Home rss national punjabi2ਰਾਸ਼ਟਰੀ ਖ਼ਬਰਾਂ ਬੱਚਿਆਂ ਵਿੱਚ ਕੈਂਸਰ ਦੇ ਲੱਛਣ ਨਜ਼ਰਅੰਦਾਜ਼ ਨਾ ਹੋਣ, ਇਸ ਲਈ ਕਿਹੜੀਆਂ ਗੱਲਾਂ...

ਬੱਚਿਆਂ ਵਿੱਚ ਕੈਂਸਰ ਦੇ ਲੱਛਣ ਨਜ਼ਰਅੰਦਾਜ਼ ਨਾ ਹੋਣ, ਇਸ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

6
0

Source :- BBC PUNJABI

ਅਮੇਲੀਆ

ਭਾਵੇਂ ਇਹ ਆਮ ਨਹੀਂ, ਪਰ ਫਿਰ ਵੀ ਯੂ.ਕੇ. ਵਿੱਚ ਕੈਂਸਰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਹੈ। ਇਸ ਦੇ ਬਾਵਜੂਦ ਇੱਕ ਤਿਹਾਈ ਤੋਂ ਵੀ ਘੱਟ ਮਾਪੇ ਲੱਛਣਾਂ ਦੀ ਪਛਾਣ ਕਰਨ ਵਿੱਚ ਆਤਮਵਿਸ਼ਵਾਸ ਮਹਿਸੂਸ ਕਰਦੇ ਹਨ।

ਕੈਂਸਰ ਰਿਸਰਚ ਯੂ.ਕੇ. ਮੁਤਾਬਕ 0-14 ਸਾਲ ਤੱਕ ਦੇ 1900 ਬੱਚਿਆਂ ਵਿੱਚ ਹਰ ਸਾਲ ਕੈਂਸਰ ਦੀ ਪਛਾਣ ਹੁੰਦੀ ਹੈ।

13 ਸਾਲਾ ਅਮੇਲੀਆ ਕੈਰੋਲ ਨੂੰ ਪਿਛਲੇ ਸਾਲ ਐਕਿਊਟ ਮਾਈਲੋਇਡ ਲਿਊਕੀਮੀਆ ਦੀ ਪਛਾਣ ਹੋਈ ਸੀ, ਹੁਣ ਉਸ ਦੀ ਬਿਮਾਰੀ ਕਾਬੂ ਵਿੱਚ ਹੈ।

ਉਸ ਦੀ ਮਾਂ ਗੇਮਾ ਯਾਦ ਕਰਦੀ ਹੈ ਕਿ ਕਿਵੇਂ ਉਸ ਦੇ ਸ਼ੁਰੂਆਤੀ ਲੱਛਣ ਅਸਾਨੀ ਨਾਲ ਨਜ਼ਰਅੰਦਾਜ਼ ਹੋਣ ਵਾਲੇ ਸਨ।

ਉਹ ਕਹਿੰਦੀ ਹੈ ਕਿ ਉਸ ਨੂੰ ਥਕਾਨ ਹੁੰਦੀ ਸੀ ਅਤੇ ਥੋੜ੍ਹੀ ਜਿਹੀ ਕਸਰਤ ਤੋਂ ਬਾਅਦ ਵੀ ਸਾਹ ਚੜ੍ਹ ਜਾਂਦਾ ਸੀ ਪਰ ਇਨ੍ਹਾਂ ਲੱਛਣਾਂ ਨੂੰ ਸਰੀਰਕ ਪੱਖੋਂ ਫਿੱਟ ਨਾ ਹੋਣਾ ਅਤੇ ਸਕੂਲ ਤੋਂ ਬਾਅਦ ਦੀ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ।

ਗੇਮਾ ਨੂੰ ਕੁਝ ਗਲਤ ਹੋਣ ਦਾ ਉਦੋਂ ਅਹਿਸਾਸ ਹੋਇਆ ਜਦੋਂ ਅਮੇਲੀਆ ਦੇ ਸਰੀਰ ‘ਤੇ ਨੀਲ ਪੈਣੇ ਸ਼ੁਰੂ ਹੋ ਗਏ। ਫਿਰ ਦਸ ਦਿਨਾਂ ਦੇ ਅੰਦਰ ਹੀ ਅਮੇਲੀਆ ਵਿੱਚ ਲਿਊਕੀਮੀਆ ਦੀ ਪਛਾਣ ਹੋ ਗਈ।

ਕਿਹੜੇ ਲੱਛਣਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?

ਜੇਕ

ਬੱਚਿਆਂ ਦੇ ਕੈਂਸਰ ਦੇ ਮਾਹਿਰ ਪ੍ਰੋਫੈਸਰ ਬੌਬ ਫਿਲਿਪਸ ਦਾ ਕਹਿਣਾ ਹੈ ਕਿ ਮਾਪਿਆਂ ਲਈ ਇੱਕ ਤੋਂ ਵੱਧ ਲੱਛਣਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਜੋ ਲਗਾਤਾਰ ਮੌਜੂਦ ਰਹਿਣ ਜਾਂ ਹੋਰ ਵਿਗੜ ਜਾਣ।

ਜੇ ਇਹ ਲੱਛਣ ਦਿਸਣ ਤਾਂ ਡਾਕਟਰ ਨਾਲ ਸੰਪਰਕ ਕਰੋ

  • ਬਹੁਤ ਜ਼ਿਆਦਾ ਥਕਾਵਟ
  • ਰੰਗ ਪੀਲ਼ਾ ਪੈਣਾ
  • ਬੇਵਜ੍ਹਾ ਨੀਲ ਜਾਂ ਜ਼ਖ਼ਮ ਦੇ ਨਿਸ਼ਾਨ
  • ਗਿਲਟੀਆਂ ਜਾਂ ਸੋਜ ਜੋ ਅਕਾਰ ਵਿੱਚ ਵੱਡੀ ਹੋ ਰਹੀ ਹੋਵੇ ਜਾਂ ਠੀਕ ਨਾ ਹੋ ਰਹੀ ਹੋਵੇ

ਬੱਚਿਆਂ ਵਿੱਚ ਕੈਂਸਰ ਬਾਲਗਾਂ ਨਾਲ ਦੇ ਮੁਕਾਬਲੇ ਤੇਜ਼ੀ ਨਾਲ ਫੈਲਦਾ ਹੈ ਕਿਉਂਕਿ ਉਨ੍ਹਾਂ ਦਾ ਸਰੀਰਕ ਵਿਕਾਸ ਹੋ ਰਿਹਾ ਹੁੰਦਾ ਹੈ।

ਸੀਸੀਐਲਜੀ ਯਾਨੀ ਦ ਚਿਲਡਰਨ ਐਂਡ ਯੰਗ ਪੀਪਲਜ਼ ਕੈਂਸਰ ਐਸੋਸੀਏਸ਼ਨ ਦੇ ਪ੍ਰੋਫੈਸਰ ਫਿਲਿਪਸ ਜਿਹੇ ਮਾਹਿਰ ਲੋਕਾਂ ਨੂੰ ਇੱਕ ਰਾਸ਼ਟਰੀ ਮੁਹਿੰਮ ਨਾਲ ਜੁੜਨ ਦੀ ਅਪੀਲ ਕਰ ਰਹੇ ਹਨ ਜਿਸ ਦਾ ਮਕਸਦ ਜਾਗਰੂਕਤਾ ਵਧਾਉਣਾ ਅਤੇ ਕੈਂਸਰ ਦੀ ਪਛਾਣ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣਾ ਹੈ।

ਇਸ ਵਿੱਚ ਮੈਡੀਕਲ ਪੇਸ਼ੇਵਰਾਂ ਲਈ ਤਿੰਨ ਦਾ ਨਿਯਮ ਸ਼ਾਮਲ ਹੈ। ਜੇਕਰ ਕਿਸੇ ਬੱਚੇ ਵਿੱਚ ਲਗਾਤਾਰ ਤਿੰਨ ਲੱਛਣ ਦਿਖਾਏ ਦੇਣ, ਜਾਂ ਉਸ ਨੇ ਤਿੰਨ ਵਾਰ ਡਾਕਟਰ ਕੋਲੋਂ ਚੈੱਕ ਕਰਵਾਇਆ ਜਾਂ ਉਸ ਵਿੱਚ ਤਿੰਨ ਹਫਤਿਆਂ ਤੋਂ ਅਣਪਛਾਤੇ ਲੱਛਣ ਦਿਸਣ ਤਾਂ ਉਸ ਨੂੰ ਮਾਹਿਰ ਕੋਲ ਭੇਜਣ ਬਾਰੇ ਵਿਚਾਰ ਕਰੋ।

ਹਾਲਾਂਕਿ ਇਹ ਵੀ ਨੋਟ ਕਰਨਾ ਜ਼ਰੂਰੀ ਹੈ ਕਿ 1970 ਵਿਆਂ ਤੋਂ ਬਚਾਉਣ ਦੀ ਦਰ ਵਿੱਚ ਵਾਧਾ ਹੋਇਆ ਹੈ ਜਿੱਥੇ ਦਸ ਵਿੱਚੋਂ ਅੱਠ ਬੱਚਿਆਂ ਵਿੱਚ ਕੈਂਸਰ ਦੀ ਪਛਾਣ ਹੋਣ ਬਾਅਦ ਪੰਜ ਤੋਂ ਦਸ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਜਿਉਂਦੇ ਰਹਿੰਦੇ ਹਨ।

ਅਮੇਲੀਆ ਵਿੱਚ ਕੈਂਸਰ ਦੀ ਪਛਾਣ ਕਿਵੇਂ ਹੋਈ ?

ਅਮੇਲੀਆ ਦੀਆਂ ਲੱਤਾਂ 'ਤੇ ਲਾਲ ਨਿਸ਼ਾਨ

ਗੇਮਾ ਕਹਿੰਦੀ ਹੈ ਕਿ ਅਮੇਲੀਆ ਲਈ ਉਸ ਦੇ ਕੈਂਸਰ ਸਫਰ ਦੀ ਸ਼ੁਰੂਆਤ ਇੱਕ ਲਾਲ ਜ਼ਖ਼ਮ ਜਿਹੇ ਨਿਸ਼ਾਨ ਤੋਂ ਹੋਈ ਸੀ।

ਤਿੰਨ ਦਿਨ ਬਾਅਦ ਉਸ ਦੀਆਂ ਦੋਹਾਂ ਲੱਤਾਂ ਦੀਆਂ ਪਿੰਜਣੀਆਂ ‘ਤੇ ਨਿਸ਼ਾਨ ਸਨ ਜੋ ਦੁਖਦੇ ਸਨ ਅਤੇ ਉੱਭਰੇ ਹੋਏ ਸਨ।

ਉਹ ਕਹਿੰਦੀ ਹੈ, ” ਅਸੀਂ ਰੂਟੀਨ ਚੈੱਕਅਪ ਲਈ ਅੱਖਾਂ ਦੇ ਡਾਕਟਰ ਕੋਲ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਦੀਆਂ ਅੱਖਾਂ ਵਿਚ ਕੁਝ ਖੂਨ ਦੀਆਂ ਨਾੜੀਆਂ ਫਟੀਆਂ ਹੋਈਆਂ ਸੀ ਪਰ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਅਜਿਹਾ ਕਿਉਂ ਸੀ।”

ਦਸ ਦਿਨਾਂ ਦੇ ਅੰਦਰ ਡਾਕਟਰਾਂ ਨੇ ਪੁਸ਼ਟੀ ਕਰ ਦਿੱਤੀ ਸੀ ਕਿ ਅਮੇਲੀਆ ਨੂੰ ਕਿਸ ਤਰ੍ਹਾਂ ਦਾ ਲਿਉਕੇਮੀਆ ਸੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ ਸੀ।

“ਜਿਸ ਦਿਨ ਉਨ੍ਹਾਂ ਨੇ ਬਿਮਾਰੀ ਦੀ ਪੁਸ਼ਟੀ ਕੀਤੀ ਮੈਂ ਉਸ ਨੂੰ ਆਪਣੇ ਕੋਲ ਬਿਠਾਇਆ। ਉਸ ਨੇ ਮੈਨੂੰ ਪੁੱਛਿਆ, ‘ਕੀ ਮੈਨੂੰ ਕੈਂਸਰ ਹੈ?’ ਅਤੇ ਮੈਂ ਹਾਮੀ ਭਰੀ ਤਾਂ ਉਸ ਨੇ ਪੁੱਛਿਆ ਕਿ ਕੀ ਉਹ ਮਰ ਜਾਵੇਗੀ।”

ਗੇਮਾ ਨੇ ਦੱਸਿਆ, “ਮੈਂ ਕਿਹਾ ਨਹੀਂ। ਉਹ ਸਭ ਕੁਝ ਕਰਨਗੇ ਜੋ ਕੀਤਾ ਜਾ ਸਕਦਾ ਹੈ। ਉਨ੍ਹਾਂ ਕੋਲ ਯੋਜਨਾ ਹੈ ਅਤੇ ਇਲਾਜ ਨਾਲ ਹਰ ਉਹ ਕੋਸ਼ਿਸ਼ ਹੋਏਗੀ ਜਿਸ ਨਾਲ ਕੈਂਸਰ ਨੂੰ ਹਰਾਇਆ ਜਾ ਸਕੇ।”

ਅਮੇਲੀਆ ਦਾ ਕੈਂਸਰ ਹੁਣ ਕਾਬੂ ਵਿਚ ਹੈ। ਹਰ ਤਿੰਨ ਮਹੀਨੇ ਬਾਅਦ ਉਸ ਦਾ ਰੈਗੁਲਰ ਬੋਨ ਮੈਰੋ ਅਤੇ ਖੂਨ ਦੇ ਟੈਸਟ ਹੁੰਦੇ ਹਨ। ਉਹ ਦੁਬਾਰਾ ਸਕੂਲ ਜਾਣ ਲੱਗ ਪਈ ਹੈ।

ਪ੍ਰੋਫੈਸਰ ਫਿਲਿਪ ਕਹਿੰਦੇ ਹਨ ਕਿ ਯੂ.ਕੇ. ਵਿੱਚ ਬਚਪਨ ਦੇ ਕੈਂਸਰ ਦਾ ਸਰਵਾਈਵਲ ਰੇਟ 80 ਫ਼ੀਸਦੀ ਤੋਂ ਜ਼ਿਆਦਾ ਹੈ ਪਰ ਜੇ ਇਸ ਦੀ ਪਛਾਣ ਹੋਰ ਤੇਜ਼ੀ ਨਾਲ ਹੋ ਜਾਵੇ ਤਾਂ ਇਲਾਜ ਘੱਟ ਤਕਲੀਫ ਵਾਲਾ ਹੋਵੇਗਾ।

ਉਹ ਕਹਿੰਦੇ ਹਨ ਕਿ ਯੂ.ਕੇ. ਵਿੱਚ ਕੈਂਸਰ ਵਾਲੇ ਬੱਚਿਆਂ ਵਿੱਚੋਂ ਲਗਭਗ ਅੱਧਿਆਂ ਵਿੱਚ ਕੈਂਸਰ ਦੀ ਪਛਾਣ ਦੋ ਹਫਤਿਆਂ ਦੇ ਅੰਦਰ ਹੋ ਜਾਂਦੀ ਹੈ।

ਉਹ ਕਹਿੰਦੇ ਹਨ, “ਇਹ ਕਾਫ਼ੀ ਤੇਜ਼ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਬਾਕੀ ਅੱਧਿਆਂ ਨੂੰ ਨਿਦਾਨ ਲਈ ਪਹਿਲਾ ਲੱਛਣ ਦਿਸਣ ਤੋਂ 16,18,20,25 ਹਫਤਿਆਂ ਦਾ ਇੰਤਜ਼ਾਰ ਨਾ ਕਰਨਾ ਪਵੇ।”

ਬ੍ਰਿਟਿਸ਼ ਮੈਡੀਕਲ ਜਰਨਲ ਦੇ ਮੁਤਾਬਕ, ਕੈਂਸਰ ਰਿਸਰਚ ਯੂ.ਕੇ. ਦੇ ਅੰਕੜੇ ਦਰਸਾਉਂਦੇ ਹਨ ਕਿ ਯੂ.ਕੇ. ਵਿਚ ਹਰ ਸਾਲ ਕੈਂਸਰ ਦੇ ਚਾਰ ਲੱਖ ਤੋਂ ਵੱਧ ਨਵੇਂ ਮਾਮਲਿਆਂ ਦੀ ਪਛਾਣ ਹੁੰਦੀ ਹੈ ਜਿਨ੍ਹਾਂ ਵਿੱਚੋਂ ਸਿਰਫ਼ 54 ਫ਼ੀਸਦੀ ਮਰੀਜ਼ਾਂ ਨੂੰ ਹੀ ਐਨਐਚਐਸ ਦੇ 28 ਦਿਨਾਂ ਦੇ ਨਿਰਧਾਰਤ ਸਮੇਂ ਅੰਦਰ ਬਿਮਾਰੀ ਬਾਰੇ ਦੱਸਿਆ ਜਾਂਦਾ ਹੈ।

ਇਸ ਤੋਂ ਇਲਾਵਾ ਹਰ ਸਾਲ 15-24 ਸਾਲ ਦੀ ਉਮਰ ਦੇ ਤਕਰੀਬਨ 2300 ਹੋਰ ਕਿਸ਼ੋਰਾਂ ਅਤੇ ਨੌਜਵਾਨਾਂ ਵਿੱਚ ਕੈਂਸਰ ਦੀ ਪਛਾਣ ਹੁੰਦੀ ਹੈ।

‘ਜਾਗਰੂਕਤਾ ਵਧਾਉਣਾ ਹੀ ਉਸ ਦੀ ਵਿਰਾਸਤ ਹੈ’

ਬਿਸਤਰ 'ਤੇ ਲੇਟਿਆ ਜੇਕ

ਲਿਨਸੇ ਸਵਿਨਸਕੋ, ਜੇਕ ਦੀ ਮਾਂ ਹੈ ਜੋ 13 ਦੀ ਉਮਰ ਵਿੱਚ ਸੌਫਟ ਟਿਸ਼ੂ ਕੈਂਸਰ ਕਾਰਨ ਜਾਨ ਗਵਾ ਬੈਠਾ ਸੀ।

ਜੁਲਾਈ 2023 ਵਿੱਚ ਜੇਕ ਨੂੰ ਸਟੇਜ ਤਿੰਨ ਫਿਊਜ਼ਨ ਪੋਜ਼ੀਟਿਵ ਐਲਵੀਓਲਰ ਰੈਬਡੋਮਾਇਓਸਾਰਕੋਮਾ ਕੈਂਸਰ ਦੀ ਪਛਾਣ ਹੋਈ ਸੀ।

ਕੈਂਸਰ ਦੇ ਨਿਦਾਨ ਤੋਂ ਪਹਿਲਾਂ, ਜੇਕ ਦੇ ਸ਼ੁਰੂਆਤੀ ਲੱਛਣ ਜਿਵੇਂ ਕਿ ਨੱਕ ਬੰਦ ਹੋਣਾ ਅਤੇ ਅੱਖਾਂ ਵਿੱਚੋਂ ਪਾਣੀ ਆਉਣ ਨੂੰ ਐਲਰਜੀ ਮੰਨ ਲਿਆ ਗਿਆ ਸੀ ਅਤੇ ਸਕੂਲ ਤੋਂ ਬਾਅਦ ਉਸ ਦੇ ਸੌਣ ਨੂੰ ਥਕਾਵਟ ਸਮਝਿਆ ਗਿਆ।

ਲਿਨਸੇ ਕਹਿੰਦੀ ਹੈ, ” ਜਦੋਂ ਉਸ ਦੇ ਨੱਕ ਦੇ ਉਤਲੇ ਹਿੱਸੇ ‘ਤੇ ਸੋਜ ਆਉਣੀ ਸ਼ੁਰੂ ਹੋਈ ਤਾਂ ਅਸੀਂ ਉਸ ਨੂੰ ਡਾਕਟਰ ਕੋਲ ਲਿਜਾਣ ਬਾਰੇ ਸੋਚਿਆ।”

ਜੇਕ ਦੇ ਨੱਕ ਅਤੇ ਨਾਸਾਂ ਦੀ ਖੋੜ ਅੰਦਰ ਇੱਕ ਰਸੌਲੀ ਪਾਈ ਗਈ ਜਿਸ ਵਿਛ ਸੌਫਟ ਟਿਸ਼ੂ ਸਾਰਕੋਮਾ ਦੀ ਪਛਾਣ ਹੋਈ। ਉਸ ਨੇ ਕੀਮੋਥੈਰੇਪੀ ਦੇ ਨੌਂ ਰਾਊਂਡ ਅਤੇ ਪ੍ਰੋਟੋਨ ਬੀਮ ਰੇਡੀਏਸ਼ਨ ਦਾ ਇਲਾਜ ਪੂਰਾ ਕੀਤਾ।

ਕੀਮੋਥੈਰੇਪੀ ਦੌਰਾਨ ਦੌਰੇ ਪੈਣ ਅਤੇ ਤਬੀਅਤ ਬਹੁਤ ਖ਼ਰਾਬ ਹੋਣ ਬਾਅਦ ਜੇਕ ਨੇ ਇਲਾਜ ਜਾਰੀ ਨਾ ਰੱਖਣ ਦਾ ਫ਼ੈਸਲਾ ਕੀਤਾ।

ਆਪਣੇ 14ਵੇਂ ਜਨਮਦਿਨ ਤੋਂ ਮਹਿਜ਼ ਦੋ ਹਫਤੇ ਪਹਿਲਾਂ, 26 ਅਪ੍ਰੈਲ 2024 ਨੂੰ ਆਪਣੇ ਘਰ ਅੰਦਰ ਹੀ ਜੇਕ ਨੇ ਆਖ਼ਰੀ ਸਾਹ ਲਏ।

ਜੇਕ ਦੀ ਮਾਂ ਨੇ ਦੱਸਿਆ, “ਜੇਕ ਨੂੰ ਮਰਨ ਤੋਂ ਡਰ ਨਹੀਂ ਲਗਦਾ ਸੀ। ਮੌਤ ਬਾਰੇ ਅਤੇ ਮਰਨ ਵੇਲੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਇਸ ਬਾਰੇ ਸਾਡੀਆਂ ਕਈ ਗੱਲਾਂ ਹੋਈਆਂ। ਉਸ ਨੂੰ ਸਿਰਫ਼ ਇੱਕੋ ਗੱਲ ਦਾ ਡਰ ਸੀ ਕੀ ਸਾਰੇ ਲੋਕ ਮੈਨੂੰ ਯਾਦ ਰੱਖਣਗੇ ? ਕੀ ਹਰ ਕੋਈ ਭੁੱਲ ਜਾਵੇਗਾ ਕਿ ਮੈਂ ਕੌਣ ਹਾਂ ?”

“ਇਹੀ ਕਾਰਨ ਹੈ ਕਿ ਮੈਂ ਇਹ ਸਭ ਕਰ ਰਹੀ ਹਾਂ ਤਾਂ ਜੋ ਯਕੀਨੀ ਬਣਾ ਸਾ ਕਿ ਲੋਕ ਜਾਣਨ ਕਿ ਜੇਕ ਕੌਣ ਸੀ ਅਤੇ ਉਹ ਕਿੰਨਾ ਮਹਾਨ ਸੀ। ਇਸ ਦੇ ਨਾਲ ਹੀ ਜਾਗਰੂਕਤਾ ਵਧਾਉਣ ਦਾ ਕੰਮ ਜੋ ਮੈਨੂੰ ਲਗਦਾ ਹੈ ਕਿ ਉਸ ਦੀ ਅਸਲ ਵਿਰਾਸਤ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI