Home rss national punjabi2ਰਾਸ਼ਟਰੀ ਖ਼ਬਰਾਂ ਮਾਂ ਦੀ ਲਾਸ਼ ਨੂੰ ਸਾਲਾਂ ਤੱਕ ਫ੍ਰੀਜ਼ਰ ‘ਚ ਰੱਖ ਕੇ ਉਨ੍ਹਾਂ ਦੇ...

ਮਾਂ ਦੀ ਲਾਸ਼ ਨੂੰ ਸਾਲਾਂ ਤੱਕ ਫ੍ਰੀਜ਼ਰ ‘ਚ ਰੱਖ ਕੇ ਉਨ੍ਹਾਂ ਦੇ ਹਿੱਸੇ ਦੀ ਪੈਨਸ਼ਨ ਅਤੇ ਹੋਰ ਵਿੱਤੀ ਲਾਭ ਲੈਂਦਾ ਰਿਹਾ ਪੁੱਤ, ਇਸ ਤਰ੍ਹਾਂ ਖੁੱਲਿਆ ਭੇਤ

5
0

Source :- BBC PUNJABI

ਚਿੱਟੇ ਵਾਲਾ ਅਤੇ ਐਨਕ ਲਾਏ ਹੋਏ ਕ੍ਰਿਸਟੋਫਰ ਫਿਲਿਪਸ ਦਾ ਮਗ ਸ਼ਾਟ

ਤਸਵੀਰ ਸਰੋਤ, South Wales Police

ਆਪਣੀ ਮ੍ਰਿਤਕ ਮਾਂ ਦੀ ਲਾਸ਼ ਨੂੰ ਲਗਭਗ ਤਿੰਨ ਸਾਲ ਤੱਕ ਆਪਣੇ ਘਰ ਦੇ ਲਿਵਿੰਗ ਰੂਮ ਵਿੱਚ ਰੱਖੇ ਚੈਸਟ ਫ੍ਰੀਜ਼ਰ ਵਿੱਚ ਰੱਖਣ ਅਤੇ ਉਨ੍ਹਾਂ ਦੀ ਪੈਨਸ਼ਨ ਅਤੇ ਹੋਰ ਲਾਭ ਲੈਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਦੋ ਸਾਲ ਅਤੇ ਚਾਰ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

ਬ੍ਰਿਜੈਂਡ ਕਾਊਂਟੀ ਦੇ ਪੋਰਥਕੌਲ ਵਿੱਚ ਪੌਪਲਰ ਕ੍ਰਿਸੈਂਟ ਵਿਖੇ ਫ਼ਰਵਰੀ ਵਿੱਚ ਅਧਿਕਾਰੀਆਂ ਨੂੰ 89 ਸਾਲਾ ਸਿਲਵੀਆ ਫ਼ਿਲਿਪਸ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ 60 ਸਾਲਾ ਕ੍ਰਿਸਟੋਫ਼ਰ ਫ਼ਿਲਿਪਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸਿਲਵੀਆ ਦੀ ਮੌਤ ਮਾਰਚ 2023 ਵਿੱਚ ਹੋਈ ਸੀ।

ਫ਼ਿਲਿਪਸ ਨੇ ਡਾਕਟਰਾਂ ਨੂੰ ਕਿਹਾ ਸੀ ਕਿ ਉਹ “ਉਨ੍ਹਾਂ ਨੂੰ ਜਾਣ ਨਹੀਂ ਦੇਣਾ ਚਾਹੁੰਦਾ” ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ “ਹੋਰ ਸਮਾਂ ਚਾਹੁੰਦਾ ਹੈ”।

ਸਿਲਵੀਆ ਫ਼ਿਲਿਪਸ ਦੀ ਲਾਸ਼ ਲੈਪਰਡ ਪ੍ਰਿੰਟ ਵਾਲੇ ਸਿਲਕ ਦੇ ਕੰਬਲ ਵਿੱਚ ਲਪੇਟੀ ਹੋਈ ਮਿਲੀ ਸੀ, ਉਨ੍ਹਾਂ ਦੇ ਸਰੀਰ ਉੱਤੇ ਪੀਲੇ ਅਤੇ ਗੁਲਾਬੀ ਗੁਲਾਬ ਰੱਖੇ ਹੋਏ ਸਨ, ਨਾਲ ਹੀ ਇੱਕ ਜਨਮਦਿਨ ਦੀ ਵਧਾਈ ਵਾਲਾ ਕਾਰਡ ਵੀ ਸੀ, ਜਿਸ ਉੱਤੇ ਉਨ੍ਹਾਂ ਅਤੇ ਪਾਲ਼ੇ ਹੋਏ ਕੁੱਤੇ ਟੀਨਾ ਵੱਲੋਂ ਸਾਈਨ ਕੀਤਾ ਹੋਇਆ ਸੀ।

ਕਾਰਡ ਉੱਤੇ ਲਿਖਿਆ ਸੀ, “ਮਾਂ ਲਈ, ਕ੍ਰਿਸਟੋਫ਼ਰ ਅਤੇ ਟੀਨਾ ਵੱਲੋਂ।”

ਫ਼ਿਲਿਪਸ ਨੇ ਤਿੰਨ ਅਪਰਾਧ ਕਬੂਲ ਕੀਤੇ, ਜਿਨ੍ਹਾਂ ਵਿੱਚ ਆਪਣੀ ਮਾਂ ਨੂੰ ਕਾਨੂੰਨੀ ਅਤੇ ਸਨਮਾਨਜਨਕ ਤਰੀਕੇ ਨਾਲ ਦਫ਼ਨਾਉਣ ਵਿੱਚ ਨਾਕਾਮ ਰਹਿਣਾ ਅਤੇ ਉਨ੍ਹਾਂ ਦੀ ਪੈਨਸ਼ਨ ਅਤੇ ਬੈਨਿਫਿਟ, ਜਿਵੇਂ ਹਾਊਸਿੰਗ ਬੈਨਿਫਿਟ ਅਤੇ ਵਿੰਟਰ ਫਿਊਲ ਅਲਾਊਂਸ, ਲੈਣਾ ਸ਼ਾਮਿਲ ਹੈ।

ਮਰਥਿਰ ਟਿਡਫ਼ਿਲ ਕ੍ਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਸਿਲਵੀਆ ਫ਼ਿਲਿਪਸ ਨੇ ਫ਼ਿਲਿਪਸ ਨੂੰ ਦੋ ਸਾਲ ਦੀ ਉਮਰ ਵਿੱਚ ਗੋਦ ਲਿਆ ਸੀ, ਉਹ ਉਨ੍ਹਾਂ ਦੇ “ਬਹੁਤ ਕਰੀਬ” ਸੀ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਇਕਲੌਤਾ ਵਿਅਕਤੀ ਸੀ।

ਇਓਂ ਖੁੱਲਿਆ ਭੇਤ

ਘਰਾਂ ਦੇ ਬਾਹਰ ਖੜੀ ਦਿਖਾਈ ਦੇ ਰਹੀ ਇੱਕ ਪੁਲਿਸ ਦੀ ਵੈਨ

ਕੋਰਟ ਨੂੰ ਦੱਸਿਆ ਗਿਆ ਕਿ 8 ਮਾਰਚ 2023 ਨੂੰ ਉਨ੍ਹਾਂ ਦੀ ਮੌਤ ਤੋਂ ਅਗਲੇ ਦਿਨ, ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਦੇਖਭਾਲ ਕਰੇਗਾ।

ਉਨ੍ਹਾਂ ਦੀ ਮੌਤ ਤੋਂ ਦੋ ਦਿਨ ਬਾਅਦ, ਫ਼ਿਲਿਪਸ ਨੇ AO.com ਤੋਂ ਇੱਕ ਚੈਸਟ ਫ੍ਰੀਜ਼ਰ ਖਰੀਦਿਆ ਅਤੇ ਉਸ ਨੂੰ ਆਪਣੇ ਘਰ ਦੇ ਡਾਇਨਿੰਗ ਰੂਮ ਵਿੱਚ ਰੱਖ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਉੱਥੇ ਹੀ ਰੱਖਿਆ ਗਿਆ, ਜਦੋਂ ਤੱਕ ਉਸਨੂੰ ਪੁਲਿਸ ਨੇ ਨਹੀਂ ਲੱਭ ਲਿਆ।

ਪੁਲਿਸ, ਸਿਲਵੀਆ ਦੇ ਡਾਕਟਰ ਦੇ ਕਹਿਣ ਉੱਤੇ ਉਨ੍ਹਾਂ ਬਾਰੇ ਜਾਣਨ (ਵੈਲਫੇਅਰ ਚੈੱਕ) ਲਈ ਗਈ ਸੀ।

ਕੋਰਟ ਨੂੰ ਦੱਸਿਆ ਗਿਆ ਕਿ ਸਥਾਨਕ ਮੈਡੀਕਲ ਪ੍ਰੈਕਟਿਸ ਨੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ।

ਜਦੋਂ ਪੁਲਿਸ ਘਰ ਗਈ, ਤਾਂ ਫ਼ਿਲਿਪਸ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਲੰਡਨ ਚਲੀ ਗਈ ਹੈ ਅਤੇ ਮੈਡੀਕਲ ਟੈਸਟ ਨਹੀਂ ਕਰਵਾਉਣਾ ਚਾਹੁੰਦੀ।

ਕੋਰਟ ਨੂੰ ਦੱਸਿਆ ਗਿਆ ਕਿ ਅਧਿਕਾਰੀਆਂ ਨੂੰ ਸ਼ੱਕ ਹੋਇਆ, ਕਿਉਂਕਿ ਫ਼ਿਲਿਪਸ ਕੰਬ ਰਿਹਾ ਸੀ ਅਤੇ ਬੇਚੈਨ ਦਿਖਾਈ ਦੇ ਰਿਹਾ ਸੀ। ਉਹ ਪੌੜੀਆਂ ਤੋਂ ਉੱਪਰ ਭੱਜ ਗਿਆ ਅਤੇ ਬਾਅਦ ਵਿੱਚ ਉਸ ਨੂੰ ਫ਼ੋਨ ਉੱਤੇ ਆਪਣੀ ਗਰਲਫ੍ਰੈਂਡ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ “ਪੁਲਿਸ ਮੈਨੂੰ ਗ੍ਰਿਫ਼ਤਾਰ ਕਰਨ ਵਾਲੀ ਹੈ, ਵਸੀਅਤ ਤੇਰੇ ਕੋਲ ਹੈ।”

ਫ੍ਰੀਜ਼ਰ ਖੋਲ੍ਹਣ ਵਾਲੇ ਅਧਿਕਾਰੀਆਂ ਨੇ ਪਾਇਆ ਕਿ 89 ਸਾਲਾ ਮਹਿਲਾ ਪੂਰੀ ਤਰ੍ਹਾਂ ਜੰਮੀ ਹੋਈ ਸੀ ਅਤੇ ਪੋਸਟਮਾਰਟਮ ਹੋਣ ਵਿੱਚ ਕੁਝ ਸਮਾਂ ਲੱਗਾ। ਪੈਥੋਲੋਜਿਸਟ ਮੌਤ ਦਾ ਕਾਰਨ ਪਤਾ ਨਹੀਂ ਲਗਾ ਸਕੇ, ਪਰ ਕੋਈ ਸ਼ੱਕੀ ਹਾਲਾਤ ਨਹੀਂ ਮਿਲੇ।

ਤਿੰਨ ਸਾਲ ਤੱਕ ਲੈਂਦਾ ਰਿਹਾ ਮਾਂ ਦੀ ਪੈਨਸ਼ਨ ਅਤੇ ਵਿੱਤੀ ਲਾਭ

ਡਾਕਟਰ ਦਾ ਕੋਟ ਪਾਏ ਹੋਏ ਸ਼ਖ਼ਸ ਦੇ ਧੜ ਦੀ ਫੋਟੋ

ਤਸਵੀਰ ਸਰੋਤ, Getty Images

ਅਦਾਲਤ ਨੂੰ ਦੱਸਿਆ ਗਿਆ ਕਿ ਫ਼ਿਲਿਪਸ ਆਪਣੀ ਮਾਂ ਦੀ ਲਾਸ਼ ਦੇ ਕੋਲ ਸੌਣ ਲਈ ਘਰ ਦੇ ਹੇਠਾਂ ਵਾਲੇ ਹਿੱਸੇ ਵਿੱਚ ਰਹਿਣ ਲੱਗ ਪਏ ਸਨ। ਕਦੇ-ਕਦੇ ਉਹ ਫ੍ਰੀਜ਼ਰ ਖੋਲ੍ਹਦੇ ਅਤੇ ਉਨ੍ਹਾਂ ਦਾ ਹੱਥ ਫੜਦੇ ਸਨ।

ਸਿਲਵੀਆ ਫ਼ਿਲਿਪਸ ਨੇ 2021 ਵਿੱਚ ਆਪਣੇ ਸਥਾਨਕ ਜੀਪੀ (ਜਨਰਲ ਪ੍ਰੈਕਟੀਸ਼ਨਰ/ਡਾਕਟਰ) ਕਲੀਨਿਕ ਵਿੱਚ 26 ਵਾਰ ਅਤੇ 2022 ਵਿੱਚ ਛੇ ਵਾਰ ਅਪਾਇੰਟਮੈਂਟ ਲਈਆਂ ਸਨ, ਜਿਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ।

ਅਦਾਲਤ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਆਖਰੀ ਵਾਰ 24 ਸਤੰਬਰ 2022 ਨੂੰ A&E ਵਿੱਚ ਦੇਖਿਆ ਗਿਆ ਸੀ ਅਤੇ ਉਨ੍ਹਾਂ ਦੇ ਸਥਾਨਕ ਡਾਕਟਰ ਨੇ 26 ਸਤੰਬਰ ਨੂੰ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ, ਪਰ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੀਆਂ ਦਵਾਈਆਂ ਲਿਆਉਂਦਾ ਰਿਹਾ।

ਸਿਲਵੀਆ ਫ਼ਿਲਿਪਸ ਨੂੰ ਕਲੀਨਿਕ ਵਿੱਚ ਰਿਵਿਊ ਲਈ ਬੁਲਾਇਆ ਗਿਆ ਸੀ, ਪਰ ਉਨ੍ਹਾਂ ਦੇ ਪੁੱਤਰ ਨੇ ਕਿਹਾ ਕਿ ਉਹ ਕਲੀਨਿਕ ਨਹੀਂ ਆਉਣਗੇ ਅਤੇ ਉਨ੍ਹਾਂ ਨੂੰ ਬਲੱਡ ਟੈਸਟ ਦੀ ਲੋੜ ਨਹੀਂ ਹੈ।

ਕ੍ਰਿਸਟੋਫ਼ਰ ਫ਼ਿਲਿਪਸ ਨੂੰ ਸਰਕਾਰੀ ਪੈਨਸ਼ਨ, ਪੈਨਸ਼ਨ ਕ੍ਰੈਡਿਟ, ਅਟੈਂਡੈਂਸ ਅਲਾਊਂਸ, ਵਿੰਟਰ ਫਿਊਲ ਪੇਮੈਂਟ, ਕੌਸਟ-ਆਫ-ਲਿਵਿੰਗ ਪੇਮੈਂਟ ਅਤੇ ਹਾਊਸਿੰਗ ਬੈਨਿਫਿਟ ਪੇਮੈਂਟ ਦੇ ਤੌਰ ਉੱਤੇ ਕੁੱਲ 78,190.92 ਪੌਂਡ (ਲਗਭਗ 1,00,40,402 ਭਾਰਤੀ ਰੁਪਏ) ਮਿਲੇ, ਜੋ ਮੌਤ ਦੀ ਸੂਚਨਾ ਮਿਲਣ ਉੱਤੇ ਬੰਦ ਹੋ ਜਾਂਦੇ।

ਉਹ 2008 ਤੋਂ ਉਨ੍ਹਾਂ ਦੇ ਮੁੱਖ ਦੇਖਭਾਲ ਰਹੇ ਸਨ ਸਨ, ਅਤੇ ਅਦਾਲਤ ਨੂੰ ਦੱਸਿਆ ਗਿਆ ਕਿ ਜਦੋਂ ਉਨ੍ਹਾਂ ਦੀ ਮਾਂ ਦੀ ਸਿਹਤ ਹੋਰ ਖ਼ਰਾਬ ਹੋਈ ਤਾਂ ਉਨ੍ਹਾਂ ਨੇ 2022 ਦੇ ਅਖੀਰ ਵਿੱਚ ਆਪਣੀ ਨੌਕਰੀ ਛੱਡ ਦਿੱਤੀ ਸੀ। ਦੱਸਿਆ ਗਿਆ ਕਿ ਦੋਵੇਂ “ਕੁਝ ਹੱਦ ਤੱਕ ਅਲੱਗ-ਥਲੱਗ” ਰਹਿੰਦੇ ਸਨ।

ਬਚਾਅ ਪੱਖ ਨੇ ਕੀ ਕਿਹਾ

ਬਚਾਅ ਪੱਖ ਦੀ ਵਕੀਲ ਰੂਥ ਸਮਿਥ ਨੇ ਕਿਹਾ ਕਿ ਫ਼ਿਲਿਪਸ ਨੇ ਪੁਲਿਸ ਨੂੰ ਦੱਸਿਆ ਸੀ ਕਿ “ਮੈਂ ਅਸਲ ਵਿੱਚ ਉਨ੍ਹਾਂ ਨੂੰ ਜਾਣ ਨਹੀਂ ਦੇਣਾ ਚਾਹੁੰਦਾ ਸੀ।”

ਉਨ੍ਹਾਂ ਅੱਗੇ ਕਿਹਾ, “ਉਨ੍ਹਾਂ ਨੇ ਉਨ੍ਹਾਂ (ਆਪਣੀ ਮਾਂ) ਨਾਲ ਇਸ ਤਰ੍ਹਾਂ ਗੱਲ ਕਰਨ ਦਾ ਜ਼ਿਕਰ ਕੀਤਾ ਜਿਵੇਂ ਉਹ ਅਜੇ ਵੀ ਜ਼ਿੰਦਾ ਹੋਣ… ਉਨ੍ਹਾਂ ਕੋਲ ਬੈਠ ਕੇ, ਟੈਲੀਵਿਜ਼ਨ ਪ੍ਰੋਗਰਾਮ, ਕੋਰੋਨੇਸ਼ਨ ਸਟ੍ਰੀਟ, ਘੋੜਿਆਂ ਦੀ ਦੌੜ ਬਾਰੇ ਗੱਲ ਕਰਨਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਹਮੇਸ਼ਾ ਕਰਦੇ ਸਨ,” ਉਨ੍ਹਾਂ ਨੇ ਕਿਹਾ ਕਿ ਉਹ ਇੱਕ “ਕਮਜ਼ੋਰ ਵਿਅਕਤੀ” ਹਨ।

ਜਦੋਂ ਸਮਿਥ ਨੇ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਆਪਣੀ ਮਾਂ ਦੇ “ਬਹੁਤ ਕਰੀਬ” ਸਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ “ਬਹੁਤ ਡੂੰਘੇ ਦੁੱਖ” ਵਿੱਚ ਸਨ, ਤਾਂ ਕਟਹਿਰੇ ਵਿੱਚ ਮੌਜੂਦ ਫ਼ਿਲਿਪਸ ਰੋ ਪਏ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਾਂ ਦੀ ਮੌਤ ਨੂੰ “ਸਵੀਕਾਰ ਨਹੀਂ ਕੀਤਾ” ਅਤੇ “ਲਗਭਗ ਇੱਕ ਝੂਠੀ ਕਹਾਣੀ ਬਣਾ ਲਈ ਸੀ ਕਿ ਉਹ ਅਜੇ ਵੀ ਜਿਉਂਦੇ ਹਨ।”

ਜੱਜ ਨੇ ਆਪਣੇ ਫੈਸਲੇ ‘ਚ ਕੀ ਕਿਹਾ

ਲੱਕੜੀ ਦੇ ਹਥੌੜੇ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਫ਼ਿਲਿਪਸ ਨੂੰ ਦੋ ਸਾਲ ਅਤੇ ਚਾਰ ਮਹੀਨੇ ਦੀ ਸਜ਼ਾ ਸੁਣਾਉਂਦੇ ਹੋਏ – ਜਿਸ ਵਿੱਚੋਂ 40% ਸਮਾਂ ਉਹ ਜੇਲ੍ਹ ਵਿੱਚ ਅਤੇ ਬਾਕੀ ਸਮਾਂ ਲਾਇਸੈਂਸ ਉੱਤੇ ਬਿਤਾਉਣਗੇ – ਜੱਜ ਲੌਇਡ-ਕਲਾਰਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਾਂ ਦੀ ਮੌਤ ਦੀ ਗੱਲ “ਜਾਣਬੁੱਝ ਕੇ ਛੁਪਾਈ” ਅਤੇ “ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਅਜੇ ਵੀ ਜ਼ਿੰਦਾ ਹਨ।”

ਲੌਇਡ-ਕਲਾਰਕ ਨੇ ਅੱਗੇ ਕਿਹਾ, “ਤੁਸੀਂ ਉਨ੍ਹਾਂ ਦੀਆਂ ਦਵਾਈਆਂ ਲੈਂਦੇ ਰਹੇ ਅਤੇ ਮੈਡੀਕਲ ਪ੍ਰੋਫੈਸ਼ਨਲਜ਼ ਅਤੇ ਆਖ਼ਿਰਕਾਰ ਪੁਲਿਸ ਨਾਲ ਵੀ ਝੂਠ ਬੋਲਦੇ ਰਹੇ।”

ਉਨ੍ਹਾਂ ਨੇ ਕਿਹਾ, “ਅਧਿਕਾਰੀਆਂ ਨੂੰ ਸੂਚਨਾ ਦੇਣ ਅਤੇ ਉਨ੍ਹਾਂ ਦੇ ਕਾਨੂੰਨੀ ਤਰੀਕੇ ਨਾਲ ਅੰਤਿਮ ਸੰਸਕਾਰ ਦਾ ਇੰਤਜ਼ਾਮ ਕਰਨ ਦੀ ਬਜਾਏ, ਤੁਸੀਂ 10 ਮਾਰਚ ਨੂੰ ਇੱਕ ਚੈਸਟ ਫ੍ਰੀਜ਼ਰ ਖਰੀਦਿਆ ਅਤੇ ਉਨ੍ਹਾਂ ਦੀ ਲਾਸ਼ ਨੂੰ ਉਸ ਵਿੱਚ ਛੁਪਾ ਦਿੱਤਾ।”

ਲੌਇਡ-ਕਲਾਰਕ ਨੇ ਇਹ ਵੀ ਕਿਹਾ ਕਿ ਜ਼ਬਤੀ ਦੀ ਕਾਰਵਾਈ (ਪੈਸਿਆਂ ਨਾਲ ਸਬੰਧਿਤ ਮਾਮਲੇ ‘ਚ ਜ਼ਬਤੀ) ਲਈ ਸਮਾਂ-ਸੀਮਾ ਬਾਅਦ ਵਿੱਚ ਤੈਅ ਕੀਤੀ ਜਾਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI