Source :- BBC PUNJABI
ਤਸਵੀਰ ਸਰੋਤ, Reuters
ਅਮਰੀਕਾ ਦੇ ਖੇਤੀਬਾੜੀ ਅਤੇ ਸਿਹਤ ਅਧਿਕਾਰੀਆਂ ਨੇ ਇੱਕ ਮਾਸ ਖਾਣ ਵਾਲੇ ਕੀੜੇ ਨਾਲ ਨਜਿੱਠਣ ਲਈ ਇੱਕ ਯੋਜਨਾ ਬਣਾਈ ਹੈ ਜਿਸ ਦਾ 1966 ਵਿੱਚ ਦੇਸ਼ ‘ਚੋਂ ਖਾਤਮਾ ਹੋ ਗਿਆ ਸੀ ਪਰ ਹੁਣੇ ਹੀ ਟੈਕਸਾਸ ਵਿੱਚ ਇਸ ਦੇ ਮਾਮਲੇ ਸਾਹਮਣੇ ਆਏ ਹਨ।
ਅਮਰੀਕਾ ਵਿੱਚ ਨਿਊ ਵਰਲਡ ਸਕ੍ਰੂਵੋਰਮ ਨਾਮੀ ਇਸ ਕੀੜੇ ਦੇ ਫੈਲਾਅ ਨੂੰ ਰੋਕਣ ਦੀ ਯੋਜਨਾ ਵਿੱਚ ਜੈਨੇਟਿਕ ਤੌਰ ”ਤੇ ਬਦਲੀਆਂ ਹੋਈਆਂ ਕਰੋੜਾਂ ਸਟਰਾਈਲ ਮੱਖੀਆਂ ਨੂੰ ਤਾਇਨਾਤ ਕਰਨ ਵੱਲ ਗੌਰ ਕੀਤਾ ਜਾ ਰਿਹਾ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਸਟਰਾਈਲ ਮੱਖੀਆਂ ਦੀ ਇਹ ਸਪਲਾਈ ਸਕ੍ਰੂਵੋਰਮ ਦੀ ਅਬਾਦੀ ਨੂੰ ਰੋਕਣ ਲਈ ਕਾਫ਼ੀ ਨਹੀਂ ਹੋਵੇਗੀ।
ਹੋਰ ਉਪਾਵਾਂ ਵਿੱਚ ਅਮਰੀਕਾ ਦੀ ਦੱਖਣੀ ਸਰਹੱਦ ਦੇ ਨਾਲ ਪਹਿਲੀ ਲਾਗ ਵਾਲੀ ਥਾਂ ਦੇ ਆਲੇ-ਦੁਆਲੇ ਇੱਕ ਕੰਟੇਨਮੈਂਟ ਜ਼ੋਨ ਬਣਾਉਣਾ ਅਤੇ ਇਨ੍ਹਾਂ ਕੀੜਿਆਂ ਦਾ ਪਤਾ ਲਗਾਉਣ ਲਈ ਸੁੰਘਣ ਵਾਲੇ ਕੁੱਤਿਆਂ ਦੀ ਵਰਤੋਂ ਕਰਨਾ ਸ਼ਾਮਲ ਹੈ।
ਇਨਸਾਨਾਂ ਲਈ ਇਹ ਖ਼ਤਰਾ ਘੱਟ ਹੈ ਪਰ ਪਸ਼ੂ ਪਾਲਕਾਂ ਨੂੰ ਡਰ ਹੈ ਕਿ ਇਸ ਦੇ ਫੈਲਾਅ ਨਾਲ ਬੀਫ਼ ਮਾਰਕਿਟ ‘ਤੇ ਵੱਡਾ ਅਸਰ ਪੈ ਸਕਦਾ ਹੈ।
ਇਹ ਸਕ੍ਰੀਵੋਰਮ, ਅਜਿਹੀਆਂ ਪਰਜੀਵੀ ਮੱਖੀਆਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਮਾਦਾ ਨਿੱਘੇ ਖੂਨ ਵਾਲੇ ਜੀਵਾਂ ਅਤੇ ਇਨਸਾਨਾਂ ਦੇ ਖੁੱਲ੍ਹੇ ਜ਼ਖ਼ਮਾਂ ਅਤੇ ਮਿਊਕਸ ਮੈਂਬਰੇਨ ਵਿੱਚ ਅੰਡੇ ਦਿੰਦੀਆਂ ਹਨ। ਜਦੋਂ ਇਨ੍ਹਾਂ ਅੰਡਿਆਂ ਵਿੱਚੋਂ ਬੱਚੇ ਨਿਕਲਦੇ ਹਨ ਤਾਂ ਸੈਂਕੜੇ ਲਾਰਵੇ ਆਪਣੇ ਤਿੱਖੇ ਮੂੰਹ ਨਾਲ ਜਿਉਂਦੇ ਮਾਸ ਨੂੰ ਖੋਦ ਕੇ ਅੰਦਰ ਵੜ ਜਾਂਦੇ ਹਨ। ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਅੰਤ ਵਿੱਚ ਜੀਵ ਨੂੰ ਮਾਰ ਦਿੰਦੇ ਹਨ।
ਬੁੱਧਵਾਰ ਨੂੰ ਅਮਰੀਕੀ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਟੈਕਸਾਸ ਵਿੱਚ 60 ਸਾਲਾਂ ਵਿੱਚ ਪਹਿਲਾਂ ਮਾਮਲਾ ਇੱਕ ਤਿੰਨ ਹਫਤਿਆਂ ਦੇ ਵੱਛੇ ‘ਚ ਦੇਖਿਆ ਗਿਆ। ਜਿਸ ਦੇ ਨਾੜੂਏ ਵਾਲੇ ਹਿੱਸੇ ਵਿੱਚ ਲਾਰਵਾ ਮਿਲਿਆ। ਇਹ ਖੋਜ ਮੈਕਸੀਕੋ ਦੀ ਸਰਹੱਦ ਤੋਂ ਤਕਰੀਬਨ 48 ਕਿੱਲੋਮੀਟਰ ਦੂਰ ਲਾ ਪ੍ਰਾਇਰ ਕਸਬੇ ਵਿੱਚ ਹੋਈ ਹੈ।
ਅਮਰੀਕਾ ਦੇ ਖੇਤੀਬਾੜੀ ਵਿਭਾਗ ਮੁਤਾਬਕ, ਅਧਿਕਾਰੀਆਂ ਨੇ ਇੱਕ ਵੀਹ ਕਿੱਲੋਮੀਟਰ ਚੌੜਾ ਕੰਟੇਨਮੈਂਟ ਬਣਾਇਆ ਹੈ ਅਤੇ ਉਹ ਇਸ ਖੇਤਰ ਵਿੱਚ ਕੁਆਰੰਟੀਨ, ਆਵਾਜਾਈ ‘ਤੇ ਪਾਬੰਦੀਆਂ ਅਤੇ ਨਿਗਰਾਨੀ ਲਾਗੂ ਕਰ ਰਹੇ ਹਨ।
ਬਾਂਝ ਮੱਖੀਆਂ ਰਾਹੀਂ ਕੀੜਿਆਂ ਖਿਲਾਫ਼ ਲੜਾਈ
ਤਸਵੀਰ ਸਰੋਤ, Getty Images
ਸਕ੍ਰੂਵੋਰਮ ਦੇ ਲਾਰਵੇ ਵੱਡੇ ਹੋ ਕੇ ਮੱਖੀਆਂ ਬਣ ਜਾਂਦੇ ਹਨ ਜੋ ਥੋੜ੍ਹੀ ਦੂਰੀ ਤੱਕ ਉੱਡ ਸਕਦੀਆਂ ਹਨ। ਲੰਬੀ ਦੂਰੀ ਤੱਕ ਇਨ੍ਹਾਂ ਦੇ ਫੈਲਣ ਦਾ ਮੁੱਖ ਕਾਰਨ ਇਨਸਾਨਾਂ ਵੱਲੋਂ ਇਨ੍ਹਾਂ ਨੂੰ ਇੱਕ ਤੋਂ ਦੂਜੀ ਥਾਂ ਲਿਜਾਣਾ ਰਿਹਾ ਹੈ। 1970 ਦੇ ਦਹਾਕੇ ਦੇ ਪ੍ਰਕੋਪ ਤੋਂ ਬਾਅਦ ਅਮਰੀਕਾ ਵਿੱਚ ਇਸ ਦੇ ਕੁਝ ਕ ਮਾਮਲੇ ਹੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਉਦੋਂ ਦੇ ਮਾਮਲੇ ਵੀ ਸ਼ਾਮਲ ਹਨ ਜਦੋਂ ਮੁਸਾਫਿਰਾਂ ਨਾਲ ਇਹ ਕੀੜੇ ਵਾਪਸ ਆਏ ਸਨ। ਪਰ ਪਸ਼ੂਆਂ ਜਾਂ ਇਨਸਾਨਾਂ ਵਿੱਚ ਕੋਈ ਵੱਡਾ ਪ੍ਰਕੋਪ ਨਹੀਂ ਦੇਖਿਆ ਗਿਆ।
ਅਮਰੀਕਾ ਅਤੇ ਲਾਤੀਨੀ ਅਮਰੀਕਾ ਦੇ ਅਧਿਕਾਰੀ ਪਿਛਲੇ ਛੇ ਦਹਾਕਿਆਂ ਦੇ ਬਹੁਤ ਸਾਰੇ ਹਿੱਸੇ ਵਿੱਚ ਸਕ੍ਰੂਵੋਰਮ ਦੀ ਸਮੱਸਿਆ ਨਾਲ ਨਜਿੱਠ ਰਹੇ ਹਨ, ਪਰ ਉਨ੍ਹਾਂ ਨੂੰ ਸੀਮਤ ਸਫਲਤਾ ਹੀ ਮਿਲੀ ਹੈ।
ਇਸ ਨਾਲ ਲੜਨ ਦਾ ਇੱਕ ਹੋਰ ਤਰੀਕਾ ਸਟਰਾਈਲ ਸਕ੍ਰੂਵੋਰਮ ਮੱਖੀਆਂ ਨੂੰ ਛੱਡਣਾ ਹੈ ਕਿਉਂਕਿ ਮਾਦਾ ਮੱਖੀਆਂ ਆਪਣੇ ਪੂਰੇ ਜੀਵਨ ਵਿੱਚ ਸਿਰਫ਼ ਇੱਕ ਵਾਰ ਹੀ ਸਬੰਧ ਬਣਾਉਂਦੀਆਂ ਹਨ ਅਤੇ ਇਸ ਤੋਂ ਬਾਅਦ ਉਹ ਜੋ ਵੀ ਅੰਡੇ ਦੇਣਗੀਆਂ ਉਹ ਅਣ-ਫਰਟੀਲਾਈਜ਼ਡ ਹੋਣਗੇ ਅਤੇ ਉਨ੍ਹਾਂ ਵਿੱਚੋਂ ਬੱਚੇ ਨਹੀਂ ਨਿਕਲਣਗੇ।
ਇਸ ਤਰੀਕੇ ਨੂੰ ਸਟਰਾਈਲ ਇਨਸੈਕਟ ਤਕਨੀਕ ਵਜੋਂ ਜਾਣਿਆ ਜਾਂਦਾ ਹੈ ਅਤੇ ਕਈ ਸਾਲਾਂ ਤੋਂ ਵੱਖ-ਵੱਖ ਕਿਸਮਾਂ ਦੇ ਕੀੜਿਆਂ ਜਿਵੇਂ ਕਿ ਫਲਾਂ ਦੀਆਂ ਮੱਖੀਆਂ ਅਤੇ ਮੱਛਰਾਂ ਦੀ ਅਬਾਦੀ ਨੂੰ ਕੰਟੋਰਲ ਕਰਨ ਲਈ ਵਰਤਿਆ ਜਾ ਰਿਹਾ ਹੈ।
ਇਹ ਤਕਨੀਕ ਇੱਕ ਬੰਦ ਜਗ੍ਹਾ ਅੰਦਰ ਮੱਖੀਆਂ ਨੂੰ ਪੈਦਾ ਕਰਕੇ ਅਤੇ ਫਿਰ ਉਨ੍ਹਾਂ ਨੂੰ ਜੰਗਲ ਵਿੱਚ ਛੱਡਣ ਤੋਂ ਪਹਿਲਾਂ ਸਟਰਾਈਲ ਕਰਨ(ਬਾਂਝ ਬਣਾਉਣ) ਲਈ ਰੇਡੀਏਸ਼ਨ ਦੇ ਸੰਪਰਕ ਵਿਚ ਲਿਆ ਕੇ ਕੰਮ ਕਰਦੀ ਹੈ।
ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਦੇ ਫੈਲਾਅ ਨਾਲ ਲੜਨ ਲਈ ਉਨ੍ਹਾਂ ਨੂੰ ਹਰ ਹਫਤੇ 60 ਕਰੋੜ ਤੱਕ ਸਟਰਾਈਲ ਸਕ੍ਰੂਵੋਰਮ ਮੱਖੀਆਂ ਪੈਦਾ ਕਰਨ ਦੀ ਲੋੜ ਪਵੇਗੀ।
ਮੌਜੂਦਾ ਸਮੇਂ ਵਿੱਚ, ਅਮਰੀਕਾ ਅਤੇ ਮੈਕਸੀਕੋ ਵਿਚਲੀਆਂ ਸੰਸਥਾਵਾਂ ਹਰ ਹਫਤੇ ਸਿਰਫ਼ 10 ਕਰੋੜ ਸਟਰਾਈਲ ਮੱਖੀਆਂ ਪੈਦਾ ਕਰਨ ਦੇ ਹੀ ਯੋਗ ਹਨ।
ਤਸਵੀਰ ਸਰੋਤ, Getty Images
ਅਮਰੀਕਾ ਦੇ ਖੇਤੀਬਾੜੀ ਸਕੱਤਰ ਬਰੂਕ ਰੋਲਿੰਸ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸੰਕ੍ਰਮਿਤ ਵੱਛੇ ਦੀ ਖੋਜ ਤੋਂ ਬਾਅਦ ਅਧਿਕਾਰੀਆਂ ਨੇ ਜ਼ਮੀਨੀ ਰਸਤੇ ਰਾਹੀਂ 40 ਲੱਖ ਸਟਰਾਈਲ ਮੱਖੀਆਂ ਛੱਡੀਆਂ ਹਨ। ਇਸ ਤੋਂ ਇਲਾਵਾ, ਫ਼ਰਵਰੀ ਤੋਂ ਹਰ ਹਫ਼ਤੇ ਹਵਾਈ ਜਹਾਜ਼ ਰਾਹੀਂ ਵੀ 40 ਲੱਖ ਹੋਰ ਮੱਖੀਆਂ ਛੱਡੀਆਂ ਜਾ ਰਹੀਆਂ ਹਨ।
ਰੋਲਿੰਸ ਨੇ ਕਿਹਾ, “ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਕੀੜਿਆਂ ਦੇ ਇਸ ਹਮਲੇ ਦੇ ਨਤੀਜੇ ਵਜੋਂ ਉਹ ਇੱਥੇ ਪੱਕੇ ਤੌਰ ‘ਤੇ ਪੈਰ ਪਸਾਰ ਲੈਣਗੇ।”
ਟੈਕਸਾਸ ਦੇ ਪਸ਼ੂ ਪਾਲਕਾਂ ਸਮੇਤ ਹੋਰ ਅਲੋਚਕ ਵੀ ਚਿੰਤਤ ਹਨ ਕਿ ਇਹ ਕਦਮ ਕਾਫ਼ੀ ਨਹੀਂ ਹਨ ਅਤੇ ਕੁਝ ਲੋਕਾਂ ਨੇ ਟਰੰਪ ਪ੍ਰਸ਼ਾਸਨ ‘ਤੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਦੋਸ਼ ਵੀ ਲਗਾਏ ਹਨ।
ਸਟਰਾਈਲ ਮੱਖੀਆਂ ਦੀ ਵਰਤੋਂ ਨੇ ਸਕ੍ਰੂਵੋਰਮ ਨੂੰ ਦੱਖਣ ਵੱਲ ਡੇਰੀਅਨ ਗੈਪ ਦੇ ਪਾਰ ਧੱਕ ਦਿੱਤਾ ਸੀ ਜੋ ਕਿ ਕੋਲੰਬੀਆ ਨਾਲ ਲਗਦਾ ਪਨਾਮਾ ਦਾ ਇੱਕ ਸੰਘਣਾ ਜੰਗਲੀ ਸਰਹੱਦੀ ਖੇਤਰ ਹੈ। ਟੈਕਸਾਸ ਏ ਐਂਡ ਐਮ ਯੂਨੀਵਰਸਿਟੀ ਦੀ ਇੱਕ ਕੀਟ-ਵਿਗਿਆਨੀ ਸੋਨੀਆ ਸਵਿਗਰ ਮੁਤਾਬਕ, ਉਸ ਸਮੇਂ ਅਧਿਕਾਰੀ ਪੂਰੇ ਮੱਧ ਅਮਰੀਕਾ ਵਿੱਚ ਹਰ ਹਫ਼ਤੇ ਲਗਭਗ 50 ਤੋਂ 70 ਕਰੋੜ ਸਟਰਾਈਲ ਮੱਖੀਆਂ ਤਾਇਨਾਤ ਕਰ ਰਹੇ ਸਨ।
ਪਰ ਹਾਲ ਦੇ ਸਾਲਾਂ ਵਿੱਚ, ਸਕ੍ਰੂਵੋਰਮ ਨੇ ਉੱਤਰ ਵੱਲ ਵਾਪਸੀ ਕਰਦਿਆਂ ਭਾਰੀ ਤਬਾਹੀ ਮਚਾਈ ਹੈ। 2022 ਵਿੱਚ ਪਨਾਮਾ ‘ਚ ਇਨ੍ਹਾਂ ਦੇ ਮਾਮਲਿਆਂ ਵਿੱਚ ਵੱਡਾ ਉਛਾਲ ਦੇਖਿਆ ਗਿਆ, ਜਿਸ ਤੋਂ ਬਾਅਦ ਪੂਰੇ ਮੱਧ ਅਮਰੀਕਾ ਦੇ ਦੇਸ਼ਾਂ ਵਿੱਚ ਵੀ ਇਹੋ ਜਿਹੀ ਸਥਿਤੀ ਬਣ ਗਈ। 2024 ਤੱਕ ਮੈਕਸੀਕੋ ਵਿੱਚ ਇਨ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਸਨ ਅਤੇ ਹੌਲੀ ਹੌਲੀ ਅਮਰੀਕਾ ਵੱਲ ਵਧ ਰਹੇ ਸਨ।
ਵਿਰੋਧੀਆਂ ਵੱਲੋਂ ਟਰੰਪ ਸਰਕਾਰ ਦੀ ਅਲੋਚਨਾ
ਤਸਵੀਰ ਸਰੋਤ, US Department of Agriculture
ਅਮਰੀਕੀ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ, ਇਸ ਤਾਜ਼ਾ ਪ੍ਰਕੋਪ ਦੇ ਕਾਰਨ ਹੁਣ ਤੱਕ ਮੈਕਸੀਕੋ ਅਤੇ ਮੱਧ ਅਮਰੀਕਾ ਵਿੱਚ ਇਨਸਾਨਾਂ ‘ਚ ਸਕ੍ਰੂਵੋਰਮ ਦੇ 2070 ਮਾਮਲੇ ਸਾਹਮਣੇ ਆਏ ਹਨ।
ਡੇਮੋਕਰੇਟਸ ਨੇ ਹੁਣ ਤੱਕ ਦੀ ਕਾਰਵਾਈ ਦੀ ਅਲੋਚਨਾ ਕਰਦਿਆਂ ਇਸ ਨੂੰ ਸੁਸਤ ਅਤੇ ਦੇਰੀ ਨਾਲ ਕੀਤੀ ਗਈ ਕਾਰਵਾਈ ਦੱਸਿਆ ਹੈ। ਉਨ੍ਹਾਂ ਨੇ ਟਰੰਪ ਦੇ ਉਸ ਫ਼ੈਸਲੇ ਵੱਲ ਇਸ਼ਾਰਾ ਕੀਤਾ ਹੈ ਜਿਸ ਤਹਿਤ ਯੂ.ਐਸ ਏਜੰਸੀ ਫਾਰ ਇੰਟਰਨੈਸ਼ਨਲ ਡਪੈਲਪਮੈਂਟ ਨੂੰ ਭੰਗ ਕਰ ਦਿੱਤਾ ਗਿਆ ਸੀ ਜੋ ਕਿ ਮੱਧ ਅਮਰੀਕਾ ਵਿੱਚ ਸਕ੍ਰੂਵੋਰਮਜ਼ ‘ਤੇ ਨਜ਼ਰ ਰੱਖਣ ਲਈ ਇੱਕ ਪ੍ਰੋਗਰਾਮ ਚਲਾ ਰਹੀ ਹੈ।
ਟੈਕਸਾਸ ਦੇ ਖੇਤੀਬਾੜੀ ਕਮਿਸ਼ਨਰ ਸਿਡ ਮਿਲਰ ਨੇ ਸੰਘੀ ਸਰਕਾਰ ਦੀ ਨਿੰਦਾ ਕਰਦਿਆਂ ਇਸ ਨੂੰ ਇੱਕ ਸੁਸਤ, ਦਫਤਰਸ਼ਾਹੀ ਅਤੇ ਅਧੂਰੀ ਕਾਰਵਾਈ ਦੱਸਿਆ ਹੈ ਜਿਸ ਕਾਰਨ ਇਹ ਸਕ੍ਰੂਵੋਰਮ ਬਿਨ੍ਹਾਂ ਕਿਸੇ ਰੋਕ ਟੋਕ ਦੇ ਅੱਗੇ ਵਧਦਾ ਹੋਇਆ ਅਮਰੀਕੀ ਧਰਤੀ ‘ਤੇ ਪਹੁੰਚ ਗਿਆ।
ਮਿਲਰ ਨੇ ਸੰਘੀ ਅਧਿਕਾਰੀਆਂ ਨੂੰ ਕੀਟਨਾਸ਼ਕ ਜਾਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਹਾਲਾਂਕਿ, ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਤਰੀਕੇ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਜਾਲ ਸਕ੍ਰੂਵੋਰਮਜ਼ ਨੂੰ ਰੋਕਣ ਵਿੱਚ ਬੇਅਸਰ ਹਨ ਅਤੇ ਇਨ੍ਹਾਂ ਵਿੱਚ ਅਜਿਹੇ ਕੈਮੀਕਲਜ਼ ਦੀ ਵਰਤੋਂ ਹੁੰਦੀ ਹੈ ਜੋ ਇਨਸਾਨਾਂ ਅਤੇ ਜੰਗਲੀ ਜੀਵਾਂ ਵਿੱਚ ਕੈਂਸਰ ਦਾ ਕਾਰਨ ਬਣ ਸਕਦੇ ਹਨ।
ਸਕੱਤਰ ਬਰੂਕ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕ੍ਰੂਵੋਰਮਜ਼ ਦੇ ਉੱਤਰ ਵੱਲ ਵਧਣ ਲਈ ਓਪਨ ਬਾਰਡਰ ਦੀਆਂ ਨੀਤੀਆਂ ਅਤੇ ਪਸ਼ੂਆਂ ਤੇ ਪਾਲਤੂ ਜਾਨਵਰਾਂ ਦੀ ਤਸਕਰੀ ਕਰਨ ਵਾਲੇ ਕਾਰਟੈਲ ਸਮਗਲਰਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਨੇ ਮੈਕਸੀਕੋ ਦੀ ਸਰਕਾਰ ਦੀ ਵੀ ਅਲੋਚਨਾ ਕੀਤੀ ਅਤੇ ਕਿਹਾ ਕਿ ਉਸ ਦੀ ਕਾਰਵਾਈ ਵਿੱਚ ਬਹੁਤ ਸੁਧਾਰ ਦੀ ਗੁੰਜਾਇਸ਼ ਸੀ।
ਇਸ ਕਾਰਵਾਈ ਦੇ ਹਿੱਸੇ ਵਜੋਂ, ਅਮਰੀਕਾ ਸਰਹੱਦਾਂ ‘ਤੇ ਇਸ ਕੀੜੇ ਨੂੰ ਸੁੰਘ ਕੇ ਪਤਾ ਲਗਾਉਣ ਵਾਲੇ ਕੁੱਤੇ ਤਾਇਨਾਤ ਕਰ ਰਿਹਾ ਹੈ। ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਵਰਤੇ ਜਾਣ ਵਾਲੇ ਇਨ੍ਹਾਂ ਵਿਸ਼ੇਸ਼ ਕੁੱਤਿਆਂ ਨੂੰ ਬੀਗਲ ਬ੍ਰਿਗੇਡ ਵਜੋਂ ਜਾਣਿਆ ਜਾਂਦਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਫੈਲਾਅ ਨੂੰ ਰੋਕਣ ਲਈ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੇ ਜ਼ਖ਼ਮਾਂ ਦੇ ਢੱਕਣ ਵਿੱਚ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਜੋ ਸਕ੍ਰੂਵੋਰਮ ਨੂੰ ਉੱਥੇ ਪੈਰ ਪਸਾਰਨ ਤੋਂ ਰੋਕਿਆ ਜਾ ਸਕੇ।
ਲੋਕਾਂ ਨੂੰ ਆਪਣੀ ਅਤੇ ਆਪਣੇ ਪਾਲਤੂ ਜਾਨਵਰਾਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਦੇ ਮਿਲਣ ‘ਤੇ ਤੁਰੰਤ ਅਧਿਕਾਰੀਆਂ ਨੂੰ ਰਿਪੋਰਟ ਕਰਨੀ ਚਾਹੀਦੀ ਹੈ।
ਸਕ੍ਰੂਵੋਰਮਜ਼ ਆਮ ਤੌਰ ‘ਤੇ ਗਰਮ ਇਲਾਕਿਆਂ ਵਿੱਚ ਪਾਏ ਜਾਂਦੇ ਹਨ ਪਰ ਜਲਵਾਯੂ ਪਰਿਵਰਤਨ ਦੇ ਕਾਰਨ ਹੁਣ ਸ਼ਾਇਦ ਉੱਤਰ ਵੱਲ ਹੋਰ ਅੱਗੇ ਵਧ ਰਹੇ ਹਨ। ਸਵਿਗਰ ਮੁਤਾਬਕ, ਇਹ ਅਮਰੀਕਾ ਦੇ ਗਰਮ ਖੰਡੀ ਖੇਤਰਾਂ ਦੇ ਮੂਲ ਨਿਵਾਸੀ ਹਨ ਅਤੇ ਇਨ੍ਹਾਂ ਨੂੰ ਕੋਈ ਹਮਲਾਵਰ ਪ੍ਰਜਾਤੀ ਨਹੀਂ ਮੰਨਿਆ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







