Source :- BBC PUNJABI

“ਜਦੋਂ ਰੇਲ ਗੱਡੀ ਉੱਤੇ ਹਮਲਾ ਹੋਇਆ ਤਾਂ ਉਸ ਵਿੱਚ ਸਫ਼ਰ ਕਰ ਰਿਹਾ ਰੇਲਵੇ ਮੁਲਾਜ਼ਮ ਆਪਣੀ ਪਤਨੀ ਅਤੇ ਛੋਟੇ ਬੱਚੇ ਨਾਲ ਅੱਗੇ ਕਿਤੇ ਵਿਆਹ ਉੱਤੇ ਜਾ ਰਿਹਾ ਸੀ।”
“ਹਮਲੇ ਵੇਲੇ ਮੁਲਾਜ਼ਮ ਆਪਣੇ ਪਰਿਵਾਰ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਿਆ। ਅਚਾਨਕ ਇੱਕ ਬੰਦਾ ਕੰਧ ਟੱਪ ਕੇ ਸਾਡੇ ਘਰ ਆ ਗਿਆ। ਅਸੀਂ ਡਰ ਗਏ। ਅਸੀਂ ਸੋਚਿਆ ਕਿ ਖਾੜਕੂ ਸਾਡੇ ਘਰ ਆ ਗਏ ਹਨ।”
“ਮਗਰੋਂ ਇੱਕ ਬੱਚਾ ਅਤੇ ਇੱਕ ਔਰਤ ਵੀ ਕੰਧ ਟੱਪ ਕੇ ਸਾਡੇ ਘਰ ਦਾਖ਼ਲ ਹੋ ਗਏ ਅਤੇ ਸਾਡੇ ਪੈਰਾਂ ਵਿੱਚ ਡਿੱਗ ਪਏ। ਉਹ ਕਹਿ ਰਹੇ ਸਨ ਕਿ ਸਾਨੂੰ ਬਚਾ ਲਓ। ਅਸੀਂ ਉਨ੍ਹਾਂ ਨੂੰ ਸਾਰੀ ਰਾਤ ਆਪਣੇ ਘਰ ਰੱਖਿਆ ਅਤੇ ਖਾਣਾ ਖਵਾਇਆ। ਅਗਲੇ ਦਿਨ ਸਵੇਰੇ ਅਸੀਂ ਉਨ੍ਹਾਂ ਨੂੰ ਗੱਡੀ ਉੱਤੇ ਚੜ੍ਹਾ ਕੇ ਵੀ ਆਏ।”
ਲੁਧਿਆਣਾ ਜ਼ਿਲ੍ਹੇ ਦੇ ਕਿਲਾ ਰਾਏਪੁਰ ਪਿੰਡ ਦੇ ਵਸਨੀਕ ਜਗਪਾਲ ਸਿੰਘ ਮੁਤਾਬਕ ਉਹ 33 ਸਾਲ ਦੇ ਸਨ, ਜਦੋਂ ਇਸ ਪਿੰਡ ਵਿੱਚ ਰੇਲ ਯਾਤਰੀਆਂ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਸੀ।

ਗ੍ਰਹਿ ਮੰਤਰਾਲੇ ਦੀ ਜਾਣਕਾਰੀ ਮੁਤਾਬਕ ਕਿਲਾ ਰਾਏਪੁਰ ਅਤੇ ਬੱਦੋਵਾਲ ਵਿੱਚ ਰੇਲ ਗੱਡੀਆਂ ਉੱਤੇ ਹੋਏ ਹਮਲਿਆਂ ਵਿੱਚ ਕਰੀਬ 76 ਮੌਤਾਂ ਹੋਈਆਂ ਸਨ।
ਜਗਪਾਲ ਮੁਤਾਬਕ ਹਮਲੇ ਵਾਲੀ ਰਾਤ ਉਨ੍ਹਾਂ ਦੇ ਪਰਿਵਾਰ ਨੇ ਰੇਲ ਵਿੱਚ ਸਫ਼ਰ ਕਰ ਰਹੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਜਾਨ ਬਚਾਈ ਸੀ।
‘ਸਤਲੁਜ’ ਫ਼ਿਲਮ ਦੇ ਰਿਲੀਜ਼ ਹੋਣ ਅਤੇ ਹਟਾਏ ਜਾਣ ਮਗਰੋਂ ਪੰਜਾਬ ਵਿੱਚ 80 ਅਤੇ 90 ਦੇ ਦਹਾਕਿਆਂ ਦੌਰਾਨ ਵਾਪਰੀਆਂ ਘਟਨਾਵਾਂ ਮੁੜ ਚਰਚਾ ਵਿੱਚ ਆਈਆਂ ਹਨ।
ਲਗਭਗ 15 ਸਾਲਾਂ ਤੱਕ ਚੱਲੇ ਇਸ ਹਿੰਸਾ ਦੇ ਦੌਰ ਵਿੱਚ ਸਿੱਖ ਅਤੇ ਗ਼ੈਰ-ਸਿੱਖ ਭਾਈਚਾਰਿਆਂ ਦੇ ਲੋਕ ਮਾਰੇ ਗਏ।
ਇਹ ਲੋਕ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਦਾ ਸ਼ਿਕਾਰ ਬਣੇ। ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਵਿੱਚ ਅਸਲ ਮੁਕਾਬਲੇ ਅਤੇ ਝੂਠੇ ਮੁਕਾਬਲੇ ਸ਼ਾਮਲ ਹਨ।
ਇਨ੍ਹਾਂ ਝੂਠੇ ਮੁਕਾਬਲਿਆਂ ਨਾਲ ਸਬੰਧਤ ਕਈ ਕੇਸਾਂ ਵਿੱਚ ਸਜ਼ਾਵਾਂ ਵੀ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਇਸ ਦੌਰ ਵਿੱਚ ਰੇਲ ਯਾਤਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਰੇਲ ਯਾਤਰੀਆਂ ਉੱਤੇ ਹੋਏ ਇਨ੍ਹਾਂ ਹਮਲਿਆਂ ਵਿੱਚ ਮਰਨ ਵਾਲਿਆਂ ਵਿੱਚ ਵਧੇਰੇ ਗਿਣਤੀ ਗ਼ੈਰ-ਸਿੱਖ ਭਾਈਚਾਰੇ ਦੇ ਲੋਕਾਂ ਦੀ ਸੀ। ਪੰਜਾਬ ਵਿੱਚ ਰੇਲਾਂ ਉੱਤੇ ਹੋਏ ਹਮਲਿਆਂ ਦੀਆਂ ਘਟਨਾਵਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ, ਬੱਦੋਵਾਲ, ਸੋਹੀਆਂ ਅਤੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਵਾਪਰੀਆਂ।
ਪੰਜਾਬ ਵਿੱਚ ‘ਕਥਿਤ ਤੌਰ ਉੱਤੇ ਅੱਤਵਾਦੀਆਂ ਵੱਲੋਂ’ ਅੰਜਾਮ ਦਿੱਤੀਆਂ ਗਈਆਂ ਵੱਡੀਆਂ ਘਟਨਾਵਾਂ ਕਿਹੜੀਆਂ ਹਨ ਅਤੇ ਇਸ ਬਾਰੇ ਸਰਕਾਰੀ ਰਿਪੋਰਟਾਂ ਅਤੇ ਉਸ ਵੇਲੇ ਦੀਆਂ ਮੀਡੀਆ ਰਿਪੋਰਟਾਂ ਵਿੱਚ ਕੀ ਜਾਣਕਾਰੀ ਮਿਲਦੀ ਹੈ? ਚਸ਼ਮਦੀਦ ਗਵਾਹ ਇਨ੍ਹਾਂ ਘਟਨਾਵਾਂ ਬਾਰੇ ਕੀ ਕਹਿੰਦੇ ਹਨ?
ਰੇਲ ਗੱਡੀਆਂ ਉੱਤੇ ਹੋਏ ਹਮਲਿਆਂ ਵਿੱਚ ਹੋਈਆਂ ਮੌਤਾਂ ਬਾਰੇ ਕੀ ਜਾਣਕਾਰੀ ਹੈ?

ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਅਗਸਤ 2014 ਵਿੱਚ ਇੱਕ ਆਰਟੀਆਈ ਦੇ ਜਵਾਬ ਵਿੱਚ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਸਾਲ 1989 ਤੋਂ ਮਈ 2014 ਤੱਕ ਹੋਈਆਂ ਹਿੰਸਾ ਦੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ।
ਇਸ ਵਿੱਚ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਰੇਲ ਯਾਤਰੀਆਂ ਨੂੰ ਮਾਰੇ ਜਾਣ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਹੈ। ਪੰਜਾਬ ਵਿੱਚ 1989 ਤੋਂ 1995 ਤੱਕ ਰੇਲ ਗੱਡੀਆਂ ਉੱਤੇ ਹੋਈਆਂ ਮੁੱਖ ਵਾਰਦਾਤਾਂ ਬਾਰੇ ਇਹ ਜਾਣਕਾਰੀ ਦਿੱਤੀ ਗਈ ਹੈ।
ਕਿਲਾ ਰਾਏਪੁਰ ਵਿੱਚ ਰੇਲ ਗੱਡੀ ਉੱਤੇ ਹਮਲਾ
ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਅਗਸਤ 2014 ਵਿੱਚ ਇੱਕ ਆਰਟੀਆਈ ਦੇ ਜਵਾਬ ਵਿੱਚ ਦੱਸਿਆ ਗਿਆ ਸੀ, “15 ਜੂਨ 1991 ਨੂੰ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਬੁੱਧਸਿੰਘਵਾਲਾ) ਵੱਲੋਂ ਕੀਤੇ ਇਸ ਹਮਲੇ ਵਿੱਚ 26 ਰੇਲ ਯਾਤਰੀ ਮਾਰੇ ਗਏ ਸਨ ਅਤੇ 16 ਜ਼ਖਮੀ ਹੋਏ ਸਨ।”
ਬੱਦੋਵਾਲ ਰੇਲਵੇ ਸਟੇਸ਼ਨ ‘ਤੇ ਕੀ ਵਾਪਰਿਆ ਸੀ

ਇਸੇ ਆਰਟੀਆਈ ਵਿੱਚ ਅੱਗੇ ਦਿੱਤੀ ਜਾਣਕਾਰੀ ਮੁਤਾਬਕ, “ਕੇਐੱਲਐੱਫ (ਬੁੱਧਸਿੰਘਵਾਲਾ) ਦੇ ਕੁਝ ਕੱਟੜਵਾਦੀਆਂ ਨੇ 16 ਜੂਨ 1991 ਨੂੰ 50 ਰੇਲ ਯਾਤਰੀਆਂ ਨੂੰ ਬੱਦੋਵਾਲ ਰੇਲਵੇ ਸਟੇਸ਼ਨ ਨੇੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ 26 ਜਣਿਆਂ ਨੂੰ ਜ਼ਖ਼ਮੀ ਕੀਤਾ।”
ਆਰਟੀਆਈ ਵਿੱਚ ਦਿੱਤੀ ਜਾਣਕਾਰੀ ਦੇ ਮੁਤਾਬਕ, “26 ਦਸੰਬਰ 1991 ਨੂੰ ਕੇਐੱਲਐੱਫ (ਬੁੱਧਸਿੰਘਵਾਲਾ) ਦੇ ਕੁਝ ਕੱਟੜਵਾਦੀਆਂ ਨੇ ਲੁਧਿਆਣਾ ਦੇ ਸੋਹੀਆਂ ਨੇੜੇ 52 ਰੇਲ ਯਾਤਰੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ 18 ਜਣਿਆਂ ਨੂੰ ਜ਼ਖ਼ਮੀ ਕੀਤਾ।”
ਸੋਹੀਆਂ ਕਾਂਡ ਵਜੋਂ ਜਾਣੀ ਜਾਂਦੀ 26 ਦਸੰਬਰ ਦੀ ਸ਼ਾਮ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਦਾ ਮੰਜ਼ਰ ਨਵਦੀਪ ਸੂਦ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਸੀ।
ਉਨ੍ਹਾਂ ਨੇ ਉੱਥੇ ਪਹੁੰਚ ਕੇ ਆਪਣੇ 30 ਸਾਲਾ ਭਰਾ ਦੀ ਗੋਲੀਆਂ ਨਾਲ ਵਿੰਨ੍ਹੀ ਹੋਈ ਦੇਹ ਦੀ ਸ਼ਨਾਖ਼ਤ ਕੀਤੀ ਸੀ।
ਉਹ ਦੱਸਦੇ ਹਨ, “ਮੇਰਾ ਭਰਾ ਅਸ਼ੋਕ ਸੂਦ ਲੁਧਿਆਣਾ ਵਿੱਚ ਕਟਰ ਮਾਸਟਰ ਵਜੋਂ ਕੰਮ ਕਰਦਾ ਸੀ। ਉਸ ਸ਼ਾਮ ਵੀ ਉਹ ਘਰ ਵਾਪਸ ਆ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ।”
ਨਵਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੇ ਦੋ ਬੱਚੇ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਭਰਜਾਈ ਨੂੰ ਸਰਕਾਰ ਵੱਲੋਂ ਨੌਕਰੀ ਦਿੱਤੀ ਗਈ।
ਉਸ ਵੇਲੇ ਬਣੇ ਡਰ ਦੇ ਮਾਹੌਲ ਬਾਰੇ ਉਹ ਦੱਸਦੇ ਹਨ ਕਿ ਇੱਕ ਸਮੇਂ ਪਰਿਵਾਰ ਨੇ ਪੰਜਾਬ ਛੱਡ ਕੇ ਹਰਿਆਣਾ ਚਲੇ ਜਾਣ ਬਾਰੇ ਵੀ ਸੋਚਿਆ ਸੀ।
ਮੋਗਾ ਵਿੱਚ ਆਰਐੱਸਐੱਸ ਦੀ ਸ਼ਾਖ਼ਾ ਉੱਤੇ ਗੋਲੀਬਾਰੀ ਦਾ ਮਾਮਲਾ

ਅਜੈ ਕੁਮਾਰ ਉਸ ਵੇਲੇ ਮੋਗਾ ਦੀ ਉਸੇ ਪਾਰਕ ਵਿੱਚ ਮੌਜੂਦ ਸਨ, ਜਿੱਥੇ ਹਥਿਆਰਬੰਦ ਹਮਲਾਵਰਾਂ ਨੇ ਸਾਲ 1989 ਵਿੱਚ ਇੱਕ ਆਰਐੱਸਐੱਸ ਦੀ ਸ਼ਾਖਾ ਉੱਤੇ ਗੋਲੀਆਂ ਚਲਾਈਆਂ। ਅੱਜ ਇਸ ਪਾਰਕ ਨੂੰ ਇੱਥੇ ਮਰਨ ਵਾਲੇ ਲੋਕਾਂ ਦੀ ਯਾਦ ਵਿੱਚ ‘ਸ਼ਹੀਦੀ ਪਾਰਕ’ ਕਿਹਾ ਜਾਂਦਾ ਹੈ।
ਉਹ ਦੱਸਦੇ ਹਨ, “ਮੇਰੀ ਪਿੱਠ ਉੱਤੇ 6 ਗੋਲੀਆਂ ਲੱਗੀਆਂ, ਮੇਰੇ ਪਿਤਾ ਅਤੇ ਉਨ੍ਹਾਂ ਦੇ ਚਾਚਾ ਦੀ ਮੌਤ ਹੋ ਗਈ।”
“ਉਹ ਮੰਜ਼ਰ ਮੈਨੂੰ ਅੱਜ ਵੀ ਯਾਦ ਹੈ ਅਤੇ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ।”
ਉਹ ਕਹਿੰਦੇ ਹਨ ਕਿ ਇਸ ਘਟਨਾ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਸੰਘਰਸ਼ ਕਰਕੇ ਉਨ੍ਹਾਂ ਨੂੰ ਪਾਲਿਆ। ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਉਨ੍ਹਾਂ ਦੇ ਜ਼ਖ਼ਮ ਭਰ ਗਏ ਹਨ, ਪਰ ਉਨ੍ਹਾਂ ਦੇ ਮਨ ਵਿੱਚ ਉਸ ਘਟਨਾ ਦਾ ਡਰ ਅਜੇ ਵੀ ਹੈ।
“ਉਸ ਵੇਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਮੁਆਵਜ਼ਾ ਮਿਲਿਆ ਸੀ। ਕੀ ਉਸ ਨਾਲ ਸਾਡੀ ਮਾਂ ਸਾਨੂੰ ਪਾਲ ਸਕਦੀ ਸੀ?”
ਉਹ ਦੱਸਦੇ ਹਨ, “ਇੱਥੇ ਜਵਾਹਰ ਲਾਲ ਨਹਿਰੂ ਪਾਰਕ ਵਿੱਚ 21 ਆਰਐੱਸਐੱਸ ਵਰਕਰਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਦਕਿ ਗੋਲੀਬਾਰੀ ਤੋਂ ਬਾਅਦ ਹੋਏ ਬੰਬ ਧਮਾਕੇ ਵਿੱਚ ਇੱਕ ਜੋੜਾ ਅਤੇ ਦੋ ਪੁਲਿਸ ਕਰਮਚਾਰੀ ਮਾਰੇ ਗਏ ਸਨ। ਇਸ ਹਮਲੇ ਵਿੱਚ 31 ਜਣੇ ਜ਼ਖ਼ਮੀ ਹੋਏ ਸਨ।”
ਅੱਗੇ ਦਿੱਤੀ ਗਈ ਜਾਣਕਾਰੀ ਮੁਤਾਬਕ ਪਾਰਕ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਗਈ ਅਤੇ ਪੀੜਤ ਪਰਿਵਾਰਾਂ ਦੀ ਸਹਾਇਤਾ ਅਤੇ ਯਾਦਗਾਰ ਦੀ ਦੇਖਭਾਲ ਲਈ ਇੱਕ ਯਾਦਗਾਰੀ ਕਮੇਟੀ ਵੀ ਬਣਾਈ ਗਈ।
ਹਰ ਸਾਲ 25 ਜੂਨ ਤੋਂ ਬਾਅਦ ਪਹਿਲੇ ਐਤਵਾਰ ਨੂੰ ਕਮੇਟੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੀ ਹੈ।
ਥਾਪਰ ਕਾਲਜ ਵਿੱਚ ਵਿਦਿਆਰਥੀਆਂ ਉੱਤੇ ਗੋਲੀਬਾਰੀ

ਪੰਜਾਬ ਵਿੱਚ ਮਿਲੀਟੈਂਸੀ ਦਾ ਦੌਰ ਕਈ ਸਾਲਾਂ ਤੱਕ ਚੱਲਿਆ, ਜਿਸ ਦੌਰਾਨ ਹਿੰਸਾ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾਉਸ ਵੇਲੇ ਐਸੋਸੀਏਟਿਡ ਪ੍ਰੈੱਸ ਵਿੱਚ ਛਪੀ ਰਿਪੋਰਟ ਵਿੱਚ ਪੁਲਿਸ ਦੇ ਹਵਾਲੇ ਨਾਲ ਲਿਖਿਆ ਗਿਆ ਕਿ 10 ਨਵੰਬਰ 1989 ਵਿੱਚ ਸ਼ੱਕੀ ਕੱਟੜਵਾਦੀਆਂ ਵੱਲੋਂ 19 ਸੁੱਤੇ ਪਏ ਵਿਦਿਆਰਥੀਆਂ ਉੱਤੇ ਗੋਲੀਆਂ ਚਲਾਈਆਂ ਗਈਆਂ।
ਉਸ ਵੇਲੇ ਕਾਲਜ ਵਿੱਚ ਭਾਰਤ ਦੀਆਂ ਵੱਖ-ਵੱਖ ਥਾਵਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਇੰਜੀਨੀਅਰਿੰਗ ਦੇ ਵਿਦਿਆਰਥੀ 4 ਦਿਨਾ ਯੂਥ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਆਏ ਸਨ।
ਉਸ ਵੇਲੇ ਕਾਲਜ ਵਿੱਚ ਮੌਜੂਦ ਰਹੇ ਗਗਨਦੀਪ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਉਸ ਵੇਲੇ ਫੈਸਟੀਵਲ ਲਈ ਤਿਆਰੀ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ।
ਗਗਨਦੀਪ ਸਿੰਘ ਯੂਥ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਉਸ ਵੇਲੇ ਥਾਪਰ ਕਾਲਜ ਵਿੱਚ ਸਨ। ਉਨ੍ਹਾਂ ਦੀ ਉਮਰ ਉਸ ਵੇਲੇ 19 ਸਾਲ ਸੀ।
ਉਹ ਕਹਿੰਦੇ ਹਨ, “ਸਾਨੂੰ ਲੱਗਿਆ ਕਿ ਪਟਾਕੇ ਚੱਲੇ ਹਨ ਅਤੇ ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸਾਨੂੰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਕੀ ਹੋਇਆ।”
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਵੀ ਉਸੇ ਰੂਮ ਵਿੱਚ ਸੌਣ ਦੀ ਥਾਂ ਮਿਲੀ ਸੀ, ਜਿੱਥੇ ਫਾਇਰਿੰਗ ਹੋਈ ਸੀ, ਪਰ ਉਹ ਦੂਜੇ ਰੂਮ ਵਿੱਚ ਆ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਜਿਸ ਡੋਰਮਿਟਰੀ ਵਿੱਚ ਗੋਲੀਆਂ ਚੱਲੀਆਂ, ਉਸ ਵਿੱਚ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਵਿਦਿਆਰਥੀ ਠਹਿਰੇ ਹੋਏ ਸਨ।
ਬੱਸਾਂ ਉੱਤੇ ਹੋਏ ਹਮਲੇ
ਢਿੱਲਵਾਂ ਕਾਂਡ
ਭਾਰਤ ਸਰਕਾਰ ਵੱਲੋਂ ‘ਪੰਜਾਬ ਐਜੀਟੇਸ਼ਨ’ ਬਾਰੇ ਜਾਰੀ ਕੀਤੇ ਗਏ ਵ੍ਹਾਈਟ ਪੇਪਰ ਵਿੱਚ ਇਸ ਘਟਨਾ ਨੂੰ ਪੰਜਾਬ ਵਿੱਚ ਹੋ ਰਹੀ ਹਿੰਸਾ ਨੂੰ ਨਵਾਂ ਆਯਾਮ ਦੇਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਦੱਸਿਆ ਗਿਆ ਹੈ।
ਸਰਕਾਰੀ ਵ੍ਹਾਈਟ ਪੇਪਰ ਮੁਤਾਬਕ, “ਬੱਸ ਨੂੰ ਹਾਈਜੈਕ ਕਰਕੇ 6 ਹਿੰਦੂ ਯਾਤਰੀਆਂ ਨੂੰ ਬਾਕੀਆਂ ਨਾਲੋਂ ਵੱਖ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।”
5 ਅਕਤੂਬਰ 1983 ਨੂੰ ਕਪੂਰਥਲਾ ਜ਼ਿਲ੍ਹੇ ਵਿੱਚ ਹੋਏ ਢਿੱਲਵਾਂ ਕਾਂਡ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਅਤੇ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ ਪੰਜਾਬ ਵਿੱਚ ‘ਦਿ ਪੰਜਾਬ ਡਿਸਟਰਬਡ ਏਰੀਆਜ਼ ਆਰਡੀਨੈਂਸ 1983, ਚੰਡੀਗੜ੍ਹ ਡਿਸਟਰਬਡ ਏਰੀਆਜ਼ ਆਰਡੀਨੈਂਸ ਅਤੇ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਆਰਡੀਨੈਂਸ 1983’ ਵੀ ਲਿਆਂਦਾ ਗਿਆ।
ਇਸ ਮਗਰੋਂ ਜੂਨ 1984 ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ। ਸਰਕਾਰੀ ਵ੍ਹਾਈਟ ਪੇਪਰ ਮੁਤਾਬਕ ਹਮਲੇ ਵਿੱਚ 493 ਆਮ ਲੋਕ ਅਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ।
ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।
ਇਸ ਮਗਰੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਈ ਹਿੰਸਾ ਵਿੱਚ 3,000 ਤੋਂ ਵੱਧ ਲੋਕਾਂ ਦੀ ਮੌਤ ਹੋਈ। ਹਾਲਾਂਕਿ, ਕਤਲਾਂ ਦੀ ਗਿਣਤੀ ਨੂੰ ਲੈ ਕੇ ਸਰਕਾਰੀ ਅੰਕੜਿਆਂ ਅਤੇ ਸਿੱਖ ਜਥੇਬੰਦੀਆਂ ਦੇ ਦਾਅਵਿਆਂ ਵਿੱਚ ਫ਼ਰਕ ਹੈ।
ਲਾਲੜੂ ਅਤੇ ਫਤਿਹਾਬਾਦ ਵਿੱਚ ਬੱਸਾਂ ਉੱਤੇ ਹਮਲੇ
6 ਜੁਲਾਈ 1987 ਨੂੰ ਚੰਡੀਗੜ੍ਹ ਨੇੜੇ ਪੈਂਦੇ ਲਾਲੜੂ ਵਿੱਚ ਬੱਸ ਵਿੱਚੋਂ ਲਾਹ ਕੇ 38 ਜਣਿਆਂ ਨੂੰ ਮਾਰ ਦਿੱਤਾ ਗਿਆ ਸੀ।
ਉਸ ਵੇਲੇ ਵਾਸ਼ਿੰਗਟਨ ਪੋਸਟ ਅਖ਼ਬਾਰ ਵਿੱਚ ਪੁਲਿਸ ਦੇ ਹਵਾਲੇ ਨਾਲ ਲਿਖਿਆ ਗਿਆ ਕਿ 5 ਬੰਦੂਕਧਾਰੀਆਂ ਨੇ ਬੱਸ ਨੂੰ ਰੋਕਿਆ ਅਤੇ ਇਸ ਨੂੰ ਨੇੜਲੇ ਖੇਤ ਵੱਲ ਲਿਜਾ ਕੇ ਯਾਤਰੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ।
ਇਸ ਘਟਨਾ ਦੇ 24 ਘੰਟਿਆਂ ਦੇ ਵਿੱਚ-ਵਿੱਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਉੱਤੇ ਹੋਏ ਹਮਲਿਆਂ ਵਿੱਚ 34 ਜਣਿਆਂ ਦੀ ਮੌਤ ਹੋਈ ਸੀ।
ਪੰਜਾਬ ਵਿੱਚ ਹਿੰਸਾ ਬਾਰੇ ਗ੍ਰਹਿ ਮੰਤਰਾਲੇ ਦੇ ਅੰਕੜੇ ਕੀ ਹਨ?

26 ਦਸੰਬਰ 1991 ਨੂੰ ਕੇਐੱਲਐੱਫ ਬੁੱਧਸਿੰਘਵਾਲਾ ਦੇ ਕੁਝ ਕੱਟੜਵਾਦੀਆਂ ਨੇ ਲੁਧਿਆਣਾ ਦੇ ਸੋਹੀਆਂ ਨੇੜੇ 52 ਰੇਲ ਯਾਤਰੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ 18 ਜਣਿਆਂ ਨੂੰ ਜ਼ਖ਼ਮੀ ਕੀਤਾ।
ਗ੍ਰਹਿ ਮੰਤਰਾਲੇ ਵੱਲੋਂ ਦਸੰਬਰ 2013 ਵਿੱਚ ਅਸ਼ੀਸ਼ ਬਾਂਸਲ ਦੀ ਆਰਟੀਆਈ ਦੇ ਜਵਾਬ ਵਿੱਚ ਪੰਜਾਬ ਵਿੱਚ ਅੱਸੀ ਅਤੇ ਨੱਬੇ ਦੇ ਦਹਾਕੇ ਵਿੱਚ ਹੋਈ ਹਿੰਸਾ ਵਿੱਚ ਮਾਰੇ ਗਏ ਆਮ ਲੋਕਾਂ ਬਾਰੇ ਅੰਕੜੇ ਦਿੱਤੇ ਗਏ ਹਨ।
ਇਸ ਜਵਾਬ ਦੇ ਮੁਤਾਬਕ ਇਸ ਸਮੇਂ ਦੌਰਾਨ 11,694 ਆਮ ਲੋਕ ਮਾਰੇ ਗਏ।
ਇਸ ਤੋਂ ਇਲਾਵਾ ਸੁਰੱਖਿਆ ਬਲਾਂ ਦੇ 1,784 ਮੈਂਬਰ ਮਾਰੇ ਗਏ ਸਨ।
ਬੈਜਨਾਥ ਸ਼ਰਮਾ ਵੱਲੋਂ ਪਾਈ ਗਈ ਇੱਕ ਆਰਟੀਆਈ ਦੇ ਜਵਾਬ ਵਿੱਚ ਗ੍ਰਹਿ ਮੰਤਰਾਲੇ ਨੇ ਅਗਸਤ 2014 ਵਿੱਚ ਦੱਸਿਆ ਸੀ ਕਿ ‘ਇਸ ਸਮੇਂ ਦੌਰਾਨ ਸੁਰੱਖਿਆ ਬਲਾਂ ਵੱਲੋਂ ਮਾਰੇ ਗਏ ਕਥਿਤ ਦਹਿਸ਼ਤਗਰਦਾਂ ਦੀ ਗਿਣਤੀ 8,069 ਹੈ।’
ਇਨ੍ਹਾਂ ਜਵਾਬਾਂ ਵਿੱਚ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਗ੍ਰਹਿ ਮੰਤਰਾਲੇ ਕੋਲ ਮੌਜੂਦ ਜਾਣਕਾਰੀ ਉੱਤੇ ਆਧਾਰਿਤ ਹੈ।
ਵੱਖ-ਵੱਖ ਸਿੱਖ ਸੰਗਠਨਾਂ ਵੱਲੋਂ ਪੰਜਾਬ ਵਿੱਚ ਅੱਸੀ ਅਤੇ ਨੱਬੇ ਦੇ ਦਹਾਕਿਆਂ ਦੌਰਾਨ ਹੋਈਆਂ ਮੌਤਾਂ ਦਾ ਅੰਕੜਾ ਇਸ ਤੋਂ ਵੱਧ ਹੋਣ ਦੀ ਗੱਲ ਕਹੀ ਜਾਂਦੀ ਹੈ।
ਵੱਖ-ਵੱਖ ਸੁਤੰਤਰ ਰਿਪੋਰਟਾਂ ਮੁਤਾਬਕ ਮਾਰੇ ਗਏ ਲੋਕਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਸਨ।
ਟ੍ਰੇਨਾਂ ਉੱਤੇ ਹੋਏ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਵਿੱਚ ਬਹੁਤੇ ਗੈਰ-ਸਿੱਖ ਸਨ।
ਹਿੰਸਾ ਦਾ ਵਿਰੋਧ ਕਰਨ ਵਾਲਿਆਂ ਨੇ ਕੀ ਕਿਹਾ

ਇਸ ਦੌਰ ਵਿੱਚ ਕਈ ਲੋਕ ਅਜਿਹੇ ਵੀ ਸਨ, ਜਿਹੜੇ ਵੱਖ-ਵੱਖ ਤਰੀਕਿਆਂ ਨਾਲ ਇਨ੍ਹਾਂ ਹਿੰਸਕ ਕਾਰਵਾਈਆਂ ਦਾ ਵਿਰੋਧ ਕਰ ਰਹੇ ਸਨ। ਜਗਰਾਉਂ ਦੇ ਰਹਿਣ ਵਾਲੇ ਸਮਾਜਿਕ ਕਾਰਕੁੰਨ ਕੰਵਲਜੀਤ ਖੰਨਾ ਵੀ ਅਜਿਹੇ ਲੋਕਾਂ ਵਿੱਚ ਸ਼ਾਮਲ ਹਨ।
ਮੌਜੂਦਾ ਸਮੇਂ ਉਹ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਹਨ। ਖਾੜਕੂਵਾਦ ਦੇ ਦੌਰਾਨ ਉਹ ਅਖ਼ਬਾਰਾਂ ਵਿੱਚ ਲੇਖਾਂ ਰਾਹੀਂ ਅਤੇ ਪਿੰਡ ਵਿੱਚ ਇਕੱਠ ਕਰਕੇ ਹਿੰਸਕ ਘਟਨਾਵਾਂ ਦਾ ਵਿਰੋਧ ਕਰਦੇ ਸਨ।
ਉਨ੍ਹਾਂ ਨੂੰ ਯਾਦ ਹੈ ਕਿ ਸੋਹੀਆਂ ਕਾਂਡ ਮਗਰੋਂ ਉਨ੍ਹਾਂ ਨੇ ਲੋਕਲ ਪੰਜਾਬੀ ਅਖ਼ਬਾਰ ਵਿੱਚ ‘ਜਗਰਾਉਂ ਸ਼ਹਿਰ ਦੀ ਹਰ ਗਲੀ ਅੱਜ ਆਪਣੇ ਕਿਸੇ ਨਾ ਕਿਸੇ ਬੇਟੇ ਨੂੰ ਗੁਆ ਕੇ ਵਿਰਲਾਪ ਕਰ ਰਹੀ ਹੈ’ ਸਿਰਲੇਖ ਹੇਠ ਲੇਖ ਲਿਖਿਆ ਸੀ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਉਹ ਦੌਰ ਅਸੀਂ ਆਪਣੇ ਹੱਡੀ ਹੰਢਾਇਆ। ਅਸੀਂ ਇਨਕਲਾਬੀ ਲਹਿਰ ਵਿੱਚ ਸਰਗਰਮੀ ਨਾਲ ਕੰਮ ਕਰਦਿਆਂ ਫਿਰਕੂ ਦਹਿਸ਼ਤਗਰਦੀ ਅਤੇ ਹਾਕਮ ਹਕੂਮਤੀ ਦਹਿਸ਼ਤਗਰਦੀ ਦਾ ਡਟ ਕੇ ਵਿਰੋਧ ਕੀਤਾ। ਅਸੀਂ ਬੱਸਾਂ ਅਤੇ ਰੇਲਾਂ ਵਿਚੋਂ ਗੈਰ-ਸਿੱਖਾਂ ਨੂੰ ਉਤਾਰ ਕੇ ਮਾਰਨ ਦੀਆਂ ਘਟਨਾਵਾਂ ਦਾ ਵਿਰੋਧ ਕੀਤਾ ਸੀ।”
“ਜਗਰਾਉਂ ਦੇ ਨੇੜੇ ਸੋਹੀਆਂ ਪਿੰਡ ਵਿੱਚ ਵੀ 26 ਦਸੰਬਰ 1991 ਨੂੰ ਰੇਲ ਉੱਤੇ ਹਮਲਾ ਕਰ ਦਿੱਤਾ ਗਿਆ ਸੀ। ਇਸ ਹਮਲੇ ਨੂੰ ਸੋਹੀਆਂ ਕਾਂਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਹਮਲੇ ਵਿੱਚ ਲੁਧਿਆਣਾ ਵੱਲੋਂ ਆ ਰਹੀ ਰੇਲ ਨੂੰ ਰੋਕ ਕੇ ਬਹੁਤ ਹੀ ਵਹਿਸ਼ੀਆਨਾ ਤਰੀਕੇ ਨਾਲ ਗੈਰ-ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ।”
“ਮੈਨੂੰ ਯਾਦ ਹੈ ਉਸ ਦਿਨ ਬਹੁਤ ਧੁੰਦ ਸੀ। ਉਸ ਦਿਨ ਮਰਨ ਵਾਲਿਆਂ ਵਿੱਚੋਂ ਲਗਭਗ 26 ਲਾਸ਼ਾਂ ਜਗਰਾਉਂ ਦੇ ਵਸਨੀਕਾਂ ਦੀਆਂ ਸਨ। ਜਗਰਾਉਂ ਦੀ ਇਹੋ ਜਿਹੀ ਕੋਈ ਗਲੀ ਨਹੀਂ ਸੀ, ਜਿੱਥੇ ਸੱਥਰ ਨਾ ਵਿਛਿਆ ਹੋਵੇ। ਹਰ ਘਰ ਵਿੱਚ ਵੈਣ ਪੈ ਰਹੇ ਸਨ। ਉਸ ਦਿਨ ਪੂਰੇ ਜਗਰਾਉਂ ਸ਼ਹਿਰ ਵਿੱਚ ਖੂਨ ਦੇ ਹੰਝੂ ਵਹੇ ਸਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI

