Home rss national punjabi2ਰਾਸ਼ਟਰੀ ਖ਼ਬਰਾਂ ਬਹੁਤ ਜ਼ਿਆਦਾ ਗਰਮ ਚਾਹ – ਕੌਫੀ ਪੀਣ ਨਾਲ ਕੈਂਸਰ ਦਾ ਕਿੰਨਾ ਖ਼ਤਰਾ...

ਬਹੁਤ ਜ਼ਿਆਦਾ ਗਰਮ ਚਾਹ – ਕੌਫੀ ਪੀਣ ਨਾਲ ਕੈਂਸਰ ਦਾ ਕਿੰਨਾ ਖ਼ਤਰਾ ਹੈ, ਵਿਗਿਆਨੀਆਂ ਨੇ ਕੀ ਚੇਤਾਵਨੀ ਦਿੱਤੀ

5
0

Source :- BBC PUNJABI

ਗਰਮ ਚਾਹ ਦੇ ਕੱਪ ਨਾਲ ਖੜ੍ਹੀ ਇੱਕ ਔਰਤ ਅਤੇ ਥਰਮਾਮੀਟਰ ਦੀ ਕੰਪੋਜ਼ਿਟ ਤਸਵੀਰ

ਤਸਵੀਰ ਸਰੋਤ, BBC/Getty Images

ਯੂ.ਕੇ. ਦੀ ਇੱਕ ਖੋਜ ਮੁਤਾਬਕ ਲਗਾਤਾਰ ਬਹੁਤ ਗਰਮ ਚਾਹ ਤੇ ਕੌਫ਼ੀ ਜਿਹੇ ਪਦਾਰਥ ਪੀਣ ਨਾਲ ਭੋਜਨ ਨਲੀ ਦੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ ਜਿਸ ਨੂੰ ਈਸੋਫੇਜੀਅਲ ਕੈਂਸਰ ਕਿਹਾ ਜਾਂਦਾ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਲਗਭਗ ਦਸ ਲੱਖ ਲੋਕਾਂ ‘ਤੇ ਕੀਤੇ ਗਏ ਅਧਿਐਨ ਦੇ ਇਹ ਨਤੀਜੇ ਇਸ ਸਬੰਧ ਨੂੰ ਸਾਬਿਤ ਕਰਨ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਬਣਾਉਂਦੇ ਹਨ।

ਇਸ ਅਧਿਐਨ ਮੁਤਾਬਕ ਬਹੁਤ ਜ਼ਿਆਦਾ ਗਰਮ ਪਦਾਰਥ ਪੀਣ ਵਾਲਿਆਂ ਵਿੱਚ ਨਿੱਘੀ ਚਾਹ ਜਾਂ ਕੌਫੀ ਪੀਣ ਵਾਲਿਆਂ ਦੇ ਮੁਕਾਬਲੇ ਕੈਂਸਰ ਦਾ ਖਤਰਾ ਲਗਭਗ ਤਿੰਨ ਗੁਣਾ ਜ਼ਿਆਦਾ ਸੀ। ਹਾਲਾਂਕਿ ਮਾਹਿਰ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਆਮ ਤੌਰ ‘ਤੇ ਇਸ ਕੈਂਸਰ ਦੇ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਭਾਫ਼ ਛੱਡਦਾ ਤਰਲ ਪਦਾਰਥ ਪੇਟ ਵਿੱਚ ਜਾਣ ਦੇ ਰਸਤੇ ਦੌਰਾਨ ਭੋਜਨ ਨਲੀ ਦੀਆਂ ਕੋਸ਼ਿਕਾਵਾਂ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਬਹੁਤ ਜ਼ਿਆਦਾ ਉਬਲਦੇ ਹੋਏ ਗਰਮ ਪੀਣ ਵਾਲੇ ਪਦਾਰਥ

ਕੇਤਲੀ ਵਿੱਚ ਕੱਪ ਵਿੱਚ ਪਾਈ ਦਾ ਰਹੀ ਗਰਮ ਚਾਹ

ਤਸਵੀਰ ਸਰੋਤ, Getty Images

ਇੰਟਰਨੈਸ਼ਨਲ ਜਨਰਲ ਆਫ ਕੈਂਸਰ ਵਿੱਚ ਪ੍ਰਕਾਸ਼ਿਤ ਹੋਈ ਔਕਸਫੋਰਡ ਯੂਨੀਵਰਸਿਟੀ ਦੀ ਇਹ ਖੋਜ 65 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਤਾਪਮਾਨ ਵਾਲੇ ਕਿਸੇ ਵੀ ਪੀਣ ਵਾਲੇ ਪਦਾਰਥ ਨੂੰ ਬਹੁਤ ਜ਼ਿਆਦਾ ਗਰਮ ਮੰਨਦੀ ਹੈ ਅਤੇ ਇਸ ਨੂੰ ਇੱਕ ਸੰਭਾਵਿਤ ਖਤਰਾ ਦੱਸਦੀ ਹੈ।

ਅੱਧਖੜ ਉਮਰ ਦੇ 9,77,282 ਆਦਮੀਆਂ ਤੇ ਔਰਤਾਂ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ਛੇ ਜਾਂ ਇਸ ਤੋਂ ਵੱਧ ਵਾਰ ਗਰਮ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਵੀ ਇਸ ਖਤਰੇ ਨੂੰ ਵਧਾਉਂਦਾ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹਾਲਾਂਕਿ ਦੁੱਧ ਪਾਉਣ ਨਾਲ ਪੀਣ ਵਾਲੇ ਪਦਾਰਥ ਥੋੜ੍ਹੇ ਠੰਡੇ ਹੋ ਸਕਦੇ ਹਨ ਪਰ ਫਿਰ ਵੀ ਦੁੱਧ ਵਾਲੀ ਚਾਹ ਜਾਂ ਕੌਫ਼ੀ ਬਹੁਤ ਜ਼ਿਆਦਾ ਗਰਮ ਹੋ ਸਕਦੀ ਹੈ।

ਕੇਤਲੀ ਦੇ ਪੂਰੀ ਤਰ੍ਹਾਂ ਉਬਲਣ ਤੋਂ ਤੁਰੰਤ ਬਾਅਦ ਬਣਾਈ ਗਈ ਚਾਹ ਦਾ ਤਾਪਮਾਨ ਉਬਾਲ ਦਰਜੇ ਦੇ ਬਰਾਬਰ ਯਾਨੀ 100 ਡਿਗਰੀ ਸੈਲਸੀਅਸ ਦੇ ਨੇੜੇ ਹੁੰਦਾ ਹੈ। ਇੱਕ ਵਾਰ ਜਦੋਂ ਇਸ ਨੂੰ ਕੱਪ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਘਟ ਕੇ ਲਗਭਗ 90-95 ਡਿਗਰੀ ਸੈਲਸੀਅਸ ਰਹਿ ਜਾਂਦਾ ਹੈ।

ਸਲਾਹ ਦਿੱਤੀ ਜਾਂਦੀ ਹੈ ਕਿ ਗਰਮ ਡਰਿੰਕ ਪੀਣ ਤੋਂ ਪਹਿਲਾਂ ਕੁਝ ਮਿੰਟ ਉਡੀਕ ਕਰੋ ਤਾਂ ਜੋ ਪੀਣ ਵਾਲਾ ਪਦਾਰਥ ਇੱਕ ਸੁਰੱਖਿਅਤ ਤਾਪਮਾਨ ਤੱਕ ਠੰਡਾ ਹੋ ਜਾਵੇ। ਕੈਂਸਰ ਰਿਸਰਚ ਯੂ.ਕੇ. ਦਾ ਕਹਿਣਾ ਹੈ ਕਿ ਕਿਸੇ ਗਰਮ ਡਰਿੰਕ ਨੂੰ ਠੰਡਾ ਹੋਣ ਲਈ ਕਿੰਨਾ ਸਮਾਂ ਛੱਡਣਾ ਚਾਹੀਦਾ ਹੈ, ਇਸ ਦਾ ਕੋਈ ਸਹੀ ਸਮਾਂ ਤੈਅ ਕਰਨਾ ਮੁਸ਼ਕਲ ਹੈ।

ਫਿਓਨਾ ਓਸਗੁਨ ਦਾ ਬਿਆਨ

ਸੰਸਥਾ ਨੇ ਕਿਹਾ, “ਪਰ ਜੇਕਰ ਤੁਸੀਂ ਚਿੰਤਤ ਹੋ ਤਾਂ ਸਾਡੀ ਸਲਾਹ ਹੋਏਗੀ ਕਿ ਇਸ ਨੂੰ ਬਹੁਤ ਜ਼ਿਆਦਾ ਗਰਮ ਪੀਣ ਦੀ ਬਜਾਏ ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਇਹ ਪੀਣ ਲਈ ਅਰਾਮਦਾਇਕ ਨਾ ਹੋ ਜਾਵੇ।”

ਮੁੱਖ ਖੋਜਕਰਤਾ ਡਾ.ਕੇਰੇਨ ਪੇਪੀਅਰ ਨੇ ਕਿਹਾ ਕਿ ਦੱਖਣੀ ਅਮਰੀਕਾ ਜਿੱਥੇ ਬਹੁਤ ਸਾਰੇ ਲੋਕ ਮਾਤੇ ਨਾਮੀ ਇੱਕ ਬਹੁਤ ਗਰਮ ਹਰਬਲ ਤਰਲ ਪੀਂਦੇ ਹਨ, ਵਿੱਚ ਹੋਈ ਖੋਜ ਨੇ ਪਹਿਲਾਂ ਹੀ ਗਰਮ ਪੀਣ ਵਾਲੇ ਪਦਾਰਥਾਂ ਅਤੇ ਓਈਸੋਫੋਜੀਅਲ ਕੈਂਸਰ ਵਿਚਕਾਰ ਇੱਕ ਸਮਾਨ ਸਬੰਧ ਦਿਖਾਇਆ ਸੀ।

ਪਰ ਉਨ੍ਹਾਂ ਨੇ ਕਿਹਾ, “ਪੀਣ ਵਾਲੇ ਪਦਾਰਥਾਂ ਦੇ ਇਸ ਵਧੇ ਹੋਏ ਖਤਰੇ ਨਾਲ ਜੁੜੇ ਸਹੀ ਤਾਪਮਾਨ ਦੀ ਪਛਾਣ ਕਰਨ ਲਈ ਹੁਣ ਹੋਰ ਖੋਜ ਦੀ ਲੋੜ ਹੈ। “

ਵੱਖ ਵੱਖ ਬਲੈਕ ਕੌਫ਼ੀ ਦਾ ਕਈ ਵਾਰ ਸਵਾਦ ਚਖਣ ਵਾਲੇ 118 ਨੌਜਵਾਨਾਂ ‘ਤੇ ਕੀਤੇ ਗਏ ਇੱਕ ਵੱਖਰੇ ਅਧਿਐਨ ਵਿੱਚ ਪਾਇਆ ਗਿਆ ਕਿ ਬਹੁਤੇ ਲੋਕਾਂ ਨੇ ਇਨ੍ਹਾਂ ਪੀਣ ਵਾਲੇ ਪਦਾਰਥਾਂ ਨੂੰ ਸਿਰਫ਼ ਉੋਦੋਂ ਹੀ ਬਹੁਤ ਜ਼ਿਆਦਾ ਗਰਮ ਮੰਨਿਆ ਜਦੋਂ ਤਾਪਮਾਨ 70 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਸੀ।

ਟੇਕਅਵੇਅ ਕੌਫ਼ੀ ਦੇ ਕੱਪ ਬਣਾਉਣ ਵਾਲੇ ਇੱਕ ਮੈਨਿਉਫੈਕਚਰਰ ਮੁਤਾਬਕ ਰਸਤੇ ਵਿੱਚ ਚਲਦੇ ਫਿਰਦੇ ਗਰਮ ਕੌਫ਼ੀ ਪੀਣ ਲਈ ਸਭ ਤੋਂ ਵਧੀਆਂ ਤਾਪਮਾਨ 49-60 ਡਿਗਰੀ ਸੈਲਸੀਅਸ ਦੇ ਵਿਚਕਾਰ ਹੁੰਦਾ ਹੈ।

ਐਮਟੀਪੈਕ ਕੌਫ਼ੀ ਦਾ ਕਹਿਣਾ ਹੈ ਕਿ ਜੇਕਰ ਕੋਈ ਬਰਿਸਤਾ ਚਾਹੁੰਦਾ ਹੈ ਕਿ ਕੌਫੀ ਜ਼ਿਆਦਾ ਸਮੇਂ ਤੱਕ ਗਰਮ ਰਹੇ ਜਾਂ ਜੇ ਕੋਈ ਗਾਹਕ ਬਹੁਤ ਜ਼ਿਆਦਾ ਗਰਮ ਦੀ ਮੰਗ ਕਰਦਾ ਹੈ ਤਾਂ ਇਸ ਨੂੰ 82 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ‘ਤੇ ਵੀ ਪਰੋਸਿਆ ਜਾ ਸਕਦਾ ਹੈ।

ਕੁੱਲ ਮਿਲਾ ਕੇ ਘੱਟ ਖਤਰਾ

ਕੇਤਲੀ ਅਤੇ ਕੱਪ ਵਿਚੋਂ ਨਿਕਲ ਰਹੀ ਭਾਫ਼

ਤਸਵੀਰ ਸਰੋਤ, Getty Images

ਵਰਲਰਵਾਈਡ ਕੈਂਸਰ ਰਿਸਰਚ ਸੰਸਥਾ ਮੁਤਾਬਕ ਓਈਸੋਫੇਜੀਅਲ ਕੈਂਸਰ ਦੁਨੀਆਂ ਭਰ ਵਿੱਚ ਦਸਵਾਂ ਸਭ ਤੋਂ ਆਮ ਕੈਂਸਰ ਹੈ ਅਤੇ ਵਿਸ਼ਵ ਪੱਧਰ ‘ਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਸੱਤਵਾਂ ਸਭ ਤੋਂ ਆਮ ਕਾਰਨ ਹੈ।

ਓਈਸੋਫੇਜੀਅਲ ਕੈਂਸਰ ਦੇ ਸ਼ੁਰੂਆਤੀ ਲੱਛਣ ਬਹੁਤ ਹਲਕੇ ਅਤੇ ਪਛਾਣਨ ਵਿੱਚ ਮੁਸ਼ਕਲ ਹੋ ਸਕਦੇ ਹਨ ਜਿਸ ਦਾ ਮਤਲਬ ਹੈ ਕਿ ਇਸ ਦੀ ਪਛਾਣ ਆਖ਼ਰੀ ਸਟੇਜਾਂ ‘ਤੇ ਜਾ ਕੇ ਹੁੰਦੀ ਹੈ। ਇਹ ਲੱਛਣ ਹੋ ਸਕਦੇ ਹਨ-

  • ਨਿਗਲਣ ਵਿੱਚ ਮੁਸ਼ਕਲ ਹੋਣਾ
  • ਛਾਤੀ ਵਿੱਚ ਜਲਣ ਜਾਂ ਤੇਜ਼ਾਬ ਬਣਨਾ
  • ਜੀ ਕੱਚਾ ਹੋਣਾ
  • ਅਵਾਜ਼ ਭਾਰੀ ਹੋਣਾ
  • ਭੁੱਖ ਨਾ ਲੱਗਣਾ

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਬਹੁਤ ਜ਼ਿਆਦਾ ਗਰਮ ਪੀਣ ਵਾਲੇ ਪਦਾਰਥ ਪੀਣਾ ਬੰਦ ਕਰ ਦੇਣ ਤਾਂ 10 ਵਿੱਚੋਂ ਲਗਭਗ ਇੱਕ ਜਾਂ ਦੋ ਓਈਸੋਫੇਜੀਅਲ ਕੈਂਸਰ ਦੇ ਮਾਮਲਿਆਂ ਤੋਂ ਬਚਿਆ ਜਾ ਸਕਦਾ ਹੈ।

ਸਕਵਾਮਸ ਸੈੱਲ ਓਈਸੋਫੇਜੀਅਲ ਕੈਂਸਰ ਬਹੁਤ ਦਰਲੱਭ ਹੈ ਜੋ ਸਾਲ ਵਿੱਚ ਕੁਝ ਹਜ਼ਾਰ ਲੋਕਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ। ਯੂ.ਕੇ. ਵਿੱਚ ਲਗਭਗ ਇੱਕ ਫ਼ੀਸਦੀ ਅਬਾਦੀ ਨੂੰ ਆਪਣੀ ਪੂਰੀ ਜ਼ਿੰਦਗੀ ਦੌਰਾਨ ਇਸ ਕਿਸਮ ਦੇ ਕੈਂਸਰ ਦੀ ਪਛਾਣ ਹੋਣ ਦਾ ਖਤਰਾ ਰਹਿੰਦਾ ਹੈ।

ਇਸ ਲਈ ਭਾਵੇਂ ਬਹੁਤ ਗਰਮ ਪੀਣ ਵਾਲੇ ਪਦਾਰਥ ਖਤਰੇ ਨੂੰ ਵਧਾ ਸਕਦੇ ਹਨ ਫਿਰ ਵੀ ਉਨ੍ਹਾਂ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਹੋਰ ਵੀ ਕਈ ਕਾਰਕ ਹਨ ਜਿਵੇਂ ਕਿ ਸਿਗਰਟਨੋਸ਼ੀ, ਜੋ ਓਈਸੋਫੇਜੀਅਲ ਕੈਂਸਰ ਲਈ ਇੱਕ ਵੱਡਾ ਖਤਰਾ ਹਨ।

ਇਸ ਅਧਿਐਨ ਲਈ ਫੰਡ ਦੇਣ ਵਾਲੀ ਸੰਸਥਾ ਕੈਂਸਰ ਰਿਸਰਚ ਯੂ.ਕੇ. ਤੋਂ ਫਿਓਨਾ ਓਸਗੁਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ, ਇਸ ਕਿਸਮ ਦੇ ਕੈਂਸਰ ਦੇ ਖਤਰੇ ਨੂੰ ਘਟਾਉਣ ਦੇ ਸਭ ਤੋਂ ਮਹੱਤਵਪੂਰਨ ਤਰੀਕੇ ਸਿਗਰਟਨੋਸ਼ੀ ਨਾ ਕਰਨਾ ਅਤੇ ਸ਼ਰਾਬ ਦਾ ਸੇਵਨ ਨਾ ਕਰਨਾ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI