Source :- BBC PUNJABI
ਤਸਵੀਰ ਸਰੋਤ, @IsraelMFA
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ
ਫਲਾਈਦੁਬਈ ਦੀ ਉਡਾਣ FZ1073 ਵਿੱਚ ਜਿਸ ਭਾਰਤੀ ਨਾਗਰਿਕ ਪਾਇਲਟ ਸਮਿਤ ਮੱਛਰ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਉਨ੍ਹਾਂ ਨੇ ਕਥਿਤ ਤੌਰ ‘ਤੇ ਬੇਹੋਸ਼ ਹੋਣ ਤੋਂ ਪਹਿਲਾਂ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ ਸੀ।
ਇਜ਼ਰਾਇਲੀ ਯਾਤਰੀ ਯਾਨਿਵ ਹਯੂਨ ਨੇ ਬੁੱਧਵਾਰ ਨੂੰ ਬੇਨ ਗੁਰਿਅਨ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ।
ਹਯੂਨ ਨੇ ਨੇਤਨਯਾਹੂ ਨੂੰ ਦੱਸਿਆ ਕਿ ਕਾਕਪਿਟ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ, ਪਰ ਮੱਛਰ ਦਰਵਾਜ਼ੇ ਦੇ ਇੰਨੇ ਨੇੜੇ ਬੇਹੋਸ਼ ਸਨ ਕਿ ਉਸ ਨੂੰ ਖੋਲ੍ਹਣਾ ਮੁਸ਼ਕਿਲ ਸੀ।
ਉਨ੍ਹਾਂ ਕਿਹਾ, “ਮੇਰਾ ਮੰਨਣਾ ਇਹ ਹੈ ਕਿ ਉਨ੍ਹਾਂ ਨੇ ਆਪਣੀ ਸੂਝਬੂਝ ਦਾ ਇਸਤੇਮਾਲ ਕਰਦੇ ਹੋਏ ਸਾਡੇ ਲਈ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਉਸ ਤੋਂ ਬਾਅਦ ਬੇਹੋਸ਼ ਹੋ ਗਏ।”
ਬਾਅਦ ਵਿੱਚ ਨੇਤਨਯਾਹੂ ਨੇ ਐਕਸ ‘ਤੇ ਦਿੱਤੇ ਇੱਕ ਬਿਆਨ ਵਿੱਚ ਮੱਛਰ ਦੀ ਬਹਾਦਰੀ ਦੀ ਤਾਰੀਫ਼ ਕਰਦੇ ਹੋਏ ਇਸ ਘਟਨਾ ਦਾ ਜ਼ਿਕਰ ਕੀਤਾ।
ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਲਿਖਿਆ, “ਚਾਕੂ ਨਾਲ ਹਮਲਾ ਹੋਣ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ, ਹਮਲਾਵਰ ਦਾ ਵਿਰੋਧ ਕੀਤਾ, ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਹਮਲਾਵਰ ‘ਤੇ ਕਾਬੂ ਪਾਉਣ ਦੇ ਸਮਰੱਥ ਬਣਾਇਆ। ਇਸ ਨਾਲ ਹਵਾ ਵਿੱਚ ਇੱਕ ਵੱਡੀ ਤ੍ਰਾਸਦੀ ਹੋਣ ਤੋਂ ਬਚ ਗਈ।”
ਨੇਤਨਯਾਹੂ ਨੇ ਕਿਹਾ ਕਿ ਮੱਛਰ ਨੇ ਇਜ਼ਰਾਇਲੀ ਨਾਗਰਿਕਾਂ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਸਮੇਤ 174 ਲੋਕਾਂ ਦੀ ਜਾਨ ਬਚਾਈ।
ਸਮਿਤ ਨੇ ਚਾਕੂ ਨਾਲ ਹਮਲੇ ਦੌਰਾਨ ਕੀ ਕੀਤਾ?
ਤਸਵੀਰ ਸਰੋਤ, Getty Images
ਸਮਿਤ ਮੱਛਰ ਦੀ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਈਰਾਨ ਦੀ ਇੱਕ ਮਹਿਲਾ ਨੇ ਐਕਸ ‘ਤੇ ਲਿਖਿਆ, ”ਮੇਰੇ ਪਤੀ ਪਾਇਲਟ ਹਨ। ਉਨ੍ਹਾਂ ਨੇ ਦੱਸਿਆ ਕਿ ਪਾਇਲਟਾਂ ਕੋਲ ਕਾਕਪਿਟ ਵਿੱਚ ਇੱਕ ਸਵਿੱਚ ਹੁੰਦਾ ਹੈ, ਜਿਸ ਨਾਲ ਅੰਦਰੋਂ ਕਾਕਪਿਟ ਦਾ ਦਰਵਾਜ਼ਾ ਅਨਲੌਕ ਕੀਤਾ ਜਾ ਸਕਦਾ ਹੈ। ਇਸ ਲਈ ਸੰਭਵ ਹੈ ਕਿ ਕੈਪਟਨ ਸਮਿਤ ਮੱਛਰ ਨੇ ਸਿਰਫ਼ ਮਦਦ ਲਈ ਆਵਾਜ਼ ਹੀ ਨਾ ਲਗਾਈ ਹੋਵੇ, ਸਗੋਂ ਬੇਹੋਸ਼ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਉਹ ਸਵਿੱਚ ਵੀ ਦਬਾਇਆ ਹੋਵੇ, ਤਾਂ ਜੋ ਫਲਾਈਟ ਅਟੈਂਡੈਂਟ ਅਤੇ ਯਾਤਰੀ ਕਾਕਪਿਟ ਦੇ ਅੰਦਰ ਪਹੁੰਚ ਸਕਣ।”
”ਜੇ ਕਾਕਪਿਟ ਦਾ ਦਰਵਾਜ਼ਾ ਲੌਕ ਹੀ ਰਹਿੰਦਾ, ਤਾਂ ਸ਼ਾਇਦ ਕੋਈ ਅੰਦਰ ਜਾ ਕੇ ਜਹਾਜ਼ ਨੂੰ ਬਚਾਉਣ ਵਿੱਚ ਮਦਦ ਨਾ ਕਰ ਪਾਉਂਦਾ। ਉਨ੍ਹਾਂ ਨੂੰ ਸਲਾਮ। ਉਨ੍ਹਾਂ ਦੇ ਉਸ ਇੱਕ ਫ਼ੈਸਲੇ ਨੇ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।”
ਇਜ਼ਰਾਇਲੀ ਨਿਊਜ਼ ਵੈੱਬਸਾਈਟ ਯੇਰੂਸ਼ਲਮ ਪੋਸਟ ਦੀ ਰਿਪੋਰਟ ਮੁਤਾਬਕ, ਕਈ ਯਾਤਰੀਆਂ ਨੇ ਜ਼ਖ਼ਮੀ ਮੱਛਰ ਨੂੰ ਮੁੱਢਲੀ ਸਹਾਇਤਾ ਦਿੱਤੀ।
ਇਨ੍ਹਾਂ ਵਿੱਚ ਇਜ਼ਰਾਇਲੀ ਡੈਂਟਿਸਟ ਸ਼ੋਤਾ ਮੁਸਾਏਵ ਵੀ ਸ਼ਾਮਿਲ ਸਨ। ਜਹਾਜ਼ ਦੀ ਤਾਬੁਕ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਮੱਛਰ ਨੂੰ ਸਾਊਦੀ ਅਰਬ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਮੁਸਾਏਵ ਨੇ ਇਜ਼ਰਾਇਲੀ ਮੀਡੀਆ ਨੂੰ ਦੱਸਿਆ ਕਿ ਮੱਛਰ ਗੰਭੀਰ ਰੂਪ ਵਿੱਚ ਜ਼ਖ਼ਮੀ ਸਨ ਅਤੇ ਉਨ੍ਹਾਂ ਦੇ ਸਿਰ ਅਤੇ ਹੱਥਾਂ ਤੋਂ ਕਾਫ਼ੀ ਖ਼ੂਨ ਵਗ ਰਿਹਾ ਸੀ। ਡੈਂਟਿਸਟ ਨੇ ਖ਼ੂਨ ਰੋਕਣ ਵਿੱਚ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੱਛਰ ਦੀ ਹਾਲਤ ਸਥਿਰ ਹੋਈ, ਪਰ ਜਹਾਜ਼ ਦੀ ਲੈਂਡਿੰਗ ਦੌਰਾਨ ਉਨ੍ਹਾਂ ਦੀ ਹਾਲਤ ਫਿਰ ਵਿਗੜ ਗਈ।
ਮੁਸਾਏਵ ਨੇ ਇਹ ਵੀ ਦੱਸਿਆ ਕਿ ਮੱਛਰ ਬੋਲ ਕੇ ਇਹ ਦੱਸਣ ਦੇ ਸਮਰੱਥ ਸਨ ਕਿ ਦੂਜੇ ਪਾਇਲਟ ਨੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕੀਤਾ ਸੀ।
ਮੱਛਰ ਤਜਰਬੇਕਾਰ ਪਾਇਲਟ ਹਨ, ਨਵੇਂ ਪਾਇਲਟਾਂ ਨੂੰ ਟ੍ਰੇਨਿੰਗ ਵੀ ਦੇ ਚੁੱਕੇ ਹਨ।
ਕੌਣ ਹਨ ਸਮਿਤ
ਤਸਵੀਰ ਸਰੋਤ, Getty Images
ਸਮਿਤ ਮੱਛਰ ਦੀ ਲਿੰਕਡਇਨ ਪ੍ਰੋਫਾਈਲ ਮੁਤਾਬਕ, ਉਨ੍ਹਾਂ ਨੇ ਫਲਾਈਦੁਬਈ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਭਾਰਤੀ ਏਅਰਲਾਈਨ ਸਪਾਈਸਜੈੱਟ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਹੈ। ਉੱਥੇ ਉਹ ਟ੍ਰੇਨਿੰਗ ਕੈਪਟਨ ਅਤੇ ਨਵੇਂ ਪਾਇਲਟਾਂ ਦੇ ਮੈਂਟਰ ਵੀ ਰਹੇ।
ਉਨ੍ਹਾਂ ਦੀ ਪ੍ਰੋਫਾਈਲ ਮੁਤਾਬਕ, ਉਨ੍ਹਾਂ ਨੇ ਬੋਇੰਗ 737-800 ਅਤੇ 737 ਮੈਕਸ 8 ਅਤੇ 9 ਜਹਾਜ਼ਾਂ ‘ਤੇ ਕਰੀਬ 9,750 ਘੰਟਿਆਂ ਦੀ ਉਡਾਣ ਭਰੀ ਹੈ।
ਲਿੰਕਡਇਨ ਪ੍ਰੋਫਾਈਲ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਮਿਤ ਦੇ ਬੱਚੇ ਵੀ ਹਨ।
ਸਾਊਦੀ ਅਰਬ ਵਿੱਚ ਭਾਰਤੀ ਦੂਤਾਘਰ ਨੇ ਕਿਹਾ ਕਿ ਮੱਛਰ ਨੂੰ “ਉੱਤਰ-ਪੱਛਮੀ ਸਾਊਦੀ ਅਰਬ ਦੇ ਤਾਬੁਕ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਜ਼ਰੂਰੀ ਇਲਾਜ ਦਿੱਤਾ ਜਾ ਰਿਹਾ ਹੈ।”
ਦੂਤਾਘਰ ਨੇ ਕਿਹਾ ਕਿ ਉਸ ਨੂੰ ਪਾਇਲਟ ਦੀ ਸਿਹਤ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ ਹੈ, ਪਰ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਦੂਤਾਘਰ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਮੱਛਰ ਦੇ ਪਰਿਵਾਰ ਦੇ ਸੰਪਰਕ ਵਿੱਚ ਹਨ।
‘ਭਾਰਤ ਨੂੰ ਕੈਪਟਨ ਸਮਿਤ ਮੱਛਰ ‘ਤੇ ਮਾਣ ਹੈ’ – ਪੀਐਮ ਮੋਦੀ
ਤਸਵੀਰ ਸਰੋਤ, Vincenzo Nuzzolese/SOPA Images/LightRocket via Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਾਈਦੁਬਈ ਦੀ ਫਲਾਈਟ ਵਿੱਚ ਸਵਾਰ ਭਾਰਤੀ ਨਾਗਰਿਕ ਕੈਪਟਨ ਸਮਿਤ ਮੱਛਰ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ‘ਹੀਰੋ’ ਦੱਸਿਆ ਹੈ।
ਪੀਐਮ ਮੋਦੀ ਨੇ ਵੀਰਵਾਰ ਸਵੇਰੇ ਕਿਹਾ ਹੈ ਕਿ ਸਮਿਤ ਦੀ ਬਹਾਦਰੀ ਨਾਲ ਇੱਕ ਵੱਡੀ ਘਟਨਾ ਨੂੰ ਟਾਲਣ ਵਿੱਚ ਮਦਦ ਮਿਲੀ ਹੈ।
ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਕੈਪਟਨ ਸਮਿਤ ਮੱਛਰ ਇੱਕ ਹੀਰੋ ਹਨ। ਸਭ ਤੋਂ ਵੱਡੇ ਖ਼ਤਰੇ ਦੇ ਸਾਹਮਣੇ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ, ਉਨ੍ਹਾਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਬਹੁਤ ਹਿੰਮਤ ਅਤੇ ਮਜ਼ਬੂਤ ਹੌਸਲਾ ਦਿਖਾਇਆ।”
ਉਨ੍ਹਾਂ ਅੱਗੇ ਲਿਖਿਆ, “ਉਨ੍ਹਾਂ ਦੀ ਬਹਾਦਰੀ ਨਾਲ ਸੈਂਕੜੇ ਲੋਕਾਂ ਦੀ ਜਾਨ ਬਚਾਉਣ ਅਤੇ ਇੱਕ ਵੱਡੀ ਘਟਨਾ ਨੂੰ ਟਾਲਣ ਵਿੱਚ ਮਦਦ ਮਿਲੀ। ਭਾਰਤ ਨੂੰ ਕੈਪਟਨ ਮੱਛਰ ‘ਤੇ ਮਾਣ ਹੈ। ਉਨ੍ਹਾਂ ਦੇ ਜਲਦੀ ਠੀਕ ਹੋਣ, ਨਵੀਂ ਤਾਕਤ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ।”
ਟਰੰਪ ਨੇ ਵੀ ਕੀਤੀ ਸਮਿਤ ਦੀ ਪ੍ਰਸ਼ੰਸਾ
ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਫਲਾਈਦੁਬਈ ਦੇ ਪਾਇਲਟ ਨੂੰ ਹੀਰੋ ਦੱਸਿਆ। ਉਨ੍ਹਾਂ ਕਿਹਾ ਕਿ ਪਾਇਲਟ ਨੇ ਕੋ-ਪਾਇਲਟ ਦੁਆਰਾ ਚਾਕੂ ਨਾਲ ਕੀਤੇ ਹਮਲੇ ਦਾ ਮੁਕਾਬਲਾ ਕੀਤਾ, ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਮਦਦ ਲਈ ਆਵਾਜ਼ ਲਗਾਈ, ਜਿਸ ਨਾਲ ਜਹਾਜ਼ ਨੂੰ ਜਾਣਬੁੱਝ ਕੇ ਹਾਦਸੇ ਦਾ ਸ਼ਿਕਾਰ ਬਣਾਉਣ ਦੀ ਕਥਿਤ ਕੋਸ਼ਿਸ਼ ਨੂੰ ਨਾਕਾਮ ਕਰਨ ਵਿੱਚ ਮਦਦ ਮਿਲੀ।
ਓਵਲ ਆਫਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬਿਨਿਆਮਿਨ ਨੇਤਨਯਾਹੂ ਨਾਲ ਗੱਲ ਕੀਤੀ ਸੀ।
ਟਰੰਪ ਮੁਤਾਬਕ, ਨੇਤਨਯਾਹੂ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਪਲੰਬਰ, ਜਿਸ ਨੇ ਕਦੇ ਜਹਾਜ਼ ਨਹੀਂ ਉਡਾਇਆ ਸੀ, ਨੇ ਦੁਬਈ ਤੋਂ ਤੇਲ ਅਵੀਵ ਜਾ ਰਹੀ ਉਸ ਉਡਾਣ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ, ਜੋ ਬਾਅਦ ਵਿੱਚ ਸਾਊਦੀ ਅਰਬ ਵਿੱਚ ਉਤਰੀ।
ਟਰੰਪ ਨੇ ਕਿਹਾ, “ਪਾਇਲਟ ਦੀ ਹਾਲਤ ਬਹੁਤ ਖ਼ਰਾਬ ਸੀ। ਮੇਰਾ ਅਨੁਮਾਨ ਹੈ ਕਿ ਹੁਣ ਵੀ ਉਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਹੈ। ਪਰ ਉਨ੍ਹਾਂ ਵਿੱਚ ਇੰਨੀ ਸੂਝਬੂਝ ਸੀ ਕਿ ਉਨ੍ਹਾਂ ਨੇ, ਇਹ ਵਾਕਈ ਕਮਾਲ ਸੀ, ਇੱਕ ਤਰ੍ਹਾਂ ਨਾਲ ਉਹ ਹੀਰੋ ਹਨ।”
ਟਰੰਪ ਨੇ ਕਿਹਾ ਕਿ ਪਾਇਲਟ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਮਦਦ ਲਈ ਚੀਕਣ ਵਿੱਚ ਕਾਮਯਾਬ ਰਹੇ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਅਜਿਹਾ ਲੱਗਦਾ ਹੈ ਕਿ ਕੋ-ਪਾਇਲਟ ਸ਼ਾਇਦ ਅੱਤਵਾਦੀ ਸੀ ਜਾਂ ਸ਼ਾਇਦ ਮਾਨਸਿਕ ਤੌਰ ‘ਤੇ ਅਸਧਾਰਨ ਵਿਅਕਤੀ ਸੀ ਅਤੇ ਉਸ ਨੇ ਪਾਇਲਟ ‘ਤੇ ਚਾਕੂ ਨਾਲ ਹਮਲਾ ਕੀਤਾ।”
ਇਸ ਤੋਂ ਬਾਅਦ ਟਰੰਪ ਨੇ ਇੱਕ ਇਜ਼ਰਾਇਲੀ ਯਾਤਰੀ ਦੀ “ਅਸਾਧਾਰਣ” ਭੂਮਿਕਾ ਦਾ ਜ਼ਿਕਰ ਕੀਤਾ, ਜਿਸ ਦੀ ਪਛਾਣ ਉਨ੍ਹਾਂ ਨੇ ਇੱਕ ਪਲੰਬਰ ਵਜੋਂ ਕੀਤੀ।
ਟਰੰਪ ਮੁਤਾਬਕ, ਇੱਕ ਯਾਤਰੀ, ਜਿਸ ਨੇ ਕਦੇ ਜਹਾਜ਼ ਨਹੀਂ ਉਡਾਇਆ ਸੀ, ਕਾਕਪਿਟ ਵਿੱਚ ਗਿਆ, ਕੋ-ਪਾਇਲਟ ਨੂੰ ਉਸ ਦੀ ਸੀਟ ਤੋਂ ਖਿੱਚ ਕੇ ਪਿੱਛੇ ਵੱਲ ਸੁੱਟ ਦਿੱਤਾ। ਇਸ ਤੋਂ ਬਾਅਦ ਦੂਜੇ ਯਾਤਰੀਆਂ ਨੇ ਉਸ ਨੂੰ ਫੜ ਕੇ ਕਾਬੂ ਵਿੱਚ ਕੀਤਾ।
ਟਰੰਪ ਨੇ ਦੱਸਿਆ ਕਿ ਬਾਅਦ ਵਿੱਚ ਉਸ ਯਾਤਰੀ ਨੇ ਕਿਹਾ ਕਿ ਉਸ ਨੇ ਟੀਵੀ ਪ੍ਰੋਗਰਾਮ ‘ਏਅਰ ਡਿਜ਼ਾਸਟਰਜ਼’ ਦੇਖ ਕੇ ਜਹਾਜ਼ ਉਡਾਉਣ ਨਾਲ ਜੁੜੇ ਕੁਝ ਬੁਨਿਆਦੀ ਸਿਧਾਂਤ ਸਿੱਖੇ ਸਨ।
ਟਰੰਪ ਨੇ ਕਿਹਾ, “ਉਨ੍ਹਾਂ ਨੇ ਦੱਸਿਆ ਕਿ ਉਹ ਇਹ ਪ੍ਰੋਗਰਾਮ ਬਹੁਤ ਦੇਖਦੇ ਹਨ ਅਤੇ ਇਸ ਨੂੰ ਦੇਖ ਕੇ ਉਨ੍ਹਾਂ ਨੇ ਕੁਝ ਹੱਦ ਤੱਕ ਜਹਾਜ਼ ਉਡਾਉਣਾ ਸਿੱਖ ਲਿਆ।”
ਟਰੰਪ ਮੁਤਾਬਕ, ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਮੌਜੂਦ ਵਾਧੂ ਪਾਇਲਟ ਅਤੇ ਸੁਰੱਖਿਆ ਕਰਮਚਾਰੀ ਬਾਅਦ ਵਿੱਚ ਕਾਕਪਿਟ ਤੱਕ ਪਹੁੰਚੇ ਅਤੇ ਜਹਾਜ਼ ਦਾ ਕੰਟਰੋਲ ਸੰਭਾਲ ਲਿਆ।
ਟਰੰਪ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਿਲੱਖਣ ਕਹਾਣੀ ਹੈ।”
ਹਾਲਾਂਕਿ, ਟਰੰਪ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਕੇਵਲ ਉਨ੍ਹਾਂ ਨੂੰ ਮਿਲੀ ਜਾਣਕਾਰੀ ਦੱਸ ਰਹੇ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਤੱਥਾਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



