਗੁਜ਼ਰ ਰਹੇ ਇੱਕਾ-ਦੁੱਕਾ ਵਾਹਨ ਭੰਨ ਰਹੇ ਸਨ, ਜਿਨ੍ਹਾਂ ‘ਤੇ ਸਵਾਰ ਹੋ ਕੇ ਪਿੰਡ ਦੇ ਲੋਕ ਸ਼ਾਮ ਹੁੰਦਿਆਂ ਹੀ ਪਰਿਵਾਰ ਦੇ ਬੱਚਿਆਂ ਜਾਂ ਔਰਤਾਂ ਨੂੰ ਸਰਹੱਦ ਤੋਂ ਕੁਝ ਪਿੱਛੇ ਸਥਿਤ ਪਿੰਡਾਂ ਜਾਂ ‘ਸੁਰੱਖਿਅਤ’ ਥਾਂਵਾਂ ‘ਤੇ ਛੱਡਣ ਜਾ ਰਹੇ ਸਨ ਜਾਂ ਛੱਡ ਕੇ ਪਰਤ ਰਹੇ ਸਨ।

ਦੱਸ ਦੇਈਏ ਕਿ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਸਥਿਤ ਬੈਸਰਾਨ ਘਾਟੀ ਵਿੱਚ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਅਤੇ ਜਵਾਬ ਵਿੱਚ ਭਾਰਤ ਵੱਲੋਂ ਅੰਜਾਮ ਦਿੱਤੇ ਗਏ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਵਧ ਗਿਆ ਹੈ।

ਦੋਹਾਂ ਦੇਸ਼ਾਂ ਵਿਚਕਾਰ ਬਣੇ ‘ਜੰਗ ਜਿਹੇ ਹਾਲਾਤ’ ਕਾਰਨ ਪਿੰਡ ਪੱਕਾ ਚਿਸ਼ਤੀ ਦੇ ਲੋਕ ਵੀ ਸਹਿਮ ਵਿੱਚ ਹਨ ਕਿਉਂਕਿ ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੈਂਦੇ ਇਸ ਪਿੰਡ ਨੂੰ ਤਿੰਨ ਪਾਸਿਓਂ ਬਾਰਡਰ ਨੇ ਘੇਰਿਆ ਹੋਇਆ ਹੈ।

ਪਿੰਡ ਦੇ ਸਰਪੰਚ ਸੁਖਬੀਰ ਸਿੰਘ ਮੁਤਾਬਕ ਪਿੰਡ ਦੀ ਆਬਾਦੀ 1425 ਹੈ।

‘ਮੈਂ ਇਕੱਲਾ ਹੀ ਇੱਥੇ ਰਹਿ ਰਿਹਾ ਹਾਂ’

ਪ੍ਰੇਮ ਸਿੰਘ

ਹਾਲਾਤ ਵਿਗੜਨ ਦੇ ਡਰ ਨੇ ਪਿੰਡ ਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂਵਾਂ ‘ਤੇ ਜਾਣ ਨੂੰ ਮਜਬੂਰ ਕਰ ਦਿੱਤਾ ਹੈ।

ਪਿੰਡ ਦੇ ਰਹਿਣ ਵਾਲੇ 75 ਸਾਲਾ ਸੁਰਜੀਤ ਸਿੰਘ ਆਪਣੇ ਘਰ ਵਿੱਚ ਇਕੱਲੇ ਹੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਦੇ ਬਾਕੀ ਜੀਆਂ ਨੂੰ ਉਨ੍ਹਾਂ ਨੇ ਸਰਹੱਦ ਤੋਂ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਹੈ ਅਤੇ ਖੁਦ ਘਰ ਅਤੇ ਪਾਲਤੂ ਪਸ਼ੂਆਂ ਦੀ ਰਾਖੀ ਵਾਸਤੇ ਇੱਥੇ ਰੁਕ ਗਏ ਹਨ।

ਉਹ ਕਹਿੰਦੇ ਹਨ, “ਮੈਂ ਇਕੱਲਾ ਹੀ ਇੱਥੇ ਰਹਿ ਰਿਹਾ ਹਾਂ। ਮੇਰੇ ਪਰਿਵਾਰ ਵਿੱਚ ਤਿੰਨ ਪੋਤਰੇ ਹਨ, ਇੱਕ ਨੂੰਹ ਹੈ, ਇੱਕ ਮੁੰਡਾ ਤੇ ਘਰ ਵਾਲੀ ਹੈ। ਉਹ ਡਰ ਕਰਕੇ ਸਰਹੱਦ ਤੋਂ ਪਿੱਛੇ ਟਾਹਲੀ ਵਾਲੇ ਪਿੰਡ ਚਲੇ ਗਏ ਹਨ। ਡਰ ਹੈ ਕਿ ਬੱਚੇ ਰਾਤ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਨਹੀਂ ਨਿਕਲ ਸਕਣਗੇ। ਸਾਡੀ ਮਜਬੂਰੀ ਸੀ ਕਿ ਪਰਿਵਾਰ ਨੂੰ ਭੇਜਣਾ ਪਿਆ। ਹੁਣ ਮੈਂ ਇਕੱਲਾ ਹੀ ਰੋਟੀ ਪਕਾਉਂਦਾ ਹਾਂ ਅਤੇ ਇਕੱਲਾ ਹੀ ਖਾਂਦਾ ਹਾਂ।”

ਸੁਰਜੀਤ ਸਿੰਘ ਦੀ ਉਹ ਸ਼ਾਮ ਆਮ ਦਿਨਾਂ ਵਾਂਗ ਨਹੀਂ ਸੀ ਜਦੋਂ ਪੋਤਰੇ ਉਨ੍ਹਾਂ ਦੇ ਮੋਢਿਆਂ ‘ਤੇ ਚੜ੍ਹ ਕੇ ਖੇਡਦੇ ਸੀ ਅਤੇ ਘਰ ਵਿੱਚ ਰੌਣਕ ਸੀ। ਉਹ ਪੋਤਿਆਂ ਨੂੰ ਯਾਦ ਤਾਂ ਕਰ ਰਹੇ ਹਨ ਪਰ ਨਾਲ ਹੀ ਕਹਿੰਦੇ ਹਨ, “ਮੈਂ 70-80 ਸਾਲ ਦਾ ਹੋ ਗਿਆ ਹਾਂ। ਜੇ ਮਰ ਵੀ ਗਿਆ ਤਾਂ ਕੋਈ ਗੱਲ ਨਹੀਂ। ਪੋਤਰੇ ਤਾਂ ਚਾਰ ਦਿਨ ਜ਼ਿੰਦਗੀ ਜੀ ਲੈਣਗੇ। ਅਸੀਂ ਤਾਂ ਸਭ ਕੁਝ ਵੇਖੀ ਬੈਠੇ ਹਾਂ। ਉਹ ਨਵੇਂ ਨੇ, ਉਨ੍ਹਾਂ ਨੇ ਅਜੇ ਦੁਨੀਆਂ ਦੇਖਣੀ ਹੈ।”

ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 1965 ਅਤੇ 1971 ਦੀ ਵੀ ਜੰਗ ਦੇਖੀ ਹੈ। ਉਸ ਵੇਲੇ ਵੀ ਉਨ੍ਹਾਂ ਨੂੰ ਘਰ ਖਾਲੀ ਕਰਕੇ ਭੱਜਣਾ ਪਿਆ ਸੀ।

ਉਨ੍ਹਾਂ ਨੇ ਇਨ੍ਹਾਂ ਜੰਗਾਂ ਦੌਰਾਨ ਹੰਢਾਏ ਤਜਰਬੇ ਸਾਂਝੇ ਕਰਦਿਆਂ ਕਿਹਾ, “’71 ਦੀ ਜੰਗ ਵੇਲੇ ਅਸੀਂ ਡੇਢ ਮਹੀਨਾ ਪਿੰਡ ਤੋਂ ਦੂਰ ਸੁਰੱਖਿਅਤ ਥਾਂਵਾਂ ‘ਤੇ ਰਹੇ ਸੀ। ਜਦੋਂ ਬਾਹਰ ਰਹਿਣਾ ਔਖਾ ਹੋ ਗਿਆ ਤਾਂ ਅਸੀਂ ਵਾਪਸ ਮੁੜ ਆਏ। ਜਦੋਂ ਆਏ, ਦੂਜੇ-ਤੀਜੇ ਦਿਨ ਹੀ ਜੰਗ ਲੱਗ ਗਈ।”

ਨਾਲ ਹੀ ਉਹ ਦੱਸਦੇ ਹਨ, “1965 ਵਾਲੀ ਜੰਗ ਸਮੇਂ ਮੈਂ 13 ਸਾਲਾਂ ਦਾ ਸੀ। ਮੈਂ ਪਿੰਡ ਵਿੱਚ ਇੱਕ ਨਲਕੇ ਉੱਤੇ ਨਹਾ ਰਿਹਾ ਸੀ ਤਾਂ ਗੋਲੀ ਚੱਲ ਗਈ। ਮੈਂ ਸਿਰਫ ਨਿੱਕਰ ਪਹਿਨੀ ਹੋਈ ਸੀ ਤਾਂ ਮੈਂ ਨੰਗਾ-ਤੜੰਗਾ ਹੀ ਭੱਜਿਆ ਸੀ। ਮੈਨੂੰ ਅਗਲੇ ਪਿੰਡ ਵਾਲਿਆਂ ਨੇ ਕੱਪੜੇ ਦਿੱਤੇ ਸੀ।”

‘ਕਦੇ ਰਿਸ਼ਤੇਦਾਰ ਤੇ ਕਦੇ ਕਿਸੇ ਹੋਰ ਦੇ ਘਰ ਰਾਤ ਕੱਟ ਲਈਦੀ ਹੈ’

ਜੀਤੋ ਬਾਈ

ਇਸੇ ਤਰ੍ਹਾਂ ਪਿੰਡ ਦੇ ਇੱਕ ਹੋਰ ਵਸਨੀਕ ਪ੍ਰੇਮ ਸਿੰਘ ਦੇ ਘਰ ਵਿੱਚ ਰਿਪੋਰਟ ਕਰਨ ਵੇਲੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਜੀਤੋ ਬਾਈ ਅਤੇ ਉਨ੍ਹਾਂ ਦਾ ਪੁੱਤ ਮੌਜੂਦ ਸੀ।

ਪਰਿਵਾਰ ਦੇ ਬਾਕੀ ਜੀਅ ਜਿਵੇਂ ਕਿ ਪ੍ਰੇਮ ਸਿੰਘ ਦੀ ਨੂੰਹ ਅਤੇ ਦੋ ਪੋਤਰੀਆਂ ਪਿੰਡ ਤੋਂ ਦੂਰ ਕਿਸੇ ਹੋਰ ਰਿਸ਼ਤੇਦਾਰ ਕੋਲ ਰਹਿ ਰਹੇ ਹਨ।

ਜੀਤੋ ਬਾਈ ਵੀ ਪਿਓ-ਪੁੱਤਰ ਲਈ ਖਾਣਾ ਬਣਾ ਕੇ ਰੋਜ਼ ਰਾਤ ਨੂੰ ਸਰਹੱਦ ਤੋਂ ਪਿਛਾਂਹ ਦੇ ਕਿਸੇ ਪਿੰਡ ਵਿੱਚ ਰਾਤ ਕੱਟਦੇ ਹਨ। ਘਰ ਦੇ ਕੰਮਾਂ-ਕਾਰਾਂ ਲਈ ਸਵੇਰ ਵੇਲੇ ਫਿਰ ਪਰਤ ਆਉਂਦੇ ਹਨ।

ਕਸ਼ਮੀਰ ਸਿੰਘ
ਇਹ ਵੀ ਪੜ੍ਹੋ-

ਜੀਤੋ ਬਾਈ ਨੇ ਦੱਸਿਆ, “ਸਾਡੇ ਆਦਮੀ ਘਰ ਰਹਿ ਜਾਂਦੇ ਹਨ। ਜਨਾਨੀਆਂ ਚਲੀਆਂ ਜਾਂਦੀਆਂ ਹਨ। ਅਸੀਂ ਪਿੱਛੇ ਹਟ ਜਾਂਦੇ ਹਾਂ। ਗੁਲਾਬ ਸਿੰਘ ਝੁੱਗੇ ਜਾਂ ਆਸਾ ਵਾਲਾ ਪਿੰਡ ਵਿੱਚ ਚਲੇ ਜਾਂਦੇ ਹਾਂ। ਇੱਥੇ ਦੂਰ ਦੀਆਂ ਰਿਸ਼ਤੇਦਾਰੀਆਂ ਵੀ ਹਨ ਅਤੇ ਹੋਰਨਾਂ ਲੋਕਾਂ ਦੇ ਘਰ ਵੀ ਰਾਤ ਕੱਟ ਲਈ ਦੀ ਹੈ। ਸਵੇਰ ਘਰ ਵਾਪਸ ਆ ਜਾਂਦੇ ਹਾਂ। ਵਾਪਸ ਆ ਕੇ ਇੱਥੇ ਰਹਿਣ ਵਾਲਿਆਂ ਨੂੰ ਖਾਣਾ ਬਣਾ ਕੇ ਦੇ ਜਾਂਦੇ ਹਾਂ ਅਤੇ ਆਪਣਾ ਨਾਲ ਲੈ ਜਾਂਦੇ ਹਾਂ।”

ਪ੍ਰੇਮ ਸਿੰਘ ਕਹਿੰਦੇ ਹਨ ਕਿ ਉਹ ਹਾਲਾਤ ਤੋਂ ਡਰੇ ਹੋਏ ਹਨ। ਉਹ ਕਹਿੰਦੇ ਹਨ, “ਇਸ ਸਮੇਂ ਹਰ ਕੋਈ ਖਾਣਾ ਪਕਾ ਕੇ ਘਰ ‘ਚੋਂ ਚਲਾ ਜਾਂਦਾ ਹੈ। ਅਸੀਂ ਘਰ ਪੂਰਨ ਤੌਰ ‘ਤੇ ਖਾਲੀ ਨਹੀਂ ਕਰਦੇ ਕਿਉਂਕਿ ਅਸੀਂ ਸਾਮਾਨ ਨਾਲ ਲਿਜਾ ਕੇ ਕਿੱਥੇ ਰੱਖਾਂਗੇ। ਰਿਸ਼ਤੇਦਾਰਾਂ ਕੋਲ ਵੀ ਜਗ੍ਹਾ ਨਹੀਂ ਹੁੰਦੀ।”

‘ਵਾਪਸੀ ਦੀ ਉਡੀਕ’

ਕਸ਼ਮੀਰ ਸਿੰਘ

ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੇ ਕਸ਼ਮੀਰ ਸਿੰਘ ਹੁਣ ਆਪਣਾ ਸਾਰਾ ਦਿਨ ਦੁਕਾਨ ਵਿੱਚ ਵਿਹਲੇ ਬੈਠੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਗਾਹਕਾਂ ਦੀ ਵਾਪਸੀ ਦੀ ਉਡੀਕ ਵਿੱਚ ਗੁਜ਼ਾਰਦੇ ਹਨ।

ਉਹ ਕਹਿੰਦੇ ਹਨ ਕਿ ਸਾਰਾ ਪਿੰਡ ਖਾਲੀ ਹੋਣ ਕਾਰਨ ਭਾਵੇਂ ਕੋਈ ਗਾਹਕ ਵੀ ਨਹੀਂ ਹੈ, ਪਰ ਉਹ ਦੁਕਾਨ ਅਤੇ ਸਮਾਨ ਛੱਡ ਕੇ ਜਾ ਵੀ ਨਹੀਂ ਸਕਦੇ। ਉਹ ਸਰਕਾਰ ਤੋਂ ਸ਼ਿਕਵਾ ਕਰਦੇ ਹਨ ਕਿ ਸਰਹੱਦ ਤੋਂ ਪਿੱਛੇ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਸਮਾਨ ਰੱਖਣ ਲਈ ਵਿਵਸਥਾ ਨਹੀਂ ਕੀਤੀ ਗਈ।

ਕਸ਼ਮੀਰ ਸਿੰਘ ਵੀ ’71 ਦੀ ਜੰਗ ਦੇ ਗਵਾਹ ਰਹੇ ਹਨ। ਉਹ ਦੱਸਦੇ ਹਨ ਕਿ ਉਸ ਵੇਲੇ ਵੀ ਸ਼ਾਮ ਨੂੰ ਜੰਗ ਲੱਗੀ ਸੀ ਅਤੇ ਉਨ੍ਹਾਂ ਨੂੰ ਪਿੰਡ ਛੱਡ ਕੇ ਭੱਜਣਾ ਪਿਆ ਸੀ।

ਉਨ੍ਹਾਂ ਕਿਹਾ ਕਿ ਰਾਤ ਵੇਲੇ ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਲਿਜਾਣਾ ਔਖਾ ਹੋ ਸਕਦਾ ਹੈ, ਇਸ ਲਈ ਸ਼ਾਮ ਨੂੰ ਹੀ ਉਨ੍ਹਾਂ ਨੂੰ ਭੇਜ ਦਿੱਤਾ ਜਾਂਦਾ ਹੈ ਅਤੇ ਪਿੰਡ ਵਿੱਚ ਬਜ਼ੁਰਗ ਘਰਾਂ ਦੀ ਰਾਖੀ ਲਈ ਰਹਿ ਜਾਂਦੇ ਹਨ।

ਉਹ ਕਹਿੰਦੇ ਹਨ ਕਿ ਜੇ ਮਾਹੌਲ ਵਿਗੜਦਾ ਹੈ ਤਾਂ ਉਹ ਵੀ ਤਾਲੇ ਲਗਾ ਕੇ ਸੁਰੱਖਿਅਤ ਟਿਕਾਣਾ ਲੱਭਣ ਲਈ ਭੱਜਣਗੇ ਅਤੇ ਲੋੜ ਪਈ ਤਾਂ ਰਾਸ਼ਨ-ਪਾਣੀ ਨਾਲ ਫ਼ੌਜੀਆਂ ਦੀ ਵੀ ਮਦਦ ਕਰਨਗੇ।

ਕਸ਼ਮੀਰ ਸਿੰਘ ਨੇ ਕਿਹਾ, “ਸਾਡਾ ਪਿੰਡ ਸਰਹੱਦ ਦੇ ਬਿਲਕੁਲ ਨਜ਼ਦੀਕ ਹੈ। ਇਹ ਆਖ਼ਰੀ ਪਿੰਡ ਹੈ। ਮੇਰੀ ਪਿੰਡ ਵਿੱਚ ਦੁਕਾਨ ਹੈ। ਅਸੀਂ ਹੁਣ ਕਿੱਥੇ ਸਮਾਨ ਚੁੱਕ ਕੇ ਲਿਜਾਵਾਂਗੇ। ਕੋਈ ਗਾਹਕ ਵੀ ਨਹੀਂ ਆ ਰਿਹਾ। ਕੋਈ ਪਿੰਡ ‘ਚ ਹੋਵੇਗਾ ਤਾਂ ਗਾਹਕ ਆਉਣਗੇ।”

”ਬੱਚੇ ਵੀ ਇੱਥੋਂ ਚਲੇ ਗਏ ਹਨ। ਔਰਤਾਂ ਵੀ ਚਲੀਆਂ ਗਈਆਂ ਹਨ। ਬਸ ਘਰਾਂ ਵਿੱਚ ਇੱਕ ਬਜ਼ੁਰਗ ਆਦਮੀ ਰਹਿ ਰਿਹਾ ਹੈ। ਜੇ ਕੋਈ ਸਵੇਰੇ ਆਉਂਦਾ ਵੀ ਹੈ, ਤਾਂ ਸ਼ਾਮ ਨੂੰ ਚਾਰ ਪੰਜ ਵਜੇ ਤੋਂ ਬਾਅਦ ਫਿਰ ਪਿਛਾਂਹ ਵਾਪਸ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾਂ ਕਿਤੇ ਹੋਰ ਕੋਲ ਚਲਾ ਜਾਂਦਾ ਹੈ।”

ਉਹ ਕਹਿੰਦੇ ਹਨ, “ਜਦੋਂ ਵੀ ਜੰਗ ਹੁੰਦੀ ਹੈ, ਸਾਡਾ ਬਹੁਤ ਨੁਕਸਾਨ ਹੁੰਦਾ ਹੈ। ਅਸੀਂ ਵਿੱਤੀ ਪੱਖੋਂ ਪੰਜ-ਸੱਤ ਸਾਲ ਪਿੱਛੇ ਚਲੇ ਜਾਂਦੇ ਹਾਂ।”

ਕਈ ਵਾਰ ਤਬਾਹੀ ਦਾ ਮੰਜ਼ਰ ਦੇਖ ਚੁੱਕਿਆ ਇਹ ਪਿੰਡ ਹੁਣ ਦੁਆਵਾਂ ਕਰ ਰਿਹਾ ਹੈ ਕਿ ਜੰਗ ਟਲ਼ ਜਾਵੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI