Source :- BBC PUNJABI

ਤਸਵੀਰ ਸਰੋਤ, Getty Images
ਭਾਰਤ ਸਰਕਾਰ ਵੱਲੋਂ ਪਾਕਿਸਤਾਨ ਵਿੱਚ ਕੀਤੇ ਗਏ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ।
ਲੰਘੇ ਵੀਰਵਾਰ ਦੀ ਰਾਤ ਪੰਜਾਬ ਦੇ ਲੋਕਾਂ ਲਈ ਸਹਿਮ ਭਰੀ ਰਾਤ ਸੀ।
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਜਲੰਧਰ ਵਿੱਚ ਲੋਕਾਂ ਨੇ ਬੀਤੀ ਰਾਤ ਤੇਜ਼ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ। ਜਿਸਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ ਸਮੇਤ ਚੰਡੀਗੜ੍ਹ ਵਿੱਚ ਬਿਜਲੀ ਸਪਲਾਈ ਠੱਪ ਕਰ ਦਿੱਤੀ ਗਈ।
ਰਾਤ 9 ਵਜੇ ਤੋਂ ਤਕਰੀਬਨ 12 ਵਜੇ ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਸ਼ਹਿਰਾਂ ਤੇ ਜਿਲ੍ਹਿਆਂ ਵਿੱਚ ਪੂਰੀ ਤਰ੍ਹਾਂ ‘ਬਲੈਕ ਆਊਟ’ ਕਰ ਦਿੱਤਾ ਗਿਆ ਸੀ। ਸਾਰੇ ਸ਼ਹਿਰਾਂ ਵਿੱਚ ‘ਬਲੈਕ ਆਊਟ’ ਦੀ ਮਿਆਦ ਵੱਖ-ਵੱਖ ਰਹੀ।
ਪੂਰੀ ਰਾਤ ਰਹੇ ਬਲੈਕ ਆਊਟ ਤੋਂ ਬਾਅਦ ਪੰਜਾਬ ਦੇ ਕਈ ਸਰਹੱਦੀ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ 6 ਵਜੇ ਬਿਜਲੀ ਸਪਲਾਈ ਮੁੜ ਬਹਾਲ ਹੋ ਗਈ ਹੈ।
ਫਿਲਹਾਲ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਸ਼ੁੱਕਰਵਾਰ ਸਵੇਰ ਤੋਂ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਚੰਡੀਗੜ੍ਹ ‘ਚ ਸਵੇਰੇ-ਸਵੇਰੇ ਸੁਣਾਈ ਦਿੱਤੇ ਸਾਇਰਨ

ਤਸਵੀਰ ਸਰੋਤ, Getty Images
ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਡੀਸੀ ਵੱਲੋਂ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਡੀਸੀ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਚੇਤਾਵਨੀ ਏਅਰ ਫੋਰਸ ਸਟੇਸ਼ਨ ਤੋਂ ਜਾਰੀ ਕੀਤੀ ਗਈ ਸੀ।
ਸ਼ਹਿਰ ਵਿੱਚ ਸਾਇਰਨ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਆਪਣੇ ਘਰਾਂ ਦੀਆਂ ਖਿੜਕੀਆਂ ਤੋਂ ਦੂਰ ਰਹਿਣ ਲਈ ਵੀ ਕਿਹਾ ਗਿਆ ਹੈ।
ਚੰਡੀਗੜ੍ਹ ਵਾਸੀ ਜੋ ਸਵੇਰੇ ਕੰਮਾਂ ਕਾਰਾਂ ਉੱਤੇ ਜਾਣ ਲਈ ਤਿਆਰ ਹੋ ਰਹੇ ਸਨ, ਉਨ੍ਹਾਂ ਨੂੰ ਦਫਤਰਾਂ ਤੋਂ ਮੈਸਜ ਅਤੇ ਫੋਨ ਕਰਕੇ ਕੰਮ ਉੱਤੇ ਨਾ ਆਉਣ ਲਈ ਕਿਹਾ ਗਿਆ ਹੈ।
ਚੰਡੀਗੜ੍ਹ ਸਮੇਤ ਪੰਜਾਬ ਵਿੱਚ ਇਹ ਸਹਿਮ ਦਾ ਮਾਹੌਲ ਵੀਰਵਾਰ ਰਾਤ ਤੋਂ ਬਣਿਆ ਹੋਇਆ ਹੈ।
ਕੇਂਦਰ ਸਰਕਾਰ ਨੇ ਕੀ ਕਿਹਾ?

ਤਸਵੀਰ ਸਰੋਤ, Ministry of Defence, Government of India/X
ਕੇਂਦਰੀ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੇ ਅਨੁਸਾਰ, ਭਾਰਤ ਨੇ ਵੀਰਵਾਰ ਰਾਤ ਨੂੰ ਜੰਮੂ, ਪਠਾਨਕੋਟ, ਊਧਮਪੁਰ ਅਤੇ ਕੁਝ ਹੋਰ ਥਾਵਾਂ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਫੌਜੀ ਸਟੇਸ਼ਨਾਂ ‘ਤੇ ਹਮਲੇ ਦੀ ਪਾਕਿਸਤਾਨੀ ਫੌਜ ਦੀ ਕੋਸ਼ਿਸ਼ ਨੂੰ ਬੇਅਸਰ ਕਰ ਦਿੱਤਾ ਹੈ।
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ”ਜੰਮੂ ਅਤੇ ਕਸ਼ਮੀਰ ਵਿਚ ਕੋਮਾਂਤਰੀ ਸਰਹੱਦ ਦੇ ਨਾਲ ਪਾਕਿਸਤਾਨੀ ਮੂਲ ਦੇ ਡਰੋਨਾਂ ਅਤੇ ਮਿਜ਼ਾਈਲਾਂ ਰਾਹੀਂ ਜੰਮੂ, ਪਠਾਨਕੋਟ ਅਤੇ ਊਧਮਪੁਰ ਵਿਖੇ ਫੌਜੀ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ।”
ਪਠਾਨਕੋਟ,ਗੁਰਦਾਸਪੁਰ, ਜਲੰਧਰ ਵਿੱਚ ਜ਼ੋਰਦਾਰ ਧਮਾਕਿਆਂ ਦੀਆਂ ਅਵਾਜ਼ਾਂ
ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਦੇਰ ਰਾਤ ਤੱਕ ਲੋਕਾਂ ਨਾਲ ਗੱਲਬਾਤ ਕਰਦੇ ਰਹੇ।
ਉਨ੍ਹਾਂ ਮੁਤਾਬਕ, ਬੀਤੀ ਸਾਰੀ ਰਾਤ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ‘ਚ ਸਹਿਮ ਦਾ ਮਾਹੌਲ ਬਣਿਆ ਰਿਹਾ। ਹਾਲਾਂਕਿ ਗੁਰਦਾਸਪੁਰ ਜ਼ਿਲ੍ਹੇ ਦੇ ਡੀਸੀ ਦਲਵਿੰਦਰ ਜੀਤ ਸਿੰਘ ਵੱਲੋਂ ਪਹਿਲਾਂ ਹੀ ਪੂਰੇ ਜ਼ਿਲ੍ਹੇ ‘ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਬਲੈਕ ਆਊਟ ਦੇ ਆਦੇਸ਼ ਦਿੱਤੇ ਸਨ, ਜਿਸ ਨੂੰ ਦੇਖਦੇ ਹੋਏ ਕੱਲ੍ਹ ਸ਼ਾਮ 8 ਵਜੇ ਤੋਂ ਪਹਿਲਾਂ ਹੀ ਬਜ਼ਾਰ ਬੰਦ ਹੋ ਗਏ ਸਨ।
ਗੁਰਪ੍ਰੀਤ ਚਾਵਲਾ ਮੁਤਾਬਕ, ਕਰੀਬ 9 ਵਜੇ ਪਠਾਨਕੋਟ ਸ਼ਹਿਰ ਦੇ ਨਜ਼ਦੀਕ ਸਥਿਤ ਏਅਰ ਫੋਰਸ ਸਟੇਸ਼ਨ ‘ਤੇ ਕੁਝ ਧਮਾਕੇ ਹੋਣ ਦੀਆ ਅਵਾਜ਼ਾਂ ਲੋਕਾਂ ਨੂੰ ਸੁਣਾਈ ਦਿੱਤੀਆਂ।
ਲੋਕ ਸਮਝ ਨਹੀਂ ਪਾ ਰਹੇ ਸਨ ਕਿ ਕੀ ਹੋ ਰਿਹਾ ਹੈ

ਕੁਝ ਲੋਕਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਸ਼ਹਿਰ ਵਿੱਚ ਧਮਾਕੇ ਹੋਣ ਅਤੇ ਗੋਲੀ ਚੱਲਣ ਦੀਆ ਅਵਾਜ਼ਾਂ ਆਈਆਂ। ਜਿਸਤੋਂ ਬਾਅਦ ਪ੍ਰਸ਼ਾਸਨ ਵੱਲੋਂ ਤੇਜ਼ ਸਾਇਰਨ ਵਜਾਏ ਗਏ ਅਤੇ ਲੋਕਾਂ ਨੂੰ ਸੁਚੇਤ ਕੀਤਾ ਗਿਆ।
ਲੋਕਾਂ ਨੇ ਦੱਸਿਆ ਕਿ ਧਮਾਕਿਆਂ ਦੀਆਂ ਅਵਾਜ਼ਾਂ ਲਗਾਤਾਰ ਤੇਜ਼ ਹੋ ਰਹੀਆਂ ਸਨ, ਪਰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਹੋ ਕੀ ਰਿਹਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ‘ਚ ਇਹ ਸਿਲਸਿਲਾ 12:30 ਵੱਜੇ ਤੱਕ ਚੱਲਦਾ ਰਿਹਾ ।
ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਵੀ ਕਰੀਬ ਰਾਤ 10:15 ਵਜੇ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਤਿਬੜੀ ਆਰਮੀ ਸਟੇਸ਼ਨ ਉੱਤੇ ਵੀ ਧਮਾਕਿਆਂ ਅਤੇ ਫਾਇਰਿੰਗ ਦੀਆਂ ਅਵਾਜ਼ਾਂ ਲੋਕਾਂ ਨੇ ਮਹਿਸੂਸ ਕੀਤੀਆਂ।
ਹਾਲਾਂਕਿ ਗੁਰਦਾਸਪੁਰ ਦੇ ਗੁਆਂਢੀ ਜ਼ਿਲ੍ਹੇ ਪਠਾਨਕੋਟ ‘ਚ ਭਾਵੇਂ ਬਲੈਕ ਆਊਟ ਦੇ ਪਹਿਲਾਂ ਕੋਈ ਹੁਕਮ ਨਹੀਂ ਜਾਰੀ ਕੀਤੇ ਗਏ ਸਨ, ਪਰ ਉੱਥੇ ਵੀ ਸ਼ਾਮ ਨੂੰ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ।
ਸ਼ੁਕਰਵਾਰ ਸਵੇਰੇ ਲਗਭਗ 6 ਵਜੇ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਬਿਜਲੀ ਸਪਲਾਈ ਮੁੜ ਤੋਂ ਸ਼ੁਰੂ ਹੋਈ।
ਪਠਾਨਕੋਟ ਏਅਰ ਫੋਰਸ ਸਟੇਸ਼ਨ ਜਾਂ ਸਰਹੱਦੀ ਇਲਾਕੇ ‘ਚ ਦੇਰ ਰਾਤ ਆਈਆਂ ਧਮਾਕੇ ਦੀਆ ਖਬਰਾਂ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਪਠਾਨਕੋਟ ਏਅਰਬੇਸ ‘ਤੇ ਹੋਏ ਹਮਲੇ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਪੁਲਿਸ ਨੇ ਏਅਰਬੇਸ ਦੇ ਨਾਲ ਲੱਗਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੇ ਡੀਐਸਪੀ ਸੁਮੀਰ ਸਿੰਘ ਮਾਨ ਨੇ ਕਿਹਾ ਕਿ ਏਅਰ ਫੋਰਸ ਸਟੇਸ਼ਨ ਦੇ ਇਲਾਕੇ ਵਿੱਚ ਸਵੇਰ ਤੋਂ ਹੀ ਤਲਾਸ਼ੀ ਜਾਰੀ ਹੈ। ਸਥਿਤੀ ਅਜੇ ਵੀ ਕਾਬੂ ਵਿੱਚ ਹੈ। ਕੱਲ੍ਹ ਰਾਤ ਹੋਏ ਹਮਲਿਆਂ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।
ਜਲੰਧਰ ਵਿੱਚ ਵੀ ਆਈਆਂ ਧਮਾਕੇ ਦੀਆਂ ਅਵਾਜ਼ਾਂ
ਜਲੰਧਰ ਦੇ ਮਕਸੂਦਾਂ ਇਲਾਕੇ ਵਿੱਚ ਰਹਿ ਰਹੇ ਕੁਝ ਲੋਕਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵੀਰਵਾਰ ਰਾਤ ਤਕਰੀਬਨ 8:30 ਵਜੇ ਤੋਂ ਬਾਅਦ ਅਸਮਾਨ ਵਿੱਚ ਲਾਲ ਲਾਈਟਾਂ ਦਿਖਾਈ ਦਿੱਤੀਆਂ।
9 ਵਜੇ ਤੱਕ ਲਗਾਤਾਰ ਧਮਾਕੇ ਜਾਂ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ।
ਇਨ੍ਹਾਂ ਸਾਰੀਆਂ ਘਟਨਾਵਾਂ ਦੌਰਾਨ ਬਹੁਤ ਪਿੰਡਾਂ, ਕਸਬਿਆਂ, ਸ਼ਹਿਰਾਂ ਅਤੇ ਸੜਕਾਂ ਉੱਤੇ ਸੁੰਨਸਾਨ ਪਸਰੀ ਰਹੀ। ਸੜਕਾਂ ਉੱਤੇ ਵੀ ਪਹਿਲਾਂ ਦੇ ਮੁਕਾਬਲੇ ਆਵਾਜਾਈ ਘੱਟ ਸੀ।
ਲੋਕਾਂ ਚਿੰਤਤ ਅਤੇ ਘਬਰਾਹਟ ਵਿੱਚ ਨਜ਼ਰ ਆਏ ਅਤੇ ਜਨਤਾ ਵਿੱਚ ਭਾਰਤ- ਪਾਕਿਸਤਾਨ ਦਰਮਿਆਨ ਜੰਗ ਦੀਆਂ ਚਰਚਾਵਾਂ ਨੇ ਜ਼ੋਰ ਫੜ੍ਹਿਆ।
ਲੋਕਾਂ ਨੇ ਦੱਸਿਆ ਕਿ ਧਮਾਕਿਆਂ ਦੀਆਂ ਆਵਾਜ਼ਾਂ ਦੀਆਂ ਜਾਣਕਾਰੀਆਂ ਨਾਲੋਂ, ਬਲੈਕਆਊਟ ਹੋਣ ਦੀਆਂ ਜਾਣਕਾਰੀਆਂ ਵੱਧ ਚਿੰਤਤ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਇਲਾਕੇ ਵਿੱਚ ਬਲੈਕਆਊਟ ਦੀ ਜਾਣਕਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉੱਥੇ ਕੋਈ ਹਲਚਲ ਹੋ ਰਹੀ ਹੈ।
ਬਹੁਤੇ ਲੋਕਾਂ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹੀਆਂ ਘਟਨਾਵਾਂ ਵਾਪਰੀਆਂ
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸੋਢੀਵਾਲਾ ਦੇ ਰਹਿਣ ਵਾਲੀ ਕਸ਼ਮੀਰੀ ਕੌਰ ਨੇ ਕਿਹਾ, “ਸਾਡੇ ਨਾਲੋਂ, ਸਾਡੇ ਵਿਦੇਸ਼ਾਂ ਵਿੱਚ ਸਥਿਤ ਰਿਸ਼ਤੇਦਾਰ ਇਨ੍ਹਾਂ ਹਾਲਾਤਾਂ ਕਰਕੇ ਵੱਧ ਚਿੰਤਤ ਹਨ। ਉਹ ਵਾਰ-ਵਾਰ ਫੋਨ ਕਾਲਾਂ ਕਰਕੇ ਸ਼ੋਸ਼ਲ ਮੀਡੀਆ ਉੱਤੇ ਚਲ ਰਹੀਆਂ ਜਾਣਕਾਰੀਆਂ ਅਤੇ ਅਫ਼ਵਾਹਾਂ ਦਾ ਹਾਵਾਲਾ ਦੇ ਕੇ ਸਾਨੂੰ ਚੌਕਸ ਰਹਿਣ ਲਈ ਕਹਿੰਦੇ ਰਹੇ।”
“ਕਦੀ ਉਹ ਸਾਨੂੰ ਖੁਦ ਨਵੇਂ ਪੈਦਾ ਹੋਏ ਹਾਲਾਤਾਂ ਬਾਰੇ ਜਾਣਕਾਰੀ ਦੇਕੇ ਫ਼ਿਕਰ ਕਰਦੇ ਹਨ ਤੇ ਕਦੀ ਸਾਡੇ ਤੋਂ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਲੈਂਦੇ ਹਨ।”
ਇਸੇ ਜ਼ਿਲੇ ਦੇ ਵਸਨੀਕ ਬਲਜੀਤ ਸਿੰਘ ਨੇ ਕਿਹਾ, “ਪਰਿਵਾਰ ਮੈਂਬਰ ਮੇਰੀ ਚਿੰਤਾ ਹੁਣ ਵੱਧ ਕਰਨ ਲੱਗ ਪਏ ਹਨ। ਬਲੈਕਆਊਟ ਅਤੇ ਧਮਾਕਿਆਂ ਦੀ ਆਵਾਜ਼ ਦੀਆਂ ਜਾਣਕਾਰੀਆਂ ਆਉਣ ਮਗਰੋਂ, ਉਨ੍ਹਾਂ ਮੇਰੇ ਘਰ ਤੋਂ ਬਾਹਰ ਜਾਣ ਬਾਰੇ ਕਈ ਸਵਾਲ ਕੀਤੇ ਅਤੇ ਬਾਹਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਮੈਂ ਆਪਣੇ ਦੋਸਤ ਨੂੰ ਨੇੜਲੇ ਕਸਬੇ ਤੋਂ ਲੈਣ ਜਾਣਾ ਸੀ। ਜਦੋਂ ਮੈਂ ਚਲਾ ਗਿਆ, ਉਹ ਮੈਨੂੰ ਵਾਰ-ਵਾਰ ਫੋਨ ਕਰਕੇ ਚਿੰਤਤ ਹੁੰਦੇ ਰਹੇ ਅਤੇ ਝਿੜਕਦੇ ਵੀ ਰਹੇ।”
ਬਠਿੰਡਾ ਵਿੱਚ ਮਿਲਿਆ ਮਲਬਾ
ਬਠਿੰਡਾ ਦੇ ਐੱਸਐੱਸਪੀ ਅਵਨੀਤ ਕੌਂਡਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਠਿੰਡਾ ਵਿੱਚ ਪੁਲਿਸ ਨੂੰ ਕਿਸੇ ਭਾਰੀ ਚੀਜ਼ ਦਾ ਮਲਬਾ ਮਿਲਿਆ ਹੈ, ਪਰ ਇਹ ਕਿਸ ਚੀਜ਼ ਦਾ ਮਲਬਾ ਹੈ ਇਸਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।”
ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪੈਰੇ ਨੇ ਕਿਹਾ, ‘ਇਹ ਡਰੋਨਾਂ ਦੇ ਅਵਸ਼ੇਸ਼ ਹਨ ਜਿਨ੍ਹਾਂ ਨੂੰ ਵੀਰਵਾਰ ਰਾਤ ਨੂੰ ਬੇਅਸਰ ਕੀਤਾ ਗਿਆ ਸੀ। ਇਹ ਮਲਬਾ ਦੋ ਥਾਵਾਂ – ਲਾਲ ਸਿੰਘ ਬਸਤੀ ਅਤੇ ਬੀਰ ਤਲਾਬ ਬਸਤੀ ‘ਚ ਮਿਲਿਆ ਹੈ।’
ਚੰਡੀਗੜ੍ਹ, ਮੁਹਾਲੀ ਵਿੱਚ ਰਿਹਾ ਬਲੈਕ ਆਊਟ

ਤਸਵੀਰ ਸਰੋਤ, Mayank Mongia/BBC
ਵੀਰਵਾਰ ਰਾਤ ਤਕਰੀਬਨ 8:50 ਉੱਤੇ ਚੰਡੀਗੜ੍ਹ ਵਿੱਚ ਹਵਾਈ ਹਮਲੇ ਦੇ ਸਾਇਰਨ ਵਜਾਏ ਗਏ ਅਤੇ ਬਲੈਕਆਊਟ ਕੀਤਾ ਗਿਆ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਇਰਨ ਦੀ ਅਵਾਜ਼ ਸੁਣਦੇ ਹੀ ਤੁਰੰਤ ਲਾਈਟਾਂ ਬੰਦ ਕਰ ਦੇਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਉਹ ਬਾਹਰ ਅਤੇ ਛੱਤਾਂ ਉੱਪਰ ਨਾ ਜਾਣ।
ਮੋਹਾਲੀ ਪ੍ਰਸ਼ਾਸਨ ਨੇ ਬਲੈਕਆਊਟ ਤੋਂ ਬਾਅਦ ਸਥਾਨਕ ਲੋਕਾਂ ਨੂੰ ਘਰੇਲੂ ਲਾਈਟਾਂ ਸਣੇ ਗਲੀ ਦੀਆਂ ਲਾਈਟਾਂ ਬੰਦ ਕਰਨ ਤੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ।
ਚੰਡੀਗੜ੍ਹ ਮੁਹਾਲੀ ਵਿੱਚ ਬਲੈਕ ਆਊਟ ਤਕਰੀਬਨ 9 ਵਜੇ ਤੋਂ 12 ਵਜੇ ਤੱਕ ਰਿਹਾ। 12 ਵਜੇ ਚੰਡੀਗੜ੍ਹ ਵਿੱਚ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਸੀ।
ਚੰਡੀਗੜ੍ਹ ਵਿੱਚ ਬਾਹਰੀ ਸੂਬਿਆਂ ਤੋਂ ਰਹਿ ਰਹੇ ਵਿਦਿਆਰਥੀ ਅਤੇ ਨੌਕਰੀ ਕਰ ਰਹੇ ਨੌਜਵਾਨ ਜ਼ਰੂਰ ਸਹਿਮ ਵਿੱਚ ਹਨ। ਨੌਜਵਾਨਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਮਾਪਿਆਂ ਤੋਂ ਫੋਨ ਆ ਰਹੇ ਹਨ ਕਿ ਉਹ ਚੰਡੀਗੜ੍ਹ ਛੱਡ ਕੇ ਵਾਪਸ ਆਪਣੇ ਘਰ ਆ ਜਾਣ।
ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਅਲਰਟ ਤੋਂ ਬਾਅਦ ਉਹ ਚੰਡੀਗੜ੍ਹ ਵਿੱਚ ਹੀ ਰਹਿ ਰਹੇ ਹਨ ਅਤੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ।
ਫਰੀਦਕੋਟ ਵਿੱਚ ਇੰਟਰਨੈਟ ਬੰਦ
ਭਾਰਤ-ਪਾਕਿਸਤਾਨ ਤਣਾਅ ਦੇ ਚੱਲਦਿਆਂ ਵੀਰਵਾਰ ਅੱਧੀ ਰਾਤ ਤੋਂ ਬਾਅਦ ਫ਼ਰੀਦਕੋਟ ਜ਼ਿਲ੍ਹੇ ਅੰਦਰ ਪ੍ਰਸ਼ਾਸਨ ਵੱਲੋਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ।
ਪ੍ਰਸ਼ਾਸਨ ਅਧਿਕਾਰੀਆਂ ਮੁਤਾਬਕ, ਅਜਿਹਾ ਇਸ ਕਰਕੇ ਕੀਤਾ ਗਿਆ ਹੈ ਤਾਂ ਜੋ ਤਣਾਓ ਦੇ ਮਾਹੌਲ ਵਿਚਕਾਰ ਅਫਵਾਹਾਂ ਨਾ ਫੈਲ ਸਕਣ, ਲੋਕਾਂ ਵਿੱਚ ਬੇਚੈਨੀ ਨਾ ਫੈਲੇ।
ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਨੁਸਾਰ, ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ‘ਤੇ ਜ਼ਿਲ੍ਹੇ ਅੰਦਰ ਇੰਟਰਨੈੱਟ ਸੇਵਾਵਾਂ ਬੰਦ ਕਰਵਾਈਆਂ ਗਈਆਂ ਹਨ। ਦੁਪਿਹਰ ਤੱਕ ਇਨ੍ਹਾਂ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਰਾਤ ਕਰੀਬ 9 ਵਜੇ ਪ੍ਰਸ਼ਾਸਨ ਵੱਲੋਂ ਲਾਈਟ ਬੰਦ ਕਰਵਾ ਦਿੱਤੀ ਗਈ ਸੀ, ਜੋ ਅੱਜ ਸਵੇਰੇ ਚਾਲੂ ਕਰ ਦਿੱਤੀ ਗਈ ਹੈ।
ਤਣਾਅ ਭਰੇ ਮਾਹੌਲ ਕਾਰਨ ਡਿਪਟੀ ਕਮਿਸ਼ਨਰ ਵੱਲੋਂ ਅੱਜ ਜ਼ਿਲੇ ਅੰਦਰ ਸਕੂਲਾਂ ਵਿੱਚ ਛੁੱਟੀ ਘੋਸ਼ਿਤ ਕਰ ਦਿੱਤੀ ਗਈ ਹੈ।
ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਪਿੰਡਾਂ ਵਿੱਚ ਹਦਾਇਤਾਂ ਜਾਰੀ

ਤਸਵੀਰ ਸਰੋਤ, Tehsildar Office Fazilka
ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਵਿੱਚ ਵੀਰਵਾਰ ਰਾਤ 8 ਵਜੇ ਤੋਂ ਲੈ ਕੇ ਸ਼ੁੱਕਰਵਾਰ ਸਵੇਰੇ 5 ਵਜੇ ਤੱਕ ਬਲੈਕ ਆਊਟ ਰਿਹਾ।
ਜ਼ਿਲ੍ਹਾ ਫਿਰੋਜਪੁਰ ਅਤੇ ਫਾਜ਼ਿਲਕਾ ਦੇ ਜ਼ਿਲ੍ਹਾ ਮਜਿਸਟ੍ਰੇਟ ਵੱਲੋਂ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਵਿੱਚ ਸਰਹੱਦੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।
ਜ਼ਿਲ੍ਹਾ ਮਜਿਸਟ੍ਰੇਟ ਵੱਲੋਂ ਵਿਆਹ ਸ਼ਾਦੀਆਂ ਅਤੇ ਧਾਰਮਿਕ ਪ੍ਰੋਗਰਾਮਾਂ ‘ਤੇ ਡਰੋਨ ਅਤੇ ਆਤਿਸ਼ਬਾਜ਼ੀ ਜਾਂ ਪਟਾਕੇ ਚਲਾਉਣ ਤੇ ਰੋਕ ਲਗਾਈ ਗਈ ਹੈ।
ਜਰੂਰੀ ਵਸਤਾਂ ਦੇ ਭੰਡਾਰ ਕਰਨ ਉੱਤੇ ਵੀ ਪਾਬੰਦੀ ਲਗਾਈ ਗਈ ਹੈ।
ਇਸ ਤੋਂ ਇਲਾਵਾ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਦੁੱਧ, ਅਨਾਜ ,ਦਾਲਾਂ ,ਕਰਿਆਨਾ, ਪਸ਼ੂਆਂ ਦਾ ਚਾਰਾ ਅਤੇ ਹੋਰ ਲੋੜ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਜ਼ਿਲ੍ਹੇ ਵਿੱਚ ਕੋਈ ਕਮੀ ਨਹੀਂ ਹੈ। ਜਿਸ ਦੇ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਕੁਝ ਮੋਬਾਇਲ ਨੰਬਰ ਵੀ ਜਾਰੀ ਕੀਤੇ ਗਏ ਹਨ।
ਹਾਲਾਂਕਿ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਨੁਮਾਇੰਦਿਆਂ ਵੱਲੋਂ ਵੀ ਦੇਰ ਰਾਤ ਤੱਕ ਲੋਕਾਂ ਨੂੰ ਸੰਦੇਸ਼ਾਂ ਰਾਹੀਂ ਸੂਚਿਤ ਕੀਤਾ ਜਾਂਦਾ ਰਿਹਾ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਕੋਈ ਗੜਬੜ ਵਾਲੀ ਗੱਲ ਨਹੀਂ ਹੈ।
ਫਾਜ਼ਿਲਕਾ ਦੇ ਜੀਰੋ ਲਾਈਨ ਨਾਲ ਲੱਗਦੇ ਦੋਨਾਂ ਨਾਨਕਾ, ਭਵਾਨੀ ਅਤੇ ਤੇਜਾ ਰੁਹੇਲਾ ਆਦਿ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਰ ਤੋਂ ਪਾਰ ਨਾ ਜਾਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਰਾਤ ਨੂੰ 8 ਵਜੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਈਟ ਜਗਾਉਣ ਤੋਂ ਮਨ੍ਹਾ ਕੀਤਾ ਗਿਆ ਹੈ।
ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪਰ ਉਨ੍ਹਾਂ ਨੂੰ ਪਿੰਡਾਂ ਵਿੱਚ ਬਣੇ ਰਹਿਣ ਲਈ ਹੀ ਆਖਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋੜ ਪੈਣ ਉੱਤੇ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਵੀ ਕੁਝ ਸਰਕਾਰੀ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।
source : BBC PUNJABI