Source :- BBC PUNJABI

ਨਰਿੰਦਰ ਮੋਦੀ ਅਤੇ ਸ਼ਹਿਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਇੰਨਾ ਵੱਧ ਗਿਆ ਕਿ ਇਹ ਫੌਜੀ ਟਕਰਾਅ ਵਿੱਚ ਬਦਲ ਗਿਆ।

ਦੋਵਾਂ ਦੇਸ਼ਾਂ ਵਿਚਕਾਰ ਫ਼ੌਜੀ ਟਕਰਾਅ 10 ਮਈ ਦੀ ਸ਼ਾਮ ਨੂੰ ਜੰਗਬੰਦੀ ਦੇ ਐਲਾਨ ਨਾਲ ਖ਼ਤਮ ਹੋ ਗਿਆ।

ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਦੌਰਾਨ ਅਤੇ ਜੰਗਬੰਦੀ ‘ਤੇ ਸਹਿਮਤੀ ਬਣਨ ਤੋਂ ਬਾਅਦ, ਬਹੁਤ ਸਾਰੇ ਸਵਾਲ ਖੜ੍ਹੇ ਹੋਏ ਜਿਨ੍ਹਾਂ ‘ਤੇ ਵਿਆਪਕ ਤੌਰ ‘ਤੇ ਚਰਚਾ ਹੋਈ।

ਇਸ ਵਿੱਚ ਸਭ ਤੋਂ ਵੱਧ ਚਰਚਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਹੋਈ ਕਿਉਂਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਝੌਤੇ ਦਾ ਐਲਾਨ ਕਰਨ ਵਾਲੇ ਪਹਿਲੇ ਵਿਅਕਤੀ ਸਨ। ਦੋਵਾਂ ਦੇਸ਼ਾਂ ਦੇ ਪਰਮਾਣੂ ਹਥਿਆਰਾਂ ਨਾਲ ਲੈਸ ਹੋਣ ਬਾਰੇ ਵੀ ਚਰਚਾ ਹੋਈ।

ਕਿਹੋ ਜਿਹੇ ਹਨ ਹਾਲਾਤ?

ਪਹਿਲਗਾਮ ਹਮਲਾ

ਤਸਵੀਰ ਸਰੋਤ, Getty Images

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ, ਕੇਂਦਰ ਸਰਕਾਰ ਦੇ ਉਸ ਦਾਅਵੇ ‘ਤੇ ਸਵਾਲ ਉਠਾਏ ਗਏ ਸਨ ਜਿਸ ਵਿੱਚ ਸਰਕਾਰ ਨੇ ਕਿਹਾ ਸੀ, “ਜੰਮੂ-ਕਸ਼ਮੀਰ ਵਿੱਚ ਸਥਿਤੀ ਆਮ ਹੋ ਗਈ ਹੈ।”

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਕਿਹਾ ਸੀ, “ਜੰਮੂ-ਕਸ਼ਮੀਰ ਵਿੱਚ ਸਥਿਤੀ ਆਮ ਹੋਣ ਦੇ ਖੋਖਲੇ ਦਾਅਵੇ ਕਰਨ ਦੀ ਬਜਾਏ, ਸਰਕਾਰ ਨੂੰ ਹੁਣ ਜਵਾਬਦੇਹੀ ਲੈਣੀ ਚਾਹੀਦੀ ਹੈ ਅਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ।”

ਸੁਰੱਖਿਆ ਬਾਰੇ ਉਠਾਏ ਗਏ ਸਵਾਲ ‘ਤੇ ਕੌਮਾਂਤਰੀ ਮਾਮਲਿਆਂ ਦੇ ਮਾਹਰ ਅਤੇ ਇੰਸਟੀਚਿਊਟ ਆਫ਼ ਕਨਫ਼ਲਿਕਟ ਮੈਨੇਜਮੈਂਟ ਦੇ ਡਾਇਰੈਕਟਰ ਅਜੇ ਸਾਹਨੀ ਨੇ ਕਿਹਾ, “ਕਸ਼ਮੀਰ ਦੀ ਅੰਦਰੂਨੀ ਸਥਿਤੀ ਪਹਿਲਾਂ ਤੋਂ ਹੀ ਬਹੁਤ ਬਿਹਤਰ ਹੋ ਚੁੱਕੇ ਸੀ, ਪਰ ਤੁਸੀਂ ਇਸ ਇੱਕ ਘਟਨਾ ਤੋਂ ਕਸ਼ਮੀਰ ਦੀ ਅੰਦਰੂਨੀ ਸੁਰੱਖਿਆ ਦਾ ਅੰਦਾਜ਼ਾ ਨਹੀਂ ਲਗਾ ਸਕਦੇ।”

“ਅੱਜ ਲੋਕ ਭੁੱਲ ਗਏ ਹਨ ਕਿ ਕਸ਼ਮੀਰ ਵਿੱਚ 16 ਸਾਲਾਂ ਤੱਕ ਇੱਕ ਗੰਭੀਰ ਟਕਰਾਅ ਰਿਹਾ ਹੈ। ਸਾਲ 2001 ਵਿੱਚ, ਇੱਕ ਸਾਲ ਵਿੱਚ 4011 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ। ਪਿਛਲੇ ਸਾਲ 127 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਮਈ ਵਿੱਚ 50 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਨ੍ਹਾਂ ਵਿੱਚ ਸੁਰੱਖਿਆ ਕਰਮਚਾਰੀ, ਅੱਤਵਾਦੀ ਅਤੇ ਆਮ ਨਾਗਰਿਕ ਸ਼ਾਮਲ ਹਨ।”

“ਇਸ ਲਈ ਕਸ਼ਮੀਰ ਵਿੱਚ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੈ। ਮੁਲਾਂਕਣ ਵਿੱਚ ਗਲਤੀ ਇਹ ਹੈ ਕਿ ਸਰਕਾਰ ਕਹਿੰਦੀ ਹੈ ਕਿ ਉੱਥੇ ਸਥਿਤੀ ਆਮ ਵਰਗੀ ਹੈ ਅਤੇ ਦਹਿਸ਼ਤਗਰਦੀ ਜ਼ੀਰੋ ਹੈ। ਇਹ ਸੁਰੱਖਿਆ ਮੁਲਾਂਕਣ ਨਹੀਂ ਹੈ।”

“ਕਸ਼ਮੀਰ ਵਿੱਚ ਖ਼ਤਰਾ ਅੱਜ ਵੀ ਇਸ ਪੱਧਰ ਦਾ ਹੈ ਅਤੇ ਲੰਬੇ ਸਮੇਂ ਤੱਕ ਇਸੇ ਤਰ੍ਹਾਂ ਰਹੇਗਾ। ਇਹ ਉਦੋਂ ਤੱਕ ਇਸੇ ਤਰ੍ਹਾਂ ਰਹੇਗਾ ਜਦੋਂ ਤੱਕ ਪਾਕਿਸਤਾਨ ਆਪਣਾ ਪੂਰਾ ਇਰਾਦਾ ਨਹੀਂ ਛੱਡ ਦਿੰਦਾ ਕਿ ਉਸਦਾ ਕਸ਼ਮੀਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”

‘ਪਾਕਿਸਤਾਨ ਕੋਲ ਇੱਕ ਲੰਬੇ ਸਮੇਂ ਦੀ ਰਣਨੀਤੀ ਹੋਣੀ ਚਾਹੀਦੀ ਹੈ’

ਅਜੇ ਸਾਹਨੀ

ਅਜੇ ਸਾਹਨੀ ਕਹਿੰਦੇ ਹਨ ਕਿ ਪਾਕਿਸਤਾਨ ਲਈ ਇੱਕ ਲੰਬੇ ਸਮੇਂ ਦੀ ਰਣਨੀਤੀ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ, “ਸ਼ਿਮਲਾ ਸਮਝੌਤੇ ਤੋਂ ਬਾਅਦ, ਅਸੀਂ ਕਿਹਾ ਸੀ ਕਿ ਜੋ ਵੀ ਵਿਵਾਦ ਹੋਵੇਗਾ, ਉਹ ਦੁਵੱਲੇ ਢੰਗ ਨਾਲ ਹੱਲ ਕੀਤਾ ਜਾਵੇਗਾ। ਦਰਅਸਲ, ਸੱਚਾਈ ਇਹ ਹੈ ਕਿ ਅਮਰੀਕਾ ਇਸ ਟਕਰਾਅ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਲੰਬੇ ਸਮੇਂ ਤੋਂ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸਭ ਮਹਿਜ਼ ਕਹਿਣ ਵਾਲੀਆਂ ਗੱਲਾਂ ਨਹੀਂ ਹਨ।”

“ਕਿਸੇ ਵੀ ਓਵਰ ਰਿਸਪਾਂਸ ਯਾਨੀ ਖੁੱਲ੍ਹੇਆਮ ਜਵਾਬ ਦੀ ਕੋਈ ਲੋੜ ਨਹੀਂ ਹੈ, ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੇ ਸੌ ਤਰੀਕੇ ਹਨ। ਜਦੋਂ ਕੋਵਰਟ ਰਿਸਪਾਂਸ ਯਾਨੀ ਅਸਿੱਧੇ ਜਵਾਬ ਦੀ ਗੱਲ ਆਉਂਦੀ ਹੈ, ਤਾਂ ਇਸ ਵਿੱਚ ਇੱਕ-ਦੂਜੇ ਨਾਲ ਮੁਕਾਬਲਾ ਸ਼ਾਮਲ ਨਹੀਂ ਹੁੰਦਾ।”

“ਇਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਰਾਹੀਂ ਤੁਸੀਂ ਪਾਕਿਸਤਾਨ ਨੂੰ ਨੁਕਸਾਨ ਪਹੁੰਚਾ ਸਕਦੇ ਹੋ, ਇਸ ਵਿੱਚ ਕਈ ਤਰ੍ਹਾਂ ਦੀਆਂ ਕਾਰਵਾਈਆਂ ਹਨ। ਇਸ ਵਿੱਚ ਆਰਥਿਕ, ਸਾਈਬਰ, ਇਨਫ਼ਰਮੇਸ਼ਨ ਵਾਰ ਵਰਗੀਆਂ ਚੀਜ਼ਾਂ ਸ਼ਾਮਲ ਹਨ। ਪਾਕਿਸਤਾਨ ਲਈ ਇੱਕ ਲੰਬੇ ਸਮੇਂ ਦੀ ਰਣਨੀਤੀ ਹੋਣੀ ਚਾਹੀਦੀ ਹੈ।”

ਰਾਹੁਲ ਗਾਂਧੀ ਦਾ ਬਿਆਨ

ਦਰਅਸਲ, ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਕਦਮ ਚੁੱਕੇ ਸਨ। ਇਸ ਦੇ ਜਵਾਬ ਵਿੱਚ, ਪਾਕਿਸਤਾਨ ਨੇ ਸ਼ਿਮਲਾ ਸਮਝੌਤਾ ਸਮੇਤ ਭਾਰਤ ਨਾਲ ਸਾਰੇ ਦੁਵੱਲੇ ਸਮਝੌਤਿਆਂ ਅਤੇ ਹਰ ਤਰ੍ਹਾਂ ਦੇ ਵਪਾਰ ਨੂੰ ਮੁਅੱਤਲ ਕਰਨ ਦਾ ਐਲਾਨ ਵੀ ਕੀਤਾ।

1971 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗ ਤੋਂ ਬਾਅਦ, ਪੂਰਬੀ ਪਾਕਿਸਤਾਨ ਬੰਗਲਾਦੇਸ਼ ਦੇ ਰੂਪ ਵਿੱਚ ਇੱਕ ਆਜ਼ਾਦ ਦੇਸ਼ ਬਣ ਗਿਆ ਸੀ।

ਇਸ ਤੋਂ ਬਾਅਦ, ਸ਼ਿਮਲਾ ਸਮਝੌਤੇ ਦੇ ਤਹਿਤ, ਦੋਵੇਂ ਦੇਸ਼ ਦੁਵੱਲੀ ਗੱਲਬਾਤ ਰਾਹੀਂ ਆਪਸੀ ਮੁੱਦਿਆਂ ਨੂੰ ਹੱਲ ਕਰਨ ਲਈ ਸਹਿਮਤ ਹੋ ਗਏ ਸਨ।

ਕੀ ਦੁਨੀਆ ਵਿੱਚ ਕਸ਼ਮੀਰ ‘ਤੇ ਸਿਆਸਤ ਤੇਜ਼ ਹੋਵੇਗੀ?

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਅਜੇ ਸਾਹਨੀ ਨੇ ਬੀਬੀਸੀ ਨੂੰ ਦੱਸਿਆ, “ਕਿਸੇ ਨੇ ਲੰਬੇ ਸਮੇਂ ਤੋਂ ਸਾਡੀ ਮਦਦ ਨਹੀਂ ਕੀਤੀ, ਫਿਰ ਅਸੀਂ ਕਿਸੇ ਦਾ ਦਰਵਾਜ਼ਾ ਕਿਉਂ ਖੜਕਾਉਂਦੇ ਰਹਿੰਦੇ ਹਾਂ।”

“ਦੂਜੇ ਪਾਸੇ, ਅਸੀਂ ਇੱਥੇ ਸਿਰਫ਼ ਪੀੜਤ ਨਹੀਂ ਹਾਂ ਸਗੋਂ ਜੇਤੂ ਹਾਂ। ਅਸੀਂ ਅੱਤਵਾਦ ਨੂੰ ਖ਼ਤਮ ਕਰ ਦਿੱਤਾ ਹੈ, ਜਿੱਥੇ ਇੱਕ ਸਾਲ ਵਿੱਚ ਕਸ਼ਮੀਰ ਵਿੱਚ 4000 ਲੋਕ ਮਾਰੇ ਗਏ ਸਨ ਅਤੇ ਹੁਣ ਸਿਰਫ਼ 127 ਲੋਕ ਮਾਰੇ ਗਏ ਹਨ।”

“ਅੱਤਵਾਦ ਜਾਰੀ ਹੈ ਪਰ ਖ਼ਤਮ ਵੀ ਹੋ ਰਿਹਾ ਹੈ, ਇਹ ਸਾਡੀਆਂ ਆਪਣੀਆਂ ਯੋਗਤਾਵਾਂ ਅਤੇ ਸਾਡੇ ਆਪਣੇ ਕੰਮ ਕਾਰਨ ਖ਼ਤਮ ਹੋਇਆ ਹੈ।”

ਪਾਕਿਸਤਾਨ ਨਾਲ ਜੰਗਬੰਦੀ ਤੋਂ ਬਾਅਦ, ਭਾਰਤ ਨੇ ਇਸ ਪੂਰੀ ਘਟਨਾ ਵਿੱਚ ਟਰੰਪ ਦਾ ਨਾਮ ਨਹੀਂ ਲਿਆ। ਇਸ ਸਵਾਲ ‘ਤੇ, ਅਜੇ ਸਾਹਨੀ ਕਹਿੰਦੇ ਹਨ, “ਫਿਰ ਟਰੰਪ ਨੂੰ ਇਨਕਾਰ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਟਰੰਪ ਦੇ ਸਾਹਮਣੇ ਨਹੀਂ ਖੜ੍ਹੇ ਹੁੰਦੇ ਤਾਂ ਟਰੰਪ ਆਪਣੀ ਜਗ੍ਹਾ ਬਣਾ ਲੈਣਗੇ। ਜੇਕਰ ਤੁਸੀਂ ਟਰੰਪ ਨੂੰ ਜਗ੍ਹਾ ਦੇਵੋਗੇ, ਤਾਂ ਉਹ ਫ਼ੈਲ ਜਾਵੇਗਾ।”

ਦਰਅਸਲ, ਡੌਨਲਡ ਟਰੰਪ ਨੇ ਸ਼ਨੀਵਾਰ ਸ਼ਾਮ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਜੰਗਬੰਦੀ’ ਦਾ ਐਲਾਨ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕਾ ਨੇ ਗੱਲਬਾਤ ਵਿੱਚ ਵਿਚੋਲਗੀ ਕੀਤੀ।

ਇਸ ਤੋਂ ਥੋੜ੍ਹੀ ਦੇਰ ਬਾਅਦ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ‘ਜੰਗਬੰਦੀ’ ਦੀ ਪੁਸ਼ਟੀ ਕੀਤੀ।

ਪਰ ਭਾਰਤ ਨੇ ਅਜੇ ਤੱਕ ਅਮਰੀਕਾ ਦਾ ਜ਼ਿਕਰ ਨਹੀਂ ਕੀਤਾ ਹੈ। ਟਰੰਪ ਦੇ ਬਿਆਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਪੁਸ਼ਟੀ ਤੋਂ ਬਾਅਦ, ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਕ ਮੀਡੀਆ ਬ੍ਰੀਫਿੰਗ ਕੀਤੀ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਨੂੰ ਰੋਕਣ ਲਈ ਹੋਏ ਸਮਝੌਤੇ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ-

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਡੀਜੀਐਮਓ ਵੱਲੋਂ ਭਾਰਤੀ ਡੀਜੀਐਮਓ ਨੂੰ ਫ਼ੋਨ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਇਹੀ ਗੱਲ ਦੁਹਰਾਈ।

ਅਗਲੇ ਦਿਨ ਫਿਰ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 11 ਮਈ ਨੂੰ ਟਰੂਥ ਸੋਸ਼ਲ ‘ਤੇ ਲਿਖਿਆ, “ਮੈਂ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਇਨ੍ਹਾਂ ਦੋ ਮਹਾਨ ਦੇਸ਼ਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ, ਜੋ ਕਿ ਇੱਕ ਹਜ਼ਾਰ ਸਾਲਾਂ ਤੋਂ ਵਿਵਾਦ ਦਾ ਵਿਸ਼ਾ ਹੈ, ਤਾਂ ਜੋ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਕਾਇਮ ਰਹਿ ਸਕੇ, ਅਤੇ ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਵਪਾਰ ਵਧ ਸਕੇ!”

ਟਰੰਪ ਨੇ ਆਪਣੇ ਬਿਆਨ ਵਿੱਚ ਕਸ਼ਮੀਰ ਮੁੱਦੇ ਦਾ ਜ਼ਿਕਰ ਕੀਤਾ, ਪਰ ਭਾਰਤ ਕਹਿੰਦਾ ਰਿਹਾ ਹੈ ਕਿ ਉਹ ਕਸ਼ਮੀਰ ਮੁੱਦੇ ‘ਤੇ ਕਿਸੇ ਤੀਜੇ ਦੇਸ਼ ਦੀ ਵਿਚੋਲਗੀ ਸਵੀਕਾਰ ਨਹੀਂ ਕਰੇਗਾ।

ਕੀ ਇਸ ਪੂਰੀ ਘਟਨਾ ਤੋਂ ਬਾਅਦ ਹਾਲਾਤ ਬਦਲ ਜਾਣਗੇ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, ANI

ਇਸ ਸਵਾਲ ‘ਤੇ ਕਿ ਕੀ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੁਝ ਬਦਲੇਗਾ, ਅਜੇ ਸਾਹਨੀ ਕਹਿੰਦੇ ਹਨ, “ਮੇਰੇ ਮੁਤਾਬਕ ਕੁਝ ਵੀ ਨਹੀਂ ਬਦਲਣ ਵਾਲਾ ਹੈ। ਇੱਕ ਗੱਲ ਸਮਝੋ ਕਿ ਇਨਫ਼ਰਮੇਸ਼ਨ ਵਾਰ ਦਾ ਇੱਕ ਬਹੁਤ ਅਹਿਮ ਹਿੱਸਾ ਹੈ।”

“ਪਰ ਇੱਥੇ ਅਸੀਂ ਉਨ੍ਹਾਂ ਵਿਰੁੱਧ ਇਨਫ਼ਰਮੇਸ਼ਨ ਵਾਰ ਦੀ ਵਰਤੋਂ ਨਹੀਂ ਕਰ ਰਹੇ ਸੀ ਅਤੇ ਉਹ ਇਸਨੂੰ ਸਾਡੇ ਵਿਰੁੱਧ ਨਹੀਂ ਵਰਤ ਰਹੇ ਸਨ। ਦੋਵੇਂ ਅੰਦਰੂਨੀ ਲੋਕਾਂ ‘ਤੇ ਕੇਂਦ੍ਰਿਤ ਸਨ।”

ਪਰਮਾਣੂ ਜੰਗ ਦੀ ਚਰਚਾ ਬਾਰੇ, ਉਹ ਕਹਿੰਦੇ ਹਨ, “ਪਰਮਾਣੂ ਜੰਗ ਇਸ ਤਰ੍ਹਾਂ ਸ਼ੁਰੂ ਨਹੀਂ ਹੁੰਦੀ। ਜੇਕਰ ਪਰਮਾਣੂ ਜੰਗ ਦਾ ਥੋੜ੍ਹਾ ਜਿਹਾ ਵੀ ਖ਼ਤਰਾ ਹੁੰਦਾ ਤਾਂ ਦਿੱਲੀ ਦੇ ਹਰ ਦੂਤਾਵਾਸ ਨੂੰ ਖਾਲੀ ਕਰ ਦਿੱਤਾ ਜਾਂਦਾ।”

“ਤੁਹਾਨੂੰ ਆਪ੍ਰੇਸ਼ਨ ਪਰਾਕ੍ਰਮ ਦਾ ਉਹ ਸਮਾਂ ਯਾਦ ਹੋਵੇਗਾ ਜਦੋਂ ਇੱਕ ਵੀ ਗੋਲੀ ਨਹੀਂ ਚਲਾਈ ਗਈ ਸੀ ਅਤੇ ਦੂਤਾਵਾਸ ਖਾਲੀ ਕਰ ਦਿੱਤੇ ਗਏ ਸਨ।”

ਉਨ੍ਹਾਂ ਕਿਹਾ, “ਪਾਕਿਸਤਾਨ ਵੱਲੋਂ ਪਰਮਾਣੂ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਟਰੰਪ ਨੇ ਵੀ ਇਸਦੀ ਵਰਤੋਂ ਕੀਤੀ ਹੈ। ਪਰਮਾਣੂ ਰੋਕਥਾਮ ਦਾ ਅਰਥ ਹੈ ਆਪਸੀ ਤੌਰ ‘ਤੇ ਯਕੀਨੀ ਤਬਾਹੀ, ਇਹ ਇੱਕ ਸਾਧਨ ਜਾਂ ਹਥਿਆਰ ਹੈ ਜਿਸਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਕਿਉਂਕਿ ਇਹ ਸਭ ਕੁਝ ਤਬਾਹ ਕਰ ਦੇਵੇਗਾ, ਨਾ ਸਿਰਫ਼ ਇਨ੍ਹਾਂ ਦੇਸ਼ਾਂ ਵਿੱਚ, ਸਗੋਂ ਇਨ੍ਹਾਂ ਦੇਸ਼ਾਂ ਦੇ ਆਲੇ-ਦੁਆਲੇ ਅਤੇ ਸ਼ਾਇਦ ਦੁਨੀਆ ਵਿੱਚ।”

ਇਸ ਦੌਰਾਨ, ਸੋਮਵਾਰ ਰਾਤ 8 ਵਜੇ ਦੇਸ਼ ਦੇ ਨਾਮ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਭਾਰਤ ਕਿਸੇ ਵੀ ਪਰਪਮਾਣੂ ਬਲੈਕਮੇਲ ਨੂੰ ਬਰਦਾਸ਼ਤ ਨਹੀਂ ਕਰੇਗਾ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI