Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਪੁਲਿਸ ਬਾਰੇ ‘ਨੋ-ਯੂਨੀਫ਼ਾਰਮ ਐਡਵਾਇਜ਼ਰੀ’ ਦਾ ਪੂਰਾ ਵਿਵਾਦ ਕੀ ਹੈ

ਪੰਜਾਬ ਪੁਲਿਸ ਬਾਰੇ ‘ਨੋ-ਯੂਨੀਫ਼ਾਰਮ ਐਡਵਾਇਜ਼ਰੀ’ ਦਾ ਪੂਰਾ ਵਿਵਾਦ ਕੀ ਹੈ

7
0

Source :- BBC PUNJABI

ਪੰਜਾਬ ਪੁਲਿਸ

ਤਸਵੀਰ ਸਰੋਤ, Getty Images

ਮੰਗਲਵਾਰ ਨੂੰ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ‘ਤੇ ਆਉਂਦੇ-ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਤੋਂ ਜਾਰੀ ਕੀਤੀ ਗਈ ਜਾਣਕਾਰੀ ਵਿੱਚ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਸ ਨੂੰ ‘ਝੂਠੀ ਐਡਵਾਈਜ਼ਰੀ’ ਕਰਾਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਕਥਿਤ ਆਡੀਓ ਅਤੇ ਇੱਕ ਚਿੱਠੀ ਪੋਸਟ ਕੀਤੀ ਜਿਸ ਨੂੰ ਪੁਲਿਸ ਦੀ ‘ਐਡਵਾਈਜ਼ਰੀ’ ਸਬੰਧੀ ਦੱਸਿਆ ਗਿਆ। ਇਸ ਤੋਂ ਬਾਅਦ ਇਹ ਮਾਮਲਾ ਸਿਆਸੀ ਰੂਪ ਧਾਰਨ ਕਰ ਗਿਆ।

ਕਾਂਗਰਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਇਸ ਮੁੱਦੇ ਉੱਤੇ ਪੰਜਾਬ ਸਰਕਾਰ ਨੂੰ ਘੇਰਿਆ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁਲਿਸ ਦੀ ‘ਐਡਵਾਈਜ਼ਰੀ’ ਦੱਸੀ ਜਾ ਰਹੀ ਚਿੱਠੀ ਨੂੰ ਸਿਰੇ ਤੋਂ ਖ਼ਾਰਜ ਕੀਤਾ।

ਕੀ ਹੈ ‘ਐਡਵਾਈਜ਼ਰੀ’ ਸਬੰਧੀ ਵਿਵਾਦ

ਏਐੱਸਆਈ ਹਰਜੀਤ ਸਿੰਘ (ਫਾਈਲ ਫੋਟੋ)

ਤਸਵੀਰ ਸਰੋਤ, @DGPPunjabPolice / X

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਬੀਤੇ ਦਿਨੀਂ ਏਐੱਸਆਈ ਹਰਜੀਤ ਸਿੰਘ ਦੇ ਕਤਲ ਤੋਂ ਬਾਅਦ ਇੱਕ ਕਥਿਤ ਆਡੀਓ ਵਾਇਰਲ ਹੋਈ, ਜਿਸ ਵਿੱਚ ਪੁਲਿਸ ਕਰਮਚਾਰੀਆਂ ਨੂੰ ਡਿਊਟੀ ‘ਤੇ ਆਉਣ ਸਮੇਂ ਅਤੇ ਵਾਪਸੀ ਸਮੇਂ ਯੂਨੀਫ਼ਾਰਮ ਨਾ ਪਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ।

ਆਡੀਓ ਵਿੱਚ ਅਜਿਹਾ ਉਨ੍ਹਾਂ ਨੂੰ ‘ਹਮਲਿਆਂ ਤੋਂ ਬਚਾਉਣ ਵਾਸਤੇ’ ਕਰਨ ਲਈ ਕੀਤਾ ਦੱਸਿਆ ਜਾ ਰਿਹਾ ਹੈ। ਇਸ ਆਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਪੁਲਿਸ ਕਰਮਚਾਰੀਆਂ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਡਿਊਟੀ ‘ਤੇ ਆਉਣ ਸਮੇਂ ਅਤੇ ਡਿਊਟੀ ਤੋਂ ਵਾਪਸ ਜਾਣ ਸਮੇਂ ਪੁਲਿਸ ਵਰਦੀ ਜਾਂ ਅਜਿਹਾ ਹੋਰ ਕੋਈ ਵੀ ਪਹਿਰਾਵਾ ਨਾ ਪਹਿਨਣ, ਜਿਸ ਤੋਂ ਪਤਾ ਲੱਗੇ ਕਿ ਉਹ ਪੁਲਿਸ ਕਰਮਚਾਰੀ ਹਨ।

ਕਥਿਤ ਆਡੀਓ ਵਿੱਚ ਔਰਤ ਦੀ ਆਵਾਜ਼ ਹੈ, ਜੋ ਪੁਲਿਸ ਕਰਮਚਾਰੀਆਂ ਨੂੰ ਇਸ ਸਬੰਧੀ ਰੋਜ਼ਨਾਮਚੇ (ਰੋਜ਼ ਦੀ ਕਾਰਵਾਈ) ਵਿੱਚ ਦਰਜ ਕਰਨ ਲਈ ਆਖ ਰਹੀ ਹੈ ਅਤੇ ਬਾਕੀ ਪੁਲਿਸ ਕਰਮਚਾਰੀਆਂ ਨੂੰ ਵੀ ਇਸ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਜਾ ਰਿਹਾ ਹੈ।

ਪੰਜਾਬ ਪੁਲਿਸ ਦਾ ਪੱਖ

ਪੰਜਾਬ ਪੁਲਿਸ

ਤਸਵੀਰ ਸਰੋਤ, @PunjabPoliceInd/X

ਵਿਵਾਦ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ‘ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਕਿ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਆਉਂਦੇ ਕਿਸੇ ਵੀ ਦਫ਼ਤਰ ਵੱਲੋਂ ਅਜਿਹੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ।

ਵਿਭਾਗ ਨੇ ਸਾਫ਼ ਕੀਤਾ ਕਿ ਪੁਲਿਸ ਮੁਲਾਜ਼ਮਾਂ ਨੂੰ ਸਫ਼ਰ ਦੌਰਾਨ ਵਰਦੀ ਤੋਂ ਪਰਹੇਜ਼ ਕਰਨ ਜਾਂ ਸਿਵਲ ਕੱਪੜੇ ਪਾ ਕੇ ਡਿਊਟੀ ‘ਤੇ ਆਉਣ-ਜਾਣ ਲਈ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ।

ਪੁਲਿਸ ਨੇ ਆਮ ਨਾਗਰਿਕਾਂ ਅਤੇ ਆਪਣੇ ਜਵਾਨਾਂ ਨੂੰ ਅਜਿਹੀਆਂ ਝੂਠੀਆਂ ਅਫ਼ਵਾਹਾਂ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦਿਆਂ ਕੇਵਲ ਅਧਿਕਾਰਤ ਸਰੋਤਾਂ ‘ਤੇ ਹੀ ਭਰੋਸਾ ਕਰਨ ਲਈ ਕਿਹਾ ਹੈ।

ਇਸ ਸਬੰਧ ਵਿੱਚ ਅੰਮ੍ਰਿਤਸਰ ਬਾਰਡਰ ਰੇਂਜ ਦੇ ਮੌਜੂਦਾ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਇਸ ਤਰ੍ਹਾਂ ਦੀ ਕਿਸੇ ਵੀ ਐਡਵਾਈਜ਼ਰੀ ਤੋਂ ਇਨਕਾਰ ਕੀਤਾ।

ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਦੇ ਕਰਮੀਆਂ ਨਾਲ ਵਾਪਰੀਆਂ ਹਿੰਸਕ ਘਟਨਾਵਾਂ

ਏਐੱਸਆਈ ਹਰਜੀਤ ਸਿੰਘ

ਤਸਵੀਰ ਸਰੋਤ, Bhagwant Mann/X

ਏਐੱਸਆਈ ਹਰਜੀਤ ਸਿੰਘ ਕੇਸ

ਇਹ ਘਟਨਾ ਹਾਲ ਹੀ ਵਿੱਚ ਅੰਮ੍ਰਿਤਸਰ ਦੀ ਭਗਤਾਂਵਾਲਾ ਦਾਣਾ ਮੰਡੀ ਵਿੱਚ 18 ਸਤੰਬਰ 2026 ਨੂੰ ਵਾਪਰੀ, ਜਿਸ ਵਿੱਚ ਮੋਟਰਸਾਈਕਲ ਸਵਾਰਾਂ ਨੇ ਰਾਤ ਸਮੇਂ ਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ, ਜੋ ਪੁਲਿਸ ਕੰਟ੍ਰੋਲ ਰੂਮ ਦੀ ਡਿਊਟੀ ‘ਤੇ ਸਨ, ਦਾ ਕਤਲ ਕਰ ਦਿੱਤਾ।

ਇਸ ਮਾਮਲੇ ਵਿੱਚ ਪੁਲਿਸ ਨੇ 20-21 ਸਤੰਬਰ ਦੀ ਰਾਤ ਨੂੰ ਕਥਿਤ ਮੁਲਜ਼ਮ ਦੀਪਕ ਸਿੰਘ ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ।

ਏਐੱਸਆਈ ਜੋਗਾ ਸਿੰਘ ਕਤਲ ਕੇਸ

ਇਹ ਘਟਨਾ ਇਸ ਸਾਲ 24 ਮਈ 2026 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਫ਼ਤਿਹਗੜ੍ਹ ਚੂੜੀਆਂ-ਮਜੀਠਾ ਰੋਡ ਉੱਤੇ ਵਾਪਰੀ ਸੀ, ਜਿਸ ਵਿੱਚ ਅੰਮ੍ਰਿਤਸਰ ਟਰੈਫ਼ਿਕ ਵਿੰਗ ਵਿੱਚ ਤੈਨਾਤ ਏਐੱਸਆਈ ਜੋਗਾ ਸਿੰਘ ਦਾ ਕਤਲ ਅਣਪਛਾਤੇ ਹਮਲਾਵਰਾਂ ਵੱਲੋਂ ਉਸ ਸਮੇਂ ਕੀਤਾ ਗਿਆ ਸੀ, ਜਦੋਂ ਉਹ ਸਕੂਟਰ ਉੱਤੇ ਆਪਣੀ ਡਿਊਟੀ ‘ਤੇ ਜਾ ਰਹੇ ਸਨ।

ਬਟਾਲਾ ਦੇ ਰਹਿਣ ਵਾਲੇ ਜੋਗਾ ਸਿੰਘ ਦੀ ਲਾਸ਼ ਮਜੀਠਾ ਪੁਲਿਸ ਨੇ ਸੜਕ ਕਿਨਾਰੇ ਤੋਂ ਬਰਾਮਦ ਕੀਤੀ ਸੀ।

ਗੁਰਨਾਮ ਸਿੰਘ ਅਤੇ ਅਸ਼ੋਕ ਕੁਮਾਰ

ਤਸਵੀਰ ਸਰੋਤ, family

ਏਐੱਸਆਈ ਅਤੇ ਹੋਮ ਗਾਰਡ ਜਵਾਨ ਦਾ ਕਤਲ

ਇਸ ਸਾਲ 22 ਫਰਵਰੀ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਆਦੀਆ ਪਿੰਡ ਵਿੱਚ ਸਥਾਪਤ ਪੁਲਿਸ ਚੌਂਕੀ ਵਿੱਚ ਤੈਨਾਤ ਦੋ ਪੁਲਿਸ ਕਰਮੀਆਂ ਦਾ ਕਤਲ ਕਰ ਦਿੱਤਾ ਗਿਆ ਸੀ।

ਆਦੀਆ ਪਿੰਡ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਮੌਜੂਦ ਹੈ। ਇਸ ਘਟਨਾ ਵਿੱਚ ਪੰਜਾਬ ਪੁਲਿਸ ਦੇ ਏਐੱਸਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦਾ ਕਤਲ ਕੀਤਾ ਗਿਆ ਸੀ।

ਬਾਅਦ ਵਿੱਚ ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਚਾਰ ਸਥਾਨਕ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ ਇੱਕ ਰਣਜੀਤ ਸਿੰਘ ਨਾਮ ਦਾ ਵਿਅਕਤੀ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ।

ਏਐੱਸਆਈ ਜਸਵੰਤ ਸਿੰਘ ‘ਤੇ ਹਮਲਾ

ਇਹ ਘਟਨਾ ਇਸ ਮਹੀਨੇ 11 ਸਤੰਬਰ 2026 ਨੂੰ ਅਜਨਾਲਾ ਨੇੜੇ ਵਾਪਰੀ ਸੀ, ਜਿਸ ਵਿੱਚ ਪੰਜਾਬ ਪੁਲਿਸ ਦੇ ਏਐੱਸਆਈ ਜਸਵੰਤ ਸਿੰਘ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਏ ਜਾਣ ਕਾਰਨ ਜ਼ਖ਼ਮੀ ਹੋ ਗਏ ਸਨ।

ਘਟਨਾ ਦੀ ਜਾਂਚ ਵੀ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਹਮਲਾਵਰ ਕੌਣ ਸਨ, ਇਸ ਦਾ ਅਜੇ ਤੱਕ ਪਤਾ ਨਹੀਂ ਚੱਲਿਆ। ਪਰ ਜ਼ਿਆਦਾਤਰ ਕੇਸਾਂ ਵਿੱਚ ਹੱਤਿਆਵਾਂ ਪੁਲਿਸ ਵਰਦੀ ਵਿੱਚ ਕੀਤੀਆਂ ਗਈਆਂ ਹਨ, ਜੋ ਕਿ ਇਨ੍ਹਾਂ ਵਾਰਦਾਤਾਂ ਵਿੱਚ ਇੱਕ ਚੀਜ਼ ਸਾਂਝੀ ਹੈ।

ਕਾਂਸਟੇਬਲ ਜਗਜੀਤ ਸਿੰਘ ਦਾ ਕਤਲ

ਸੱਤ ਮਾਰਚ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਜਗਦੇਵ ਕਲਾਂ ਪਿੰਡ ਵਿੱਚ ਪੰਜਾਬ ਪੁਲਿਸ ਦੇ ਕਾਂਸਟੇਬਲ ਜਗਜੀਤ ਸਿੰਘ ਦਾ ਕਤਲ ਗਿਆ ਸੀ।

ਇਹ ਕਤਲ ਅਣਪਛਾਤੇ ਵਿਅਕਤੀਆਂ ਨੇ ਜਗਜੀਤ ਸਿੰਘ ਸਿੰਘ ਦੇ ਘਰ ਉੱਤੇ ਹਮਲਾ ਕਰ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਇਹ ਕਤਲ ਨਿੱਜੀ ਅਤੇ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ, ਜਿਸ ਦੇ ਸਬੰਧ ਵਿੱਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਜਾਣਕਾਰਾਂ ਦੀ ਰਾਏ

ਪੰਜਾਬ ਪੁਲਿਸ

ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਪੁਲਿਸ ਵਾਲਿਆਂ ਦੇ ਕਤਲ ਅਤੇ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਚੌਕੀਆਂ ਉੱਤੇ ਹਮਲੇ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਬੀਬੀਸੀ ਪੰਜਾਬੀ ਨੇ ਪੰਜਾਬ ਦੇ ਸਾਬਕਾ ਡੀਜੀਪੀ ਐੱਸਕੇ ਸ਼ਰਮਾ ਨਾਲ ਗੱਲ ਕੀਤੀ।

ਉਨ੍ਹਾਂ ਮੁਤਾਬਕ ਆਮ ਤੌਰ ‘ਤੇ ਹਰ ਘਟਨਾ ਦਾ ਮਕਸਦ ਅਤੇ ਉਸ ਨਾਲ ਜੁੜੇ ਪੱਖਾਂ ਦਾ ਘਟਨਾਕ੍ਰਮ ਵੱਖ-ਵੱਖ ਹੁੰਦਾ ਹੈ ਪਰ ਜੇਕਰ ਇਹ ਵਾਰਦਾਤਾਂ ਸਰਹੱਦ ਪਾਰ ਬੈਠੇ ਲੋਕਾਂ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਤਾਂ ਇਹ ਬਹੁਤ ਗੰਭੀਰ ਮੁੱਦਾ ਹੈ ਅਤੇ ਇਸ ਪਿੱਛੇ ਮਕਸਦ ਪੁਲਿਸ ਦਾ ਹੌਸਲਾ ਤੋੜਨਾ ਹੋ ਸਕਦਾ ਹੈ।

“ਕਤਲ ਪੁਲਿਸ ਵਰਦੀ ਵਿੱਚ ਹੋ ਰਹੇ ਹਨ ਅਤੇ ਅਜਿਹੀ ਰਣਨੀਤੀ ਵਿਦੇਸ਼ ਬੈਠੇ ਲੋਕਾਂ ਦੀ ਹੋ ਸਕਦੀ ਹੈ ਅਤੇ ਇਹ ਇੱਕ ਅਹਿਮ ਮੁੱਦਾ ਹੈ, ਜਿਸ ਨੂੰ ਗੰਭੀਰਤਾ ਨਾਲ ਦੇਖਣ ਦੀ ਲੋੜ ਹੈ।”

ਉਨ੍ਹਾਂ ਆਖਿਆ ਕਿ ਖਾੜਕੂਵਾਦ ਦੌਰਾਨ ਅਕਸਰ ਪੁਲਿਸ ਕਰਮਚਾਰੀਆਂ ਨੂੰ ਛੁੱਟੀ ਅਤੇ ਦਫ਼ਤਰ ਆਉਣ ਦੇ ਸਬੰਧ ਵਿੱਚ ਕੁਝ ਹਦਾਇਤਾਂ ਜਾਰੀ ਹੁੰਦੀਆਂ ਸਨ, ਜਿਵੇਂ ਇਹ ਦੇਖਣਾ ਪੈਂਦਾ ਸੀ ਕਿ ਕੌਣ ਕਿਸ ਸਮੇਂ ਡਿਊਟੀ ‘ਤੇ ਜਾ ਰਿਹਾ ਹੈ, ਕਿੱਥੋਂ ਨਿਕਲ ਰਿਹਾ ਹੈ ਅਤੇ ਕੀ ਉਹ ਹਰ ਵਾਰ ਡਿਊਟੀ ‘ਤੇ ਜਾਂਦੇ ਸਮੇਂ ਆਪਣਾ ਰਸਤਾ ਬਦਲ ਰਿਹਾ ਹੈ।

ਨਾਲ ਹੀ ਕਰਮਚਾਰੀਆਂ ਨੂੰ ਡਿਊਟੀ ਦਾ ਸਮਾਂ ਅਤੇ ਰਸਤਾ ਵੀ ਪੱਕਾ ਨਾ ਰੱਖਣ ਬਾਰੇ ਸੂਚਿਤ ਕੀਤਾ ਜਾਂਦਾ ਸੀ ਅਤੇ ਇਹ ਸਾਰੀਆਂ ਸਾਵਧਾਨੀਆਂ ਅਜੇ ਵੀ ਪੁਲਿਸ ਨੂੰ ਵਰਤਣ ਦੀ ਲੋੜ ਹੈ।

ਉਨ੍ਹਾਂ ਆਖਿਆ, “ਹੁਣ ਹਾਲਾਤ ਆਮ ਹਨ ਪਰ ਜਦੋਂ ਅਜਿਹੀਆਂ ਘਟਨਾਵਾਂ ਵਾਪਰਨ ਲੱਗ ਜਾਣ ਤਾਂ ਮੈਨੂੰ ਲੱਗਦਾ ਹੈ ਕਿ ਹਰ ਐੱਸਐੱਸਪੀ ਅਤੇ ਹਰ ਪੁਲਿਸ ਕਮਿਸ਼ਨਰ ਨੂੰ ਪੁਲਿਸ ਕਰਮੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਡਿਊਟੀਆਂ ਦੀ ਬਦਲੀ ਇਸ ਤਰ੍ਹਾਂ ਹੋਵੇ ਕਿ ਕਿਸੇ ਹੋਰ ਨੂੰ ਪਤਾ ਹੀ ਨਾ ਲੱਗੇ ਕਿ ਕੌਣ ਕਿਸ ਸਮੇਂ ਡਿਊਟੀ ‘ਤੇ ਜਾ ਰਿਹਾ ਹੈ।”

“ਇਹ ਸਭ ‘ਕੋਡਬੱਧ’ ਹੋਣਾ ਚਾਹੀਦਾ ਹੈ, ਜਿਸ ਦਾ ਪਤਾ ਸਿਰਫ਼ ਅਫ਼ਸਰ ਨੂੰ ਹੋਵੇ ਕਿ ਕਿਹੜਾ ਕਰਮਚਾਰੀ ਕਦੋਂ, ਕਿੱਥੋਂ, ਕਿਸ ਸਮੇਂ ਨਿਕਲ ਰਿਹਾ ਹੈ ਅਤੇ ਕਿਹੜਾ ਰਸਤਾ ਲੈ ਰਿਹਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI